ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਵਿਸ਼ਵ ਪੱਧਰੀ ਸਿੱਖ ਸੰਗਠਨ ਦੀ ਲੋੜ


ਸਿੱਖ ਧਰਮ ਇਸ ਸਮੇਂ ਵਿਸ਼ਵਵਿਆਪੀ ਹੈ ਅਤੇ ਇਸ ਨੂੰ ਦਰਪੇਸ਼ ਔਕੜਾਂ ਵੀ ਹਰ ਦੇਸ਼ ਵਿਚ ਵੱਖ-ਵੱਖ ਹਨ। ਚਿੰਤਾ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਦੇ ਮੂਲ ਪ੍ਰਗਟ ਅਸਥਾਨ ਪੰਜਾਬ (ਭਾਰਤੀ ਅਤੇ ਪਾਕਿਸਤਾਨੀ) ਵਿਚ ਇਸ ਦੀ ਹਾਲਤ ਅਤਿ ਮੰਦੀ ਹੈ। ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਗੁਰਧਾਮ ਅਤੇ ਸਿੱਖ ਵਿਰਾਸਤ ਨਾਲ ਸਬੰਧਿਤ ਹੋਰ ਯਾਦਗਾਰਾਂ ਨੂੰ ਢਾਹੇ ਜਾਣ ਅਤੇ ਨਜਾਇਜ਼ ਕਬਜ਼ਿਆਂ ਦੀਆਂ ਖ਼ਬਰਾਂ ਹਰ ਰੋਜ਼ ਪੜ੍ਹਨ ਸੁਣਨ ਨੂੰ ਮਿਲ ਰਹੀਆਂ ਹਨ। ਲਹਿੰਦੇ ਪੰਜਾਬ ਵਿਚ ਗੁਰਦੁਆਰਾ ਸਾਹਿਬਾਨਾਂ ਦੇ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਿੱਤੀ ਗਈ ਜ਼ਮੀਨ ਨੂੰ ਉਥੋਂ ਦੀ ਸਰਕਾਰ ਕਿਸੇ ਨਾ ਕਿਸੇ ਬਹਾਨੇ ਆਪਣੇ ਕਬਜ਼ੇ ਵਿਚ ਕਰ ਰਹੀ ਹੈ। ਬਹੁਤੇ ਗੁਰਦੁਆਰਾ ਸਾਹਿਬਾਨ ਇਸ ਸਮੇਂ ਖੰਡਰ ਇਮਾਰਤਾਂ ਬਣ ਗਏ ਹਨ ਜਾਂ ਉਹਨਾਂ ਦੀ ਸੇਵਾ ਸੰਭਾਲ ਵਾਲਾ ਕੋਈ ਨਹੀਂ ਹੈ। ਦੂਜੇ ਪਾਸੇ ਚੜ੍ਹਦੇ ਪੰਜਾਬ ਵਿਚ ਸਿੱਖਾਂ ਦੀ ਦਸ਼ਾ ਦਾ ਵਰਣਨ ਕਰਨ ਸਮੇਂ ਕੋਈ ਧਾਰਮਿਕ ਪੱਖ ਅਜਿਹਾ ਨਜ਼ਰ ਨਹੀਂ ਆਉਂਦਾ ਜਿਸ ਵਿਚ ਵੱਡੀ ਪੱਧਰ 'ਤੇ ਗਿਰਾਵਟ ਨਾ ਆਈ ਹੋਵੇ। ਸਭ ਤੋਂ ਚਿੰਤਾਜਨਕ ਗੱਲ ਇਹ ਕਿ ਧਾਰਮਿਕ ਸਥਾਨਾਂ ਅਤੇ ਸੁਸਾਇਟੀਆਂ ਵਿਚ ਸਿੱਖ ਸਕਲਾਂ ਵਾਲੇ ਰਾਜਨੀਤਕ ਲੋਕ ਅੱਗੇ ਆ ਜਾਣ ਨਾਲ ਧਰਮ ਨੂੰ ਇਕ 'ਜੀਵਨ ਫਲਸਫੇ' ਦੀ ਥਾਂ ਸਿਰਫ਼ ਪੈਸਾ ਕਮਾਉਣ ਦੇ ਸਾਧਨ ਵਜੋਂ ਹੀ ਦੇਖਿਆ ਜਾਣ ਲੱਗਿਆ ਹੈ। ਪੂਰੇ ਦੇ ਪੂਰੇ ਧਾਰਮਿਕ ਸਿਸਟਮ ਦਾ ਢਾਂਚਾ ਅਜਿਹਾ ਬਣਾ ਦਿੱਤਾ ਗਿਆ ਹੈ ਜਿਸ ਦਾ ਕੋਈ ਇਕ ਅੰਗ ਵੀ ਗੁਰੂ ਸਿਧਾਂਤ ਦੀ ਪ੍ਰੋੜਤਾ ਲਈ ਤਤਪਰ ਨਹੀਂ ਰਿਹਾ। ਗੁਰੂ ਘਰਾਂ ਅਤੇ ਪ੍ਰਚਾਰਕ ਸੰਸਥਾਵਾਂ ਦਾ ਬਹੁਤਾ ਭਾਗ ਭ੍ਰਿਸ਼ਟ ਢਾਂਚੇ ਦਾ ਹਿੱਸਾ ਬਣ ਕੇ ਆਪਣੀ ਧਾਰਮਿਕ ਜ਼ਿੰਮੇਵਾਰੀ ਤੋਂ ਪਾਸੇ ਹਟ ਗਿਆ ਹੈ। ਸਿੱਖ ਰਾਜਨੀਤੀ ਵਿਚ ਗਿਰਾਵਟ ਆ ਜਾਣ ਨਾਲ ਇਸ ਵਿਚੋਂ ਧਾਰਮਿਕ ਭਾਵਪੂਰਤੀ ਦਾ ਹਿੱਸਾ ਅਲੋਪ ਹੋ ਗਿਆ ਹੈ। ਇਸ ਖੇਤਰ ਵਿਚ ਵੀ ਉਹਨਾਂ ਲੋਕਾਂ ਨੇ ਆਪਣੀ ਚੌਧਰ ਕਾਇਮ ਕਰ ਲਈ ਹੈ ਜਿਸ ਦਾ ਸਿੱਖ ਸਰੋਕਾਰਾਂ ਨਾਲ ਵਾਹ ਵਾਸਤਾ ਹੀ ਨਹੀਂ ਰਹਿ ਗਿਆ। ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਹੁਣ ਇਹ ਜ਼ਰੂਰੀ ਨਹੀਂ ਸਮਝਦੀਆਂ ਕਿ ਉਹ ਆਪਣੀਆਂ ਮੰਗਾਂ ਜਾਂ ਏਜੰਡੇ ਵਿਚ ਸਿੱਖ ਸਮੱਸਿਆਵਾਂ ਦਾ ਜ਼ਿਕਰ ਜ਼ਰੂਰ ਕਰਨ। ਇਸ ਦਾ ਵੱਡਾ ਕਾਰਨ ਵੀ ਇਹ ਹੀ ਜਾਪਦਾ ਹੈ ਕਿ ਸਿੱਖਾਂ ਦੀ ਆਪਣੀ ਕੋਈ ਇਕ ਰਾਜਨੀਤਕ ਤਾਕਤਵਰ ਸਿਆਸੀ ਪਾਰਟੀ ਨਾ ਹੋ ਕੇ ਬਾਕੀ ਦੀਆਂ ਸਾਰੀਆਂ ਹੀ ਪਾਰਟੀਆਂ ਵਿਚ ਵਿਚਰ ਰਹੇ ਸਿੱਖ ਵੋਟਰ ਹਰ ਚੋਣਾਂ ਸਮੇਂ ਉਹਨਾਂ ਹੀ ਪਾਰਟੀਆਂ ਨੂੰ ਮਜ਼ਬੂਤ ਕਰਨ ਵੱਲ ਲੱਗ ਜਾਂਦੇ ਹਨ ਜਿਨ੍ਹਾਂ ਦੇ ਏਜੰਡੇ ਵਿਚ ਸਿੱਖ ਮੰਗਾਂ ਜਾਂ ਸਮਾਧਾਨ ਨਾਮ ਦੀ ਕੋਈ ਮਦ ਦਰਜ ਨਹੀਂ ਹੁੰਦੀ। ਇਸ ਤਰ੍ਹਾਂ ਰਾਜਨੀਤਕ ਏਕਤਾ ਤੋਂ ਸੱਖਣੇ ਸਿੱਖ ਵੋਟਰ ਤਕਰੀਬਨ ਹਰ ਸਿਆਸੀ ਪਾਰਟੀ ਵਿਚ ਸ਼ਾਮਲ ਹਨ। ਇਹ ਵੋਟਰ ਚਾਹੁੰਦੇ ਹੋਏ ਵੀ ਰਾਜਨੀਤਕ ਸਿਸਟਮ ਨੂੰ ਆਪਣੀ ਕੌਮ ਦੇ ਪੱਖ ਵਿਚ ਵਰਤਨ ਲਈ ਕਾਮਯਾਬ ਨਹੀਂ ਹੁੰਦੇ। ਜੋ ਕੁਝ ਕੁ ਸਿੱਖ ਰਾਜਨੀਤਕ ਪਾਰਟੀਆਂ ਇਸ ਸਮੇਂ ਹੋਂਦ ਵਿਚ ਹਨ ਉਹਨਾਂ ਦਾ ਵਜੂਦ ਜਾਂ ਤਾਂ ਇਨਾਂ ਛੋਟਾ ਹੈ ਕਿ ਉਹ ਇਸ ਖੇਤਰ ਵਿਚ ਕੋਈ ਪ੍ਰਾਪਤੀ ਨਹੀਂ ਕਰ ਸਕਦੀਆਂ ਅਤੇ ਜਾਂ ਫਿਰ ਸਿਰਫ਼ ਬੇਮਤਲਬੇ ਕੌਮੀ ਮੁੱਦੇ ਲੈ ਕੇ ਵੋਟਰਾਂ ਅੱਗੇ ਖੜ੍ਹਦੀਆਂ ਹਨ ਜਿਨ੍ਹਾਂ ਨੂੰ ਸਿੱਖ ਵੋਟਰ ਪਸੰਦ ਨਹੀਂ ਕਰਦਾ। ਇਹਨਾਂ ਪਾਰਟੀਆਂ ਦੀ ਆਪਸੀ ਅਨੇਕਤਾ ਵੀ ਸਿੱਖ ਵਿਸ਼ਵਾਸ ਜਿੱਤਣ ਵਿਚ ਵੱਡੀ ਰੁਕਾਵਟ ਬਣਦੀ ਹੈ। ਦੂਸਰੇ ਪਾਸੇ ਗੈਰਸਿੱਖ ਰਾਜਨੀਤਕ ਪਾਰਟੀਆਂ ਅਤੇ ਡੇਰੇਦਾਰ ਗੱਠਜੋੜ ਐਨ ਢੁਕਵੇਂ ਸਮੇਂ 'ਤੇ ਚੰਗੀ ਵਿਉਂਤਬੰਦੀ ਵਾਲੀ ਸੋਚ ਵਿਚਾਰ ਤੋਂ ਬਾਅਦ ਹੀ ਰਾਜਨੀਤਕ ਪਿੜ ਵਿਚ ਕੁਦਾ ਹੈ ਜਿਸ ਨਾਲ ਬਹੁਗਿਣਤੀ ਵੋਟਰ ਇਸ ਢਾਂਚੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਢਾਂਚਿਆਂ 'ਚ ਹੀ ਜਾ ਢਲਦੇ ਹਨ। ਇਸ ਤਰ੍ਹਾਂ ਦੇ ਡਿਕਡੋਲੇ ਖਾਂਦੇ ਧਾਰਮਿਕ ਅਤੇ ਰਾਜਨੀਤਕ ਢਾਂਚੇ ਦਾ ਸਿੱਖਾਂ 'ਤੇ ਸਭ ਤੋਂ ਬੁਰਾ ਅਸਰ ਇਹ ਹੋ ਰਿਹਾ ਹੈ ਕਿ ਸਿੱਖਾਂ ਦੇ ਸਾਰੇ ਕੌਮੀ ਮਾਮਲੇ ਹੁਣ ਹੱਲ ਨਹੀਂ ਹੋ ਰਹੇ ਅਤੇ ਕੌਮ ਵਿਚ ਫੁੱਟ ਨੂੰ ਦੇਖ ਕੇ ਕੋਈ ਵੀ ਰਾਜਨੀਤਕ ਪਾਰਟੀ ਇਸ ਨੂੰ ਹੱਲ ਕਰਨ ਦਾ ਵਾਅਦਾ ਵੀ ਨਹੀਂ ਕਰਦੀ। ਸਿਰਫ਼ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਗਰੁੱਪ ਕਾਗਜ਼ੀ ਕਾਰਵਾਈ ਵਜੋਂ ਕੁਝ ਮੱਦਾਂ ਆਪਣੇ ਚੋਣ ਵਾਅਦਿਆਂ ਵਿਚ ਦਰਜ ਜ਼ਰੂਰ ਕਰਦਾ ਹੈ ਪਰ ਇਸ ਦਾ ਹੱਲ ਕੱਢਣ ਲਈ ਉਸ ਨੇ ਕਦੇ ਕੋਈ ਉਪਰਾਲਾ ਨਹੀਂ ਕੀਤਾ। ਨਵੀਂ ਸਿੱਖ ਪੀੜ੍ਹੀ ਕੌਮ ਦਾ ਭਵਿੱਖ ਜਾਣ ਕੇ ਇਸ ਵਿਚ ਸ਼ਾਮਲ ਹੋਣ ਨੂੰ ਮਾਣਮੱਤਾ ਕੰਮ ਨਹੀਂ ਸਮਝ ਰਹੀ। ਹਰ ਰੋਜ਼ ਨਵੇਂ ਮਾਮਲੇ ਪੈਦਾ ਤਾਂ ਹੋ ਰਹੇ ਹਨ ਪਰ ਪਹਿਲਾਂ ਪੈਦਾ ਹੋਏ ਵਿਵਾਦਾਂ ਦਾ ਧਾਰਮਿਕ ਸੋਚ ਅਨੁਸਾਰ ਹੱਲ ਨਹੀਂ ਨਿਕਲ ਰਿਹਾ। ਸਿੱਖ ਕੌਮ ਦਿਨੋਂ ਦਿਨ ਨਿਤਾਣੀ ਹੋ ਰਹੀ ਹੈ। ਹੁਣ ਜਦੋਂ ਸਿੱਖ ਧਰਮ ਵਿਸ਼ਵਵਿਆਪੀ ਧਰਮ ਬਣ ਗਿਆ ਹੈ ਜਿਸ ਨੂੰ ਮੰਨਣ ਵਾਲੇ ਲੋਕ ਇਸ ਧਰਤੀ ਦੇ ਹਰ ਹਿੱਸੇ ਵਿਚ ਵਸਦੇ ਹਨ ਤਾਂ ਆਪਣੇ ਵੱਖ-ਵੱਖ ਦੇਸ਼ਾਂ ਵਿਚ ਰਹਿਣ ਅਤੇ ਵਿਚਰਨ ਸਮੇਂ ਉਹਨਾਂ ਦੀਆਂ ਸਮੱਸਿਆਵਾਂ ਵੀ ਦੇਸ਼ਾਂ ਅਨੁਸਾਰ ਵੱਖ-ਵੱਖ ਹੀ ਹਨ। ਇਹ ਕੁਦਰਤੀ ਹੈ ਕਿ ਹਰ ਦੇਸ਼ ਵਿਚ ਬੈਠਾ ਸਿੱਖ ਆਪਣੇ ਧਾਰਮਿਕ ਮਸਲਿਆਂ ਦੇ ਹੱਲ ਲਈ ਆਪਣੀ ਟੇਕ ਭਾਰਤੀ ਪੰਜਾਬ ਵਿਚਲੇ ਧਾਰਮਿਕ ਅਤੇ ਸਿਆਸੀ ਆਗੂਆਂ 'ਤੇ ਹੀ ਰੱਖਦਾ ਹੈ ਪਰ ਇਥੋਂ ਦਾ ਸਾਰੇ ਦਾ ਸਾਰਾ ਢਾਂਚਾ ਅਕਿਰਿਆਸ਼ੀਲ ਹੋਣ ਕਰਕੇ ਦੂਸਰੇ ਮੁਲਕਾਂ ਦੀਆਂ ਸਰਕਾਰਾਂ 'ਤੇ ਆਪਣਾ ਚੰਗਾ ਪ੍ਰਭਾਵ ਨਹੀਂ ਬਣਾ ਕੇ ਸਮੱਸਿਆਵਾਂ ਨੂੰ ਹੱਲ ਨਹੀਂ ਕਰਵਾ ਸਕਦਾ। ਉਂਝ ਵੀ ਭਾਰਤ ਦੀਆਂ ਪ੍ਰਮੁੱਖ ਕੇਂਦਰੀ ਰਾਜਨੀਤਕ ਪਾਰਟੀਆਂ ਨੇ ਸਿੱਖਾਂ ਦੀਆਂ ਮੰਗਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਹੀ ਕੀਤਾ ਹੋਇਆ ਹੈ ਇਥੋਂ ਤੱਕ ਕਿ ਆਪਣੇ ਦੇਸ਼ ਵਿਚ ਵੀ ਸਿੱਖਾਂ ਦੀਆਂ ਹੱਕੀ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਬਾਹਰਲੇ ਮੁਲਕਾਂ ਦੇ ਸਿੱਖ ਇਸ ਕੇਂਦਰੀ ਰਾਜਨੀਤਕ ਤਾਕਤ ਤੋਂ ਕੀ ਆਸ ਰੱਖ ਸਕਦੇ ਹਨ? ਸਿੱਖਾਂ ਦੀਆਂ ਦੇਸ਼ ਤੋਂ ਬਾਹਰ ਜਾਇਜ਼ ਮੁਸ਼ਕਲਾਂ ਜਿਨ੍ਹਾਂ ਵਿਚ ਪੱਗ ਬੰਨਣ, ਕਿਰਪਾਨ ਰੱਖਣ, ਕੜਾ ਪਹਿਨਣ ਅਤੇ ਕੇਸ ਸਾਬਤ ਸੂਰਤ ਰੱਖਣ ਵਿਚ ਜਿੰਨੀਆਂ ਵੀ ਮੁਸ਼ਕਲਾਂ ਆਈਆਂ ਹਨ ਇਹਨਾਂ ਵਿਚ ਕੇਂਦਰ ਸਰਕਾਰ ਨੇ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦੇ ਕਥਿਤ ਜਥੇਦਾਰਾਂ ਵੱਲੋਂ ਇਹਨਾਂ ਮਾਮਲਿਆਂ ਵਿਚ ਰੁਚੀ ਲੈ ਕੇ ਹੱਲ ਕੱਢਣ ਦੀ ਥਾਂ ਕੇਂਦਰ ਸਰਕਾਰ ਉਤੇ ਜ਼ਿੰਮੇਵਾਰੀ ਸੁੱਟ ਕੇ ਆਪਣਾ ਫਰਜ਼ ਪੂਰਾ ਹੋ ਗਿਆ ਸਮਝ ਲਿਆ ਜਾਂਦਾ ਹੈ।
