ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਦਾ ਦਰਦ


ਪਹਿਲਾਂ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਦਾ ਦਰਦ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਸੀ ਪਰ ਹੁਣ ਇਹ ਆਮ ਜਿਹੀ ਗੱਲ ਹੋ ਗਈ ਹੈ। ਅੱਜਕਲ੍ਹ ਹਰ ਤੀਸਰੇ ਵਿਅਕਤੀ ਦੀ ਰੀੜ੍ਹ ਦੀ ਹੱਡੀ ਦੇ ਹੇਠਲੇ ਹਿਸੇ ਵਿਚ ਦਰਦ ਰਹਿੰਦਾ ਹੈ। ਮੈਂ ਤਾਂ ਇਥੇ ਇਕ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਜੋ ਵਿਅਕਤੀ 24 ਘੰਟਿਆਂ ਵਿਚੋਂ ਇਕ ਘੰਟਾ ਆਪਣੇ ਸਰੀਰ ਦੀ ਵਰਜਿਸ਼ ਲਈ ਨਹੀਂ ਕੱਢਦਾ ਉਸ ਵਿਅਕਤੀ ਨੂੰ ਆਪਣੇ ਸਰੀਰ ਕੋਲੋਂ ਤੰਦਰੁਸਤੀ ਦੀ ਆਸ ਰੱਖਣ ਦਾ ਕੋਈ ਹੱਕ ਨਹੀਂ ਹੈ।
ਦਰਦ ਦੇ ਲੱਛਣ : ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਦਾ ਦਰਦ ਆਪਣੇ ਆਪ ਵਿਚ ਇਕ ਬਹੁਤ ਵੱਡਾ ਲੱਛਣ ਹੈ। ਇਸ ਦਰਦ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ, ਭਾਰ ਘੱਟਦਾ ਜਾਂਦਾ ਹੈ, ਹਲਕਾ-ਹਲਕਾ ਬੁਖ਼ਾਰ ਰਹਿੰਦਾ ਹੈ, ਖਾਸ ਕਰਕੇ ਸ਼ਾਮ ਦੇ ਸਮੇਂ ਤਰੇਲੀਆਂ ਆਉਂਦੀਆਂ ਹਨ, ਛਾਤੀ ਦਾ ਫੈਲਾਉ ਘਟਦਾ ਜਾਂਦਾ ਹੈ, ਪੱਠਿਆਂ ਦੀ ਕਮਜ਼ੋਰੀ ਆ ਜਾਂਦੀ ਹੈ।
ਬਚਪਨ ਵਿਚ ਦਰਦ ਦਾ ਕਾਰਨ : 12 ਤੋਂ 14 ਸਾਲ ਦੀ ਉਮਰ ਵਿਚ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਦੀ ਦਰਦ ਦਾ ਕਾਰਨ ਆਮ ਕਰਕੇ ਹੱਡੀਆਂ ਦੀ ਬਨਾਵਟ ਵਿਚ ਜਮਾਂਦਰੂ ਨੁਕਸ ਹੋਣਾ, ਰੀੜ੍ਹ ਦੀ ਹੱਡੀ ਦਾ ਟੇਡਾਪਣ ਤੇ ਹੇਠਲੇ ਹਿੱਸੇ ਦੇ ਮਣਕਿਆਂ ਦਾ ਆਪਸ ਵਿਚ ਜੁੜ ਜਾਣਾ ਤੇ ਕਈ ਵਾਰ ਰੀੜ੍ਹ ਦੀ ਹੱਡੀ ਦੇ ਵਿਚ ਸੁਰਾਖ ਹੁੰਦਾ ਹੈ ਜਿਸ ਵਿਚੋਂ ਪਾਣੀ (ਰੇਸ਼ਾ) ਵਗਦਾ ਰਹਿੰਦਾ ਹੈ।
ਜਵਾਨੀ ਜਾਂ ਅੱਧਖੜ੍ਹ ਉਮਰ ਵਿਚ ਦਰਦ ਦਾ ਕਾਰਨ : ਇਸ ਉਮਰ ਵਿਚ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਵਿਚ ਦਰਦ ਦਾ ਸਭ ਤੋਂ ਵੱਡਾ ਕਾਰਨ ਡਿਸਕ ਦਾ ਖਿਸਕ ਜਾਣਾ ਹੁੰਦਾ ਹੈ। ਇਸ ਤੋਂ ਇਲਾਵਾ ਰੀੜ੍ਹ ਦੀ ਹੱਡੀ ਦੀਆਂ ਨੁੱਕਰਾਂ ਦਾ ਵਧ ਜਾਣਾ, ਰੀੜ੍ਹ ਦੀ ਹੱਡੀ ਦੇ ਮਣਕਿਆਂ ਦਾ ਦੂਸਰੇ ਮਣਕਿਆਂ 'ਤੇ ਖਿਸਕਣਾ, ਪੱਠਿਆਂ ਦਾ ਕਮਜ਼ੋਰ ਹੋ ਜਾਣਾ, ਨਸਾਂ 'ਤੇ ਦਬਾਅ ਪੈਣ ਨਾਲ ਦਰਦ ਹੋਣਾ। ਜੇਕਰ ਇਹ ਦਬਾਅ ਹੇਠਲੇ ਹਿੱਸੇ 'ਤੇ ਪਵੇ ਤਾਂ ਕਈ ਵਾਰ ਇਹ ਦਰਦ ਪਿੱਠ ਤੋਂ ਲੱਤਾਂ ਵੱਲ ਨੂੰ ਵੀ ਜਾਂਦੀ ਹੈ ਜਿਸ ਨੂੰ ਅਸੀਂ ਸ਼ਿਐਟਿਕਾ ਦੀ ਦਰਦ ਕਹਿ ਦਿੰਦੇ ਹਾਂ। ਕਈਆਂ ਨੂੰ ਰੀੜ੍ਹ ਦੀ ਹੱਡੀ ਦੀ ਰਸੌਲੀ ਹੋਣ ਨਾਲ ਹੇਠਲੇ ਹਿੱਸੇ ਵਿਚ ਦਰਦ ਰਹਿਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਲੱਤਾਂ ਵਿਚ ਕਮਜ਼ੋਰੀ ਵੀ ਆ ਜਾਂਦੀ ਹੈ।
ਬਜ਼ੁਰਗਾਂ ਵਿਚ ਦਰਦ ਦਾ ਕਾਰਨ : ਵੱਡੀ ਉਮਰ ਵਿਚ ਹੱਡੀਆਂ ਦੀ ਕਮਜ਼ੋਰੀ ਕਾਰਨ ਹੱਡੀਆਂ ਅਕਸਰ ਫਿਸ ਜਾਂਦੀਆਂ ਹਨ। ਜਦ ਇਹ ਫਿਸੀਆਂ ਹੱਡੀਆਂ ਨਾੜਾਂ 'ਤੇ ਦਬਾਅ ਪਾਉਂਦੀਆਂ ਹਨ ਤਾਂ ਵੀ ਦਰਦ ਰਹਿਣੀ ਸ਼ੁਰੂ ਹੋ ਜਾਂਦੀ ਹੈ । ਜੇਕਰ ਇਹ ਦਬਾਅ ਹੇਠਲੇ ਪੱਧਰ 'ਤੇ ਹੋਵੇ ਤਾਂ ਹੇਠਲੇ ਹਿੱਸੇ ਵਿਚ ਦਰਦ ਰਹਿਣੀ ਸ਼ੁਰੂ ਹੋ ਜਾਂਦੀ ਹੈ।
ਔਰਤਾਂ ਵਿਚ ਦਰਦ ਦਾ ਕਾਰਨ : ਜਿਨ੍ਹਾਂ ਔਰਤਾਂ ਦੀ ਮਾਹਵਾਰੀ ਬੰਦ ਹੋ ਜਾਂਦੀ ਜਾਂ ਬੰਦ ਹੋਣ ਕਿਨਾਰੇ ਹੁੰਦੀ ਹੈ ਉਨ੍ਹਾਂ ਔਰਤਾਂ ਨੂੰ ਹੱਡੀਆਂ ਦੇ ਖੋਖਲਾਪਣ ਦੀ ਆਮ ਬਿਮਾਰੀ ਹੋ ਜਾਂਦੀ ਹੈ ਤੇ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਵਿਚ ਦਰਦ ਦਾ ਇਕ ਕਾਰਨ ਬਣ ਜਾਂਦੀ ਹੈ। ਅੱਜਕੱਲ੍ਹ ਹਰ ਦੂਸਰੀ ਔਰਤ ਨੂੰ ਇਹ ਬਿਮਾਰੀ ਹੁੰਦੀ ਹੈ ਜਦ ਕਿ 20 ਸਾਲ ਪਹਿਲਾਂ 10 ਔਰਤਾਂ ਵਿਚੋਂ ਸਿਰਫ਼ ਇਕ ਔਰਤ ਨੂੰ ਇਹ ਬਿਮਾਰੀ ਹੁੰਦੀ ਸੀ।
