ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਬਾਣੀ ਵਿਚ ਸੰਤ ਦਾ ਸੰਕਲਪ ਤੇ ਸਰੂਪ


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਗੁਰਬਾਣੀ, 'ਸੰਤ' ਸ਼ਬਦ ਦੇ ਸੰਕਲਪ, ਸਰੂਪ, ਲੱਛਣਾਂ ਤੇ ਕਰਤੱਵਾਂ ਨੂੰ ਵਿਸਤ੍ਰਿਤ ਰੂਪਾਂ ਵਿਚ ਬਿਆਨਦੀ ਹੈ। ਬਾਣੀਕਾਰਾਂ ਵਲੋਂ 'ਸੰਤ' ਪਦ-ਪਦਵੀ ਦੀ ਵਿਸ਼ੇਸ਼ ਤੇ ਵਿਲੱਖਣ ਮਹੱਤਵ ਸਥਾਪਨਾ ਕੀਤੀ ਗਈ ਹੈ। ਕੋਸ਼ਿਕ-ਅਰਥਾਂ ਵਿਚ 'ਸੰਤ' ਅੱਖਰ ਸ਼ਾਂਤੀ, ਸਹਜ ਜਾਂ ਟਿਕਾਉ ਦਾ ਪ੍ਰਗਟਾਉ ਹੈ। ਸਹਜ ਸ਼ਾਂਤ ਜਾਂ ਸੰਤ-ਸੁਭਾਉ ਵਾਲਾ ਵਿਅਕਤੀ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ਵਿਚਲਿਤ ਨਹੀਂ ਹੁੰਦਾ। ਉਹ ਸਾਰੀ ਸੰਸਾਰਿਕਤਾ ਨੂੰ ਸੱਚੇ-ਪ੍ਰਭੂ ਦੀ ਹੁਕਮ-ਰਜਾਈ ਖੇਡ ਜਾਣਦਾ ਹੈ, ਸਹਸਿਆਂ 'ਚ ਨਹੀਂ ਪੈਂਦਾ। ਉਹ ਉਦਮਸ਼ੀਲ ਹੁੰਦਿਆਂ ਹੋਇਆਂ ਵੀ, ਪ੍ਰਾਪਤ-ਨਿਆਮਤਾਂ ਨਾਲ ਹੀ ਤ੍ਰਿਪਤ ਅਤੇ ਹੋਰ-ਹੋਰ ਪਦਾਰਥਾਂ ਜਾਂ ਵਡਿਆਈਆਂ ਵਾਸਤੇ ਤ੍ਰਿਸ਼ਨਾਲੂ, ਈਰਖਾਲੂ ਤੇ ਝਗੜਾਲੂ ਨਹੀਂ ਬਣਦਾ। ਸਚਿਆਰੀ ਜੀਵਨ-ਜਾਚ ਤੇ ਪਰਉਪਕਾਰ-ਉਮਾਹਾ ਦੇ ਸਾਖਿਆਤ ਸਰੂਪ ਦੀ ਘਾੜਤ ਕਰਨ ਦੀ ਟਕਸਾਲ ਹੀ 'ਸੰਤ ਕਾ ਮਾਰਗ ਧਰਮੀ ਕੀ ਪਉੜੀ' ਹੈ। ਮੁੱਢਲੇ ਤੌਰ 'ਪਰ ਉਸ ਮਨੁੱਖ ਨੂੰ ਸੰਤ-ਪੁਰਸ਼ ਆਖਿਆ ਜਾਵੇਗਾ ਜਿਸ ਨੇ ਜੀਵਨ-ਸ਼ੈਲੀ ਵਿਚ 'ਸੱਚ' ਦਾ ਮਾਰਗ ਚੁਣਿਆ ਹੈ, ਸੱਚਾਈ ਦਾ ਪੱਲਾ ਫੜਿਆ ਹੈ, ਆਪਣੀਆਂ ਮਨ-ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿੱਤਾ ਹੈ, ਆਪਣੇ ਵਿਕਾਰੀ ਮਨੋਵੇਗਾਂ ਨੂੰ ਲਗਾਮ ਪਾ ਲਿੱਤੀ ਹੈ। ਜਾਂ ਇਉਂ ਸਮਝੀਏ ਕਿ ਜਿਸ ਨੇ ਮਾਨਵੀ-ਬਿਰਤੀਆਂ ਨੂੰ ਸਬਰ-ਸੰਤੋਖ ਆਦਿ ਜੁਗਤਾਂ ਰਾਹੀਂ ਸਹਜ-ਸੰਤੁਲਿਤ ਅਵਸਥਾ ਵਿਚ ਨੇਮ-ਬੱਧ ਕਰ ਲੈਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਉਹ ਸੰਤ ਹੈ। ਗੁਰੂ ਅਰਜਨ ਦੇਵ ਜੀ ਨੇ ਆਸਾ ਮ: 4 ਦੇ ਅੰਤਰਗਤ 'ਸੰਤ' ਪਦ ਨੂੰ ਪਰਿਭਾਸ਼ਿਤ ਕਰਦੇ ਗੁਣਾਂ, ਤੱਤ੍ਵਾਂ, ਰੰਗਾਂ-ਢੰਗਾਂ, ਖੂਬੀਆਂ, ਪ੍ਰਕਿਰਤੀਆਂ, ਚੱਜ-ਆਚਾਰਾਂ ਤੇ ਰਹਿਤ-ਬਹਿਤ ਨੂੰ ਇੰਞ ਅਲੰਕ੍ਰਿਤ ਕੀਤਾ ਹੈ :
ਆਸਾ ਮਹਲਾ ੫£
ਆਠ ਪਹਰ ਨਿਕਟਿ ਕਰਿ ਜਾਨੈ£ ਪ੍ਰਭ ਕਾ ਕੀਆ ਮੀਠਾ ਮਾਨੈ£
ਏਕੁ ਨਾਮੁ ਸੰਤਨ ਆਧਾਰੁ£ ਹੋਇ ਰਹੇ ਸਭ ਕੀ ਪਗ ਛਾਰੁ£੧£
ਸੰਤ ਰਹਤੁ ਸੁਨਹੁ ਮੇਰੇ ਭਾਈ£
ਉਆ ਕੀ ਮਹਿਮਾ ਕਥਨੁ ਨ ਜਾਈ£੧£ ਰਹਾਉ£
ਵਰਤਣਿ ਜਾ ਕੈ ਕੇਵਲ ਨਾਮ£ ਅਨਦ ਰੂਪ ਕੀਰਤਨੁ ਬਿਸ੍ਰਾਮ£
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ£ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ£੨£
ਕੋਟਿ ਕੋਟਿ ਅਘ ਕਾਟਨਹਾਰਾ£ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ£
