ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਓ ਜਾਣੀਏ 5 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਬਾਰੇ


ਮਾਪਿਆਂ ਵਾਸਤੇ ਬੱਚੇ ਨੂੰ ਵਧਦੇ ਵੇਖਣਾ ਇਕ ਅਜਿਹਾ ਰੂਹਾਨੀ ਤਜਰਬਾ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਜਿਵੇਂ ਜਿਵੇਂ ਬੱਚੇ ਦੀ ਉਮਰ ਵਧਦੀ ਹੈ, ਉਹ ਆਪਣਾ ਆਲਾ ਦੁਆਲਾ ਘੋਖਦਾ ਹੈ ਅਤੇ ਉਸ ਦਾ ਆਪਣਾ ਤਜਰਬਾ ਵੀ ਮਾਪਿਆਂ ਦੀ ਦਿੱਤੀ ਸਿੱਖਿਆ ਨਾਲ ਜੁੜਦਾ ਰਹਿੰਦਾ ਹੈ। ਉਮਰ ਦੇ ਵਧਣ ਨਾਲ ਬੱਚੇ ਦੇ ਸਰੀਰ ਦਾ ਵਿਕਾਸ ਤਾਂ ਹੁੰਦਾ ਹੀ ਹੈ ਪਰ ਮਾਨਸਿਕ ਵਿਕਾਸ ਵੀ ਤੁਰਦਾ ਰਹਿੰਦਾ ਹੈ। ਹਰ ਉਮਰ ਵਿਚ ਮਾਨਸਿਕ ਤਬਦੀਲੀਆਂ ਵੱਖੋ ਵਖ ਹੁੰਦੀਆਂ ਹਨ।
      ਕੁਝ ਕੁ ਅਜਿਹੀਆਂ ਤਬਦੀਲੀਆਂ ਜਾਣ ਲੈਣ ਤੋਂ ਬਾਅਦ ਮਾਪੇ ਆਪਣੇ ਬੱਚੇ ਬਾਰੇ ਫੈਸਲਾ ਕਰ ਸਕਦੇ ਹਨ ਕਿ ਉਸਦਾ ਦਿਮਾਗ਼ ਠੀਕ ਵਧ ਫੁਲ ਰਿਹਾ ਹੈ ਜਾਂ ਨਹੀਂ।
ਇਸ ਲੇਖ ਵਿਚ ਮੈਂ ਵਿਸਤਾਰ ਨਾਲ ਪੰਜ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਬਾਰੇ ਹੀ ਜ਼ਿਕਰ ਕਰਨਾ ਚਾਹਾਂਗੀ।
       ਸਭ ਤੋਂ ਵੱਧ ਫਿਕਰ ਮਾਪਿਆਂ ਨੂੰ ਬੱਚੇ ਦੇ ਦਿਮਾਗ਼ ਬਾਰੇ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਲਾਇਕ ਬਣੇਗਾ ਜਾਂ ਨਹੀਂ। ਏਸੇ ਲਈ ਨਾਰਮਲ ਪੰਜ ਤੋਂ ਛੇ ਵਰ੍ਹਿਆਂ ਦੇ ਬੱਚੇ ਬਾਰੇ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੱਚਾ ਸੌਖਿਆਂ ਹੀ ਪੰਦਰਾਂ ਤਕ ਨੰਬਰ ਯਾਦ ਕਰ ਲੈਂਦਾ ਹੈ ਤੇ ਇਕ ਤੋਂ ਦਸ ਤਕ ਦੀ ਗਿਣਤੀ ਨੂੰ ਠੀਕ ਤਰੀਕੇ ਲਿਖ ਵੀ ਲੈਂਦਾ ਹੈ। ਆਮ ਤੌਰ 'ਤੇ ਬੱਚਾ ਇਕ ਵੇਲੇ ਵੀਹ ਚੀਜ਼ਾਂ ਦੀ ਗਿਣਤੀ ਕਰ ਕੇ ਵਿਖਾ ਸਕਦਾ ਹੈ। ਇਸ ਉਮਰ ਵਿਚ ਬੱਚੇ ਨੂੰ ਸੱਜੇ ਤੇ ਖੱਬੇ ਪਾਸੇ ਦੀ ਵੀ ਸਮਝ ਆਉਣ ਲੱਗ ਪੈਂਦੀ ਹੈ। ਇਸ ਤੋਂ ਇਲਾਵਾ 'ਪਿੱਛੇ', 'ਨਾਲ', ਅੱਗੇ, ਅਗਲਾ, ਪਿਛਲਾ, ਵਰਗੇ ਸ਼ਬਦ ਵੀ ਸਮਝ ਆਉਣ ਲੱਗ ਪੈਂਦੇ ਹਨ।
      ਬੱਚਾ ਹਫ਼ਤੇ ਦੇ ਸੱਤ ਦਿਨ ਵੀ ਠੀਕ ਤਰੀਕੇ ਗਿਣ ਲੈਂਦਾ ਹੈ ਤੇ ਏ, ਬੀ, ਸੀ ਜਾਂ À, ਅ ਅੱਖਰ ਪਛਾਣ ਵੀ ਲੈਂਦਾ ਹੈ। ਟੇਢਾ ਵਾਹਿਆ ਚੌਕੋਰ ਵੇਖ ਕੇ ਵੀ ਬੱਚਾ ਸੋਹਣੇ ਤਰੀਕੇ ਨਕਲ ਲਾਹ ਸਕਦਾ ਹੈ ਅਤੇ ਆਪਣਾ ਨਾਂ ਵੀ ਲਿਖ ਸਕਦਾ ਹੈ। ਇਸ ਉਮਰ ਦਾ ਬੱਚਾ ਆਪਣਾ ਜਨਮ ਦਿਨ ਅਤੇ ਮਹੀਨਾ ਵੀ ਯਾਦ ਕਰ ਕੇ ਰਖਦਾ ਹੈ ਅਤੇ ਮਾਪਿਆਂ ਨੂੰ ਵਾਰ ਵਾਰ ਆਪਣੇ ਵਾਸਤੇ ਉਸ ਦਿਨ ਦੀ ਸੌਗਾਤ ਯਾਦ ਕਰਾਉਂਦਾ ਰਹਿੰਦਾ ਹੈ।
     ਕਿਸੇ ਵੀ ਚੀਜ਼ ਦਾ ਅੱਧ ਕਰਨਾ ਵੀ ਬੱਚਾ ਇਸ ਉਮਰ ਵਿਚ ਸੌਖਿਆਂ ਸਿੱਖ ਸਕਦਾ ਹੈ। ਇਸੇ ਲਈ ਸੌਖੇ ਜਮਾਂ ਅਤੇ ਮਨਫ਼ੀ ਦੇ ਸਵਾਲ ਵੀ ਹੱਲ ਕਰਨ ਲੱਗ ਪੈਂਦਾ ਹੈ। ਜੇ ਕਿਤੇ ਉਸ ਦੇ ਆਪਣੇ ਕਰਨ ਵਾਲੇ ਕੰਮਾਂ ਵਲ ਝਾਤ ਮਾਰੀਏ ਤਾਂ ਬਹੁਤੇ ਮਾਪੇ ਆਪਣੀ ਮਰਜ਼ੀ ਹੀ ਆਪਣੇ ਬੱਚੇ ਉੱਤੇ ਠੋਸਣਾ ਚਾਹੁੰਦੇ ਹਨ ਇਹ ਜਾਣੇ ਬਗ਼ੈਰ ਕਿ ਬੱਚਾ ਬਹੁਤ ਕੁੱਝ ਆਪ ਕਰਨਾ ਚਾਹੁੰਦਾ ਹੈ ਤਾਂ ਜੋ ਇਹ ਸਾਬਤ ਕਰ ਸਕੇ ਕਿ ਉਹ ਵੱਡਾ ਹੋ ਰਿਹਾ ਹੈ। ਜੇ ਮਾਪੇ ਸਿਰਫ ਆਪਣੀ ਮਰਜ਼ੀ ਹੀ ਠੋਸੀ ਜਾਣ ਤਾਂ ਬੱਚਾ ਵੱਡਾ ਹੋ ਕੇ ਆਪਣੇ ਫੈਸਲੇ ਆਪ ਲੈਣ ਜੋਗਾ ਨਹੀਂ ਰਹਿੰਦਾ। ਬਹੁਤੇ ਬੱਚੇ ਕਪੜੇ ਪਾਉਣ ਵੇਲੇ ਆਪਣਾ ਫੈਸ਼ਨ ਆਪ ਹੀ ਘੜਦੇ ਹਨ ਹਾਲਾਂਕਿ ਇਸ ਉਮਰ ਦੇ ਬੱਚਿਆਂ ਨੂੰ ਗਰਮੀ ਅਤੇ ਸਰਦੀ ਦੇ ਕਪੜਿਆਂ ਦੀ ਪੂਰੀ ਸਮਝ ਆ ਚੁੱਕੀ ਹੁੰਦੀ ਹੈ। ਕੋਈ ਵਧੀਆ ਕਪੜਾ ਪਾ ਕੇ, ਸ਼ੀਸ਼ੇ ਵਿਚ ਵੇਖ ਕੇ ਜਦੋਂ ਬੱਚਾ ਆਪਣੇ ਆਪ ਨੂੰ ਬਲਾ ਦਾ ਖ਼ੂਬਸੂਰਤ ਸਮਝਦਾ ਹੋਇਆ ਮੁਸਕੁਰਾਹਟ ਬਿਖੇਰਦਾ ਹੈ ਤਾਂ ਅਜਿਹੇ ਬੱਚੇ ਦੀ ਨੁਹਾਰ ਵੇਖਣ ਵਾਲੀ ਹੁੰਦੀ ਹੈ।
     ਇਸੇ ਲਈ ਕਈ ਵਾਰ ਬੱਚਾ ਸਖ਼ਤ ਗਰਮੀ ਵਿਚ ਵੀ ਕੋਈ ਸਰਦੀਆਂ ਵਾਲੀ ਜੈਕਟ ਪਾ ਕੇ ਆਪਣੇ ਆਪ ਨੂੰ 'ਸਮਾਰਟ' ਬਣਾਉਣ ਦੀ ਕੋਸ਼ਿਸ਼ ਵਿਚ ਲੱਗ ਜਾਂਦਾ ਹੈ। ਇਸ ਉਮਰ ਦਾ ਬੱਚਾ ਆਪਣੀ ਪੈਂਟ ਦੀ ਬੈਲਟ ਆਪ ਬੰਨ੍ਹ ਸਕਦਾ ਹੈ ਤੇ ਕਾਰ ਵਿਚ ਵੀ 'ਸੇਫਟੀ ਬੈਲਟ' ਬੰਨ੍ਹ ਲੈਂਦਾ ਹੈ। ਜੇ ਸੜਕ ਪਾਰ ਕਰਨੀ ਹੋਵੇ, ਤਾਂ ਵੀ ਬੱਚਾ ਕਿਨਾਰੇ ਉੱਤੇ ਖਲੋ ਕੇ, ਦੋਵੇਂ ਪਾਸੇ ਤੱਕ ਕੇ ਸੜਕ ਪਾਰ ਕਰ ਲੈਂਦਾ ਹੈ ਬਸ਼ਰਤੇ ਕਿ ਉਸਨੂੰ ਮਾਪਿਆਂ ਨੇ ਸੜਕ ਸੁਰੱਖਿਆ ਬਾਰੇ ਸਾਰਾ ਕੁੱਝ ਸਮਝਾਇਆ ਹੋਵੇ। ਇਸ ਉਮਰ ਦੇ ਬੱਚੇ ਦੀ ਜੇ ਰਸੋਈ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਮੈਂ ਦਸ ਦਿਆਂ ਕਿ ਬੱਚਾ ਨਰਮ ਚੀਜ਼ ਚਾਕੂ ਨਾਲ ਕੱਟ ਵੀ ਸਕਦਾ ਹੈ ਤੇ ਆਪਣੇ ਖਾਣ ਲਈ ਦੁੱਧ ਬਿਸਕੁਟ ਜਾਂ ਬਰੈੱਡ ਦੇ ਸੈਂਡਵਿਚ ਵੀ ਬਣਾ ਲੈਂਦਾ ਹੈ।
        ਜੇ ਮਾਪਿਆਂ ਨੇ ਬੱਚੇ ਨੂੰ ਹੱਲਾਸ਼ੇਰੀ ਦੇ ਕੇ ਪਾਲਿਆ ਹੋਵੇ ਤਾਂ ਇਸ ਉਮਰ ਦਾ ਬੱਚਾ ਆਪਣਾ ਸ਼ੁਰੂ ਕੀਤਾ ਕੰਮ ਮੁਕਾ ਕੇ ਖੁਸ਼ੀ ਮਹਿਸੂਸ ਕਰਦਾ ਹੈ ਅਤੇ ਆਪਣਾ ਕੀਤਾ ਕੰਮ ਸੰਭਾਲ ਕੇ ਰਖਦਾ ਵੀ ਹੈ। ਮਾਪਿਆਂ ਵੱਲੋਂ ਕਹੀ ਗੱਲ ਮੰਨਣੀ ਵੀ ਬੱਚਾ ਇਸ ਉਮਰ ਵਿਚ ਤਾਂ ਚੰਗੀ ਸਮਝਦਾ ਹੈ ਪਰ ਜਿਉਂ ਜਿਉਂ ਉਮਰ ਵਧਦੀ ਹੈ, ਬੱਚਾ ਆਖਾ ਨਾ ਮੰਨਣ ਵਿਚ ਜ਼ਿਆਦਾ ਵਡੱਪਣ ਸਮਝਣ ਲੱਗ ਪੈਂਦਾ ਹੈ ਕਿਉਂਕਿ ਉਸਦੀ ਆਪਣੀ ਮਰਜ਼ੀ ਉਸ ਲਈ ਜ਼ਿਆਦਾ ਮਹੱਤਵ ਰਖਦੀ ਹੈ। ਇਹ ਗੱਲ ਵੱਡੇ ਹੋਣ'ਤੇ ਉਸਨੂੰ ਸਮਝ ਆਉਂਦੀ ਹੈ ਕਿ ਇਹ ਉਸਦੀ ਗ਼ਲਤੀ ਸੀ ਜੋ ਉਸਨੇ ਮਾਪਿਆਂ ਦੇ ਤਜਰਬੇ ਤੋਂ ਸਿੱਖਣ ਲਈ ਨਾਂਹ ਕਰ ਦਿੱਤੀ। ਪੰਜ ਸਾਲ ਦਾ ਬੱਚਾ ਨਵਜੰਮੇਂ ਬੱਚੇ ਵਲ ਬਹੁਤ ਜ਼ਿਆਦਾ ਖਿੱਚਿਆ ਜਾਂਦਾ ਹੈ ਕਿਉਂਕਿ ਉਸ ਲਈ ਉਹ ਜੀਉਂਦਾ ਜਾਗਦਾ ਖਿਡੌਣਾ ਹੁੰਦਾ ਹੈ। ਸਭ ਤੋਂ ਵਧ ਉਸ ਲਈ ਇਹ ਮਜ਼ੇਦਾਰ ਗੱਲ ਹੁੰਦੀ ਹੈ ਕਿ ਉਹ ਉਸਨੂੰ ਜਿਵੇਂ ਮਰਜ਼ੀ ਮਧੋਲ ਸਕਦਾ ਹੈ ਤੇ ਉਸਨੂੰ ਚੁੰਮ ਕੇ ਘੁੱਟ ਕੇ ਜੱਫੀ ਪਾ ਸਕਦਾ ਹੈ। ਮਾਪਿਆਂ ਤੋਂ ਝਿੜਕ ਖਾਣ ਤੋਂ ਬਾਅਦ ਆਪਣਾ ਗੁੱਸਾ ਵੀ ਉਸ ਉੱਤੇ ਕੱਢ ਸਕਦਾ ਹੈ, ਚੂੰਢੀ  ਵੱਢ ਸਕਦਾ ਹੈ ਤੇ ਲੁਕ ਛਿਪ ਕੇ ਥੱਪੜ ਵੀ ਮਾਰ ਦਿੰਦਾ ਹੈ। ਇਹ ਲਗਾਓ ਏਨਾ ਵੱਧ ਹੁੰਦਾ ਹੈ ਕਿ ਕਿਸੇ ਬਾਹਰਲੇ ਵੱਲੋਂ ਨਿੱਕਾ ਬੱਚਾ ਚੁੱਕੇ ਜਾਣ ਉੱਤੇ ਬੱਚਾ ਹਾਲ ਪਾਹਰਿਆ ਮਚਾ ਕੇ ਆਪਣਾ ਰੋਹ ਪ੍ਰਗਟ ਕਰ ਦਿੰਦਾ ਹੈ।
        ਰੋਟੀ ਖਾ ਕੇ ਆਪਣਾ ਮੂੰਹ ਸਾਫ ਕਰਨਾ, ਹੱਥ ਧੋਣੇ ਅਤੇ ਨਿੱਕੇ ਬੱਚੇ ਨੂੰ ਵੀ ਸਾਫ ਕਰਨਾ ਇਸ ਉਮਰ ਦਾ ਬੱਚਾ ਸੌਖਿਆਂ ਹੀ ਕਰ ਲੈਂਦਾ ਹੈ। ਆਪ ਨਹਾਉਣਾ ਤਾਂ ਬੱਚੇ ਨੂੰ ਇਸ ਉਮਰ ਵਿਚ ਸਭ ਤੋਂ ਪਿਆਰੀ ਖੇਡ ਲਗਦੀ ਹੈ ਕਿਉਂਕਿ ਛਿੱਟੇ ਉਡਾ ਕੇ ਬੱਚਾ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ।
