ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿੰਜ ਕਰੀਏ ਬੱਚਿਆਂ ਦਾ ਪਾਲਣ-ਪੋਸ਼ਣ


ਅੱਜ ਦੇ ਜ਼ਮਾਨੇ ਦੇ ਸਾਡੇ ਜਵਾਨ ਹੁੰਦੇ ਬੱਚੇ ਖਾਸ ਕਰ 12 ਤੋਂ 18 ਵਰ੍ਹਿਆਂ ਦੇ, ਨਵੀਆਂ ਚੀਜ਼ਾਂ ਸਿੱਖਣ ਤੇ ਘੋਖਣ ਦੇ ਚਾਹਵਾਨ ਹੁੰਦੇ ਹਨ। ਇਸੇ ਲਈ ਸਿਰਫ਼ ਕਲਾਸ ਵਿੱਚ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਤੋਂ ਇਲਾਵਾ ਆਲਾ-ਦੁਆਲਾ ਤੇ ਆਪਣੀ ਦਿੱਖ ਵੱਲ ਵੱਧ ਧਿਆਨ ਕਰਦੇ ਹਨ। ਬੱਚੇ ਦਰਅਸਲ ਇਹ ਸੋਚਣ ਲੱਗ ਪੈਂਦੇ ਹਨ ਕਿ ਉਹ ਆਪਣੇ ਮਾਪਿਆਂ ਤੋਂ ਕਾਫ਼ੀ ਅਗਾਂਹ ਵਧ ਚੁੱਕੇ ਹਨ ਕਿਉਂਕਿ ਮਾਪੇ ਪੁਰਾਣੇ ਜ਼ਮਾਨੇ ਦੇ ਵੇਲੇ ਦੇ ਹਨ ਜਦੋਂ ਅਜਿਹਾ ਕੁਝ ਹੁੰਦਾ ਹੀ ਨਹੀਂ ਸੀ ਤੇ ਨਵੀਆਂ ਚੀਜ਼ਾਂ ਦੀ ਕਾਢ ਅਤੇ ਉਨ੍ਹਾਂ ਦੀ ਵੱਧ ਜਾਣਕਾਰੀ ਸਦਕਾ ਬੱਚੇ ਮਾਪਿਆਂ ਦੀ ਹਲਕੀ ਟਿੱਚਰ ਕਰਨ ਤੋਂ ਵੀ ਟਲਦੇ ਨਹੀਂ। ਆਮ ਘਰਾਂ ਵਿੱਚ ਇਹ ਵੇਖਿਆ ਜਾ ਸਕਦਾ ਹੈ ਜਦੋਂ ਕਿਸੇ ਨਵੀਂ ਚੀਜ਼ ਬਾਰੇ ਜਾਣਕਾਰੀ ਨਾ ਹੋਣ ਕਾਰਨ ਮਾਂ ਕੁਝ ਪੁੱਛ ਲਵੇ ਤਾਂ ਬੱਚੇ ਪਿਓ ਨੂੰ ਸੰਬੋਧਨ ਕਰਕੇ ਕਹਿ ਦਿੰਦੇ ਹਨ,” ਮੰਮੀ ਨੂੰ ਤਾਂ ਕੁਝ ਪਤਾ ਹੀ ਨਹੀਂ। ਮੈਨੂੰ ਸਭ ਕੁਝ ਆਉਂਦਾ ਹੈ।”
