ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਦੋਂ ਸਤਵੰਤ ਸਿੰਘ ਦੀ ਪਰਿਵਾਰ ਨਾਲ ਆਖਰੀ ਮੁਲਾਕਾਤ ਲਈ ਵੀ ਇਕ ਸੰਘਰਸ਼ ਕਰਨਾ ਪਿਆ


      ਹਰਜਿੰਦਰ ਸਿੰਘ ਦੀ ਜ਼ਬਾਨੀ
      4 ਜਨਵਰੀ 1989 ਰਾਤ ਦਾ ਸਮਾਂ ਸੀ।
     ਭਾਈ ਸਤਵੰਤ ਸਿੰਘ-ਕਿਹਰ ਸਿੰਘ ਦੀ ਫਾਂਸੀ ਬਾਰੇ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਸੀ। ਪੈਰਵੀ ਲਈ ਦਿੱਲੀ ਆਇਆ ਹੋਇਆ ਬਾਪੂ ਤਰਲੋਕ ਸਿੰਘ ਮੇਰੇ ਕੋਲ ਮੇਰੇ ਰਿਹਾਇਸ਼ੀ ਕੁਆਰਟਰ 'ਚ ਠਹਿਰਿਆ ਹੋਇਆ ਸੀ। ਮੇਰਾ ਸਰੀਰ ਠੀਕ ਨਹੀਂ ਸੀ। ਮੈਂ ਦਵਾਈ ਖਾ ਕੇ ਰਜਾਈ ਵਿਚ ਮੂੰਹ ਸਿਰ ਲਪੇਟ ਕੇ ਲੇਟ ਗਿਆ। ਬਾਪੂ ਤਰਲੋਕ ਸਿੰਘ ਵੀ ਲੇਟ ਗਿਆ ਸੀ, ਪਰ ਬਾਪੂ ਦਾ ਮਨ ਟਿਕਾਅ ਵਿਚ ਨਹੀਂ ਸੀ ਆ ਰਿਹਾ ਕਿ ਸਰਕਾਰ ਸਾਡੀ ਆਖਰੀ ਮੁਲਾਕਾਤ ਵੀ ਕਿਹਰ ਸਿੰਘ-ਸਤਵੰਤ ਸਿੰਘ ਨਾਲ ਨਹੀਂ ਕਰਵਾ ਰਹੀ, ਜਿਹੜਾ ਸਾਡਾ ਕਾਨੂੰਨੀ ਹੱਕ ਹੈ। ਬਾਪੂ ਕਹਿੰਦਾ, ''ਮੇਰਾ ਪਰਿਵਾਰ ਪੰਜ ਸੌ ਕਿਲੋਮੀਟਰ ਤੇ ਪੰਜਾਬ 'ਚ ਬੈਠਾ ਹੈ, ਵਕੀਲਾਂ ਤੋਂ ਹੀ ਪੁੱਛ ਲਈਏ ਕਿ ਅਸੀਂ ਆਪਣਾ ਪਰਿਵਾਰ ਜਾ ਕੇ ਲੈ ਆਈਏ? ਜੇ ਹਾਕਮਾਂ ਨੇ ਮੌਕੇ 'ਤੇ ਫਾਂਸੀ ਦੇਣ ਲੱਗਿਆਂ ਹੀ ਦੱਸਿਆ ਕਿ ਆਖਰੀ ਮੁਲਾਕਾਤ ਕਰ ਲਵੋ, ਫਿਰ ਪਰਿਵਾਰ ਏਨੀ ਛੇਤੀ ਕਿਵੇਂ ਲਿਆਵਾਂਗੇ?''
     ਫਿਰ ਅਚਾਨਕ ਬਾਪੂ ਤਰਲੋਕ ਸਿੰਘ ਕਹਿੰਦਾ, ''ਹਰਜਿੰਦਰ ਸਿੰਘ ਉੱਠ! ਚੱਲ ਆਪਾਂ ਵਕੀਲ ਨੂੰ ਮਿਲ ਆਈਏ। ਉਹਨੂੰ ਪੁੱਛ ਕੇ ਪਰਿਵਾਰ ਲੈ ਆਈਏ, ਇਹਨਾਂ ਕਾਲ਼ੇ ਅੰਗਰੇਜ਼ਾਂ ਨੇ ਮੌਕੇ 'ਤੇ ਦੱਸਣਾ, ਆਪਾਂ ਪਰਿਵਾਰ ਲਿਆਉਣ ਦਾ ਪਹਿਲਾਂ ਪ੍ਰਬੰਧ ਕਰ ਲਈਏ''।
     ਮੈਂ ਉਠ ਕੇ ਬੈਠ ਗਿਆ, ਸਿਰ ਤੇ ਪਰਨਾ ਵਲੇਟਣ ਲੱਗ ਪਿਆ। ਬਾਪੂ ਜੁੱਤੀ ਪਾ ਕੇ ਤਿਆਰ ਸੀ। ਮੈਨੂੰ ਕਹਿੰਦਾ, ''ਟੈਮ ਕਿੰਨਾ?'' ਮੈਂ ਦੱਸਿਆ, ''ਬਾਪੂ ਪੌਣੇ ਦਸ (9.45) ਵੱਜੇ ਆ''।
     ਬਾਪੂ ਜੁੱਤੀ ਲਾਹ ਕੇ ਕਹਿੰਦਾ, ''ਹਰਜਿੰਦਰ ਇਸ ਵੇਲੇ ਕਿੱਥੇ ਵਕੀਲਾਂ ਨੂੰ ਸੁੱਤੇ ਪਿਆਂ ਨੂੰ ਪਰੇਸ਼ਾਨ ਕਰਾਂਗੇ, ਪੈ ਜਾ ਤੂੰ, ਸਵੇਰੇ ਮਿਲ ਲਵਾਂਗੇ''।
     ਅਸੀਂ ਅਜੇ ਰਜਾਈਆਂ ਵਿਚ ਪਏ ਹੀ ਸੀ। 4 ਜਨਵਰੀ 1989 ਦੀ ਰਾਤ ਦੇ 10 ਵੱਜਣ ਵਾਲੇ ਸੀ। ਸਾਡੇ ਕੁਆਰਟਰ ਦਾ ਬਾਹਰੋਂ ਬੂਹਾ ਕਿਸੇ ਖੜਕਾਇਆ ਤੇ 'ਹਰਜਿੰਦਰ ਸਿੰਘ' ਕਹਿ ਕੇ ਆਵਾਜ਼ ਮਾਰੀ। ਓਹੋ ਹੋਇਆ ਜੋ ਬੇਚੈਨੀ ਬਾਪੂ ਜੀ ਨੂੰ ਟਿਕਣ ਨਹੀਂ ਸੀ ਦਿੰਦੀ। ਦਰਵਾਜਾ ਖੋਲ੍ਹਿਆ ਤਾਂ ਤਿਹਾੜ ਜੇਲ੍ਹ ਦਾ ਸੁਪਰਡੈਂਟ ਗਰੇਵਾਲ ਤੇ ਸਿੱਖ ਸੈਲ ਦਿੱਲੀ ਪੁਲਿਸ ਦਾ ਭੱਲਾ ਸਿੰਘ ਅਤੇ ਸੀ.ਆਈ.ਡੀ. ਇੰਸਪੈਕਟਰ ਹੰਸਾ ਸਿੰਘ ਅੰਦਰ ਦਾਖਲ ਹੋਏ। ਉਹਨਾਂ ਕਿਹਾ, ''ਸਰਦਾਰ ਸਾਹਿਬ, ਪਰਸੋਂ 6 ਜਨਵਰੀ 1989 ਨੂੰ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਕਿਹਰ ਸਿੰਘ-ਸਤਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਤੁਸੀਂ ਇਤਲਾਹ ਵਰੰਟ ਉਤੇ ਦਸਤਖ਼ਤ ਕਰ ਦੇਵੋ''।
