ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੇਲੋੜੀਆਂ ਸੋਚਾਂ ਨੂੰ ਕਦੇ ਨਜ਼ਰ-ਅੰਦਾਜ਼ ਨਾ ਕਰੋ


ਕੁਲਵਿੰਦਰ ਕੌਰ ਨੂੰ ਸੋਚਾਂ ਦੀ ਮਾਨਸਿਕ ਬਿਮਾਰੀ ਹੋਣ ਕਾਰਨ ਬੇਲੋੜੀਆਂ ਸੋਚਾਂ ਆਉਂਦੀਆਂ ਰਹਿੰਦੀਆਂ ਸਨ ਪਰ ਅਕਸਰ ਉਹ ਇਹ ਸੋਚ ਕੇ ਇਹਨਾਂ ਸੋਚਾਂ ਨੂੰ ਨਜ਼ਰ-ਅੰਦਾਜ਼ ਕਰ ਛੱਡਦੀ ਕਿ ਇਹ ਸੋਚਾਂ ਮੈਨੂੰ ਇਕੱਲੀ ਨੂੰ ਤਾਂ ਨਹੀਂ ਆਉਂਦੀਆਂ, ਇਹ ਸੋਚਾਂ ਤਾਂ ਸਾਰੀ ਦੁਨੀਆ ਨੂੰ ਹੀ ਆਉਂਦੀਆਂ ਹਨ। ਜਦੋਂ ਹੌਲੀ-ਹੌਲੀ ਬਿਮਾਰੀ ਵਧ ਗਈ ਤਾਂ ਇਕ ਦਿਨ ਉਸ ਦਾ ਧਿਆਨ ਇਨ੍ਹਾਂ ਸੋਚਾਂ 'ਤੇ ਹੀ ਕੇਂਦਰਿਤ ਹੋ ਕੇ ਰਹਿ ਗਿਆ। ਉਸ ਨੇ ਆਪਣੇ ਧਿਆਨ ਵਿਚੋਂ ਇਹਨਾਂ ਸੋਚਾਂ ਨੂੰ ਕੱਢਣ ਲਈ ਬਥੇਰੇ ਯਤਨ ਕੀਤੇ ਪਰ ਉਸ ਦੀ ਕੋਈ ਪੇਸ਼ ਨਾ ਚੱਲੀ। ਇਹਨਾਂ ਸੋਚਾਂ ਕਾਰਨ ਇਕ ਦਿਨ ਉਸ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪੈ ਗਏ। ਅਖੀਰ ਹੁਣ ਉਸ ਨੂੰ ਇਹ ਬੇਲੋੜੀਆਂ ਸੋਚਾਂ ਇਕ ਬਿਮਾਰੀ ਦੇ ਰੂਪ ਵਿਚ ਨਜ਼ਰ ਆਉਣ ਲੱਗ ਪਈਆਂ। ਇਸ ਤੋਂ ਪਹਿਲਾਂ ਉਸ ਨੇ ਇਨ੍ਹਾਂ ਸੋਚਾਂ ਤੋਂ ਆਪਣੇ-ਆਪ ਤੋਂ ਛੁਟਕਾਰਾ ਪਾਉਣ ਲਈ ਕਈ ਇਲਾਜ ਕੀਤੇ ਜਿਵੇਂ ਨੀਂਦ ਦੀਆਂ ਗੋਲੀਆਂ ਲੈਣਾ ਆਦਿ ਪਰ ਬਿਮਾਰੀ ਵਧਦੀ ਹੀ ਗਈ।
ਬੇਲੋੜੀਆਂ ਸੋਚਾਂ ਦਾ ਕਾਰਨ : ਬੇਲੋੜੀਆਂ ਸੋਚਾਂ ਦਾ ਕਾਰਨ ਦਿਮਾਗ ਦੇ ਨਿਊਕਲੀਅਸ ਪੈਲੀਟੀਅਮ ਹਿੱਸੇ ਦੀ ਕਮਜ਼ੋਰੀ ਹੁੰਦਾ ਹੈ। ਇਹ ਹਿੱਸਾ ਸਾਡੇ ਦਿਮਾਗ ਵਿਚ ਸੋਚਾਂ ਨੂੰ ਪੁਣਨ ਦਾ ਕੰਮ ਕਰਦਾ ਹੈ, ਜਿਵੇਂ ਪੋਣੀ ਨਾਲ ਚਾਹ ਨੂੰ ਪੁਣ ਕੇ ਪੱਤੀ ਨੂੰ ਚਾਹ ਨਾਲ ਵੱਖ ਕਰ ਦਿੰਦੀ ਹੈ। ਜਦ ਨਿਊਕਲੀਅਸ ਪੈਲੀਟੀਅਮ ਕਮਜ਼ੋਰ ਹੋ ਜਾਂਦਾ ਹੈ ਤਾਂ ਇਸ ਦਾ ਸਾਡੀਆਂ ਸੋਚਾਂ 'ਤੇ ਇਸ ਦਾ ਕੰਟਰੋਲ ਖਤਮ ਹੋ ਜਾਂਦਾ ਹੈ। ਕਮਜ਼ੋਰੀ ਕਾਰਨ ਸਾਰੀਆਂ ਸੋਚਾਂ ਪੁਣਨ ਤੋਂ ਬਗੈਰ ਹੀ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਹਨਾਂ ਵਿਚ ਇਹ ਬੇਲੋੜੀਆਂ ਸੋਚਾਂ ਵੀ ਹੁੰਦੀਆਂ ਹਨ।
ਬਿਮਾਰੀ ਲੱਭਣ ਲਈ ਟੈਸਟ : ਦਿਮਾਗ ਦੇ ਵੱਡੇ ਤੋਂ ਵੱਡੇ ਟੈਸਟ ਨਾਲ ਵੀ ਅਸੀਂ ਇਸ ਬਿਮਾਰੀ ਨੂੰ ਨਹੀਂ ਲੱਭ ਸਕਦੇ। ਮਨੋਵਿਗਿਆਨਿਕ ਟੈਸਟਾਂ ਨਾਲ ਅਸੀਂ ਆਪਣੀ ਇਸ ਬਿਮਾਰੀ ਬਾਰੇ ਆਪਣੇ ਘਰ ਬੈਠੇ ਹੀ ਪਤਾ ਲਗਾ ਸਕਦੇ ਹਾਂ।
ਮਨੋਵਿਗਿਆਨਿਕ ਟੈਸਟਾਂ ਰਾਹੀਂ ਬਿਮਾਰੀ ਲੱਭਣਾ : ਮਰੀਜ਼ਾਂ ਵਿਚ ਬੇਲੋੜੀਆਂ ਸੋਚਾਂ ਦੀ ਬਿਮਾਰੀ ਨੂੰ ਅਸੀਂ ਇਹਨਾਂ ਮਨੋਵਿਗਿਆਨਿਕ ਟੈਸਟਾਂ ਰਾਹੀਂ ਲੱਭਦੇ ਹਾਂ : 1. ਕੀ ਤੁਸੀਂ ਆਪਣੇ-ਆਪ ਨੂੰ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਕੇ ਡਰਦੇ ਰਹਿੰਦੇ ਹੋ? 2. ਕੀ ਤੁਹਾਨੂੰ ਸੋਚਾਂ ਵਿਚ ਲੜਾਈਆਂ ਜਾਂ ਡਰਾਉਣੀਆਂ ਝਲਕਾਂ ਨਜ਼ਰ ਆਉਂਦੀਆਂ ਹਨ? 3. ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਕਿਸੇ ਨੂੰ ਥੱਪੜ ਜਾਂ ਚਪੇੜ ਨਾ ਕੱਢ ਮਾਰਾਂ? 4. ਕੀ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਜੋਸ਼ ਵਿਚ ਆ ਕੇ ਕੋਈ ਗਲਤ ਕੰਮ ਨਾ ਕਰ ਬੈਠੋ? 5. ਕੀ ਤੁਹਾਨੂੰ ਕਿਸੇ ਤੋਂ ਕੋਈ ਬਿਮਾਰੀ ਲੱਗ ਜਾਣ ਦੇ ਡਰ ਦੀ ਸੋਚ ਆਉਂਦੀ ਹੈ? 