ਇਲਾਜ : ਅਸਲ ਵਿਚ ਪ੍ਰਹੇਜ਼ ਹੀ ਸਭ ਤੋਂ ਵੱਡਾ ਇਲਾਜ ਹੈ। ਬਚਪਨ ਵਿਚ ਜੇਕਰ ਇਹ ਦਰਦ ਕਿਸੇ ਜਮਾਂਦਰੂ ਬਿਮਾਰੀ ਕਾਰਨ ਹੁੰਦੀ ਹੋਵੇ ਤਾਂ ਇਲਾਜ ਲਈ ਦੇਰੀ ਨਹੀਂ ਕਰਨੀ ਚਾਹੀਦੀ। ਪਹਿਲੀ ਸਟੇਜ 'ਤੇ ਇਲਾਜ ਸੌਖਾ ਤੇ ਜ਼ਿਆਦਾ ਕਾਮਯਾਬ ਰਹਿੰਦਾ ਹੈ। ਹੁਣ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦੇ ਇਲਾਜ ਲਈ ਕਈ ਨਵੇਂ ਤਕਲੀਫ ਰਹਿਤ ਇਲਾਜ ਆ ਗਏ ਹਨ। ਹੱਡੀ ਦੇ ਨਰਵ 'ਤੇ ਪੈ ਰਹੇ ਦਬਾਅ ਨੂੰ ਕਿਸੇ ਚੀਰਫਾੜ ਤੋਂ ਬਗੈਰ ਘਟਾਉਣ ਲਈ ਅਮਰੀਕਨ ਸੀ. ਡੀ. ਡੀ. ਥੈਰੈਪੀ ਇਕ ਬਹੁਤ ਹੀ ਆਰਾਮਦਾਇਕ ਇਲਾਜ ਹੈ ਜਿਸ ਨਾਲ ਰੀੜ੍ਹ ਦੀ ਹੱਡੀ ਦਾ ਦਬਾਅ ਘਟਾ ਕੇ ਮਰੀਜ਼ ਨੂੰ ਦਰਦ ਤੋਂ ਰਾਹਤ ਦਿਵਾਈ ਜਾ ਸਕਦੀ ਹੈ। ਜਿਨ੍ਹਾਂ ਬਜ਼ੁਰਗਾਂ ਦੀਆਂ ਹੱਡੀਆਂ ਫਿਸ ਕੇ ਨਾੜ 'ਤੇ ਦਬਾਅ ਪਾ ਰਹੀਆਂ ਹੁੰਦੀਆਂ ਹਨ, ਉਨ੍ਹਾਂ ਬਜ਼ੁਰਗਾਂ ਲਈ ਵੀ ਇਹ ਥੈਰੈਪੀ ਬਹੁਤ ਲਾਹੇਵੰਦ ਹੈ ਕਿਉਂਕਿ ਵਡੇਰੀ ਉਮਰ ਕਾਰਨ ਆਪ੍ਰੇਸ਼ਨ ਕਰਵਾਉਣਾ ਹਰੇਕ ਦੇ ਵਸ ਵਿਚ ਨਹੀਂ ਹੁੰਦਾ। ਔਰਤਾਂ ਵਿਚ ਹੱਡੀਆਂ ਦੇ ਖੋਖਲੇਪਣ ਦੇ ਇਲਾਜ ਲਈ ਹੁਣ ਕਈ ਨਵੇਂ ਟੀਕੇ ਮੌਜੂਦ ਹਨ ਜਿਨ੍ਹਾਂ ਨਾਲ ਹੱਡੀਆਂ ਦਾ ਖੋਖਲਾਪਣ ਅਗਾਂਹ ਵਧਣ ਤੋਂ ਰੋਕਿਆ ਜਾ ਸਕਦਾ ਹੈ। ਇਸ ਰੋਕਥਾਮ ਨਾਲ ਵੀ ਨਾੜ 'ਤੇ ਪੈ ਰਿਹਾ ਦਬਾਅ ਘੱਟ ਜਾਂਦਾ ਹੈ ਤੇ ਦਰਦ ਤੋਂ ਰਾਹਤ ਮਿਲ ਜਾਂਦੀ ਹੈ। ਹੱਡੀਆਂ ਦੀਆਂ ਬਿਮਾਰੀਆਂ ਦੇ ਇਲਾਜ ਦੇ ਸੰਬੰਧ ਵਿਚ ਦਵਾਈਆਂ ਨਾਲੋਂ ਥੈਰੈਪੀਜ਼ ਕਿਤੇ ਜ਼ਿਆਦਾ ਲਾਹੇਵੰਦ ਸਿਧ ਹੁੰਦੀਆਂ ਹਨ ਕਿਉਂਕਿ ਇਹ ਥੈਰੈਪੀਜ਼ ਇਕ ਸਰੀਰਕ ਕਸਰਤ ਦਾ ਹੀ ਰੂਪ ਹੁੰਦੀਆਂ ਹਨ। ਹੱਡੀਆਂ ਦੀਆਂ ਬਿਮਾਰੀਆਂ ਤੋਂ ਬਚਣ ਦਾ ਇਕੋ ਇਕ ਸੌਖਾ ਤਰੀਕਾ ਇਹ ਹੈ ਕਿ ਹਰ ਰੋਜ਼ ਘੱਟ ਤੋਂ ਘੱਟ ਇਕ ਘੰਟਾ ਸਰੀਰਕ ਕਸਰਤ ਜ਼ਰੂਰ ਕਰੋ।
ਡਾ. ਰਵੀਪਾਲ ਸਿੰਘ