ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਲਾਹ ਇਕ ਪਾਠਕ ਦੀ..... ਕਿਉਂ ਨਾ ਜਥੇਦਾਰ ਸਾਹਿਬਾਨਾਂ ਨੂੰ ਧਾਰਮਿਕ ਦੀ ਥਾਂ ਸਿਆਸੀ ਆਗੂ ਮੰਨ ਲਿਆ ਜਾਵੇ?


ਸਿੱਖ ਸਪੋਕਸਮੈਨ ਦੇ ਪਾਠਕ ਇਸ ਵਿਚ ਛਪੀਆਂ ਖ਼ਬਰਾਂ ਅਤੇ ਰਿਪੋਰਟਾਂ ਨੂੰ ਬੜੇ ਧਿਆਨ ਨਾਲ ਪੜ੍ਹਨ ਤੋਂ ਬਾਅਦ ਅਕਸਰ ਆਪਣੇ ਸੁਝਾਅ ਸਾਨੂੰ ਭੇਜਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਸਾਨੂੰ ਇਕ ਪਾਠਕ ਨੇ ਸੁਝਾਅ ਦਿੱਤਾ ਕਿ ਸਿੱਖ ਕੌਮ ਵਿਚ ਤਖ਼ਤਾਂ ਦੇ ਜਥੇਦਾਰਾਂ ਦੀ ਹੋਂਦ, ਕੰਮ ਦਾ ਅਧਿਕਾਰ ਅਤੇ ਨਿਯੁਕਤੀਆਂ ਬਾਰੇ ਵਿਚਾਰ ਚਰਚਾ ਚਲਦੀ ਰਹਿੰਦੀ ਹੈ ਜਿਸ ਨਾਲ ਕੌਮ ਵਿਚ ਬਹੁਭਾਂਤੀ ਮੱਤ ਹੋਣ ਕਰਕੇ ਫੁੱਟ ਦਾ ਕਾਰਨ ਬਣਦੀ ਰਹਿੰਦੀ ਹੈ। ਇਸ ਪਾਠਕ ਨੇ ਸੁਝਾਅ ਦਿੱਤਾ ਕਿ ਕਿਉਂ ਨਾ ''ਇਹਨਾਂ ਜਥੇਦਾਰਾਂ ਨੂੰ ਇਕ ਧਾਰਮਿਕ ਆਗੂ ਮੰਨਣ ਦੀ ਥਾਂ ਸਿਆਸੀ ਆਗੂ ਹੀ ਮੰਨ ਲਿਆ ਜਾਵੇ''। ਇਸ ਵੀਰ ਦਾ ਸੁਝਾਅ ਸੀ ਕਿ ਇਹਨਾਂ ਜਥੇਦਾਰਾਂ ਦੀ ਨਿਯੁਕਤੀ ਵੀ ਸਿਆਸੀ ਆਗੂ ਹੀ ਕਰਦੇ ਹਨ ਅਤੇ ਇਹਨਾਂ ਦੀਆਂ ਸਰਗਰਮੀਆਂ ਅਤੇ ਵਿਚਾਰ ਵੀ ਬਹੁਤੇ ਕਰਕੇ ਧਾਰਮਿਕ ਦੀ ਥਾਂ ਸਿਆਸੀ ਹੀ ਹੁੰਦੇ ਹਨ ਇਸ ਲਈ ਇਹਨਾਂ ਨੂੰ ਧਾਰਮਿਕ ਦੀ ਥਾਂ 'ਤੇ ਆਿਸੀ ਆਗੂ ਦਾ ਰੁਤਬਾ ਦੇ ਕੇ ਕੌਮ ਦੀ ਰਾਜਨੀਤਕ ਅਗਵਾਈ ਕਰਨ ਲਈ ਅੱਗੇ ਲਿਆਂਦਾ ਜਾਵੇ। ਇਸ ਪਾਠਕ ਦਾ ਸੁਝਾਅ ਸੀ ਕਿ ਧਾਰਮਿਕ ਤੌਰ 'ਤੇ ਸਾਡੇ ਪਾਸ ਅਗਵਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਪੱਸ਼ਟ ਰੂਪ ਵਿਚ ਉੱਚ ਸੰਦੇਸ਼ ਵਿਚ ਮੌਜੂਦ ਹੈ ਉਂਝ ਵੀ ਧਾਰਮਿਕ ਮੁੱਖ ਸਥਾਨ ਹੀ ਹਰਿਮੰਦਰ ਸਾਹਿਬ ਹੈ ਜਦਕਿ ਸ੍ਰੀ ਅਕਾਲ ਤਖ਼ਤ ਸਮੇਤ ਬਾਕੀ ਦੇ ਤਖ਼ਤ ਧਾਰਮਿਕ ਗਤੀਵਿਧੀਆਂ ਦੇ ਨਾਲ ਨਾਲ ਸਿਆਸੀ ਸਰਗਰਮੀਆਂ ਦਾ ਕੇਂਦਰ ਬਣ ਚੁੱਕੇ ਹਨ। ਇਸ ਪਾਠਕ ਦਾ ਇਕ ਸੁਝਾਅ ਇਹ ਵੀ ਸੀ ਕਿ ਜਦੋਂ ਪਿਛਲੇ ਸਮੇਂ ਵਿਚ ਅਸੀਂ ਇਹਨਾਂ ਜਥੇਦਾਰਾਂ ਦੀਆਂ ਧਾਰਮਿਕ ਸਰਗਰਮੀਆਂ ਨੂੰ ਪਰਖ ਹੀ ਚੁੱਕੇ ਹਾਂ ਜਿਸ ਵਿਚ ਇਹਨਾਂ ਨੇ ਕੌਮ ਵਿਚ ਇਹਨਾਂ ਦੇ ਹੁਕਮਨਾਮੇ ਜਾਂ ਆਦੇਸ਼ਾਂ ਸਦਕਾ ਕੌਮ ਵਿਚ ਏਕਤਾ ਦੀ ਥਾਂ ਫੁੱਟ ਦਾ ਕਾਰਨ ਬਣੇ ਹਨ। ਇਸੇ ਗੱਲ ਨੂੰ ਲੈ ਕੇ ਕੌਮ ਵਿਚ ਇਹ ਚਰਚਾ ਵੀ ਰਹੀ ਹੈ ਕਿ ਇਹਨਾਂ ਕੋਲ ਕੋਈ ਅਜਿਹਾ ਅਧਿਕਾਰ ਨਹੀਂ ਜੋ ਗੁਰੂ ਸਾਹਿਬਾਨ ਜਾਂ ਗੁਰਬਾਣੀ ਅਨੁਸਾਰ ਵਿਸ਼ੇਸ਼ ਤਾਕਤ ਦਿੰਦਾ ਹੋਵੇ। ਦੂਸਰੇ ਪਾਸੇ ਕਈ ਸਿੱਖਾਂ ਦਾ ਵਿਚਾਰ ਹੈ ਕਿ ਤਖ਼ਤਾਂ ਦੇ ਜਥੇਦਾਰਾਂ ਦਾ ਹੁਕਮ 'ਰੱਬੀ ਫੁਰਮਾਨ' ਤੁਲ ਹੁੰਦਾ ਹੈ। ਇਸ ਦੁਬਿਧਾ ਨੇ ਵੀ ਕੌਮ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਹੈ। ਪਰ ਜੇਕਰ ਇਹਨਾਂ ਜਕੇਦਾਰਾਂ ਨੂੰ ਧਾਰਮਿਕ ਦੀ ਥਾਂ ਸਿਆਸੀ ਆਗੂ ਮੰਨ ਕੇ ਚੱਲਿਆ ਜਾਵੇ ਤਾਂ ਇਹ ਦੁਬਿਧਾ ਵੀ ਆਪਣੇ ਆਪ ਖਤਮ ਹੋ ਜਾਵੇਗੀ।
ਸਾਡੇ ਇਸ ਪਾਠਕ ਦਾ ਇਕ ਹੋਰ ਕੀਮਤੀ ਸੁਝਾਅ ਇਹ ਸੀ ਕਿ ਹੁਣ ਜਦੋਂ ਪੰਜਾਬ ਦੀ ਸਿਆਸਤ ਵਿਚ ਸਿੱਖ ਮੰਗਾਂ ਅਤੇ ਸਮੱਸਿਆਵਾਂ ਬਾਰੇ ਜ਼ਿਕਰ ਹੋਣੋ ਵੀ ਹਟ ਗਿਆ ਹੈ ਤਾਂ ਇਹ ਤਰੀਕਾ ਪੰਜਾਬ ਦੇ ਸਿਆਸਤਦਾਨਾਂ ਦਾ ਧਿਆਨ ਮੁੜ ਸਿੱਖ ਮੰਗਾਂ ਵੱਲ ਖਿੱਚੇਗਾ। ਜਥੇਦਾਰਾਂ ਦੀ ਸਾਂਝੀ ਤਾਕਤ ਇਕ ਮੀਟਿੰਗ ਕਰਕੇ ਚਲੰਤ ਸਿੱਖ ਮਾਮਲਿਆਂ ਬਾਰੇ ਇਕ ਰਿਪੋਰਟ ਤਿਆਰ ਕਰ ਸਕਦੀ ਹੈ ਜਿਸ ਵਿਚ ਮੰਗਾਂ ਤੇ ਸਮੱਸਿਆਵਾਂ ਬਾਰੇ ਸਾਂਝੇ ਤੌਰ 'ਤੇ ਐਲਾਨ ਕੀਤਾ ਜਾਵੇ ਕਿ ਜੋ ਸਿਆਸੀ ਪਾਰਟੀ ਸਿੱਖ ਮੰਗਾਂ ਦੇ ਹੱਕ ਵਿਚ ਚੱਲਣ ਦਾ ਵਾਅਦਾ ਕਰਦੀ ਹੈ ਸਿੱਖ ਵੋਟਰ ਉਸ ਪਾਰਟੀ ਨੂੰ ਆਪਣੀ ਵੋਟ ਪਾ ਕੇ ਸਤਾ ਵਿਚ ਲਿਆਉਣ ਲਈ ਸਹਾਇਤਾ ਕਰਨਗੇ। ਇਸ ਤਰ੍ਹਾਂ ਸਿੱਖ ਸਿਆਸਤ ਵਿਚ ਸਿੱਖ ਮੁੱਦਿਆਂ ਨੂੰ ਮੁੜ ਕਿਰਿਆਸ਼ੀਲ ਕੀਤਾ ਜਾ ਸਕਦਾ ਹੈ।
'ਸਿੱਖ ਸਪੋਕਸਮੈਨ' ਦੇ ਇਸ ਪਾਠਕ ਦੇ ਵਿਚਾਰ ਅਸੀਂ ਸਾਰੇ ਪਾਠਕਾਂ ਤੱਕ ਪੁੱਜਦੇ ਕਰ ਦਿੱਤੇ ਹਨ। ਜਿਸ ਨੂੰ ਅਸੀਂ ਸਾਰੇ ਹੀ ਮਿਲ ਕੇ ਵਿਚਾਰ ਸਕਦੇ ਹਾਂ ਕਿ ਕੀ ਇਹ ਸੁਝਾਅ ਪੂਰ ਚੜ੍ਹ ਸਕਦਾ ਹੈ ਜਾਂ ਪੂਰ ਚੜ੍ਹ ਕੇ ਕੌਮ ਦਾ ਕੋਈ ਸੱਚਮੁੱਚ ਭਲਾ ਵੀ ਕਰ ਸਕਦਾ ਹੈ। ਪਰ ਇਸ ਨੂੰ ਅਮਲ ਵਿਚ ਲਿਆਉਣ ਲਈ ਸਾਨੂੰ ਇਸ ਦੇ ਕਈ ਪੱਖਾਂ 'ਤੇ ਵਿਚਾਰ ਕਰਨੀ ਹੋਵੇਗੀ। ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਡੇ ਸਾਹਮਣੇ ਆਵੇਗੀ ਉਹ ਇਹ ਹੋਵੇਗੀ ਕਿ ਫਿਰ ਇਹਨਾਂ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਕੌਣ ਕਰੇਗਾ? ਜਾਂ ਫਿਰ ਇਹਨਾਂ ਦੀ ਨਿਯੁਕਤੀ ਤੋਂ ਬਾਅਦ ਇਹਨਾਂ ਦਾ ਅਧਿਕਾਰ ਖੇਤਰ ਕੀ ਹੋਵੇਗਾ। ਕਿਸੇ ਇਕ ਪਾਰਟੀ ਵੱਲੋਂ ਇਹਨਾਂ ਦੀ ਖਰੀਦ ਕੀਤੇ ਜਾਣ ਦੀ ਸਮੱਸਿਆ ਤੋਂ ਬਚਾਅ ਲਈ ਕੀ ਕੀਤਾ ਜਾਵੇ? ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਭਰੋਸਾ ਕਿਵੇਂ ਬੱਝ ਸਕਦਾ ਹੈ ਕਿ ਇਹਨਾਂ ਜਥੇਦਾਰਾਂ ਦਾ ਕੌਮ ਦੇ ਨਾਮ ਦਿੱਤਾ ਗਿਆ ਸੰਦੇਸ਼ ਭਰੋਸੇਯੋਗ ਤੇ ਪ੍ਰਭਾਵਸ਼ਾਲੀ ਕਿਵੇਂ ਬਣੇਗਾ? ਇਸ ਤਰ੍ਹਾਂ ਦੇ ਹੋਰ ਅਨੇਕਾਂ ਸੁਆਲ ਵੀ ਹਨ ਜਿਹੜੇ ਵਿਚਾਰਨਯੋਗ ਹਨ। ਪਰ ਇਹ ਕੋਈ ਅਜਿਹੀ ਗੱਲ ਨਹੀਂ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।