     ਬਾਪੂ ਕਹਿੰਦਾ, ''ਅਸੀਂ ਅੱਧੀ ਰਾਤ ਦਸਤਖ਼ਤ ਨਹੀਂ ਕਰ ਕੇ ਦੇਣੇ। ਸਾਰਾ ਦਿਨ ਅਸੀਂ ਤੁਹਾਨੂੰ ਪੁੱਛਦੇ ਰਹੇ, ਓਦੋਂ ਦੱਸ ਦਿੰਦੇ, ਅਸੀਂ ਦਸਤਖ਼ਤ ਵੀ ਕਰ ਦਿੰਦੇ। ਪੰਜਾਬ ਤੋਂ ਆਪਣੇ ਪਰਿਵਾਰ ਨੂੰ ਲੈ ਆਉਂਦੇ''।
     ਸੀ.ਆਈ.ਡੀ. ਇੰਸਪੈਕਟਰ ਹੰਸਾ ਸਿੰਘ ਮੇਰਾ (ਹਰਜਿੰਦਰ ਸਿੰਘ) ਰਿਸ਼ਤੇਦਾਰ ਲੱਗਦਾ ਸੀ। ਉਸ ਨੇ ਮੈਨੂੰ ਪਾਸੇ ਕਰ ਕੇ ਸਮਝਾਇਆ ਕਿ ਬਾਪੂ ਨੂੰ ਕਹਿ ਕੇ ਇਤਲਾਹ ਵਰੰਟਾਂ ਉਤੇ ਦਸਤਖ਼ਤ ਕਰਵਾ ਦੇ। ਜੇ ਬਾਪੂ ਨੇ ਦਸਤਖ਼ਤ ਨਾ ਕੀਤੇ ਤਾਂ ਇਨ੍ਹਾਂ ਮੇਰੀ ਗਵਾਹੀ ਪਾ ਕੇ 'ਇਨਕਾਰੀ' ਲਿਖ ਦੇਣੀ ਹੈ ਤੇ ਫੇਰ ਕਿਸੇ ਦੀ ਆਖਰੀ ਮੁਲਾਕਾਤ ਵੀ ਨਹੀਂ ਜੇ ਹੋਣੀ। ਫਾਂਸੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਹੁਣ ਹੋਰ ਸਮਾਂ ਨਹੀਂ ਮਿਲ ਸਕਦਾ। ਮੈਂ ਬਾਪੂ ਜੀ ਨੂੰ ਕਹਿ ਕੇ ਇਤਲਾਹ ਵਰੰਟਾਂ ਉਤੇ ਦਸਤਖ਼ਤ ਕਰਵਾ ਦਿੱਤੇ। ਬਾਪੂ ਜੀ ਨੇ ਉਹਨਾਂ (ਗਰੇਵਾਲ, ਭੱਲਾ) ਨੂੰ ਸਵਾਲ ਕੀਤਾ, ''ਹੁਣ ਤੁਸੀਂ ਸਾਨੂੰ ਗ੍ਰਿਫ਼ਤਾਰ ਕਰਨਾ?'' ਉਹ ਕਹਿੰਦੇ, ''ਬਾਬਾ ਅਸੀਂ ਤੁਹਾਨੂੰ ਗ੍ਰਿਫ਼ਤਾਰ ਨਹੀਂ ਕਰਨਾ, ਇਤਲਾਹ ਦੇਣੀ ਸੀ, ਜੋ ਦੇ ਕੇ ਦਸਤਖ਼ਤ ਕਰਵਾਉਣੇ ਸੀ, ਉਹ ਅਸੀਂ ਕਰਵਾ ਲਏ ਹਨ''। ਉਹਨਾਂ ਨੇ ਹੰਸਾ ਸਿੰਘ ਇੰਸਪੈਕਟਰ ਦੀ ਡਿਊਟੀ ਲਾ ਦਿੱਤੀ ਕਿ ਰਾਤ ਇਹਨਾਂ ਨੂੰ ਰਸਤੇ ਵਿਚ ਕੋਈ ਪਰੇਸ਼ਾਨੀ ਨਾ ਆਵੇ, ਨਾਲ ਜਾ ਕੇ ਵਕੀਲਾਂ ਨੂੰ ਮਿਲਾ ਦੇਣਾ।
     ਹੰਸਾ ਸਿੰਘ ਇੰਸਪੈਕਟਰ ਸੀ.ਆਈ.ਡੀ. ਨੇ ਸਿੱਖ ਹੋਣ ਦੇ ਨਾਂ 'ਤੇ ਆਪਣੀ ਗੱਡੀ ਮੰਗਵਾਈ ਤੇ ਅਸੀਂ ਤਿੰਨੇ, ਬਾਪੂ ਜੀ, ਮੈਂ (ਹਰਜਿੰਦਰ ਸਿੰਘ) ਅਤੇ ਇੰਸਪੈਕਟਰ ਹੰਸਾ ਸਿੰਘ ਗੱਡੀ ਵਿਚ ਬੈਠ ਕੇ ਵਕੀਲ ਸ੍ਰੀ ਰਾਮ ਜੇਠਮਲਾਨੀ ਦੇ ਘਰ ਫਿਰੋਜ਼ਸ਼ਾਹ ਵਾਲੀ ਕੋਠੀ ਗਏ। ਰਾਤ ਦੇ 10.30 ਵੱਜ ਗਏ ਸਨ। ਉਸ ਨੂੰ ਦੱਸਿਆ ਕਿ ਸਾਡੇ ਤੋਂ ਇਤਲਾਹ ਵਰੰਟਾਂ ਤੇ ਗਰੇਵਾਲ ਜੇਲ੍ਹ ਸੁਪਰਡੈਂਟ ਅਤੇ ਸਿੱਖ ਸੈਲ ਦਿੱਲੀ ਪੁਲਿਸ ਭੱਲਾ ਦਸਤਖ਼ਤ ਕਰਵਾ ਕੇ ਲੈ ਗਏ ਹਨ, ਦੱਸੋ ਹੁਣ ਅਸੀਂ ਕੀ ਕਰੀਏ? ਸ੍ਰੀ ਰਾਮ ਜੇਠਮਲਾਨੀ ਵਕੀਲ ਨੇ ਕਿਹਾ, ''ਫਾਂਸੀ ਸਤਵੰਤ ਸਿੰਘ-ਕਿਹਰ ਸਿੰਘ ਨੂੰ ਨਹੀਂ, ਹਿੰਦੁਸਤਾਨ ਦੇ ਕਾਨੂੰਨ ਨੂੰ ਦਿੱਤੀ ਜਾ ਰਹੀ ਹੈ। ਤੁਸੀਂ ਆਪਣੇ ਪਰਿਵਾਰ ਨੂੰ ਬੁਲਾ ਕੇ ਮੁਲਾਕਾਤ ਕਰ ਲਵੋ''।
     ਉਸ ਤੋਂ ਬਾਅਦ ਰੁਪਿੰਦਰ ਸਿੰਘ ਸੋਢੀ ਵਕੀਲ ਦੇ ਘਰ ਗਏ, ਤਾਂ ਅੱਗੋਂ ਰੁਪਿੰਦਰ ਸਿੰਘ ਸੋਢੀ ਵਕੀਲ ਦਾ ਵੀ ਸ੍ਰੀ ਰਾਮ ਜੇਠਮਲਾਨੀ ਵਾਲਾ ਹੀ ਜਵਾਬ ਸੀ ਤੇ ਕਿਹਾ, ''ਪਰਿਵਾਰ ਨੂੰ ਬੁਲਾਓ, ਤਾਂ ਕਿ ਆਖਰੀ ਮੁਲਾਕਾਤ ਹੋ ਸਕੇ''। ਹੰਸਾ ਸਿੰਘ ਦੀ ਗੱਡੀ ਵਿਚ ਬੈਠ ਕੇ ਅਸੀਂ ਫਿਰ ਵਾਪਸ ਗੁਰਦੁਆਰਾ ਸੀਸ ਗੰਜ ਵਾਲੇ ਕੁਆਰਟਰ ਵਿਚ ਪਹੁੰਚ ਗਏ। ਮਸਲਾ ਇਹ ਸੀ ਕਿ ਬਾਪੂ ਦਿੱਲੀ ਬੈਠਾ ਸੀ, ਪਰਿਵਾਰ ਪੰਜ ਸੌ ਕਿਲੋਮੀਟਰ ਤੇ ਅਗਵਾਨ (ਡੇਰਾ ਬਾਬਾ ਨਾਨਕ) ਬੈਠਾ ਸੀ। ਏਨੀ ਛੇਤੀ ਪਰਿਵਾਰ ਨੂੰ ਕਿਵੇਂ ਬੁਲਾਇਆ ਜਾ ਸਕਦਾ ਸੀ ਏਨੀ ਦੂਰ ਤੋਂ? ਇਹ ਪ੍ਰਸ਼ਨ ਸੀ ਬਾਪੂ ਅੱਗੇ। ਬਾਪੂ ਕਹਿੰਦਾ, ''ਹਰਜਿੰਦਰ ਪਰਿਵਾਰ ਦੀ ਮੁਲਾਕਾਤ ਨਹੀਂ ਹੋ ਸਕਣੀ''। ਰਾਤ ਦੇ 11.30 ਵੱਜ ਗਏ ਸਨ। ਬਾਪੂ ਨੇ ਆਸ ਲਾਹ ਦਿੱਤੀ ਸੀ, ਏਨੀ ਛੇਤੀ ਕੁਝ ਨਹੀਂ ਹੋ ਸਕਦਾ। ਉਹਨੀਂ ਦਿਨੀਂ 1989 ਵੇਲੇ ਟੈਲੀਫੋਨ ਦਾ ਕੋਈ ਪ੍ਰਬੰਧ ਨਹੀਂ ਸੀ। ਮੈਂ ਕਿਹਾ, ''ਬਾਪੂ ਜੀ ਇਕੋ ਹੀ ਚਾਰਾ ਹੈ ਤੇ ਉਹ ਕਰ ਕੇ ਵੇਖ ਲਈਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸੀ ਸਵਰਾਜ ਮਾਜ਼ਦਾ ਗੱਡੀ ਹੈ। ਜੇ ਮਿਲ ਜਾਵੇ ਤਾਂ ਪਰਿਵਾਰ ਲਿਆ ਸਕਦੇ ਹਾਂ''।
     ਇਸ ਆਸ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹੈਡਮਾਸਟਰ ਸੁੱਚਾ ਸਿੰਘ ਦੇ ਘਰ ਅਰਜਨ ਨਗਰ ਪਹੁੰਚ ਗਏ। ਉਸ ਵੇਲੇ ਰਾਤ ਦੇ 12 ਵੱਜ ਗਏ ਸਨ। ਅਸੀਂ ਉਸ ਨੂੰ ਆਪਣੀ ਮਜ਼ਬੂਰੀ ਦੱਸੀ ਕਿ ਅਸੀਂ ਸਤਵੰਤ ਸਿੰਘ ਦੀ ਆਖਰੀ ਮੁਲਾਕਾਤ ਵਾਸਤੇ ਪਰਿਵਾਰ ਨੂੰ ਲਿਆਉਣ ਵਾਸਤੇ ਪਿੰਡ ਅਗਵਾਨ ਖੁਰਦ (ਡੇਰਾ ਬਾਬਾ ਨਾਨਕ) ਜਾਣਾ ਹੈ। ਸਾਨੂੰ ਗੁਰਦੁਆਰਾ ਸਾਹਿਬ ਦੀ ਸਵਰਾਜ ਮਾਜ਼ਦਾ ਗੱਡੀ ਦੇਵੋ, ਤਾਂ ਉਸ ਨੇ ਗੱਡੀ ਨਾ ਦੇਣ ਦੇ ਇਰਾਦੇ ਨਾਲ ਕਿਹਾ ਕਿ ਤੁਸੀਂ ਗੱਡੀ ਕਿਰਾਏ ਤੇ ਕਰ ਲਵੋ, ਮੈਂ ਪੈਸੇ ਦੇ ਦੇਵਾਂਗਾ।
     ਮੈਂ ਫਿਰ ਉਸ ਨੂੰ ਕਿਹਾ ਕਿ ਪੰਜਾਬ ਦੇ ਹਾਲਾਤ ਬੜੇ ਖਰਾਬ ਹਨ, ਕੋਈ ਵੀ ਟੈਕਸੀ ਵਾਲਾ ਪੰਜਾਬ ਜਾਣ ਵਾਸਤੇ ਤਿਆਰ ਨਹੀਂ ਹੋਵੇਗਾ ਤੇ ਜੇ ਉਸ ਨੂੰ ਪਤਾ ਲੱਗ ਜਾਵੇ ਕਿ ਸਤਵੰਤ ਸਿੰਘ ਦੀ ਮੁਲਾਕਾਤ ਲਈ ਪਰਿਵਾਰ ਨੂੰ ਲੈਣ ਜਾਣਾ ਹੈ। ਤੁਸੀਂ ਸਾਨੂੰ ਗੱਡੀ ਕਿਰਾਏ ਤੇ ਕਰ ਦੇਵੋ, ਪੈਸੇ ਅਸੀਂ ਆਪੇ ਦੇ ਦੇਵਾਂਗੇ। ਇਹ ਸੁਣ ਕੇ ਉਹ ਚੁੱਪ ਕਰ ਗਿਆ।