6. ਕੀ ਤੁਸੀਂ ਇਹ ਸੋਚ ਕੇ ਫਾਲਤੂ ਚੀਜ਼ਾਂ ਇਕੱਠੀਆਂ ਕਰਦੇ ਰਹਿੰਦੇ ਹੋ ਕਿ ਇਹ ਕੱਲ੍ਹ ਨੂੰ ਮੇਰੇ ਕੰਮ ਆਉਣਗੀਆਂ? 7. ਕੀ ਤੁਹਾਨੂੰ ਕਿਸੇ ਕੰਮ ਨੂੰ ਵਾਰ-ਵਾਰ ਕਰਨ ਦੀ ਸੋਚ ਆਉਂਦੀ ਹੈ ਜਿਵੇਂ ਵਾਰ-ਵਾਰ ਮੱਥਾ ਟੇਕਣਾ, ਨੱਕ ਰਗੜਣੇ, ਨੋਟ ਗਿਣਨੇ, ਉਂਗਲਾਂ 'ਤੇ ਗਿਣਤੀ ਕਰਨੀ ਆਦਿ? 8. ਕੀ ਤੁਸੀਂ ਆਪਣੇ ਧਰਮ ਨੂੰ ਕੋਸਦੇ ਜਾਂ ਬੁਰਾ ਭਲਾ ਕਹਿੰਦੇ ਹੋ? 9. ਕੀ ਤੁਸੀਂ ਜ਼ਰੂਰਤ ਤੋਂ ਬਗੈਰ ਚੀਜ਼ਾਂ ਤਰਤੀਬ ਵਿਚ ਕਰਦੇ ਰਹਿੰਦੇ ਹੋ? 10. ਕੀ ਤੁਹਾਨੂੰ ਚੀਜ਼ਾਂ ਦੇ ਗਵਾਚਣ ਬਾਰੇ ਸੋਚਾਂ ਸੋਚ ਕੇ ਡਰ ਲੱਗਦਾ ਰਹਿੰਦਾ ਹੈ?
ਨਤੀਜਾ : ਜੇਕਰ ਉਪਰੋਕਤ ਦੱਸੇ ਟੈਸਟਾਂ ਵਿਚੋਂ ਇਕ ਵੀ ਟੈਸਟ ਦਾ ਉਤਰ 'ਹਾਂ' ਵਿਚ ਹੋਵੇ ਜਾਂ ਇਨ੍ਹਾਂ ਵਿਚੋਂ ਕਿਸੇ ਕਾਰਨ ਤੁਹਾਡੀ ਜ਼ਿੰਦਗੀ ਰੁਕ ਗਈ ਹੋਵੇ ਤਾਂ ਤੁਹਾਨੂੰ ਇਲਾਜ ਲਈ ਸੁਚੇਤ ਹੋ ਜਾਣਾ ਚਾਹੀਦਾ ਹੈ।
ਇਲਾਜ : ਨਿਊਕਲੀਅਸ ਪੈਲਟੀਅਮ ਦੀ ਕਮਜ਼ੋਰੀ ਨੂੰ ਠੀਕ ਕਰਨ ਲਈ ਕਈ ਖਾਸ ਦਵਾਈਆਂ ਅਤੇ ਏ. ਐਂਡ. ਆਰ. ਪੀ. ਥੈਰੇਪੀ ਬਹੁਤ ਲਾਹੇਵੰਦ ਸਿੱਧ ਹੁੰਦੀ ਹੈ। ਜਦ ਇਸ ਥੈਰੇਪੀ ਨਾਲ ਇਸ ਹਿੱਸੇ ਨੂੰ ਤਾਕਤ ਮਿਲਣੀ ਸ਼ੁਰੂ ਹੋ ਜਾਂਦੀ ਤੇ ਇਹ ਹਿੱਸਾ ਬੇਲੋੜੀਆਂ ਸੋਚਾਂ ਨੂੰ ਪੁਣਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਚੰਗੀਆਂ ਸੋਚਾਂ ਵੱਖ ਹੋ ਜਾਂਦੀਆਂ ਹਨ ਤੇ ਬੇਲੋੜੀਆਂ ਸੋਚਾਂ ਵੱਖ ਹੋ ਜਾਂਦੀਆਂ ਹਨ। ਇਸ ਤਰ੍ਹਾਂ ਬੇਲੋੜੀਆਂ ਸੋਚਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਤੇ ਮਰੀਜ਼ ਠੀਕ ਹੋ ਜਾਂਦਾ ਹੈ।
ਡਾ. ਸ਼ਵੇਤਾ ਸ਼ਰਮਾ