ਸੂਰਬੀਰ ਬਚਨ ਕੇ ਬਲੀ£ ਕਉਲਾ ਬਪੁਰੀ ਸੰਤੀ ਛਲੀ£੩£
ਤਾ ਕਾ ਸੰਗੁ ਬਾਛਹਿ ਸੁਰਦੇਵ£
ਅਮੋਘ ਦਰਸੁ ਸਫਲ ਜਾ ਕੀ ਸੇਵ£
ਕਰ ਜੋੜਿ ਨਾਨਕੁ ਕਰੇ ਅਰਦਾਸਿ£
ਮੋਹਿ ਸੰਤਹ ਟਹਲ ਦੀਜੈ ਗੁਣਤਾਸਿ£੪£ (ਅੰਕ ੩੯੨)
(À) ਵਿਵਹਾਰਿਕ ਪੱਧਰ 'ਤੇ ਸੰਤ-ਪੁਰਖ ਆਪਣੀ ਮਾਨਸਿਕਤਾ ਵਿਚ ਪਾਰਬ੍ਰਹਮ-ਪਰਮੇਸ਼ਰ ਨੂੰ ਹਰ ਵੇਲੇ ਆਪਣੇ ਅੰਗਿ-ਸੰਗਿ ਸਮਝਦਾ ਹੈ ਤੇ ਓਸ ਪ੍ਰਭੂ ਵਲੋਂ ਕੀਤੇ ਜਾ ਰਹੇ ਸਾਰੇ ਔਖੇ ਜਾਂ ਸੁਖਾਵੇਂ ਵਰਤਾਰਿਆਂ ਨੂੰ ਖਿੜ੍ਹੇ-ਮੱਥੇ ਸਵੀਕਾਰਦਾ ਹੈ। ਕੇਵਲ ਪ੍ਰਭੂ-ਨਾਮੁ ਦਾ ਓਟ-ਆਸਰਾ ਰੱਖਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਅਨੰਦਿਤ ਰਹਿੰਦਾ ਹੈ। ਉਹ ਦੂਜਿਆਂ ਪ੍ਰਤੀ ਸਦਭਾਵਨਾ, ਨਿਮਰਤਾ ਤੇ ਸਮ-ਦ੍ਰਿਸ਼ਟੀ ਦਾ ਵਿਵਹਾਰ ਕਰਦਿਆਂ, ਆਪੂੰ ਕੀਤੇ ਬਚਨਾਂ, ਕੌਲ-ਇਕਰਾਰਾਂ ਦਾ ਪਾਲਣ ਤੇ ਪਦਾਰਥਕ ਮਾਇਆ-ਮੋਹ ਤੋਂ ਨਿਰਲੇਪ ਜੀਵਨ ਜੀਊਂਦਾ ਹੈ। ਨਿਸ਼ਚੈ ਹੀ ਐਸੇ ਮਹਾਂਪੁਰਸ਼ਾਂ ਦਾ ਸੰਗਿ ਸਾਥ ਤੇ ਸੇਵਾ ਸਫ਼ਲੀ ਹੁੰਦੀ ਹੈ। ਅਖੀਰਲੀਆਂ ਪੰਕਤੀਆਂ ਵਿਚ ਗੁਰੂ ਸਾਹਿਬ ਪ੍ਰਭੂ-ਪਰਮੇਸਰੁ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਨੂੰ, ਉਕਤ ਮਰਯਾਦਾ ਨੂੰ ਜੀਵਨ ਵਿਚ ਹੰਢਾਉਂਦੇ ਸੰਤ-ਪੁਰਸ਼ਾਂ ਦੀ ਸੇਵਾ-ਟਹਲ ਕਰਨ ਦਾ ਸੁਭਾਗ ਪ੍ਰਾਪਤ ਹੋਵੇ।
ਐਸੇ ਗੁਰਮੁਖ ਪਿਆਰੇ ਸੰਤ-ਸਜਣ ਮਨ-ਮਿਤ੍ਰ, ਜਨ-ਸਾਧਾਰਣ ਭੁਲੇ-ਭਟਕੇ ਜਿਗਿਆਸੂਆਂ ਨੂੰ ਸੱਚੇ-ਧਰਮ ਦੇ ਰਾਹੇ ਤੋਰ ਸਕਦੇ ਹਨ। ਉਨ੍ਹਾਂ ਗੁਰਮੁਖਾਂ ਦਾ ਕਾਰਜ-ਖੇਤਰ ਹੀ ਐਸਾ ਨਿਸ਼ਚਿਤ ਕੀਤਾ ਗਿਆ ਹੈ। ਗੁਰੂ ਕੇ ਸਿੱਖ ਹਮੇਸ਼ਾ ਉਨ੍ਹਾਂ ਦੀ ਨੇੜਤਾ ਲੋਚਦੇ ਹਨ ਕਿਉਂਕਿ ਐਸੀ ਸੰਗਤ, ਮਨੁੱਖੀ ਚੇਤਨਾ ਦੇ ਵਿਕਾਸ-ਵਿਗਾਸ, ਚਾਉ-ਉਮਾਹੁ ਤੇ ਪ੍ਰਭੂ-ਪ੍ਰੀਤ ਦੇ ਨਾਮੁ-ਰੰਗਾਂ ਵਿਚ ਅਨੰਦਿਤ ਕਰਦੀ ਹੈ। ਗੁਰਬਾਣੀ ਫੁਰਮਾਨ ਹਨ :
ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ਰ ਸੰਗੁ ਜੀਉ£
ਸੰਤ ਸਜਨ ਮਨ ਮਿਤ੍ਰ ਸੇ ਲਾਇਨਿ ਪ੍ਰਭ ਸਿਉ ਰੰਗੁ ਜੀਉ£
ਤਿਨ੍ਰ ਸਿਉ ਪ੍ਰੀਤਿ ਨ ਤੁਟਈ ਕਬਹੁ ਨ ਹੋਵੈ ਭੰਗੁ ਜੀਉ£੧£
ਪਾਰਬ੍ਰਹਮ ਪ੍ਰਭ ਕਰਿ ਦਇਆ ਗੁਣ ਗਾਵਾ ਤੇਰੇ ਨਿਤ ਜੀਉ£
ਆਇ ਮਿਲਹੁ ਸੰਤ ਸਜਣਾ ਨਾਮੁ ਜਪਹ ਮਨ ਮਿਤ ਜੀਉ£੧£ਰਹਾਉ£
(ਅੰਕ ੭੬੦)
ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ
ਠਾਕੁਰ ਸਿਉ ਮੇਰਾ ਰੰਗੁ ਲਾਵੈ£ (ਅੰਕ ੬੮੭)
ਇਤਿਆਦਿਕ।