        ਜੇ ਕਿਤੇ ਇਸ ਉਮਰ ਦੇ ਬੱਚੇ ਨੂੰ ਖੇਡਦੇ ਵੇਖ ਲਓ ਤਾਂ ਕੁੱਝ ਵਖਰੀ ਕਿਸਮ ਦਾ ਸਰੂਰ ਆ ਜਾਂਦਾ ਹੈ। ਇੰਨੀ ਬਰੀਕੀ ਨਾਲ ਖੇਡ ਦੇ ਰੂਲ ਬੱਚਾ ਦੂਜੇ ਨੂੰ ਸਮਝਾਉਂਦਾ ਹੈ ਕਿ ਕਿਸੇ ਵੀ ਵੇਖਣ ਵਾਲੇ ਨੂੰ ਬਦੋਬਦੀ ਹਾਸਾ ਆ ਜਾਏ। ਇਕ ਮਜ਼ੇਦਾਰ ਮਿਸਾਲ ਮੈਂ ਦਸ ਦਿੰਦੀ ਹਾਂ। ਸਾਡੀ ਗਲੀ ਵਿਚ ਇਸ ਉਮਰ ਦੇ ਬੱਚੇ ਬੌਲ ਖੇਡ ਰਹੇ ਸਨ। ਮੈਂ ਆਪਣੇ ਘਰ ਦੇ ਕੋਠੇ ਉੱਤੋਂ ਉਨ੍ਹਾਂ ਨੂੰ ਵੇਖ ਰਹੀ ਸੀ। ਇੱਕ ਛੇ ਸਾਲ ਦਾ ਬੱਚਾ ਖੇਡ ਦੇ ਰੂਲ ਬਾਕੀਆਂ ਨੂੰ ਸਮਝਾਉਂਦਾ ਹੋਇਆ ਕਹਿ ਰਿਹਾ ਸੀ, ''ਸਾਰਿਆਂ ਨੇ ਇਕ ਪਾਸਿਓਂ ਭੱਜ ਕੇ ਆਉਣਾ ਹੈ ਅਤੇ ਸਾਹਮਣੇ ਪਏ ਵੱਟੇ ਕੋਲੋਂ ਬੌਲ ਮਾਰਨਾ ਹੈ ਤਾਂ ਜੋ ਬੌਲ ਅਗਲੀ ਮੋਰੀ ਵਿਚ ਪੈ ਜਾਏ। ਜੇ ਮੋਰੀ ਵਿਚ ਨਾ ਪਏ ਤਾਂ ਬਾਅਦ ਵਿਚ ਬੌਲ ਚੁੱਕ ਕੇ ਮੋਰੀ ਦੇ ਨੇੜੇ ਹੋ ਕੇ ਉਸ ਵਿਚ ਰਖ ਦਿਓ ਤਾਂ ਜੋ ਬਾਕੀ ਵੱਡੇ ਵੇਖ ਲੈਣ ਕਿ ਅਸੀਂ ਕਿੰਨੀ ਵਧੀਆ ਖੇਡ ਖੇਡਦੇ ਹਾਂ ਤੇ ਸਾਡਾ ਨਿਸ਼ਾਨਾ ਕਿੰਨਾ ਠੀਕ ਹੈ।'' ਮੈਂ ਹੱਸ ਤਾਂ ਪਈ ਪਰ ਗੱਲ ਵਿਚਾਰ ਕਰਨ ਵਾਲੀ ਹੈ ਕਿ ਅਸੀਂ ਆਪਣੇ ਛੇ ਸਾਲ ਦੇ ਬੱਚੇ ਨੂੰ ਵੀ ਰੂਲ ਤੋੜਨ ਦਾ ਵੱਲ ਸਿਖਾ ਦਿੰਦੇ ਹਾਂ ਤਾਂ ਵੱਡੇ ਹੋ ਕੇ ਕਾਨੂੰਨ ਨਾ ਤੋੜਨ ਦੀ ਗੱਲ ਕੌਣ ਮੰਨੇਗਾ? ਜੇ ਘਰ ਵਿਚ ਕੋਈ ਵਿਚਾਰ ਚਰਚਾ ਚੱਲ ਰਹੀ ਹੋਵੇ ਤਾਂ ਵੀ ਬੱਚਾ ਅਚਨਚੇਤ ਆਪਣਾ ਵਿਚਾਰ ਸਭ ਦੇ ਸਾਹਮਣੇ ਰਖ ਦਿੰਦਾ ਹੈ। ਭਾਵੇਂ ਉਸ ਵੇਲੇ ਸਾਰੇ ਹੱਸ ਪੈਣ ਪਰ ਇਹ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਨਿੱਕਾ ਬੱਚਾ ਵੱਡਿਆਂ ਦੀ ਹਰ ਗੱਲ ਪੂਰੇ ਧਿਆਨ ਨਾਲ ਸੁਣ ਕੇ ਆਪਣੇ ਦਿਮਾਗ਼ ਵਿਚ ਸਮੇਟਦਾ ਹੈ ਤੇ ਉਸਦਾ ਪੂਰਾ ਚੀਰ ਫਾੜ ਕਰ ਕੇ ਆਪਣਾ ਫੈਸਲਾ ਵੀ ਸੁਣਾਉਂਦਾ ਹੈ।
