ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਾਕਾ ਨਨਕਾਣਾ ਸਾਹਿਬ ਨੂੰ ਇਤਿਹਾਸਕ ਝਰੋਖੇ ਚੋਂ ਦੇਖਣ ਦਾ ਯਤਨ


ਸਿੱਖ ਅਰਦਾਸ ਵਿਚ ਜ਼ਿਕਰ ਆਉਂਦਾ ਹੈ, ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ 'ਜੀਂਦੇ ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ ਅਤੇ ਜੀਂਦਿਆਂ ਨੂੰ ਬਲਦੀਆਂ ਭੱਠੀਆਂ ਵਿਚ ਸੁੱਟਿਆ ਗਿਆ'। ਸਾਡੀ ਅੱਜ ਦੀ ਵਿਚਾਰ ਦਾ ਇਨ੍ਹਾਂ ਸਤਰਾਂ ਨਾਲ ਸਬੰਧ ਹੈ।
ਅੱਜ ਤੋਂ ਕੋਈ 91 ਸਾਲ ਪਹਿਲਾਂ ਇਹ ਇਤਿਹਾਸਕ ਸੱਚ ਸਿੱਖਾਂ ਨਾਲ ਵਾਪਰਿਆ ਸੀ। ਜਿਸ ਨੂੰ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਕਰਕੇ ਜਾਣਿਆਂ ਜਾਂਦਾ ਹੈ। ਇਹ ਸ਼ਹੀਦੀ ਸਾਕਾ 21 ਫਰਵਰੀ ਸੰਨ 1921 ਨੂੰ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਵਿਚ  ਹੋਇਆ ਸੀ। ਨਨਕਾਣਾ ਸਾਹਿਬ ਦਾ ਇਹ ਗੁਰਦੁਆਰਾ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਏਸੇ ਕਰਕੇ ਇਸ ਗੁਰਦੁਆਰੇ ਨੂੰ 'ਗੁਰਦੁਆਰਾ ਜਨਮ ਅਸਥਾਨ' ਕਰਕੇ ਜਾਣਿਆਂ ਜਾਂਦਾ ਹੈ। ਇਹ ਸ਼ਹੀਦੀ ਸਾਕਾ ਕਿਉਂ ਹੋਇਆ? ਇਸ ਦੇ ਕਾਰਨ ਕੀ ਸਨ? ਇਸ ਸ਼ਹੀਦੀ ਸਾਕੇ ਦੇ ਕਾਰਨ ਜਾਨਣ ਲਈ ਸਾਨੂੰ ਸਿੱਖ ਇਤਿਹਾਸ ਦੇ ਪਿਛੋਕੜ ਦੀ ਪੜਤਾਲ ਕਰਨੀ ਪਵੇਗੀ, ਖਾਸ ਕਰਕੇ ਗੁਰਦੁਆਰੇ ਦੇ ਕੇਂਦਰ ਦੇ ਪ੍ਰਬੰਧ ਨੂੰ ਇਤਿਹਾਸਕ ਝਰੋਖੇ 'ਚੋਂ ਦੇਖਣਾ ਪਵੇਗਾ। ਗੁਰੂ ਕਾਲ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਬੰਧ ਦਾ ਕੰਮ ਗੁਰੂ ਸਾਹਿਬਾਨ ਦੀ ਆਪਣੀ ਨਿਗਰਾਨੀ ਅਧੀਨ ਹੁੰਦਾ ਜਾਂ ਉਨ੍ਹਾਂ ਵਲੋਂ ਨੀਯਤ ਕੀਤੇ ਹੋਏ ਕਹਿਣੀ ਤੇ ਕਰਨੀ ਦੇ ਸੂਰੇ ਸਿੱਖ ਸੇਵਕਾਂ ਦੇ ਹੱਥ ਹੋਇਆ ਕਰਦਾ ਸੀ। ਜਿਵੇਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਆਦਿ। ਇਸ ਸਮੇਂ ਗੁਰਦੁਆਰਾ ਪ੍ਰਬੰਧ ਵਿਚ ਕੋਈ ਢਿੱਲ੍ਹ ਨਹੀਂ ਆਈ ਅਤੇ ਗੁਰਮਤਿ ਪ੍ਰਚਾਰ ਦੇ ਇਹ ਸੋਮੇ ਸਿੱਖ ਕੌਮ ਦੀ ਅਗਵਾਈ ਕਰਦੇ ਰਹੇ ਅਤੇ ਕੌਮ ਹਮੇਸ਼ਾ ਚੜ੍ਹਦੀ ਕਲਾ ਵਿਚ ਗਈ। ਸੰਨ 1716 ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਲੀਡਰਸ਼ਿਪ ਵਿਚ ਬਹੁਤ ਵੱਡਾ ਖੱਪਾ ਪੈ ਗਿਆ। ਸਿੱਖਾਂ ਵਿਚ ਕੋਈ Âੈਸਾ ਆਗੂ ਨਾ ਰਿਹਾ ਜੋ ਯੋਗ ਅਗਵਾਈ ਕਰ ਸਕੇ। ਦੂਜੇ ਪਾਸੇ ਮੁਗਲ ਅਤੇ ਪਠਾਣ ਹਕੂਮਤਾਂ ਨੇ ਸਿੱਖਾਂ ਉਪਰ ਏਨੇ ਅਤਿਆਚਾਰ ਕਰਨੇ ਆਰੰਭ ਦਿੱਤੇ ਕਿ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ, ਸਿੱਖਾਂ ਨੂੰ ਜੰਗਲਾਂ ਵਿਚ ਲੁਕ-ਛਿਪ ਕੇ ਗੁਜ਼ਾਰਾ ਕਰਨਾ ਪਿਆ।
ਇਸ ਘੋਰ ਸੰਕਟ ਸਮੇਂ ਸਿੱਖੀ ਸਰੂਪ ਵਿਚ ਰਹਿ ਕੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨੀ ਮੁਮਕਿਨ ਨਹੀਂ ਸੀ। ਸੇਵਾ-ਸੰਭਾਲ ਦਾ ਥੋੜ੍ਹਾ-ਬਹੁਤ ਕੰਮ ਜੋ ਹੁੰਦਾ ਰਿਹਾ, ਉਹ ਉਦਾਸੀ ਅਤੇ ਨਿਰਮਲੇ ਸਾਧੂ ਆਦਿ ਕਰਦੇ ਰਹੇ। ਇਹਨਾਂ ਸਾਧੂਆਂ ਅਤੇ ਪੁਜਾਰੀਆਂ ਦਾ ਪਿਛੋਕੜ ਹਿੰਦੂ ਧਰਮ ਨਾਲ ਸਬੰਧਤ ਸੀ। ਇਨ੍ਹਾਂ ਨੇ ਗੁਰਦੁਆਰਿਆਂ ਅੰਦਰ ਵੀ ਮੰਦਰਾਂ ਵਾਂਗ ਹਿੰਦੂ ਰਹੁ-ਰੀਤੀਆਂ ਪ੍ਰਚੱਲਤ ਕਰ ਦਿੱਤੀਆਂ। ਗੁਰਬਾਣੀ ਨੂੰ ਹਿੰਦੂ ਮਿਥਿਹਾਸਕ ਕਥਾ-ਕਹਾਣੀਆਂ ਦੀ ਰੰਗਤ ਦੇ ਕੇ ਪੇਸ਼ ਕਰਦੇ, ਕਈ ਗੁਰਦੁਆਰਿਆਂ ਅੰਦਰ ਮੂਰਤੀਆਂ ਵੀ ਲਿਆ ਰੱਖੀਆਂ। ਗੁਰਦੁਆਰਿਆਂ ਵਿਚੋਂ ਗੁਰਮਤਿ ਦਾ ਪ੍ਰਚਾਰ ਅਤੇ ਸਿੱਖੀ ਮਾਣ-ਮਰਿਯਾਦਾ ਹੌਲੀ ਹੌਲੀ ਅਲੋਪ ਹੁੰਦੇ ਗਏ ਅਤੇ ਕਰਮ-ਕਾਂਡੀ ਰਹੁ-ਰੀਤੀਆਂ ਜ਼ੋਰ ਫੜਦੀਆਂ ਗਈਆਂ।
ਸੰਨ 1849 ਈਸਵੀ ਵਿਚ ਪੰਜਾਬ ਤੇ ਅੰਗਰੇਜਾਂ ਦਾ ਕਬਜ਼ਾ ਹੋ ਗਿਆ। ਉਨ੍ਹਾਂ ਨੇ ਇਹ ਸੱਚ ਬਹੁਤ ਛੇਤੀ ਜਾਣ ਲਿਆ ਸੀ ਕਿ ਗੁਰਦੁਆਰਾ ਐਸਾ ਕੇਂਦਰ ਹੈ ਜਿੱਥੋਂ ਸਿੱਖੀ ਜੀਵਨ ਦੀ ਉਸਾਰੀ ਹੁੰਦੀ ਹੈ। ਅੰਗਰੇਜਾਂ ਨੇ ਗੁਰਦੁਆਰਿਆਂ ਅੰਦਰ ਆਪਣਾ ਰਸੂਖ ਵਧਾਉਣ ਲਈ ਗੁਰਦੁਆਰਿਆਂ 'ਤੇ ਕਾਬਜ਼ ਪੁਜਾਰੀਆਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਸਿੱਖ ਪੰਥ ਵਿਰੁੱਧ ਖੜ੍ਹੇ ਹੋਣ ਲਈ ਇਕ ਧਿਰ ਬਣਨ ਵਿਚ ਬਹੁਤ ਸਹਾਈ ਹੋਏ। ਇਸ ਦੇ ਫਲਸਰੂਪ ਇਹ ਮਹੰਤ ਆਦਿ ਗੁਰਦੁਆਰਿਆਂ ਨੂੰ ਆਪਣੀਆਂ ਨਿੱਜੀ ਜਾਇਦਾਦਾਂ ਸਮਝਣ ਲੱਗ ਪਏ ਅਤੇ ਪੰਥ ਤੋਂ ਬਾਗੀ ਹੋਣੇ ਸ਼ੁਰੂ ਹੋ ਗਏ।
ਗੁਰਦੁਆਰਿਆਂ ਦੀ ਆਮਦਨ ਕਾਰਨ ਇਨ੍ਹਾਂ ਮਹੰਤਾਂ ਪਾਸ ਏਨਾ ਧੰਨ ਆਉਣਾ ਸ਼ੁਰੂ ਹੋ ਗਿਆ ਕਿ ਇਹ ਸਿਰੇ ਦੇ ਬਦਮਾਸ਼ ਤੇ ਬਦਚੱਲਣ ਬਣਦੇ ਗਏ। ਕਈ ਇਤਿਹਾਸਕ ਗੁਰਦੁਆਰਿਆਂ ਨੂੰ ਇਨ੍ਹਾਂ ਮਹੰਤਾਂ ਨੇ ਬਦਮਾਸ਼ੀ ਦੇ ਅੱਡੇ ਬਣਾ ਦਿੱਤਾ। ਦਰਸ਼ਨਾਂ ਨੂੰ ਆਈਆਂ ਸੰਗਤਾਂ ਦੀ ਬੇਪਤੀ ਕੀਤੀ ਜਾਂਦੀ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇਕ ਪੁਜਾਰੀ ਨੇ ਤਾਂ ਇਥੋਂ ਤਕ ਕਹਿ ਦਿਤਾ ਸੀ ਕਿ ਲੋਕਾਂ ਦੀਆਂ ਦੁਕਾਨਾਂ ਵਾਂਗ ਦਰਬਾਰ ਸਾਹਿਬ ਸਾਡੀ ਦੁਕਾਨ ਹੈ, ਜੋ ਔਰਤਾਂ ਦਰਬਾਰ ਸਾਹਿਬ ਆਉਣਗੀਆਂ ਬੇਪੱਤ ਕਰਾਂਗੇ, ਜਿਨ੍ਹਾਂ ਨੂੰ ਸ਼ਰਮ ਹੈ, ਉਹ ਨਾ ਭੇਜਣ'। ਇਨ੍ਹਾਂ ਦਿਨਾਂ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਉਦਾਸੀ ਸਾਧ ਮਹੰਤ ਨਰੈਣ ਦਾਸ ਦੇ ਕਬਜ਼ੇ ਵਿਚ ਸੀ। ਇਹ ਮਹੰਤ ਸਿਰੇ ਦਾ ਬਦਚਲਣ ਅਤੇ ਸ਼ਰਾਬੀ ਸੀ। ਇਹ ਸਾਧ ਚਾਲਚਲਣ ਦਾ ਏਨਾ ਗਿਰਿਆ ਹੋਇਆ ਸੀ ਕਿ ਇਸ ਨੇ ਅਗਸਤ 1917 ਵਿਚ ਗੁਰਦੁਆਰੇ ਅੰਦਰ ਕੰਜਰੀਆਂ ਦਾ ਨਾਚ ਕਰਾਇਆ, ਸੰਨ 1918 ਵਿਚ ਦਰਸ਼ਨਾਂ ਲਈ ਆਏ ਇਕ ਸਿੰਧੀ ਪ੍ਰਵਾਰ ਦੀ 13 ਸਾਲਾਂ ਦੀ ਲੜਕੀ ਨੂੰ ਮਹੰਤ ਦੇ ਗੁੰਡੇ ਜ਼ਬਰਦਸਤੀ ਚੁੱਕ ਕੇ ਲੈ ਗਏ ਅਤੇ ਉਸ ਦੀ ਪੱਤ ਲੁਟੀ'।  ਅਜੀਬ ਕਹਾਣੀ ਹੈ ਕਿ ਅੰਗਰੇਜ਼ ਸਰਕਾਰ, ਸਿੱਖਾਂ ਦੇ ਰੱਜੇ-ਪੁੱਜੇ ਅਮੀਰ ਘਰਾਣੇ, ਸਰਦਾਰ ਬਹਾਦਰ ਕਹਾਉਣ ਵਾਲੇ ਜਾਗੀਰਦਾਰ, ਬਾਬਾ ਖੇਮ ਸਿੰਘ ਬੇਦੀ ਦਾ ਪੁੱਤਰ ਬਾਬਾ ਸਰਕਰਤਾਰ ਸਿੰਘ ਬੇਦੀ, ਵੱਡੀਆਂ ਵੱਡੀਆਂ ਜਾਗੀਰਾਂ ਦੇ ਮਾਲਕ ਸੋਢੀ, ਨਾਮਧਾਰੀਏ, ਨਿਰਮਲੇ, ਉਦਾਸੀ ਸਾਧਾਂ ਦੇ ਡੇਰੇ ਅਤੇ ਨਿਰੰਕਾਰੀ ਆਦਿ ਸਭ ਮਿਲਕੇ ਪੰਥ ਵਿਰੁੱਧ, ਕਪਟੀ ਮਹੰਤ ਨਰੈਣ ਦਾਸ ਦਾ ਸਾਥ ਦੇ ਰਹੇ ਸਨ। ਨਨਕਾਣਾ ਸਾਹਿਬ ਗੁਰਦੁਆਰੇ ਅੰਦਰ ਮਹੰਤ ਵਲੋਂ ਇਖ਼ਲਾਕ ਤੋਂ ਗਿਰੀਆਂ ਹੋਈਆਂ ਕਾਰਵਾਈਆਂ ਨੂੰ ਮੁੱਖ ਰੱਖ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਜਨਵਰੀ ਨੂੰ ਫੈਸਲਾ ਕੀਤਾ ਕਿ 4 ਤੋਂ 6 ਮਾਰਚ 1921 ਨੂੰ ਗੁਰਦੁਆਰਾ ਜਨਮ ਅਸਥਾਨ ਵਿਖੇ ਸਮੂਹ ਪੰਥ ਦੀ ਇਕ ਮੀਟਿੰਗ ਕੀਤੀ ਜਾਵੇ ਅਤੇ ਮਹੰਤ ਨੂੰ ਆਪਣਾ ਆਪ ਸੁਧਾਰਨ ਲਈ ਚੇਤਾਵਨੀ ਦਿੱਤੀ ਜਾਏ।
ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਖ਼ਬਰ ਮਿਲਦਿਆਂ ਹੀ ਮਹੰਤ ਨੇ ਗੁਰਦੁਆਰੇ ਅੰਦਰ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ। ਕੁਝ ਬਦਮਾਸ਼ਾਂ ਤੇ ਗੁੰਡਿਆਂ ਨੂੰ ਪੈਸੇ ਦੇ ਕੇ ਭਰਤੀ ਕਰ ਲਿਆ। ਮਹੰਤ ਨੇ ਸਾਜਿਸ਼ ਇਹ ਰਚੀ ਕਿ ਜਦੋਂ ਗੁਰਦੁਆਰੇ ਅੰਦਰ ਸਿੱਖ ਲੀਡਰਸ਼ਿਪ ਮੀਟਿੰਗ ਕਰ ਰਹੀ ਹੋਵੇਗੀ, ਚੌਹਾਂ ਪਾਸਿਆਂ ਤੋਂ ਹਮਲਾ ਕਰਕੇ ਸਾਰੀ ਸਿੱਖ ਲੀਡਰਸ਼ਿਪ ਖਤਮ ਕਰ ਦਿੱਤੀ ਜਾਏ।