(ਅ) ਅਕਾਦਮਿਕ ਪੜ੍ਹਾਈ-ਲਿਖਾਈ ਵਿਚ ਸੋਸ਼ਿਆਲੋਜੀ, ਸਾਈਕਾਲੌਜੀ, ਫਿਜ਼ਿਔਲੋਜੀ ਤੇ ਫੋਨੌਲਾਜੀ ਆਦਿ ਵਿਸ਼ਿਆਂ ਦਾ ਅਧਿਐਨ ਤਾਂ ਪਿਛਲੇਰੇ ਥੋੜ੍ਹੇ ਜਿਹੇ ਸਮੇਂ ਤੋਂ ਹੀ ਸ਼ੁਰੂ ਹੋਇਆ ਹੈ। ਪਰ ਮੱਧਕਾਲ ਦੇ ਸੰਤਾਂ-ਭਗਤਾਂ ਨੇ ਮਨੁੱਖਾ-ਜ਼ਿੰਦਗੀ ਦੀ ਨਵ-ਘਾੜਤ ਵਿਚ ਇਹਨਾਂ ਸਾਰੀਆਂ ਪ੍ਰਵਿਰਤੀਆਂ ਨੂੰ ਸਮਝਦਿਆਂ-ਬੁਝਦਿਆਂ ਸਮਾਜਿਕ-ਉਥਾਨ ਵਾਸਤੇ ਸਫ਼ਲ ਪ੍ਰਯੋਗ ਕੀਤੇ। ਮਨੁੱਖੀ ਦੇਹ ਦੀ ਬਣਤਰ, ਜ਼ਰੂਰਤਾਂ ਤੇ ਸਮਰੱਥਾਵਾਂ ਦੇ ਨਾਲ-ਨਾਲ ਮਾਨਸਿਕ-ਪੇਚੀਦਗੀਆਂ, ਅਰੋਗਤਾ ਤੇ ਕਾਰਜ-ਕੁਸ਼ਲਤਾ ਵਿਚ ਵਾਧਾ ਕਰ ਸਕਣ ਦੀਆਂ ਜੁਗਤਾਂ ਦੇ ਅਮਲ ਨੂੰ ਵੀ ਆਮ-ਲੋਕਾਈ ਵਿਚ ਪ੍ਰਚਾਰਿਆ ਗਿਆ। ਇਉਂ, ਧਰਮ-ਕਰਮ ਵਿਚ ਵਿਗਿਆਨਿਕ-ਪਹੁੰਚ ਵਾਲਾ ਉਪਦੇਸ਼ ਦਿੱਤਾ ਗਿਆ ਤੇ ਅਮਲੀ-ਜ਼ਿੰਦਗੀ ਵਿਚ ਪ੍ਰਕਿਰਤਕ ਸਹਜ-ਪ੍ਰਵਾਹ ਲਿਆਵਣ ਦੇ ਜਤਨ ਹੋਏ। 'ਧੁਨਿ ਮਹਿ ਧਿਆਨ ਧਿਆਨ ਮਹਿ ਜਾਨਿਆ' ਦੇ ਅਨੁਸਰਣ ਵਿਚ ਸੰਤ-ਕਵੀਆਂ ਨੇ ਬਾਣੀ ਨੂੰ ਸੰਗੀਤਬੱਧ ਕੀਤਾ ਤੇ ਸੰਗਤੀ-ਕੀਰਤਨ ਰਾਹੀਂ ਲੋਕ-ਮਨਾਂ ਨੂੰ ਖਿੜਾਉ ਬਖਸ਼ਿਆ। ਨਾਮੁ ਜਪਣ ਤੇ 'ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ£ ਕਲਿ ਕਲੇਸ ਤਨ ਮਾਹਿ ਮਿਟਾਵਉ£' (262), ਇਸੇ ਸਿਧਾਂਤ ਦਾ ਅਮਲੀ ਅਭਿਆਸ ਹੈ। 'ਬਾਣੀ ਗੁਰੂ' ਨੇ ਸੰਗਤ ਵਿਚ ਪਹੁੰਚੇ ਸਾਰੇ ਜਿਗਿਆਸੂਆਂ ਨੂੰ 'ਸੰਤ-ਜਨ' ਕਹਿ ਕੇ ਬੁਲਾਉਂਦਿਆਂ, ਇਕੱਠਿਆਂ ਹੋ ਕੇ ਹਰਿ-ਪ੍ਰਭੂ ਦਾ ਗੁਣਗਾਨ ਕਰਨ ਦੇ ਅਭਿਆਸ ਦੀ ਪਿਰਤ ਪਾਈ : 'ਸੰਤ ਜਨਾ ਮਿਲਿ ਹਰਿ ਜਸੁ ਗਾਇਓ' (720), 'ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ£' (774) ਅਤੇ 'ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ£' (597) ਆਦਿਕ। ਭਾਵ ਸੰਗਤ 'ਚ ਆਏ ਸਾਰੇ ਸੰਤ ਹਨ। ਇੰਞ ਗੁਰੂ ਸਾਹਿਬਾਨ ਨੇ ਮਨੁੱਖੀ-ਸਮਾਜ ਵਿਚ ਪ੍ਰਵਾਨਿਤ ਕੀਤੇ ਜਾ ਚੁੱਕੇ, ਜਨਮ-ਜਾਤਿ-ਮਜ਼੍ਹਬ ਜਾਂ ਰੰਗ-ਨਸਲ ਦੇ ਭੇਦਭਾਵਾਂ ਤੋਂ ਮੁਕਤ ਕਰਦਿਆਂ, ਬਰਾਬਰਤਾ, ਸਹਿਚਾਰਤਾ, ਸੁਹਿਰਦਤਾ ਤੇ ਸੁਖਾਵੀਂ-ਸਹਿਹੋਂਦ ਦਾ ਰੂਹਾਨੀ-ਅਹਿਸਾਸ ਜਾਗ੍ਰਿਤ ਕੀਤਾ। ਲੋਕਾਈ ਨੂੰ ਨਿੱਜੀ ਤੇ ਸਮਾਜਿਕ-ਵਿਵਹਾਰ ਵਿਚ ਮਨੋ ਵਿਗਿਆਨਕ ਆਧਾਰ 'ਪਰ ਸੰਤ-ਤਾਈ ਵਾਲੇ ਸਦਗੁਣ ਗ੍ਰਹਿਣ ਕਰਨ ਦਾ ਉਪਦੇਸ਼ ਦਿੱਤਾ। ਮਨੋਰਥ ਸਪੱਸ਼ਟ ਸੀ ਕਿ ਹਰ ਇਕ ਸਿੱਖ ਦਾ ਜੀਵਨ-ਉਦੇਸ਼ ਸੰਤ ਪਦ-ਪ੍ਰਤਿਸ਼ਠਾ ਤੱਕ ਅੱਪੜਨਾ ਹੈ। ਕਬੀਰ ਸਾਹਿਬ ਜੀ ਨੇ ਵੀ ਮਨੁੱਖੀ ਆਚਰਣ ਦੀਆਂ ਵਿਕਾਸ ਪਰਤਾਂ ਦਾ ਉਲੇਖ ਅੰਕ 1372 ਉਪਰ ਆਏ ਸਲੋਕਾਂ ਜਿਨ੍ਹਾਂ ਦਾ ਆਰੰਭ 'ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ£' ਤੋਂ ਹੁੰਦਾ ਹੈ, ਦੀ ਅਖੀਰਲੀ ਪੰਕਤੀ ਵਿਚ ਟੀਚਾ ਇਉਂ ਮਿਥਿਆ ਹੈ : 'ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ£' ਤਾਂ ਤੇ ਹਰ ਇਕ ਗੁਰਸਿੱਖ ਨੇ ਸੰਤ ਬਨਣਾ ਹੈ, ਐਸਾ ਗੁਰਬਾਣੀ ਦਾ ਫੁਰਮਾਨ ਹੈ।
