ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਗ੍ਰੰਥ ਸਾਹਿਬ ਵਿਚ ਵਾਰ-ਵਾਰ ਆਇਆ 'ਰਾਮ' ਕੌਣ ਹੈ?


ਕੁਝ ਸਾਲ ਪਹਿਲਾਂ ਸ੍ਰੀਨਗਰ ਗੜਵਾਲ ਦੇ ਇਕ ਜਲਸੇ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਮਰਹੂਮ ਹੇਮਵਤੀ ਨੰਦਨ ਬਹੁਗੁਣਾਂ ਨੇ ਕਿਹਾ ਕਿ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਮ (ਦਸਰਥ ਦਾ ਬੇਟਾ) ਕੱਢ ਦੇਈਏ ਤਾਂ ਕੀ ਬਚਦਾ ਹੈ? ਉਸ ਤੋਂ ਬਾਅਦ ਇਸੇ ਹੀ ਗੱਲ ਨੂੰ 16 ਜੂਨ 2000 ਨੂੰ 'ਪੰਜਾਬ ਕੇਸਰੀ' ਦੇ ਪੰਨਾ 14 ਉਪਰ ਪੰਜਾਬ ਦੀ ਵਿਧਾਇਕਾ 'ਲਕਸਮੀ ਕਾਂਤਾ ਚਾਵਲਾ' ਦਾ ਬਿਆਨ ਆਇਆ ਕਿ “ਸਿੱਖ ਧਰਮ ਦਾ ਜਨਮ ਵਾਸਤਵ ਮੇ ਹਿੰਦੂ ਧਰਮ ਸੇ ਹੀ ਹੂਆ ਥਾ, ਗੁਰੂ ਗ੍ਰੰਥ ਸਾਹਿਬ ਮੇਂ ਭਗਵਾਨ ਰਾਮ ਕਾ ਨਾਮ ਅਸੰਖ ਬਾਰ ਆਤਾ ਹੈ.।” ਤੇ ਫਿਰ ਜਦੋਂ 'ਰਾਮ ਸੇਤੂ' ਦਾ ਰੌਲਾ ਪਿਆ ਤਾਂ ਫਿਰਕੂ ਅਤੇ ਸਰਾਰਤੀ ਅਨਸਰਾਂ ਨੇ ਕਹਿਣਾ ਸੁਰੂ ਕਰ ਦਿੱਤਾ ਕਿ ਗੁਰਬਾਣੀ ਵਿਚ ਸ੍ਰੀ ਰਾਮ ਚੰਦਰ ਜੀ ਦਾ ਨਾਮ ਲੱਖਾਂ ਵਾਰੀ ਆਇਆ ਹੈ ਅਤੇ ਸਾਨੂੰ 'ਰਾਮ ਚੰਦਰ' ਦੀ ਭਗਤੀ ਕਰਨ ਲਈ ਸਮਝਾਇਆ ਹੈ.।”
ਆਓ ਪਹਿਲਾਂ ਇਹ ਸਮਝਣ ਦੀ ਕੋਸਸਿ ਕਰੀਏ ਕਿ 'ਰਾਮ' ਸਬਦ ਦਾ ਕੀ ਅਰਥ ਹੈ? 'ਰਾਮ' ਦਾ ਅਰਥ ਹੈ  ਪੂਰੀ ਦਿਸਦੀ ਅਣਦਿਸਦੀ ਸ੍ਰਿਸਟੀ ਵਿਚ ਰਮਿਆ ਹੋਇਆ ਪ੍ਰਭੂ, ਪ੍ਰਮਾਤਮਾ ਵਾਹਿਗੁਰੂ । ਭਾਵ ਗੁਰਬਾਣੀ ਦੇ ਵਿਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਥੇ 'ਗੋਬਿੰਦ, ਗੋਪਾਲ, ਨਿਰੰਕਾਰ, ਨਿਰੰਜਨ, ਅੱਲ੍ਹਾ, ਹਰਿ' ਆਦਿ ਸਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ ਉਥੇ 'ਰਾਮ' ਸਬਦ ਵੀ ਪ੍ਰਭੂ ਦੇ ਲਈ ਵਰਤਿਆ ਗਿਆ ਹੈ। ਜਿਵੇਂ ਅਸੀਂ ਆਮ ਸਬਦ ਪੜ੍ਹਦੇ ਹਾਂ:
-ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜਿ ਹੈ£
(ਪੰਨਾ ੧੩੫੨)