ਕੁਝ ਜੋਸ਼ੀਲੇ ਸਿੱਖਾਂ ਨੇ ਸੁਲਾਹ ਬਣਾਈ ਕਿ ਮਾਰਚ ਦੀ ਮੀਟਿੰਗ ਤੱਕ ਉਡੀਕ ਕਰਨੀ ਦੂਰ ਦੀ ਗੱਲ ਹੈ। ਇਸ ਤੋਂ  ਪਹਿਲਾਂ ਹੀ ਸਾਨੂੰ ਗੁਰਦੁਆਰੇ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤ ਪਾਸੋਂ ਲੈ ਲੈਣਾ ਚਾਹੀਦਾ ਹੈ। ਭਾਈ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਵਿਚ ਕੋਈ 150 ਸਿੰਘਾਂ ਦਾ ਜਥਾ, 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਲ ਚਲ ਪਿਆ। ਇਸ ਜਥੇ ਨੂੰ ਮਹੰਤ ਦੀ ਸਾਜਿਸ਼ ਬਾਰੇ ਕੋਈ ਥਹੁ-ਪਤਾ ਨਹੀਂ ਸੀ। ਸ਼੍ਰੋਮਣੀ ਕਮੇਟੀ ਨੂੰ ਮਹੰਤ ਦੀ ਸਕੀਮ ਬਾਰੇ ਸੂਹ ਮਿਲ ਗਈ। ਉਨ੍ਹਾਂ ਨੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਰਾਹ ਵਿਚ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਰੋਕ ਨਾ ਸਕੇ।  ਇਹ ਜਥਾ 21 ਫਰਵਰੀ ਸੰਨ 1921 ਨੂੰ ਸਵੇਰੇ ਮੂੰਹ ਹਨੇਰੇ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਜਾ ਪੁੱਜਾ ਅਤੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਹੀ ਸੀ ਕਿ ਚੌਹਾਂ ਪਾਸਿਆਂ ਤੋਂ ਗੋਲੀਆਂ ਦੀ ਵਾਛਾੜ ਸ਼ੁਰੂ ਹੋ ਗਈ। ਜਥੇ ਵਿਚ ਸ਼ਾਮਲ ਬਹੁਤੇ ਸਿੰਘ ਸ਼ਹੀਦ ਕਰ ਦਿੱਤੇ ਗਏ। ਕਈਆਂ ਨੂੰ ਬਰਛਿਆਂ ਅਤੇ ਗੰਡਾਸਿਆਂ ਨਾਲ ਵੱਡ-ਟੁੱਕ ਦਿੱਤਾ। ਸ਼ਹੀਦਾਂ ਅਤੇ ਜ਼ਖਮੀਆਂ ਦੇ ਢੇਰ ਕੱਠੇ ਕਰਕੇ ਤੇਲ ਪਾ ਕੇ ਸਾੜ ਦਿੱਤੇ ਗਏ। ਕਈਆਂ ਨੂੰ ਜੀਂਦਿਆਂ ਹੀ ਬਲਦੀਆਂ ਭੱਠੀਆਂ ਵਿਚ ਸੁੱਟ ਕੇ ਸਾੜ ਦਿੱਤਾ ਗਿਆ। ਇਕ ਸਿੰਘ ਨੂੰ ਜੀਂਦਿਆਂ ਹੀ ਜੰਡ ਦੇ ਦਰਖਤ ਨਾਲ ਬੰਨ੍ਹ ਕੇ, ਤੇਲ ਪਾ ਕੇ ਸਾੜ ਦਿੱਤਾ ਗਿਆ। ਜਥੇ ਵਿਚ ਸ਼ਾਮਲ 150 ਸਿੰਘ ਸ਼ਹੀਦ ਕਰ ਦਿੱਤੇ ਗਏ।