ਗੁਰਸਿੱਖਾਂ ਨੂੰ ਸ਼ਸਤਰਧਾਰੀ ਸੂਰਮੇ ਬਣਾਉਣ ਦੀ ਪ੍ਰਕਿਰਿਆ ਦਾ ਆਰੰਭ ਤਾਂ ਛੇਵੀਂ-ਪਾਤਸ਼ਾਹੀ ਤੋਂ ਹੀ ਸ਼ੁਰੂ ਹੋ ਚੁੱਕਾ ਸੀ। ਪਰ ਸਮਾਜਿਕ-ਇੰਜੀਨੀਅਰਿੰਗ, ਮਨੋਵਿਗਿਆਨ, ਸਰੀਰਕ ਬਲ ਤੇ ਸੰਬੋਧਨ-ਧ੍ਵਨੀਆਂ ਪ੍ਰਤੀ ਜਾਗਰੂਕਤਾ ਦਾ ਉਦੇਸ਼ ਤੇ ਅਮਲੀ-ਦੂਰਰਸੀ ਜੁਗਤਾਂ ਦਾ ਅਭਿਆਸ ਆਪਣੇ ਸਿਖਰਲੇ ਪੜਾਅ 'ਤੇ ਉਦੋਂ ਪਹੁੰਚਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 'ਨਾਨਕ ਨਿਰਮਲ ਪੰਥ' ਨੂੰ ਸੰਗਠਨਾਤਮਕ-ਸਰੂਪ ਦਿੰਦਿਆਂ 'ਖਾਲਸਾ ਪੰਥ' ਵਿਚ ਪ੍ਰਵਰਤਿਤ ਕਰ ਦਿੱਤਾ। ਗੁਰੂ ਕਿਆਂ ਸਿੱਖਾਂ ਨੇ ਹੁਣ 'ਸੰਤ ਸਿਪਾਹੀ' ਵਾਲੀ ਭੂਮਿਕਾ ਨਿਭਾਉਣੀ ਹੈ। ਸਤਿਗੁਰਾਂ ਵਲੋਂ ਸਿਧਾਂਤਕ ਤੌਰ 'ਤੇ ਮਜ਼ਲੂਮਾਂ, ਗਰੀਬਾਂ, ਨਿਆਸਰਿਆਂ ਤੇ ਪੀੜਤ ਵਰਗਾਂ ਦੀ ਰੱਖਿਆ ਅਤੇ ਜ਼ਾਲਮ-ਜਰਵਾਣਿਆਂ ਦੀ ਭਖਿਆ ਲਈ ਤਿਆਰ-ਬਰ-ਤਿਆਰ ਰਹਿਣਾ ਧਰਮ-ਕਰਮ ਦਾ ਮੁੱਢਲਾ ਕਰਤੱਵ ਨਿਸ਼ਚਿਤ ਕਰ ਦਿੱਤਾ।
(Â) ਗੁਰਬਾਣੀ ਵਿਚ 'ਸੰਤ' ਪਦ 'ਗੁਰੂ' ਪ੍ਰਥਾਇ ਵੀ ਵਰਤਿਆ ਗਿਆ ਹੈ ਜਿਵੇਂ ਕਿ, ਸਲੋਕ£ ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ£ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ£ (293) ਵਿਚ ਫੁਰਮਾਇਆ ਗਿਆ ਹੈ ਕਿ (ਜਿਸ ਮਨੁੱਖ ਨੂੰ) 'ਗੁਰੂ' ਨੇ ਗਿਆਨ ਦਾ ਸੁਰਮਾ ਬਖਸ਼ਿਆ ਹੈ, ਉਸ ਦੇ ਅਗਿਆਨ-ਰੂਪ ਹਨ੍ਹੇਰੇ ਦਾ ਖਾਤਮਾ ਹੋ ਜਾਂਦਾ ਹੈ। ਹੇ ਨਾਨਕ (ਜੋ ਮਨੁੱਖ) 'ਹਰਿ ਕਿਰਪਾ' ਭਾਵ ਅਕਾਲ ਪੁਰਖ ਦੀ ਮੇਹਰ ਨਾਲ ਗੁਰੂ (ਸੰਤ) ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਗਿਆ ਹੈ। ਉਕਤ ਦੋਨੋਂ ਪੰਕਤੀਆਂ ਵਿਚ 'ਗੁਰੂ' ਤੇ 'ਸੰਤ' ਇਕੋ ਹਸਤੀ ਲਈ ਵਰਤੇ ਗਏ ਹਨ। ਇਹ ਸਲੋਕ ਸੁਖਮਨੀ ਬਾਣੀ ਦੀ 23ਵੀਂ ਅਸ਼ਟਪਦੀ ਦੇ ਮੁੱਢ ਵਿਚ ਅੰਕਿਤ ਹੈ। ਅਸ਼ਟਪਦੀ ਇੰਞ ਆਰੰਭ ਹੁੰਦੀ ਹੈ : ਸੰਤ ਸੰਗਿ ਅੰਤਰਿ ਪ੍ਰਭੁ ਡੀਠਾ£ ਨਾਮੁ ਪ੍ਰਭੂਕਾ ਲਾਗਾ ਮੀਠਾ£, ਜਿਸ ਦਾ ਅਰਥ ਹੈ, (ਜਿਸ ਮਨੁੱਖ ਨੇ) ਗੁਰੂ ਦੀ ਸੰਗਤ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ, ਉਸ ਨੂੰ ਪ੍ਰਭੂ ਦਾ ਨਾਮੁ ਪਿਆਰਾ ਲੱਗਣ ਲੱਗ ਪੈਂਦਾ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੌਥੀ ਦੂਜੀ ਪੰਨਾ 711) ਇਸੇ ਤਰ੍ਹਾਂ 'ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ£' (983) ਅਨੁਸਾਰ, ਜਿਵੇਂ ਪਾਣੀ ਦੇ ਮਿਲਾਪ ਵਿਚ ਕੌਲ-ਫੁੱਲ ਖਿੜ੍ਹਦੇ ਹਨ, ਤਿਵੇਂ ਹੀ ਗੁਰਮੁਖਿ-ਜਨਾਂ ਦੇ ਹਿਰਦੇ-ਕਮਲ 'ਗੁਰੂ' ਨਾਲ ਪ੍ਰੀਤ-ਸੰਜੋਗੀ ਮਿਲਾਪ ਰਾਹੀਂ ਪ੍ਰਫੁੱਲਿਤ ਹੋ ਜਾਂਦੇ ਹਨ।
ਸਿਰੀ-ਰਾਗੁ ਮਹਲਾ 5 ਦੇ ਇਕ ਸ਼ਬਦ, ਜਿਹੜਾ 'ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ£' (51) ਤੋਂ ਆਰੰਭ ਹੁੰਦਾ ਹੈ, ਵਿਚ ਦਰਸਾਈ ਗਈ ਜੀਵਨ-ਜਾਚ ਆਪਣੇ ਆਪ ਵਿਚ ਮੁਕੰਮਲ ਹੈ। ਗੁਰੂ ਜੀ ਦੇ ਦੱਸੇ ਨੁਕਤਿਆਂ ਅਨੁਸਾਰ ਜੀਵਨ-ਵਿਹਾਰ ਢਾਲਿਆਂ, ਨਿਰਸੰਦੇਹ ਸੰਸਾਰ-ਸਾਗਰ ਤੋਂ ਤਰ ਜਾਈਦਾ ਹੈ। ਇਸ ਸ਼ਬਦ ਦੀ ਪੰਕਤੀ 'ਪਉ ਸੰਤ ਸਰਣੀ ਲਾਗ ਚਰਣੀ' ਸਪੱਸ਼ਟ ਤੌਰ 'ਪਰ ਸਤਿਗੁਰੂ-ਸੰਤ ਵਲੋਂ ਦਿੱਤੇ ਉਪਦੇਸ਼-ਸਿੱਖਿਆਵਾਂ ਦਾ ਪਾਲਨ ਕਰਨ ਵੱਲ ਸੰਕੇਤਕ ਹੈ, ਜਿਵੇਂ ਕਿ ਹੋਰ ਅਨੇਕਾਂ ਥਾਈਂ ਵੀ ਤਾਕੀਦ ਕੀਤੀ ਗਈ ਹੈ : ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ£ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ£ (963) ਇਸੇ ਤਰ੍ਹਾਂ ਮਾਝ ਮਹਲਾ 5£ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ£ ਦੇ ਅਖੀਰਲੇ ਪਦੇ ਵਿਚ 'ਭਾਗੁ ਹੋਆ ਗੁਰਿ ਸੰਤੁ ਮਿਲਾਇਆ£' (97) ਦੇ ਅੰਤਰਗਤਿ 'ਸੰਤੁ' ਅੱਖਰ ਗੁਰੂ ਵਾਸਤੇ ਹੀ ਵਰਤਿਆ ਗਿਆ ਹੈ।
(ਸ) ਗੁਰਬਾਣੀ ਵਿਚ 'ਸੰਤ' ਪਦ ਪ੍ਰਭੂ-ਪਰਮਾਤਮਾ ਦਾ ਪਰਯਾਇਵਾਚੀ ਵਜੋਂ ਵੀ ਆਇਆ ਹੈ। ਸ਼ੁਰੂ ਵਿਚ ਅਸਾਂ 'ਸੰਤ' ਸ਼ਬਦ ਦੇ ਪਰਿਭਾਸ਼ਿਕ ਅਰਥ ਕਰਦਿਆਂ ਵਿਚਾਰਿਆ ਸੀ ਕਿ ਇਹ ਸ਼ਾਂਤੀ, ਟਿਕਾਉ ਜਾਂ ਸਹਿਜ-ਸਥਿਰਤਾ ਦਾ ਸੰਕਲਪ-ਸਰੂਪ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ-ਸਿਧਾਂਤ ਪਾਰਬ੍ਰਹਮੁ-ਪਰਮੇਸਰੁ ਨੂੰ ਹੀ ਪਰਮ-ਸ਼ਾਂਤੀ, ਸਦੀਵੀ ਟਿਕਾਉ ਜਾਂ ਅਡੋਲਤਾ ਦਾ ਸੋਮਾ ਨਿਸ਼ਚਿਤ ਕਰਦਾ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਪ੍ਰਭੂ-ਪਰਮਾਤਮਾ ਨੂੰ ਵੀ 'ਸੰਤ' ਆਖਿਆ ਹੈ। ਜਿਗਿਆਸੂ ਸਿੱਖ ਨੂੰ ਗੁਰੂ ਹੀ 'ਭੰਨਣ ਘੜਨ ਸਮਰਥੁ' ਹਰਿ-ਪ੍ਰਭੂ ਜਾਂ ਪਰਮਾਤਮਾ-ਸੰਤ ਨਾਲ ਮਿਲਾਉਂਦਾ ਹੈ। ਫੁਰਮਾਨ ਹੈ : ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ£ ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ£ (958) ਇਸੇ ਤਰ੍ਹਾਂ 'ਵੈਸਾਖੁ ਸੁਹਾਵਾ ਤਾਂ ਲਗੇ ਜਾ ਸੰਤੁ ਭੇਟੈ ਹਰਿ ਸੋਇ£' ਵੀ ਸਪੱਸ਼ਟਤਾ ਕਰਦਾ ਹੈ ਕਿ ਵੈਸਾਖ (ਦਾ ਮਹੀਨਾ) ਤਾਂ ਹੀ ਸੁਹਾਵਣਾ (ਸ਼ੋਭਨੀਕ) ਲੱਗਦਾ ਹੈ, ਜਦੋਂ ਹਰਿ-ਸੰਤ ਜਾਂ ਸੰਤ-ਰੂਪ ਪ੍ਰਭੂ-ਪਰਮਾਤਮਾ ਮਿਲ ਪਏ।
'ਹਰਿ ਭਗਤਨ ਕੋ ਨਾਮੁ ਅਧਾਰੁ£ ਸੰਤੀ ਜੀਤਾ ਜਨਮੁ ਅਪਾਰੁ£ ਹਰਿ ਸੰਤੁ ਕਰੇ ਸੋਈ ਪਰਵਾਣੁ£ ਨਾਨਕ ਦਾਸੁ ਤਾ ਕੈ ਕੁਰਬਾਣੁ£' (889) ਵਿਚ 'ਭਗਤਨ' ਤੇ 'ਸੰਤੀ' ਬਹੁਵਚਨ ਗੁਰਸਿੱਖਾਂ ਲਈ ਆਇਆ ਹੈ ਜੋ 'ਹਰਿ ਸੰਤੁ' (ਇਕ ਵਚਨ) ਭਾਵ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਜਾਣ ਕੇ ਪਰਵਾਨ ਕਰਦੇ ਹਨ ਤੇ ਓਸ ਤੋਂ ਸਦਕੇ ਜਾਂਦੇ ਹਨ। ਇਸੇ ਤਰ੍ਹਾਂ 'ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ£ ਧੰਨ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ£' (319) ਵਿਚ 'ਸੰਤੁ ਦੇ 'ਤੁ' ਨੂੰ ਉਂਕਣ ਲੱਗੇ ਹੋਣ ਕਰਕੇ ਵਿਆਕਰਣ ਅਨੁਸਾਰ ਅਭਿਆਸੀ ਭਗਤ-ਜਨਾਂ ਨੂੰ ਧੰਨਤਾਯੋਗ ਸਤਿਕਾਰ ਦੇਣਾ ਅਤੇ ਕੇਵਲ (ਇਕ ਵਚਨ) ਪ੍ਰਭੂ-ਪਰਮਾਤਮਾ ਨੂੰ ਹੀ ਸਰਬ ਕਲਾ ਸੰਪੂਰਨ ਸਮਝਿਆ ਜਾਣਾ ਚਾਹੀਦੈ।
ਉਪਰੋਕਤ ਵਿਚਾਰ ਦਾ ਸਾਰ ਇਹ ਹੈ ਕਿ ਗੁਰਬਾਣੀ ਵਿਚ 'ਸੰਤ' ਦੇ ਸੰਕਲਪ ਨੂੰ ਚਾਰ ਸਰੂਪਾਂ ਵਿਚ ਚਿਤਵਿਆ ਗਿਐ--ਸਿਖ, ਗੁਰਮੁਖਿ (ਸੰਤ), ਸਤਿਗੁਰੂ ਤੇ ਪਰਮਾਤਮਾ-ਵਾਹਿਗੁਰੂ। ਇਸ ਦੇ ਨਾਲ ਹੀ ਗੁਰਬਾਣੀ ਦੇ ਅੰਤਰਗਤਿ ਬਾਹਰਲੇ ਵਿਖਾਵੇ, ਭੇਖੀ-ਪਾਖੰਡੀਆਂ ਤੇ ਚੁੰਚ-ਗਿਆਨੀਆਂ ਦਾ ਖੰਡਨ ਵੀ ਕਰੜੇ ਸ਼ਬਦਾਂ ਵਿਚ ਕੀਤਾ ਗਿਆ ਹੈ। ਇਉਂ ਜਿਗਿਆਸੂ-ਜਨਾਂ ਨੂੰ ਅੰਧ ਵਿਸ਼ਵਾਸ ਤੋਂ ਬਚਣ ਤੋਂ ਸਾਵਧਾਨ ਕੀਤਾ ਗਿਐ, ਜਿਵੇਂ ਕਿ : ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨ ਤਗ£ ਗਲੀ ਜਿਨ੍ਰਾ ਜਪਮਾਲੀਆ ਲੋਟੇ ਹਥਿ ਨਿਬਗ£ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ£੧£ ਐਸੇ ਸੰਤ ਨ ਮੋ ਕਉ ਭਾਵਹਿ£ ਡਾਲਾ ਸਿਉ ਪੇਡਾ ਗਟਕਾਵਹਿ£੧£ ਰਹਾਉ£ (476) ਅਤੇ, ਸਲੋਕ ਡਖਣੇ ਮ: 5£ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ£ ਓਹਿ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋਡਿ£ (1102)
ਗੁਰੂ ਗ੍ਰੰਥ ਸਾਹਿਬ ਦੀ ਪ੍ਰਥਮ-ਬਾਣੀ ਵਿਚ ਹੀ ਗੁਰਸਿੱਖਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਬਹੁਤ ਲੰਮੀ ਉਮਰ ਪ੍ਰਾਪਤ ਹੋ ਜਾਵੇ, ਚਤੁਰਾਈਆਂ ਤੇ ਸਹਸ ਸਿਆਣਪਾਂ ਦੁਆਰਾ ਸਾਰੇ ਸੰਸਾਰ ਵਿਚ ਪ੍ਰਸਿੱਧਤਾ ਵੀ ਮਿਲ ਜਾਵੇ, ਉਹ ਵੱਡੇ ਰੁਤਬੇ ਮਾਨ-ਸਨਮਾਨ ਵੀ ਹਾਸਲ ਕਰ ਲਵੇ ਤੇ ਮਖਲੂਕਾਤ ਉਸ ਦੀ ਸ਼ਰਧਾਲੂ ਬਣ ਜਾਵੇ--ਤਾਂ ਵੀ ਪਰਮਾਤਮਾ ਦੀ ਮੇਹਰ ਤੋਂ ਬਿਨਾਂ ਉਸ ਦੀ ਕੁਝ ਵੀ ਕੀਮਤ ਨਹੀਂ। ਬਲਕਿ ਕਰਤਾਰ-ਪ੍ਰਭੂ ਇਜੇਹੇ ਢੌਂਗੀ-ਫਰੇਬੀ ਵਾਸਤੇ 'ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸ ਧਰੇ£' ਵਾਲਾ ਫੈਸਲਾ ਰਾਖਵਾਂ ਰੱਖੇਗਾ। 'ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ' ਵਾਲਿਆਂ ਲਈ ਸਿੱਖ-ਧਰਮ ਵਿਚ ਕੋਈ ਥਾਂ ਨਹੀਂ। ਪਰ ਅਜੋਕੇ ਇਸ਼ਤਿਹਾਰਬਾਜ਼ੀ ਦੇ ਸਮੇਂ ਵਿਚ ਅਨੇਕਾਂ ਸਵਾਰਥੀ, ਲੋਭੀ, ਭੇਖਧਾਰੀਆਂ ਨੇ ਚਾਪਲੂਸ ਸਹ-ਕਰਮੀਆਂ ਦੀਆਂ ਸ਼ਾਤਰ-ਚਾਲਾਂ ਰਾਹੀਂ ਆਪਣੇ ਆਪ ਨੂੰ ਪੂਰਨ ਬ੍ਰਹਮਗਿਆਨੀ 1008 ਸ਼੍ਰੋਮਣੀ ਸੰਤ ਮਹਾਂਪੁਰਸ਼ ਘੋਸ਼ਿਤ ਕਰਦਿਆਂ ਵੱਡੀ ਧਨ-ਦੌਲਤ ਇਕੱਠੀ ਕਰ ਲਿੱਤੀ ਹੈ। ਇਹ ਸੰਤ-ਬਾਬੇ ਵੱਡੇ ਵੱਡੇ ਡੇਰੇ, ਠਾਠ, ਧਾਮ, ਅਖਾੜੇ ਤੇ ਆਸ਼ਰਮ ਆਦਿ ਬਣਾ ਕੇ ਭੋਲੀਆਂ-ਸ਼ਰਧਾਲੂ ਸਿੱਖ-ਸੰਗਤਾਂ ਨੂੰ ਗੁਰਬਾਣੀ-ਉਦੇਸ਼ਾਂ ਤੋਂ ਬੇਮੁਖ ਕਰ ਰਹੇ ਹਨ। ਨਿਸ਼ਚਿਤ ਤੌਰ 'ਪਰ ਸਾਨੂੰ ਇਜੇਹੇ ਆਪੂੰ-ਬਣੇ ਸੰਤਾਂ-ਮਹੰਤਾਂ ਤੇ ਗੁਰੂਆਂ ਦਾ ਸੁਚੇਤਤਾ ਨਾਲ ਵਿਰੋਧ ਕਰਨਾ ਚਾਹੀਦੈ।