ਅਕਸਰ ਵਿਚਾਰ ਵਿਚੋਂ ਹੀ ਨਵੇਂ ਰਾਹ ਨਿਕਲਦੇ ਹਨ ਅਤੇ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਵੱਡੇ ਫੈਸਲੇ ਲੈਣੇ ਵੀ ਜ਼ਰੂਰੀ ਹੁੰਦੇ ਹਨ। ਜੇ ਸਾਡੇ ਮਨ ਵਿਚ ਸੱਚ ਦਾ ਪਹਿਰਾ ਅਤੇ ਇਮਾਨਦਾਰੀ ਹੈ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਇਸ ਸਮੇਂ ਜਦੋਂ ਕੌਮ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ ਮਾਯੂਸੀ ਦਾ ਆਲਮ ਕੌਮ 'ਤੇ ਭਾਰੂ ਹੋ ਚੁੱਕਾ ਹੈ ਤਾਂ ਇਸ ਤੋਂ ਚੰਗਾ ਹੋਰ ਕੋਈ ਸਮਾਂ ਨਹੀਂ ਜਦੋਂ ਕੌਮ ਆਪਣੇ ਆਪ ਨੂੰ ਬਚਾਉਣ ਲਈ ਮਿਲ ਬੈਠ ਕੇ ਸੱਚੇ ਦਿਲ ਨਾਲ ਨਵੇਂ ਸਿਰੇ ਤੋਂ ਸੰਗਠਿਤ ਕਰੇ ਅਤੇ ਕੋਈ ਅਜਿਹੀ ਸਾਂਝੀ ਕੌਮੀ ਸ਼ਕਤੀ ਪੈਦਾ ਕਰੇ ਜਿਸ ਦੀ ਛਾਪ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰਦੀ ਹੋਵੇ। ਹੁਣ ਵਾਲੇ ਸਾਰੇ ਕੌਮੀ ਸਿਸਟਮਾਂ ਦੇ ਨਿਕਾਰਾ ਹੋਣ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਕੌਮੀ ਦੀਆਂ ਕਈ ਸ਼ਾਖਾਵਾਂ ਜਿਹੜੀਆਂ ਰੋਗੀ ਹੋ ਚੁੱਕੀਆਂ ਹਨ ਉਹਨਾਂ ਦੀ ਵੀ ਨਵੇਂ ਸਿਰੇ ਤੋਂ ਨਵੀਨੀਕਰਨ ਕਰਨ ਦੇ ਨਾਲ ਨਾਲ ਕੌਮ ਦੇ ਬਾਗ ਵਿਚ 'ਮਹਿਕਾਂ ਦੀ ਬਾੜੀ' ਨੂੰ ਵਿਕਸਤ ਕਰਨ ਵੱਲ ਤੁਰਨਾ ਜ਼ਰੂਰੀ ਹੋ ਗਿਆ ਹੈ। ਇਹ ਸਾਡੀ ਜ਼ਿੰਮੇਵਾਰੀ ਵੀ ਹੈ ਅਤੇ ਫਰਜ਼ ਵੀ। ਜੇ ਅਸੀਂ ਹੁਣ ਵੀ ਕੌਮ ਲਈ ਕੁਝ ਕਰ ਗੁਜ਼ਰਨ ਲਈ ਸਰਗਰਮ ਨਾ ਹੋਏ ਤਾਂ ਯਾਦ ਕਰੋ ਕਿ ਕੌਮ ਦੀ ਬੇਹਤਰੀ ਲਈ ਗੁਰੂ ਸਾਹਿਬਾਨਾਂ ਅਤੇ ਹੁਣ ਤੱਕ ਕੌਮ ਲਈ ਹੋਈਆਂ ਬੇਅਥਾਹ ਕੁਰਬਾਨੀਆਂ ਨੂੰ ਰੋਲਣ ਦੇ ਅਸੀਂ ਸਭ ਤੋਂ ਵੱਡੇ ਦੋਸ਼ੀ ਸਿੱਧ ਹੋਵਾਂਗੇ।