ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਕਾਲੀ-ਭਾਜਪਾ ਗਠਜੋੜ ਨਹੀਂ, ਸਗੋਂ ਬਾਦਲ ਦਲ ਦੀ ਜਿੱਤ ਹੋਈ


ਰਾਜਨੀਤਕ ਧਨੰਤਰ ਪ੍ਰਕਾਸ਼ ਸਿੰਘਬਾਦਲ ਦੀ ਰਾਜਨੀਤੀ ਨੇ ਇਸ ਵੇਲੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਹੜੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਉਸ ਦੀ ਵਿਸਲੇਸ਼ਨਕਾਰਾਂ ਵੱਲੋਂ ਵੱਖੋ-ਵੱਖ ਨੁਕਤਾਨਿਗਾਹ ਤੋਂ ਚਰਚਾ ਕੀਤੀ ਜਾ ਰਹੀ ਹੈ। ਸਭ ਵਿਸ਼ੇਸ਼ਕ ਮੰਨਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਦੀ ਨੀਤੀ ਕਈ ਪੱਖਾਂ ਤੋਂ ਪ੍ਰਭਾਵਸ਼ਾਲੀ ਹੋਣ ਕਰਕੇ ਉਹ ਵੱਡੀਆਂ-ਵੱਡੀਆਂ ਸਿਆਸੀ ਮੁਹਿੰਮਾਂ 'ਚ ਜਿੱਤ ਪ੍ਰਾਪਤ ਕਰਨ ਵਿਚ ਮਾਹਿਰ ਹਨ। ਇਸ ਵਾਰ ਦੀ ਵੱਡੀ ਇਤਿਹਾਸਕ ਜਿੱਤ ਵਿਚ ਵੀ ਉਹਨਾਂ ਨੇ ਆਪਣੇ 'ਘਾਗ ਸਿਆਸਤਦਾਨ' ਹੋਣ ਦੇ ਰੁਤਬੇ ਨੂੰ ਪੱਕਾ ਕਰ ਦਿਖਾਇਆ ਹੈ। ਇਥੇ ਵਿਚਾਰ ਵਟਾਂਦਰਾ ਕਰਦੇ ਸਮੇਂ ਅਸੀਂ 'ਅਕਾਲੀ-ਭਾਜਪਾ ਗੱਠਜੋੜ' ਦੀ ਥਾਂ 'ਬਾਦਲ ਦਲ' ਸ਼ਬਦ ਦੀ ਵਰਤੋਂ ਕਰ ਰਹੇ ਹਾਂ ਕਿਉਂਕਿ ਸ੍ਰ. ਬਾਦਲ ਨੇ ਆਪਣੀਆਂ ਹੁਣ ਤੱਕ ਦੀਆਂ ਜਿੱਤਾਂ ਵਿਚ 'ਧਰਮ ਅਧਾਰਿਤ ਅਕਾਲੀ ਰਾਜਨੀਤੀ' ਦੀ ਥਾਂ ਸਿਰਫ਼ ਰਾਜਨੀਤਕ ਪੱਖਾਂ ਨੂੰ ਅੱਗੇ ਰੱਖ ਕੇ ਹੀ ਜਿੱਤਾਂ ਪ੍ਰਾਪਤ ਕੀਤੀਆਂ ਹਨ। ਅਕਾਲੀ ਦਲ ਦੇ ਮੂਲ ਸਿਧਾਂਤਾਂ ਨੂੰ ਬਿਲਕੁਲ ਅੱਖੋਂ ਉਹਲੇ ਕਰਕੇ ਅਤੇ ਕਈ ਵਾਰ ਸਿਧਾਂਤਾਂ ਦੇ ਵਿਰੋਧ ਵਿਚ ਚੱਲ ਕੇ ਲੋਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਦੇ ਗੁਣ ਨਾਲ ਉਹ ਚੰਗੀ ਤਰ੍ਹਾਂ ਲੈਸ ਹਨ। ਸਿਰਫ਼ ਆਪ ਹੀ ਨਹੀਂ ਆਪਣੇ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਰਾਜਨੀਤੀ ਵਿਚ ਫਿਟ ਕਰਨ ਦੇ ਬਾਵਜੂਦ ਲੋਕਾਂ ਵਿਚ ਵਿਸ਼ਵਾਸ ਬਣ ਕੇ ਰੱਖਣ ਉਹਨਾਂ ਦੀ ਕਾਮਯਾਬ 'ਨੀਤੀ' ਦਾ ਮੁੱਖ ਧੁਰਾ ਰਿਹਾ ਹੈ। ਜਦੋਂ ਰਾਜਨੀਤਕ ਵਿਸ਼ੇਸ਼ਕ ਵੀ ਪੰਜਾਬ ਵਿਚਲੇ 'ਬਾਦਲ ਦਲ' ਨੂੰ ਅਕਾਲੀ+ਭਾਜਪਾ ਗੱਠਜੋੜ ਦਾ ਨਾਮ ਦਿੰਦੇ ਹਨ ਉਹ ਉਸ ਸਮੇਂ ਬਾਦਲ ਦਲ ਦਾ ਰਾਜਨੀਤਕ ਪ੍ਰਭਾਵ ਕਬੂਲ ਕਰ ਚੁੱਕੇ ਹੁੰਦੇ ਹਨ। ਜੇ ਸਿਧਾਂਤਕ ਪੱਖ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਨੀ ਹੋਵੇ ਤਾਂ ਇਹ ਦੋਨੋਂ ਪ੍ਰਮੁੱਖ ਪਾਰਟੀਆਂ ਇਕ ਦੂਸਰੇ ਦੀਆਂ ਪੂਰਕ ਸਿੱਧ ਨਹੀਂ ਹੁੰਦੀਆਂ ਸਗੋਂ ਸਿਧਾਂਤਾਂ ਦੇ ਅਧਾਰ 'ਤੇ ਪੂਰੀ ਤਰ੍ਹਾਂ ਇਕ ਦੂਸਰੇ ਦੇ ਵਿਰੁੱਧ ਚੱਲਦੀਆਂ ਹਨ ਫਿਰ ਵੀ ਪੰਜਾਬ ਵਿਚ ਇਸ ਦਾ ਕਥਿਤ ਗੱਠਜੋੜ ਆਪਣੇ-ਆਪਣੇ ਹਿੱਤਾਂ ਨੂੰ ਅੱਗੇ ਰੱਖ ਕੇ ਕੁਰਸੀ ਪ੍ਰਾਪਤ ਕਰਨਾ ਹੀ ਰਿਹਾ ਹੈ। ਇਹਨਾਂ ਦੋਨੋਂ ਪਾਰਟੀਆਂ ਦੇ ਆਪਣੇ ਹਿੱਤ ਜਦੋਂ ਸਿਧਾਂਤਾਂ ਦੀ ਬਲੀ ਦੇ ਕੇ ਰਾਜਨੀਤਕ ਜਿੱਤ ਪ੍ਰਾਪਤ ਕਰਦੇ ਹਨ ਤਾਂ ਇਸ ਨੂੰ ਪੰਜਾਬ ਵਿਚ 'ਬਾਦਲ ਦਲ' ਦੇ ਨਵੇਂ ਨਾਮ ਸੰਬੋਧਨ ਕਰਨਾ ਵਧੇਰੇ ਸਾਰਥਕ ਹੈ। ਇਹਨਾਂ ਵਿਧਾਨ ਸਭਾ ਚੋਣਾਂ ਵਿਚ ਹੋਈ ਜਿੱਤ ਸ਼੍ਰੋਮਣੀ ਅਕਾਲੀ ਦਲ+ਭਾਰਤੀ ਜਨਤਾ ਪਾਰਟੀ ਦੀ ਨਹੀਂ ਸਗੋਂ 'ਬਾਦਲ ਦਲ' ਦੀ ਜਿੱਤ ਹੈ। ਜਿੱਤ ਪ੍ਰਾਪਤ ਕਰਨ ਵਾਲੇ ਘਾਗ 'ਨੀਤੀਵਾਨ' ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਬੰਧ ਹੇਠ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਆਇਆ ਹੈ ਉਸ ਸਮੇਂ ਤੋਂ ਲੈ ਕੇ ਹੌਲੀ-ਹੌਲੀ ਇਸ ਦਾ ਅਸਲ ਵਜੂਦ ਖਤਮ ਹੋ ਗਿਆ ਹੈ। ਦਲ ਵੱਲੋਂ ਜਿੱਤਾਂ ਵਿਚ ਇਤਿਹਾਸਕ ਪ੍ਰਾਪਤੀਆਂ ਦੇ ਪਿੱਛੇ ਜਿਹੜਾ ਸੱਚ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਆਪ ਵਰਤ ਲਿਆ ਹੈ ਉਥੇ ਹਿੰਦੂਤਵ ਦੇ ਏਜੰਡੇ ਨੂੰ ਭਾਜਪਾ ਦੇ ਨਾਮ ਹੇਠ ਵੀ ਵਰਤਨੋਂ ਸੰਕੋਚ ਨਹੀਂ ਕੀਤਾ। ਪੰਜਾਬੀਅਤ ਦੇ ਨਾਮ 'ਤੇ ਉਹਨਾਂ ਤੀਜੀ ਸੋਚ ਵਾਲੇ ਲੋਕਾਂ ਨੂੰ ਵੀ ਹਮੇਸ਼ਾ ਆਪਣੇ ਹਿੱਤਾਂ ਲਈ ਵਰਤ ਕੇ 'ਕਾਮਯਾਬ ਬਾਦਲ ਦਲ' ਦੀ ਸਿਰਜਣਾ ਕਰ ਲਈ ਹੈ ਜਿਸ ਦਾ ਮਕਸਦ ਕਿਸੇ ਵੀ ਤਰ੍ਹਾਂ ਲੋਕ ਪੱਖੀ ਨਹੀਂ ਰਿਹਾ। ਇਸੇ ਬਾਦਲ ਦਲ ਨੇ ਆਪਣੇ ਸਾਕ-ਸਰੀਕੇ ਨੂੰ ਅੱਗੇ ਲਿਆ ਕੇ ਜਿਹੜਾ 'ਨੀਤੀ' ਜਾਲ ਵਿਛਾਉਣ ਲਈ ਯਤਨ ਕੀਤੇ ਜਾ ਰਹੇ ਹਨ ਉਹ ਇਸ ਤਰ੍ਹਾਂ ਦੇ ਹਨ ਕਿ ਕੋਈ ਵੀ ਹੋਰ ਰਾਜਨੀਤਕ ਪਾਰਟੀ ਜਾਂ ਗੈਰ-ਬਾਦਲ ਪਰਿਵਾਰ ਪੰਜਾਬ ਦੀ ਸਿਆਸੀ ਸਤਾ 'ਤੇ ਕਾਬਜ਼ ਹੋਣ ਦਾ ਹੀਆ ਹੀ ਨਾ ਕਰ ਸਕੇ।
ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਹਰਬੇ ਅਕਸਰ ਹੀ ਨੀਤੀਵਾਨ ਲੋਕ ਵਰਤ ਲਿਆ ਕਰਦੇ ਹਨ ਜਿਸ ਸਦਕਾ ਉਹ ਲੰਮੇ ਸਮੇਂ ਤੱਕ ਰਾਜਗੱਦੀ ਦਾ ਆਨੰਦ ਮਾਣ ਜਾਂਦੇ ਹਨ ਪਰ ਹੁਣ ਜਦੋਂ ਵਿਦਿਆ ਦੇ ਪ੍ਰਕਾਸ਼ ਨਾਲ ਸਮਾਜ ਵਿਚ ਜਾਗਰਤੀ ਪੈਦਾ ਹੋ ਰਹੀ ਹੈ ਤਾਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਵੋਟਰ ਆਪਣੇ ਫਰਜ਼ ਪਛਾਣ ਕੇ ਹੀ ਅਜਿਹੀ ਸਰਕਾਰ ਦੀ ਚੋਣ ਕਰੇ ਜਿਸ ਨਾਲ ਸੂਬੇ/ਦੇਸ਼ ਦੀ ਭਲਾਈ ਹੋਵੇ। ਹੈਰਾਨੀ ਦੀ ਗੱਲ ਹੈ ਕਿ ਇਸ ਸਮੇਂ ਭਾਵੇਂ ਪੰਜਾਬ ਵਿਚ ਵਿਦਿਅਕ ਪਸਾਰ ਤਾਂ ਜ਼ਰੂਰ ਵਧਿਆ ਹੈ ਪਰ ਲੋਕਾਂ ਵਿਚ ਰਾਜਨੀਤੀਵਾਨਾਂ ਦੀ ਨੀਤੀ ਨੂੰ ਸਮਝਣ ਦੀ ਯੋਗਤਾ ਪੈਦਾ ਨਹੀਂ ਹੋ ਸਕੀ। ਇਥੇ ਸਾਡਾ ਕਹਿਣ ਤੋਂ ਭਾਵ ਇਹ ਬਿਲਕੁਲ ਨਹੀਂ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਅਗਵਾਈ ਹੇਠ ਸਰਕਾਰ ਬਣਨੀ ਚਾਹੀਦੀ ਸੀ। ਸਗੋਂ ਅਸੀਂ ਸਮਝਦੇ ਹਾਂ ਕਿ ਬਾਦਲ ਦਲ ਅਤੇ ਹੋਰ ਪਾਰਟੀਆਂ ਵਾਂਗੂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਨੀਤੀ ਵੀ ਕੋਈ ਵੱਖਰੀ ਨਹੀਂ ਹੈ। ਜਦੋਂ ਲੋਕ ਕਿਸੇ ਪਾਰਟੀ ਨੂੰ ਦੇਸ਼ ਦੀ ਰਾਜਸਤਾ ਦੀ ਜ਼ਿੰਮੇਵਾਰੀ ਸੌਂਪਦੇ ਹਨ ਤਾਂ ਸੱਤਾਧਾਰੀ ਧਿਰ ਦਾ ਪਹਿਲਾ ਫਰਜ਼ ਉਹਨਾਂ ਲੋਕਾਂ ਦੀ ਹਿਫਾਜ਼ਤ ਕਰਨਾ ਅਤੇ ਤਰੱਕੀ ਸੋਚਣਾ ਹੁੰਦਾ ਹੈ। ਬਦਕਿਸਮਤੀ ਨਾਲ ਪੰਜਾਬ ਦੀਆਂ ਦੋਨੋਂ ਪ੍ਰਮੁੱਖ ਪਾਰਟੀਆਂ ਦਾ ਏਜੰਡਾ ਲੋਕਾਂ ਦੀ ਜਾਂ ਪੰਜਾਬ ਦੀ ਭਲਾਈ ਬਾਰੇ ਸੋਚਣਾ ਕਦੇ ਨਹੀਂ ਰਿਹਾ। ਇਹਨਾਂ ਦੋਨਾਂ ਹੀ ਪਾਰਟੀਆਂ ਦਾ ਮੁੱਖ ਮਕਸਦ ਗੈਰ-ਕਾਨੂੰਨੀ ਢੰਗਾਂ ਨਾਲ ਪੈਸੇ ਇਕੱਠੇ ਕਰਨਾ ਅਤੇ ਅਗਲੀ ਵਾਰ ਫਿਰ ਕੁਰਸੀ 'ਤੇ ਬਣੇ ਰਹਿਣ ਲਈ ਅਗਾਊ ਪ੍ਰਬੰਧ ਕਰਨਾ ਹੀ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਪੰਜਾਬ ਦੀਆਂ ਹੱਕੀ ਮੰਗਾਂ ਦਾ ਤਕਰੀਬਨ ਭੋਗ ਪੈ ਗਿਆ ਹੈ। ਇਥੋਂ ਦੇ ਲੋਕ ਘਾਤਕ ਬਿਮਾਰੀਆਂ ਨਾਲ ਪੀੜਤ ਹੋ ਕੇ ਇਲਾਜ ਖੁਣੋਂ ਮਰ ਰਹੇ ਹਨ। ਸੂਬੇ ਸਿਰ ਚੜ੍ਹੇ ਕਰਜ਼ੇ ਨੇ ਇਥੋਂ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਕਰਜ਼ਈ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਇਥੋਂ ਤੱਕ ਕਿ ਸੂਬੇ ਦੇ ਲੋਕਾਂ ਲਈ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦਾ ਵੀ ਤਸੱਲੀਬਖਸ਼ ਪ੍ਰਬੰਧ ਨਹੀਂ ਹੈ। ਇਹ ਸਭ ਕੁਝ ਤਾਂ ਹੀ ਹੋਇਆ ਹੈ ਜੇ ਇਥੋਂ ਦੀਆਂ ਸਰਕਾਰਾਂ ਲੋਕਾਂ ਪ੍ਰਤੀ ਸੁਹਿਰਦ ਨਹੀਂ ਹਨ। ਇਸੇ ਤਰ੍ਹਾਂ ਪੰਜਾਬ ਵਿਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ 'ਬਾਦਲ ਦਲ' ਦਾ ਰੂਪ ਵਟਾ ਲੈਣ ਨਾਲ ਪੰਜਾਬ ਦੇ ਸਿੱਖਾਂ ਦੀਆਂ ਸਮੱਸਿਆਵਾਂ ਵੀ ਨਿੱਤ-ਦਿਨ ਵਧ ਰਹੀਆਂ ਹਨ। ਸਿੱਖ ਵਿਰੋਧੀ ਤਾਕਤਾਂ 'ਬਾਦਲ ਦਲ' ਦੀ ਤਾਕਤ ਵਰਤ ਕੇ ਹੀ ਇਥੋਂ ਸਿੱਖੀ ਦਾ ਵੱਡਾ ਨੁਕਸਾਨ ਕਰਨ ਵਿਚ ਸਫ਼ਲ ਹੋ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਇਥੋਂ ਦੇ ਬਹੁਗਿਣਤੀ ਗੁਰਦੁਆਰਾ ਸਾਹਿਬਾਨਾਂ ਵਿਚ ਧਰਮ ਨੂੰ ਪ੍ਰਣਾਏ ਲੋਕਾਂ ਦੀ ਥਾਂ ਰਾਜਨੀਤਕ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਜਿਹੜੇ ਕਿ ਇਥੋਂ ਇਹੋ ਜਿਹਾ ਪ੍ਰਚਾਰ ਕਰਦੇ ਹਨ ਜਿਸ ਨਾਲ 'ਕੌਮ ਦੀ ਚੜ੍ਹਦੀ ਕਲਾ' ਦੀ ਥਾਂ ਆਪਣੀ ਰਾਜਨੀਤਕ ਪਾਰਟੀ ਦੀ ਕੁਰਸੀ ਤੱਕ ਪਹੁੰਚ ਬਣੀ ਰਹੇ। ਸਿੱਖ ਧਰਮ ਦੇ ਹਰ ਪ੍ਰਚਾਰ ਕੇਂਦਰ, ਧਰਮ ਨੂੰ ਸੰਜੀਵ ਰੱਖਣ ਵਾਲੇ ਬਾਕੀ ਪ੍ਰਬੰਧਾਂ ਨੂੰ ਵੀ ਆਪਣੇ ਹੱਥਾਂ ਵਿਚ ਲੈ ਕੇ ਬਾਦਲ ਦਲ ਵੱਲੋਂ ਇਕ ਨੀਤੀ ਤਹਿਤ ਹੀ ਵਰਤਿਆ ਜਾਂਦਾ ਰਿਹਾ ਹੈ। ਇਸ ਸਮੇਂ ਦੀ ਕਾਮਯਾਬੀ ਦਾ ਰਾਜ ਵੀ ਇਹ ਹੀ ਹੈ ਕਿ 'ਬਾਦਲ ਦਲ' ਨੇ ਸਿੱਖਾਂ ਨੂੰ ਵਰਤਨ ਲਈ ਸ਼੍ਰੋਮਣੀ ਅਕਾਲੀ ਦਲ ਹਿੰਦੂਤਵ ਨੂੰ ਵਰਤਨ ਲਈ ਭਾਰਤੀ ਜਨਤਾ ਪਾਰਟੀ ਅਤੇ ਗੈਰਰਾਜਨੀਤਕ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਪੰਜਾਬੀਅਤ ਦਾ ਹਰਬਾ ਕਾਮਯਾਬੀ ਨਾਲ ਵਰਤਿਆ ਹੈ। ਸਫਲਤਾ ਦਾ ਰਾਜ ਇਹ ਹੈ ਕਿ ਇਸ ਦਲ ਨੇ ਫਿਰ ਵੀ ਹਰ ਕਿਸਮ ਦੇ ਲੋਕਾਂ ਵਿਚ ਆਪਣਾ ਵਿਸ਼ਵਾਸ ਵੀ ਥਿੜਕਣ ਨਹੀਂ ਦਿੱਤਾ। ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਕਿ ਹਰ ਪੱਖੋਂ ਮੰਝਧਾਰ ਵਿਚ ਡੁੱਬਦੇ ਜਾ ਰਹੇ ਸੂਬੇ ਨੂੰ 'ਸੂਬਾ ਨੰਬਰ ਵਨ' ਸਿੱਧ ਕਰ ਦਿੱਤਾ ਹੋਵੇ ਅਤੇ ਇਕੱਲੀ ਨੀਤੀ ਵਰਤ ਕੇ ਹੀ ਪਿਛਲੇ ਛਿਆਲੀ ਸਾਲ ਦੇ ਰਿਕਾਰਡ ਮਾਤ ਪਾ ਦਿੱਤੇ ਹੋਣ।