ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੁਖੀ ਗ੍ਰਹਿਸਤ ਜੀਵਨ ਲਈ ਗੁਰਮਤਿ ਉਪਦੇਸ਼


ਗੁਰਮਤਿ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਘਟਾਉਣ ਅਤੇ ਅਮਲਾਉਣ ਨਾਲ ਦੰਪਤੀ ਵਿਚ ਕਿਸੇ ਤਰ੍ਹਾਂ ਦੀ ਤ੍ਰੇੜ ਨਹੀਂ ਆ ਸਕਦੀ। 'ਪਤੀਬ੍ਰਤ ਧਰਮ' ਅਤੇ 'ਪਤਨੀਬ੍ਰਤ ਧਰਮ' ਵਿਚ ਰਹਿੰਦਿਆਂ ਗੁਰਸਿੱਖਾਂ ਦੇ ਵਿਹਾਰ ਅਤੇ ਪਰਮਾਰਥ ਦੋਵੇਂ ਸਿੱਧ ਅਤੇ ਸੁਹੇਲੇ ਹੁੰਦੇ ਹਨ।
ਮਨੁੱਖੀ ਜੀਵਨ ਵਿਚ ਵਿਵਾਹ ਸਭ ਤੋਂ ਵੱਧ ਮਹੱਤਵਪੂਰਨ ਪੜਾਅ ਹੈ ਜਿਸ 'ਤੇ ਮਨੁੱਖ ਦੀ ਖੁਸ਼ਹਾਲੀ ਤੇ ਮਨੁੱਖੀ ਸਮਾਜ ਦਾ ਵਿਕਾਸ ਨਿਰਭਰ ਹੈ। ਪਤੀ ਪਤਨੀ ਦੀ ਨੇੜਤਾ ਜੀਵਨ-ਉਤਪਤੀ ਦਾ ਕਾਰਨ ਬਣਦੀ ਹੈ ਅਤੇ ਜੀਵਨ ਪੱਖ ਨੂੰ ਸੁਖਾਲਾ, ਸੁਹਾਵਣਾ ਅਤੇ ਸਹਿਜਮਈ ਬਣਾਉਂਦੀ ਹੈ। ਗੁਰਬਾਣੀ ਦੀ ਅਗਵਾਈ ਅਨੁਸਾਰ ਅਧਿਆਤਮਕ, ਸਭਿਆਚਾਰਕ ਅਤੇ ਸਮਾਜਿਕ ਜੀਵਨ ਨੂੰ ਸੁਚਾਰੂ ਤੇ ਚੜ੍ਹਦੀਆਂ ਕਲਾਂ ਵਿਚ ਰਹਿੰਦਿਆਂ ਮਨੁੱਖ ਨੂੰ ਸਾਵੀ ਤੇ ਪੱਧਰੀ ਜ਼ਿੰਦਗੀ ਜੀਉਣ ਲਈ ਪ੍ਰੇਰਨਾ ਮਿਲਦੀ ਹੈ। ਗੁਰਮਤਿ ਅਨੁਸਾਰ ਅਨੰਦ-ਵਿਵਾਹ ਮਨੁੱਖ ਦੇ ਅੰਦਰ ਸੰਤੋਖ ਪ੍ਰਦਾਨ ਕਰਦਾ ਹੈ ਅਤੇ ਉਸ ਨੂੰ ਦਾਜ-ਦਹੇਜ ਦੀ ਮੰਗ ਦੀ ਰੁਚੀ ਤੋਂ ਦੂਰ ਰੱਖਣ ਲਈ ਸੇਧ ਦਿੰਦਾ ਹੈ।
ਭਾਰਤ ਅਤੇ ਹੋਰ ਕਈ ਦੇਸ਼ਾਂ ਵਿਚ ਇਸਤਰੀ ਨੂੰ ਪਹਿਲਾਂ ਕਲੰਕਣੀ, ਪੈਰ ਦੀ ਜੁੱਤੀ ਅਤੇ ਸ਼ੂਦਰ (ਨੀਵੀਂ ਤੋਂ ਨੀਵੀਂ ਜਾਤੀ) ਸਮਝਿਆ ਜਾਂਦਾ ਸੀ। ਜੋਗੀਆਂ ਨੇ ਤਾਂ ਇਸਤਰੀ ਨੂੰ ਵਿਸ਼ ਦੀ ਗੰਦਲ ਕਿਹਾ ਅਤੇ ਮੁਕਤੀ ਪ੍ਰਾਪਤ ਕਰਨ ਵਿਚ ਰੁਕਾਵਟ ਗਰਦਾਨਿਆ ਅਤੇ ਇਸ ਦੇ ਤਿਆਗ ਵਿਚ ਹੀ ਮੁਕਤੀ ਸਮਝੀ। ਸਾਡੇ ਦੇਸ਼ ਦੇ ਆਪਣੇ ਹੀ ਵਿਦਵਾਨਾਂ ਅਤੇ ਅਖੌਤੀ ਧਾਰਮਿਕ ਆਗੂਆਂ ਨੇ ਇਸਤਰੀ ਜਾਤੀ ਨਾਲ ਇਨਸਾਫ਼ ਨਹੀਂ ਕੀਤਾ। ਮਨੂ ਦੇ ਕਥਨ ਅਨੁਸਾਰ-ਭੋਜਨ, ਭਜਨ, ਖਜ਼ਾਨਾ, ਨਾਰੀ, ਚਾਰੋ ਪਰਦੇ ਕੇ ਅਧਿਕਾਰੀ। ਇਸਤਰੀ ਅਗਿਆਨਣ ਅਤੇ ਕੂੜ ਦੀ ਮੂਰਤੀ ਹੈ। ਤੁਲਸੀ ਦਾਸ ਹੋਰਾਂ ਨੇ ਤਾਂ ਇਸਤਰੀ ਦਾ ਦਰਜਾ ਗਵਾਰ, ਸ਼ੂਦਰ ਅਤੇ ਢੋਰ (ਪਸ਼ੂ) ਬਰਾਬਰ ਦਾ ਦੱਸਿਆ। ਆਮ ਲੋਕ ਵੀ ਕਹਿਣ ਲੱਗ ਪਏ ਕਿ ''ਢੋਰ, ਗਵਾਰ, ਪਸ਼ੂ ਔਰ ਨਾਰੀ-ਇਹ ਸਭ ਤਾੜਨ ਕੇ ਅਧਿਕਾਰੀ''। ਐਸੀ ਦੁਰਗਤੀ ਸੀ ਨਾਰੀ ਦੀ? ਜੈਨ ਮੱਤ  ਵਿਚ ਇਸਤਰੀ ਨੂੰ ਬਰਾਬਰ ਦਾ ਦਰਜਾ ਹਾਸਲ ਨਹੀਂ। ਇਸਲਾਮ ਨੇ ਇਕ ਤੋਂ ਵੱਧ ਪਤਨੀਆਂ ਰੱਖਣ ਦੀ ਖੁੱਲ੍ਹ ਦੇ ਕੇ ਅਤੇ ਇਸਤਰੀ ਨੂੰ ਪਰਦੇ ਵਿਚ ਰੱਖ ਕੇ ਇਸ ਦੀ ਸਮਾਜਿਕ, ਆਰਥਿਕ ਅਤੇ ਅਧਿਆਤਮਕ ਪਦਵੀ ਨੂੰ ਬੜਾ ਨੀਵਾਂ ਕੀਤਾ ਹੈ। ਹਾਲਾਂ ਵੀ ਮੁਸਲਮਾਨਾਂ ਵਿਚ ਔਰਤ ਪਲੀਤ ਸਮਝੀ ਜਾਂਦੀ ਹੈ ਅਤੇ ਉਹ ਮਸਜਿਦ ਵਿਚ ਨਮਾਜ਼ ਪੜ੍ਹਨ ਦੀ ਅਧਿਕਾਰੀ ਨਹੀਂ।
ਪਰ, ਸਿੱਖੀ ਵਿਚ ਐਸਾ ਨਹੀਂ ਹੈ। ਗੁਰਮਤਿ ਵਿਚ ਇਸਤਰੀ ਪਤੀ ਦਾ ਅੰਗ ਹੈ, ਅੰਮ੍ਰਿਤ ਦਾ ਅਧਿਕਾਰਨ, ਪੂਰੀ ਸਲਾਹਕਾਰ, ਵਿੱਦਿਆ-ਗਿਆਨ ਦੀ ਸਾਂਝੀਵਾਲ, ਵਿਹਾਰ ਅਤੇ ਪਰਮਾਰਥ ਵਿਚ ਸਹਾਇਤਾ ਦੇਣ ਵਾਲੀ ਅਤੇ ਗ੍ਰਹਿਸਤ ਧਰਮ ਦੀ ਗੱਡੀ ਚਲਾਉਣ ਲਈ ਬਰਾਬਰ ਦਾ ਪਹੀਆ ਹੈ। ਸਿੱਖੀ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਸ ਕਥਨ ਅਨੁਸਾਰ ''ਲੋਕ ਵੇਦ ਗੁਣੁ ਗਿਆਨ ਵਿਚਿ ਅਰਧ ਸਰੀਰ ਮੋਖ ਦੁਆਰੀ'' ਮੰਨੀ ਗਈ ਹੈ। ਭਾਵ, ਪੁਰਸ਼ ਦੀ ਅਰਧੰਗਨੀ ਹੀ ਪੁਰਸ਼ ਲਈ ਮੁਕਤੀ ਦਾ ਦੁਆਰ (ਸਾਧਨ) ਬਣ ਜਾਂਦੀ ਹੈ।
ਕਰੀਬਨ ਸਵਾ ਪੰਜ ਸੌ ਸਾਲ ਪਹਿਲਾਂ ਇਸਤਰੀ ਨੂੰ ਐਸੀ ਦੁਰਗਤੀ, ਬੁਰਿਆਈਆਂ ਅਤੇ ਵਧੀਕੀਆਂ ਤੋਂ ਆਜ਼ਾਦ ਕਰਨ ਲਈ ਸਿੱਖੀ ਦੇ ਮਹਾਨ ਸੰਚਾਲਕ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸਤਰੀ ਨੂੰ ਆਦਮੀ ਦੇ ਬਰਾਬਰ ਮੰਨਿਆ। ਗੁਰਦੇਵ ਜੀ ਨੇ ਸੰਸਾਰ ਦੇ ਮਨਮੱਤੀ, ਅਹੰਕਾਰੀ ਅਤੇ ਵਿਦਿਆਹੀਣ ਲੋਕਾਂ ਨੂੰ ਇਹ ਗਿਆਨ ਕਰਵਾ ਦਿੱਤਾ ਕਿ ਔਰਤ ਕਿਸੇ ਵੀ ਹਾਲਤ ਵਿਚ ਨੀਵੀਂ ਨਹੀਂ ਤੇ ਨਾ ਹੀ ਉਸ ਨੂੰ ਬੁਰਾ ਸਮਝਿਆ ਜਾਣਾ ਚਾਹੀਦਾ ਹੈ। ਆਪ ਨੇ ਬਾਣੀ ਅੰਦਰ ਫੁਰਮਾਇਆ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ£
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ£
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ£
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£
(ਅੰਕ 473)
ਰੱਬ ਦੀ ਉਸ ਜਾਤ ਨੂੰ ਮੰਦਾ ਕਿਉਂ ਕਹੀਏ ਜਿਸ ਤੋਂ ਮਹਾਂ-ਪ੍ਰਾਪਤੀ ਪੁਰਸ਼, ਵੱਡੇ ਬੀਰ-ਯੋਧੇ ਅਤੇ ਰਾਜੇ ਮਹਾਰਾਜੇ ਜੋ ਧਰਮ ਅਤੇ ਨੀਤੀ ਦਾ ਸੁਧਾਰ ਕਰਨ ਵਾਲੇ ਜਨਮ ਲੈਂਦੇ ਹਨ? ਰਾਜਾ ਤਾਂ ਉੱਚ-ਕੁੱਲ ਵਾਲਾ ਤੇ ਉਸ ਨੂੰ ਜਨਮ ਦੇਣ ਵਾਲੀ ਕੁਲਹਿਣੀ ਕਿਵੇਂ ਹੋਈ?
