ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਔਰਤਾਂ ਵਿਚ ਪੇਟ ਦੇ ਹੇਠਲੇ ਹਿੱਸੇ ਦੀ ਦਰਦ


ਇਹ ਆਮ ਦੇਖਣ ਵਿਚ ਆਉਂਦਾ ਹੈ ਕਿ ਕੁਝ ਔਰਤਾਂ ਨਲਾਂ ਵਿਚ ਦਰਦ ਦੀ ਸ਼ਿਕਾਇਤ ਕਰਦੀਆਂ ਹਨ। ਇਹ ਆਮ ਤੌਰ 'ਤੇ ਮੱਠੀ ਕਿਸਮ ਦੀ ਲਗਾਤਾਰ ਦਰਦ ਹੁੰਦੀ ਹੈ, ਜਿਸ ਵਿਚ ਔਰਤ ਆਪਣੀਆਂ ਨਲਾਂ ਤੇ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਦੀ ਸ਼ਿਕਾਇਤ ਕਰਦੀ ਹੈ। ਮਾਹਵਾਰੀ ਦੇ ਦਿਨਾਂ ਵਿਚ ਇਹ ਦਰਦ ਵਧ ਵੀ ਸਕਦੀ ਹੈ। ਕਈ ਵਾਰੀ ਇਹ ਦਰਦ ਏਨੀ ਜ਼ਿਆਦਾ ਹੁੰਦੀ ਹੈ ਕਿ ਦਵਾਈ ਦਾ ਸੇਵਨ ਕਰਨਾ ਪੈ ਸਕਦਾ ਹੈ। ਕਈ ਮਰੀਜ਼ ਦਰਦ ਦੇ ਨਾਲ-ਨਾਲ ਪਾਣੀ ਪੈਣ ਦੀ ਸ਼ਿਕਾਇਤ ਵੀ ਕਰਦੇ ਹਨ। ਕੁਝ ਇਕ ਮਰੀਜ਼ਾਂ ਵਿਚ ਇਸ ਸਥਿਤੀ ਵਿਚ ਮਾਹਵਾਰੀ ਦੌਰਾਨ ਜ਼ਿਆਦਾ ਖੂਨ ਪੈਣ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ। ਕਈ ਵਾਰੀ ਦਰਦ ਏਨੀ ਜ਼ਿਆਦਾ ਹੁੰਦੀ ਹੈ ਕਿ ਦਰਦ ਦੇ ਨਾਲ-ਨਾਲ ਮਰੀਜ਼ ਨੂੰ ਉਲਟੀਆਂ ਆਉਂਦੀਆਂ ਹਨ ਤੇ ਬੁਖਾਰ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਤੁਰੰਤ ਡਾਕਟਰੀ ਸਲਾਹ ਲਾਜ਼ਮੀ ਹੈ।
ਅਜਿਹੇ ਮਰੀਜ਼ਾਂ ਵਿਚ ਵਿਸਥਾਰ ਨਾਲ ਮੁਆਇਨਾ ਜ਼ਰੂਰੀ ਹੈ ਤਾਂ ਕਿ ਦਰਦ ਦੀ ਸਹੀ ਵਜ੍ਹਾ ਦਾ ਪਤਾ ਲਗਾ ਕੇ ਸਹੀ ਇਲਾਜ ਕੀਤਾ ਜਾ ਸਕੇ। ਆਓ ਦੇਖੀਏ ਕਿ ਕਿਨ੍ਹਾਂ ਹਾਲਤਾਂ ਵਿਚ ਮਰੀਜ਼ ਨਲਾਂ ਵਿਚ ਦਰਦ ਦੀ ਸ਼ਿਕਾਇਤ ਕਰਦਾ ਹੈ -
* ਨਲਾਂ ਵਿਚ ਇਨਫੈਕਸ਼ਨ ਦੀ ਵਜ੍ਹਾ ਕਰਕੇ ਹੋਈ ਸੋਜ਼ਿਸ਼ ਕਰਕੇ ਮਰੀਜ਼ ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਦੇ ਨਾਲ-ਨਾਲ ਮਾਹਵਾਰੀ ਦੌਰਾਨ ਜ਼ਿਆਦਾ ਦਰਦ, ਖੂਨ ਦਾ ਜ਼ਿਆਦਾ ਪੈਣਾ ਤੇ ਪਾਣੀ ਪੈਣ ਦੀ ਸ਼ਿਕਾਇਤ ਵੀ ਕਰਦਾ ਹੈ। ਇਸ ਨਾਲ ਬਾਂਝਪਨ ਦੀ ਸਮੱਸਿਆ ਵੀ ਹੋ ਸਕਦੀ ਹੈ।
