ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਸੰਤੁ ਚੜਿਆ ਫੂਲੀ ਬਨਰਾਇ


ਬਸੰਤ ਰੁੱਤ ਦਾ ਪ੍ਰਾਰੰਭ ਪਤਝੜ ਰੁੱਤ ਤੋਂ ਪਿੱਛੋਂ ਹੁੰਦਾ ਹੈ, ਜਦੋਂ ਰੁੱਖਾਂ ਨੂੰ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ। ਸਰ੍ਹੋਂ ਦੇ ਫੁੱਲ ਖੇਤਾਂ ਵਿਚ ਖੁਸ਼ਬੂ ਬਖੇਰਦੇ ਹਨ। ਸਮੁੱਚੀ ਬਨਸਪਤੀ ਖਿੜੀ-ਖਿੜੀ ਹੁੰਦੀ ਹੈ। ਰੰਗ ਬਿਰੰਗੇ ਫੁੱਲ, ਵਾਤਾਵਰਣ ਨੂੰ ਆਪਣੀਆਂ ਵੱਖਰੀਆਂ-ਵੱਖਰੀਆਂ  ਸੁੰਗਧੀਆਂ, ਦੁਆਰਾ ਮਨਮੋਹਕ ਬਣਾ ਦਿੰਦੇ ਹਨ। ਚਾਰੇ ਪਾਸੇ ਖੇੜਾ ਹੀ ਖੇੜਾ ਹੁੰਦਾ ਹੈ। ਪਤਝੜ ਰੁੱਤ ਵਿਚ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ ਅਤੇ ਉਹ ਟੁੰਡ-ਮਰੁੰਡੇ ਜਿਹੇ ਸੱਖਣੇ-ਸੱਖਣੇ ਲੱਗਦੇ ਹਨ। ਜਿਵੇਂ ਬਾਬਾ ਫਰੀਦ ਜੀ ਦਾ ਪਾਵਨ ਵਾਕ ਹੈ, ''ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤੁ ਝੜੈ ਝੜ ਪਾਇ'' ਪਤਝੜ ਰੁੱਤ ਜਿਥੇ ਵਿਯੋਗ ਦਾ ਪ੍ਰਤੀਕ ਹੈ, ਉਥੇ ਬਸੰਤ ਰੁੱਤ ਸੰਯੋਗ ਅਤੇ ਖੁਸ਼ੀ ਦਾ ਪ੍ਰਤੀਕ ਹੈ। ਮਾਘ ਤੇ ਫੱਗਣ ਦਾ ਮਹੀਨਾ ਬਸੰਤ ਰੁੱਤ ਦਾ ਸਮਾਂ ਹੁੰਦਾ ਹੈ। ਗੁਰਬਾਣੀ ਵਿਚ ਜਿਥੇ ਵੀ ਵਿਯੋਗੀ ਜੀਵ ਰੂਪ ਇਸਤਰੀ ਚੇਤ ਦੇ ਮਹੀਨੇ ਤੋਂ ਵਿਯੋਗ ਦਾ ਸੰਤਾਪ ਭੋਗਦੀ ਹੈ, ਉਥੇ ਫੱਗਣ ਦੇ ਮਹੀਨੇ (ਬਸੰਤ ਰੁੱਤ) ਵਿਚ, ਪਤੀ-ਪਰਮੇਸ਼ਰ ਦਾ ਮਿਲਾਪ ਹੋਣ 'ਤੇ ਆਨੰਦ ਮਹਿਸੂਸ ਕਰਦੀ ਹੈ। ਗੁਰਵਾਕ ਹੈ, ''ਫਲਗੁਣ ਅਨੰਦੁ ਅਪਾਰ ਜਨਾ ਹਰਿ ਸਜਣ ਪ੍ਰਗਟੇ ਆਇ'', (ਬਾਰਾਹ ਮਾਹ ਮਾਝ ਮਹਲਾ ਪੰਜਵਾਂ)। ਗੁਰਬਾਣੀ ਵਿਚ ਮਨੁੱਖ ਨੂੰ ਸਹੀ ਇਨਸਾਨ ਬਣਾ ਕੇ ਆਪਣੇ ਮੂਲਿ (ਪਰਮੇਸ਼ਰ) ਨਾਲ ਜੋੜਨ ਲਈ ਵਿਭਿੰਨ ਪ੍ਰਕਾਰੀ ਜੁਗਤਾਂ/ਵਿਧੀਆਂ ਵਰਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਲੋਕਯਾਨਿਕ ਜੁਗਤ ਦੇ ਅੰਤਰਗਤ, ਗੁਰੂ ਸਾਹਿਬ ਨੇ, ਇਹ ਲੌਕਿਕ ਸੰਸਾਰ ਦੀ ਸਮੱਗਰੀ ਨੂੰ ਅਗਰਭੂਮੀ ਵਿਚ ਰੱਖ ਕੇ ਉਸ ਦੀ ਪਿੱਠ ਭੂਮੀ ਵਿਚ, ਅਧਿਆਤਮਿਕ ਸੰਦੇਸ਼ ਪ੍ਰਦਾਨ ਕੀਤਾ ਹੈ। ਇਸੇ ਪ੍ਰਕਾਰ ਬਸੰਤ ਰੁੱਤ ਦੇ ਖੇੜੇ ਨੂੰ ਲੌਕਿਕਤਾ ਤੋਂ ਪ੍ਰਾਰੰਭ ਕਰਕੇ ਬਾਣੀਕਾਰਾਂ ਨੇ ਇਸ ਨੂੰ ਪਾਰਲੌਕਿਕ ਮਹਾ-ਅਨੰਦ ਦੀ ਅਵਸਥਾ ਤੱਕ ਬਿਆਨ ਕੀਤਾ ਹੈ। ਬਸੰਤ ਰੁੱਤ ਦਾ ਖੇੜਾ ਸਰੀਰਕ ਗਿਆਨ ਇੰਦ੍ਰੀਆਂ ਅੱਖਾਂ, ਨੱਕ, ਮੂੰਹ ਆਦਿ ਕਰਕੇ ਤਾਂ ਜਿਥੇ ਸਰੀਰਕ ਆਨੰਦ ਮਹਿਸੂਸ ਕਰਦਾ ਹੈ, ਉਥੇ ਅੰਤਰ ਆਤਮੇ ਇਸ ਆਨੰਦ ਦਾ, ਸਿੱਧਾ ਪ੍ਰਭਾਵ ਉਦਾਸ ਮਨ ਨੂੰ ਖਿੜਾਓ ਵਿਚ ਲਿਆਉਣ ਦਾ ਕੰਮ ਵੀ ਕਰਦਾ ਹੈ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦੇ ਘਰ ਕੰਤ-ਪਤੀ-ਪ੍ਰਭੂ ਵੱਸਿਆ ਹੈ, ਉਨ੍ਹਾਂ ਨੂੰ ਸਦਾ ਹੀ ਆਨੰਦ ਹੈ। ਪਰ ਜਿਨ੍ਹਾਂ ਨੇ ਉਸ ਪਰਮੇਸ਼ਰ (ਪਤੀ) ਨੂੰ ਵਿਸਾਰ ਦਿੱਤਾ ਹੈ ਜਾਂ ਜਿਨ੍ਹਾਂ ਦੇ ਪਤੀ ਦੂਰ ਵੱਸਦੇ ਹਨ, ਉਹ ਸਦਾ ਹੀ ਮਨ ਅੰਦਰ ਸੜਦੀਆਂ ਭੁਜਦੀਆਂ ਰਹਿੰਦੀਆਂ ਹਨ।
ਨਾਨਕ ਤਿਨਾ ਬਸੰਤੁ ਹੈ ਜਿਨੁ ਘਰਿ ਵਸਿਆ ਕੰਤੁ
ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨਿਸਿ ਫਿਰਹਿ ਜਲੰਤਿ
(ਅੰਗ 791)
ਪਰਮਾਰਥਕ ਜੁਗਤੀ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ, ਕਿ ਜਿਹੜੇ ਮਨੁੱਖ ਪੂਰੇ ਸਤਿਗੁਰੂ ਦੀ ਸੇਵਾ ਕਰਕੇ, ਉਸ ਦਾ ਹੁਕਮ ਮੰਨ ਕੇ ਨਾਮ ਸਿਮਰਨ ਦੁਆਰਾ, ਪ੍ਰਭੂ ਹੁਕਮ ਵਿਚ ਸਮਾ ਗਏ ਹਨ, ਉਨ੍ਹਾਂ ਨੂੰ ਸਦਾ ਹੀ ਬਸੰਤ ਹੈ। ਉਨ੍ਹਾਂ ਨੂੰ ਕਦੇ ਵੀ ਪਤਝੜ (ਉਦਾਸੀ) ਨਹੀਂ ਆਉਂਦੀ।  ਪ੍ਰਭੂ ਪ੍ਰਸੰਨ ਹੋਣ ਨਾਲ ਅੰਦਰ ਆਨੰਦ ਖੇੜੇ ਦੀ ਅਵਸਥਾ ਸਭ ਪਾਸੇ ਹਰਿਆਵਲ ਦੀ ਹੀ ਪ੍ਰਤੀਕ ਹੁੰਦੀ ਹੈ।
ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰ ਸੇਵਿ ਸਮਾਇ
ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰਿਆਵਲੁ ਹੋਇ
(ਅੰਗ 1420)
ਬਸੰਤ ਰੁੱਤ ਜਦੋਂ ਆਉਂਦੀ ਹੈ ਤਾਂ ਸਾਰੀ ਬਨਸਪਤੀ ਫੁੱਲਾਂ ਨਾਲ ਭਰ ਜਾਂਦੀ ਹੈ। ਇਸੇ ਪ੍ਰਕਾਰ ਜਦੋਂ ਪ੍ਰਭੂ ਸਿਮਰਨ ਨਾਲ ਮਨ ਚਿਤ ਇਕਾਗਰ ਹੋ ਕੇ ਜੁੜ ਜਾਂਦਾ ਹੈ ਤਾਂ ਜਗਿਆਸੂ ਦਾ ਮਨ ਵੀ ਪੂਰੇ ਆਨੰਦ ਵਿਚ ਆ ਜਾਂਦਾ ਹੈ। ਗੁਰਬਾਣੀ ਵਿਚ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਰਸ ਨਾਲ ਭਰਪੂਰ ਬਣਾਉਣ ਦਾ ਪ੍ਰਯਤਨ ਕੀਤਾ ਗਿਆ ਹੈ। ਬਸੰਤ ਰੁੱਤ ਵਿਚ ਹੀ 'ਹੋਲੀ' ਦਾ ਤਿਉਹਾਰ ਆਉਂਦਾ ਹੈ। ਜਿਸ ਨੂੰ 'ਫ਼ਾਗ' ਵੀ ਕਿਹਾ ਜਾਂਦਾ ਹੈ। ਬਸੰਤ ਵਿਚ ਮਨ ਦੇ ਖਿੜਾਓ ਦੀ ਅਵਸਥਾ ਸਿਖ਼ਰ 'ਤੇ ਹੁੰਦੀ ਹੈ। ਪ੍ਰਭੂ-ਬੰਦਗ਼ੀ ਵਿਚ ਹੀ ਸਭ ਮੰਗਲਾਚਾਰ ਹਨ। ਸਾਰੇ ਆਨੰਦ ਨਾਮ-ਸਿਮਰਨ ਵਿਚ ਹੀ ਹਨ। ਸਾਰੇ ਪ੍ਰਕਾਰ ਦੇ ਦੁੱਖ-ਸੰਤਾਪ ਅਤੇ ਚਿੰਤਾਵਾਂ ਨੂੰ ਦੂਰ ਕਰਨ ਵਾਲਾ ਪੂਰਾ ਗੁਰੂ ਹੀ ਹੈ। ਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰਨ ਨਾਲ ਸਭ ਪ੍ਰਕਾਰੀ ਬਸੰਤ ਰੁੱਤੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
ਗੁਰ ਸੇਵਉ ਕਰਿ ਨਮਸਕਾਰ ਆਜ ਹਮਾਰੈ ਮੰਗਲਚਾਰ
ਆਜ ਹਮਾਰੈ ਮਹਾ ਅਨੰਦ ਚਿੰਤ ਲਥੀ ਭੇਟੇ ਗੋਬਿੰਦ
ਆਜ ਹਮਾਰੈ ਗ੍ਰਿਹਿ ਬਸੰਤੁ ਗੁਨ ਗਾਏ ਪ੍ਰਭੁ ਤੁਮ ਬੇਅੰਤੁ........