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ£
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ£
(ਅੰਕ 494)
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਮਾਤਾ, ਪਿਤਾ ਅਤੇ ਪੁੱਤਰ ਸਭ ਕਰਤਾਰ ਦੀ ਰਚਨਾ ਹੈ ਅਤੇ ਇਹਨਾਂ ਸਾਰਿਆਂ ਜੀਵਾਂ ਦਾ ਸਬੰਧ ਪਰਮਾਤਮਾ ਆਪ ਹੀ ਬਣਾਉਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਇਸਤਰੀ ਨੂੰ 'ਔਰਤ ਈਮਾਨ' ਕਹਿ ਕੇ ਵਡਿਆਇਆ ਹੈ। ਇਸੇ ਤਰ੍ਹਾਂ ਭਗਤ ਧੰਨਾ ਜੀ ਨੇ ਵੀ 'ਘਰ ਕੀ ਗੀਹਨਿ ਚੰਗੀ' ਦੀ ਮੰਗ ਕੀਤੀ।
ਸੰਗਲਾਦੀਪ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਉਪਰੋਕਤ ਉਤਮ ਉਪਦੇਸ਼, ਉਹਨਾਂ ਰਾਣੀਆਂ ਅਤੇ ਰਾਜਕੁਮਾਰੀਆਂ ਨੂੰ ਦਿੱਤਾ ਜੋ ਆਪਣੀ ਚੰਚਲਤਾਈ ਅਤੇ ਚਪਲਤਾ ਨਾਲ ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਨੂੰ ਮੋਹਿਤ ਕਰਨਾ ਚਾਹੁੰਦੀਆਂ ਸਨ। ਪ੍ਰੰਤੂ ਗੁਰਦੇਵ ਜੀ ਨੇ ਉਹਨਾਂ ਨੂੰ ਪਤੀਬ੍ਰਤ ਧਰਮ ਵਿਚ ਦ੍ਰਿੜ੍ਹ ਰਹਿਣ ਲਈ ਸਮਝਾਇਆ ਕਿ :
ਗਾਛਹੁ ਪੁਤ੍ਰੀ ਰਾਜ ਕੁਆਰਿ£
ਨਾਮੁ ਭਣਹੁ ਸਚੁ ਦੋਤੁ ਸਵਾਰਿ£
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ£
ਗੁਰ ਸਬਦੀ ਬਿਖੁ ਤਿਆਸ ਨਿਵਾਰਿ£
(ਅੰਕ 1187)
ਹੇ ਪੁੱਤਰੀਓ! ਘਰਾਂ ਨੂੰ ਜਾਓ, ਪ੍ਰਭੂ ਦੇ ਨਾਮ ਦੀ ਅਰਾਧਨਾ ਕਰੋ, ਸੱਚ ਦਾ ਸ਼ਿੰਗਾਰ ਸਵਾਰ ਕੇ ਸਜਾਓ ਅਤੇ ਆਪਣੇ ਭਰਤੇ ਦੀ ਸੇਵਾ ਵਿਚ ਜੀਵਨ ਅਰਪਨ ਕਰੋ। ਫਿਰ ਗ੍ਰਹਿਸਤੀ ਜੀਵਨ ਵਿਚ ਖੁਸ਼ੀਆਂ ਹੀ ਖੁਸ਼ੀਆਂ ਨਸੀਬ ਹੁੰਦੀਆਂ ਹਨ।