        ਸਕੂਲ ਦੇ ਕਾਨੂੰਨ ਵੀ ਬੱਚਾ ਇਸ ਉਮਰ ਵਿਚ ਮੰਨਦਾ ਹੈ ਕਿ ਕਲਾਸ ਵਿਚ ਬੈਠਣਾ ਹੈ ਤੇ ਉਸਤਾਦ ਦੇ ਆਖੇ ਲਗਣਾ ਹੈ। ਆਪਣੀਆਂ ਨਵੀਆਂ ਖੇਡਾਂ ਵੀ ਬੱਚਾ ਘੜਦਾ ਰਹਿੰਦਾ ਹੈ ਅਤੇ ਆਪਣੇ ਦੋਸਤ ਵੀ ਇਸ ਉਮਰ ਵਿਚ ਬੱਚਾ ਬਣਾਉਣ ਲੱਗ ਪੈਂਦਾ ਹੈ। ਇਹ ਦੋਸਤੀ ਏਨੀ ਗੂੜ੍ਹੀ ਹੁੰਦੀ ਹੈ ਕਿ ਆਪਣੇ ਦੋਸਤ ਬਾਰੇ ਕੁੱਝ ਬੁਰਾ ਭਲਾ ਸੁਣਨ ਉੱਤੇ ਬੱਚਾ ਮਾਰ ਕੁਟਾਈ ਉੱਤੇ ਉਤਰ ਆਉਂਦਾ ਹੈ। ਹਰ ਨਵੀਂ ਚੀਜ਼ ਕਰਨ ਵਿਚ ਬੱਚਾ ਖੁਸ਼ੀ ਮਹਿਸੂਸ ਕਰਦਾ ਹੈ ਤੇ ਅਧਿਆਪਕ ਤੋਂ ਪੁੱਛ ਕੇ ਕੰਮ ਕਰਨ ਵਿਚ ਵੀ ਮਜ਼ਾ ਲੈਣ ਲੱਗ ਪੈਂਦਾ ਹੈ।
         ਮਾਂ ਪਿਓ ਤੋਂ ਕੰਮ ਕਿਵੇਂ ਕਢਵਾਉਣਾ ਹੈ, ਵੀ ਬੱਚਾ ਇਸ ਉਮਰ ਵਿਚ ਬਾਖ਼ੂਬੀ ਸਮਝ ਜਾਂਦਾ ਹੈ। ਮਸਲਨ, ਕਿੰਨੀ ਕੁ ਦੇਰ ਰੋ ਕੇ ਮਾਪਿਆਂ ਵੱਲੋਂ ਬੱਚੇ ਦੀ ਜ਼ਿੱਦ ਮੰਨੀ ਜਾਂਦੀ ਹੈ, ਬਾਰੇ ਬੱਚਾ ਫੱਟ ਹਿਸਾਬ ਲਾ ਕੇ ਰਖ ਲੈਂਦਾ ਹੈ। ਇਹ ਹੁਣ ਮਾਪਿਆਂ ਉੱਤੇ ਹੈ ਕਿ ਉਨ੍ਹਾਂ ਬੱਚੇ ਦੀ ਹਰ ਜ਼ਿੱਦ ਮੰਨ ਕੇ ਬੱਚਾ ਵਿਗਾੜਨਾ ਹੈ ਜਾਂ ਸਹੀ ਰਾਹ ਉੱਤੇ ਤੋਰਨਾ ਹੈ।
        ਜੇ ਕਿਤੇ ਇਸ ਉਮਰ ਦੇ ਬੱਚੇ ਦੇ ਹੱਥ ਵਿਚ ਖ਼ੂਬਸੂਰਤ ਰਿਸਾਲਾ ਆ ਜਾਏ ਤਾਂ ਰੱਬ ਹੀ ਰਾਖਾ ਕਿਉਂਕਿ ਬੱਚੇ ਨੇ ਫੱਟ ਕੈਂਚੀ ਵਰਤ ਕੇ ਖ਼ੂਬਸੂਰਤ ਤਸਵੀਰਾਂ ਕੱਟ ਕੇ ਸੰਭਾਲ ਲੈਣੀਆਂ ਹੁੰਦੀਆਂ ਹਨ। ਸਿਰਫ ਚੌਕੋਰ ਹੀ ਨਹੀਂ, ਪੰਜ ਛੇ ਸਾਲ ਦਾ ਬੱਚਾ ਗੋਲ ਤਸਵੀਰਾਂ ਵੀ ਕੱਟ ਲੈਂਦਾ ਹੈ ਅਤੇ ਪੈਨਸਿਲ ਵੀ ਠੀਕ ਤਰੀਕੇ ਫੜ ਕੇ ਤਸਵੀਰ ਦੀ ਨਕਲ ਵਾਹੁਣ ਦੀ ਕੋਸ਼ਿਸ਼ ਕਰਦਾ ਹੈ। ਬੱਚਾ ਤਸਵੀਰਾਂ ਵਿਚ ਰੰਗ ਵੀ ਬਹੁਤ ਵਧੀਆ ਭਰਨ ਲੱਗ ਪੈਂਦਾ ਹੈ ਤੇ ਰੰਗ ਲਾਈਨ ਤੋਂ ਬਾਹਰ ਵੀ ਨਹੀਂ ਕੱਢਦਾ। ਸ਼ਾਰਪਨਰ ਨਾਲ ਪੈਨਸਿਲ ਘੜ ਵੀ ਲੈਂਦਾ ਹੈ।
