ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਤਖਤਾਂ ਦੇ ਜਥੇਦਾਰ ਸਿੱਖ ਕੌਮ ਦਾ ਕੀ ਸਵਾਰ ਰਹੇ ਹਨ?


ਅੱਜ ਸਿੱਖਾਂ ਦੇ ਪੰਜ ਤਖ਼ਤ ਬਣੇ ਹੋਏ ਹਨ ਤੇ ਇਨ੍ਹਾਂ ਪੰਜਾਂ ਤਖ਼ਤਾਂ ਦੇ ਪੰਜ ਹੀ ਜਥੇਦਾਰ ਹਨ। ਇਨ੍ਹਾਂ ਵਿਚੋਂ ਤਿੰਨ ਤਖ਼ਤ ਪੰਜਾਬ ਵਿਚ ਹਨ, ਜਦਕਿ ਦੋ ਤਖ਼ਤ ਹਜ਼ੂਰ ਸਾਹਿਬ (ਮਹਾਂਰਾਸਟਰ) ਤੇ ਪਟਨਾ ਸਾਹਿਬ (ਬਿਹਾਰ) ਵਿਚ ਹਨ। ਪਹਿਲੀ ਗੱਲ ਤਾਂ ਇਹ ਕਿ ਤਖ਼ਤ ਪ੍ਰਣਾਲੀ ਸਿੱਖ ਰਵਾਇਤਾਂ 'ਤੇ ਹੀ ਖਰੀ ਨਹੀਂ ਉਤਰਦੀ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਇਕ ਦੀ ਫਿਲਾਸਫੀ ਹੀ ਸਿੱਖੀ ਦਾ ਧੁਰਾ ਰਹੀ ਹੈ ਤੇ ਇਸੇ ਵਿਚਾਰਧਾਰਾ ਨੂੰ ਅੱਗੇ ਲਿਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਭਾਗ ਸਥਾਪਤ ਕੀਤੇ ਸਨ। ਸਿੱਖਾਂ ਦੇ ਇਸ ਸੁਨਹਿਰੀ ਇਤਿਹਾਸ ਨੂੰ ਵਾਚਕੇ ਹੀ ਅੰਗਰੇਜ਼ਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰਨ ਲਈ ਇਸਨੂੰ ਪੰਜ ਥਾਵਾਂ 'ਤੇ ਵੰਡ ਦਿੱਤਾ।
ਅੰਗਰੇਜ਼ਾਂ ਦੀ ਇਸ ਥਿਉਰੀ ਨੂੰ ਸੱਚ ਮੰਨਕੇ ਸਿੱਖ ਅੱਜ ਤੱਕ ਇਨ੍ਹਾਂ ਪੰਜਾਂ ਤਖ਼ਤਾਂ 'ਤੇ ਆਪਣੇ ਜਥੇਦਾਰ ਬਿਠਾਉਂਦੇ ਤੁਰੇ ਆ ਰਹੇ ਹਨ। 'ਤਖ਼ਤ' ਨਾਂ ਹੇਠ ਪੰਜ ਥਾਵਾਂ ਮੁਕਰਰ ਹੋਣ ਨਾਲ ਸਿੱਖਾਂ ਨੂੰ ਇਸ ਗੱਲ ਦੀ ਤਸੱਲੀ ਹੋਈ ਹੋਈ ਹੈ ਕਿ 'ਸਾਡਾ ਵੀ ਰਾਜ ਭਾਗ ਕਾਇਮ-ਦਾਇਮ ਹੈ' ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਿੱਖਾਂ ਦੀ ਹਾਲਤ ਪੰਜ ਤਖ਼ਤ ਹੋਣ ਦੇ ਬਾਵਜੂਦ ਹੱਦ ਦਰਜੇ ਦੀ ਸ਼ਰਮਨਾਕ ਤੇ ਹਾਸੋਹੀਣੀ ਬਣੀ ਹੋਈ ਹੈ। ਪਹਿਲੀ ਗੱਲ ਤਾਂ ਕੋਈ ਵੀ ਇਕ ਤਖ਼ਤ ਦਾ ਜਥੇਦਾਰ ਦੂਸਰੇ ਤਖ਼ਤ ਵਾਲੇ ਦੀ ਕੋਈ ਗੱਲ ਸੁਣਨ ਲਈ ਹੀ ਤਿਆਰ ਨਹੀਂ ਹੈ। ਫੇਰ ਸਾਰੇ ਤਖ਼ਤਾਂ ਦੀ ਆਪੋ ਆਪਣੀ ਰਹਿਤ ਮਰਿਆਦਾ ਹੈ। ਕਈ ਵਾਰ ਤਾਂ ਤਖ਼ਤਾਂ ਦੇ ਇਹ ਅਖੌਤੀ ਜਥੇਦਾਰ ਇਕ-ਦੂਜੇ ਦੇ ਵਿਰੁੱਧ ਅਖੌਤੀ 'ਹੁਕਮਨਾਮੇ' ਜਾਰੀ ਕਰਨ ਤੱਕ ਵੀ ਚਲੇ ਜਾਂਦੇ ਹਨ।
1920 ਵਿਚ ਅਕਾਲ ਤਖ਼ਤ 'ਤੇ ਬੈਠੇ ਪੁਜਾਰੀਆਂ ਨੂੰ ਸਿੱਖਾਂ ਨੇ ਭਜਾਇਆ। ਉਸ ਸਮੇਂ 25 ਸਿੱਖਾਂ ਦੇ ਜਥੇ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਸਨ, ਜਿਨ੍ਹਾਂ ਅਕਾਲ ਤਖ਼ਤ ਦੀ ਸੇਵਾ-ਸੰਭਾਲ ਕਰਦਿਆਂ ਕਈ ਮਹੀਨੇ ਇਹ ਸੇਵਾ ਨਿਭਾਈ। ਜਥੇਦਾਰ ਭੁੱਚਰ ਵੀ 25 ਸਿੰਘਾਂ ਦੇ 'ਜਥੇ ਦੇ ਜਥੇਦਾਰ' ਸਨ, ਨਾ ਕਿ 'ਅਕਾਲ ਤਖਤ ਦੇ ਜਥੇਦਾਰ' ਸਨ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ 'ਜਥੇਦਾਰ' ਤਾਂ ਜਥੇ ਦੀ ਅਗਵਾਈ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਤੇ ਅਕਾਲ ਤਖ਼ਤ ਇਕ ਬਿਲਡਿੰਗ ਹੈ, ਫੇਰ ਉਸਦਾ 'ਜਥੇਦਾਰ' ਕਿਵੇਂ ਹੋ ਸਕਦਾ ਹੈ? ਖੈਰ, ਇਸ ਮਗਰੋਂ ਸਿੱਖਾਂ ਵਿਚ ਅਕਾਲ ਤਖ਼ਤ ਦੇ ਜਥੇਦਾਰ ਬਣਾਉਣ ਦਾ ਐਸਾ ਸਿਲਸਿਲਾ ਚੱਲਿਆ ਕਿ ਅੱਜ ਤਕ ਇਹ ਸਿਲਸਿਲਾ ਚੱਲ ਹੀ ਨਹੀਂ ਰਿਹਾ, ਸਗੋਂ ਕੌਮ ਨੂੰ ਭੰਬਲਭੂਸੇ ਵਿਚ ਪਾਉਣ ਦਾ ਸਬੱਬ ਵੀ ਬਣਿਆ ਹੋਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਤੱਕ ਝੂਠੇ-ਸੱਚੇ ਢੰਗ ਨਾਲ ਅਕਾਲ ਤਖ਼ਤ ਦਾ 'ਜਥੇਦਾਰ' (ਸੇਵਾਦਾਰ) ਨਿਯੁਕਤ ਕਰਨ ਦੀ ਰਸਮ ਸਾਰੀਆਂ ਮੋਹਤਬਰ ਸਿੱਖ ਜਥੇਬੰਦੀਆਂ ਨੂੰ ਪੁੱਛਕੇ ਹੀ ਕੀਤੀ ਜਾਂਦੀ ਰਹੀ, ਤਾਂਹੀਓਂ ਉਸ ਸਮੇਂ ਤੱਕ ਅਕਾਲ ਤਖ਼ਤ ਦੇ ਜਥੇਦਾਰ ਦਾ ਮਾਣ-ਸਤਿਕਾਰ ਸਿੱਖਾਂ ਵਿਚ ਕਾਇਮ ਰਿਹਾ। ਪਰ ਜਦੋਂ ਤੋਂ ਪੰਥ ਤੇ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ 'ਤੇ ਕਬਜ਼ਾ ਕੀਤਾ ਹੈ, ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦਾ ਮਾਣ-ਸਤਿਕਾਰ ਬਿਲਕੁਲ ਹੀ ਖਤਮ ਹੋ ਗਿਆ ਹੈ। ਅੱਜ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਵਿਚੋਂ 'ਪੰਥਕਤਾ' ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਹੈ ਤੇ ਇਹ ਸਿਰਫ਼ 'ਸਿਆਸੀ' ਅਹੁਦਾ ਹੀ ਬਣਕੇ ਰਹਿ ਗਿਆ ਹੈ। ਨੰਗਾ ਸੱਚ ਤਾਂ ਇਹ ਹੈ ਕਿ ਅਜੋਕਾ ਅਕਾਲ ਤਖ਼ਤ ਦਾ ਜਥੇਦਾਰ ਤਾਂ 'ਬਾਦਲ ਦਾ ਨੌਕਰ' ਹੀ ਬਣ ਕੇ ਰਹਿ ਗਿਆ ਹੈ।
ਬਾਦਲ ਦੀ ਨੌਕਰੀ ਦਾ ਹੀ ਫਲ ਹੈ ਕਿ 5 ਦਸੰਬਰ 2011 ਨੂੰ ਪੰਥ ਨੂੰ ਪੁੱਛੇ ਬਗੈਰ ਹੀ ਬਾਦਲ ਨੂੰ ਅਖੌਤੀ 'ਫਖਰੇ-ਕੌਮ ਪੰਥ ਰਤਨ' ਐਵਾਰਡ ਅਕਾਲ ਤਖ਼ਤ ਤੇ ਸਪੈਸ਼ਲ ਸੱਦਕੇ ਦਿੱਤਾ ਗਿਆ, ਜਿਸ ਨੂੰ ਸਮੁੱਚੇ ਮੀਡੀਏ ਵਿਚ ਲਾਈਵ ਦਿਖਾਇਆ ਗਿਆ। ਇਹ ਸ਼ਰੇਆਮ ਪੰਥ ਦੇ ਜਾਗਰੂਕ ਵਰਗ ਦਾ ਮੂੰਹ ਚਿੜਾਉਣ ਵਾਲੀ ਗੱਲ ਸੀ। ਇਸ ਤੋਂ ਪਹਿਲਾਂ ਪੰਥ ਦੀ ਵਿਲੱਖਣ ਹੋਂਦ-ਹਸਤੀ ਦੇ ਪ੍ਰਤੀਕ ਮੰਨੇ ਜਾਂਦੇ ਨਾਨਕਸਾਹੀ ਕੈਲੰਡਰ ਦਾ ਭੋਗ ਵੀ ਬਿਨਾਂ ਪੰਥ ਨੂੰ ਪੁੱਛੇ-ਦੱਸੇ ਪਾ ਦਿੱਤਾ ਗਿਆ ਸੀ। 2006 ਵਿਚ ਖੁਦ ਹੀ ਅਖੌਤੀ 'ਦਸਮ ਗ੍ਰੰਥ' ਵਿਰੁੱਧ ਜਾਰੀ ਕੀਤੇ ਹੁਕਮਨਾਮੇ ਦੀ ਵਿਰੋਧਤਾ ਕਰਦਿਆਂ ਇਸਦਾ ਸ਼ਰੇਆਮ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਵਾਇਆ ਗਿਆ। ਪੰਜਾਬੋਂ ਬਾਹਰਲੇ ਤਖ਼ਤਾਂ 'ਤੇ ਤਾਂ 'ਦਸਮ ਗ੍ਰੰਥ' ਦਾ ਪ੍ਰਕਾਸ਼ ਸ਼ਰੇਆਮ ਕੀਤਾ ਹੀ ਹੋਇਆ ਹੈ। ਹੋਰ ਵੀ ਬਹੁਤ ਸਾਰੇ ਐਸੇ ਫੈਸਲੇ ਹਨ, ਜੋ ਅਕਾਲ ਤਖ਼ਤ ਤੋਂ ਅੱਜ 'ਪੰਥ ਦੇ ਵਿਰੋਧ' ਵਿਚ ਲਏ ਜਾ ਰਹੇ ਹਨ।
ਅੱਜ ਤਖ਼ਤਾਂ ਦੇ ਇਹ ਜਥੇਦਾਰ ਆਰ.ਐਸ.ਐਸ. ਦੇ ਏਜੰਟ ਬਾਦਲ ਦੇ ਗੁਲਾਮ ਤਾਂ ਹਨ ਹੀ, ਨਾਲ ਹੀ ਇਹ ਬ੍ਰਾਹਮਣਵਾਦ ਦੇ ਝੰਡਾਬਰਦਾਰ ਅਖੌਤੀ ਸੰਤਾਂ-ਬਾਬਿਆਂ (ਜੋ ਕਿ ਆਮ ਤੌਰ 'ਤੇ ਸਿੱਖੀ ਦੇ ਵਿਰੋਧ ਵਿਚ ਹੀ ਭੁਗਤ ਰਹੇ ਹਨ) ਦੇ ਵੀ ਨਾਲ ਰਲੇ ਹੋਏ ਹਨ। ਇਨ੍ਹਾਂ ਤਿੰਨਾਂ ਦੇ ਗਠਜੋੜ (ਬਾਦਲ, ਤਖ਼ਤਾਂ ਦੇ ਜਥੇਦਾਰ ਤੇ ਸੰਤ-ਬਾਬੇ) ਨੇ ਸਿੱਖਾਂ ਦੀ ਐਸੀ ਮੱਤ ਮਾਰੀ ਹੋਈ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਸਹੀ ਰਾਹ ਹੈ ਕਿਹੜਾ? ਇਨ੍ਹਾਂ ਤਿੰਨਾਂ ਦੇ ਗਠਜੋੜ ਨੇ ਸਿੱਖਾਂ ਨੂੰ ਏਨੀ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ ਕਿ ਜੇਕਰ ਕੋਈ ਸਹੀ ਸਿੱਖੀ ਦੀ ਗੱਲ ਕਰਦਾ ਹੈ, ਉਸਨੂੰ ਇਹ 'ਮੂਰਖ' ਸਾਬਤ ਕਰਨ ਲਈ ਟਿੱਲ ਦਾ ਜ਼ੋਰ ਲਾ ਦਿੰਦੇ ਹਨ ਕਿਉਂਕਿ ਉਸ ਨਾਲ ਇਨ੍ਹਾਂ ਦੀ ਇਸ ਸਲਤਨਤ ਨੂੰ ਖਤਰਾ ਖੜ੍ਹਾ ਹੋ ਜਾਂਦਾ ਹੈ। ਇਨ੍ਹਾਂ ਦੀ ਇਸ ਸੋਚ ਨੂੰ ਭਾਰਤੀ ਸਿਸਟਮ ਦੀ ਸਰਪ੍ਰਸਤੀ ਹਾਸਲ ਹੋਣ ਕਰਕੇ 95% ਸਿੱਖਾਂ ਦੀ ਪ੍ਰਵਿਰਤੀ ਵੀ ਇਨ੍ਹਾਂ ਵਾਲੀਆਂ ਗੱਲਾਂ ਨੂੰ ਮੰਨਣ ਵਿਚ ਹੀ ਭਲਾਈ ਸਮਝਣ ਲੱਗ ਪਈ ਹੈ।
ਹਾਲਾਤ ਇਹ ਬਿਆਨ ਕਰਦੇ ਹਨ ਕਿ ਸਿੱਖਾਂ ਦੇ 'ਗੁਰੂ ਗ੍ਰੰਥ ਤੇ ਗੁਰੂ ਪੰਥ' ਦੇ ਸਿਧਾਂਤ ਦਾ ਗਲਾ ਪੰਜਾਬ ਵਿਚ ਤਾਂ ਲਗਭਗ ਘੁੱਟ ਹੀ ਦਿਤਾ ਗਿਆ ਹੈ ਤੇ ਇਸਦਾ ਦਿਮਾਗੀ ਅਸਰ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਉਪਰ ਵੀ ਪੈਣਾ ਸ਼ੁਰੂ ਹੋ ਗਿਆ ਹੈ, ਭਾਵੇਂ ਕਿ ਵਿਦੇਸ਼ਾਂ ਵਿਚ ਜਾਗਦੀ ਜਮੀਰ ਵਾਲੇ ਅਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਪਿਆਰ ਕਰਨ ਵਾਲੇ ਸਿੱਖਾਂ ਦੇ ਖੂਨ ਵਿਚ ਕੁਝ ਕਰੰਟ ਬਾਕੀ ਹੈ। ਪਰ ਜਦੋਂ ਸਿੱਖੀ ਦੇ ਗੜ੍ਹ ਵਿਚੋਂ ਹੀ ਸਿੱਖੀ ਦਾ 'ਬੀਜ ਨਾਸ' ਕਰਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ ਤਾਂ ਵਿਦੇਸ਼ਾਂ ਵਿਚਲੇ ਸਿੱਖ ਵੀ ਕਿੰਨਾ ਕੁ ਚਿਰ ਸਿੱਖੀ ਨੂੰ ਸੰਭਾਲ ਸਕਣਗੇ? ਜੇਕਰ ਉਨ੍ਹਾਂ ਆਪਣੀ ਉਮਰ ਇਨ੍ਹਾਂ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਲੰਘਾ ਵੀ ਲਈ ਤਾਂ ਉਨ੍ਹਾਂ ਦੀ ਅਗਲੀ ਪੀੜ੍ਹੀ ਦੇ ਪੱਛਮੀ ਮੁਲਕਾਂ ਦੇ ਅਸਰ ਹੇਠ ਸਿੱਖੀ ਤੋਂ ਬਾਗੀ ਹੋਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮਸਲੇ ਦਾ ਹੱਲ ਇਹ ਹੈ ਕਿ ਇਨ੍ਹਾਂ ਤਿੰਨਾਂ (ਬਾਦਲ, ਤਖ਼ਤਾਂ ਦੇ ਜਥੇਦਾਰ ਤੇ ਸੰਤ-ਬਾਬੇ) ਦੇ ਗਠਜੋੜ ਨੂੰ ਚੰਗੀ ਤਰ੍ਹਾਂ ਤੋੜਿਆ ਜਾਵੇ। 30 ਜਨਵਰੀ 2012 ਦੀਆਂ ਚੋਣਾਂ ਦੇ ਸਰਵੇਖਣਾਂ ਤੋਂ ਸਪੱਸ਼ਟ ਹੈ ਕਿ ਬਾਦਲ ਦਲ ਭਾਵੇਂ ਪੰਜਾਬ ਦੇ ਸਿਆਸੀ ਪਿੜ ਵਿਚੋਂ ਹਟਾ ਦਿੱਤੇ ਗਏ ਹਨ ਪਰ ਧਾਰਮਿਕ ਖੇਤਰ ਵਿਚ ਉਨ੍ਹਾਂ ਦਾ ਬੋਲਬਾਲਾ ਅਜੇ ਵੀ ਕਾਇਮ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵਿਚੋਂ ਵੀ ਬਾਦਲ ਦਲ ਨੂੰ ਭਜਾਉਣਾ ਲਾਜਮੀ ਹੈ। ਇਸ ਤੋਂ ਇਲਾਵਾ ਤਖ਼ਤਾਂ ਦੇ ਜਥੇਦਾਰਾਂ ਤੇ ਅਖੌਤੀ ਸੰਤਾਂ-ਬਾਬਿਆਂ ਦਾ ਭੋਗ ਪਾਉਣਾ ਵੀ ਲਾਜ਼ਮੀ ਹੈ। ਇਸ ਤੋਂ ਬਿਨਾਂ ਸਿੱਖਾਂ ਸਿਰ ਮੜ੍ਹਿਆ ਇਹ ਕੋਹੜ ਖਤਮ ਨਹੀਂ ਹੋ ਸਕੇਗਾ। ਆਓ ਇਸ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਜ਼ੋਰਦਾਰ ਹੰਭਲਾ ਮਾਰਕੇ 'ਗੁਰੂ ਗ੍ਰੰਥ ਤੇ ਗੁਰੂ ਪੰਥ' ਦੇ ਸਿਧਾਂਤ ਦੀ ਮੁੜ ਤੋਂ ਸਥਾਪਤੀ ਕਰੀਏ।
- ਸਿੱਖ ਗਾਰਡੀਅਨ 'ਚੋਂ ਧੰਨਵਾਦ ਸਾਹਿਤ