ਗੁਰੂ ਅਰਜਨ ਸਾਹਿਬ ਜੀ ਆਸਾ ਰਾਮ ਵਿਚ ਕਥਨ ਕਰਦੇ ਹਨ ਕਿ ਗੁਣਵੰਤੀ ਤੇ ਸੁਘੜ-ਸੁਚੱਜੀ ਇਸਤਰੀ ਕਿੰਨਾਂ ਗੁਣਾਂ ਦੀ ਧਾਰਨੀ ਹੋਣੀ ਚਾਹੀਦੀ ਹੈ ਜਿਸ ਕਰਕੇ ਉਹ 'ਪਤੀਬ੍ਰਤ ਧਰਮ' ਸੰਵਾਰਨ ਦੇ ਲਾਇਕ ਬਣ ਸਕੇ। ਆਪ ਦੇ ਬਚਨ ਹਨ :
ਬਤੀਹ ਸੁਲਖਣੀ ਸਚੁ ਸੰਤਤਿ ਪੂਤ£
ਆਗਿਆਕਾਰੀ ਸੁਘੜ ਸਰੂਪ£
ਇਛ ਪੂਰੇ ਮਨ ਕੰਤ ਸੁਆਮੀ£
ਸਗਲ ਸੰਤੋਖੀ ਦੇਰ ਜੇਠਾਨੀ£
(ਅੰਕ 371)
'ਬਤੀਹ ਸੁਲਖਣੀ' ਤੋਂ ਭਾਵ ਹੈ ਸ਼ੁਭ ਗੁਣਾਂ ਨਾਲ ਭਰਪੂਰ ਇਸਤਰੀ। ਐਸੇ ਗੁਣਾਂ ਅਤੇ ਸੁਚੱਜੇ ਜੀਵਨ-ਜਾਚ ਵਾਲੀ ਇਸਤਰੀ ਨਿਰੰਤਰ ਪਵਿੱਤਰ ਰਹਿੰਦੀ ਹੈ, ਅਥਵਾ ਉਤਮ ਸੰਤਾਨ ਦੀ ਮਾਂ ਬਣਦੀ ਹੈ। ਇਸ ਸ਼ਬਦ ਤੋਂ ਇਹ ਵੀ ਉਪਦੇਸ਼ ਮਿਲਦਾ ਹੈ ਕਿ ਇਸਤਰੀ ਪੂਰਨ ਤੌਰ 'ਤੇ ਵਿਦਵਾਨ ਹੋਵੇ ਤਾਂ ਜੋ ਦੇਵਰ, ਜੇਠ ਨੂੰ ਵੀ ਨੇਕ ਸਲਾਹ ਦੇਣ ਲਈ ਤੱਤਪਰ ਹੋਵੇ। ਐਸੀ ਇਸਤਰੀ ਆਉਣ ਨਾਲ ਘਰ ਸਵਰਗ ਬਣ ਜਾਂਦਾ ਹੈ, ਪ੍ਰੰਤੂ ਕੁਚੱਜੀ ਦੇ ਪੈਰ ਪੈਣ ਨਾਲ ਘਰ ਨਰਕ ਵਿਚ ਬਦਲ ਜਾਂਦਾ ਹੈ।
ਗੁਰਮਤਿ ਮਾਰਤੰਡ (ਭਾਗ ਪਹਿਲਾ, ਪੰਨਾ 89) ਵਿਚ ਜਿਨ੍ਹਾਂ ਸ਼ੁਭ ਗੁਣਾਂ ਦਾ ਵਰਨਣ ਕੀਤਾ ਹੈ, ਉਹ ਇਸ ਪ੍ਰਕਾਰ ਹਨ :
1. ਲੱਜਾ 2. ਸਵੱਛਤਾ 3. ਚਤੁਰਾਈ 4. ਵਿਦਿਆ 5. ਸੁੰਦਰਤਾ 6. ਪਤਿਭਗਤਿ 7. ਸੇਵਾ 8. ਦਯਾ 9. ਸਤਯ 10. ਪ੍ਰਿਯ ਬਾਣੀ 11. ਪ੍ਰਸੰਨਤਾ 12. ਨਿਮਰਤਾ 13. ਏਕਤਾ 14. ਨਿਸ਼ਕਪਟਤਾ 15. ਧੀਰਜ 16. ਧਰਮ ਨੇਸ਼ਠਾ 17. ਸੰਯਮ 18. ਉਦਾਰਤਾ 19. ਗੰਭੀਰਤਾ 20. ਉਦਮ 21. ਸੂਰਬੀਰਤਾ 22. ਰਾਗ 23. ਕਾਵਯ 24. ਚਿਤ੍ਰ 25. ਔਸ਼ਧ 26. ਰਸੋਈ 27. ਸਿਉਣ, ਪਰੋਣ ਦੀ ਵਿਦਿਆ 28. ਘਰ ਦੀਆਂ ਵਸਤੂਆਂ ਦੀ ਯਥਾਯੋਗ ਸ਼ਿੰਗਾਰਣਾ 29. ਬਜ਼ੁਰਗਾਂ ਦਾ ਮਾਣ 30. ਘਰ ਆਏ ਪ੍ਰਾਹੁਣਿਆਂ ਦਾ ਸਨਮਾਨ ਅਤੇ 31. ਸੰਤਾਨ ਦਾ ਪਾਲਣ।
ਭਾਈ ਗੁਰਦਾਸ ਜੀ ਇਸਤਰੀ ਦੇ 'ਪਤੀਬ੍ਰਤ' ਬਾਬਤ ਇਹ ਉਪਦੇਸ਼ ਕਰਦੇ ਹਨ, ਜੋ ਸਦਾ ਮਨ ਵਿਚ ਵਸਾਉਣੇ ਚਾਹੀਦੇ ਹਨ :
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ£
(ਵਾਰ 6:8)
ਹਉਂ ਤਿਸ ਘੋਲ ਘੁਮਾਇਆ
ਪਰ ਨਾਰੀ ਦੇ ਨੇੜ ਨ ਜਾਵੈ£ (ਵਾਰ 12:4)
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ£
(ਵਾਰ 29:11)
ਇਸੇ ਪ੍ਰਸੰਗ ਅੰਦਰ ਭਗਤ ਨਾਮਦੇਵ ਜੀ ਸ਼ਬਦ ਦੁਆਰਾ ਕਥਨ ਕਰਦੇ ਹਨ :
ਘਰ ਕੀ ਨਾਰਿ ਤਿਆਗੈ ਅੰਧਾ£
ਪਰ ਨਾਰੀ ਸਿਉ ਘਾਲੈ ਧੰਧਾ£
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ£
ਅੰਤ ਕੀ ਬਾਰ ਸੂਆ ਲਪਟਾਨਾ£
ਪਾਪੀ ਕਾ ਘਰੁ ਅਗਨੇ ਮਾਹਿ£
ਜਲਤ ਰਹੈ ਮਿਟਵੈ ਕਬ ਨਾਹਿ£
(ਅੰਕ 1164-65)
ਭਗਤ ਜੀ ਕਹਿੰਦੇ ਹਨ ਕਿ ਜੋ ਪੁਰਸ਼ ਪਰ-ਇਸਤਰੀ ਗਾਮੀ ਹੈ, ਉਹ ਪਤੀ ਵਿਭਚਾਰੀ ਹੈ, ਪਮਾਰ ਹੈ। ਮਿਸਾਲ ਦਿੰਦਿਆਂ ਸਮਝਾਉਂਦੇ ਹਨ ਕਿ ਸਿੰਬਲ ਦੇ ਫੁੱਲ ਦੀ ਸ਼ੋਭਾ ਵੇਖ ਕੇ, ਬਿਨਾਂ ਸੋਚੇ-ਸਮਝੇ ਤੋਤਾ (ਸੂਆ) ਆਪਣੀ ਚੁੰਝ ਵਿਚ ਫਸਾ ਕੇ ਮਰ ਜਾਂਦਾ ਹੈ, ਤੈਸੇ ਹੀ ਪਰ-ਇਸਤਰੀ ਗਾਮੀ ਵਿਸ਼ੇਈ ਮਨੁੱਖ, ਅਨੇਕ ਰਸਾਂ-ਕਸਾਂ ਨੂੰ ਭੋਗਦਾ ਹੋਇਆ ਪਛਤਾ ਕੇ ਮੁੱਕ ਜਾਂਦਾ ਹੈ। ਉਹ ਮਨੁੱਖ ਚਿੰਤਾ, ਰੋਗ, ਸੰਤਾਪ, ਉਚਾਟ ਆਦਿ ਦੀ ਅਗਨੀ ਵਿਚ ਸੜਦਾ ਹੈ।
ਪੰਜਵੇਂ ਪਾਤਸ਼ਾਹ ਨੇ ਪਤੀ ਲਈ ਬੜੇ ਕਰਦੇ ਸ਼ਬਦ ਵਰਤੇ ਹਨ :
ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ£
ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ£
(ਅੰਕ 1095)
ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਮੂਰਖ! ਤੂੰ ਭ੍ਰਿਸ਼ਟਾਚਾਰ ਦੀ ਕੀ ਗੱਲ ਕਰਦਾ ਹੈਂ? ਜੇ ਪਰਾਈ ਇਸਤਰੀ ਵੱਲ ਭੈੜੀ (ਮੰਦੀ) ਨਜ਼ਰ ਨ ਕਰੇਂ ਤਾਂ ਹੀ ਤੂੰ ਕੰਤ (ਪਤੀ) ਹੈ, ਨਹੀਂ ਤਾਂ ਤੇਰੀ ਗਿਣਤੀ ਵਿਭਚਾਰੀਆਂ ਵਿਚ ਹੈ। ਅਗਲੀਆਂ ਪੰਗਤੀਆਂ ਵਿਚ ਸਮਝਾਉਂਦੇ ਹਨ ਕਿ ਸਾਰਾ ਸੰਸਾਰ ਫੁੱਲਾਂ ਦੀ ਵਾੜੀ ਵਾਂਗੂ ਖਿੜਿਆ ਹੋਇਆ ਹੈ। ਭਾਵ ਇਹ ਹੈ-ਬਾਗ ਵਿਚ ਬਾੜੀ ਦੇ ਫੁੱਲਾਂ  ਨੂੰ ਛੇੜਨ ਜਾਂ ਤੋੜਨ ਦਾ ਤੇਰਾ ਕੋਈ ਹੱਕ ਨਹੀਂ, ਮਾਲੀ ਨੇ ਜੋ ਫੁੱਲ ਤੈਨੂੰ ਬਖਸ਼ਿਆ ਹੈ, ਉਸੇ ਦੀ ਸੁਗੰਧ ਅਤੇ ਸੁੰਦਰਤਾ 'ਤੇ ਸਬਰ ਸ਼ੁਕਰ ਕਰਨਾ ਹੈ।
ਵਿਵਾਹ ਦਾ ਆਦਰਸ਼ ਨਿਰੀ ਕਾਮ-ਪੂਰਤੀ ਹੀ ਨਹੀਂ ਸਗੋਂ ਦੋਹਾਂ ਸਰੀਰਾਂ ਦਾ 'ਇਕ-ਜੋਤ' ਹੋਣਾ ਹੈ, ਇਕ-ਰੂਪ ਬਣ ਕੇ ਰਹਿਣਾ ਹੈ। ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ :
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ£
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ£
(ਅੰਕ 788)
ਗ੍ਰਹਿਸਤ ਧਰਮ ਵਿਚ ਪ੍ਰਵੇਸ਼ ਕਰਨ ਲਈ ਚਾਰ ਲਾਵਾਂ ਦੀ ਬਾਣੀ ਨਿਸ਼ਚਿਤ ਹੈ। ਲਾਵਾਂ ਅੰਦਰ ਵਿਹਾਰ ਅਤੇ ਪਰਮਾਰਥ ਦਾ ਸਾਂਝਾ ਉਪਦੇਸ਼ ਹੈ। ਅਨੰਦ ਕਾਰਜ (ਵਿਵਾਹ) ਸਮੇਂ ਇਨ੍ਹਾਂ ਲਾਵਾਂ ਦਾ ਪਾਠ ਅਤੇ ਕੀਰਤਨ ਸਿੱਖ ਧਰਮ ਵਿਚ ਵਿਧਾਨ ਹੈ। ਆਦਰਸ਼ਕ ਗ੍ਰਹਿਸਤ ਜੀਵਨ ਨੂੰ ਸੁਹਾਉਣਾ ਅਤੇ ਸਾਵਾਂ-ਪੱਧਰਾ ਬਣਾਉਣ ਲਈ ਗੁਰੂ ਰਾਮਦਾਸ ਜੀ ਨੇ ਜੋ ਉਪਦੇਸ਼ ਦੰਪਤੀ ਲਈ ਦਰਸਾਏ ਹਨ, ਉਹ ਇਸ ਪ੍ਰਕਾਰ ਹਨ। ਪਹਿਲੀ ਲਾਵ ਵਿਚ 'ਧਰਮ' ਨੂੰ ਦ੍ਰਿੜ੍ਹ ਅਤੇ ਪਾਪਾਂ ਦਾ ਤਿਆਗ ਕਰਨ ਦੀ ਤਾਕੀਦ ਕੀਤੀ ਗਈ ਹੈ :
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ£
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ£ (ਅੰਕ 774)
ਪਰਮਾਤਮਾ ਦੀ ਸਰਬ-ਵਿਆਪਕਤਾ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਪਤੀ ਪਤਨੀ ਨੂੰ 'ਹਰਿ ਵੇਖੈ ਰਾਮੁ ਹਦੂਰੇ' ਅਤੇ 'ਅੰਤਰਿ ਬਾਹਰਿ ਹਰਿ ਪ੍ਰਭੁ ਏਕੋ' ਦੇ ਆਦਰਸ਼ ਨੂੰ ਅਪਨਾਉਣ ਲਈ ਕਿਹਾ ਹੈ।