     ਮੈਂ ਫਿਰ ਕਿਹਾ, ''ਭਾਈ ਸਾਹਿਬ ਸਾਡੇ ਕੋਲ ਬਹੁਤ ਜ਼ਿਆਦਾ ਵਕਤ ਨਹੀਂ ਹੈ। ਇਸ ਵਾਸਤੇ ਸਾਨੂੰ ਕੋਈ ਗੁਰਦੁਆਰੇ ਦੀ ਗੱਡੀ ਦੇ ਦੇਵੋ, ਤਾਂ ਉਹ ਫਿਰ ਵੀ ਚੁੱਪ ਰਿਹਾ। ਮੈਂ ਕਿਹਾ, ਕੋਈ ਤਾਂ ਸਾਨੂੰ ਜਵਾਬ ਦੇ। ਉਹ ਕਹਿੰਦਾ, ''ਹਰਜਿੰਦਰ ਸਿੰਘ ਮੈਨੂੰ ਸਵੇਰੇ ਹੀ ਸਰਕਾਰ ਨੇ ਤੁਹਾਡੀ ਮਦਦ ਕਰਨ ਦੇ ਦੋਸ਼ ਹੇਠ ਚੁੱਕ ਲੈਣਾ ਹੈ। ਸਰਕਾਰ ਮੈਨੂੰ ਪਹਿਲਾਂ ਹੀ ਐਨ. ਐਸ. (ਨੈਸ਼ਨਲ ਸਕਿਓਰਟੀ) ਅਧੀਨ ਦੋ ਵਾਰੀ ਜੇਲ੍ਹ ਵਿਚ ਬੰਦ ਕਰ ਚੁੱਕੀ ਹੈ''।
     ਤਾਂ ਬਾਪੂ ਜੀ ਨੇ ਕਿਹਾ, ''ਹਰਜਿੰਦਰ ਛੱਡ ਹੁਣ ਕੋਈ ਚਾਰਾ ਨ੍ਹੀਂ। ਇਹੋ ਜਿਹੇ ਵਕਤ ਕੋਈ ਵਿਰਲਾ ਸੂਰਮਾ ਹੀ ਸਾਥ ਦਿੰਦਾ ਹੁੰਦਾ''।
     ਬਾਪੂ ਦੀ ਇਹ ਗੱਲ ਸੁਣ ਕੇ ਹੈਡ ਮਾਸਟਰ ਸੁੱਚਾ ਸਿੰਘ ਨੇ ਕਿਹਾ, ''ਹਰਜਿੰਦਰ ਸਿੰਘ ਜੀ ਕਰਾਂ, ਸਰਕਾਰ ਦੀ ਦਹਿਸ਼ਤਗਰਦੀ ਦਾ ਤੈਨੂੰ ਵੀ ਪਤਾ ਈ ਆ। ਤੂੰ ਗੁਰਦੁਆਰਾ ਸਾਹਿਬ ਦੀ ਗੱਡੀ ਲੈ ਜਾ, ਪਰ ਮੈਂ ਕੋਈ ਲਿਖਤੀ ਰੂਪ ਵਿਚ ਕਾਰਵਾਈ ਨਹੀਂ ਕਰਨੀ''।
     ਇਹ ਸੁਣ ਕੇ ਅਸੀਂ ਛੇਤੀ ਹੰਸਾ ਸਿੰਘ ਵਾਲੀ ਗੱਡੀ ਵਿਚ ਗੁਰਦੁਆਰਾ ਸੀਸ ਗੰਜ ਪਹੁੰਚੇ। ਮੈਂ ਆਪਣੇ ਕੁਆਰਟਰ ਦੀ ਚਾਬੀ ਬਾਪੂ ਜੀ ਨੂੰ ਦੇ ਦਿੱਤੀ ਤੇ ਬਾਪੂ ਜੀ ਨੂੰ ਪਾਸੇ ਕਰ ਕੇ ਸਮਝਾਇਆ ਕਿ ਤੂੰ ਸਵੇਰੇ ਗੁਰਦੁਆਰਾ ਸੀਸ ਗੰਜ ਸਾਹਿਬ ਮੱਥਾ ਟੇਕਣ ਦੇ ਬਹਾਨੇ ਸਵਰਨ ਸਿੰਘ ਮੈਨੇਜਰ ਗੁਰਦੁਆਰਾ ਮਾਤਾ ਸੁੰਦਰੀ ਜੀ ਕੋਲ ਚਲਾ ਜਾਵੀਂ। ਇੱਥੇ ਰਿਹਾ ਤਾਂ ਪੁਲਿਸ ਵਾਲੇ ਤੈਨੂੰ ਫੜ ਕੇ ਨਾ ਲੈ ਜਾਣ। ਮੈਨੂੰ ਇਸ ਗੱਲ ਦਾ ਬਹੁਤ ਫਿਕਰ ਸੀ। ਪਰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੀ ਗੱਡੀ ਬਿਨਾਂ ਮਨਜ਼ੂਰੀ ਤੋਂ....