ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਖੂਨ ਦੀਆਂ ਨਾੜੀਆਂ 'ਚ ਚਰਬੀ ਜੰਮਣਾ ਖਤਰਨਾਕ


ਅਜੋਕੇ ਸਮੇਂ ਵਿਚ ਚੇਤੰਨਤਾ ਅਤੇ ਮੀਡੀਆ ਦੀ ਭੂਮਿਕਾ ਦੀ ਬਦੌਲਤ ਪੜ੍ਹੇ ਲਿਖੇ ਤਬਕੇ ਦੇ ਨਾਲ ਨਾਲ ਘੱਟ-ਸਿੱਖਅਤ ਲੋਕਾਂ ਨੂੰ ਵੀ ਪਤਾ ਹੈ ਕਿ ਖੂਨ ਦੀਆਂ ਨਾੜੀਆਂ ਅੰਦਰ ਚਰਬੀ ਦਾ ਜੰਮਣਾ ਇਕ ਗੰਭੀਰ ਸਮੱਸਿਆ ਹੈ। ਇਸ ਨੂੰ 'ਐਥਰੋਸਕਲੀਰੋਸਿਸ' ਕਿਹਾ ਜਾਂਦਾ ਹੈ। ਇਹ ਸ਼ਬਦ ਐਥਰੋ + ਸਕਲੀਰੋਸਿਸ ਤੋਂ ਬਣਿਆ ਹੈ। 'ਐਥਰੋ' ਤੋਂ ਭਾਵ 'ਗਰੂਅਲ' ਹੈ ਜਾਂ ਦਲੀਆ, (ਦਲੇ ਹੋਏ ਜੌਂਆਂ/ਕਣਕ ਜਾਂ ਬਾਜਰੇ ਦੇ ਬਰੀਕ ਦਾਣਿਆਂ ਤੋਂ ਦੁੱਧ ਵਿਚ ਬਣਾਇਆ ਹੋਇਆ ਦਲੀਆ) ਤੇ 'ਸਕਲੀਰੋਸਿਸ' ਦਾ ਮਤਲਬ ਹੈ ਸਖਤ ਹੋਇਆ ਤੰਤੂ। ਸੋ ਖੂਨ ਦੀਆਂ ਨਾੜੀਆਂ ਦੇ ਅੰਦਰ, ਉਪਰੋਂ ਸਖਤ ਪਰ ਹੇਠੋਂ ਨਰਮ, ਗਰੂਅਲ ਜਾਂ ਦਲੀਏ ਵਰਗੇ ਇਸ ਅਸਾਧਾਰਣ ਤਬਦੀਲੀ ਨੂੰ ਐਥਰੋਸਕਲੀਰਸਿਸ ਕਿਹਾ ਜਾਂਦਾ ਹੈ। ਇਹ 'ਦਲੀਆ' ਕੋਲੈਸਟਰੋਲ ਦਾ ਜਮਾਓ ਹੁੰਦਾ ਹੈ ਜਿਸ ਨਾਲ ਸਧਾਰਣ, ਖੁੱਲ੍ਹੀਆਂ ਨਾੜੀਆਂ ਦਾ ਬੋਰ ਤੰਗ ਹੋ ਜਾਂਦਾ ਹੈ ਤੇ ਦਿਲ, ਦਿਮਾਗ ਤੇ ਹੋਰ ਅੰਗਾਂ ਵਿਚ ਗੰਭੀਰ ਰੋਗ, ਜਾਂ ਮੌਤ ਦਾ ਕਾਰਨ ਬਣਦਾ ਹੈ। ਇਸ ਨੂੰ ਐਥਰੋਸਕਲੀਰਸਿਸ ਵਾਸਕੂਲਰ ਡਿਸਈਜ਼' ਵੀ ਕਿਹਾ ਜਾਂਦਾ ਹੈ।
     ਕਾਰਨ : ਭੋਜਨ ਵਿਚ ਦੋ ਤਰ੍ਹਾਂ ਦੇ ਥ੍ਹਿੰਦੇ ਜਾਂ ਚਰਬੀ ਹੁੰਦੀ ਹੈ- ਲੋ ਡੈਨਸਿਟੀ ਲਾਇਪੋਪ੍ਰੋਟੀਨ (ਐਲ.ਡੀ.ਐਲ) ਅਤੇ ਦੂਜੀ ਹਾਈ ਡੈਨਸਿਟੀ ਲਾਇਪੋਪ੍ਰੋਟੀਨ (ਐਚ. ਡੀ. ਐਲ)। ਐਲ.ਡੀ.ਐਲ. ਇਕ ਖ਼ਤਰਨਾਕ ਕਿਸਮ ਦੀ ਚਰਬੀ ਹੈ ਜੋ ਆਕਸੀਡੈਂਟ ਪਦਾਰਥਾਂ ਦੀ ਸਹਾਇਤਾ ਨਾਲ ਖੂਨ ਦੀਆਂ ਨਾੜੀਆਂ ਵਿਚ ਜਮ੍ਹਾਂ ਹੋਣ ਲਗਦੀ ਹੈ। ਪੂਰਾ ਰੋਗ ਵਿਕਸਿਤ ਹੋਣ ਵਿਚ ਲੰਮਾ ਸਮਾਂ ਲਗਦਾ ਹੈ ਪਰ  ਵਿਅਕਤੀ ਨੂੰ ਉਦੋਂ ਹੀ ਪਤਾ ਲਗਦਾ ਹੈ ਜਦੋਂ ਪਾਣੀ ਸਿਰ ਤੋਂ ਲੰਘ ਚੁਕਾ ਹੁੰਦਾ ਹੈ। ਭੋਜਨ ਦੀਆਂ ਖ਼ਤਰਨਾਕ ਚਰਬੀਆਂ (ਸੈਚੂਰੇਟਿਡ ਫੈਟਸ) ਦੇ ਸੋਮੇ ਹਨ: ਦੇਸੀ ਘਿਓ, ਮੱਖਣ, ਰੈਡ ਮੀਟ (ਬਕਰਾ, ਭੇਡੂ, ਗਊ, ਸੂਰ ਆਦਿ)। ਹਾਈ ਡੈਨਸਿਟੀ ਲਾਇਪੋਪ੍ਰੋਟੀਨ (ਐਚ. ਡੀ.ਐਲ) ਸਰੀਰ ਲਈ ਚੰਗਾ ਹੈ,ਸੋ ਸਰੀਰ ਲਈ ਸੁਰੱਖਿਅਤ ਚਰਬੀ ਜਾਂ ਤੇਲ ਹਨ: ਸੂਰਜਮੁਖੀ, ਮੂੰਗਫਲੀ, ਵੜੇਵਿਆਂ (ਕਾਟਨਸੀਡ), ਸੋਇਆ ਦੇ ਤੇਲ, ਪਾਮ ਆਇਲ, ਕੌਰਨ ਆਇਲ (ਮੱਕਈ ਤੋਂ ਬਣਿਆ ਤੇਲ)। ਇਹ ਮੱਛੀ ਵਿਚ ਵਧੇਰੇ ਮਿਲਦਾ ਹੈ। ਉਕਤ ਦਾ     ਮਤਲਬ ਇਹ ਨਹੀਂ ਕਿ ਕੋਈ ਵੀ ਘਿਓ ਨਾ ਖਾਵੋ। ਜੋ ਲੋਕ ਸਖ਼ਤ ਮੁਸ਼ੱਕਤ ਕਰਦੇ ਹਨ, ਜਾਂ ਬੱਚੇ ਜਿਨ੍ਹਾਂ ਦੇ ਸਰੀਰ ਅਜੇ ਵਿਕਸਿਤ  ਹੋ ਰਹੇ ਹਨ, ਖਿਡਾਰੀਆਂ ਆਦਿ ਵਾਸਤੇ ਤਾਂ ਮੱਖਣ ਤੇ ਦੇਸੀ ਘਿਓ ਚੰਗਾ ਹੁੰਦਾ ਹੈ। ਮਸ਼ੀਨੀ ਦੌਰ ਤੋਂ ਪਹਿਲਾਂ ਜਦ ਲੋਕ ਪੈਦਲ ਹੀ ਜਾਂਦੇ ਹੁੰਦੇ ਸਨ, ਔਰਤਾਂ ਚੱਕੀਆਂ ਪੀਹਦੀਆਂ ਤੇ ਸਾਰੇ ਘਰ ਦੇ ਬਾਹਰ ਦੇ ਕੰਮ ਪੂਰੇ ਜ਼ੋਰ ਨਾਲ ਕਰਦੇ ਸਨ ਤਾਂ ਘਰੇਲੂ ਦੇਸੀ ਘਿਓ ਖਾਂਦੇ ਸਨ, ਇਸ ਨੂੰ ਸਭ ਤੋਂ ਵਧੀਆ ਤੇ ਤਾਕਤ ਦੇਣ ਵਾਲਾ ਭੋਜਨ ਕਿਹਾ ਜਾਂਦਾ ਸੀ। ਪੁਰਾਣੀ  ਕਹਾਵਤ ਹੈ,  ''ਸੌ ਚਾਚਾ ਤੇ ਇਕ ਪਿਓ, ਸੌ ਦਾਰੂ ਤੇ ਇਕ ਘਿਓ''। ਪਰ ਅੱਜ ਕੱਲ੍ਹ, ਸਾਰਾ ਕੰਮ ਤਾਂ ਮਸ਼ੀਨਾਂ ਨੇ ਸੰਭਾਲ ਲਿਆ ਹੈ, ਬੰਦੇ ਦੇ ਵਧੇਰੇ ਕਾਰੋਬਾਰ ਬਹਿ ਕੇ ਕਰਨ ਵਾਲੇ ਕੰਮ ਹਨ। ਵਿਦਿਆਰਥੀ ਲਗਾਤਾਰ ਕਈ ਕਈ ਘੰਟੇ ਬੈਠ ਕੇ ਪੜ੍ਹਦੇ ਹਨ ਜਾਂ ਕੰਪਿਊਟਰ ਗੇਮਾਂ ਖੇਡਦੇ ਹਨ, ਬੈਠ ਕੇ   ਟੀ.ਵੀ. ਵੇਖਦੇ ਹਨ। ਘਰੇਲੂ ਕੰਮਾਂ-ਕਾਰਾਂ ਵਾਸਤੇ ਵੀ ਮਸ਼ੀਨਾਂ ਉਪਲਬਧ ਹਨ ਸੋ  ਸਰੀਰਕ ਕੰਮ ਕਰਨ ਦੀ ਲੋੜ ਨਹੀਂ ਪੈਂਦੀ। ਮੈਂ ਇਕ ਫੋਟੋ ਵੇਖੀ ਸੀ ਜਿਸ ਵਿਚ ਇਕ ਕਾਫੀ ਮੋਟਾ ਬੰਦਾ, ਸੋਫੇ 'ਤੇ ਬੈਠਾ ਹੈ, ਉਹਦੇ ਇਕ ਹੱਥ ਵਿਚ ਟੀ.ਵੀ. ਦਾ ਰਿਮੋਟ ਹੈ ਤੇ ਦੂਜੇ  ਹੱਥ ਵਿਚ ਕੁੱਤੇ ਦੀ ਸੰਗਲੀ; ਕੁੱਤੇ ਨੂੰ ਉਹ, ਵਰਜ਼ਿਸ਼ ਕਰਨ ਵਾਲੀ ਬੈਲਟ 'ਤੇ ਸੈਰ ਕਰਾ ਰਿਹਾ ਹੈ, ਸੋਫੇ ਦੇ ਸਾਹਮਣੇ ਮੇਜ਼ 'ਤੇ ਪੇਸਟਰੀਜ਼, ਸਿਗਰਿਟ ਤੇ ਸ਼ਰਾਬ ਪਈ ਹੋਈ ਹੈ। ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਗਾ ਲਓ, ਇਹ ਤਾਂ ਹੈ ਕੁਝ ਲੋਕਾਂ ਦਾ ਲਾਇਫ-ਸਟਾਇਲ।
       ਉਮਰ ਦੇ ਹਿਸਾਬ ਨਾਲ ਚਰਬੀ ਵਾਲੇ ਭੋਜਨਾਂ ਦਾ ਪ੍ਰਹੇਜ਼ ਕਰਨਾ ਚਾਹੀਦਾ ਹੈ। ਸੈਚੂਰੇਟਿਡ ਫੈਟਸ ਅਰਥਾਤ ਦੇਸੀ ਘਿਓ, ਬਕਰਾ ਆਦਿ ਸਰੀਰ ਨੂੰ ਤਾਕਤ  ਦੇਣ ਦੀ ਬਜਾਏ ਚਰਬੀ ਜਮਾਂ੍ਹ ਕਰਕੇ ਐਥਰੋਸਕਲੀਰਸਿਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ। ਸ਼ੇਖ ਫਰੀਦ ਜੀ ਨੇ ਗੁਰਬਾਣੀ (ਅੰਗ 1379) ਵਿਚ ਫਰਮਾਇਆ ਹੈ
''ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁਖ''
''ਰੁੱਖੀ ਸੁਕੀ ਖਾਇਕੈ ਠੰਢਾ ਪਾਣੀ ਪੀਉ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ''।
      ਇਸ ਦਾ ਮਤਲਬ ਤਾਂ ਭਾਵੇਂ ਗਰੀਬੀ ਦਾਅਵੇ ਦੇ ਭੋਜਨ ਦਾ ਹੈ ਪਰ ਅਜੋਕੇ ਦੌਰ ਦੇ ਲੋਕਾਂ ਵਾਸਤੇ ਚੋਪੜੀ (ਚਰਬੀ ਵਾਲੇ ਖਾਣੇ) ਨੂੰ ਛੱਡ ਤੇ ਸੁੱਕਾ ਜਾਂ ਖੁਸ਼ਕ ਫੁਲਕਾ ਖਾਣ ਤੇ ਖੁੱਲ੍ਹਾ ਪਾਣੀ ਪੀਣ ਦੀ ਨਸੀਹਤ ਹੈ। ਨਾੜੀਆਂ ਅੰਦਰ ਚਰਬੀ ਜੰਮਣਾਂ ਉਵੇਂ ਹੀ ਹੈ ਜਿਵੇਂ, ਸਾਡੇ ਪਾਣੀ ਦੇ ਪਾਇਪ ਅੰਦਰ ਡਿਪਾਜ਼ਿਟ ਜੰਮ ਜਾਵੇ ਤਾਂ ਟੂਟੀ 'ਚੋਂ ਪਾਣੀ ਘਟ ਨਿਕਲਦਾ ਹੈ।  ਸੋ ਜਿਸ ਅੰਗ ਨੂੰ ਖੂਨ ਦੀ ਸਪਲਾਈ ਜਾ ਰਹੀ ਹੋਵੇ, ਉਹ ਘਟ ਜਾਂਦੀ ਹੈ ਤੇ ਹੌਲੀ ਹੌਲੀ ਨਾੜੀ ਪੂਰੀ ਬੰਦ ਹੋ ਜਾਵੇ ਤਾਂ ਸਪਲਾਈ ਬਿਲਕੁਲ ਹੀ ਬੰਦ ਹੋ ਜਾਂਦੀ ਹੈ। ਦਿਲ ਅਤੇ ਦਿਮਾਗ ਜੋ ਅਤੀ ਅਹਿਮ ਅੰਗ (ਵਾਇਟਲ ਆਰਗਨਜ਼) ਹਨ, ਤਾਂ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੇ ਹੀ ਹਨ, ਦੂਸਰੇ ਵੀ ਕਈ ਅੰਗਾਂ 'ਤੇ ਭੈੜਾ ਅਸਰ ਪੈਂਦਾ ਹੈ।
      ਐਥਰੋਸਕਲੀਰੋਸਿਸ ਦਾ ਕੋਈ ਇਕ ਕਾਰਨ ਨਹੀਂ। ਕਈ ਪ੍ਰਸਥਿਤੀਆਂ, ਆਦਤਾਂ ਤੇ ਭੋਜਨ ਆਦਿ ਇਸ ਦੇ ਵਿਕਸਿਤ ਹੋਣ ਵਿਚ ਯੋਗਦਾਨ ਪਾਉਂਦੇ ਹਨ। ਇਹ ਹਨ: ਮੋਟਾਪਾ, ਸ਼ੂਗਰ-ਰੋਗ, ਹਾਈ ਬਲੱਡ ਪ੍ਰੈਸ਼ਰ, ਤੰਬਾਕੂਨੋਸ਼ੀ, ਘੱਟ ਵਰਜ਼ਿਸ਼, ਜਾਂ ਬੈਠੇ ਰਹਿਣ ਵਾਲੇ ਤੇ ਘੱਟਕਾਰਜਸ਼ੀਲ ਰਹਿਣ ਵਾਲੇ ਕਾਰੋਬਾਰ ਜਾਂ ਆਦਤਾਂ, ਪਰਿਵਾਰਕ ਪਿੱਠ-ਭੂਮੀ, ਜ਼ਿਆਦਾ ਥਿੰਦੇ ਜਾਂ ਚਰਬੀ ਵਾਲੇ ਤੇ ਰੈਡ  ਮੀਟ  ਵਾਲੇ ਵਿਅੰਜਨ।
ਐਥਰੋਸਕਲੀਰੋਸਿਸ ਨਾਲ ਸਬੰਧਤ ਬੀਮਾਰੀਆਂ : ਇਹ ਸਰੀਰ ਦੇ ਕਿਸੇ ਵੀ ਅੰਗ ਦੀਆਂ ਖੂਨ ਨਾੜੀਆਂ ਵਿਚ ਹੋ ਸਕਦੀ ਹੈ ਜਿਵੇਂ ਦਿਲ ਤੇ ਦਿਮਾਗ ਦੀਆਂ ਨਾੜੀਆਂ, ਪੇਟ ਅੰਦਰ ਵੱਡੀਆਂ ਨਾੜੀਆਂ, ਗੁਰਦਿਆਂ ਦੀਆਂ, ਲੱਤਾਂ ਤੇ ਬਾਹਵਾਂ ਦੀਆਂ ਖੂਨ ਨਾੜੀਆਂ।  ਜਿਹੜੀ ਨਾੜੀ ਅਸਰ-ਅਧੀਨ ਆਵੇ ਉਹਦੇ ਅਨੁਸਾਰ ਹੀ ਰੋਗ ਦੇ ਲੱਛਣ ਹੁੰਦੇ ਹਨ। ਉਦਾਹਰਣ ਵਜੋਂ: ਜੇਕਰ ਦਿਲ ਦੀਆਂ ਨਾੜੀਆਂ ਯਾਨੀ ਕਿ ਕੋਰੋਨਾਰੀ ਆਰਟਰੀਜ਼ ਵਿਚ ਚਰਬੀ ਜੰਮ ਜਾਵੇ ਤਾਂ ਕੋਰੋਨਾਰੀ ਆਰਟਰੀ ਡਿਸਈਜ਼ ਜਾਂ ਦਿਲ ਦਾ ਦੌਰਾ, ਦਿਮਾਗ ਦੀਆਂ ਖੂਨ-ਨਾੜੀਆਂ ਵਿਚ ਹੋਵੇ ਤਾਂ ਸਟਰੋਕ, ਵਗੈਰਾ ਵਗੈਰਾ।
ਕੋਰੋਨਾਰੀ ਆਰਟਰੀ ਡਿਸਈਜ਼ : ਇਸ  ਨੂੰ 'ਕੋਰੋਨਾਰੀ ਹਾਰਟ ਡਿਸਈਜ਼' ਵੀ ਕਿਹਾ ਜਾਂਦਾ ਹੈ ਜੋ ਪੂਰੀ ਦੁਨੀਆਂ ਵਿਚ ਇਕ  ਨੰਬਰ ਦਾ ਕਾਤਲ ਰੋਗ ਹੈ। ਔਰਤਾਂ ਵਿਚ ਮੈਨੋਪਾਜ਼ ਤੋਂ ਪਹਿਲਾਂ ਘੱਟ ਹੁੰਦਾ ਹੈ ਪਰ ਉਸ ਤੋਂ ਬਾਅਦ ਦੋਵਾਂ (ਪੁਰਸ਼ ਤੇ ਔਰਤਾਂ) ਵਿਚ ਬਰਾਬਰ ਹੁੰਦਾ ਹੈ। ਦਿਲ ਭਾਵੇਂ ਖੁਦ, ਆਪਣੇ ਪੰਪਿੰਗ ਐਕਸ਼ਨ ਨਾਲ, ਸਾਰੇ ਸਰੀਰ ਨੂੰ ਖੂਨ ਭੇਜਦਾ ਹੈ ਪਰ ਇਸਦੇ ਪੱਠਿਆਂ ਨੂੰ ਖੂਨ  ਸਪਲਾਈ ਕਰਨ ਵਾਲੀਆਂ ਖੂਨ-ਨਾੜੀਆਂ (ਕੋਰੋਨਰੀ ਆਰਟਰੀਜ਼) ਵਿਚ, ਜਦ ਚਰਬੀ ਜੰਮ ਜਾਂਦੀ ਹੈ ਤਾਂ ਇਨ੍ਹਾਂ ਦਾ ਬੋਰ ਭੀੜਾ ਹੋ ਜਾਣ ਕਰਕੇ, ਦਿਲ ਦੇ ਪੱਠਿਆ ਨੂੰ ਲੋੜੀਂਦੀ ਮਾਤਰਾ ਵਿਚ ਖੂਨ ਨਹੀਂ ਪੁੱਜਦਾ ਜਿਸ ਨਾਲ ਪੰਪ ਕਰਨ ਵਾਲੇ ਇਹ ਪੱਠੇ (ਮਾਇਓਕਾਰਡੀਅਮ) ਕਾਰਜਸ਼ੀਲ ਨਹੀਂ ਰਹਿੰਦੇ। ਜਦ ਨਾੜੀ ਦੇ ਇਸ ਤੰਗ ਬੋਰ ਵਾਲੀ ਥਾਂ 'ਤੇ ਖੂਨ ਜੰਮ ਜਾਵੇ ਤਾਂ ਅਚਾਨਕ ਰੁਕਾਵਟ ਆਉਣ ਨਾਲ  ਦਿਲ ਦਾ ਦੌਰਾ ਤੇ ਮੌਤ ਹੋ ਜਾਂਦੀ ਹੈ। ਜੇਕਰ ਸਮੱਸਿਆ ਦਾ ਪਤਾ ਲੱਗ ਜਾਵੇ ਤਾਂ ਵਿਅਕਤੀ ਉਂਜ ਬਚ ਜਾਂਦਾ ਹੈ ਪਰ ਦਿਲ ਦਾ ਰੋਗੀ  ਬਣ ਜਾਂਦਾ ਹੈ ਤੇ ਇਲਾਜ ਦੇ ਵੱਖ ਵੱਖ ਤਰੀਕਿਆ ਨਾਲ ਇਸ ਰੋਗ ਤੋਂ ਬਚਿਆ ਰਹਿੰਦਾ ਹੈ ।
ਦਿਮਾਗ ਦਾ ਸਟਰੋਕ-ਕੈਰੋਟਿਡ ਆਰਟਰੀਜ਼ : ਦਿਲ ਵਾਂਗ, ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਖੂਨ-ਨਾੜੀਆਂ ਜੋ ਧੌਣ ਵਿਚੋਂ ਦੀ ਹੁੰਦੀਆਂ ਹੋਈਆਂ (ਦਿਲ ਤੋਂ) ਦਿਮਾਗ ਤੱਕ ਪੁੱਜਦੀਆਂ ਹਨ (ਕੈਰੋਟਿਡ ਆਰਟਰੀਜ਼), ਵਿਚ ਵੀ ਚਰਬੀ ਜੰਮਣ ਨਾਲ ਸਪਲਾਈ ਘਟ ਜਾਂਦੀ ਹੈ ਤੇ ਦਿਮਾਗ ਦਾ ਸਟਰੋਕ ਹੋ ਜਾਂਦਾ ਹੈ।
ਪੈਰੀਫਰਲ ਆਰਟਰੀ ਡਿਸਈਜ਼: ਲੱਤਾਂ-ਬਾਹਵਾਂ ਦੀਆਂ ਖੂਨ ਨਾੜੀਆਂ ਚਰਬੀ ਜੰਮਣ ਵਾਲੇ ਇਸ ਰੋਗ ਐਥਰੋਸਕਲੀਰੋਸਿਸ,ਦੇ ਅਸਰ-ਅਧੀਨ ਆਉਂਦੀਆਂ ਹਨ। ਸੋ ਇਨ੍ਹਾਂ ਅੰਗਾਂ ਦੀ ਸਪਲਾਈ ਵਿਚ ਵਿਘਨ ਪੈਣ (ਘਟਣ) ਕਰਕੇ ਹੱਥ ਜਾਂ ਪੈਰ ਠੰਢੇ ਰਹਿੰਦੇ ਹਨ, ''ਕੀੜੀਆਂ ਤੁਰਦੀਆਂ'' ਵਾਂਗ ਜਾਂ ਦਰਦ ਮਹਿਸੂਸ ਹੁੰਦਾ ਹੈ। ਕਈ ਵਾਰ ਇਨ੍ਹਾਂ ਥਾਵਾਂ ਦੀਆਂ ਇਨਫੈਕਸ਼ਨ ਹੋ ਜਾਂਦੀ ਹੈ ਜੋ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਗੁਰਦਾ ਰੋਗ: ਗੁਰਦੇ ਨੂੰ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ (ਰੀਨਲ ਆਰਟਰੀਜ਼) ਜੇਕਰ ਚਰਬੀ ਜੰਮਣ ਨਾਲ ਤੰਗ ਹੋ ਜਾਣ ਤਾਂ ਲੋੜੀਂਦੀ ਨਾਲੋਂ ਘਟ ਸਪਲਾਈ ਕਰਕੇ ਗੁਰਦੇ ਦੀ ਕਾਰਜ-ਸ਼ੀਲਤਾ 'ਤੇ ਬੁਰਾ ਅਸਰ ਪੈਂਦਾ ਹੈ। ਗੁਰਦੇ ਦਾ ਕੰਮ ਹੈ ਖੂਨ ਨੂੰ ਛਾਣ ਕੇ ਉਸ 'ਚੋਂ ਜ਼ਹਿਰੀਲੇ ਤੱਤ ਤੇ ਫਾਲਤੂ ਪਾਣੀ ਵੱਖ ਕਰਕੇ, ਪਿਸ਼ਾਬ ਦੇ ਰੂਪ ਵਿਚ ਬਾਹਰ ਕੱਢਣਾ। ਸੋ ਜਦ ਇਸ ਅੰਗ ਦੀ ਕਾਰਜਸ਼ੀਲਤਾ 'ਤੇ ਬੁਰਾ ਅਸਰ ਪੈਂਦਾ ਹੈ ਤਾਂ ਸਰੀਰ 'ਚੋਂ ਪਾਣੀ ਤੇ ਅਣਚਾਹੇ ਤੱਤ ਬਾਹਰ ਨਹੀਂ ਨਿਕਲਦੇ ਤਾਂ ਗੁਰਦਾ ਰੋਗ ਦੇ ਲੱਛਣ (ਸੋਜਾਂ  ਆਦਿ) ਸਾਹਮਣੇ ਆਉਂਦੇ ਹਨ।
ਜੰਮੀ ਹੋਈ ਚਰਬੀ ਵਾਲੀ ਜਗ੍ਹਾ (ਐਥਰੋਸਕਲੀਰੋਸਿਸ) 'ਤੇ ਉਤਪੰਨ ਹੋਣ ਵਾਲੀਆਂ ਉਲਝਣਾਂ : ਵੈਸੇ ਤਾਂ ਇਹ ਆਪ ਇਕ  ਬੜੀ ਵੱਡੀ ਉਲਝਣ ਹੈ ਫਿਰ ਵੀ ਇਸ ਅਸਾਧਾਰਣ ਥਾਂ 'ਤੇ ਹੋਰ ਵੀ ਖ਼ਤਰਾ ਪੈਦਾ ਕਰਨ ਵਾਲੀਆਂ ਉਲਝਨਾ ਪੈਦਾ ਹੋ ਸਕਦੀਆਂ/ਜਾਂਦੀਆਂ ਹਨ:
ਉਪਰੋਂ ਛਿੱਲਿਆ ਜਾਣਾ (ਅਲਸਰੇਸ਼ਨ): ਤੰਗ ਹੋਏ ਬੋਰ ਵਾਲੀ ਜਗ੍ਹਾ, ਖੂਨ ਦੇ ਤੇਜ਼ ਵਹਾ ਨਾਲ ਛਿੱਲੀ ਜਾਂਦੀ ਹੈ ਜਿਸ ਉਤੇ ਵਹਿੰਦੇ ਖੂਨ ਦੇ ਕੁਝ ਤੱਤ ਜੰਮ ਜਾਣ ਨਾਲ ਥਰੋਂਬਸ ਬਣ ਜਾਂਦਾ ਹੈ ਜੋ, ਖੂਨ ਦੀ ਰੁਕਾਵਟ ਨੂੰ ਹੋਰ ਵੀ ਵਧਾ ਦੇਂਦਾ ਹੈ।
ਕੈਲਸ਼ੀਅਮ ਦਾ ਜਮ੍ਹਾਂ ਹੋਣਾ : ਪੁਰਾਣੇ ਐਥਰੋਸਕਲੀਰੋਸਿਸ ਵਿਚ ਕੈਲਸ਼ੀਅਮ ਜਮਾਂ ਹੋ ਜਾਂਦਾ ਹੈ ਜਿਸ ਨਾਲ ਨਰਮ ਤੇ ਲਚਕੀਲੀ  ਖੂਨ-ਨਾੜੀ, ਸਖ਼ਤ ਲੋਹੇ ਦੇ ਪਾਇਪ ਵਰਗੀ ਹੋ ਜਾਂਦੀ ਹੈ, ਜੋ ਉਂਗਲ ਨਾਲ ਛੋਹ ਕੇ ਵੀ ਸਖਤ ਮਹਿਸੂਸ ਕੀਤੀ ਜਾ ਸਕਦੀ ਹੈ।