ਉਕਤ ਵਿਚਾਰੇ ਗਏ ਸਾਰੇ ਮਾਮਲਿਆਂ ਨੂੰ ਧਿਆਨ ਵਿਚ ਰੱਖ ਕੇ ਇਕ ਅਜਿਹੀ ਵਿਸ਼ਵਵਿਆਪੀ ਸਿੱਖ ਸੰਸਥਾ ਦੀ ਲੋੜ ਮਹਿਸੂਸ ਹੋ ਰਹੀ ਹੈ ਜਿਸ ਨੂੰ ਪੰਜਾਬ ਦੀਆਂ ਤਕਰੀਬਨ ਸਾਰੀਆਂ ਸਿੱਖ ਸੰਸਥਾਵਾਂ ਦੀ ਹਮਾਇਤ ਹਾਸਲ ਹੋਵੇ। ਹਰੇਕ ਮੁਲਕ ਵਿਚ ਇਹ ਇਕਾਈ ਮੂਲ ਵਿਸ਼ਵ ਸੰਸਥਾ ਦੀ ਇਕ ਸ਼ਾਖਾ ਹੀ ਹੋਵੇ ਪਰ ਇਹ ਆਪਣੇ ਦੇਸ਼ ਵਿਚ ਇਕ ਸੁਤੰਤਰ ਸੰਸਥਾ ਵਜੋਂ ਕੰਮਕਾਜ ਕਰੇ। ਸਥਾਨਕ ਮੁਲਕਾਂ ਦੀਆਂ ਸਰਕਾਰਾਂ ਪਾਸ ਇਸ ਦੀ ਰਜਿਸਟਰੇਸ਼ਨ 'ਸਰਬ ਸਾਂਝੀ ਸਿੱਖ ਸੰਸਥਾ ਦੀ ਰਾਸ਼ਟਰੀ ਇਕਾਈ' ਵਜੋਂ ਕਰਵਾਈ ਜਾਵੇ। ਇਸ ਤਰ੍ਹਾਂ ਕਰਨ ਨਾਲ ਇਕ ਤਾਂ ਹੌਲੀ-ਹੌਲੀ ਸਾਰੇ ਵਿਸ਼ਵ ਦੇ ਸਿੱਖਾਂ ਦਾ ਇਸ ਵਿਸ਼ਵਵਿਆਪੀ ਸਹਾਰਾ ਕਾਇਮ ਹੋ ਜਾਵੇਗਾ। ਜੇ ਕਿਸੇ ਦੇਸ਼ ਵਿਚ ਕੋਈ ਧਾਰਮਿਕ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਸ ਸੰਸਥਾ ਨਾਲ ਜੁੜੀਆਂ ਸਾਰੀ ਦੁਨੀਆਂ ਦੀਆਂ ਸਿੱਖ ਸੰਸਥਾਵਾਂ ਆਪਣਾ ਇਕੋ ਸਮੇਂ ਰੋਸ ਜਾਂ ਦਬਾਅ ਬਣਾ ਕੇ ਮਸਲੇ ਦੇ ਸਰਬ ਸਾਂਝੇ ਹੱਲ ਦੀ ਆਸ ਰੱਖ ਸਕਦੀਆਂ ਹਨ। ਦੂਸਰਾ ਵੱਡਾ ਫਾਇਦਾ ਇਹ ਹੋਵੇਗਾ ਕਿ ਪੰਜਾਬ ਸਥਿਤ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਭ੍ਰਿਸ਼ਟਾਚਾਰ ਵਿਚ ਡੁੱਬੇ ਰਹਿਣ ਦੇ ਬਾਵਜੂਦ ਵੀ ਸਿੱਖ ਮਾਮਲੇ ਹੱਲ ਹੁੰਦੇ ਰਹਿਣਗੇ। ਇਹ ਜ਼ਰੂਰੀ ਹੈ ਕਿ ਇਸ ਦਾ ਹਰ ਅਹੁਦੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ 'ਸ਼ਬਦ ਗੁਰੂ' ਨੂੰ ਮੰਨਣ ਦਾ ਹਾਮੀ ਹੋਵੇ।