ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿੱਲ ਮੁਹਾਸਿਆਂ ਦੇ ਕਾਰਨ ਤੇ ਇਲਾਜ


ਅਜੋਕੀ ਪਦਾਰਥਵਾਦੀ ਤੇ ਤੇਜ਼-ਤਰਾਰ ਦੁਨੀਆਂ ਦਾ ਕਿਹੜਾ ਮਨੁੱਖ ਨਹੀਂ ਚਾਹੁੰਦਾ ਕਿ ਉਹਦਾ ਚਿਹਰਾ ਸੁੰਦਰ ਹੋਵੇ? ਖਾਸ ਕਰਕੇ ਨੌਜਵਾਨਾਂ 'ਚ। ਪਰ ਫੇਰ ਵੀ ਅਸੀਂ ਦੇਖਦੇ ਹਾਂ ਕਿ ਕਾਫੀ ਲੋਕਾਂ ਦੇ ਚਿਹਰਿਆਂ 'ਤੇ ਦਿਨੋ-ਦਿਨ ਵਿਗਾੜ ਪੈਦਾ ਹੋ ਰਿਹਾ ਹੈ। ਅਜਿਹਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਜਿਵੇਂ ਕੁਝ ਕੁ ਨੂੰ ਜਮਾਂਦਰੂ ਰੋਗਾਂ ਕਾਰਨ ਇਸ ਤਰ੍ਹਾਂ ਹੋ ਰਿਹਾ, ਕਿਸੇ ਨੂੰ ਚੇਚਕ ਤੋਂ ਬਾਅਦ ਜਾਂ ਫਿਰ ਆਮ ਤੌਰ 'ਤੇ ਚੜ੍ਹਦੀ ਉਮਰ ਦੇ ਮੁੰਡੇ-ਕੁੜੀਆਂ 'ਚ ਪੂਬਰਟੀ ਦੇ ਸਮੇਂ ਅਜਿਹਾ ਦੇਖਣ ਨੂੰ ਰਿਹਾ ਹੈ। ਨੌਜਵਾਨ ਪੀੜ੍ਹੀ ਫੈਸ਼ਨ ਦੀ ਹਨੇਰੀ ਵਿਚ ਰੁੜੀ ਇਸ ਦੇ ਕਾਫੀ ਓਹੜ-ਪੋਹੜ ਕਰ ਰਹੀ ਹੈ। ਪ੍ਰੰਤੂ ਸਫਲਤਾ ਨਹੀਂ ਮਿਲ ਰਹੀ। ਸਗੋਂ ਆਧੁਨਿਕ ਰਸਾਇਣਕ ਕਰੀਮਾਂ ਨਾਲ ਹੋਰ ਦਾ ਹੋਰ ਕੁਝ ਹੀ ਬਣਦਾ ਜਾ ਰਿਹਾ ਹੈ। ਜਦੋਂ ਚਿਹਰੇ 'ਤੇ ਕਿੱਲ, ਫਿੰਸੀਆਂ ਨਿਕਲਦੇ ਹਨ ਤਾਂ ਇਹ ਛਾਤੀ ਅਤੇ ਮੋਢਿਆਂ ਆਦਿ 'ਤੇ ਵੀ ਵੇਖਣ ਵਿਚ ਆਉਂਦੇ ਹਨ।
ਕਿੱਲ, ਫਿੰਨਸੀਆਂ ਕਿਉਂ ਨਿਕਲਦੇ ਹਨ? ਮਨੁੱਖੀ ਚਮੜੀ 'ਤੇ ਅਣਗਿਣਤ ਰੋਮ ਅਤੇ ਗ੍ਰੰਥੀਆਂ ਹੁੰਦੀਆਂ ਹਨ। ਇਨ੍ਹਾਂ ਤੇਲ ਗ੍ਰੰਥੀਆਂ ਨੇ ਸਮੇਂ-ਸਮੇਂ 'ਤੇ ਵਾਲਾਂ ਅਤੇ ਚਮੜੀ ਨੂੰ ਥਿੰਦਿਆਂ ਕਰਨਾ ਹੁੰਦਾ ਹੈ। ਸਰੀਰਕ ਜ਼ਰੂਰਤਾਂ ਲਈ ਇਨ੍ਹਾਂ ਗ੍ਰੰਥੀਆਂ 'ਚ ਵਾਧੂ ਗੰਦ-ਮੰਦ ਨਿਕਲਦਾ ਰਹਿੰਦਾ ਹੈ ਪਰ ਕਈ ਵਾਰ ਇਹ ਰੋਮ ਛੇਕ ਬੰਦ ਹੋ ਜਾਂਦੇ ਹਨ। ਚਮੜੀ ਦੀਆਂ ਕੋਸ਼ਿਕਾਵਾਂ ਭਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਇਹ ਪ੍ਰਕਿਰਿਆ ਜ਼ਿਆਦਾ ਵਧ ਜਾਂਦੀ ਹੈ ਤਾਂ ਕਦੀ-ਕਦੀ ਰੋਮ ਛੇਕ ਦਾ ਮੂੰਹ ਖੁੱਲ੍ਹਾ ਰਹਿ ਜਾਂਦਾ ਹੈ। ਇਸ ਕਾਰਨ ਸੀਥਮ ਬੈਕਟੀਰੀਆ ਚਮੜੀ ਦੀਆਂ ਕੋਸ਼ਿਕਾਵਾਂ ਅੰਦਰ ਪਹੁੰਚ ਕੇ ਇਕ ਲਾਲ ਫਿੰਸੀ ਬਣਾ ਦਿੰਦਾ ਹੈ। ਇਸ ਨੂੰ ਅਸੀਂ ਐਕਨੀ ਦਾ ਨਾਂ ਦਿੰਦੇ ਹਾਂ। ਇਹ ਕਈ ਪ੍ਰਕਾਰ ਦੇ ਹੁੰਦੇ ਹਨ। ਜਿਵੇਂ ਐਕਨੀ ਵਲਗਰਸ, ਐਕਨੀ ਪੰਕਟੇਟਾ, ਐਕਨੀ ਇਨਡਿਊਰੇਟਾ, ਐਕਨੀ ਪਸਚੂਲੋਸਮ, ਐਕਨੀ ਪੋਪੂਲਸਮ ਆਦਿ।
ਐਕਨੀ ਇਨਡਿਊਰੇਟਾ ਨੂੰ ਛੱਡ ਕੇ ਬਾਕੀ ਕਿਸਮ ਦੇ ਐਕਨੀ ਬੜੀ ਛੇਤੀ ਤੇ ਬਿਨਾਂ ਕਿਸੇ ਦਾਗ ਆਦਿ ਦੇ ਹਟ ਜਾਂਦੇ ਹਨ ਪਰ ਇਨਡਿਊਰੇਟਾ ਜ਼ਿੱਦੀ ਕਿਸਮ ਦੇ ਹੁੰਦੇ ਹਨ। ਇਹ ਕਾਫੀ ਡੂੰਘੇ, ਜ਼ਿਆਦਾ ਪੀਕ ਵਾਲੇ ਅਤੇ ਇਨ੍ਹਾਂ ਦਾ ਦਰਦ ਵੀ ਕਾਫੀ ਹੁੰਦਾ ਹੈ ਅਤੇ ਇਹ ਹੌਲੀ-ਹੌਲੀ ਠੀਕ ਹੁੰਦੇ ਹਨ। ਇਨ੍ਹਾਂ ਦੇ ਦਾਗ ਵੀ ਪੈ ਜਾਂਦੇ ਹਨ। ਇਨ੍ਹਾਂ ਦੇ ਬਣਨ ਦਾ ਕਾਰਨ ਆਮ ਤੌਰ 'ਤੇ ਸਫਾਈ ਦੀ ਘਾਟ, ਧੂੜ ਅਤੇ ਅਵਲੀਆਂ-ਸਵਲੀਆਂ ਦਵਾਈਆਂ, ਦੂਸ਼ਿਤ ਵਾਤਾਵਰਨ 'ਚੋਂ ਵਿਚਰਨਾ, ਸੁੰਦਰਤਾ ਵਾਲੀਆਂ ਕਰੀਮਾਂ ਆਦਿ ਹੁੰਦੀਆਂ ਹਨ। ਇਹ ਪਰਿਵਾਰਕ ਭਾਵ ਇਕ-ਦੂਜੇ ਤੋਂ ਵੀ ਹੋ ਸਕਦੇ ਹਨ। ਇਸ ਤੋਂ ਬਿਨਾਂ ਇਸ ਦੇ ਹੋਰ ਮੁੱਖ ਕਾਰਨ ਗੈਸ ਬਣਨਾ, ਕਬਜ਼ ਰਹਿਣਾ, ਮਾਸਿਕ ਧਰਮ (ਮਹਾਵਾਰੀ) 'ਚ ਗੜਬੜੀ ਹੋਣਾ, ਖੂਨ ਦਾ ਜ਼ਿਆਦਾ ਵਹਿਣਾ ਅਤੇ ਕਰੌਨਿਕ ਬਿਮਾਰੀਆਂ ਆਦਿ ਕਹੇ ਜਾ ਸਕਦੇ ਹਨ।
ਆਪਣੇ ਆਪ 'ਤੇ ਨਿਰਭਰ ਹੋ ਕੇ ਕੁਝ ਪਰਹੇਜ, ਖੁਰਾਕ ਅਤੇ ਪੂਰੀ ਤਰ੍ਹਾਂ ਨਾਲ ਸਫਾਈ ਆਦਿ ਦਾ ਖਿਆਲ ਕਰਕੇ ਇਨ੍ਹਾਂ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਦਵਾਈ ਦਾ ਓਹੜ-ਪੋਹੜ ਕਰਨ ਲਈ ਹੋਮਿਓਪੈਥੀ ਦਵਾਈਆਂ ਤੁਹਾਨੂੰ ਕਾਫੀ ਹੱਦ ਤਕ ਆਰਾਮ ਪਹੁੰਚਾ ਸਕਦੀਆਂ ਹਨ ਅਤੇ ਸਮਾਂ ਪਾ ਕੇ ਇਸ ਬਿਮਾਰੀ ਨੂੰ ਜੜ੍ਹੋਂ ਪੁੱਟ ਦਿੰਦੀਆਂ ਹਨ। ਸਾਫ-ਸਫਾਈ ਸਬੰਧੀ ਸਾਧਾਰਨ ਸਾਬਣ ਅਤੇ ਗਰਮ ਪਾਣੀ ਨਾਲ ਚਿਹਰੇ 'ਤੇ ਉਭਰਿਆ ਤੇਲ ਅਤੇ ਧੂੜ ਚੰਗੀ ਤਰ੍ਹਾਂ ਧੋਤੀ ਜਾ ਸਕਦੀ ਹੈ। ਖੁਰਾਕ ਸਬੰਧੀ ਪਾਚਨ ਸ਼ਕਤੀ ਦਾ ਕਾਫੀ ਖਿਆਲ ਕਰਨ ਦੀ ਲੋੜ ਹੈ। ਕਿਉਂਕਿ ਕਬਜ਼ ਇਸ ਦਾ ਮੁੱਖ ਕਾਰਨ ਗਿਣੀ ਜਾਂਦੀ ਹੈ। ਇਸ ਕਰਕੇ ਭੋਜਨ ਦੀ ਭੂਮਿਕਾ ਕਾਫੀ ਮਹੱਤਵ ਰੱਖਦੀ ਹੈ। ਭੋਜਨ 'ਚ ਹਰੀਆਂ ਪੱਤੇਦਾਰ ਸਬਜ਼ੀਆਂ, ਸਲਾਦ ਆਦਿ ਦੀ ਵਰਤੋਂ ਦੇ ਨਾਲ-ਨਾਲ ਪਾਣੀ ਵੀ ਰੱਜ ਕੇ ਪੀਣਾ ਚਾਹੀਦਾ ਹੈ। ਜ਼ਿਆਦਾ ਮਾਤਰਾ ਵਿਚ ਚਰਬੀ, ਕਾਰਬੋਹਾਈਡਰੇਟਸ ਵਾਲੇ ਪਦਾਰਥ, ਪੇਸਟਰੀ, ਚਾਕਲੇਟ, ਕਰੀਮ, ਮੱਖਣੀ ਅਤੇ ਤਲੇ-ਭੁੰਨੇ (ਫਾਸਟ ਫੂਡ) ਅੰਡੇ ਆਦਿ ਨਹੀਂ ਲੈਣੇ ਚਾਹੀਦੇ। ਐਕਨੀ ਦੇ ਸਫਲ ਇਲਾਜ ਲਈ ਹੋਮਿਓਪੈਥੀ ਦਵਾਈ ਜੋ ਸਹੀ ਅਲਾਮਤਾਂ ਨੂੰ ਧਿਆਨ ਵਿਚ ਰੱਖਦਿਆਂ ਦਿੱਤੀ ਜਾਂਦੀ ਹੈ, ਨਾਲ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਮਿਓਪੈਥੀ ਦਵਾਈ ਲੈਣ ਸਮੇਂ ਕਿਸੇ ਚੰਗੇ ਤੇ ਨਿਪੁੰਨ ਹੋਮਿਓਪੈਥੀ (ਡਾਕਟਰ) ਰਾਹੀਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ। ਇਕ ਚੰਗਾ ਹੋਮਿਓਪੈਥ ਤੁਹਾਡੀਆਂ ਮਾਨਸਿਕ ਇਲਾਮਤਾਂ ਰਾਹੀਂ ਰੂਬਰਿਕਸ ਨੋਟ ਕਰਕੇ ਹੀ ਤੁਹਾਡੀ ਸਹੀ ਦਵਾਈ ਸਿਲੈਕਟ ਕਰ ਸਕਦਾ ਹੈ। ਇਸ ਤਰ੍ਹਾਂ ਹੋਮਿਓਪੈਥੀ ਦੀਆਂ ਕਾਲੀ ਬਰੋਮੈਟਮ-30, ਰੈਡੀਅਮ ਬਰੋਮੈਟਮ-200, ਥੂਜਾ-30, ਨੈਟਰਮ ਮਿਊਰ-200, ਐਂਟਮ ਕਰੂਡ-30, ਸਲਫਰ-200 ਅਤੇ ਐਕਿਉਫੋਲੀਅਮ ਕਰੀਮ ਤੇ ਕਲੋਅ ਕੇਅਰ ਕਰੀਮ ਆਦਿ ਦਵਾਈਆਂ ਵੀ ਇਸ ਸਮੱਸਿਆ ਦੇ ਸਥਾਈ ਇਲਾਜ ਲਈ ਕਿਸੇ ਯੋਗ ਹੋਮਿਓਪੈਥ ਦੀ ਸਲਾਹ ਨਾਲ ਅਜਮਾਈਆਂ ਜਾ ਸਕਦੀਆਂ ਹਨ ਅਤੇ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲਾਏ ਜਾ ਸਕਦੇ ਹਨ।
ਡਾ. ਕੁਲਦੀਪ ਸਿੰਘ ਮੱਲਣ