ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਖਿਰ ਕਦੋਂ ਮਿਲੇਗਾ ਇਨਸਾਫ਼ 1984 ਦੇ ਸਿੱਖ ਪੀੜਤਾਂ ਨੂੰ


ਭਾਰਤ ਦੀ ਆਜ਼ਾਦੀ ਲਈ 90 ਪ੍ਰਤੀਸ਼ਤ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ 1984 ਵਿਚ ਜੋ ਜ਼ਲਾਲਤ ਸਹਿਣੀ ਪਈ ਉਹ ਸ਼ਾਇਦ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰਣ ਵਾਲਾ ਕਦਮ ਅੰਗਰੇਜ਼ਾਂ ਨੇ ਵੀ ਨਾ ਚੁੱਕਿਆ ਹੈ। ਆਪਣੇ ਦੇਸ਼ ਅੰਦਰ ਘੱਟ ਗਿਣਤੀ ਉਪਰ ਬਹੁਗਿਣਤੀ ਵਲੋਂ ਕੀਤਾ ਗਿਆ ਇਹ ਜ਼ੁਲਮ ਇਤਿਹਾਸ ਦੇ ਪੰਨਿਆਂ ਵਿਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਆਪਣੇ ਇਸ ਇਤਿਹਾਸ ਦੇ ਕਾਲੇ ਪੰਨਿਆਂ ਨੂੰ ਪੜ੍ਹ ਕੇ ਉਸ ਮਾੜੇ ਵਕਤ ਅਤੇ ਮੌਕੇ ਦੀਆਂ ਸਰਕਾਰਾਂ ਨੂੰ ਕੋਸਣਗੇ ਜਿਨ੍ਹਾਂ ਇਕ ਆਜ਼ਾਦ ਦੇਸ਼ ਵਿਚ ਘੱਟ ਗਿਣਤੀ ਉਤੇ ਜ਼ੁਲਮ ਹੋਣ ਦਿੱਤਾ।
ਸਦਾ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਉਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਜ਼ੁਲਮ ਹੋਇਆ ਉਸ ਤੋਂ ਸਿਰਫ਼ ਸਿੱਖ ਭਾਈਚਾਰੇ ਦਾ ਹਿਰਦੇ ਹੀ ਕੰਬ ਨਹੀਂ ਉਠਿਆ ਸਗੋਂ ਸਮੁੱਚੇ ਸੰਸਾਰ ਦੇ ਬੁੱਧੀਜੀਵੀਆਂ ਵਲੋਂ ਵੀ ਇਸ ਨਸਲਕੁਸ਼ੀ ਦੀ ਵਿਆਪਕ ਨਿੰਦਿਆ ਕੀਤੀ ਗਈ ਪਰ ਕੀ ਬੁੱਧੀਜੀਵੀਆਂ, ਰਾਜਨੀਤੀਕਾਰਾਂ ਅਤੇ ਸਮੇਂ ਸਮੇਂ 'ਤੇ ਬਦਲੀਆਂ ਰਹੀਆਂ ਸਰਕਾਰਾਂ ਵਲੋਂ ਸਿਰਫ਼ ਅਫ਼ਸੋਸ ਪ੍ਰਗਟ ਕਰ ਦੇਣਾ ਹੀ ਸਿੱਖਾਂ 'ਤੇ ਹੋਏ ਜ਼ੁਲਮ ਦਾ ਬਦਲ ਹੈ। ਸ਼ਾਇਦ ਨਹੀਂ, ਭਾਵੇਂ ਉਸ ਸਮੇਂ ਕਾਂਗਰਸ ਪਾਰਟੀ ਸੱਤਾ ਵਿਚ ਸੀ ਅਤੇ ਦੇਸ਼ ਦਾ ਸਭ ਤੋਂ ਪਹਿਲਾ ਵਿਅਕਤੀ ਭਾਵ ਰਾਸ਼ਟਰਪਤੀ ਇਕ ਸਿੱਖ ਸੀ ਅਤੇ ਸਿੱਖ ਹੋਣ ਤੋਂ ਪਹਿਲਾਂ ਉਹ ਇਕ ਆਜ਼ਾਦ ਦੇਸ਼ ਦਾ ਅਜਿਹਾ ਪਹਿਲਾ ਨਾਗਰਿਕ ਸੀ ਜਿਸ ਨੂੰ ਆਪਣੇ ਦੇਸ਼ ਦੇ ਘੱਟ ਗਿਣਤੀ ਤਬਕੇ ਦੇ ਭਲੇ ਲਈ ਵਿਆਪਕ ਕਦਮ ਚੁੱਕਣ ਦੀ ਲੋੜ ਸੀ। ਇਹੀ ਨਹੀਂ ਉਸ ਸਮੇਂ ਸਮੁੱਚੇ ਭਾਰਤ ਦਾ ਅੰਨ੍ਹ ਭੰਡਾਰ ਕਹੇ ਜਾਣ ਵਾਲੇ ਪੰਜਾਬ ਦਾ ਮੁੱਖ ਮੰਤਰੀ ਵੀ ਇਕ ਸਿੱਖ ਸੀ। ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਆਜ਼ਾਦ ਭਾਰਤ ਉਪਰ ਸਭ ਤੋਂ ਵੱਧ ਦੇਰ ਤੱਕ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੇ ਉੱਚ ਨੇਤਾ ਰਾਜੀਵ ਗਾਂਧੀ ਦਾ ਬਿਆਨ ਕਿ ''ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਆਸ-ਪਾਸ ਦੀ ਧਰਤੀ ਤਾਂ ਕੰਬਦੀ ਹੀ ਹੈ'' ਸੱਚਮੁੱਚ ਹੀ ਨਿਰਾਸ਼ ਕਰ ਦੇਣ ਵਾਲਾ ਬਿਆਨ ਸੀ। ਭਾਵੇਂ ਹੁਣ ਤੱਕ 1984 ਕਾਂਡ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ ਪਰ ਹੋਰਨਾਂ ਪਾਰਟੀਆਂ ਨੇ ਵੀ ਸ਼ਾਇਦ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਭਾਵੇਂ ਸਿੱਖਾਂ ਨੂੰ ਨਿਆਂ ਦਿਵਾਉਣ ਦਾ ਲਾਰਾ ਲਾਇਆ ਹੋਵੇ ਪਰ ਅਸਲ ਵਿਚ 27 ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਹੱਥ ਲੱਗੀ ਹੈ ਤਾਂ ਸਿਰਫ਼ ਨਮੋਸ਼ੀ ਅਤੇ ਜਿੱਲਤ। 1984 ਵਿਚ ਕਤਲ ਹੋਇਆ ਹਰ ਇਕ ਸਿੱਖ ਆਪਣੇ ਪਿੱਛੇ ਆਪਣੀ ਮਾਂ, ਭੈਣ, ਪਤਨੀ ਜਾਂ ਬੱਚੇ ਛੱਡ ਗਿਆ। ਸਮੇਂ ਸਮੇਂ 'ਤੇ ਸੱਤਾ 'ਤੇ ਹਾਵੀ ਰਹਿਣ ਵਾਲੀਆਂ ਪਾਰਟੀਆਂ ਨੇ ਵੀ ਇਨ੍ਹਾਂ ਵਕਤ ਦੇ ਮਾਰਿਆਂ ਦੀ ਸਾਰ ਲੈਣਾ ਆਪਣਾ ਫਰਜ਼ ਨਹੀਂ ਸਮਝਿਆ। '84 ਦੇ ਕਤਲੇਆਮ ਵਿਚ ਸਿਰਫ਼ ਇਕ ਸਿੱਖ ਕਤਲ ਨਹੀਂ ਹੋਇਆ ਸਗੋਂ ਉਸ ਦੀ ਮਾਂ, ਉਸ ਦੀ ਭੈਣ, ਉਸ ਦੀ ਪਤਨੀ ਹੀ ਨਹੀਂ ਸਗੋਂ ਸਮੁੱਚਾ ਪਰਿਵਾਰ ਕਤਲ ਜਾਂ ਅਪਾਹਜ ਜ਼ਰੂਰ ਹੋ ਗਿਆ। ਹਰ ਇਨਸਾਨ ਆਪਣੇ ਤੋਂ ਜ਼ਿਆਦਾ ਆਪਣੇ ਪਰਿਵਾਰ ਦੀ ਭਲਾਈ ਦਾ ਸੁਪਨਾ ਦੇਖਦਾ ਹੈ ਪਰ '84 ਦੇ ਕਤਲੇਆਮ ਵਿਚ ਕਤਲ ਹੋਏ ਸਿੱਖਾਂ ਦੇ ਪਰਿਵਾਰਾਂ ਨਾਲ ਜੋ ਕੁਝ ਵਾਪਰ ਰਿਹਾ ਹੈ ਉਸ ਬਾਰੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਵੇਗਾ। ਸਮੇਂ ਸਮੇਂ 'ਤੇ ਸੱਤਾ 'ਤੇ ਹਾਵੀ ਰਹੀਆਂ ਸਰਕਾਰਾਂ ਨੂੰ ਚਾਹੀਦਾ ਸੀ ਕਿ ਭਾਵੇਂ ਉਹ '84 ਦੇ ਕਤਲੇਆਮ ਨੂੰ ਰੋਕਣ ਵਿਚ ਨਾਕਾਮਯਾਬ ਰਹੀਆਂ ਅਤੇ ਇਸ ਨੂੰ ਕਤਲੇਆਮ ਨਾ ਕਹਿ ਕੇ ਆਮ ਲੋਕਾਂ ਦਾ ਰੋਹ ਦੱਸਦੀਆਂ ਰਹੀਆਂ, ਇਨ੍ਹਾਂ ਸਰਕਾਰਾਂ ਨੂੰ ਚਾਹੀਦਾ ਸੀ ਕਿ '84 ਤੋਂ ਬਾਅਦ ਘੱਟੋ ਘੱਟ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਦੇ ਭਲੇ ਲਈ ਕੋਈ ਵਿਆਪਕ ਯੋਜਨਾ ਜਾਂ ਸਕੀਮ ਲਾਗੂ ਕਰਦੀ ਪਰ ਹੋਇਆ ਇਸ ਤੋਂ ਬਿਲਕੁਲ ਉਲਟ। 27 ਸਾਲ ਬੀਤ ਜਾਣ ਤੋਂ ਬਾਅਦ ਵੀ '84 ਦੇ ਕਤਲੇਆਮ ਵਿਚ ਸ਼ਾਮਲ ਕਿਸੇ ਵੀ ਵੱਡੇ ਨੇਤਾ ਨੂੰ ਸਜ਼ਾ ਨਹੀਂ ਮਿਲ ਸਕੀ। ਭਾਵੇਂ ਕਈ ਕਮੇਟੀਆਂ, ਕਈ ਕਮਿਸ਼ਨ ਅਤੇ ਕਈ ਰਿਪੋਰਟਾਂ ਅਦਾਲਤਾਂ ਵਿਚ ਪੇਸ਼ ਕੀਤੀਆਂ ਗਈਆਂ ਪਰ ਕਤਲੇਆਮ ਦੇ ਅਸਲ ਕਾਰਨਾਂ ਦਾ ਸ਼ਾਇਦ ਸਰਕਾਰ ਨੂੰ ਪਤਾ ਹੀ ਨਹੀਂ ਲੱਗ ਸਕਿਆ ਜਾਂ ਫਿਰ ਉਹ ਪਤਾ ਲਗਾਉਣਾ ਨਹੀਂ ਚਾਹੁੰਦੀਆਂ। ਸਿੱਖਾਂ ਨੂੰ ਮਾਰਨ ਲਈ ਵੋਟਰ ਸੂਚੀਆਂ ਦਾ ਦੇਣਾ, ਰਾਸ਼ਨ ਕਾਰਡ ਮੁਹੱਈਆ ਕਰਵਾਉਣੇ, ਮਿੱਟੀ ਦਾ ਤੇਲ ਦੇਣਾ ਅਤੇ ਸਰਕਾਰੀ ਮਸ਼ੀਨੀ ਦਾ ਕੁੰਭਕਰਨੀ ਨੀਂਦ ਸੌਂ ਜਾਣਾ ਸਮੇਂ ਦੀਆਂ ਸਰਕਾਰ ਵਲੋਂ ਪਾਇਆ ਗਿਆ ਦਬਾਅ ਹੀ ਜਾਪਦਾ ਹੈ। ਪਰ ਸ਼ਾਇਦ ਸਾਡੀ ਨਿਆਂ ਪ੍ਰਣਾਲੀ ਏਨਾ ਕੁ ਕਮਜ਼ੋਰ ਅਤੇ ਅਪਾਹਜ ਹੋ ਚੁੱਕੀ ਹੈ ਕਿ ਉਹ ਸਿਰਫ਼ ਸਬੂਤਾਂ ਦੇ ਆਧਾਰ 'ਤੇ ਆਪਣਾ ਫੈਸਲਾ ਦੇਣ ਲਈ ਮਜ਼ਬੂਰ ਹੈ। ਹੁਣ ਸਵਾਲ ਉਠਦਾ ਹੈ ਕਿ ਕੀ ਸਾਡੀ ਨਿਆਂਪਾਲਿਕਾ ਨੂੰ ਇਸ ਤੋਂ ਵੱਡਾ ਸਬੂਤ ਕੀ ਚਾਹੀਦਾ ਹੈ ਕਿ ਇਕ ਮਾਂ ਨੇ ਆਪਣੇ ਪੁੱਤਰ ਨੂੰ ਭੀੜ ਵਲੋਂ ਟਾਇਰ ਪਾ ਕੇ ਸੜਦਾ ਦੇਖਿਆ ਹੋਵੇ। ਕੀ ਸਾਡੀ ਨਿਆਂ ਪ੍ਰਣਾਲੀ ਇਕ ਭੈਣ ਜਾਂ ਇਕ ਪਤਨੀ ਵਲੋਂ ਆਪਣੇ ਭਰਾ ਜਾਂ ਪਤੀ ਨੂੰ ਜਿਉਂਦਿਆਂ ਸਾੜਨ ਦੀ ਘਟਨਾ ਬਾਰੇ ਦਿੱਤੇ ਗਏ ਬਿਆਨ ਨੂੰ ਸਹੀ ਨਹੀਂ ਮੰਨਦੀ?  ਇਕ ਮਾਂ ਜਿਸ ਨੇ ਆਪਣੇ ਪੁੱਤ ਦੇ ਵਿਆਹ ਲਈ ਸਿਹਰੇ ਦਾ ਸੁਪਨਿਆਂ ਦੇਖਿਆ ਹੋਵੇ ਉਸ ਮਾਂ ਪੁੱਤ ਦੀ ਅਧ ਸੜੀ ਲਾਸ਼ ਨੂੰ ਆਪਣੇ ਅੱਖੀਂ ਵੇਖਣ ਤੋਂ ਵੱਡਾ ਦੁੱਖ ਹੋਰ ਕੀ ਹੋਵੇਗਾ।  ਇਕ ਭੈਣ ਜਿਸ ਨੇ ਆਪਣੇ ਭਰਾ ਨੂੰ ਘੋੜੀ ਚੜ੍ਹਦਾ ਵੇਖਣਾ ਹੋਵੇ ਉਸ ਨੂੰ ਭੀੜ ਵਲੋਂ ਘੇਰ ਕੇ ਗਲੇ ਵਿਚ ਟਾਇਰ ਪਾਏ ਸੜਨ ਦਾ ਦ੍ਰਿਸ਼ ਦੇਖਣਾ ਉਸ ਭੈਣ ਲਈ ਕਿੰਨਾ ਦਰਦਨਾਕ ਹੋਵੇਗਾ ਇਸ ਨੂੰ ਸ਼ਾਇਦ ਸ਼ਬਦਾਂ ਵਿਚ ਬਿਆਨ ਕਰਨਾ ਕਿਸੇ ਲਿਖਾਰੀ ਦੇ ਵਸ ਨਾ ਹੋਵੇ। ਉਸ ਭੈਣ ਦੇ ਧੁਰ ਅੰਦਰੋਂ ਨਿਕਲੀਆਂ ਚੀਸਾਂ ਨੂੰ ਕਲਮਬੱਧ ਕਰਨ ਦਾ ਹੌਂਸਲਾ ਭਾਵੇਂ ਕਈ ਸ਼ਾਇਰ ਆਪਣੀਆਂ ਭਾਵਨਾਤਮਿਕ ਕਵਿਤਾਵਾਂ ਜਾਂ ਲੇਖ ਵਿਚ ਕਰ ਚੁੱਕੇ ਹਨ ਪਰ ਅਸਲ ਵਿਚ ਉਸ ਭੈਣ ਦੀਆਂ ਪਿਛਲੇ 27 ਸਾਲਾਂ ਤੋਂ ਖਾਮੋਸ਼ ਪਈਆਂ ਚੀਕਾਂ ਨੂੰ ਸੁਣਨ ਵਾਲਾ ਸ਼ਾਇਦ ਕੋਈ ਨਹੀਂ। ਆਪਣੇ ਜਿਗਰ ਦੇ ਟੋਟੇ ਨੂੰ ਦੰਗਾਈਆਂ ਵਲੋਂ 'ਗ਼ਦਾਰ' ਕਹਿ ਕੇ ਸਾੜੇ ਜਾਣ ਦੀ ਘਟਨਾ ਨੂੰ ਸ਼ਾਇਦ ਉਹ ਮਾਂ ਕਦੇ ਵੀ ਨਾ ਭੁਲਾ ਸਕੇ। ਜ਼ਿਕਰਯੋਗ ਹੈ ਦੰਗਾਈਆਂ ਵਲੋਂ ਵਰਤਿਆ ਗਿਆ ਇਹ ਲਫ਼ਜ਼ 'ਗਦਾਰ' ਉਨ੍ਹਾਂ ਸਰਦਾਰਾਂ ਲਈ ਸੀ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਲਾਏ ਅਤੇ ਕੁਰਬਾਨੀਆਂ ਦਿੱਤੀਆਂ। ਇਹ ਉਹੀ ਸਰਦਾਰ ਸਨ ਜਿਨ੍ਹਾਂ ਨੇ ਆਪਣਾ ਘਰ ਬਾਰ ਛੱਡ ਕੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਆਸਣ ਦੱਸਦਿਆਂ ਹਿੰਦੂਆਂ ਸਮੇਤ ਹੋਰ ਕਈ ਜਾਤੀਆਂ ਦੀਆਂ ਧੀਆਂ ਭੈਣਾਂ ਨੂੰ ਉਸ ਸਮੇਂ ਦੇ ਜ਼ਾਲਮ ਰਾਜਿਆਂ, ਸ਼ਾਹੂਕਾਰਾਂ ਅਤੇ ਹੈਵਾਨਾਂ ਤੋਂ ਬਚਾਇਆ ਪਰ ਇਨ੍ਹਾਂ ਵਕਤ ਦੇ ਜ਼ਾਲਮਾਂ ਨੇ ਇਨ੍ਹਾਂ ਸੂਰਬੀਰਾਂ ਨੂੰ 'ਗਦਾਰ' ਦੀ ਉਪਾਧੀ ਦੇ ਕੇ ਨਿਵਾਜਿਆ। ਸਰਕਾਰੀ ਅੰਕੜਿਆਂ ਦੀ ਜੇਕਰ ਗੱਲ ਕਰੀਏ ਤਾਂ 3 ਹਜ਼ਾਰ ਸਿੱਖ ਇਸ ਕਤਲੋਗਾਰਤ ਵਿਚ ਮਾਰੇ ਗਏ। ਇਸ ਤੋਂ ਇਲਾਵਾ ਗੋਆ, ਗੁਜਰਾਤ, ਝਾਰਖੰਡ, ਕਰਨਾਟਕਾ, ਤਾਮਿਲਨਾਡੂ, ਆਸਾਮ, ਰਾਜਸਥਾਨ, ਉੜੀਸਾ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਸਮੇਤ ਲਗਭਗ ਦੇਸ਼ ਦੇ ਹਰ ਹਿੱਸੇ ਵਿਚ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਏਨੀ ਵੱਡੀ ਗਿਣਤੀ ਵਿਚ ਇਕੋ ਸਮੇਂ ਦੰਗਾਕਾਰੀਆਂ ਵਲੋਂ ਕੀਤੇ ਗਏ ਯੋਜਨਾਬੱਧ ਹਮਲਿਆਂ ਅੱਗੇ ਸਿੱਖਾਂ ਦੀ ਇਕ ਨਾ ਚੱਲੀ ਅਤੇ ਸਮੁੱਚਾ ਦੇਸ਼ ਸਿੱਖਾਂ ਦੀ ਚਿਤਾ ਪ੍ਰਤੀਤ ਹੁੰਦਾ ਦਿਸਿਆ। ਸਰਕਾਰੀ ਬੁਲਾਰਿਆਂ ਵਲੋਂ ਬੜੀ ਹੀ ਬੇਸ਼ਰਮੀ ਨਾਲ ਬਿਆਨ ਦਿੱਤਾ ਗਿਆ ਕੀ ''ਸਿਰਫ਼ 3 ਹਜ਼ਾਰ ਸਿੱਖ ਮਾਰੇ ਗਏ ਹਨ'', ਇਕ ਆਜ਼ਾਦ ਦੇਸ਼ ਦੇ ਸਰਕਾਰੀ ਬੁਲਾਰਿਆਂ ਵਲੋਂ ਦਿੱਤਾ ਗਿਆ ਇਹ ਬਿਆਨ ਸੱਚਮੁੱਚ ਹੀ ਨਿਰਾਸ਼ਾਜਨਕ ਸੀ। ਭਾਵੇਂ ਸਮੁੱਚੇ ਭਾਰਤ ਵਿਚ ਮਾਰੇ ਗਏ ਸਿੱਖਾਂ ਦੀ ਗਿਣਤੀ ਅੱਜ ਤੱਕ ਨਹੀਂ ਹੋ ਸਕੀ ਪਰ ਫਿਰ ਵੀ 35 ਹਜ਼ਾਰ ਤੋਂ ਵੱਧ ਸਿੱਖਾਂ ਦੇ ਕਤਲ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਸ਼ਾਇਦ ਸਰਕਾਰ ਨੂੰ ਇਕ ਇਨਸਾਨ ਦੀ ਮੌਤ ਤੋਂ ਜ਼ਿਆਦਾ ਅੰਕੜਿਆਂ ਵਿਚ ਦਿਲਚਸਪੀ ਸੀ ਜਿਸ ਨੂੰ ਦੇਖਦਿਆਂ ਸਰਕਾਰੀ ਬੁਲਾਰਿਆਂ ਨੇ 3 ਹਜ਼ਾਰ ਸਿੱਖਾਂ ਦੀ ਮੌਤ ਅੱਗੇ 'ਸਿਰਫ਼' ਲਗਾਉਂਦਿਆਂ ਇਕ ਵਾਰ ਵੀ ਨਾ ਸੋਚਿਆ ਕਿ ਇਹ ਉਸ ਆਜ਼ਾਦ ਦੇਸ਼ ਦੇ ਬਾਸ਼ਿੰਦੇ ਹਨ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਸ ਤੋਂ ਵੀ ਵੱਧ ਆਪਣੇ ਆਪ ਨੂੰ ਲੋਕਾਂ ਦਾ ਨੁਮਾਇੰਦਾ ਦੱਸਣ ਵਾਲੇ ਰਾਜੀਵ ਗਾਂਧੀ ਵਲੋਂ ਦਿੱਤਾ ਗਿਆ ਬਿਆਨ ਵੀ ਬੇਹੱਦ ਅਫਸੋਸਜਨਕ ਸੀ। ਇਹੀ ਨਹੀਂ ਉਸ ਸਮੇਂ ਰਾਜੀਵ ਗਾਂਧੀ ਦੇ ਗੂੜ੍ਹੀ ਮਿੱਤਰ ਰਹੇ ਅਤੇ ਦੇਸ਼ ਦੇ ਹਰਮਨ ਪਿਆਰੇ ਅਭਿਨੇਤਾ ਅਮਿਤਾਬ ਬਚਨ ਦਾ 'ਖੂਨ ਕੇ ਛੀਂਟੇ ਪੰਜਾਬ ਤੱਕ ਜਾਨੇ ਚਾਹੀਏ', ਸਪੱਸ਼ਟ ਰੂਪ ਵਿਚ ਕਾਂਗਰਸ ਪਾਰਟੀ ਦੀ ਲੋਕਾਂ ਦੇ ਦਿਲੋਂ ਦਿਮਾਗ ਉਪਰ ਪਕੜ ਨੂੰ ਦਰਸਾਉਂਦੀ ਹੈ, ਕਿਉਂਕਿ ਉਸ ਸਮੇਂ ਦੀ ਆਬੋ-ਹਵਾ ਵਿਚ ਘੁਲਿਆ ਜ਼ਾਹਿਰ ਸਮੁੱਚੇ ਭਾਰਤ ਦੇ ਆਮ ਲੋਕਾਂ ਦੇ ਦਿਮਾਗ ਨੂੰ ਚੜ੍ਹ ਗਿਆ ਜਾਪਦਾ ਸੀ ਅਤੇ ਆਪਣੇ ਆਪ ਨੂੰ ਬਹੁਗਿਣਤੀ ਦੱਸ ਕੇ ਘੱਟ ਗਿਣਤੀ ਨੂੰ ਕੁਚਲਣਾ ਉਹ ਆਪਣਾ ਫਰਜ਼ ਸਮਝਣ ਲੱਗੇ ਸਨ। ਕਿਉਂਕਿ ਇਹ ਕਤਲੇਆਮ ਇੰਨੇ ਜ਼ਿਆਦਾ ਯੋਗਨਾਬੱਧ ਢੰਗ ਨਾਲ ਅੰਜ਼ਾਮ ਵਿਚ ਲਿਆਂਦਾ ਗਿਆ ਜਿਸ ਤੋਂ ਇਹ ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ਲੋਕਾਂ ਅੰਦਰ ਇਨ੍ਹਾਂ ਸਿੱਖਾਂ (ਗੱਦਾਰਾਂ) ਨੂੰ ਮਾਰਨ ਲਈ ਕਿੰਨਾ ਜੋਸ਼ ਸੀ। ਜਗਦੀਸ਼ ਟਾਈਟਲਰ, ਐਡੀਸ਼ਨਲ ਕਮਿਸ਼ਨਰ ਹੁਕਮ ਚੰਦ ਯਾਦਵ, ਕਲਿਆਣਪੁਰੀ ਪੁਲਿਸ ਸਟੇਸ਼ਨ ਦਾ ਮੁਖੀ ਸੂਰਜਵੀਰ ਸਿੰਘ ਤਿਆਗੀ, ਸੱਜਣ ਕੁਮਾਰ, ਧਰਮਵੀਰ ਗਾਬਾ ਜ਼ਿਲ੍ਹਾ ਅਧਿਕਾਰੀ ਵਿਜੀਲੈਂਸ ਅਤੇ ਇੰਸਪੈਕਟਰ ਰਾਠੀ ਵਰਗੇ ਪਤਾ ਨਹੀਂ ਹੋਰ ਕਿੰਨੇ ਹੈਵਾਨ ਸਨ ਜੋ ਸਿੱਖਾਂ ਦੀਆਂ ਨਸਲਾਂ ਨੂੰ ਖਤਮ ਕਰ ਦੇਣਾ ਆਪਣਾ ਫਰਜ਼ ਸਮਝਦੇ ਸਨ। ਪਰ ਹਾਲਾਤ ਹੁਣ ਵੀ ਕੁਝ ਬਹੁਤੇ ਨਹੀਂ ਬਦਲੇ। 26 ਸਾਲਾਂ ਬਾਅਦ ਹੋਂਦ ਚਿੱਲੜ ਪਿੰਡ ਅਚਾਨਕ ਸੁਰਖੀਆਂ ਵਿਚ ਆ ਜਾਂਦਾ ਹੈ, ਕਿਉਂਕਿ ਉਹ ਵੀ ਉਸੇ ਭਿਆਨਕ ਦੌਰ ਦਾ ਪ੍ਰਸ਼ਾਸਨ ਵਲੋਂ ਅਣਗੌਲਿਆ ਇਕ ਪਿੰਡ ਸੀ। ਇਥੇ 26 ਸਾਲਾਂ ਬਾਅਦ ਵੀ ਇਕ ਮਾਂ, ਭੈਣ ਅਤੇ ਪਤਨੀ ਦੀਆਂ ਆਪਣੇ ਬੇਟੇ, ਭਰਾ ਜਾਂ ਪਤੀ ਨੂੰ ਬਚਾਉਣ ਲਈ ਮਾਰੀਆਂ ਗਈਆਂ ਚੀਕਾਂ, ਪਾਏ ਗਏ ਤਰਲੇ ਸਾਫ਼ ਸੁਣੇ ਜਾ ਸਕਦੇ ਹਨ। ਇਲਾਕੇ ਦੀ ਪੁਲਿਸ ਨੇ ਬਕਾਇਦਾ ਐਫ. ਆਈ. ਆਰ. 91, ਮਿਤੀ 2.11.1984 ਨੂੰ  ਸ਼ਾਮੀਂ 6.00 ਵਜੇ ਦਰਜ ਕੀਤੀ ਪਰ 27 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਐਫ. ਆਈ. ਆਰ. ਉਪਰ ਕਾਰਵਾਈ ਨਾ ਹੋ ਸਕੀ। ਸੱਚਮੁੱਚ ਹੀ ਸ਼ਰਮ ਆਉਂਦੀ ਹੈ ਅਜਿਹੇ ਆਜ਼ਾਦ ਭਾਰਤ ਦੀ ਨਿਆਂਪਾਲਿਕਾ ਅਤੇ ਲੋਕਤੰਤਰ 'ਤੇ। ਭਾਵੇਂ ਅਕਾਲੀ ਹੋਣ ਜਾਂ ਕਾਂਗਰਸੀ ਸਭ ਨੇ ਹੀ '84 ਦੇ ਕਤਲੇਆਮ ਪੀੜਤਾਂ ਨੂੰ ਰਾਹਤ ਦੇਣ ਲਈ ਕੋਈ ਬਹੁਤਾ ਹੰਭਲਾ ਨਹੀਂ ਮਾਰਿਆ ਜਾਪਦਾ। ਹਾਂ, ਕੁਝ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੂੰ '84 ਦਾ ਜ਼ਖ਼ਮ ਹਾਲੇ ਵੀ ਹਰਾ ਲਗਦਾ ਹੋਵੇ ਪਰ ਸਾਡੀਆਂ ਸਰਕਾਰਾਂ ਦੀ ਮੰਨੀਏ ਤਾਂ ਪੰਜਾਬ ਸਮੇਤ ਸਮੁੱਚੇ ਭਾਰਤ ਵਿਚ ਹਾਲਾਤ ਬਿਲਕੁਲ ਠੀਕ ਹਨ। ਹੁਣ ਸਵਾਲ ਇਹ ਉਠਦਾ ਹੈ ਕਿ ਕੀ 27 ਸਾਲ ਬੀਤ ਜਾਣ ਤੋਂ ਬਾਅਦ ਵੀ ਜੇਕਰ ਇਨ੍ਹਾਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਫਿਰ ਅਜਿਹੇ ਲੋਕਤੰਤਰ ਅਤੇ ਨਿਆਂਪਾਲਿਕਾ ਦਾ ਕੀ ਫਾਇਦਾ? ਉਸ ਸਮੇਂ ਵੀ ਭਾਰਤ ਦਾ ਪਹਿਲਾ ਨਾਗਰਿਕ (ਰਾਸ਼ਟਰਪਤੀ) ਗਿਆਨੀ ਜ਼ੈਲ ਸਿੰਘ ਸੀ ਅਤੇ ਹੁਣ ਵੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਕ ਸਿੱਖ ਹਨ, ਪੰਜਾਬ ਦਾ ਮੁੱਖ ਮੰਤਰੀ ਵੀ ਇਕ ਸਿੱਖ ਹੈ, ਕੀ ਇਨ੍ਹਾਂ ਲੋਕਾਂ ਨੂੰ ਆਪਣੇ ਆਪ ਨੂੰ ਸਿੱਖ ਕਹਾਉਣ ਦਾ ਕੋਈ ਅਧਿਕਾਰ ਹੈ? ਕੀ ਇਨ੍ਹਾਂ ਨੂੰ ਨਹੀਂ ਪਤਾ ਕਿ 1984 ਦੀ ਤਰਜ 'ਤੇ ਸਿਆਸੀ ਰੋਟੀਆਂ ਸੇਕਦੇ ਇਨ੍ਹਾਂ ਕਿੰਨੀ ਵਾਰ ਸਰਕਾਰ ਜੋੜ ਤੋੜ ਕੀਤਾ ਹੈ? ਕਿੰਨੀ ਵਾਰ ਇਨ੍ਹਾਂ ਸਿਆਸਤਦਾਨਾਂ ਨੇ ਇਕ ਮਾਂ ਦੇ 27 ਸਾਲਾਂ ਤੋਂ ਵਗ ਰਹੇ ਹੰਝੂਆਂ ਨੂੰ ਪੂੰਝਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਸਗੋਂ ਹਰ ਆਪਣੀ ਕੋਠੀ ਦੇ ਬਾਹਰ ਘੰਟਿਆਂ ਬੱਧੀ ਰੋਸ ਪ੍ਰਦਰਸ਼ਨ ਕਰਦੇ ਦੇਖਿਆ ਹੈ? ਕਿੰਨੀ ਵਾਰ ਇਨ੍ਹਾਂ ਸਿਆਸਤਦਾਨਾਂ ਦੇ ਸਰਕਾਰੀ ਘਰਾਂ ਦੇ ਬਾਹਰ ਅੱਖਾਂ ਵਿਚ ਇਨਸਾਫ਼ ਲਈ ਗੁਹਾਰ ਲਾਉਂਦੀਆਂ ਵਿਧਵਾਵਾਂ ਦੀਆਂ ਅੱਖਾਂ ਨਾਲ ਇਨ੍ਹਾਂ ਸਿਆਸਤਦਾਨਾਂ ਦੀਆਂ ਅੱਖਾਂ ਦਾ ਟਾਕਰਾ ਹੋਇਆ ਹੈ? ਅਤੇ ਕਿੰਨੀ ਵਾਰ ਇਨ੍ਹਾਂ ਸਿਆਸਤਦਾਨਾਂ ਨੇ ਉਨ੍ਹਾਂ ਵਿਧਵਾਵਾਂ ਦੀਆਂ ਸੁੱਕ ਚੁੱਕੀਆਂ ਅੱਖਾਂ ਤੋਂ ਨਜ਼ਰਾਂ ਬਚਾਈਆਂ ਹਨ? ਇਨ੍ਹਾਂ ਸਿਆਸਤਦਾਨਾਂ ਨੂੰ ਚਾਹੀਦਾ ਸੀ ਕਿ ਉਹ ਇਨ੍ਹਾਂ ਮਾਵਾਂ ਦੀਆਂ ਅੱਖਾਂ ਨੂੰ ਪੂੰਝਦੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਹੁਣ ਵੇਖਣਾ ਇਹ ਹੋਵੇਗਾ ਕਿ ਰੋਜ਼ ਨਿੱਤ ਨਵੇਂ ਬਿਆਨ ਜਾਰੀ ਕਰਨ ਵਾਲੇ ਇਨ੍ਹਾਂ ਸਿਆਸਤਦਾਨਾਂ ਦਾ ਜ਼ਮੀਰ ਆਖਿਰ ਕਦੋਂ ਜਾਗੇਗਾ ਅਤੇ ਕਦੋਂ ਪਿਛਲੇ 27 ਸਾਲਾਂ ਤੋਂ ਆਪਣੇ ਅੱਖੀਂ ਆਪਣੇ ਪੁੱਤ ਦੀ ਮੌਤ ਨੂੰ ਵੇਖ ਚੁੱਕੀ ਇਕ ਮਾਂ ਦੀ ਧੁਖਦੀ ਹਿੱਕ ਨੂੰ ਠੰਡਕ ਮਿਲੇਗੀ।
ਗੁਰਪ੍ਰੀਤ ਸਿੰਘ