ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਇਤਿਹਾਸ ਦੇ ਨਾਜ਼ੁਕ ਮੋੜ ਉਪਰ ਸਿੱਖ ਲੀਡਰਸ਼ਿਪ ਦਾ ਸੁਆਰਥ


ਸਮਰੱਥ ਸਿੱਖ ਲੀਡਰਸ਼ਿਪ ਦਾ ਸੁਆਲ ਪਿਛਲੇ ਪੰਜਾਹ ਸਾਲਾਂ ਵਾਂਗ ਹੀ ਅੱਜ ਵੀ ਉਵੇਂ ਦਾ ਉਵੇਂ ਖੜ੍ਹਾ ਹੈ। ਗੁਰੂਆਂ ਦੇ ਸਮੇਂ ਤੋਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਹੀ ਇਹੋ ਜਿਹੇ ਲੀਡਰ ਨਜ਼ਰ ਆਉਂਦੇ ਹਨ ਜਿਨ੍ਹਾਂ ਨੇ ਸਿੱਖ ਕੌਮ ਦੀ ਸੁਯੋਗ ਅਗਵਾਈ ਕੀਤੀ ਅਤੇ ਉਸ ਨੂੰ ਇਕ ਆਜ਼ਾਦ ਰਾਜਨੀਤਕ ਸੱਤਾ ਦੇ ਮੁਕਾਮ ਤੱਕ ਪਹੁੰਚਾਇਆ। ਉਨ੍ਹਾਂ ਤੋਂ ਇਲਾਵਾ ਜਿਸ ਵੀ ਸਿਆਸੀ ਆਗੂ ਨੇ ਸਿੱਖਾਂ ਦੀ ਅਗਵਾਈ ਕੀਤੀ ਉਹ ਜਾਂ ਤਾਂ ਯੋਧੇ ਅਤੇ ਅੰਦੋਲਨਕਰਤਾ ਹੋਣਗੇ ਜਾਂ ਫਿਰ ਦੱਬੂ ਕਿਸਮ ਦੇ ਜੀ ਹਜ਼ੂਰੀਏ ਉਪਰ ਇਹ ਗੱਲ ਵਧੇਰੇ ਢੁੱਕਦੀ ਹੈ। ਸਿੱਖ ਸਮਾਜ ਪਿਛਲੀ ਡੇਢ ਸਦੀ ਕਿਸੇ ਸਮਰੱਥ ਰਾਜਨੀਤੀ ਵੱਲ ਨੂੰ ਤਰਸਦਾ ਰਿਹਾ ਹੈ ਪਰ ਉਸ ਦੀ ਤਕਦੀਰ ਨੂੰ ਇਹ ਨਸੀਬ ਨਹੀਂ ਹੋ ਸਕਿਆ। ਸਿੱਖ ਕੌਮ ਨੂੰ ਕਿਸੇ ਇਸ ਕਿਸਮ ਦੇ ਨੀਤੀਵੇਤਾ ਦੀ ਬੜੀ ਤੱਦੀ ਨਾਲ ਉਡੀਕ ਰਹੀ ਹੈ। ਜਿਹੜਾ ਉਸ ਦੀ ਬੇੜੀ ਬੰਨ੍ਹੇ ਲਾ ਸਕੇ ਪਰ ਸਿੱਖਾਂ ਨੂੰ ਬੇੜੀ ਅੱਧ ਵਿਚਕਾਰ ਡੋਬਣ ਵਾਲੇ ਹੀ ਜ਼ਿਆਦਾ ਲੀਡਰ ਮਿਲੇ।
ਸਿੱਖ ਲੀਡਰਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਤਿਹਾਸ ਦੇ ਨਾਜ਼ੁਕ ਮੋੜਾਂ ਉਪਰ ਆਪਣਾ ਕੇਸ ਸਹੀ ਢੰਗ ਨਾਲ ਪੇਸ਼ ਨਾ ਕਰ ਸਕਣ ਦੀ ਰਹੀ ਹੈ। ਸਿੱਖ ਲੀਡਰਸ਼ਿਪ ਦੀ ਇਹ ਕਮਜ਼ੋਰੀ ਅੱਜ ਵੀ ਜਿਉਂ ਦੀ ਤਿਉਂ ਖੜ੍ਹੀ ਹੈ। ਸਿੱਖਾਂ ਕੋਲ ਉਹ ਲੀਡਰਸ਼ਿਪ ਅੱਜ ਵੀ ਨਹੀਂ ਹੈ ਜਿਹੜੀ ਮੌਕਾ ਪੈਣ ਉਪਰ ਆਪਣੀ ਗੱਲ ਤੜੀ ਨਾਲ ਕਹਿ ਸਕੇ ਅਤੇ ਨਾ ਸਿਰਫ਼ ਕਹਿ ਸਕੇ ਸਗੋਂ ਆਪਣੀ ਗੱਲ ਵੀ ਵਾਜਬੀਅਤ ਜਚਾਉਂਦਿਆਂ ਉਸ ਉਪਰ ਅੜ ਵੀ ਸਕੇ। ਜਦੋਂ ਕੌਮਾਂ ਗੁਲਾਮ ਅਤੇ ਅਧੀਨਗੀ ਵਾਲੀ ਸਥਿਤੀ ਵਿਚ ਹੋਣ ਉਨ੍ਹਾਂ ਦੀ ਮੁਕਤੀ ਲਈ ਜਿੱਥੇ ਲੀਡਰਸ਼ਿਪ ਦਾ ਜੁਝਾਰੂ ਹੋਣਾ ਜ਼ਰੂਰੀ ਹੁੰਦਾ ਹੈ ਉਥੇ ਇਸ ਲੀਡਰਸ਼ਿਪ ਦਾ ਸਾਧਾਰਨ ਨਾਲੋਂ ਵਧੇਰੇ ਸਿਆਣੀ ਹੋਣਾ ਵੀ ਜ਼ਰੂਰੀ ਹੁੰਦਾ ਹੈ। ਇਸ ਗੱਲ ਨੂੰ ਵਿਸ਼ੇਸ਼ ਤੌਰ 'ਤੇ ਚਿਤਾਰਨ ਦੀ ਲੋੜ ਹੈ ਕੌਮਾਂ, ਭਾਈਚਾਰਿਆਂ ਦੀ ਤਕਦੀਰ ਘੜਨ ਦੇ ਮਾਮਲੇ ਵਿਚ ਵਿਸ਼ੇਸ਼ ਸ਼ਖਸੀਅਤਾਂ ਭਾਵ ਆਗੂ ਕਿਸਮ ਦੇ ਲੋਕਾਂ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ। ਇਸ ਗੱਲ ਨੂੰ ਹੋਰ ਵੀ ਵੱਧ ਜ਼ੋਰ ਨਾਲ ਕਹਿਣ ਦੀ ਲੋੜ ਹੈ ਕਿ ਕਿਸੇ ਵੀ ਕੌਮ ਦੇ ਲੋਕ ਆਪਣੇ ਆਪ ਅਜ਼ਾਦੀ ਹਾਸਲ ਨਹੀਂ ਕਰ ਸਕਦੇ ਉਹ ਭਾਵੇਂ ਜਿੰਨੇ ਮਰਜ਼ੀ ਬਹਾਦਰ ਹੋਣ। ਲੀਡਰ ਹੀ ਕੌਮਾਂ ਦੀ ਬਹਾਦਰੀ ਨੂੰ ਜਿੱਤਾਂ ਵੱਲ ਸੋਧ ਦਿੰਦੇ ਹਨ। ਇਹ ਲੀਡਰਸ਼ਿਪ ਦਾ ਹੀ ਮਸਲਾ ਹੈ ਜਿਥੇ ਸਿੱਖ ਕੌਮ ਅਸਫ਼ਲ ਹੋ ਰਹੀ ਹੈ। 1947 ਵਿਚ ਸਿੱਖਾਂ ਦੀ ਸਮੁੱਚੀ ਲੀਡਰਸ਼ਿਪ ਜਾਂ ਤਾਂ ਭਾਵੁਕ ਸੀ ਜਾਂ ਇਰਾਦੇ ਦੀ ਬੇਹੱਦ ਕਮਜ਼ੋਰ ਸੀ ਜਾਂ ਫਿਰ ਬੇਈਮਾਨੀ ਸੀ। ਸਿੱਖ ਲੀਡਰਸ਼ਿਪ ਇੰਨੀ ਨਿਕੰਮੀ ਨਿਕਲੀ ਕਿ ਪੰਦਰਾਂ ਅਗਸਤ 1947 ਤੱਕ ਦੇਸ਼ ਦੀ ਆਜ਼ਾਦੀ ਮੌਕੇ ਤੱਕ, ਸਿੱਖ ਅਵਾਮ ਦੀਆਂ ਸ਼ਹਾਦਤਾਂ ਦਿਵਾਉਂਦੀ ਰਹੀ, ਪਰ ਜਦੋਂ ਕੁਝ ਲੈਣ ਦੇਣ ਦਾ ਮੌਕਾ ਆਇਆ ਤਾਂ ਬਿਨਾਂ ਕਿਸੇ ਲਿਖਤ ਪੜ੍ਹਤ ਦੇ ਹੀ ਸਾਰਾ ਕੁਝ ਕਾਂਗਰਸ ਪਾਰਟੀ ਦੇ ਰਹਿਮ ਉਪਰ ਛੱਡ ਦਿੱਤਾ। ਇਸ ਤੋਂ ਪਿੱਛੋਂ ਸੰਤ ਫਤਹਿ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ ਦੀ ਭੂਮਿਕਾ ਵੀ ਆਜ਼ਾਦੀ ਵਾਲੀ ਸਿੱਖ ਲੀਡਰਸ਼ਿਪ ਨਾਲੋਂ ਕੋਈ ਬਹੁਤੀ ਨਹੀਂ ਰਹੀ ਹੈ। ਇਸ ਲੀਡਰਸ਼ਿਪ ਦੀ ਭੂਮਿਕਾ 1947 ਵਾਲੀ ਰਵਾਇਤੀ ਸਿੱਖ ਲੀਡਰਸ਼ਿਪ ਨਾਲੋਂ ਵੱਖਰੀ ਹੋ ਵੀ ਨਹੀਂ ਸੀ ਸਕਦੀ। ਉਹ ਇਸ ਕਰਕੇ ਕਿਉਂਕਿ ਉਦੋਂ ਤੱਕ ਸਿੱਖ ਆਪਣੇ ਆਪ ਨੂੰ ਭਾਵਨਾਤਮਕ ਤੌਰ 'ਤੇ ਭਾਰਤ ਦੀ ਹਿੰਦੂ ਵਿਰਾਸਤ ਨਾਲੋਂ ਵੱਖਰੇ ਮਹਿਸੂਸ ਨਹੀਂ ਸਨ ਕਰਨ ਲੱਗੇ। ਮਨ ਦੇ ਕਿਸੇ ਨਾ ਕਿਸੇ ਕੋਨੇ ਵਿਚ ਇਹ ਗੱਲ ਪਈ ਸੀ ਕਿ ਹਿੰਦੂ ਭਾਈਚਾਰੇ ਨਾਲ ਸਾਡੀ ਘਰ ਵਰਗੀ ਗੱਲ ਹੈ। ਇਨ੍ਹਾਂ ਨੂੰ ਅਸੀਂ ਆਪਣੀ ਗੱਲ ਜ਼ਬਰਦਸਤੀ ਵੀ ਮਨਾ ਲਵਾਂਗੇ ਪਰ ਮੁਸਲਮਾਨਾਂ ਨਾਲ ਅਸੀਂ ਕੱਤਈ ਨਹੀਂ ਰਹਿ ਸਕਦੇ, ਕਿਉਂਕਿ ਉਸ ਪਾਸੇ ਵੱਲ ਸਾਡੀ ਦੁਸ਼ਮਣੀ ਡੂੰਘੀ ਹੈ। ਹਿੰਦੂ ਭਾਈਚਾਰੇ ਦੀ ਰਾਜਨੀਤਕ ਸੱਤਾ ਅਧੀਨ ਰਹਿਣ ਦਾ ਸਿੱਖਾਂ ਕੋਲ ਤਜ਼ਰਬਾ ਨਹੀਂ ਸੀ। ਇਸੇ ਕਰਕੇ ਉਨ੍ਹਾਂ ਵੱਲੋਂ ਸਤਾਏ ਜਾਣ ਦਾ ਇਤਿਹਾਸ ਵੀ ਮੌਜੂਦ ਨਹੀਂ ਸੀ। ਜਿਹੜਾ ਸਿੱਖ ਮਾਨਸਿਕਤਾ ਵਿਚ ਇਤਿਹਾਸਕ ਯਾਦ ਬਣ ਕੇ ਬੈਠ ਸਕਦਾ। ਸਿੱਖਾਂ ਨੂੰ ਇਹ ਤਜ਼ਰਬਾ 1947 ਤੋਂ ਪਿਛੋਂ ਹੀ ਹੋਇਆ। ਬਚਕਾਨਾ ਜਿਹੀ ਸਿੱਖ ਲੀਡਰਸ਼ਿਪ ਨੂੰ ਪਤਾ ਉਦੋਂ ਲੱਗਾ ਜਦੋਂ ਸਾਰਾ ਕੁਝ ਹੱਥੋਂ ਗੁਆਚ ਚੁੱਕਾ ਸੀ। ਸਿਆਣੀ ਸਿੱਖ ਲੀਡਰਸ਼ਿਪ ਉਹ ਗਿਣੀ ਜਾਣੀ ਸੀ ਜਿਹੜੀ ਭਵਿੱਖ ਦੀਆਂ ਸੰਭਾਵਨਾਵਾਂ ਦੀ ਅਗਾਊ ਹੀ ਟੋਹ ਲਗਾ ਲੈਂਦੀ ਪਰ ਅਫ਼ਸੋਸ ਕਿ ਸਿੱਖ ਲੀਡਰ ਉਕਾ ਹੀ ਕਲਪਨਾਹੀਣ ਸਨ। ਪੰਡਿਤ ਜਵਾਹਰ ਲਾਲ ਨਹਿਰੂ ਦਾ ਇਹ ਕਥਨ ਭਾਰਤੀ ਬ੍ਰਾਹਮਣੀ ਦੀ ਮਾਨਸਿਕਤਾ ਨੂੰ ਸਾਫ਼ ਸਪੱਸ਼ਟ ਕਰ ਦਿੰਦਾ ਹੈ ਜਿਸ ਵਿਚ ਉਸਨੇ ਕਿਹਾ ਸੀ ਕਿ ਗੱਲ ਇਹੋ ਜਿਹੀ ਕਰਨੀ ਚਾਹੀਦੀ ਹੈ ਜਿਸ ਦੇ ਹਜ਼ਾਰ ਪਹਿਲੂ ਹੋਣ ਤਾਂ ਕਿ ਗੱਲ ਤੋਂ ਫਿਰਨ ਲਈ ਕੋਈ ਨਾ ਕੋਈ ਪਹਿਲੂ ਬਚਿਆ ਰਹੇ। ਸੋ ਉਹ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਢੀਠਤਾਈ ਨਾਲ ਫਿਰ ਗਏ। ਪਰ ਇਸ ਸਾਰੀ ਅਸਫਲਤਾ ਵਿਚ ਮੁੱਖ ਦੋਸ਼ ਨਹਿਰੂ ਮਹਾਤਮਾ ਗਾਂਧੀ ਜਾਂ ਹੋਰ ਹਿੰਦੂ ਲੀਡਰਸ਼ਿਪ ਨੂੰ ਅਤੇ ਉਹਨਾਂ ਦੇ ਭਾਈਚਾਰੇ ਜ਼ਹਿਰੀਲੀਆਂ ਗਾਲ੍ਹਾਂ ਕੱਢਣ ਦਾ ਨਾ ਤਾਂ ਪਹਿਲਾ ਸਿੱਖਾਂ ਨੂੰ ਕੋਈ ਲਾਭ ਹੋਇਆ ਅਤੇ ਨਾ ਹੀ ਅਜਿਹਾ ਅਗਾਂਹ ਨੂੰ ਕੋਈ ਹੋਣ ਵਾਲਾ ਹੈ। ਅਸਲ ਲੋੜ ਇਸ ਗੱਲ ਦੀ ਹੈ ਕਿ ਬਹੁਤ ਹੀ ਸਮਰੱਥ ਸਿੱਖ ਲੀਡਰਸ਼ਿਪ ਪੈਦਾ ਕੀਤੀ ਜਾਵੇ ਜਿਹੜੀ ਸਿੱਖ ਕੌਮ ਦੀ ਬੇੜੀ ਬੰਨੇ ਲਗਾ ਸਕੇ। ਇਸ ਸੰਦਰਭ ਵਿਚ ਇਕ ਕੌਮਾਂਤਰੀ ਪੱਧਰ 'ਤੇ ਰਾਜਨੀਤਕ ਚਿੰਤਕ ਦੀ ਇਹ ਟਿੱਪਣੀ ਵਿਚਾਰਨੀ ਕੁਥਾ ਨਹੀਂ ਹੋਵੇਗੀ ਕਿ ਕਿਸੇ ਵੀ ਕੌਮ ਨੂੰ ਕੋਈ ਦੂਜਾ ਵਿਅਕਤੀ ਜਾਂ ਬਿਗਾਨੀ ਕੌਮ ਆਜ਼ਾਦੀ ਨਹੀਂ ਦਿਵਾ ਸਕਦੀ ਇਸ ਮਕਸਦ ਲਈ ਹਰ ਕੌਮ ਨੂੰ ਆਪਣੇ ਅੰਦਰ ਹੀ ਯੋਗਤਾ ਪੈਦਾ ਕਰਨੀ ਪਏਗੀ। ਇਹੋ ਹੀ ਏ ਜੋ ਸਿੱਖ ਚੰਗਾ ਕਰ ਸਕੇ। ਇਕ ਸੁਆਲ ਸਿੱਖ ਕੌਮ ਨੂੰ ਖੁਦ ਆਪਣੇ ਆਪ ਕੋਲੋਂ ਵੀ ਪੁੱਛਣਾ ਚਾਹੀਦਾ ਹੈ ਕਿ ਪਿਛਲੀ ਸਦੀ ਵਿਚ ਉਹ ਸਿਆਸੀ ਲੀਡਰਸ਼ਿਪ ਕਿਥੇ ਸੀ ਜਿਹੜੀ ਰਾਜਨੀਤਕ ਸੱਤਾ ਹਾਸਲ ਕਰਨ ਅਤੇ ਉਸਨੂੰ ਅਜ਼ਾਦ ਰੂਪ ਵਿਚ ਸਾਂਭਣ ਦੇ ਕਾਬਲ ਸੀ? ਕਿਧਰੇ ਵੀ ਨਹੀਂ ਸੀ। ਸਾਫ਼ ਗੱਲ ਇਹ ਹੈ ਕਿ ਪਿਛਲੀ ਸਦੀ ਵਿਚ ਸਿੱਖਾਂ ਨੂੰ ਆਜ਼ਾਦੀ ਇਸ ਕਰਕੇ ਨਹੀਂ ਮਿਲੀ ਕਿਉਂਕਿ ਉਨ੍ਹਾਂ ਕੋਲ ਇਸ ਨੂੰ ਹਾਸਲ ਕਰਨ ਯੋਗ ਸਿਆਸੀ ਲੀਡਰਸ਼ਿਪ ਨਹੀਂ ਸੀ। ਇਸ ਦੇ ਬਾਵਜੂਦ ਕਿ ਜੂਨ ਅਤੇ ਨਵੰਬਰ 1984 ਦੇ ਵੱਡੇ ਸਾਕੇ ਹੋ ਚੁੱਕੇ ਹਨ ਸਿੱਖਾਂ ਕੋਲ ਇਹ ਲੀਡਰਸ਼ਿਪ ਅੱਜ ਵੀ ਮੌਜੂਦ ਨਹੀਂ ਹੈ। ਸਿੱਖਾਂ ਉਪਰ ਅੱਜ ਵੀ 1947 ਵਾਲੀ ਸਿਆਸੀ ਲੀਡਰਸ਼ਿਪ ਦੀ ਰਹਿੰਦ ਖੂੰਹਦ ਹੀ ਰਾਜ ਕਰ ਰਹੀ ਹੈ। ਕੀ ਪ੍ਰਕਾਸ਼ ਸਿੰਘ ਬਾਦਲ ਤੋਂ ਵੱਡਾ ਗੁਲਾਮ ਸਮਰਪਣ ਕੋਈ ਇਸ ਦੁਨੀਆਂ ਤੇ ਲੱਭੇਗਾ? ਅਸਲ ਵਿਚ ਇਹ ਸਾਰੀ ਸਿੱਖ ਲੀਡਰਸ਼ਿਪ 1984 ਤੋਂ ਪਹਿਲਾਂ ਹੀ ਸਿੱਖ ਚੇਤਨਾ ਦੀ ਨੁਮਾਇੰਦਗੀ ਕਰਨ ਵਾਲੀ ਲੀਡਰਸ਼ਿਪ ਹੈ। ਜਦਕਿ  ਸਿੱਖਾਂ ਨੂੰ ਹੁਣ ਉਸ ਲੀਡਰਸ਼ਿਪ ਦੀ ਲੋੜ ਹੈ, ਜਿਹੜੀ 1980 ਤੋਂ ਪਿੱਛੋਂ ਦੇ ਸਮਿਆਂ ਅਤੇ ਉਸ ਨਾਲ ਜੁੜੀ ਚੇਤਨਾ  ਨੂੰ ਵੀ ਆਪਣੇ ਅੰਦਰ ਸਮੇਟ ਸਕੇ। ਇਹੋ ਚੇਤਨਾ ਹੈ ਜਿਸ ਦੀ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਕੋਲ ਘਾਟ ਹੈ। ਇਸ ਚੇਤਨਾ ਤੋਂ ਬਿਨਾਂ ਭਵਿੱਖ ਵਿਚ ਸਿੱਖਾਂ ਦੀ ਕੋਈ ਲੀਡਰਸ਼ਿਪ ਨਹੀਂ ਹੋਣੀ ਚਾਹੀਦੀ। ਜੇ ਅਜਿਹਾ ਹੁੰਦਾ ਹੈ ਜਿਵੇਂ ਕਿ ਇਹ ਅੱਜ ਹੋ ਰਿਹਾ ਹੈ ਤਾਂ ਇਸ ਤੋਂ ਵੱਡੀ ਸਿੱਖਾਂ ਦੀ ਬਦਕਿਸਮਤੀ ਕੋਈ ਹੋਰ ਨਹੀਂ ਹੋਵੇਗੀ। ਕਿਉਂਕਿ ਇਹ 1984 ਤੋਂ ਪਿੱਛੋਂ ਜਨਮੀ ਸਿੱਖ ਚੇਤਨਾ ਹੀ ਹੈ। ਜਿਸ ਨੇ ਸਿੱਖ ਕੌਮ ਨੂੰ ਇਸਲਾਮ ਅਤੇ ਹਿੰਦੂਇਜ਼ਮ ਤੋਂ ਵੱਖਰੀ ਅਜ਼ਾਦ ਹਸਤੀ ਪ੍ਰਦਾਨ ਕਰਨੀ ਹੈ। ਇਸ ਚੇਤਨਾ ਦੇ ਆਸਰੇ ਹੀ ਸਿੱਖਾਂ ਦੀ ਇਸ ਲੀਡਰਸ਼ਿਪ ਨੇ ਆਪਣੀਆਂ ਵਿਲੱਖਣ ਅਤੇ ਨਿਆਰੀਆਂ ਸਰੀਰਕ ਤੇ ਸਿਧਾਂਤਕ ਬੁਨਿਆਦਾਂ ਨੂੰ ਜੱਗ ਸਾਹਮਣੇ ਜਾਹਰ ਕਰਨਾ ਹੈ। ਇਸ ਲਈ ਅੱਜ ਦੀ ਘੜੀ ਸਿੱਖਾਂ ਨੂੰ ਜਿਸ ਲੀਡਰਸ਼ਿਪ ਦੀ ਲੋੜ ਹੈ ਉਸ ਕੋਲ ਇਕ ਪਾਸੇ ਤਾਂ ਅੰਤਰਰਾਸ਼ਟਰੀ ਪੱਧਰ ਦੀ ਰਾਜਨੀਤਕ ਬੌਧਿਕ ਸਮਰੱਥਾ ਲੋੜੀਂਦੀ ਹੈ। ਦੂਜੇ ਪਾਸੇ ਉਸ ਕੋਲ ਆਪਣੀ ਰਾਜਨੀਤਕ ਖੁਦਮੁਖਤਾਰੀ ਲਈ ਜੂਝਣ ਦਾ ਜੇਰਾ ਅਤੇ ਸਮਰੱਥਾ ਵੀ ਚਾਹੀਦੀ ਹੈ ਇਹ ਦੋਨੋਂ ਗੱਲਾਂ ਸਾਡੀ ਹੁਣ ਵਾਲੀ ਰਾਜਨੀਤਕ ਲੀਡਰਸ਼ਿਪ ਕੋਲ ਗਾਇਬ ਹਨ। ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਅਪ੍ਰਸੰਗਿਕ ਹਨ। ਇਸ ਤੋਂ ਅੱਗੇ ਵੇਲੇ ਪ੍ਰਮੁੱਖ ਲੀਡਰ ਸਿਮਰਨਜੀਤ ਸਿੰਘ ਮਾਨ ਹਨ ਉਹ ਭਾਵੇਂ ਉਤਰ 1984 ਵਾਲੀ ਲੀਡਰਸ਼ਿਪ ਦੀ ਕੋਟੇ ਵਿਚ ਆਉਂਦੇ ਹਨ, ਪਰ ਉਨ੍ਹਾਂ ਹਾਲਾਂ ਤੱਕ ਕਿਸੇ ਬਝਵੇਂ ਸਿਆਸੀ ਨਿਸ਼ਾਨੇ ਨਾਲ ਜੁੜਵੀਂ ਆਪਣੀ ਪਹਿਚਾਣ ਨਹੀਂ ਬਣਾਈ ਹੈ। ਫਿਰ ਵੀ ਉਨ੍ਹਾਂ ਦੀ ਸਿਆਸੀ ਸ਼੍ਰੇਣੀ ਦਾ 1984 ਤੋਂ ਪਹਿਲਾਂ ਦੀ ਚੇਤਨਾ ਦੀ ਨੁਮਾਇੰਦਗੀ ਕਰਨ ਵਾਲੀ ਬਾਦਲ, ਟੌਹੜਾ ਦੀ ਲੀਡਰਸ਼ਿਪ ਨਾਲੋਂ ਬੁਨਿਆਦੀ ਫਰਕ ਹੈ। ਅਸਲ ਵਿਚ ਸਿਮਰਨਜੀਤ ਸਿੰਘ ਮਾਨ 1984 ਤੋਂ ਪਿਛੋਂ ਉਭਰੀ ਅਤੇ ਪਹਿਲਾਂ ਲੀਡਰਸ਼ਿਪ ਦੇ ਘੇਰੇ ਵਿਚ ਘਿਰ ਕੇ ਖੁਰ ਜਾਣੋ ਬਚੀ ਸਿਆਸੀ ਲੀਡਰਸ਼ਿਪ ਦੀ ਹੁਣ ਤੱਕ ਦੀ ਇਕਲੌਤੀ ਨਿਸ਼ਾਨੀ ਹੈ। ਪਰ ਆਪਣੇ ਸਾਰੇ ਕੈਰੀਅਰ ਵਿਚ ਸਿਮਰਨਜੀਤ ਸਿੰਘ ਮਾਨ ਕਿਸੇ ਇਕ ਸਿਆਸੀ ਪੁਜੀਸ਼ਨ ਉਪਰ ਜ਼ੋਰ ਨਾਲ ਪਹਿਰਾ ਦੇਣ ਵਿਚ ਨਾਕਾਮ ਰਹੇ ਹਨ।
ਜੇ ਗੱਲ ਨੂੰ ਚੁਭਵੀਂ ਪੰਜਾਬੀ ਲਫਜ਼ਾਂ ਵਿਚ ਕਿਹਾ ਜਾਵੇ ਤਾਂ ਕਿਹਾ ਜਾ ਸਕਦਾ ਕਿ ਇਤਿਹਾਸ ਦੇ ਨਾਜ਼ੁਕ ਮੋੜ ਉਪਰ ਸਿੱਖ ਲੀਡਰ ਸਿਰੇ ਦੇ ਬੇਵਕੂਫ ਸਾਬਤ ਹੋਏ ਹਨ। ਉਹ ਲੀਡਰ ਜਿਹੜੇ ਕਿਸੇ ਦੁਸ਼ਮਣ ਧਿਰ ਦੀਆਂ ਮੋਮੋਠੱਗਣੀਆਂ ਉਪਰ ਦੀ ਜ਼ੁਬਾਨੀ ਕਲਾਮੀ ਹੀ ਵਿਸ਼ਵਾਸ ਕਰ ਲੈਣ ਉਨ੍ਹਾਂ ਨੂੰ ਹੋਰ ਕੀ ਕਿਹਾ ਜਾ ਸਕਦਾ ਹੈ? ਪਰ ਹੁਣ ਬੀਤੇ ਦੇ ਕਮਲਪੁਣੇ ਉਪਰ ਝੂਰਦੇ ਰਹਿਣ ਦਾ ਕੋਈ ਲਾਭ ਨਹੀਂ ਹੋਣ ਲੱਗਾ। ਸਗੋਂ ਭਵਿੱਖ ਵਿਚ ਪੈਦਾ ਹੋਣ ਜਾ ਰਹੇ ਮੌਕਿਆਂ ਨੂੰ ਹਾਸਲ ਕਰਨ ਲਈ ਸਾਨੂੰ ਇਕ ਇਸ ਕਿਸਮ ਦੀ ਸਿਆਣੀ ਅਤੇ ਸੁਚੇਤ ਲੀਡਰਸ਼ਿਪ ਪੈਦਾ ਕਰਨ ਵੱਲ ਵਧਣਾ ਚਾਹੀਦੀ ਹੈ ਜਿਹੜੀ ਸਿੱਖਾਂ ਦੀ ਰਾਜਨੀਤਕ ਖੁਦਮੁਖਤਾਰੀ ਲਈ ਹੱਥ ਆਉਣ ਵਾਲੇ ਮੌਕਿਆਂ ਨੂੰ ਹਕੀਕਤ ਵਿਚ ਬਦਲਣ ਲਈ ਹਰ ਸੰਭਵ ਕੋਸ਼ਿਸ਼ ਜੁਟਾ ਸਕੇ। ਇਸ ਕਿਸਮ ਦੀ ਲੀਡਰਸ਼ਿਪ ਪੈਦਾ ਕੀਤੇ ਬਿਨਾਂ ਕਿਸੇ ਨੂੰ ਦੋ ਸੌ ਸਾਲ ਹੋਰ ਵੀ ਰੁਲਣਾ ਪੈ ਸਕਦਾ ਹੈ। ਇਕ ਗੱਲ ਮੁੜ ਚਿਤਾਰਨੀ ਗਲਤ ਨਹੀਂ ਹੋਵੇਗੀ ਕਿ ਸਹੀ ਲੀਡਰਸ਼ਿਪ ਤੋਂ ਬਿਨਾਂ ਕੌਮਾਂ ਨੂੰ ਹਜ਼ਾਰਾਂ ਸਾਲ ਰੁਲਣਾ ਪੈਂਦਾ ਹੈ। ਇਹ ਲੀਡਰਸ਼ਿਪ ਦੀ ਹੀ ਘਾਟ ਹੈ ਜਿਸ ਕਾਰਨ ਸਿੱਖਾਂ ਨੂੰ ਰੁਲਣਾ ਪੈ ਰਿਹਾ ਹੈ। ਸਿੱਖ ਅਵਾਮ ਨੇ ਬਹੁਤ ਕੁਝ ਸਿਹਾ ਹੈ ਅਤੇ ਬਹੁਤ ਕੁਝ ਕੁਰਬਾਨ ਵੀ ਕੀਤਾ ਹੈ। ਪਰ ਸਿੱਖ ਲੀਡਰਸ਼ਿਪ ਉਸ ਨੂੰ ਹਰ ਵਾਰ ਮਿੱਟੀ ਘੱਟੇ ਵਿਚ ਰੋਲਦੀ ਰਹੀ ਹੈ। ਪਿਛਲੀ ਡੇਢ ਸਦੀ ਤੋਂ ਸਿੱਖ ਸਿਰਫ਼ ਹਾਰ ਜਾਣ ਲਈ ਕੁਰਬਾਨੀਆਂ ਦਿੰਦੇ ਆਏ ਹਨ ਅਤੇ ਇਸ ਹਾਰ ਦਾ ਕਾਰਨ ਸਿੱਖਾਂ ਦੀ ਸਿਆਸੀ ਲੀਡਰਸ਼ਿਪ ਦੀ ਮੂਰਖਤਾ ਬਣਦੀ ਰਹੀ ਹੈ। ਸਿੱਖ ਸਿਆਸੀ ਦਲਾਂ ਨੇ ਜੇ ਇਤਿਹਾਸ ਵਿਚ ਦੁਹਰਾਈਆਂ ਮੂਰਖਤਾਵਾਂ ਦਾ ਪੱਲਾ ਨਾ ਛੱਡਿਆ ਤਾਂ ਲਾਜ਼ਮੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਖਿੱਤੇ ਪੰਜਾਬ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਜਨਤਾ ਪਾਰਟੀ, ਆਰ. ਐਸ. ਐਸ. ਸਮੇਤ ਸਮੁੱਚੀਆਂ ਕੌਮੀ ਪਾਰਟੀਆਂ ਦਾ ਇਹ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ  ਕਿ ਸਿੱਖਾਂ ਨੂੰ ਪੰਜਾਬ ਵਿਚ ਘੱਟ ਗਿਣਤੀ ਵਿਚ ਸੁੱਟਿਆ ਜਾਵੇ। ਇਸ ਮਕਸਦ ਲਈ ਜਿੰਨੀ ਜ਼ਿਆਦਾ ਹੋ ਸਕੇ ਇਥੇ ਪੂਰਬੀਆਂ ਦੀ ਗਿਣਤੀ ਵਸਾਈ ਲਾ ਕੇ ਨਾਲ ਹੀ ਹਿੰਦੀ ਅਖ਼ਬਾਰਾਂ ਦੇ ਧਾਵੇ ਰਾਹੀਂ ਪੰਜਾਬੀ ਭਾਸ਼ਾ ਦਾ ਦਬਦਬਾ ਪੰਜਾਬ ਵਿਚੋਂ ਖਤਮ ਕੀਤਾ ਜਾਵੇ। ਇਸ ਸਾਰੀ ਸਥਿਤੀ ਨੂੰ ਪੰਜਾਬ ਅਤੇ ਕੇਂਦਰ ਦੀ ਭਾਜਪਾ ਲੀਡਰਸ਼ਿਪ ਰਾਹੀਂ ਪ੍ਰਕਾਸ਼ ਸਿੰਘ ਬਾਦਲ ਖੁਦ ਅੱਗੇ ਤੋਰ ਰਹੇ ਹਨ ਜਦਕਿ ਵਿਰੋਧੀ ਅਕਾਲੀ ਸਿਆਸੀ ਆਗੂ ਇਸ ਸਾਰੀ ਸਥਿਤੀ ਨੂੰ ਬੇਵੱਸੀ ਪੂਰਨ ਢੰਗ ਨਾਲ ਵੇਖ ਰਹੇ ਹਨ। ਸਿੱਖ ਲੀਡਰਸ਼ਿਪ ਦੀ ਸਿੱਖ ਆਵਾਮ ਨੂੰ ਅੱਜ ਤੱਦੀ ਨਾਲ ਉਡੀਕ ਹੈ। ਇਹ ਲੀਡਰਸ਼ਿਪ ਹੀ ਸਿੱਖਾਂ ਦੇ ਦਿਲਾਂ ਦੀ ਤਾਰ ਨੂੰ ਹਿਲਾ ਸਕੇਗੀ। ਇਸ ਲੀਡਰਸ਼ਿਪ ਦੀ ਉਡੀਕ ਜਿੰਨੀ ਲੰਮੀ ਹੋਵੇਗੀ ਓਨਾ ਹੀ ਸਿੱਖਾਂ ਨੂੰ ਵੱਧ ਨੁਕਸਾਨ ਹੋਵੇਗਾ। ਇਸ ਵਾਰ ਇਸ ਲੀਡਰਸ਼ਿਪ ਨੂੰ ਇਹ ਗੱਲ ਧਾਰ ਕੇ ਚੱਲਣਾ ਚਾਹੀਦਾ ਹੈ ਕਿ ਸਿਆਸੀ ਲੜਾਈ ਇੰਨੀ ਸਿਆਣਪ ਅਤੇ ਸਮਰੱਥਾ ਨਾਲ ਲੜੀ ਜਾਵੇ ਕਿ ਸਿੱਖ ਕੌਮ ਨੂੰ ਮੁੜ ਇਕ ਹੋਰ ਹਾਰ ਦਾ ਸਾਹਮਣਾ ਨਾ ਕਰਨਾ ਪਵੇਗਾ। ਆਉਣ ਵਾਲੇ ਸਮੇਂ ਵਿਚ ਜਿਉਂ-ਜਿਉਂ ਭਾਰਤ ਵਿਚ ਕੁਲੀਸ਼ਨ ਸਿਆਸਤ ਦਾ ਰੰਗ ਵਧਣਾ ਹੈ ਅਤੇ ਕੇਂਦਰ ਤੇ ਵੱਖ-ਵੱਖ ਰਾਜਾਂ ਵਿਚਕਾਰ ਖਿੱਚੋਤਾਣ ਵਧਣੀ ਹੈ। ਆਪਣੀ ਤਕਦੀਰ ਘੜਨ ਲਈ ਸਿੱਖਾਂ ਸਾਹਮਣੇ ਨਵੇਂ-ਨਵੇਂ ਮੌਕੇ ਖੜ੍ਹੇ ਹੋਣੇ ਹਨ। ਇਹਨਾਂ ਮੌਕਿਆਂ ਨੂੰ ਹਾਸਲ ਕਰਨ ਲਈ ਸਿੱਖਾਂ ਦੀ ਇਕ ਮਜ਼ਬੂਤ, ਸਿਆਣੀ ਅਤੇ ਮੌਕਾ ਸਨਾਸ਼ ਲੀਡਰਸ਼ਿਪ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਦਾ ਕਿ ਹਾਲਾਂ ਕਿਧਰੇ ਵੀ ਕੋਈ ਬੱਝਵਾਂ ਵਜੂਦ ਨਹੀਂ ਦਿਸਦਾ। ਉਪਰੋਕਤ ਨਵੇਂ ਮੌਕੇ ਆਉਣ ਤੱਕ ਜੇ ਸਿੱਖਾਂ ਕੋਲ ਹੁਣ ਵਾਲੀ ਲੀਡਰਸ਼ਿਪ ਹੀ ਹੈ ਇਹੋ ਜਿਹੀ ਹੀ ਕੋਈ ਹੋਰ ਲੀਡਰਸ਼ਿਪ ਰਹੀ ਤਾਂ ਸਿੱਖਾਂ ਨੂੰ ਨਵੀਆਂ ਸਿਆਸੀ ਹਾਰਾਂ ਤੋਂ ਕੋਈ ਨਹੀਂ ਬਚਾ ਸਕੇਗਾ।
- ਜਸਵੀਰ ਸਿੰਘ