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗਿਆ ਬਲਿ ਰਾਮ ਜੀਉ£
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ£
(ਅੰਕ 774)
ਲਾਵਾਂ ਦੇ ਤੀਜੇ ਬੰਦ ਵਿਚ ਪਤੀ ਪਤਨੀ ਦੇ ਅਨੰਦਮਈ ਤੇ ਖੁਸ਼ਹਾਲ ਜੀਵਨ ਦਾ ਅਧਾਰ ਕੁਰਬਾਨੀ ਤੇ ਵੈਰਾਗ ਦੱਸਿਆ ਹੈ। ਦੰਪਤੀ ਅਸਲੀ ਅਨੰਦ ਤੇ ਖੇੜਾ-ਭਰਪੂਰ ਜੀਵਨ ਗੁਰਮੁਖ-ਜਨਾਂ ਦੀ ਪਵਿੱਤਰ ਸੰਗਤ ਤੋਂ ਪ੍ਰਾਪਤ ਕਰਦਾ ਹੈ ਜੋ ਵੱਡੇ ਭਾਗਾਂ ਨਾਲ ਮਿਲਦੀ ਹੈ। ਜੋੜੀ ਦੇ ਮਨ ਵਿਚ ਪਰਮਾਤਮਾ ਨਾਲ ਪ੍ਰੀਤੀ ਅਤੇ ਕੁਕਰਮਾਂ ਤੋਂ ਗਿਲਾਨੀ ਉਪਜਦੀ ਹੈ। ਚੌਥੀ ਲਾਵ ਦੰਪਤੀ ਲਈ 'ਸਹਿਜ' ਮਾਰਗ ਦਾ ਆਦਰਸ਼ ਦਰਸਾਉਂਦੀ ਹੈ :
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ£
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ£
(ਅੰਕ 774)
ਸਹਜ ਦਾ ਭਾਵ ਹੈ-ਸਾਵਾਂ-ਪੱਧਰਾ ਜੀਵ? ਖੁਸ਼ੀ ਤੇ ਆਤਮਿਕ ਅਡੋਲਤਾ ਦਾ ਸੁੱਖ। ਸਹਿਜ ਦੀ ਅਵਸਥਾ ਵਿਚ ਪ੍ਰਵੇਸ਼ ਕਰਨ ਨਾਲ ਮਨ-ਇੱਛਤ ਫਲ ਮਿਲ ਜਾਂਦਾ ਹੈ ਅਤੇ ਅਬਿਨਾਸ਼ੀ ਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਦੰਪਤੀ ਨੂੰ ਸਾਵਾਂ-ਪੱਧਰਾ ਜੀਵਨ, ਖੁਸ਼ੀਆਂ-ਖੇੜੇ ਅਤੇ ਆਤਮਿਕ ਸੁੱਖ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ।
'ਲਾਵਾਂ ਵਿਚ ਦਰਸਾਏ ਗਾਡੀ ਰਾਹ ਦੁਆਰਾ ਆਤਮਾ ਰੂਪੀ ਇਸਤਰੀ ਗ੍ਰਹਿਸਤੀ ਜੀਵਨ ਬਤੀਤ ਕਰਦਿਆਂ ਪਰਮਾਤਮਾ ਰੂਪੀ ਪਤੀ ਨਾਲ ਮਿਲਦੀ ਹੈ ਅਤੇ ਇਸ ਤਰ੍ਹਾਂ ਆਪਣੇ ਇਸ਼ਟ ਦੀ ਪ੍ਰਾਪਤੀ ਕਰਕੇ ਸੁਹਾਗਣ ਹੋਣ ਦਾ ਮਾਣ ਪ੍ਰਾਪਤ ਕਰ ਸਕਦੀ ਹੈ।