ਅਰਥ : ਹੇ ਭਾਈ! ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ। ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ।
-ਰਾਮ ਗੁਸਈਆਂ ਜੀਅ ਕੇ ਜੀਵਨਾ£
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ£ (ਪੰਨਾ ੩੪੫)
ਅਰਥ : ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜੰਿਦ ਦੇ ਆਸਰੇ! ਮੈਨੂੰ ਨਾ ਵਿਸਾਰੀਂ, ਮੈਂ ਤੇਰਾ ਦਾਸ ਹਾਂ।
ਸ੍ਰੀ ਗੁਰੂ ਤੇਗ ਬਹਾਦਰ ਪਾਤਸਾਹ ਜੀ ਵੀ ਸਾਨੂੰ ਸਮਝਾਉਂਦੇ ਹਨ:
-ਸਾਧੋ ਇਹੁ ਤਨੁ ਮਿਥਿਆ ਜਾਨਉ£
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ£
(ਪੰਨਾ ੧੧੮੬)
ਅਰਥ : ਹੇ ਸੰਤ ਜਨੋ! ਇਸ ਸਰੀਰ ਨੂੰ ਨਾਸਵੰਤ ਸਮਝੋ! ਇਸ ਸਰੀਰ ਵਿਚ ਜਿਹੜਾ ਰਾਮ (ਪਰਮਾਤਮਾ) ਵਸ ਰਿਹਾ ਹੈ, (ਸਿਰਫ) ਉਸ ਨੂੰ ਹੀ ਸਦਾ ਕਾਇਮ ਰਹਿਣ ਵਾਲਾ ਜਾਣੋ। ਜਿਥੇ ਗੁਰੂ ਸਾਹਿਬਾਂ ਨੇ ਆਪਣੀ ਪਾਵਨ ਬਾਣੀ ਵਿਚ 'ਰਾਮ' ਸਬਦ ਪ੍ਰਭੂ ਲਈ ਵਰਤਿਆ ਹੈ, ਉਥੇ ਗੁਰੂ ਸਾਹਿਬਾਂ ਤੋਂ ਪਹਿਲਾਂ 'ਭਗਤਾਂ' ਨੇ ਵੀ ਆਪਣੀ ਪਾਵਨ ਰਚਨਾ ਅੰਦਰ 'ਰਾਮ' ਸਬਦ ਪ੍ਰਭੂ ਲਈ ਵਰਤਿਆ ਹੈ। ਜਿਵੇਂ ਭਗਤ ਨਾਮਦੇਵ ਜੀ ਨੂੰ ਭਗਤ ਤ੍ਰਿਲੋਚਨ ਜੀ ਆਖਦੇ ਹਨ ਕਿ :
-ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ£
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ£
ਅਰਥ : ਹੇ ਮਿੱਤਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ! ਰਾਮ, ਭਾਵ ਪ੍ਰਭੂ ਨਾਲ ਚਿੱਤ ਕਿਉਂ ਨਹੀਂ ਜੋੜਦਾ? ਭਗਤ ਨਾਮਦੇਵ ਜੀ ਜੁਆਬ ਦਿੰਦੇ ਹਨ:
-ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ£
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ£
ਅਰਥ : ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਂਅ ਲੈ, ਹੱਥਾਂ-ਪੈਰਾਂ ਨਾਲ ਕੰਮ ਕਾਜ ਕਰ, ਅਤੇ ਆਪਣਾ ਮਨ ਮਾਇਆ ਰਹਿਤ ਪ੍ਰਭੂ ਨਾਲ ਜੋੜ!