       ਘਰ ਵਿਚ ਤੂਫਾਨ ਮਚਾਉਂਦਾ ਇਸ ਉਮਰ ਦਾ ਬੱਚਾ ਜੇ ਘਰ ਅੰਦਰ ਬੌਲ ਖੇਡਣ ਲੱਗ ਪਵੇ ਤਾਂ ਪਰਲੋ ਆਈ ਸਮਝੋ। ਮਾਰ ਤੋਂ ਡਰਦਾ ਭੱਜਦਾ ਬੱਚਾ ਇਕ ਟਪੂਸੀ ਵੀ ਮਾਰ ਸਕਦਾ ਹੈ ਤੇ ਆਪਣੇ ਇਕ ਪੈਰ ਉੱਤੇ ਸਰੀਰ ਘੁਮਾ ਵੀ ਲੈਂਦਾ ਹੈ ਤੇ ਡਿਗਦਾ ਵੀ ਨਹੀਂ, ਯਾਨੀ ਆਪਣੇ ਸਰੀਰ ਨੂੰ ਕਾਬੂ ਵਿਚ ਰਖਣ ਦਾ ਵੱਲ ਏਨਾ ਵਧੀਆ ਆ ਜਾਂਦਾ ਹੈ ਕਿ ਇਸ ਉਮਰ ਦਾ ਬੱਚਾ ਭੱਜਦਾ ਹੋਇਆ ਜ਼ਮੀਨ ਉੱਤੇ ਪਈ ਚੀਜ਼ ਵੀ ਫੱਟ ਚੁੱਕ ਲੈਂਦਾ ਹੈ ਤੇ ਲੜਖੜਾਉਂਦਾ ਨਹੀਂ। ਬੌਲ ਨੂੰ ਫੱਟੀ ਜਾਂ ਸੋਟੀ ਨਾਲ ਮਾਰਨਾ ਅਤੇ ਕ੍ਰਿਕਟ ਖੇਡਣਾ ਵੀ ਬੱਚੇ ਨੂੰ ਪਸੰਦ ਆਉਣ ਲੱਗ ਪੈਂਦਾ ਹੈ। ਪੀਂਘ ਝੂਟਣੀ, ਦਸ ਸਕਿੰਟ ਲਈ ਡੰਡੇ ਤੋਂ ਲਟਕਣਾ, ਦਸ ਕਦਮ ਅੱਗੇ ਭੁੜਕਣਾ ਅਤੇ ਛੇ ਕਦਮ ਪਿੱਛੇ ਭੁੜਕਣਾ ਵੀ ਬੱਚੇ ਦੀਆਂ ਪਸੰਦੀਦਾ ਖੇਡਾਂ ਹੁੰਦੀਆਂ ਹਨ। ਜੇ ਮਾਪੇ ਬੱਚੇ ਦੇ ਖ਼ਰੂਦ ਮਚਾਉਣ ਤੋਂ ਤੰਗ ਆ ਜਾਣ ਤਾਂ ਉਸਨੂੰ ਕਹਾਣੀਆਂ ਦੀ ਕਿਤਾਬ ਫੜਾ ਸਕਦੇ ਹਨ ਕਿਉਂਕਿ ਬੱਚਾ ਫੋਟੋਆਂ ਵਾਲੀ ਕਹਾਣੀਆਂ ਦੀ ਕਿਤਾਬ ਲੈ ਕੇ ਬੜਾ ਖੁਸ਼ ਹੋ ਕੇ ਸੁਣਦਾ ਹੈ ਤੇ ਵਿਚ ਸਵਾਲ ਵੀ ਕਰਦਾ ਰਹਿੰਦਾ ਹੈ ਜਿੰਨ੍ਹਾਂ ਵਿੱਚੋਂ ਕਈਆਂ ਦੇ ਜਵਾਬ ਮਾਪੇ ਦੇ ਹੀ ਨਹੀਂ ਸਕਦੇ। ਮਿਸਾਲ ਵਜੋਂ ਬੱਚਾ ਪੁੱਛ ਸਕਦਾ ਹੈ ਕਿ ਰੱਬ ਨੇ ਅੰਡੇ ਵਿਚ ਚੂਚਾ ਕਿਵੇਂ ਪਾਇਆ? ਜੇ ਕਿਤੇ ਅਜਿਹੇ ਸਵਾਲ ਬੱਚੇ ਨੂੰ ਵਾਪਸ ਪੁੱਛ ਲਏ ਜਾਣ ਤਾਂ ਏਨੇ ਮਜ਼ੇਦਾਰ ਜਵਾਬ ਮਿਲਦੇ ਹਨ ਕਿ ਚੁਟਕੁਲਿਆਂ ਦੀ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਬੱਚੇ ਨੂੰ ਜ਼ਿਆਦਾ, ਘੱਟ, ਕੱਲ੍ਹ, ਪਰਸੋਂ, ਪਿਛਲਾ ਦਿਨ, ਵਰਗੀਆਂ ਚੀਜ਼ਾਂ ਦੀ ਵੀ ਸਮਝ ਆਉਣ ਲੱਗ ਪੈਂਦੀ ਹੈ। ਨਾਂਵ, ਪੜਨਾਂਵ, ਵਚਨ, ਬਹੁਵਚਨ ਦੀ ਸਮਝ ਵੀ ਬੱਚੇ ਨੂੰ ਆ ਜਾਂਦੀ ਹੈ ਤੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ, ਪਤਾ, ਫੋਨ ਨੰਬਰ ਵੀ ਬੱਚਾ ਰੱਟ ਲੈਂਦਾ ਹੈ। ਇਸ ਤੋਂ ਇਲਾਵਾ ਵੀ ਬੱਚਾ ਆਪਣੇ ਦਿਮਾਗ਼ ਅਤੇ ਸਮਝ ਅਨੁਸਾਰ ਆਪਣੇ ਆਲੇ ਦੁਆਲੇ ਤੋਂ ਬਹੁਤ ਕੁੱਝ ਵਾਧੂ ਸਿਖ ਸਕਦਾ ਹੈ ਅਤੇ ਮਾਪਿਆਂ ਵੱਲੋਂ ਸਮਾਂ ਦੇਣ ਉੱਤੇ ਤਾਂ ਬੱਚਾ ਹੱਦੋਂ ਵਧ ਲਾਇਕ ਵੀ ਬਣ ਸਕਦਾ ਹੈ। ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੇ ਮਾਪੇ ਆਪਣੇ ਬੱਚੇ ਨੂੰ ਪਿਆਰ ਨਾਲ ਅਤੇ ਖੇਡ ਖੇਡ ਵਿਚ ਜਿੰਨੀਆਂ ਮਰਜ਼ੀ ਨਵੀਆਂ ਚੀਜ਼ਾਂ ਸਿਖਾਉਂਦੇ ਰਹਿਣ ਚੰਗਾ ਹੈ, ਪਰ ਅਹਿਮ ਗੱਲ ਇਹ ਹੈ ਕਿ ਬੱਚੇ ਨੂੰ ਸਾਰੀਆਂ ਨਵੀਆਂ ਦੱਸੀਆਂ ਚੀਜ਼ਾਂ ਬਾਰੇ ਦੁਹਰਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਚੀਜ਼ ਯਾਦ ਰਹਿ ਸਕੇ। ਏਨਾ ਸਭ ਕੁੱਝ ਦਸ ਕੇ ਹੁਣ ਮੇਰੀ ਜ਼ਿੰਮੇਵਾਰੀ ਤਾਂ ਹੋਈ ਖ਼ਤਮ ਅਤੇ ਮਾਪਿਆਂ ਦੀ ਹੋਈ ਸ਼ੁਰੂ। ਬਸ ਏਨਾ ਹੀ ਯਾਦ ਰੱਖਣ ਦੀ ਲੋੜ ਹੈ ਕਿ ਬੱਚੇ ਲਈ ਬਿਤਾਇਆ ਹਰ ਪਲ ਮਾਪਿਆਂ ਲਈ ਉਸ ਦੇ ਬੱਚੇ ਦੇ ਵੱਡੇ ਹੋ ਜਾਣ 'ਤੇ ਇਕ ਸੌਗਾਤ ਬਣ ਕੇ ਵਾਪਸ ਆਉਣ ਵਾਲਾ ਹੈ।
- ਡਾ. ਹਰਸ਼ਿੰਦਰ ਕੌਰ