ਭਲੇ ਸਮੇਂ ਸਨ ਜਦੋਂ ਸਾਡੇ ਮਾਪੇ ਸਾਨੂੰ ਪੜ੍ਹਨ ਲਈ ਬਿਠਾਉਣ ਵਾਸਤੇ ਆਪਣੇ ਬਚਪਨ ਦਾ ਸਮਾਂ ਯਾਦ ਕਰਵਾਉਂਦੇ ਹੁੰਦੇ ਸਨ ਕਿ ਕਿਵੇਂ ਉਹ ਰਾਤ ਨੂੰ ਲਾਈਟ ਨਾ ਹੋਣ ਕਾਰਨ ਬਾਹਰ ਸੜਕ ਉੱਤੇ ਲਾਈਟ ਹੇਠਾਂ ਬਹਿ ਕੇ ਪੜ੍ਹਦੇ ਹੁੰਦੇ ਸਨ। ਜੇ ਅੱਜ ਦੇ ਬੱਚੇ ਨੂੰ ਇਹ ਕਹਿ ਲਈਏ ਤਾਂ ਉਨ੍ਹਾਂ ਦਾ ਸੁਭਾਅ ਹਲੀਮੀ ਵੱਲ ਜਾਣ ਦੀ ਬਜਾਏ ਕੁਝ ਹੋਰ ਹੀ ਹੁੰਦਾ ਹੈ।
ਨਵੀਂ ਖੋਜ ਇਸ ਪਾਸੇ ਇਸ਼ਾਰਾ ਕਰ ਰਹੀ ਹੈ ਕਿ ਇਸ ਉਮਰ ਵਿੱਚ ਬੱਚੇ ਇਕਾਗਰਤਾ ਨਾਲ ਪੜ੍ਹ ਨਹੀਂ ਸਕਦੇ ਕਿਉਂਕਿ ਉਨ੍ਹਾਂ ਦਾ ਮਨ ਛੇਤੀ ਭਟਕ ਜਾਂਦਾ ਹੈ। ਸਕੂਲ ਦਾ ਕੰਮ ਕਰਦਿਆਂ ਮੋਬਾਈਲ ਕੰਨ ਨੂੰ ਟੁੰਗ ਲੈਣਾ ਤੇ ਜੇ ਦੋਸਤ ਮਿੱਤਰ ਨਾਲ ਗੱਲ ਨਾ ਵੀ ਹੋ ਸਕਦੀ ਹੋਵੇ ਤਾਂ ਗਾਣੇ ਨਾਲ-ਨਾਲ ਕੰਨਾਂ ਵਿੱਚ ਚਲਦੇ ਰਹਿਣਾ! ਇਹ ਕੋਈ ਨਵੀਂ ਗੱਲ ਨਹੀਂ। ਅੱਜਕਲ੍ਹ ਦੇ ਕਈ ਬੱਚੇ ਤਾਂ ਪੜ੍ਹਾਈ ਕਰਦੇ ਸਮੇਂ ਨਾਲ ਨਾਲ ਟੀ.ਵੀ. ਚਲਾਈ ਰੱਖਦੇ ਹਨ ਜਾਂ ਨਾਲ ਡੀ.ਵੀ.ਡੀ. ਉੱਤੇ ਗਾਣੇ ਚਲਾ ਕੇ ਹੀ ਪੜ੍ਹਨ ਬਹਿ ਸਕਦੇ ਹਨ।
ਇਹ ਸਭ ਕਰਦੇ ਹੋਏ ਜੇ ਵਿੱਚ ਮਾਂ ਜਾਂ ਪਿਓ ਦੀ ਆਵਾਜ਼ ਕੰਨੀਂ ਪੈ ਜਾਏ ਤਾਂ ਵਾਪਸ ਉੱਚੀ ਬੋਲ ਕੇ ਕਹਿ ਵੀ ਦਿੰਦੇ ਹਨ ਕਿ ਪੜ੍ਹਾਈ ਖ਼ਰਾਬ ਹੋ ਰਹੀ ਹੈ ਹੌਲੀ ਬੋਲੋ! ਹੁਣ ਭਲਾ ਦੱਸੋ ਗਾਣੇ ਨਾਲ ਪੜ੍ਹਾਈ ਵਿੱਚ ਵਿਘਨ ਨਹੀਂ ਪੈਂਦਾ ਤਾਂ ਮਾਪਿਆਂ ਦੀ ਉੱਚੀ ਆਵਾਜ਼ ਨਾਲ ਕਿਵੇਂ ਪੈ ਜਾਂਦਾ ਹੈ? ਇਸ ਆਵਾਜ਼ ਨੂੰ ਬੱਚੇ ਕਿਉਂ ਆਪਣੀ ਆਜ਼ਾਦੀ ਵਿੱਚ ਵਿਘਨ ਪਿਆ ਸਮਝਦੇ ਹਨ?
ਦਰਅਸਲ ਇਸ ਉਮਰ ਦੇ ਬੱਚੇ ਵਾਸਤੇ ਪਹਿਲ ਦੇ ਆਧਾਰ ਮਾਪੇ ਨਹੀਂ ਰਹਿੰਦੇ ਬਲਕਿ ਉਸ ਦੇ ਆਪਣੇ ਬੁਣੇ ਜਾ ਰਹੇ ਸੁਫ਼ਨਿਆਂ ਦਾ ਘੇਰਾ ਹੁੰਦਾ ਹੈ ਜਿਸ ਰਾਹੀਂ ਉਹ ਦੁਨੀਆਂ ਨੂੰ ਸਾਬਤ ਕਰਨ ਦੇ ਚੱਕਰ ਵਿੱਚ ਹੁੰਦਾ ਹੈ ਕਿ ਮੈਂ ਬਾਕੀਆਂ ਤੋਂ ਵੱਖਰੀ ਆਪਣੀ ਹੈਸੀਅਤ ਰੱਖਦਾ ਹਾਂ। ਇਸੇ ਲਈ ਮਾਪਿਆਂ ਦੀ ਉਹੀ ਆਵਾਜ਼ ਜੋ ਬਚਪਨ ਵਿੱਚ ਬੱਚੇ ਦੀ ਰੂਹ ਦੀ ਖ਼ੁਰਾਕ ਹੁੰਦੀ ਹੈ, ਇਸ ਉਮਰ ਵਿੱਚ ਤਲਖ਼ੀ ਪੈਦਾ ਕਰ ਦਿੰਦੀ ਹੈ ਕਿ ਉਹ ਹੁਣ ਆਜ਼ਾਦ ਹਨ ਤੇ ਉਨ੍ਹਾਂ ਦਾ ਵੱਖਰਾ ਵਜੂਦ ਹੈ ਜਿਸ ਵਿੱਚ ਮਾਪਿਆਂ ਦੀ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ।
ਇਸ ਉਮਰ ਦਾ ਬੱਚਾ ਆਪਣੇ ਤਜਰਬੇ ਰਾਹੀਂ ਬਹੁਤ ਕੁਝ ਨਵਾਂ ਸਿੱਖ ਚੁੱਕਿਆ ਹੁੰਦਾ ਹੈ, ਇਸੇ ਲਈ ਧੌਂਸ ਜਮਾਉਣ ਦੇ ਚੱਕਰ ਵਿੱਚ ਹੁੰਦਾ ਹੈ ਕਿ ਉਸ ਤੋਂ ਵੱਧ ਸਿਆਣਾ ਕੋਈ ਹੈ ਹੀ ਨਹੀਂ।
ਬੱਚੇ ਵੱਲੋਂ ਸਿੱਖਿਆ ਨਵਾਂ ਤਜਰਬਾ ਉਸ ਲਈ ਜ਼ਿਆਦਾ ਮਾਅਨੇ ਰੱਖਦਾ ਹੈ ਨਾ ਕਿ ਕਿਸੇ ਹੋਰ ਵੱਲੋਂ ਦੱਸੀ ਹੋਈ ਗੱਲ। ਮਸਲਨ ਇਹ ਕਹਿਣਾ ਕਿ ਬਈ ਹੱਥ ਨੂੰ ਅੱਗ ਤੋਂ ਬਚਾ ਕੇ ਰੱਖੋ ਨਹੀਂ ਤਾਂ ਸੜ ਜਾਏਗਾ, ਸ਼ਾਇਦ ਓਨਾ ਅਸਰ ਨਾ ਵਿਖਾਏ ਜਿੰਨਾ ਉਹ ਬੱਚਾ ਧਿਆਨ ਰੱਖੇਗਾ ਜਿਸ ਦਾ ਆਪਣਾ ਹੱਥ ਅੱਗ ਨਾਲ ਪਹਿਲਾਂ ਸੜ੍ਹ ਚੁੱਕਿਆ ਹੋਵੇ। ਬਿਲਕੁਲ ਏਸੇ ਹੀ ਤਰ੍ਹਾਂ ਆਪਣੇ ਤਜਰਬੇ ਨੂੰ ਅਹਿਮੀਅਤ ਦਿੰਦਾ ਇਸ ਉਮਰ ਦਾ ਬੱਚਾ ਛੇਤੀ ਕਿਤੇ ਕੋਈ ਨਵੀਂ ਗੱਲ ਮੰਨਦਾ ਵੀ ਨਹੀਂ ਜਦ ਤਕ ਕਿ ਕੋਈ ਸਬੂਤ ਨਾ ਮਿਲ ਜਾਏ। ਛੇਤੀ ਹੀ ਖਿਝ ਜਾਣਾ ਤੇ ਵਿਹਲੇ ਬਹਿ ਨਾ ਸਕਣਾ, ਦੋਸਤਾਂ ਨਾਲ ਵੱਧ ਵਕਤ ਬਿਤਾਉਣਾ ਤੇ ਮੋਬਾਈਲ ਨੂੰ ਦਿਲ ਦੀ ਧੜਕਨ ਵਾਂਗ ਨਾਲ ਚਿਪਕਾਈ ਰੱਖਣਾ ਤਾਂ ਇਸ ਉਮਰ ਦੀਆਂ ਖ਼ਾਸ ਨਿਸ਼ਾਨੀਆਂ ਹਨ।
ਜਵਾਨੀ ਵਿੱਚ ਪੈਰ ਧਰ ਰਹੇ ਬੱਚੇ ਆਪਣੀਆਂ ਯੋਗਤਾਵਾਂ ਨੂੰ ਦੱਸ ਕੇ ਖੁਸ਼ੀ ਮਹਿਸੂਸ ਤਾਂ ਕਰਦੇ ਹੀ ਹਨ ਪਰ ਉਨ੍ਹਾਂ ਨੂੰ ਜ਼ਿੰਦਗੀ ਭਰ ਦੀਆਂ ਯਾਦਾਂ ਬਣਾ ਕੇ ਸਾਂਭ ਕੇ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਨ। ਆਪਣੀ ਜ਼ਿੰਦਗੀ ਜੀਣ ਦਾ ਢੰਗ ਵੀ ਬੱਚੇ ਇਸੇ ਉਮਰ ਵਿੱਚ ਤੈਅ ਕਰ ਲੈਂਦੇ ਹਨ ਤੇ ਮਾਹਿਰਾਂ ਮੁਤਾਬਕ ਇਹੀ ਉਮਰ ਹੁੰਦੀ ਹੈ ਜਦੋਂ ਯਾਦ ਸ਼ਕਤੀ ਆਪਣੀ ਚਰਮ ਸੀਮਾ ਉੱਤੇ ਹੁੰਦੀ ਹੈ।
ਜਿੱਥੋਂ ਤਕ ਤਣਾਓ ਨੂੰ ਜਰ ਜਾਣ ਦੇ ਤਰੀਕੇ ਦੀ ਗੱਲ ਹੈ ਤਾਂ ਬੱਚੇ ਪਾਲਣ ਪੋਸ਼ਣ ਦੇ ਅਨੁਸਾਰ ਸਲੀਕੇ ਵਾਲੇ ਵੀ ਬਣ ਸਕਦੇ ਹਨ ਜਾਂ ਫੇਰ ਨਿੱਕੀ ਜਿਹੀ ਗੱਲ ਉੱਤੇ ਦਰਵਾਜ਼ਾ ਠਾਹ ਕਰ ਕੇ ਮਾਰਨਾ, ਉੱਚੀ ਉੱਚੀ ਚੀਕਣਾ, ਚੀਜ਼ਾਂ ਭੰਨਣੀਆਂ ਤੇ ਬਿਲਕੁਲ ਹੀ ਆਖਾ ਨਾ ਮੰਨਣ ਵਾਲਾ ਜਾਂ ਪੱਕਾ ਢੀਠ ਬੱਚਾ ਤਾਂ ਮਾਪਿਆਂ ਉੱਤੇ ਹੱਥ ਤਕ ਵੀ ਚੁੱਕ ਸਕਦਾ ਹੈ। ਜਿਵੇਂ-ਜਿਵੇਂ ਇਮਤਿਹਾਨ ਨੇੜੇ ਆਉਣ ਤਾਂ ਇਸ ਉਮਰ ਦੇ ਕਾਫ਼ੀ ਬੱਚਿਆਂ ਵਿੱਚ ਵੇਖਣ ਵਿੱਚ ਆਇਆ ਹੈ ਕਿ ਟਿਕ ਕੇ ਬਹਿ ਕੇ ਲੰਮਾ ਸਮਾਂ ਪੜ੍ਹਨ ਵੀ ਲੱਗ ਪੈਂਦੇ ਹਨ ਕਿਉਂਕਿ ਇਮਤਿਹਾਨਾਂ ਦੇ ਦੌਰਾਨ ਦਾ ਤਣਾਓ ਸਰੀਰ ਅੰਦਰ ਅਜਿਹੇ ਹਾਰਮੋਨ ਪੈਦਾ ਕਰਦਾ ਹੈ ਕਿ ਬੱਚਾ ਆਪਣੇ ਆਪ ਨੂੰ ਸਾਰਿਆਂ ਸਾਹਮਣੇ ਸਾਬਤ ਕਰਨ ਦੇ ਚੱਕਰ ਵਿੱਚ ਕਾਫ਼ੀ ਸਮਾਂ ਧਿਆਨ ਲਾ ਕੇ ਪੜ੍ਹਨਾ ਵੀ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਬਾਕੀਆਂ ਉੱਤੇ ਆਪਣੀ ਧਾਕ ਜਮਾ ਸਕੇ।
ਇਹ ਇਸ ਲਈ ਵੀ ਹੁੰਦਾ ਹੈ ਕਿ ਤਣਾਅ ਕਾਰਣ ਕੁਝ ਫਾਲਤੂ ਗਲੂਕੋਜ਼ ਸਰੀਰ ਵਿੱਚੋਂ ਦਿਮਾਗ਼ ਵੱਲ ਚਲੀ ਜਾਂਦੀ ਹੈ ਤੇ ਦਿਮਾਗ਼ ਦੀਆਂ ਨਸਾਂ ਨੂੰ ਲੋੜੀਂਦੀ ਖ਼ੁਰਾਕ ਮਿਲ ਜਾਣ ਕਾਰਣ ਵਕਫ਼ੀ ਯਾਦਦਾਸ਼ਤ ਵੀ ਵਧ ਜਾਂਦੀ ਹੈ। ਜੇ ਤਣਾਓ ਸਹਾਰਿਆ ਨਾ ਜਾ ਰਿਹਾ ਹੋਵੇ ਤਾਂ ਸਰੀਰ ਅੰਦਰ ਕੋਰਟੀਸੋਲ ਵਧਣ ਕਾਰਣ ਬੱਚੇ ਦੀ ਯਾਦਦਾਸ਼ਤ ਸਗੋਂ ਘਟ ਵੀ ਸਕਦੀ ਹੈ। ਇਹ ਜਾਨਣ ਲਈ ਕਿ ਸਾਡਾ ਬੱਚਾ ਤਣਾਅ ਠੀਕ ਸਹਾਰ ਸਕਦਾ ਹੈ ਜਾਂ ਨਹੀਂ ਇਸਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਬੱਚੇ ਨੂੰ ਭੁੱਖ ਠੀਕ ਲੱਗ ਰਹੀ ਹੈ ਜਾਂ ਨਹੀਂ। ਜੇ ਭੁੱਖ ਠੀਕ ਲੱਗ ਰਹੀ ਹੈ ਜਾਂ ਵਧੀ ਹੈ ਤਾਂ ਫ਼ਿਕਰ ਦੀ ਗੱਲ ਨਹੀਂ ਪਰ ਜੇ ਭੁੱਖ ਘਟ ਗਈ ਹੈ ਤਾਂ ਬੱਚੇ ਦਾ ਤਣਾਅ ਘਟਾਉਣ ਦੀ ਲੋੜ ਹੈ।
ਇਸ ਉਮਰ ਦੇ ਸਰੀਰਕ ਬਦਲਾਅ ਬੱਚੇ ਨੂੰ ਦੂਜੇ ਲੰਗ ਵਾਲਿਆਂ ਵੱਲ ਵਧੇਰੇ ਆਕਰਸ਼ਿਤ ਕਰਦੇ ਹਨ ਤੇ ਜੇ ਮਾਪਿਆਂ ਵੱਲੋਂ ਸਹੀ ਸੇਧ ਨਾ ਮਿਲੇ ਤਾਂ ਝੱਟ ਹੀ ਗ਼ਲਤ ਰਸਤੇ ਤੁਰ ਪੈਂਦੇ ਹਨ। ਕਈ ਬੱਚਿਆਂ ਲਈ ਬਚਪਨ ਤੋਂ ਜਵਾਨੀ ਵੱਲ ਜਾਂਦਾ ਰਸਤਾ ਮਾਪਿਆਂ ਨਾਲ ਵਿਦਰੋਹ ਦਰਸਾਉਣ ਦਾ ਜ਼ਰੀਆ ਬਣ ਜਾਂਦਾ ਹੈ ਤੇ ਉਹ ਲੋੜੋਂ ਵੱਧ ਚੀਜ਼ਾਂ ਦੀ ਮੰਗ ਕਰਨ ਲੱਗ ਪੈਂਦੇ ਹਨ ਜਾਂ ਫੇਰ ਘਰੋਂ ਭੱਜ ਵੀ ਜਾਂਦੇ ਹਨ। ਕੁਝ ਬੱਚੇ ਆਪਣੀ ਦਿਖ ਬਾਰੇ ਏਨਾ ਫ਼ਿਕਰਮੰਦ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਤਾਂ ਚੌਵੀ ਘੰਟੇ ਵੀ ਸ਼ੀਸ਼ਾ ਵੇਖਣ ਲਈ ਥੋੜ੍ਹੇ ਜਾਪਦੇ ਹਨ। ਕੁਝ ਬੱਚੀਆਂ ਤਾਂ ਇੰਜ ਦੀਆਂ ਵੀ ਵੇਖੀਆਂ ਗਈਆਂ ਹਨ ਕਿ ਦੋ-ਦੋ ਘੰਟੇ ਸ਼ੀਸ਼ੇ ਅੱਗੇ ਆਪਣੀ ਲਟ ਸੰਵਾਰਨ ਵਿੱਚ ਹੀ ਜ਼ਾਇਆ ਕਰ ਦਿੰਦੀਆਂ ਹਨ। ਜਿਹੜੇ ਬੱਚਿਆਂ ਦੇ ਮਾਪੇ ਅਸਰ ਰਸੂਖ਼ ਵਾਲੇ ਹੋਣ, ਉਨ੍ਹਾਂ ਬੱਚਿਆਂ ਦੇ ਵਤੀਰੇ ਵਿੱਚ ਵੀ ਅੱਖੜਪਨ ਤੇ ਰੋਹਬ ਵੇਖਣ ਵਿੱਚ ਆਇਆ ਹੈ ਤੇ ਅਜਿਹੇ ਬੱਚੇ ਆਪਣਾ ਗਰੁੱਪ ਬਣਾ ਕੇ ਆਪ ਲੀਡਰ ਵਾਂਗ ਫਿਰਨਾ ਪਸੰਦ ਕਰਨ ਲੱਗ ਪੈਂਦੇ ਹਨ।
ਮਾਪਿਆਂ ਨਾਲ ਬੱਚੇ ਦੇ ਬਚਪਨ ਸਮੇਂ ਤੋਂ ਸਬੰਧ ਤੇ ਮਾਪਿਆਂ ਵੱਲੋਂ ਲਈਆਂ ਆਦਤਾਂ ਭਾਵ ਗੁੱਸਾ ਜਾਂ ਠਰ੍ਹੰਮਾ ਵੀ ਬੱਚਿਆਂ ਦਾ ਮਾਪਿਆਂ ਨਾਲ ਸਬੰਧਾਂ ਅਤੇ ਰਿਸ਼ਤੇਦਾਰੀ ਜਾਂ ਦੋਸਤਾਨਾ ਰਿਸ਼ਤਿਆਂ ਉੱਤੇ ਅਸਰ ਵਿਖਾਉਂਦਾ ਹੈ।
ਕੋਈ ਰਤਾ ਸੋਚ ਕੇ ਤਾਂ ਵੇਖੇ ਕਿ ਇੱਕ ਪਾਸੇ ਆਪਣੇ ਪੁੱਤਰ ਨੂੰ ਝਰੀਟ ਆਈ ਵੇਖ ਕੇ ਬੇਹੋਸ਼ ਹੋ ਜਾਣ ਵਾਲੇ ਅੱਜਕਲ੍ਹ ਦੇ ਮਾਪੇ ਤੇ ਦੂਜੇ ਪਾਸੇ ਉਹ ਸਿਖ਼ਰ ਜਿੱਥੇ ਆਪਣੇ ਮੁੱਛ ਫੁੱਟ ਗੱਭਰੂ ਪੁੱਤਰਾਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਵੇਖ ਕੇ ਇੱਕ ਹੰਝੂ ਵੀ ਨਾ ਡੇਗਣ ਵਾਲੀ ਤੇ ਰਹਿਮਤ ਦੀ ਬਾਹਿਸ਼ ਕਰਨ ਵਾਲੀ ਪਿਓ ਰੂਪੀ ਸ਼ਖ਼ਸੀਅਤ ਜਿਸ ਨੇ ਸਮੁੱਚੀ ਮਾਨਵਤਾ ਨੂੰ ਅਜਿਹੀ ਵਿਰਾਸਤ ਬਖ਼ਸ਼ੀ ਕਿ ਕਿਸੇ ਹੋਰ ਧਰਮ ਵਿੱਚ ਇਹ ਵਿਲੱਖਣ ਮਿਸਾਲ ਹਾਲੇ ਤਕ ਵੇਖਣ ਨੂੰ ਮਿਲੀ ਹੀ ਨਹੀਂ!