(ਅੰਗ 1180)
ਗੁਰਮਤਿ ਮਾਰਗ ਵਿਚ ਆਲਸੀ, ਢਿੱਲੜ ਅਤੇ ਦਲਿੱਦਰੀ ਵਿਅਕਤੀ ਨੂੰ ਕੋਈ ਥਾਂ ਨਹੀਂ। ਅਜਿਹੇ ਵਿਅਕਤੀਆਂ ਨੂੰ ਉਦਮ ਕਰਨ, ਮਿਹਨਤ ਕਰਨ, ਕਿਰਤ ਕਰਨ ਅਤੇ ਸ਼ੁਭ ਕਰਮ ਕਰਨ ਵੱਲ ਪ੍ਰੇਰਣਾ ਕੀਤੀ ਗਈ ਹੈ। ਗੁਰਬਾਣੀ ਸਦਾ ਹੀ ਚੜ੍ਹਦੀ ਕਲਾ ਹੈ। ਗੁਰਬਾਣੀ ਪੜ੍ਹਨ, ਸੁਣਨ, ਵਿਚਾਰਨ ਅਤੇ ਨਾਮ-ਸਿਮਰਨ ਕਰਨ ਵਾਲੇ ਮਨੁੱਖ ਨੂੰ ਕਦੇ ਵੀ ਨਿਰਾਸ਼ਾ ਦਾ ਮੂੰਹ ਨਹੀਂ ਵੇਖਣਾ ਪੈਂਦਾ। ਉਹ ਸਦਾ ਹੀ ਬਸੰਤ ਰੁੱਤ ਵਿਚ ਖੇਡਦਾ ਅਤੇ ਆਨੰਦ ਮਾਣਦਾ ਹੈ। ਬਸੰਤ ਰੁੱਤ ਦੇ ਖਿੜਾਓ ਦੀਆਂ ਵੰਨਗੀ ਮਾਤਰ ਉਦਾਹਰਣਾਂ ਇਸ ਪ੍ਰਕਾਰ ਹਨ।
ਦੇਖਿ ਫੂਲ ਫੂਲੇ ਅਹੰ ਤਿਆਗ ਤਿਆਗੇ..........
(ਅੰਗ 1185)
ਬਨਸਪਤਿ ਮਉਲੀ ਚੜਿਆ ਬਸੰਤੁ ਇਹ ਮਨੁ ਮਉਲਿਆ ਸਤਿਗੁਰ ਸੰਗਿ (ਅੰਗ 1176)
ਬਸੰਤ ਚੜਿਆ ਫੂਲੀ ਬਨਰਾਇ ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ
(ਅੰਗ 1176)
ਬਸੰਤ ਰੁੱਤ ਦੀ ਮਨੁੱਖੀ ਜੀਵਨ ਵਿਚ ਬੜੀ ਮਹਾਨਤਾ ਹੈ। ਸ਼ੁੱਧ ਹਵਾ, ਸ਼ੁੱਧ ਵਾਤਾਵਰਣ, ਜਿਥੇ ਅੱਖਾਂ ਦੀ ਰੋਸ਼ਨੀ ਵਧਾਉਂਦੇ ਹਨ, ਉਥੇ ਕਈ ਪ੍ਰਕਾਰ ਦੀਆਂ ਸਰੀਰਕ ਬਿਮਾਰੀਆਂ ਖਤਮ ਕਰਨ ਵਿਚ ਵੀ ਸਹਾਈ ਹੁੰਦੇ ਹਨ। ਇਸੇ ਕਰਕੇ ਹੀ ਡਾਕਟਰੀ ਪੱਖ ਤੋਂ, ਸਵੇਰੇ-ਸਵੇਰੇ ਕੀਤੀ ਜਾਣ ਵਾਲੀ ਸੈਰ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ। ਇਕੱਲਾ ਮਨੁੱਖ ਹੀ ਨਹੀਂ, ਪਸ਼ੂ, ਪੰਛੀ, ਜਾਨਵਰ, ਕੀੜੇ, ਮਕੌੜੇ, ਰੰਗ ਬਿਰੰਗੀਆਂ ਤਿਤਲੀਆਂ, ਸਭ ਇਸ ਬਸੰਤ ਰੁੱਤ ਵਿਚ ਖਿੜੇ-ਖਿੜੇ ਮਹਿਸੂਸ ਕਰਦੇ ਹਨ।  ਬਸੰਤ ਰੁੱਤ ਅਰਥਾਤ ਗੁਰਬਾਣੀ ਦਾ ਉਟਿ-ਆਸਰਾ, ਪੂਰੇ ਗੁਰੂ ਦੀ ਸ਼ਰਣ, ਸਾਧ ਸੰਗਤ, ਸੇਵਾ ਅਤੇ ਸਿਮਰਨ ਸਾਰੇ ਹੀ ਦੁੱਖਾਂ, ਕਲੇਸ਼ਾਂ ਦੀ ਦਵਾਈ ਹਨ। ਗੁਰਬਾਣੀ ਪੜ੍ਹਨ-ਸੁਣਨ ਵਾਲੇ ਨੂੰ ਜੇਕਰ ਦੁੱਖ ਆਉਂਦੇ ਵੀ ਹਨ ਤਾਂ ਗੁਰੂ-ਬਖਸ਼ਿਸ਼ ਨਾਲ ਜਲਦੀ ਹੀ ਠੀਕ ਹੋ ਜਾਂਦੇ ਹਨ। ਬੁਝੇ ਹੋਏ ਦੁਖੀ ਮਨ ਵੀ ਬਸੰਤ ਰੁੱਤ ਦਾ ਮਹਾ-ਆਨੰਦ ਪ੍ਰਾਪਤ ਕਰ ਸਕਦੇ ਹਨ। ਨਾਮ-ਅਵਖਦ ਹੀ ਸਾਰੇ ਦੁੱਖਾਂ ਦਾ ਦਾਰੂ ਹੈ। ਇਸੇ ਵਿਚ ਹੀ ਸਦੀਵੀ ਆਨੰਦ ਹੈ, ਖੇੜਾ ਹੈ, ਸਦਾ ਹੀ ਬਸੰਤ ਹੈ।
ਤਿਨ ਬਸੰਤ ਜੋ ਹਰਿ ਗੁਣ ਗਾਇ....(ਅੰਗ 1176)
ਤਿਸੁ ਬਸੰਤ ਜਿਸ ਪ੍ਰਭੁ ਕ੍ਰਿਪਾਲੁ
ਤਿਸੁ ਬਸੰਤੁ ਜਿਸੁ ਗੁਰੁ ਦਇਆਲੁ (ਅੰਗ 1180)