ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬ ਨੂੰ ਆਵਾਜ਼ਾਂ


ਅਫਵਾਹਾਂ ਦਾ ਭਾਵੇਂ ਕੋਈ ਸਿਰ-ਪੈਰ ਨਹੀਂ ਹੁੰਦਾ, ਫਿਰ ਵੀ ਉਨ੍ਹਾਂ ਦੀ ਰਫ਼ਤਾਰ ਜੰਗਲ ਦੀ ਅੱਗ ਦੇ ਮੇਚ ਦੀ ਹੁੰਦੀ ਹੈ। ਦੁਸ਼ਮਣ ਦਾ ਹੌਸਲਾ ਪਸਤ ਜਾਂ ਮਲੀਆਮੇਟ ਕਰਨ ਲਈ ਅਫਵਾਹਾਂ ਸਭ ਤੋਂ ਵੱਧ ਕਾਰਗਰ ਸਾਬਤ ਹੁੰਦੀਆਂ ਹਨ। ਸੰਨ 1971 ਦੀ ਜੰਗ ਵੇਲੇ ਲਾਹੌਰ ਰੇਡੀਓ ਵੱਲੋਂ ਭਾਰਤ ਖ਼ਿਲਾਫ਼ ਕੀਤੇ ਗਏ ਕੂੜ-ਪ੍ਰਚਾਰ ਦੀ ਤਲਖ਼ ਭਾਸ਼ਾ ਅਜੇ ਵੀ ਚੇਤਿਆਂ 'ਤੇ ਉੱਕਰੀ ਹੋਈ ਹੈ। ਲੱਛੇਦਾਰ ਪੰਜਾਬੀ ਬੋਲਣ ਵਾਲੇ ਵਾਰਤਾਕਾਰ ਵੱਲੋਂ ਪ੍ਰਚਾਰੇ ਜਾ ਰਹੇ ਲੱਛਿਆਂ ਵਿੱਚ ਸੱਚ ਉਲਝ ਜਾਂਦਾ ਸੀ। ਉਹ ਕਹਿੰਦਾ ਪਾਕਿਸਤਾਨ ਦੇ ਬੱਬਰ ਸ਼ੇਰ ਜਵਾਨਾਂ ਨੇ 'ਅੰਬਰਸਰ' ਨੂੰ ਕਬਜ਼ੇ ਵਿੱਚ ਲੈ ਲਿਐ ਤੇ ਹੁਣ ਉਹ ਛਾਲਾਂ ਮਾਰਦੇ ਬਿਆਸ ਦਰਿਆ ਨੂੰ ਟੱਪ ਗਏ ਹਨ। ਵਕਤਾ ਦਾ ਦੂਜਾ ਸਾਥੀ ਤਰੰਨਮ ਵਿੱਚ ਕਹਿੰਦਾ, 'ਧਰ ਰਗੜਾ-ਧਰ ਰਗੜਾ, ਜੀ ਇਨ੍ਹਾਂ ਨੂੰ ਦਿਓ ਰਗੜਾ'। ਜੰਗ ਜਾਂ ਅਰਾਜਕਤਾ ਵੇਲੇ 'ਕੂੜੁ ਫਿਰੇ ਪਰਧਾਨੁ ਵੇ ਲਾਲੋ' ਵਾਲੀ ਸਥਿਤੀ ਹੁੰਦੀ ਹੈ। ਕੁਫ਼ਰ ਤੋਲਣ ਵਾਲੇ ਆਪਣਾ ਸੌਦਾ ਡਾਂਗਾਂ ਦੇ ਗਜ਼ ਮਾਰ ਕੇ ਵੇਚਣ ਤੋਂ ਬਾਅਦ ਚੱਲਦੇ ਬਣਦੇ ਹਨ। ਅਜਿਹੀ ਵਿਚਾਰਧਾਰਾ ਵਾਲੇ ਲੋਕ 'ਪਿਆਰ ਤੇ ਜੰਗ ਵਿੱਚ ਸਭ ਜਾਇਜ਼' ਹੈ ਦੇ ਹਾਮੀ ਹੁੰਦੇ ਹਨ।
          ਪੰਜਾਬ ਵਿੱਚ ਹੁਣੇ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜੰਗ ਵਾਲਾ ਮਾਹੌਲ ਬਣਿਆ ਹੋਇਆ ਸੀ। ਚੋਣਾਂ ਵਿੱਚ ਨਿੱਤਰੇ 'ਜੰਗਜੂਆਂ' ਵੱਲੋਂ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਵਰਤੀ ਗਈ ਸ਼ਬਦਾਵਲੀ ਸਦਾਚਾਰ ਤੋਂ ਕੋਹਾਂ ਦੂਰ ਸੀ। ਉਨ੍ਹਾਂ ਵੱਲੋਂ ਦਾਗੇ ਜਾਂਦੇ ਸ਼ਬਦ-ਬਾਣ ਮੀਡੀਆ ਦੀ ਬਦੌਲਤ ਮਾਰੂ ਸਾਬਤ ਹੁੰਦਾ ਰਿਹਾ ਜਿਸ ਨਾਲ ਸਾਰਾ ਵਾਤਾਵਰਣ ਪਲੀਤ ਹੁੰਦਾ ਰਿਹਾ। ਜ਼ਹਿਰੀਲੀ ਪੁੱਠ ਵਾਲੀ ਸ਼ਬਦਾਵਲੀ ਕਰਕੇ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਸੀ। ਜਨ-ਸਾਧਾਰਨ ਨੂੰ ਲੱਗਦਾ ਜਿਵੇਂ ਨੇਤਾ ਉਨ੍ਹਾਂ ਖਾਤਰ ਜ਼ਮੀਨ-ਆਸਮਾਨ ਇੱਕ ਕਰ ਦੇਣਗੇ। ਖ਼ਬਰਾਂ ਤੋਂ ਲੱਗਦਾ ਕਿ ਨੇਤਾ ਜੀ ਸ਼ਹੀਦੀ ਗਾਨਾ ਬੰਨ੍ਹ ਕੇ ਮੈਦਾਨ-ਏ-ਜੰਗ ਵਿੱਚ ਨਿੱਤਰ ਗਏ ਹਨ। ਪ੍ਰਚਾਰ ਵਿੱਚ ਉਹ ਲਾਹੌਰ ਰੇਡੀਓ ਦੇ 'ਪੰਜਾਬੀ ਦਰਬਾਰ' ਨੂੰ ਵੀ ਮਾਤ ਪਾ ਜਾਂਦੇ ਸਨ। ਇਸ ਪ੍ਰੋਗਰਾਮ ਦੇ ਸਰੋਤੇ ਜਾਣਦੇ ਹਨ ਕਿ ਲਹਿੰਦੇ ਪੰਜਾਬ ਦੇ ਰੇਡੀਓ ਨੇ ਕਦੋਂ ਦਾ ਕਸ਼ਮੀਰ ਆਜ਼ਾਦ ਕਰਵਾ ਲਿਆ ਹੈ। ਆਪਣੇ ਸਰੋਤਿਆਂ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਉਂਦਿਆਂ ਉਹ ਆਪਣਾ ਕੁਫ਼ਰ ਦਾ ਸੌਦਾ ਵੇਚ ਜਾਂਦੇ ਹਨ। ਚੜ੍ਹਦੇ ਪੰਜਾਬ ਵਿੱਚ ਅਜਿਹਾ ਸੌਦਾ ਚੋਣਾਂ ਵੇਲੇ ਵੇਚਿਆ ਜਾਂਦਾ ਹੈ। ਜਿਨ੍ਹਾਂ ਕੋਲੋਂ  'ਸੱਚੇ ਸੌਦੇ' ਦੀ ਆਸ ਹੁੰਦੀ ਹੈ, ਉਹ ਵੀ ਕੁਫ਼ਰ ਦੀ ਦਲਦਲ ਵਿੱਚ ਫਸ ਜਾਂਦੇ ਹਨ। ਸਵਰਗਾਂ ਦਾ ਲਾਰਾ ਲਾਉਣ ਵਾਲੇ ਕੁਝ ਅਖੌਤੀ ਸੰਤਾਂ-ਮਹਾਤਮਾਵਾਂ ਨੂੰ ਖੁਦ ਸਿਆਸੀ ਬਾਰਾਂ-ਟਹਿਣੀ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭਦਾ। ਲੋਭ-ਲਾਲਚ ਦੇ ਪੱਕੇ ਨਿਵਾਸ-ਅਸਥਾਨ ਨੂੰ ਇੱਕ ਵੀ ਬੂਹਾ-ਬਾਰੀ ਨਹੀਂ ਹੁੰਦੀ। ਵੈਸੇ ਜਦੋਂ ਸੰਤਾਂ ਦਾ ਡੇਰਾ ਡਾਂਗ 'ਤੇ ਹੁੰਦਾ ਸੀ ਤਾਂ ਉਨ੍ਹਾਂ ਤੋਂ ਹਰ ਕੋਈ ਭੈਅ ਖਾਂਦਾ ਸੀ।
ਸੌਦਾ ਵੇਚਣ ਤੋਂ ਬਾਅਦ ਜਿਹੜਾ ਘਾਟਾ ਖਾਵੇ, ਉਹ ਸੌਦਾਗਰ ਨਹੀਂ ਹੋ ਸਕਦਾ। ਸਿਆਸਤ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਨਅਤ ਬਣ ਚੁੱਕੀ ਹੈ। ਕਹਿੰਦੇ ਹਨ ਇਸ ਵਿੱਚ ਨਸ਼ਾ ਹੀ ਅਲੱਗ ਹੈ। ਸ਼ਾਇਦ ਇਸੇ ਲਈ ਨੇਤਾ ਲੋਕ ਕੁਰਸੀ ਹਥਿਆਉਣ ਲਈ ਹਰ ਤਰ੍ਹਾਂ ਦਾ ਨਸ਼ਾ-ਪੱਤਾ ਵੰਡਦੇ ਹਨ। ਸ਼ਰਾਬ ਦੇ ਡਰੰਮਾਂ ਦੇ ਡਰੰਮ ਡੀਕੇ ਜਾਂਦੇ ਹਨ। ਪੰਜਾਬ ਵਿੱਚ ਸ਼ਰਾਬ ਦਾ ਛੇਵਾਂ ਦਰਿਆ ਵਹਿ ਰਿਹਾ ਹੈ ਜਿਸ ਵਿੱਚ ਡੁੱਬ ਕੇ ਨਿੱਤ ਦਿਹਾੜੇ ਕੋਈ ਨਾ ਕੋਈ ਖ਼ੁਦਕੁਸ਼ੀ ਕਰਦਾ ਹੈ। ਭਲਾ ਸਿਆਸਤਦਾਨਾਂ ਨੂੰ ਕੀ? ਉਹ ਆਪਣੇ ਚੋਣ-ਮਨੋਰਥ ਪੱਤਰ ਵਿੱਚ ਕੀਤੇ ਨਸ਼ਿਆਂ ਖ਼ਿਲਾਫ਼ ਕਦਮ ਚੁੱਕਣ ਵਾਲੇ ਵਾਅਦੇ ਨੂੰ ਚੋਣਾਂ ਵੇਲੇ ਤਿਲਾਂਜਲੀ ਦੇ ਦਿੰਦੇ ਹਨ। ਜਿਸ ਪੰਜਾਬ ਦੀ ਤਸਵੀਰ ਅਲਬੇਲੇ ਸ਼ਾਇਰ ਪ੍ਰੋ.ਪੂਰਨ ਸਿੰਘ ਨੇ ਖਿੱਚੀ ਸੀ, ਉਹ ਪਤਾ ਹੀ ਨਹੀਂ ਕਿਧਰ ਗੁਆਚ ਗਿਆ ਹੈ:
ਰਾਵੀ ਸੁਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿੱਚਦੀ
ਮੈਨੂੰ ਝਨਾਂ 'ਵਾਜਾਂ ਮਾਰਦੀ
ਮੈਨੂੰ ਜੇਹਲਮ ਪਿਆਰਦਾ
ਪ੍ਰੋ.ਪੂਰਨ ਸਿੰਘ ਵਿੱਚੋਂ ਵੰਡ ਤੋਂ ਪਹਿਲਾਂ ਵਾਲਾ ਪੰਜਾਬ ਦਿਸਦਾ ਹੈ। ਉਸ ਦੇ ਲਈ ਧਰਮ, ਫ਼ਿਰਕੇ ਅਤੇ ਜਾਤੀ ਦੀਆਂ ਕਲਪਿਤ ਸੀਮਾਵਾਂ ਅਰਥ ਨਹੀਂ ਰੱਖਦੀਆਂ। ਉਹ ਆਪਣੀ ਪ੍ਰਸਿੱਧ ਨਜ਼ਮ 'ਜਵਾਨ ਪੰਜਾਬ ਦੇ' ਵਿੱਚ ਪੰਜਾਬੀਆਂ ਨੂੰ ਅਲੋਕਾਰੀ ਮਨੁੱਖ ਗਰਦਾਨਦਾ ਹੋਇਆ ਲਿਖਦਾ ਹੈ:
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ 'ਤੇ
ਗੁਰੂਆਂ-ਪੀਰਾਂ-ਫ਼ਕੀਰਾਂ ਅਤੇ ਸੰਤਾਂ-ਮਹਾਤਮਾਵਾਂ ਦੀ ਵਰੋਸਾਈ ਧਰਤੀ ਨੂੰ ਸਿਜਦਾ ਕਰਦਾ ਹੋਇਆ ਉਹ ਧਰਮ-ਨਿਰਪੱਖਤਾ ਦੀ ਗੱਲ ਕਰਦਾ ਹੈ ਕਿ ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀ ਦਰਅਸਲ 'ਦੁਨੀਆਂ ਥੀਂ ਵਿਹਲੇ, ਦੀਨ ਥੀਂ ਵਿਹਲੇ' ਹਨ। ਪੰਜਾਬੀਆਂ ਦੀ ਅਨੂਠੀ ਸ਼ਖ਼ਸੀਅਤ ਨੂੰ ਹੋਰ ਉਘਾੜਦਾ ਹੋਇਆ ਉਹ ਕਹਿੰਦਾ ਹੈ:
ਮਰਜ਼ੀ ਦੇ ਮਾਲਕ ਇਹ
ਦਿਲ ਦੇ ਚਾਅ ਉੱਤੇ ਉੱਲਰਦੇ
ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ 'ਤੇ
ਰੀਝਣ ਤੇ ਪਸੀਜਣ ਸਾਰੇ
ਤੇ ਵੱਡੀਆਂ ਵੱਡੀਆਂ ਗੱਲਾਂ ਨੂੰ
ਲੱਤ ਮਾਰ ਦੌੜ ਜਾਣ
ਉਪਰੋਕਤ ਸਤਰਾਂ ਪੜ੍ਹਨ ਤੋਂ ਬਾਅਦ ਅਤੀਤ 'ਵਾਜਾਂ ਮਾਰਦਾ ਲੱਗਦਾ ਹੈ। ਪੰਜਾਹ ਸਾਲ ਦੀ ਅਉਧ ਹੰਢਾਉਣ ਤੋਂ ਬਾਅਦ 31 ਮਾਰਚ, 1931 ਨੂੰ ਉਹ ਅਖੰਡ ਜੋਤੀ ਵਿੱਚ ਸਮਾ ਗਿਆ ਸੀ। ਪੰਜਾਬ ਦਾ ਤਸੱਵਰ ਕਰਕੇ ਉਸ ਦਾ ਮਨ ਉੱਛਲਦਾ ਸੀ। ਚੰਗਾ ਹੋਇਆ ਉਸ ਨੇ ਲਹੂ-ਲੁਹਾਣ ਸੰਤਾਲੀ ਨਹੀਂ ਦੇਖੀ। ਇਹ ਵੀ ਚੰਗਾ ਹੋਇਆ, ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਣਕਿਆਸੇ ਹਸ਼ਰ ਤੋਂ ਪਹਿਲਾਂ ਹੀ ਤੁਰ ਗਿਆ। ਨਹੀਂ ਤਾਂ ਉਸ ਕੋਲੋਂ ਅਜਿਹੀਆਂ ਪੀੜਾਂ ਕਿਵੇਂ ਸਹਿ ਹੁੰਦੀਆਂ? ਕੀ ਪੰਜਾਬੀਆਂ ਨੂੰ 'ਮਰਜ਼ੀ ਦੇ ਮਾਲਕ' ਅਤੇ 'ਵੱਡੀਆਂ-ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ ਵਾਲੇ' ਸਮਝਣ ਵਾਲਾ ਇਹ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਪੰਜਾਬੀ ਆਪਣੀ ਵੋਟ, ਬੋਤਲ ਜਾਂ ਪੈਸੇ ਵੱਟੇ ਪਾ ਸਕਦੈ? ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ ਮਾਲਵੇ ਦੇ ਕਈ ਖੇਤਰਾਂ ਵਿੱਚ ਵੋਟਾਂ ਦੀ ਸ਼ਰ੍ਹੇਆਮ ਬੋਲੀ ਲੱਗਦੀ ਰਹੀ। ਕਦਰਾਂ-ਕੀਮਤਾਂ ਨੂੰ ਤੱਜ ਕੇ ਲਗਪਗ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ। ਪ੍ਰੋ.ਪੂਰਨ ਸਿੰਘ ਦੀ ਇਹ ਸਤਰ 'ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿੱਚ' ਸਰੇ-ਬਾਜ਼ਾਰ ਸ਼ਰਮਸਾਰ ਹੋਈ। ਉਹ ਤਾਂ 'ਸੱਚੇ ਪੰਜਾਬ ਦੇ ਵਾਸੀ' ਦੇ ਈਮਾਨ ਦੇ ਸੋਹਲੇ ਗਾਉਂਦਾ ਨਹੀਂ ਸੀ ਥੱਕਦਾ। ਉਸ ਨੂੰ ਤਾਂ ਲੱਗਦਾ ਸੀ ਜਿਵੇਂ ਪੰਜਾਬ ਦੇ ਬੱਚੇ ਛੈਲ-ਛਬੀਲੇ ਰਾਂਝੇ ਨੂੰ ਜੋਗ ਦੇਣ ਤੋਂ ਬਾਅਦ ਬਾਲ ਨਾਥ ਵੀ ਪਛਤਾਇਆ ਸੀ:
“ਮੁੰਦਰਾਂ ਲੈ ਆਪਣੀਆਂ ਮੋੜ ਬਾਵਾ!
ਤੇ ਕੰਨ ਮੇਰੇ ਮੁੜ ਸਬੂਤ ਕਰ ਤੂੰ ਭਲੇ ਮਾਣਸਾ।”
         ਚੋਣਾਂ ਵੇਲੇ ਪੰਜਾਬੀਆਂ ਨੂੰ ਕੀ ਹੋ ਜਾਂਦਾ ਹੈ? ਇਨ੍ਹਾਂ ਦਿਨਾਂ ਵਿੱਚ ਕਿਸੇ ਨਾਥ ਨੂੰ ਇਸ ਲਈ ਨਹੀਂ ਪਛਤਾਉਣਾ ਪੈਂਦਾ ਕਿਉਂਕਿ ਸਾਰੀਆਂ ਪਾਰਟੀਆਂ ਦੇ ਨੇਤਾ ਉਨ੍ਹਾਂ ਕੋਲ ਖੈਰ ਜੁ ਮੰਗਣ ਜਾਂਦੇ ਹਨ। ਮੁੰਦਰਾਂ ਲੈ ਕੇ ਪਰਤੇ ਨੇਤਾ  ਵੋਟਾਂ ਪੈਣ ਤੋਂ ਬਾਅਦ ਘੂਕ ਸੌਂ ਜਾਂਦੇ ਹਨ। ਵੋਟਰ ਘੂਕ ਨੀਂਦ ਵਿੱਚੋਂ ਅੱਭੜਵਾਹੇ ਉੱਠਦੇ ਹਨ। ਉਦੋਂ ਤਕ ਸਭ ਕੁਝ ਲੁੱਟ ਚੁੱਕਾ ਹੁੰਦਾ ਹੈ। ਕਹਿੰਦੇ ਹਨ ਕਿ ਨੇਤਾਵਾਂ ਨੂੰ ਘੋੜੇ ਵੇਚ ਚੁੱਕੇ ਵਪਾਰੀਆਂ ਤੋਂ ਕਿਤੇ ਵੱਧ ਨੀਂਦ ਆਉਂਦੀ ਹੈ। ਇਸ ਤੋਂ ਬਾਅਦ ਵੋਟਰ ਭਗਵਾਨ ਨੂੰ 'ਜੇਹਾ ਬੀਉ ਤੇਹਾ ਫਲੁ ਪਾਇਆ' ਦਾ ਅਹਿਸਾਸ ਹੁੰਦਾ ਹੈ।
ਆਓ ਪ੍ਰੋ.ਪੂਰਨ ਸਿੰਘ ਦੀ 'ਪੁਰਾਣੇ ਪੰਜਾਬ ਨੂੰ ਆਵਾਜਾਂ' ਵਿੱਚੋਂ ਲਈਆਂ ਕੁਝ ਸਤਰਾਂ ਦੀ ਡੂੰਘਾਈ ਦਾ ਅਹਿਸਾਸ ਕਰੀਏ:
ਵਪਾਰ ਅਸੀਂ ਕਰਦੇ ਸੀ ਸੁੱਚਾ ਸੁਥਰਾ
ਕਾਹਲੀ ਵਿੱਚ ਅਮੀਰ ਹੋਣ ਨੂੰ ਨਿੰਦਦੇ,
ਇਕ ਰੱਬੀ ਜੋੜ ਮੇਲ ਜਾਣ ਕੁੱਲ ਦੁਨੀਆਂ ਦੀ ਸੇਵਾ ਕਰਦੇ
ਇਹ ਚਾਂਦੀ ਦੀਆਂ ਠੀਕਰਾਂ ਕਦੀ ਨਾ ਸਾਡਾ ਰੱਬ ਸੀ
ਚੋਣ ਨਤੀਜਿਆਂ ਦੀ ਉਡੀਕ ਕਰ ਰਹੇ ਪੰਜਾਬੀਆਂ ਲਈ ਉਸ ਦੀਆਂ ਸਤਰਾਂ ਹਾਜ਼ਰ ਹਨ:
ਗਾਓ ਢੋਲੇ ਯਾਰੋ ਖੁਲ੍ਹ ਵਿੱਚ ਬੇਸ਼ੱਕ ਹੁਣ,
ਵਜਾਓ ਅਲਗੋਜ਼ੇ ਪੋਠੋਹਾਰ ਦੇ।
ਬਣਨ ਬੁੱਤ, ਉੱਡਣ ਰੰਗ ਗੁਲਾਬ ਦੇ,
ਦਿਲ ਦੀਆਂ ਮੌਜਾਂ ਰੱਬੀ ਜਵਾਨੀਆਂ
ਪੀੜਾਂ ਮੁੱਢ ਕਦੀਮ ਦੀਆਂ
ਹਾਂ! ਐਵੇਂ ਜਦ ਦਿਲ ਅੱਕੇ
ਉੱਠ ਡਾਂਗਾਂ ਵਰਸਾਓ ਵਾਂਗ ਆਂਧੀਆਂ
ਇਹ ਤੁਸਾਂ ਦੇ ਡੌਲਿਆਂ ਦੀ ਵਰਜ਼ਸ਼ ਜ਼ਰੂਰ ਹੈ।
ਖੁਲ੍ਹੇ ਖੇਤ ਤੇ ਹਵਾਵਾਂ,
ਵਾਟਾਂ ਲੰਮੀਆਂ ਦੀ ਸੈਰ,
ਪੈਰ ਵਾਹਣਿਆਂ ਟੁਰਨਾ
ਸ਼ਾਮ ਵੇਲੇ ਘਰ ਆਵਣਾ, ਪੰਜਾਹ ਕੋਹ ਮਾਰ ਕੇ।
ਵਾਹ ਸ਼ੇਰ ਜਵਾਨੀਏ! ਕੰਮ ਕੁਝ ਨਾਂਹ
ਪੈਂਡਾ ਮਾਰਨਾ, ਜ਼ਰਾ ਲੱਤ ਹਿਲਾਣ ਨੂੰ।
ਵਰਿੰਦਰ ਵਾਲੀਆ