ਇਸੇ ਉਮਰ ਦੇ ਬੱਚਿਆਂ ਅੰਦਰ ਅਥਾਹ ਤਾਕਤ ਭਰੀ ਹੁੰਦੀ ਹੈ ਜੋ ਸਹੀ ਸੇਧ ਨਾ ਮਿਲਣ ਉੱਤੇ ਜਿੱਥੇ ਵਿਨਾਸ਼ ਵੱਲ ਤੁਰ ਪੈਂਦੀ ਹੈ, ਉੱਥੇ ਸਹੀ ਰਸਤਾ ਮਿਲ ਜਾਣ ਉੱਤੇ ਹਕੂਮਤ ਪਲਟਣ ਦੀ ਤਾਕਤ ਰੱਖਦੀ ਹੈ। ਇਹ ਜਵਾਨ ਲਹੂ ਦਾ ਉਬਾਲ ਨਵੀਂ ਸੋਚ ਵਾਲੀ ਨਵੀਂ ਸਵੇਰ ਲਿਆਉਣ ਦੀ ਸਮਰੱਥਾ ਰੱਖਦਾ ਹੈ।
ਇਤਿਹਾਸ ਵੱਲ ਝਾਤ ਮਾਰ ਕੇ  ਵੇਖ ਲਵੋ: ਭਗਤ ਸਿੰਘ, ਰਾਜਗੁਰੂ ਜਾਂ ਸੁਖਦੇਵ ਵੀ ਏਸੇ ਉਮਰ ਵਿੱਚ ਆਪਣੀ ਜ਼ਿੰਦਗੀ ਨੂੰ ਇੱਕ ਮਕਸਦ ਦੇ ਸਕੇ ਸਨ। ਜੇ ਕੋਈ ਇਸ ਖ਼ਿਆਲ ਵਿੱਚ ਹੈ ਕਿ ਸਿਰਫ਼ ਮਾਪੇ ਹੀ ਬੱਚਿਆਂ ਦੇ ਮਨਾਂ ਉੱਤੇ ਅਸਰ ਪਾਉਂਦੇ ਹਨ ਤਾਂ ਊਧਮ ਸਿੰਘ ਦੀ ਜ਼ਿੰਦਗੀ ਵਿੱਚ ਪਾਈ ਝਾਤ ਦੱਸ ਦੇਵੇਗੀ ਕਿ ਪਿੰਗਲਵਾੜੇ ਵਿੱਚ ਬਿਨਾਂ ਮਾਂ ਪਿਓ ਦੇ ਪਲਿਆ ਉਹ ਵੀਰ ਸਿਰਫ਼ ਆਲੇ ਦੁਆਲੇ ਹੁੰਦਾ ਜ਼ੁਲਮ ਵੇਖ ਕੇ ਹੀ ਆਪਣੀ ਜ਼ਿੰਦਗੀ ਨੂੰ ਇੱਕ ਅਜਿਹਾ ਮਕਸਦ ਦੇ ਗਿਆ ਜਿਸ ਨੇ ਸੁਨਿਹਰੀ ਅੱਖਰਾਂ ਵਿੱਚ ਇਤਿਹਾਸ ਉਕਰ ਦਿੱਤਾ! ਮੁੱਕਦੀ ਗੱਲ ਇਹ ਕਿ ਕਿਤੇ ਅਸੀਂ ਇਨ੍ਹਾਂ ਅਥਾਹ ਸ਼ਕਤੀ ਦੇ ਸੋਮਿਆਂ ਨੂੰ ਐਵੇਂ ਹੀ ਨਾ ਸੁਕਾ ਦੇਈਏ ਬਲਕਿ ਉਨ੍ਹਾਂ ਨੂੰ ਇਹ ਸਬਕ ਦੇਈਏ ਕਿ ਸਿਰਫ਼ ਖੰÝਭਾਂ ਦਾ ਹੋਣਾ ਹੀ ਸਭ ਕੁਝ ਨਹੀਂ ਹੁੰਦਾ, ਉਡਾਨ ਵਾਸਤੇ ਤਾਂ ਅੰਦਰੂਨੀ ਹਿੰਮਤ ਦੀ ਵੀ ਲੋੜ ਹੁੰਦੀ ਹੈ।”
ਡਾ. ਹਰਸ਼ਿੰਦਰ ਕੌਰ