ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਹੁਣ ਮਾਘ ਸੁਦੀ 13 ਕਿਉਂ ਨਹੀ?


ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 19 ਮਾਘ, ਮਾਘ ਸੁਦੀ 13 ਬਿਕ੍ਰਮੀ 1686 ਦਿਨ ਸ਼ਨਿਚਰਵਾਰ, 16 ਜਨਵਰੀ 1630 ਯੂਲੀਅਨ ਨੂੰ ਕਰਤਾਰਪੁਰ ਵਿਖੇ ਹੋਇਆ ਸੀ। ਭਾਵੇਂ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਉਪਲੱਬਧ ਇਤਿਹਾਸ ਵਿਚ ਗੁਰੂ ਜੀ ਦੇ ਜਨਮ ਦੀ ਕੋਈ ਵੀ ਤਾਰੀਖ ਨਹੀ ਲਿਖੀ ਪਰ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਗਈ 1991 ਦੀ ਡਾਇਰੀ ਵਿਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ , ਮਾਘ ਸੁਦੀ 13, ਸੰਮਤ 1693 ਬਿ:, 28 ਜਨਵਰੀ ਸੰਨ 1637 ਈ: ਲਿਖੀ ਹੋਈ ਹੈ, ਇਸ ਮੁਤਾਬਕ ਇਹ 2 ਮਾਘ ਬਣਦੀ ਹੈ, ਬਿਕ੍ਰਮੀ ਸੰਮਤ 1693 ਜਾਂ ਸੰਨ 1637 ਈ ਮੰਨਣ ਯੋਗ ਨਹੀ ਹੈ। ਪ੍ਰੋ. ਕਰਤਾਰ ਸਿੰਘ ਐਮ ਏ ਦੀ ਕਿਤਾਬ 'ਸਿੱਖ ਇਤਿਹਾਸ ਭਾਗ 1' ਜੋ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪੀ ਹੋਈ ਹੈ ਉਸ ਵਿਚ ਗੁਰੂ ਜੀ ਦੇ ਜਨਮ ਦੀ ਤਾਰੀਖ ਮਾਘ ਸੁਦੀ 13, 19 ਮਾਘ ਬਿਕ੍ਰਮੀ ਸੰਮਤ 1686 ਦਿਨ ਸ਼ਨਿਚਰਵਾਰ 16 ਜਨਵਰੀ, ਸੰਨ 1630 ਲਿਖੀ ਹੋਈ ਹੈ। ਹੋਰ ਵੀ ਬਹੁਤੇ ਵਿਦਵਾਨ ਮਾਘ ਸੁਦੀ 13, 19 ਮਾਘ ਸੰਮਤ 1686 ਮੁਤਾਬਕ ਸ਼ਨਿਚਰਵਾਰ 16 ਜਨਵਰੀ ਸੰਨ 1630 ਨਾਲ ਸਹਿਮਤ ਹਨ। ਨਾਨਕਸ਼ਾਹੀ ਕੈਲੰਡਰ ਮੁਤਾਬਕ 19 ਮਾਘ ਹਰ ਸਾਲ 31 ਜਨਵਰੀ ਨੂੰ ਹੀ ਆਉਂਦੀ ਹੈ। 14 ਮਾਰਚ 2010 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਵੀ ਇਹ ਦਿਹਾੜਾ 31 ਜਨਵਰੀ ਦਾ ਹੀ ਦਰਜ ਹੈ। ਪਰ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਉਸ ਦਿਨ 19 ਮਾਘ ਨਹੀ ਸਗੋਂ 18 ਮਾਘ ਹੈ ਭਾਵ ਸ਼੍ਰੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ 19 ਮਾਘ ਤੋਂ ਬਦਲ ਕੇ 18 ਮਾਘ ਨੂੰ ਕਰ ਦਿੱਤਾ ਹੈ। ਅਜੇਹਾ ਕਿਓ? ਉਹ ਸਾਧ ਬਾਬੇ ਜਿਹੜੇ ਪਿਛਲੇ ਕਈ ਸਾਲ ਬਿਨਾਂ ਕਿਸੇ ਦਲੀਲ ਤੋਂ ਇਹ ਰੌਲਾ ਪਾਉਂਦੇ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾਂ ਬਦਲ ਦਿੱਤੀਆਂ ਹਨ (ਜੋ ਸੱਚ ਨਹੀ ਹੈ) ਹੁਣ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਹਰ ਰਾਏ ਸਾਹਿਬ ਜੀ ਦਾ ਜਨਮ 19 ਮਾਘ ਤੋਂ ਬਦਲਕੇ 18 ਮਾਘ ਨੂੰ ਕਰਨ ਤੇ ਕਿਓ ਚੁੱਪ ਹਨ? ਸ਼ਾਇਦ ਇਹ ਛੋਟੀਆਂਮੋਟੀਆਂ ਗੱਲਾਂ ਬਾਬਿਆਂ ਦੇ ਧਿਆਨ ਵਿਚ ਨਾ ਆਉਂਦੀਆਂ ਹੋਣ।
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ 23 ਪੋਹ ਨਾਨਕ ਸ਼ਾਹੀ (5 ਜਨਵਰੀ 2012 ਸੀ: ਈ:) ਦੀ ਬਜਾਏ ਪੋਹ ਸੁਦੀ 7 (31 ਦਸੰਬਰ 2011 ਸੀ: ਈ:) ਨੂੰ ਮਨਾਉਣ ਵਾਲੇ ਬਾਬਿਆਂ ਨੂੰ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਮਾਘ ਸੁਦੀ 13 ਨੂੰ ਹੀ ਨਹੀ ਮਨਾਉਣਾ ਚਾਹੀਦਾ ਹੈ ਜੋ ਇਸ ਸਾਲ 5 ਫਰਵਰੀ ਦਿਨ ਐਤਵਾਰ ਨੂੰ ਆਉਂਦਾ ਹੈ। ਇਕ ਦਿਹਾੜਾ ਚੰਦਰ ਸੂਰਜੀ ਬਿਕ੍ਰਮੀ (ਪੋਹ ਸੁਦੀ 7) ਮੁਤਾਬਕ ਅਤੇ ਦੂਜਾ ਸੂਰਜੀ ਬਿਕ੍ਰਮੀ ਕੈਲੰਡਰ (18 ਮਾਘ ਜੋ ਅਸਲ 'ਚ 19 ਮਾਘ ਹੈ) ਮੁਤਾਬਕ ਮਨਾਉਣ ਨੂੰ ਜੇ ਏਕਤਾ ਆਖਿਆ ਜਾ ਰਿਹਾ ਹੈ ਤਾਂ ਭੰਬਲਭੂਸਾ ਕਿਸ ਨੂੰ ਆਖੋਗੇ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਦਿਹਾੜਾ 19 ਮਾਘ ਤੋਂ 18 ਮਾਘ ਕਰਨ ਜਾਂ ਮਾਘ ਸੁਦੀ 13 ਤੋਂ ਬਦਲ ਕੇ ਮਾਘ ਵਦੀ 8 ਨੂੰ, ਭਾਵ 5 ਦਿਨ ਪਹਿਲਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਜੇ ਸੰਤਾਂ ਦੀ ਯੂਨੀਅਨ ਦਾ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਬੇਈਮਾਨ ਨਹੀ ਹੈ ਤਾਂ ਉਹ ਸਿੱਖ ਸੰਗਤ ਨੂੰ ਸਪੱਸ਼ਟ ਕਰੇ ਕਿ ਸੰਤਾਂ ਦੀ ਯੂਨੀਅਨ ਹੁਣ ਅੱਖੀਂ ਦੇਖ ਕੇ ਮੱਖੀ ਕਿਉ ਨਿਗਲ ਰਹੀ ਹੈ? ਹੁਣ ਤਾਂ 5 ਦਿਨਾਂ ਦਾ ਫਰਕ ਹੈ ਕੀ ਹੁਣ ਵੀ ਤੁਹਾਨੂੰ ਦਿਖਾਈ ਨਹੀ ਦਿੰਦਾ? ਹੁਣ ਤਾਂ ਮਾਘ ਸੁਦੀ 13 ਤੋਂ ਬਦਲ ਕੇ ਮਾਘ ਵਦੀ 8 ਨੂੰ (5 ਦਿਨ ਪਹਿਲਾ) ਕਰ ਦਿੱਤਾ ਗਿਆ ਹੈ। ਹੁਣ ਤੁਹਾਡੇ ਚੁੱਪ ਰਹਿਣ ਪਿਛੇ ਕੀ ਸਾਜ਼ਿਸ਼ ਹੈ। ਇਤਿਹਾਸਕ ਤਾਰੀਖਾਂ ਦਾ ਮਲੀਆਮੇਟ ਕਰਕੇ, ਇਹ ਕਿਹੜੀ ਏਕਤਾ ਪੈਦਾ ਕੀਤੀ ਜਾ ਰਹੀ ਹੈ?
ਬਾਬਿਓਂ ਕੌਮ ਨੂੰ ਜਵਾਬ ਦਿਓ! 31 ਜਨਵਰੀ ਨੂੰ ਨਾ ਤਾਂ 19 ਮਾਘ ਹੈ, ਨਾ ਹੀ ਮਾਘ ਸੁਦੀ 13 ਹੈ ਅਤੇ ਨਾ ਹੀ ਜਨਵਰੀ 16, ਹੁਣ ਇਸ ਕੈਲੰਡਰ ਨੂੰ ਕਿਹੜਾ ਕੈਲੰਡਰ ਕਿਹਾ ਜਾਵੇ? ਇਸ ਤੋਂ ਵੀ ਹੈਰਾਨੀ ਦੀ ਗੱਲ! ਸੰਤਾਂ ਦੀ ਯੂਨੀਅਨ ਦੇ ਪ੍ਰਧਾਨ, ਕੈਲੰਡਰ ਦੇ ਵਿਦਵਾਨ (?) ਹਰਨਾਮ ਸਿੰਘ ਧੁੰਮਾ ਦੀ ਟਕਸਾਲ ਵੱਲੋਂ ਛਾਪੀ ਗਈ ਵੱਡ ਅਕਾਰੀ ਕਿਤਾਬ 'ਗੁਰਬਾਣੀ ਪਾਠ ਦਰਪਣ' ਵਿਚ ਦਰਜ, ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ “1687 ਬਿ: ਮਾਘ ਸੁਦੀ ਚੌਦਸ, ਦਿਨ ਐਤਵਾਰ, 5 ਫਰਵਰੀ 1630 ਈ; ਨਛੱਤਰ ਭਰਣੀ” (1687 ਬਿ: ਮਾਘ ਸੁਦੀ ਚੌਦਸ, ਦਿਨ ਸ਼ਨਿਚਰਵਾਰ, 5 ਫਰਵਰੀ, 1631 ਯੂਲੀਅਨ ਨੂੰ ਸੀ ਨਾਕੇ 1630 ਨੂੰ) 'ਚ ਕੋਈ ਵੀ ਤਾਰੀਖ 31 ਜਨਵਰੀ ਨੂੰ ਨਹੀਂ ਆਉਂਦੀ। ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦਮਦਮੀ ਟਕਸਾਲ ਦਾ ਮੁਖੀ, ਆਪਣੇ ਮੁਖੀਆਂ ਵੱਲੋਂ ਲਿਖੇ ਗਏ ਇਤਿਹਾਸ 'ਚ ਦਰਜ ਤਾਰੀਖਾਂ ਨੂੰ ਛੱਡ ਕੇ, ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਗਲਤ ਤਾਰੀਖਾਂ ਨੂੰ ਕਿਓ ਮਾਨਤਾ ਦੇ ਰਿਹਾ ਹੈ? ਸ਼੍ਰੋਮਣੀ ਕਮੇਟੀ ਨੇ 2011-2012 ਸੀ: ਈ: ਦੇ ਕੈਲੰਡਰ ਵਿਚ 31 ਜਨਵਰੀ ਕਿਸ ਅਧਾਰ ਤੇ ਲਿਖੀ ਹੈ। ਹੁਣ ਸੰਤਾਂ ਦੀ ਯੂਨੀਅਨ ਦਾ ਕਿਸ ਅਧਾਰ ਤੇ ਧੁਮੱਕੜਸ਼ਾਹੀ ਕੈਲੰਡਰ ਦੀ ਹਮਾਇਤ ਕਰਦੀ ਹੈ? ਸਿਰਫ ਹਮਾਇਤ ਹੀ ਨਹੀ ਕਰਦੀ ਸਗੋਂ ਵਿਚਾਰ ਚਰਚਾ ਲਈ ਚੈਲੰਜ ਕਰਨ ਦੇ ਨਾਲ-ਨਾਲ ਅਗਲੀ ਰਣ ਨੀਤੀ ਤਿਆਰ ਕਰਨ ਦੇ ਡਰਾਵੇ ਵੀ ਦਿੰਦੀ ਹੈ ਪਰ! ਕਿਸੇ ਸਵਾਲ ਦਾ ਜਵਾਬ ਨਹੀ ਦਿੰਦੀ!