ਇਸ ਖੂਨੀ ਸਾਕੇ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਸਾਰੇ ਦੇਸ਼ ਵਿਚ ਫੈਲ ਗਈ। ਕੁਝ ਹੀ ਘੰਟੀਆਂ ਵਿਚ ਸਭ ਪਾਸਿਆਂ ਤੋਂ ਸਿੱਖਾਂ ਨੇ ਨਨਕਾਣਾ ਸਾਹਿਬ ਵਲ ਵਹੀਰਾਂ ਪਾ ਦਿੱਤੀਆਂ। 21 ਫਰਵਰੀ 1921 ਨੂੰ ਸ਼ਾਮ ਵੇਲੇ ਤੱਕ ਜਥੇਦਾਰ ਕਰਤਾਰ ਸਿੰਘ ਝੱਬਰ 2200 ਸਿੰਘਾਂ ਦਾ ਸ਼ਹੀਦੀ ਜਥਾ ਲੈ ਕੇ ਨਨਕਾਣਾ ਸਾਹਿਬ ਪਹੁੰਚ ਗਿਆ। ਉਧਰ ਪੁਲਸ ਨੇ ਗੁਰਦੁਆਰੇ ਨੂੰ ਤਾਲਾ ਲਾ ਕੇ ਫੌਜੀ ਨਾਕਾਬੰਦੀ ਕੀਤੀ ਹੋਈ ਸੀ। ਡਿਪਟੀ ਕਮਿਸ਼ਨਰ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕਦਿਆਂ ਹੁਕਮ ਦਿੱਤਾ ਕਿ ਅੱਗੇ ਵਧੇ ਤਾਂ ਮਸ਼ੀਨਗਨਾਂ ਦੀ ਗੋਲੀ ਚੱਲ ਜਾਏਗੀ। ਅਗੋਂ ਕਰਤਾਰ ਸਿੰਘ ਝੱਬਰ ਨੇ ਜੁਆਬ ਦਿੱਤਾ ਅਸੀਂ ਅਰਦਾਸ ਕਰਕੇ ਚੱਲੇ ਹਾਂ ਕਿ ਗੁਰਦੁਆਰੇ 'ਤੇ ਕਬਜ਼ਾ ਕਰਨਾ ਹੈ, ਤੁਸੀਂ ਗੋਲੀ ਚਲਾਓ, ਤੁਹਾਡੀਆਂ ਮਸ਼ੀਨਗਨਾਂ ਸਾਨੂੰ ਰੋਕ ਨਹੀਂ ਸਕਦੀਆਂ'। ਜਥੇਦਾਰ ਦੇ ਦ੍ਰਿੜ ਇਰਾਦੇ ਅੱਗੇ ਪੁਲਿਸ ਨੂੰ ਝੁਕਣਾ ਪਿਆ ਅਤੇ ਗੁਰਦੁਆਰੇ ਦੇ ਦਰਬਾਜ਼ੇ ਖੋਲ੍ਹ ਦਿੱਤੇ ਗਏ। ਇਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਹੋਰ ਤੇਜ਼ ਹੁੰਦੀ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ, ਗੁਰਦੁਆਰਾ ਪ੍ਰਬੰਧ ਮਹੰਤਾਂ ਦੇ ਕਬਜ਼ੇ 'ਚੋਂ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਹੱਥ ਆਇਆ।  
ਡਾ. ਗੁਰਦੇਵ ਸਿੰਘ ਸੰਘਾ