ਪਰ ਚਿੰਤਾ ਦਾ ਵਿਸ਼ਾ ਤਾਂ ਇਹ ਬਣ ਗਿਐ ਕਿ ਕੁਝ ਨਾਸਤਕ ਕਾਮਰੇਡੀ-ਪ੍ਰਚਾਰਕਾਂ ਨੇ ਵੀ ਸਾਬਤ ਸੂਰਤ ਸਿੱਖੀ-ਬਾਣੇ ਵਿਚ ਵਿਚਰਦਿਆਂ, ਪਖੰਡੀ ਸੰਤ ਬਾਬਿਆਂ ਵਲੋਂ ਕੀਤੇ ਜਾ ਰਹੇ ਫੋਕਟ-ਕਰਮਕਾਂਡਾਂ ਦਾ ਸਹੀ ਤੌਰ 'ਪਰ ਖੰਡਨ ਕਰਨ ਮਗਰੋਂ, ਗੁਰਬਾਣੀ ਦੀ ਮਨਮਰਜ਼ੀ ਅਨੁਸਾਰ ਗਲਤ-ਵਰਤੋਂ ਕਰਦਿਆਂ ਸਿੱਖ ਧਰਮ ਦੇ ਮੂਲਕ ਸੰਕਲਪਾਂ, ਸਿਧਾਂਤਾਂ, ਮਰਯਾਦਾਵਾਂ ਤੇ ਪਰੰਪਰਾਵਾਂ ਦਾ ਵੀ ਮਖੌਲ ਉਡਾਉਣਾ ਸ਼ੁਰੂ ਕਰ ਦਿੱਤੈ। ਇਨ੍ਹਾਂ ਕੱਚ-ਘਰੜ ਗਿਆਨੀਆਂ ਨੇ ਸ਼ਰਧਾ, ਵਿਸ਼ਵਾਸ, ਅਰਦਾਸ ਤੇ ਪ੍ਰੇਮਾ-ਭਗਤੀ ਵਾਲੀਆਂ ਧਾਰਮਿਕ ਭਾਵਨਾਵਾਂ ਨੂੰ ਸੱਟਾਂ ਮਾਰਨ ਦਾ ਦੁ-ਸਾਹਸ ਕਰਨ ਨੂੰ ਹੀ ਆਪਣੀ ਵਿਦਵਤਾ, ਵਿੱਤੀ ਕਮਾਈ ਤੇ ਵਿਆਪਿਕ ਵਡਿਆਈ ਦਾ ਪੈਮਾਨਾ ਸਮਝ ਲਿਆ ਹੈ। ਇਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਜਾਂ ਅੰਮ੍ਰਿਤ ਛਕਣ ਦੀ ਇਤਿਹਾਸਕ ਮਰਯਾਦਾ ਅਤੇ ਰੋਜ਼ਾਨਾ ਨਿਤਨੇਮ ਨੂੰ ਵੀ ਬੇ-ਲੋੜਾ ਆਖਣਾ ਸ਼ੁਰੂ ਦਿੱਤੈ। ਆਪਣੇ ਆਪ ਨੂੰ ਇੰਟਰਨੈਸ਼ਨਲ ਪ੍ਰਚਾਰਕ ਅਖਵਾਉਂਦੇ ਇਹ ਲੋਕ ਨਾਮ ਜਪਣ ਤੇ ਸਿਮਰਨ ਵਰਗੀਆਂ ਪਵਿੱਤਰ ਸਾਧਨਾਵਾਂ ਪ੍ਰਤੀ ਗੁੰਮਰਾਹਕੁੰਨ ਤੇ ਧਰਮ-ਕਰਮ ਨੂੰ ਧੱਬੇ ਲਾ-ਲਾ ਕੇ ਪੰਥ-ਦੋਖੀ ਸ਼ਕਤੀਆਂ ਦਾ ਸਾਥ ਦੇ ਰਹੇ ਹਨ। ਧਰਮ ਦੀਆਂ ਮੁੱਢਲੀਆਂ-ਪਉੜੀਆਂ ਨੂੰ ਢਾਉਂਦਿਆਂ, ਉਹ ਧਰਮ ਦੇ ਸੰਗਠਨਾਤਮਕ ਢਾਂਚੇ ਨੂੰ ਹੀ ਤਹਿਸ-ਨਹਿਸ ਕਰਨ ਵੱਲ ਵੱਧ ਰਹੇ ਹਨ। ਸਿੱਖ ਕੌਮ ਨੂੰ ਜਿਨਾਂ ਖਤਰਾ ਡੇਰਾਵਾਦ-ਬਾਬਾਵਾਦ ਤੋਂ ਹੈ, ਉਸ ਤੋਂ ਵੀ ਵੱਧ ਖਤਰਾ ਸਿੱਖੀ-ਭੇਖ ਵਿਚ ਕਾਮਰੇਡੀ-ਗਿਆਨੀਆਂ ਤੋਂ ਬਣ ਗਿਆ ਹੈ। ਗੁਰੂ ਗ੍ਰੰਥ ਤੇ ਪੰਥਪ੍ਰਸਤ ਸੰਸਥਾਵਾਂ ਵਲੋਂ ਇਸ ਕੁ-ਚੇਸ਼ਠਾ ਨੂੰ ਫੌਰੀ ਤੌਰ 'ਪਰ ਠਲ੍ਹਿਆ ਜਾਣਾ ਚਾਹੀਦੈ।
ਚੇਤੇ ਰੱਖੀਏ ਕਿ ਸਾਮੰਤਵਾਦੀ-ਸੋਸ਼ਣਕਾਰੀ ਦੰਭੀ ਸਾਧਾਂ-ਸੰਤਾਂ ਦੇ ਕੁ-ਕਰਮਾਂ ਨੂੰ ਨੱਕਾਰਦੀ ਬਾਣੀ ਆਪਣੇ ਆਪ ਵਿਚ ਪੱਕਾ ਇਤਿਹਾਸਕ ਦਸਤਾਵੇਜ਼ੀ ਸਬੂਤ ਹੈ ਕਿ ਗੁਰੂ-ਕਾਲ ਦੌਰਾਨ ਤੇ ਪੂਰਵ ਵਰਤੀ ਸਮੇਂ ਵਿਚ ਵੀ ਭੇਖੀ-ਪਾਖੰਡੀ ਬ੍ਰਾਹਮਣ-ਮੌਲਾਣਿਆਂ ਦਾ ਬੋਲਬਾਲਾ ਸੀ। ਉਨ੍ਹਾਂ ਵਲੋਂ ਅਨਪੜ੍ਹ ਭੋਲੀ ਲੋਕਾਈ ਨੂੰ ਅੰਧਵਿਸ਼ਵਾਸੀ ਪੂਜਾ-ਅਰਚਨਾ ਵਾਲੇ ਕਰਮਕਾਂਡਾਂ ਰਾਹੀਂ ਲੁੱਟਣ ਦੇ ਨਾਲ-ਨਾਲ, ਸ਼ਰਧਾਲੂਆਂ ਨੂੰ ਜ਼ਿਹਨੀ-ਗੁਲਾਮੀ ਦਾ ਵੀ ਸ਼ਿਕਾਰ ਬਣਾਇਆ ਜਾ ਰਿਹਾ ਸੀ। ਬਾਣੀਕਾਰਾਂ ਨੇ ਅਜਿਹੇ ਵਿਗੜੇ ਹੋਏ ਢੌਂਗੀ ਠੱਗਾਂ ਦੇ ਦੁਰਾਚਾਰ ਨੂੰ ਜਨਤਾ ਸਾਹਮਣੇ ਪੂਰੇ ਜ਼ੋਰ ਨਾਲ ਬੇ-ਨਕਾਬ ਕੀਤਾ, ਤਰਕਸ਼ੀਲ ਸਿੱਖਿਆਵਾਂ ਦੁਆਰਾ ਸਮਝਾਇਆ ਅਤੇ ਕੁ-ਰਾਹੇ ਪਈ ਮਖਲੂਕਾਤ ਨੂੰ 'ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ£ ਅਕਲੀ ਪੜ੍ਰਿ ਕੈ ਬੁਝੀਐ ਅਕਲੀ ਕੀਚੈ ਦਾਨੁ£' (1245) ਦਾ ਫ਼ਲਸਫਾ ਦ੍ਰਿੜ੍ਹ ਕਰਵਾਇਆ। ਪਰ ਇਨ੍ਹਾਂ ਪ੍ਰਸਥਿਤੀਆਂ ਦੇ ਬਾਵਜੂਦ, ਗੁਰਬਾਣੀ 'ਸੰਤ' ਦੇ ਸੰਕਲਪ ਤੇ ਸਰੂਪ ਦੀ ਮਹਿਮਾ, ਉਸਤਤ ਤੇ ਮਹੱਤਤਾ ਸਥਾਪਿਤ ਕਰਦੀ ਹੈ ਅਤੇ ਅਨੁਯਾਈ-ਗੁਰਸਿੱਖਾਂ ਦਾ 'ਸੰਤ' ਤੇ 'ਸੰਤ ਸਿਪਾਹੀ' ਪਦ ਤੱਕ ਪਹੁੰਚਣ ਦਾ ਟੀਚਾ ਮਿੱਥਦੀ ਹੈ। ਕਿਸੇ ਸੰਕਲਪ, ਸਿਧਾਂਤ, ਫ਼ਲਸਫੇ ਜਾਂ ਰਹਿਤ ਮਰਯਾਦਾ ਦੇ ਵਿਗੜੇ ਹੋਏ ਰੂਪ ਨੂੰ ਵੇਖਦਿਆਂ, ਵੀਚਾਰਧਾਰਾ ਦੇ ਗੁਣਾਂਤਮਕ ਤੱਤਾਂ ਨੂੰ ਤਿਆਗਣਾਂ ਕਿਸੇ ਵੀ ਪੱਖੋਂ ਸਿਆਣਪ ਨਹੀਂ ਆਖੀ ਜਾਵੇਗੀ। ਮੂਲਕ ਸੰਕਲਪ ਤੇ ਸਰੂਪਾਂ ਵਿਚ ਚਿਤਵੀਆਂ ਗਈਆਂ ਪ੍ਰਵਿਰਤੀਆਂ, ਖੂਬੀਆਂ, ਵਿਸ਼ੇਸ਼ਤਾਈਆਂ ਦੇ ਅਮਲ ਨੂੰ ਆਪਣੇ ਨਿੱਜੀ ਤੇ ਸਮਾਜਿਕ ਵਰਤੋਂ-ਵਿਹਾਰ ਵਿਚ ਉਜਾਗਰ ਕਰਨਾ ਲੋੜੀਂਦੈ। ਦੂਜਿਆਂ ਦੇ ਕੂੜਾ-ਕਰਕਟ ਨੂੰ ਹੂੰਝਣ ਵਾਸਤੇ, ਪਹਿਲਾਂ ਆਪਣੀ ਨਿੱਜੀ ਤੇ ਸਮਾਜਿਕ ਜ਼ਿੰਦਗੀ ਵਿਚ ਸਚਿਆਰੀ ਨੈਤਿਕਤਾ ਤੇ ਸਿਧਾਂਤਕ-ਸਪੱਸ਼ਟਤਾ ਅਵੱਸ਼ਕ ਹੈ। ਹੁਕਮ ਹੈ : ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ£ (381) ਜੇ ਅਸੀਂ ਆਪਣੀ ਸੰਤ-ਤਾਈ ਦੇ ਮਿਆਰ ਰੂਪੀ ਲਕੀਰ ਨੂੰ ਵੱਡੇਰਾ-ਲੰਮੇਰਾ ਕਰਨ 'ਚ ਕਾਮਯਾਬ ਹੋਵਾਂਗੇ, ਤਾਂ ਹੀ ਨਕਲੀ-ਸੰਤਗੀਰੀ ਅਤੇ ਪਖੰਡੀ ਬਾਬਾਵਾਦ ਦਾ ਅੰਤ ਸੰਭਵ ਹੈ।
ਉਪਰੋਕਤ ਵਿਚਾਰਾਂ ਦੇ ਨਿਸ਼ਕਰਸ਼ ਵਜੋਂ ਅਸੀਂ 'ਸੰਤ' ਪਦ-ਪ੍ਰਤਿਸ਼ਠਾ ਨੂੰ ਸਾਪੇਖਕ ਅਵਸਥਾਵਾਂ ਜਾਂ ਹਸਤੀਆਂ ਨਿਸ਼ਚਿਤ ਕਰਦੇ ਹਾਂ। ਗੁਰਬਾਣੀ ਇਸ ਵਿਕਾਸ ਦੀ ਪੁਸ਼ਟੀ ਇੰਞ ਕਰਦੀ ਹੈ :
ਜਿਨ੍ਰਾ ਨ ਵਿਸਰੈ ਨਾਮੁ ਸੇ ਕਿਨੇਹਿਆ£
ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ£ (ਅੰਕ ੩੯੭)
ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ£
ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ£ (ਅੰਕ ੪੪੯)
ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ£
ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ£
(ਅੰਕ ੧੪੨੭-੨੮)
ਗੁਰੂ ਕਿਆਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਮੂਜਬ ਗੁਰਮੁਖਿ ਸੰਤਤਾਈ ਵਾਲੀਆਂ ਆਚਰਣਕ ਉਚਾਈਆਂ ਨੂੰ ਪਾਰ ਕਰਦਿਆਂ ਹਰਿ-ਪ੍ਰਭੂ ਵਿਚ ਇਉਂ ਸਮਾਈ ਕਰਨੀ ਹੈ ਜਿਵੇਂ ਨਦੀਆਂ-ਨਾਲੇ ਸਮੁੰਦਰ ਵਿਚ ਜਾ ਸਮਾਉਂਦੇ ਹਨ।
- ਇੰਜ. ਜੋਗਿੰਦਰ ਸਿੰਘ