ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪ੍ਰੋ. ਧੂੰਦਾ ਸਿੱਖੀ ਪ੍ਰਚਾਰ ਦਾ ਮੁੱਖ ਸਤੀਰ ਨਹੀਂ


ਸਿੱਖ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਵੱਲੋਂ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਚ ਪੁੱਜਣ ਨਾਲ ਤਿੰਨ ਤਰਫ਼ੀ ਸੋਚ ਨੇ ਜਨਮ ਲਿਆ ਹੈ। ਪਹਿਲੀ ਧਿਰ ਸਿੱਖ ਕੌਮ ਦੇ ਆਗੂ ਅਖਵਾਉਂਦੇ ਉਨ੍ਹਾਂ ਲੋਕਾਂ ਦੀ ਹੈ ਜਿਹੜੀ ਪੂਰੀ ਤਰ੍ਹਾਂ ਖੁਸ਼ ਹੈ ਕਿ ਉਹਨਾਂ ਨੇ ਆਖਿਰ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਧੂਹ ਕੇ ਆਪਣੀ ਕਚਹਿਰੀ ਤੱਕ ਲੈ ਆਂਦਾ ਹੈ। ਇਸ ਧਿਰ ਨੂੰ ਆਸ ਹੈ ਕਿ ਧੂੰਦਾ ਨਾਲ ਚੰਗੀ ਤਰ੍ਹਾਂ ਦੁਰਵਿਹਾਰ ਕਰਨ ਨਾਲ ਕਿਸੇ ਹੋਰ ਪ੍ਰਚਾਰਕ ਦੀ ਹਿੰਮਤ ਨਹੀਂ ਪਵੇਗੀ ਕਿ ਉਹ ਪੁਜਾਰੀਵਾਦ, ਸੰਤਵਾਦ ਅਤੇ ਉਹਨਾਂ ਦੀ ਆਪਣੀ ਸੋਚ ਤੋਂ ਆਜ਼ਾਦ ਹੋ ਕੇ ਨਿਧੜਕਤਾ ਨਾਲ ਪ੍ਰਚਾਰ ਕਰੇ। ਇਹ ਲੋਕ ਭੁਲੇਖੇ ਵਿਚ ਹਨ ਕਿ ਪੁਜਾਰੀਵਾਦ ਦੀ ਉਮਰ ਅਸੀਂ ਲੰਮੀ ਕਰਨ ਵਿਚ ਅਸੀਂ ਆਪਣਾ ਵਧ-ਚੜ੍ਹ ਕੇ ਹਿੱਸਾ ਪਾ ਦਿੱਤਾ ਹੈ। ਦੂਸਰੀ ਸਿੱਖ ਧਿਰ ਉਹ ਹੈ ਜੋ ਸਮਝਦੀ ਹੈ ਕਿ ਪ੍ਰੋ. ਧੂੰਦਾ ਨਾਲ ਕੁਪੱਤ ਹੋਣ ਤੋਂ ਬਾਅਦ ਸਿੱਖੀ ਪ੍ਰਚਾਰ ਦੀ ਮੁੱਖ ਕੜੀ ਟੁੱਟ ਗਈ ਹੈ। ਉਹਨਾਂ ਦਾ ਖਿਆਲ ਹੈ ਕਿ ਮਿਸ਼ਨਰੀ ਪ੍ਰਚਾਰਕਾਂ ਵੱਲੋਂ ਪੜ੍ਹੇ ਲਿਖੇ ਸਿੱਖ ਸਮਾਜ ਨੂੰ ਸ਼ਬਦ-ਗੁਰੂ ਦੇ ਲੜ ਲਾਉਣ ਵਿਚ ਪ੍ਰੋ. ਧੂੰਦਾ ਇਕ ਮਸਾਲ ਬਣੇ ਸਨ ਪਰ ਉਹਨਾਂ ਵੱਲੋਂ ਜਿਸ ਤਰ੍ਹਾਂ ਪੁਜਾਰੀਵਾਦ ਅੱਗੇ ਪੇਸ਼ ਹੋ ਕੇ ਆਪਣੀ 'ਜੁਰਅਤ ਵਾਲੀ ਦਿੱਖ' ਖਰਾਬ ਕਰ ਲਈ ਹੈ ਉਸ ਦੇ ਨਾਲ ਹੀ ਉਭਰ ਰਹੀ ਸਿੱਖ ਲਹਿਰ ਨੂੰ ਵੀ ਭਾਰੀ ਸੱਟ ਲੱਗ ਗਈ ਹੈ ਜਿਸ ਦਾ ਅਜੇ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ। ਤੀਸਰੀ ਧਿਰ ਵਿਚ ਉਹ ਸਿੱਖ ਸ਼ਾਮਲ ਹਨ ਜਿਨ੍ਹਾਂ ਦਾ ਵਿਚਾਰ ਹੈ ਕਿ ਜਥੇਦਾਰਾਂ ਅੱਗੇ ਪੇਸ਼ ਹੋ ਕੇ ਪ੍ਰੋ. ਧੂੰਦਾ ਨੇ ਸ੍ਰੀ ਅਕਾਲ ਤਖ਼ਤ ਦੀ ਮਹਾਨਤਾ ਦਾ ਝੰਡਾ ਹੋਰ ਉੱਚਾ ਕੀਤਾ ਹੈ। ਇਹਨਾਂ ਲੋਕਾਂ ਦਾ ਖਿਆਲ ਹੈ ਕਿ ਜੇ ਪ੍ਰੋ. ਧੂੰਦਾ ਜਥੇਦਾਰਾਂ ਅੱਗੇ ਪੇਸ਼ ਨਾ ਹੁੰਦੇ ਤਾਂ ਉਹਨਾਂ ਨੂੰ ਵੀ ਪੰਥ ਵਿਚੋਂ ਛੇਕ ਦੇਣਾ ਸੀ ਜੇ ਇਹ ਹੋ ਜਾਂਦਾ ਤਾਂ ਸਿੱਖੀ ਪ੍ਰਚਾਰ ਦੀ ਉਭਰਦੀ ਲਹਿਰ ਕਮਜ਼ੋਰ ਹੋ ਜਾਣੀ ਸੀ ਇਸ ਲਈ ਪ੍ਰੋ. ਧੂੰਦਾ ਨੇ ਇਕ ਚੰਗਾ ਕੰਮ ਕੀਤਾ ਹੈ। ਇਹਨਾਂ ਤਿੰਨ ਵਿਚਾਰਧਾਰਾਵਾਂ ਤੋਂ ਇਲਾਵਾ ਜਥੇਦਾਰਾਂ ਅੱਗੇ ਪੇਸ਼ ਹੋਣ ਤੋਂ ਬਾਅਦ ਖੁਦ ਪ੍ਰੋ. ਧੂੰਦਾ ਦੇ ਆਪਣੇ ਵਿਚਾਰ ਵੀ ਹਨ ਜਿਨ੍ਹਾਂ ਵਿਚ ਉਹਨਾਂ ਨੇ ਕਿਹਾ ਹੈ ਕਿ ਉਸ ਨੇ ਜਥੇਦਾਰਾਂ ਪਾਸੋਂ ਮਾਫ਼ੀ ਨਹੀਂ ਮੰਗੀ ਸਗੋਂ ਸਿਰਫ਼ ਆਪਣਾ ਸਪੱਸ਼ਟੀਕਰਨ ਹੀ ਦਿੱਤਾ ਹੈ। ਹੁਣ ਭਾਵੇਂ ਪ੍ਰੋ. ਧੂੰਦਾ ਖੁਦ ਕੁਝ ਵੀ ਆਖੀ ਜਾਣ ਪਰ ਉਹਨਾਂ ਦੇ ਨਾਲ ਖੜ੍ਹੇ ਸਭ ਸਿੱਖ ਇਹ ਸਮਝਦੇ ਹਨ ਕਿ ਪ੍ਰੋ. ਧੂੰਦਾ ਨੂੰ ਡਰਾ-ਧਮਕਾ ਕੇ ਵਰਗਲਾਅ ਕੇ ਆਖਿਰ ਪੁਜਾਰੀਵਾਦ ਨੇ ਆਪਣੀ ਲੱਤ ਹੇਠੋਂ ਕੱਢ ਹੀ ਲਿਆ ਹੈ। ਇਹ ਉਹ ਵਿਚਾਰਾਂ ਦੀ ਸਿੱਖ ਸੰਗਤ ਹੈ ਜਿਸ ਨੂੰ ਪੁਜਾਰੀਵਾਦੀ ਸਿਸਟਮ ਦੀ ਪੂਰੀ ਤਰ੍ਹਾਂ ਸਮਝ ਹੈ ਇਹਨਾਂ ਹੀ ਸਿੱਖਾਂ ਨੇ ਪ੍ਰੋ. ਸਾਹਿਬ ਨੂੰ ਸਲਾਹ ਦਿੱਤੀ ਸੀ ਕਿ ਉਹ ਪੁਜਾਰੀਆਂ ਅੱਗੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਚ ਪੇਸ਼ ਨਾ ਹੋਣ ਕਿਉਂਕਿ ਇਥੇ ਪੇਸ਼ੀ ਲਈ ਸੱਦੇ ਗਏ ਕਿਸੇ ਵੀ ਮੁਦਾਇਲਾ ਨਾਲ ਇਨਸਾਫ਼ ਨਹੀਂ ਕੀਤਾ ਜਾਂਦਾ ਸਗੋਂ ਫੈਸਲੇ ਦਾ ਆਖਰੀ ਨਿਚੋੜ ਸਿੱਖਾਂ ਨੂੰ 'ਨਵੇਂ ਬ੍ਰਾਹਮਣਵਾਦ' ਦੇ ਪੈਰਾਂ ਵਿਚ ਸੁੱਟਣਾ ਹੀ ਹੁੰਦਾ ਹੈ। ਅਕਾਲ ਤਖ਼ਤ ਸਕੱਤਰੇਤ ਤੱਕ ਪੁੱਜਣ ਤੋਂ ਪਹਿਲਾਂ ਹੀ ਪੇਸ਼ੀ ਲਈ ਸੱਦੇ ਗਏ ਵਿਅਕਤੀ ਨੂੰ ਅਜਿਹੇ ਮਾਹੌਲ ਵਿਚੋਂ ਦੀ ਲੰਘਾਇਆ ਜਾਂਦਾ ਹੈ ਕਿ ਸਬੰਧਤ ਬੰਦੇ ਦੇ ਆਪਣੇ ਵਿਚਾਰ ਬੇ-ਤਰਤੀਬੇ ਹੋ ਜਾਣ। ਫਿਰ ਬੰਦ ਕਮਰੇ ਵਿਚ ਉਸਦੇ ਵਿਰੋਧੀ ਵਿਚਾਰਾਂ ਵਾਲੇ ਸਵਾਲਾਂ ਦੀ ਝੜੀ ਉਸ ਨੂੰ ਡੌਰ-ਭੌਰ ਕਰਕੇ ਆਪਣਾ ਮਕਸਦ ਹੱਲ ਕਰ ਲੈਂਦੀ ਹੈ।
ਪ੍ਰੋ. ਧੂੰਦਾ ਦੀ ਪੇਸ਼ੀ ਸਮੇਂ ਹੀ ਹੋਰ ਵਾਪਰੀਆਂ ਘਟਨਾਵਾਂ ਵੀ ਚੱਲ ਰਹੇ ਵਿਚਾਰਾਂ ਦਾ ਹੀ ਅੰਗ ਹਨ। ਇਸ ਮੌਕੇ ਹੀ ਲੁਧਿਆਣਾ ਵਿਚ ਥੋੜ੍ਹਾ ਜਿਹਾ ਪ੍ਰਭਾਵ ਰੱਖਣ ਵਾਲੀ ਕਥਿਤ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਥੇਦਾਰਾਂ ਦੇ ਨਾਮ ਇਕ ਪੱਤਰ ਦਿੱਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ ਸਾਰੇ ਸਿੱਖ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇਕ ਕਰ ਦਿੱਤਾ ਜਾਵੇ। (ਸੰਭਵ ਹੈ ਕਿ ਇਹ ਪੱਤਰ ਵੀ ਜਥੇਦਾਰਾਂ ਨੇ ਖੁਦ ਹੀ ਪੇਸ਼ ਕਰਨ ਲਈ ਇਹਨਾਂ ਫੈਡਰੇਸ਼ਨੀਆਂ ਨੂੰ ਕਿਹਾ ਹੋਵੇ ਕਿਉਂਕਿ ਇਹ ਦੋਨੋਂ ਧਿਰਾਂ ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਭਾਵ ਹੇਠ ਹੀ ਕੰਮ ਕਰਦੀਆਂ ਹਨ) ਤੀਜੀ ਧਿਆਨ ਦਿਵਾਊ ਘਟਨਾ ਵਿਚ ਇਸ ਸਮੇਂ ਹੀ ਜਥੇਦਾਰਾਂ ਨੇ ਸਾਲ 2011-12 ਦਾ ਉਹ ਨਾਨਕਸ਼ਾਹੀ (?) ਕੈਲੰਡਰ ਵੀ ਰਿਲੀਜ਼ ਕਰ ਦਿੱਤਾ ਜਿਸ ਨੂੰ ਸ਼ੁੱਧ ਨਾਨਕਸ਼ਾਹੀ ਤੋਂ ਵਿਗਾੜ ਕੇ ਸੋਧਾਂ ਦੇ ਨਾਮ 'ਤੇ ਅਸਲ ਵਿਚ ਬਿਕ੍ਰਰਮੀਕਰਨ ਕੀਤਾ ਹੋਇਆ ਹੈ। ਛੇਕੇ ਜਾਣ ਦੀ ਤਲਵਾਰ ਨਾਲ ਪ੍ਰੋ. ਧੂੰਦਾ ਨੂੰ ਪੇਸ਼ੀ ਲਈ ਸੱਦਣਾ, ਕਥਿਤ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਮਿਸ਼ਨਰੀ ਕਾਲਜਾਂ ਦਾ ਰਾਹ ਬੰਦ ਕਰਨ ਦਾ ਯਤਨ ਕਰਨਾ ਅਤੇ ਚੋਰੀ-ਛੁਪੇ ਨਵਾਂ ਕੈਲੰਡਰ ਜਾਰੀ ਕਰਨਾ ਇਹ ਤਿੰਨ ਘਟਨਾਵਾਂ ਤੋਂ ਪੁਜਾਰੀਵਾਦ ਦੇ ਪੈਰਾਂ ਤੋਂ ਖੋਖਲੇ ਹੋ ਜਾਣ ਦੀਆਂ ਪ੍ਰਤੱਖ ਉਦਾਹਰਣਾਂ ਹਨ। ਸਿੱਖ ਜਾਗਰਤੀ ਲਹਿਰ ਤੋਂ ਡਰ ਚੁੱਕਿਆ 'ਨਵਾਂ-ਸਿੱਖ ਬ੍ਰਾਹਮਣਵਾਦ' ਆਪਣਾ ਤੋਰੀ-ਫੁਲਕਾ ਚਲਦਾ ਰੱਖਣ ਲਈ ਅੰਤਲੀ ਲੜਾਈ ਲੜ ਰਿਹਾ ਹੈ ਜਿਸ ਵਿਚ ਉਸ ਦੀ ਸਿਧਾਂਤਕ ਹਾਰ ਹੋ ਰਹੀ ਹੈ। ਇਸ ਪੁਜਾਰੀਵਾਦ ਨੂੰ ਡਰ ਸਤਾ ਰਿਹਾ ਹੈ ਕਿ ਸਿੱਖ ਮਿਸ਼ਨਰੀ ਕਾਲਜਾਂ ਨੂੰ ਜੇ ਅਸੀਂ ਆਪਣੇ ਫਣ-ਹੇਠਲੇ ਕੁੰਡਲ ਹੇਠ ਨਾ ਲਿਆ ਤਾਂ ਸਿੱਖ ਜਾਗਰਤੀ ਲਹਿਰ ਸਾਡੀਆਂ ਵਿਰਾਸਤੀ ਕੁਲਾਂ ਦੀ ਰੋਟੀ ਰੋਜ਼ੀ ਮਾਰ ਦੇਵੇਗੀ ਇਸ ਲਈ ਹੁਣ ਤੋਂ ਹੀ ਜਨਮਦੀ ਸਿੱਖ ਲਹਿਰ ਦਾ ਗਲ਼ ਘੁੱਟਣਾ ਸੌਖਾ ਹੈ। ਉਹ ਚਾਹੁੰਦੀ ਹੈ ਕਿ ਸਿੱਖ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਅਜਿਹਾ ਹੋਵੇ ਜੋ ਪੁਜਾਰੀਵਾਦ ਨੂੰ ਮਾਨਤਾ ਦਿੰਦਾ ਹੋਵੇ। ਇਸੇ ਕਰੂਪ ਸੋਚ ਤਹਿਤ ਹੀ ਪ੍ਰੋ. ਧੂੰਦਾ ਨੂੰ ਤਲਬ ਕਰਕੇ ਮਾਨਸਿਕ ਤੌਰ 'ਤੇ ਜ਼ਲੀਲ ਕਰਨ ਤੋਂ ਬਾਅਦ ਮੀਡੀਆ ਸਾਹਮਣੇ ਵੀ ਅੰਦਰਲੀ ਖੁਸ਼ੀ ਨੂੰ ਛੁਪਾ ਕੇ ਨਾ ਰੱਖ ਸਕਣਾ ਉਹਨਾਂ ਨੂੰ ਕੁਝ ਧਰਵਾਸਾ ਦਿੰਦਾ ਪ੍ਰਤੀਤ ਹੁੰਦਾ ਹੈ ਕਿ ਅਸੀਂ ਸਾਡੇ ਵਿਰੁੱਧ ਸੱਚ ਬੋਲਦੀਆਂ ਜ਼ਬਾਨਾਂ ਨੂੰ ਲਗਾਮ ਦੇਣ 'ਚ ਕਾਮਯਾਬੀ ਹਾਸਲ ਕਰ ਲਈ ਹੈ। ਨਵੇਂ ਧੁਮੱਕੜਸ਼ਾਹੀ ਕੈਲੰਡਰ ਦਾ ਚੋਰੀ ਛਿਪੇ ਰਿਲੀਜ਼ ਕਰਨਾ ਵੀ ਸਿੱਖ ਜਾਗਰਤੀ ਲਹਿਰ ਅੱਗੇ ਪੁਜਾਰੀਵਾਦ ਦੇ ਉਖੜ ਰਹੇ ਪੈਰਾਂ ਦੀ ਨਿਸ਼ਾਨੀ ਹੈ। ਕਥਿਤ ਸੋਧਾਂ ਤੋਂ ਬਾਅਦ ਪੁਜਾਰੀਵਾਦ ਨੇ ਪੂਰਾ ਗੱਜ-ਵਜਾ ਕੇ ਕੈਲੰਡਰ ਰਿਲੀਜ਼ ਕਰਨ ਦੀ ਰਵਾਇਤ ਸ਼ੁਰੂ ਕੀਤੀਸੀ ਪਰ ਜਾਗਦੀਆਂ ਸਿੱਖ ਰੂਹਾਂ ਵੱਲੋਂ ਇਸ ਦੀ ਅਸਲੀਅਤ ਸਿੱਖ ਸੰਗਤ ਅੱਗੇ ਪੇਸ਼ ਕਰਨ ਤੋਂ ਬਾਅਦ ਇਸ ਵਾਰ ਪੁਜਾਰੀਵਾਦ ਦਾ ਹੌਂਸਲਾ ਤੱਕ ਨਹੀਂ ਪਿਆ ਕਿ ਉਹ ਐਲਾਨੀਆਂ ਤੌਰ 'ਤੇ ਆਪਣੀ ਕਾਰਵਾਈ ਕਰ ਸਕਣ।
'ਸਿੱਖ-ਬ੍ਰਾਹਮਣਵਾਦ' ਨੂੰ ਇਹ ਗੱਲ ਲੜ ਬੰਨ ਲੈਣੀ ਚਾਹੀਦੀ ਹੈ ਕਿ ਉੜਕ ਸੱਚ ਦਾ ਪ੍ਰਕਾਸ਼ ਲੁਕ ਨਹੀਂ ਸਕੇਗਾ। ਜੇ ਉਹ ਸਿਰਫ਼ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਢਾਹ ਕੇ ਹੀ ਆਪਣੀ ਜਿੱਤ ਸਮਝ ਰਹੇ ਹਨ ਤਾਂ ਇਹ ਉਹਨਾਂ ਦੀ ਵੱਡੀ ਭੁੱਲ ਹੈ, ਕਿਉਂਕਿ ਭਾਈ ਧੂੰਦਾ ਸਿੱਖ ਲਹਿਰ ਦੀ ਇਕ ਕੜੀ ਜ਼ਰੂਰ ਸੀ ਪਰ ਮੁੱਖ ਸਤੀਰ ਨਹੀਂ ਸੀ ਜਿਸ ਦੇ ਨਕਾਰਾ ਹੋ ਜਾਣ ਨਾਲ ਸਮੁੱਚਾ ਢਾਂਚਾ ਢਹਿ ਢੇਰੀ ਹੋ ਜਾਵੇਗਾ। ਸੱਚ ਦੀ ਇਮਾਰਤ ਦੀ ਇਹ ਛਤਾਅ ਇਨਾਂ ਲੰਮਾ-ਚੌੜਾ ਅਤੇ ਵਿਸ਼ਾਲ ਹੈ ਕਿ ਇਸ ਦੀਆਂ ਉਹਨਾਂ ਕੜੀਆਂ ਦੀ ਗਿਣਤੀ ਕਰਨੀ ਸੰਭਵ ਨਹੀਂ ਜਿਹੜੀਆਂ ਆਪਣੇ ਨਾਲ ਦੀ ਕੜੀ ਦਾ ਵੀ ਭਾਰ ਸਹਿ ਸਕਣ ਦੇ ਸਮਰੱਥ ਹਨ।