ਭਗਤ ਰਵਿਦਾਸ ਜੀ:
-ਰਵਿਦਾਸੁ ਜਪੈ ਰਾਮ ਨਾਮਾ£
ਮੋਹਿ ਜਮ ਸਿਉ ਨਾਹੀ ਕਾਮਾ£ (ਪੰਨਾ ੬੫੯)
ਅਰਥ : ਰਵਿਦਾਸ ਹੁਣ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਮੈਨੂੰ (ਰਵਿਦਾਸ ਨੂੰ) ਜਮ੍ਹਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ।
ਭਗਤ ਕਬੀਰ ਜੀ :
-ਰਾਮ ਸਿਮਰੁ ਪਛੁਤਾਹਿਗਾ ਮਨ£
ਅਰਥ : ਹੇ ਮਨ! (ਹੁਣ ਵੀ ਵੇਲਾ ਹੈ) ਪ੍ਰਭੂ ਦਾ ਸਿਮਰਨ ਕਰ, (ਨਹੀਂ ਤਾਂ ਸਮਾਂ ਗੁਜਰ ਜਾਣ 'ਤੇ) ਅਫਸੋਸ ਕਰੇਂਗਾ।
ਜਿਥੇ 'ਗੁਰੂ ਸਾਹਿਬਾਂ' ਅਤੇ 'ਭਗਤਾਂ' ਨੇ 'ਰਾਮ', ਭਾਵ ਪ੍ਰਭੂ ਦੀ ਬੰਦਗੀ ਕਰਨ ਲਈ ਪ੍ਰੇਰਿਆ ਹੈ, ਉਥੇ 'ਗੁਰੂ ਸਾਹਿਬਾਂ' ਅਤੇ 'ਭਗਤਾਂ' ਨੇ ਦਸਰਥ ਦੇ ਪੁੱਤਰ ਸ੍ਰੀ ਰਾਮਚੰਦਰ ਜੀ ਬਾਰੇ ਵੀ ਵਿਚਾਰ ਦਿੱਤੇ ਹਨ। ਇਸ ਵਿਚਾਰ ਵਿਚ ਸ੍ਰੀ ਰਾਮਚੰਦਰ ਜੀ ਦੀ ਬੰਦਗੀ ਕਰਨ ਲਈ ਨਹੀਂ, ਬਲਕਿ ਸ੍ਰੀ ਰਾਮਚੰਦਰ ਜੀ ਦੀ ਦੀਨ ਦਸਾ ਹੀ ਬਿਆਨ ਕੀਤੀ ਹੈ। ਗੁਰੂ ਅਰਜਨ ਪਾਤਸਾਹ ਜੀ 'ਸ੍ਰੀ ਰਾਮਚੰਦਰ ਜੀ' ਬਾਰੇ ਦਸਦੇ ਹਨ:
-ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ£
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ£
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ£
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ£
(ਪੰਨਾ ੧੪੧੨)
ਅਰਥ : ਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰੱਥਾ ਵਾਲਾ ਹੈ (ਉਸ ਨੂੰ ਕਦੇ ਝੂਰਨ ਤੇ ਦੁਖੀ ਹੋਣ ਦੀ ਲੋੜ ਨਹੀਂ), ਉਹ ਤਾਂ ਪੈਦਾ ਕਰਕੇ ਨਾਮ ਕਰਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ। (ਸ੍ਰੀ ਰਾਮਚੰਦਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ! ਵੇਖੋ ਰਾਵਣ ਨਾਲ ਲੜਾਈ ਕਰਨ ਵਾਸਤੇ ਸ੍ਰੀ ਰਾਮਚੰਦਰ ਫੌਜਾਂ ਇਕੱਠੀਆਂ ਕਰਦਾ ਹੈ (ਉਸ ਦੇ) ਅੰਦਰ (ਫੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤਾਕਤ ਭੀ ਹੈ, ਵਾਨਰਾਂ ਦੀ (ਉਸ) ਫੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ, (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਯੁੱਧ ਕਰਨ ਦਾ ਬੇਅੰਤ ਚਾਉ ਹੈ, (ਫਿਰ ਭੀ ਸ੍ਰੀ) ਰਾਮਚੰਦਰ (ਤਦੋਂ) ਦੁਖੀ ਹੁੰਦਾ ਹੈ (ਦੁਖੀ ਹੋਇਆ ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ (ਤੇ, ਫਿਰ ਜਦੋਂ ਸ੍ਰੀ ਰਾਮਚੰਦਰ ਜੀ ਦਾ ਭਾਈ) ਲਛਮਣ ਸਰਾਪ ਨਾਲ ਮਰ ਗਿਆ ਸੀ।
-ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ£
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ£
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ£
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ£
(ਪੰਨਾ ੧੪੧੨)
ਅਰਥ : ਹੇ ਭਾਈ! ਉਹ ਪ੍ਰਮਾਤਮਾ (ਤਾਂ) ਬੇ-ਮੁਥਾਜ ਹੈ (ਸ੍ਰੀ ਰਾਮਚੰਦਰ ਉਸ ਪ੍ਰਭੂ ਦੀ ਬਰਾਬਰੀ ਨਹੀਂ ਕਰ ਸਕਦਾ)! (ਸ੍ਰੀ) ਰਾਮਚੰਦਰ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ। (ਵੇਖੋ, ਸ੍ਰੀ) ਰਾਮਚੰਦਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖਾਤਰ (ਜਦੋਂ ਰਣਭੂਮੀ ਵਿਚ ਲਛਮਣ ਬਰਛੀ ਨਾਲ ਮੂਰਛਿਤ ਹੋਇਆ)। (ਤਦੋਂ ਸ੍ਰੀ ਰਾਮ ਚੰਦਰ ਨੇ) ਹਨੂੰਮਾਨ ਨੂੰ ਯਾਦ ਕੀਤਾ, ਜੋ (ਪ੍ਰਭੂ ਵਲੋਂ ਬਣੇ) ਸੰਯੋਗ ਦੇ ਕਾਰਨ (ਸ੍ਰੀ ਰਾਮਚੰਦਰ ਜੀ ਦੀ ਸਰਨ) ਆਇਆ ਸੀ। ਮੂਰਖ ਰਾਵਣ (ਭੀ) ਇਹ ਗੱਲ ਨਾਂਹ ਸਮਝਿਆ ਕਿ ਇਹ ਸਾਰੇ ਕੰਮ ਪ੍ਰਭੂ ਨੇ (ਆਪ ਹੀ) ਕੀਤੇ ਸਨ।
ਇਸੇ ਹੀ ਤਰੀਕੇ ਨਾਲ ਜਿਥੇ 'ਭਗਤ' ਜਨਾਂ ਨੇ ਰਾਮ ਭਾਵ ਪ੍ਰਭੂ ਦੀ ਉਸਤਤਿ ਕੀਤੀ ਹੈ, ਉਥੇ ਦਸਰਥ ਦੇ ਪੁੱਤਰ ਸ੍ਰੀ ਰਾਮਚੰਦਰ ਜੀ ਦੀ ਦਸਾ ਵੀ ਬਿਆਨ ਕੀਤੀ ਹੈ, ਜਿਵੇਂ ਭਗਤ ਨਾਮਦੇਵ ਜੀ ਫੁਰਮਾਉਂਦੇ ਹਨ:
-ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ£
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ£
(ਪੰਨਾ ੮੭੪)
  ਅਰਥ : ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈ, ਉਨ੍ਹਾਂ ਦੀ ਬਾਬਤ ਵੀ ਤੈਥੋਂ ਇਹੀ ਕੁਝ ਸੁਣਿਆ ਹੈ ਕਿ) ਰਾਵਣ ਨਾਲ ਉਨ੍ਹਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ।
ਸੋ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਵਿਚ ਸਾਨੂੰ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਬੰਦਗੀ ਹੀ ਕਰਨ ਨੂੰ ਪ੍ਰੇਰਿਆ ਗਿਆ ਹੈ ਉਹ ਪ੍ਰਭੂ ਜਿਸ ਨੂੰ ਗੁਰਬਾਣੀ ਦੇ ਵਿਚ ਵੱਖੋ ਵੱਖ ਨਾਮਾਂ ਦੇ ਨਾਲ ਸੰਬੋਧਨ ਕੀਤਾ ਗਿਆ ਹੈ ਤੇ ਉਨ੍ਹਾਂ 'ਨਾਵਾਂ' ਦੇ ਵਿਚੋਂ ਇਕ ਨਾਮ 'ਰਾਮ' ਹੈ, ਜਿਸ ਦਾ ਅਰਥ ਹੈ ਰਮਿਆ ਹੋਇਆ ਪ੍ਰਭੂ। ਭਾਵ ਸ੍ਰਿਸਟੀ ਦੇ ਕਣ ਕਣ ਵਿਚ ਵਸਦੇ ਪ੍ਰਭੂ ਨੂੰ ਸਿਮਰਨਾ ਹੈ ਤੇ ਜਿਥੇ ਗੁਰਬਾਣੀ ਦੇ ਵਿਚ 'ਸ੍ਰੀ ਰਾਮਚੰਦਰ' ਦੀ ਗੱਲ ਹੈ, ਉਥੇ ਕੇਵਲ ਉਹ ਆਲੋਚਨਾਤਮਕ ਭਾਵਨਾ ਹੇਠ ਹੀ ਆਉਂਦਾ ਹੈ। ਸਿੱਖ ਕੇਵਲ ਉਸ ਰਾਮ ਨੂੰ ਸਿਮਰਦਾ ਹੈ, ਜਿਹੜਾ ਸ੍ਰਿਸਟੀ ਦੇ ਕਣ ਕਣ ਵਿਚ ਸਮਾਇਆ ਹੋਇਆ ਹੈ। ਸੋ ਸਪੱਸਟ ਹੋਇਆ ਹੈ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ 'ਸ੍ਰੀ ਰਾਮਚੰਦਰ' ਜੀ ਦਾ ਪੁਜਾਰੀ ਨਹੀਂ ਤੇ ਨਾ ਹੀ ਸਿੱਖ ਅਵਤਾਰਵਾਦ ਵਿਚ ਵਿਸਵਾਸ ਰੱਖਦਾ ਹੈ। ਗੁਰੂ ਜੀ ਨੇ ਸਿੱਖ ਨੂੰ ਅਵਤਾਰਾਂ ਦੀ ਪੂਜਾ, ਉਸਤਤਿ, ਬੰਦਗੀ ਛੱਡਕੇ ਕੇਵਲ ਇਕ ਪ੍ਰਭੂ ਦੀ ਬੰਦਗੀ, ਉਸਤਤਿ ਕਰਨ ਲਈ ਪ੍ਰੇਰਿਆ ਹੈ। ਸੋ ਆਓ, ਗੁਰਮੁਖ ਪਿਆਰਿਓ ਅਸੀਂ ਖੁਦ ਗੁਰਬਾਣੀ ਪੜ੍ਹੀਏ, ਵਿਚਾਰੀਏ ਅਤੇ ਬ੍ਰਾਹਮਣਵਾਦ ਦੇ ਪਾਏ ਜਾ ਰਹੇ ਭੁਲੇਖਿਆਂ ਨੂੰ ਝੂਠ ਫਰੇਬ ਨੂੰ ਨੰਗਾ ਕਰਕੇ ਪਛਾੜ ਸੁੱਟੀਏ ਅਤੇ ਗੁਰੂ ਜੀ ਦੇ ਸਿਧਾਂਤਾਂ-ਵਿਚਾਰਧਾਰਾ ਨੂੰ ਸੰਸਾਰ ਵਿਚ ਫੈਲਾਉਣ ਲਈ ਉਦਮ-ਉਪਰਾਲੇ ਕਰੀਏ।
ਇਛਪਾਲ ਸਿੰਘ ਰਤਨ