ਭਾਈ ਹਰੀ ਸਿੰਘ ਰੰਧਾਵਾ ਜੀ (ਜਨਰਲ ਸਕੱਤਰ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ) ਇਹ ਜਾਣਕਾਰੀ ਦਿਓ ਕਿ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਮਾਘ ਸੁਦੀ 13 ਮੁਤਾਬਕ 5 ਫਰਵਰੀ ਦਿਨ ਐਤਵਾਰ ਨੂੰ ਕਿਉਂ ਨਹੀ ਮਨਾਇਆ ਜਾ ਰਿਹਾ? ਹੁਣ ਦੇਖਦੇ ਹਾਂ ਕਿ ਭਾਈ ਹਰੀ ਸਿੰਘ ਜੀ ਆਪਣੇ ਬਿਆਨ, “ਜਿਸ ਕਿਸੇ ਨੂੰ ਵੀ ਇਸ ਬਾਰੇ ਭੁਲੇਖਾ ਹੈ ਉਹ ਜਦੋਂ ਮਰਜ਼ੀ ਮੀਡੀਆ ਵਿਚ ਬਹਿਸ ਕਰ ਲਵੇ” (ਰੇਡੀਓ ਸ਼ੇਰ-ਏ-ਪੰਜਾਬ, 9 ਜਨਵਰੀ 2011) ਤੇ ਕਾਇਮ ਰਹਿੰਦੇ ਹਨ ਜਾਂ ਆਪਣੀ ਆਦਤ ਮੁਤਾਬਕ ਕੋਈ ਨਵੀ ਢੁੱਚਰ ਡਾਹ ਕਿ ਵਿਚਾਰ-ਚਰਚਾ ਤੋਂ ਮੁਖ ਮੋੜ ਲੈਂਦੇ ਹਨ।
ਖਾਲਸਾ ਜੀ, ਜਾਗੋ ਅਤੇ ਸੋਚੋ! ਇਕ ਦਿਹਾੜਾ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ (ਪੋਹ ਸੁਦੀ 7) ਨਾਲ ਅਤੇ ਦੂਜਾ ਸੂਰਜੀ ਬਿਕ੍ਰਮੀ ਕੈਲੰਡਰ (18 ਮਾਘ ਜੋ ਅਸਲ 'ਚ 19 ਮਾਘ ਹੈ) ਮੁਤਾਬਕ ਮਨਾਉਣ ਪਿੱਛੇ ਇਨ੍ਹਾਂ ਦੀ ਚਾਲ ਨੂੰ ਸਮਝੋ। ਅੱਜ ਦੇ ਵਿਗਿਆਨਿਕ ਯੁਗ ਵਿਚ ਵੀ ਇਹ ਵੇਲ੍ਹੜਾਂ ਦੀ ਫੌਜ ਨਹੀ ਚਾਹੁੰਦੀ ਕਿ ਸੰਗਤਾਂ ਗਿਆਨਵਾਨ ਹੋਣ। ਕਿਰਤ ਤੋਂ ਭਗੌੜੇ ਤਾਂ ਇਹ ਹੀ ਚਾਹੁੰਦੇ ਹਨ ਕਿ ਸੰਗਤਾਂ ਸਾਥੋਂ ਪੁਛ ਕੇ ਹੀ ਆਪਣੇ ਇਤਿਹਾਸਕ ਦਿਹਾੜੇ ਮਨਾਉਣ ਤਾਂ ਜੋ ਇਨ੍ਹਾਂ ਦਾ ਲੁੱਟ ਦਾ ਸਿਧਾਂਤ ਬਰਕਰਾਰ ਰਹੇ।
ਸਰਵਜੀਤ ਸਿੰਘ ਸੈਕਰਾਮੈਂਟੋ