ਨਾੜੀ ਦਾ ਫੱਟ ਜਾਣਾ : ਕਿਉਂਕਿ ਇਸ ਨਾਲ ਨਾੜੀ ਕਮਜ਼ੋਰ ਹੋ ਜਾਂਦੀ ਹੈ ਇਸ ਲਈ ਜੇ ਬਲੱਡ ਪ੍ਰੈਸ਼ਰ ਵਧੇਰੇ ਹੋਵੇ ਤਾਂ ਇਹ ਫੱਟ ਸਕਦੀ ਹੈ। ਇਹ ਨਾੜੀ ਦਿਲ ਦੀ (ਕੋਰੋਨਾਰੀ ਆਰਟਰੀ ਦੀ ਸ਼ਾਖਾ) ਵੀ ਹੋ ਸਕਦੀ ਹੈ ਤੇ ਦਿਮਾਗ (ਕੈਰੋਟਿਡ ਆਰਟਰੀ ਦੀ ਸ਼ਾਖਾ) ਦੀ ਵੀ। ਨਾੜੀ ਫੱਟਣ ਵਾਲੀ ਸਥਿਤੀ ਗੰਭੀਰ ਜਾਂ ਘਾਤਕ ਹੁੰਦੀ ਹੈ।
   ਹੋ ਸਕਦੈ ਕਿ ਕਿਸੇ ਵਿਅਕਤੀ ਨੂੰ ਐਥਰੋਸਕਲੀਰੋਸਿਸ ਹੋਵੇ ਪਰ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿਉਂਕਿ ਕਈ ਵਾਲ ਕੋਈ ਵੀ ਲੱਛਣ ਨਹੀਂ ਹੁੰਦਾ। ਤੁਦੋਂ ਹੀ ਪਤਾ ਲਗਦਾ ਹੈ ਜਦ ਦਿਲ ਦਾ ਦੌਰਾ ਜਾਂ ਬਰੇਨ ਸਟਰੋਕ ਹੋ ਜਾਂਦਾ ਹੈ।
        ਜਿਵੇਂ ਬਹੁਤ ਰੋਗ ਲਾਇਫ ਸਟਾਇਲ ਕਰ ਕੇ ਹਨ, ਇਸ ਸਮੱਸਿਆ ਤੋਂ ਬਚਾਓ ਵਾਸਤੇ ਵੀ ਅਸੀਂ ਜੀਵਨ-ਵਿਧੀ ਜਾਂ ਲਾਇਫ ਸਟਾਇਲ ਵਿਚ ਤਬਦੀਲੀਆਂ ਕਰਨ ਦਾ ਉਪਰਾਲਾ ਕਰ ਸਕਦੇ ਹਾਂ :
ਉਮਰ ਦੇ ਹਿਸਾਬ ਨਾਲ ਘੱਟ ਥਿੰਦੇ ਜਾਂ ਚਰਬੀ ਵਾਲੇ ਭੋਜਨ ਖਾਓ। ਕਾਰਜ-ਸ਼ੀਲ ਰਹੋ ਤੇ ਨਿਯਮਤ ਵਰਜ਼ਿਸ਼  ਕਰੋ।
ਵਾਧੂ ਖਾਣਾ, ਵਧੇਰੇ ਕੌਫੀ, ਆਈਸ ਕਰੀਮਜ਼, ਮਠਿਆਈਆਂ, ਮੱਖਣ, ਦੇਸੀ ਘਿਓ, ਰੈਡ ਮੀਟ ਅਦਿ ਘਟਾਓ ਜਾਂ ਬੰਦ ਕਰ ਦਿਓ। ਤੰਬਾਕੂ ਨੋਸ਼ੀ ਬਿਲਕੁਲ ਬੰਦ ਕਰੋ।
ਜੇ ਤੁਸੀਂ ਸ਼ੂਗਰ-ਰੋਗੀ ਹੋ ਤਾਂ ਪ੍ਰਹੇਜ਼, ਦਵਾਈਆਂ ਆਦਿ ਨਾਲ ਇਸ ਨੂੰ ਕੰਟਰੋਲ ਵਿਚ ਰੱਖੋ।
ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਵੀ ਪ੍ਰਹੇਜ਼ (ਘੱਟ ਲੂਣ, ਘੱਟ ਥਿੰਦਾ) ਤੇ ਦਵਾਈ ਨਾਲ ਇਸ ਨੂੰ ਕੰਟਰੋਲ ਵਿਚ ਰੱਖੋ।
- ਡਾ. ਮਨਜੀਤ ਸਿੰਘ ਬੱਲ