ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਨਿਰੋਲ ਧਾਰਮਿਕ ਤੇ ਸਿੱਖ ਪ੍ਰੰਪਰਾਵਾਂ ਨਾਲ ਜੁੜਿਆ ਸ਼ਬਦ ਸਿਰੋਪਾਓ ਦੇ ਅਰਥਾਂ ਦਾ ਅਨਰਥ ਕਰਕੇ ਖੜ੍ਹੇ ਕੀਤੇ ਜਾ ਰਹੇ ਭਰਮ ਭੁਲੇਖੇ


ਸਿੱਖ ਧਰਮ ਵਿਚ ਕਿਸੇ ਵੀ ਵਿਸ਼ੇਸ਼ ਸੇਵਾ ਕਰਨ ਵਾਲੇ ਨੂੰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸਿਰੋਪਾਓ ਬਖਸ਼ਿਸ਼ ਕੀਤਾ ਜਾਂਦਾ ਹੈ। ਸਿਰੋਪਾਓ ਦਾ ਸ਼ਬਦੀ ਅਰਥ ਉਹ ਵਸਤਰ ਹੈ, ਜੋ ਸਿਰ ਤੋਂ ਲੈ ਕੇ ਸਮੁੱਚੇ ਸਰੀਰ ਦਾ ਪਹਿਰਣ ਹੈ। ਇਸ ਪਿੱਛੇ ਗੁਰਮਤਿ ਦਾ ਇਹ ਸਿਧਾਂਤ ਹੈ ਕਿ ਸਤਿਗੁਰੂ ਸਾਡੇ ਸਰੀਰ ਅਤੇ ਮਨ ਦੀਆਂ ਕਮਜ਼ੋਰੀਆਂ ਨੂੰ ਢੱਕ ਦਿੰਦਾ ਹੈ,'ਸਤਿਗੁਰੁ ਸਿਖ ਕੇ ਬੰਧਨ ਕਾਟੈ £ਗੁਰ ਕਾ ਸਿਖੁ ਬਿਕਾਰ ਤੇ ਹਾਟੇ£' ਭਾਵ ਸਪੱਸ਼ਟ ਹੈ ਕਿ ਸਰੀਰ ਦੇ ਭਾਂਡੇ ਨੂੰ ਪਵਿੱਤਰ ਕਰਨ ਉਪਰੰਤ ਹੀ ਨਾਮ ਦਾ ਅੰਮ੍ਰਿਤ ਪਾਇਆ ਜਾਂਦਾ ਹੈ, 'ਸਤਿਗੁਰੁ ਸਿਖ ਕਓੁ ਨਾਮ ਧਨੁ ਦੇਇ£ ਗੁਰ ਕਾ ਸਿਖ ਵਡਭਾਗੀ ਹੇ£' ਮਨੁੱਖ ਦੇ ਸਰੀਰ ਦੀ ਬਣਤਰ ਹੀ ਅਜੇਹੀ ਹੈ ਕਿ ਉਹ ਜਾਣੇ ਅਨਜਾਣੇ ਵਿਚ ਪਾਪ ਤੇ ਅਪਰਾਧ ਕਰ ਬੈਠਦਾ ਹੈ। ਦੂਸਰਾ ਕਿ ਪ੍ਰਮਾਤਮਾ, ਗੁਰੂ ਪ੍ਰਮੇਸ਼ਰ ਦਾ ਇਹ ਬਿਰਦ ਹੈ ਕਿ ਉਹ ਆਪਣੇ ਸੇਵਕ ਦੀ ਪ੍ਰਤੀਪਾਲਣਾ ਕਰਦਾ ਹੈ ਅਤੇ ਪੈਜ ਰੱਖਦਾ ਹੈ, 'ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ'। ਸਤਿਗੁਰੂ ਨੂੰ ਪਾਤਸ਼ਾਹ ਕਿਹਾ ਜਾਂਦਾ ਹੈ ਬਾਦਸ਼ਾਹ ਨਹੀਂ ਅਤੇ ਉਹ ਹੀ ਸੇਵਕ ਜਾਂ ਕੌਮ ਦੀ ਪਤ ਦੀ ਰਾਖੀ ਕਰਨ ਵਾਲਾ ਹੋਣ ਕਰਕੇ।
ਸਿਰੋਪਾਓ ਬਖਸ਼ਿਸ਼ ਕਰਨ ਦਾ ਅਰੰਭ ਗੁਰੂ ਪਾਤਸ਼ਾਹ ਦੀ ਹਯਾਤੀ ਦੌਰਾਨ ਹੀ ਹੋ ਗਿਆ ਸੀ। ਗੁਰੂ ਅਮਰਦਾਸ ਜੀ ਬਾਰੇ ਜਿਕਰ ਹੈ ਕਿ ਜਦੋਂ ਉਹ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਲਈ ਜਲ ਲੈ ਕੇ ਆਉਂਦੇ ਤਾਂ ਹਰ ਸਾਲ ਸੇਵਾ ਬਦਲੇ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਜਾਂਦੀ। ਗੁਰੂ ਅਮਰਦਾਸ ਜੀ ਵੀ ਇਹ ਸਿਰੋਪਾਓ ਸਤਿਕਾਰ ਵਜੋਂ ਆਪਣੇ ਸੀਸ ਤੇ ਸਜਾ ਕੇ ਰੱਖਦੇ । ਸਿਰੋਪਾਓ ਸਿੱਖ ਵੱਲੋਂ ਕੀਤੀ ਸੇਵਾ ਲਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਅਤੇ ਸੇਵਾ ਦੀ ਪ੍ਰਵਾਨਗੀ ਦੀ ਨਿਸ਼ਾਨੀ ਹੈ। ਇਹ ਸੇਵਾ ਸਰੀਰਕ ਵੀ ਹੈ, ਨਾਮ ਜਪਣ, ਕਿਰਤ ਕਮਾਈ ਵਿੱਚੋਂ ਵੰਡ ਛਕਣ, ਦੇਗ ਚਲਾਉਣ (ਲੋਹ ਲੰਗਰ), ਜੋੜੇ ਝਾੜਣ, ਲੰਗਰ ਸਜਾਉਣ, ਲੰਗਰ ਵਰਤਾਉਣ, ਬਰਤਨ ਮਾਂਜਣ, ਗੁਰਦੁਆਰਿਆਂ ਵਿਚ ਫਰਸ਼ ਧੌਣ, ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਧਰਮ ਯੁੱਧ ਲਈ ਤੇਗ ਵਾਹੁਣ ਵਾਲਿਆਂ ਦੀ ਵੀ ਹੈ। ਆਧੁਨਿਕ ਯੁੱਗ ਵਿੱਚ ਕੌਮੀ ਜਾਂ ਮਨੁੱਖੀ ਅਜ਼ਾਦੀ ਦੇ ਸਵੈ-ਮਾਣ ਲਈ ਲਾਏ ਮੋਰਚਿਆਂ ਵਿੱਚ ਕੈਦ ਹੋਣ ਵਾਲੇ, ਅੰਗ੍ਰੇਜ਼ ਸਾਮਰਾਜ ਦੀਆਂ ਡਾਂਗਾਂ ਖਾਣ ਵਾਲੇ, ਹਥਿਆਰਬੰਦ ਜਾਂ ਸ਼ਾਂਤਮਈ ਸੰਘਰਸ਼ ਵਿਚ ਸ਼ਮੂਲੀਅਤ ਅਤੇ ਸ਼ਹਾਦਤਾਂ ਪਾਉਣ ਵਾਲਿਆਂ ਦੀ ਵੀ ਹੈ।
ਹੁਣ ਸਿਰੋਪਾਓ ਬਾਰੇ ਬੜੇ ਭੁਲੇਖੇ ਪਾਏ ਜਾ ਰਹੇ ਹਨ। ਅਸਲ ਵਿਚ ਸਿਰੋਪਾਓ ਦਾ ਅਰਥ ਕੇਵਲ ਕੇਸਰੀ ਜਾਂ ਪੀਲਾ ਕੱਪੜਾ ਨਹੀਂ, ਕਿਉਂਕਿ ਇਸ ਰੰਗ ਦਾ ਕੱਪੜਾ ਤਾਂ ਅਣਗਿਣਤ ਗੰਢਾਂ ਤੇ ਪੰਡਾਂ ਦੇ ਰੂਪ ਵਿਚ ਬਜ਼ਾਰ ਆਮ ਮਿਲ ਜਾਂਦਾ ਹੈ ਅਤੇ ਅਜਿਹੇ ਕੱਪੜਿਆਂ ਨੂੰ ਅੱਜ ਕੱਲ ਸਿਰੋਪਾਓ ਆਖ ਕੇ ਪਾਰਟੀਆਂ ਬਦਲਣ ਵਾਲਿਆਂ ਦੇਣ ਦੀ ਝੜੀ ਲੱਗੀ ਹੋਈ ਹੈ, ਜੋ ਕਿ ਸਿਰੋਪਾਓ ਦੀ ਹੀ ਤੌਹੀਨ ਹੈ। ਹਿੰਦੂਸਤਾਨ ਦੀ ਸਭਿਅਤਾ ਵਿਚ ਕਿਸੇ ਦੇ ਗਲ ਵਿਚ ਕੋਈ ਸ਼ਾਲ, ਸਾਦਾ ਕੱਪੜਾ ਜਾਂ ਪਾਰਟੀ ਨਿਸ਼ਾਨ ਦਾ ਵਸਤਰ ਪਾਉਣ ਦਾ ਇੱਕ ਰਵਾਜ਼ ਹੋ ਗਿਆ ਹੈ, ਲੇਕਿਨ ਇਹ ਸਿਰੋਪਾਓ ਨਹੀਂ ਕਿਹਾ ਜਾ ਸਕਦਾ। ਸਿੱਖ ਧਰਮ ਅਤੇ ਵਿਸ਼ੇਸ਼ ਕਰਕੇ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਚੱਲਤ ਪ੍ਰੰਪਰਾ ਅਨੁਸਾਰ ਵੀ ਦਿੱਤੇ ਜਾਣ ਵਾਲੇ ਕੇਸਰੀ ਕੱਪੜੇ ਦੇ ਵੱਖ ਵੱਖ ਅਰਥ ਹਨ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਕਿਸੇ ਸਨਮਾਨ ਯੋਗ ਵਿਅਕਤੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਤਸਵੀਰ, ਧਾਰਮਿਕ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਜਾਂਦਾ ਹੈ ਅਤੇ ਚਾਹ ਪਾਣੀ ਦੀ ਸੇਵਾ ਵੀ ਕੀਤੀ ਜਾਂਦੀ ਹੈ। ਨਾਲ ਹੀ ਉਸ ਦੇ ਗਲ ਵਿੱਚ ਕੇਸਰੀ ਕੱਪੜਾ ਜਾਂ ਸ਼ਾਲ ਆਦਿ ਪਾਇਆ ਜਾਂਦਾ ਹੈ। ਇਹ ਸਿਰਫ ਸਵਾਗਤ ਹੈ, ਉਸ ਵਿਅਕਤੀ ਦੇ ਕਿਸੇ ਕਰਮ ਕਰਕੇ। ਗੁਰੂ ਕੇ ਕੀਰਤਨੀਏ, ਕਥਾ ਵਾਚਕਾਂ ਦੇ ਗਲਾਂ ਵਿੱਚ ਪਾਇਆ ਹੋਇਆ ਕੇਸਰੀ, ਸਫੈਦ ਜਾਂ ਹੋਰ ਕਿਸੇ ਰੰਗ ਦਾ ਕੱਪੜਾ ਹਜ਼ੂਰੀਆ ਕਹਾਉਂਦਾ ਹੈ ਅਤੇ ਉਨ੍ਹਾਂ ਨੂੰ ਸ਼ਬਦ ਕੀਰਤਨ ਜਾਂ ਕਥਾ ਕਰਦਿਆਂ ਵੀ ਹਜ਼ੂਰੀਆ ਹੀ ਪਹਿਨਾਇਆ ਜਾਂਦਾ ਹੈ, ਸਿਰੋਪਾਓ ਨਹੀਂ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਖਾਸ ਰਕਮ ਤੋਂ ਵੱਧ ਮਾਇਆ ਭੇਂਟ ਕਰਨ ਤੇ ਕੇਸਰੀ ਕੱਪੜੇ ਵਿੱਚ ਲਪੇਟ ਕੇ ਦੋ ਪਤਾਸੇ ਪ੍ਰਸ਼ਾਦਿ ਵਜੋਂ ਦਿੱਤੇ ਜਾਂਦੇ ਹਨ, ਜਿਸ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਵਿਖੇ ਸੰਗਤ ਭੇਟਾ ਦੇਕੇ ਪਿੰਨੀ ਪ੍ਰਸ਼ਾਦਿ ਹਾਸਲ ਕਰਦੀ ਹੈ। ਇਸ ਬਾਰੇ ਵੀ ਕਈ ਵਾਰ ਗਲਤ ਫਹਿਮੀ ਪੈਦਾ ਹੋ ਜਾਂਦੀ ਹੈ ਕਿ ਇਹ ਸਿਰੋਪਾਓ ਦਿੰਦਿਆਂ ਵਿਤਕਰਾ ਕੀਤਾ ਜਾਂਦਾ ਹੈ। ਸਿਰੋਪਾਓ ਅਸਲ ਵਿਚ ਉਹ ਹੈ ਜੋ ਕਿਸੇ ਵਿਅਕਤੀ ਨੂੰ ਕਲਮ, ਕੀਰਤਨ, ਕਥਾ, ਪ੍ਰਚਾਰ, ਪ੍ਰਬੰਧਕ ਸੇਵਾ ਬਦਲੇ ਕਿਸੇ ਵਿਸ਼ੇਸ਼ ਬੁਲਾਏ ਧਾਰਮਿਕ ਦੀਵਾਨ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਿੱਤਾ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਕਿਸੇ ਨੂੰ ਅਜਿਹਾ ਸਨਮਾਨ ਦਿੱਤਾ ਗਿਆ ਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਜੇ ਵਿਸ਼ੇਸ਼ ਦੀਵਾਨ ਵਿਚ ਕੌਮ ਵੱਲੋਂ ਸਿਰੋਪਾਓ ਬਖਸ਼ਿਸ਼ ਕਰਦਿਆਂ ਉਸ ਨੂੰ ਭਾਈ ਸਾਹਿਬ ਵਜੋਂ ਸੰਬੋਧਿਤ ਕੀਤਾ ਗਿਆ ਹੈ। ਨਿਰੰਕਾਰੀ ਕਤਲ-ਕਾਂਡ ਤੋਂ ਬਾਅਦ ਨਕਲੀ ਨਿਰੰਕਾਰੀਆਂ ਦੀਆਂ ਗਤੀਵਿਧੀਆਂ ਬਾਰੇ ਆਪਣੀਆਂ ਲਿਖਤਾਂ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਾਣੂ ਕਰਵਾਉਣ ਵਾਲੇ ਸਿਰਦਾਰ ਕਪੂਰ ਸਿੰਘ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਦੀ ਉਪਾਧੀ ਦਿੱਤੇ ਜਾਣ ਸਮੇਂ ਸਿਰੋਪਾਓ ਬਖਸ਼ਿਸ਼ ਕੀਤਾ ਗਿਆ ਸੀ। ਸ੍ਰ ਗੁਰਤੇਜ ਸਿੰਘ ਆਈ.ਏ.ਐਸ. ਨੂੰ ਪ੍ਰੋਫੈਸਰ ਆਫ ਸਿੱਖਇਜ਼ਮ, ਗਿਆਨੀ ਸੰਤ ਸਿੰਘ ਮਸਕੀਨ ਨੂੰ ਗੁਰਮਤਿ ਮਾਰਤੰਡ ਅਤੇ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਨੂੰ ਭਾਈ ਗੁਰਦਾਸ ਐਵਾਰਡ, ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਕੇ ਭਾਈ ਹਰਭਜਨ ਸਿੰਘ ਯੋਗੀ ਨੂੰ ਭਾਈ ਸਾਹਿਬ ਦਾ ਖਿਤਾਬ, ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਗੁਰਪੁਰੀ ਸਿਧਾਰਨ ਉਪਰੰਤ ਪੰਥ ਰਤਨ ਦਾ ਖਿਤਾਬ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ ਸੀ। ਸਿਰੋਪਾਓ ਬਾਰੇ ਪਾਏ ਉਪਰੋਕਤ ਭਰਮ ਭੁਲੇਖਿਆਂ ਤੇ ਇਸ ਦੇ ਮੂਲ ਸਿਧਾਂਤ ਨੂੰ ਵਿਚਾਰਨ ਉਪਰੰਤ ਇਹ ਜਰੂਰ ਸਪਸ਼ਟ ਹੋ ਜਾਂਦਾ ਹੈ ਕਿ ਕਿਸੇ ਵਿਅਕਤੀ ਦੇ ਇਕ ਰਾਜਸੀ ਪਾਰਟੀ ਨੂੰ ਅਲਵਿਦਾ ਆਖ ਨਵੀਂ ਪਾਰਟੀ ਵਿਚ ਸ਼ਾਮਿਲ ਹੋ ਜਾਣ ਤੇ ਨਵੀਂ ਪਾਰਟੀ ਆਪਣਾ ਨਿਸ਼ਾਨ ਜਾਂ ਕੋਈ ਗਲ ਵਿਚ ਕੋਈ ਹੋਰ ਰੰਗ ਦਾ ਵਸਤਰ ਪਾਕੇ ਜੀ ਆਇਆਂ ਆਖਦਿਆਂ ਸਨਮਾਨ ਤਾਂ ਕਰ ਸਕਦੀ ਲੇਕਿਨ ਇਸਨੂੰ ਸਿਰੋਪਾਓ ਦੀ ਸੰਗਿਆ ਦੇਣਾ ਅਨੁਕੂਲ ਨਹੀਂ ਹੈ। ਸਿਰੋਪਾਓ ਇਕ ਨਿਰੋਲ ਧਾਰਮਿਕ ਤੇ ਸਿੱਖ ਪ੍ਰੰਪਰਾਵਾਂ ਨਾਲ ਜੁੜਿਆ ਸ਼ਬਦ ਤੇ ਸਨਮਾਨ ਹੈ ਇਸਦੇ ਅਰਥਾਂ ਦਾ ਅਨਰਥ ਕਰਕੇ ਭਰਮ ਭੁਲੇਖੇ ਪਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਮਨਜੀਤ ਸਿੰਘ ਕਲਕੱਤਾ