* ਅੰਡੇਦਾਨੀ ਅੰਦਰ ਛੋਟੀਆਂ-ਛੋਟੀਆਂ ਰਸੌਲੀਆਂ, ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਕਰ ਸਕਦੀਆਂ ਹਨ। ਅਨਿਯਮਿਤ ਮਾਹਵਾਰੀ ਦੇ ਨਾਲ-ਨਾਲ ਚਿਹਰੇ 'ਤੇ ਵਾਲ ਤੇ ਬਾਂਝਪਨ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ।
* ਅੰਡੇਦਾਨੀ ਵਿਚ ਗਾੜ੍ਹੇ ਭੂਰੇ ਰੰਗ ਦੇ ਤਰਲ ਪਦਾਰਥ ਅਤੇ ਜਾਲੇ ਬਣ ਜਾਣ ਦੀ ਸਥਿਤੀ ਵਿਚ ਮਰੀਜ਼ ਨਲਾਂ ਵਿਚ ਬਹੁਤ ਜ਼ਿਆਦਾ ਦਰਦ ਦੀ ਸ਼ਿਕਾਇਤ ਕਰਦਾ ਹੈ ਤੇ ਇਹ ਦਰਦ ਮਾਹਵਾਰੀ ਦੇ ਦਿਨਾਂ ਦੌਰਾਨ ਬਹੁਤ ਜ਼ਿਆਦਾ ਵਧ ਜਾਂਦੀ ਹੈ। ਮਰੀਜ਼ ਨੂੰ ਗਰਭ ਧਾਰਨ ਵਿਚ ਵੀ ਮੁਸ਼ਕਿਲ ਆਉਂਦੀ ਹੈ।
* ਬੱਚੇ ਦੀ ਨਾਰਮਲ ਪੈਦਾਇਸ਼ ਦੇ ਬਾਅਦ ਔਰਤਾਂ ਅਕਸਰ ਭਾਰ ਪੈਣ ਦੀ ਸ਼ਿਕਾਇਤ ਕਰਦੀਆਂ ਹਨ। ਅਜਿਹੀ ਸਥਿਤੀ ਵਿਚ ਨਲਾਂ ਤੇ ਪਿੱਠ ਵਿਚ ਦਰਦ ਦੇ ਨਾਲ-ਨਾਲ ਪਾਣੀ ਪੈਣ ਦੀ ਸਮੱਸਿਆ ਵੀ ਹੋ ਸਕਦੀ ਹੈ।
* ਬੱਚੇਦਾਨੀ ਦੀ ਰਸੌਲੀ ਕਰਕੇ ਨਲਾਂ ਵਿਚ ਦਰਦ ਦੇ ਨਾਲ-ਨਾਲ ਸੋਜ ਪੈਦਾ ਹੋ ਜਾਂਦੀ ਹੈ।
* ਅੰਡੇਦਾਨੀ ਦੀ ਰਸੌਲੀ ਕਰਕੇ ਵੀ ਮਰੀਜ਼ ਦਰਦ ਦੇ ਨਾਲ-ਨਾਲ ਅਨਿਯਮਿਤ ਮਾਹਵਾਰੀ ਤੇ ਬਾਂਝਪਨ ਦੀ ਸ਼ਿਕਾਇਤ ਕਰ ਸਕਦਾ ਹੈ।
* ਜੇਕਰ ਗਰਭ ਟਿਊਬ ਵਿਚ ਠਹਿਰ ਜਾਵੇ ਤਾਂ ਮਰੀਜ਼ ਅਸਹਿ ਦਰਦ ਦੀ ਸ਼ਿਕਾਇਤ ਕਰਦਾ ਹੈ।
* ਜੇਕਰ ਅੰਡੇਦਾਨੀ ਦੀ ਰਸੌਲੀ ਇਕਦਮ ਮੁੜ ਜਾਵੇ ਤਾਂ ਮਰੀਜ਼ ਨੂੰ ਬਹੁਤ ਜ਼ਿਆਦਾ ਦਰਦ ਦੇ ਨਾਲ-ਨਾਲ ਕਈ ਵਾਰੀ ਉਲਟੀ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
* ਕਈ ਵਾਰੀ ਅਪੈਂਡੈਕਸ ਦੀ ਸੋਜ ਕਰਕੇ ਵੀ ਮਰੀਜ਼ ਪੇਟ ਦੇ ਹੇਠਲੇ ਹਿੱਸੇ ਦੇ ਸੱਜੇ ਪਾਸੇ ਦਰਦ ਦੀ ਸ਼ਿਕਾਇਤ ਕਰਦਾ ਹੈ।
          ਇਨ੍ਹਾਂ ਸਾਰੇ ਹਾਲਾਤ ਵਿਚ ਮਰੀਜ਼ ਦਾ ਵਿਸਥਾਰ ਨਾਲ ਮੁਆਇਨਾ ਜ਼ਰੂਰੀ ਬਣ ਜਾਂਦਾ ਹੈ, ਕਿਉਂਕਿ ਸਹੀ ਇਲਾਜ ਨਾਲ ਹੀ ਮਰੀਜ਼ ਨੂੰ ਇਸ ਅਵਸਥਾ ਤੋਂ ਬਚਾਇਆ ਜਾ ਸਕਦਾ ਹੈ। ਅਜਿਹੇ ਕੇਸਾਂ ਵਿਚ ਦੂਰਬੀਨ ਇਕ ਵਰਦਾਨ ਸਾਬਤ ਹੁੰਦੀ ਹੈ, ਕਿਉਂਕਿ ਇਸ ਨਾਲ ਸਹੀ ਸਥਿਤੀ ਦਾ ਪਤਾ ਲਗਾ ਕੇ ਸਹੀ ਦਿਸ਼ਾ ਵਿਚ ਇਲਾਜ ਕਰਨ ਵਿਚ ਮਦਦ ਮਿਲਦੀ ਹੈ।
- ਡਾ. ਰਵਜੀਤ ਕੌਰ