ਅਤੇ ਅੱਧੀ ਰਾਤ ਧੁੰਦ ਵੀ ਬੜੀ ਪਈ ਸੀ। ਅੱਗੇ ਪੰਜਾਬ ਦੇ ਹਾਲਾਤ ਖਰਾਬ ਸਨ। ਕੋਈ ਚਿੰਤਾ ਨਹੀਂ ਸੀ। ਏਨੇ ਲੰਮੇ ਸਫ਼ਰ ਵਾਸਤੇ ਜਦੋਂ ਮੈਂ ਇਕੱਲਾ ਹੀ ਗੱਡੀ ਲੈ ਕੇ ਤੁਰਨ ਲੱਗਾ ਤਾਂ ਮਰਦ-ਦਰਵੇਸ਼ ਸੰਤੋਖ ਸਿੰਘ, ਜੋ ਅੱਗੇ ਵੀ ਇੰਦਰਾ ਕਤਲ ਤੋਂ ਬਾਅਦ ਹਰ ਸਮੇਂ ਹਰ ਮੁਸੀਬਤ ਵਿਚ ਨਾਲ ਰਿਹਾ ਸੀ, ਤੇ ਇਕ ਮੇਰੀ ਗੱਡੀ ਦਾ ਕੰਡਕਟਰ ਰਿਹਾ ਸੀ ਗੁਰਮੀਤ ਸਿੰਘ (ਪਿੰਡ ਭਰੋਸ਼ੀ ਬ੍ਰਾਹਮਣਾਂ, ਜ਼ਿਲ੍ਹਾ ਅੰਮ੍ਰਿਤਸਰ) ਮੇਰੇ ਨਾਲ ਗੱਡੀ ਵਿਚ ਬੈਠ ਗਏ।
     ਜਦੋਂ ਅਸੀਂ ਗੱਡੀ ਗੁਰਦੁਆਰਾ ਸਾਹਿਬ ਤੋਂ ਤੋਰਨ ਲੱਗੇ ਤਾਂ ਮੈਂ ਕਿਹਾ, ''ਭਾਊ ਸੰਤੋਖ ਸਿੰਘ ਅਰਦਾਸ ਕਰ ਲਈਏ।' ਗੁਰਦੁਆਰਾ ਸਾਹਿਬ ਤਾਂ ਹਾਲੇ ਪ੍ਰਕਾਸ਼ ਨਹੀਂ ਸੀ ਹੋਇਆ। ਅਸੀਂ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਸਾਹਮਣੇ ਖਲੋ ਕੇ ਜੱਟ ਭਾਸ਼ਾ ਵਿਚ ਹੀ ਅਰਦਾਸ ਕੀਤੀ, ''ਸੱਚੇ ਪਾਤਸ਼ਾਹ! ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਵੇਂ ਤੂੰ ਆਪਣਾ ਸੀਸ ਇਸ ਸਥਾਨ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਜਾਣ ਵਾਸਤੇ ਭਾਈ ਜੈਤਾ ਜੀ ਨੂੰ ਹਿੰਮਤ ਬਖਸ਼ੀ ਸੀ, ਅੱਜ ਸਾਨੂੰ ਵੀ ਅੰਗ-ਸੰਗ ਸਹਾਈ ਹੋ ਕੇ ਹਿੰਮਤ ਬਖਸ਼ੋ ਕਿ ਅਸੀਂ ਸਤਵੰਤ ਸਿੰਘ ਦੇ ਪਰਿਵਾਰ ਨੂੰ ਲਿਆ ਕੇ ਆਖਰੀ ਮੁਲਾਕਾਤ ਤਾਂ ਕਰਵਾ ਸਕੀਏ''।
     ਰਾਤ ਦਾ ਇਕ ਵੱਜ ਗਿਆ ਸੀ। ਅਸੀਂ ਗੱਡੀ ਗੁਰਦੁਆਰਾ ਸਾਹਿਬ ਦੇ ਗੇਟ 'ਚੋਂ ਬਾਹਰ ਕੱਢੀ, ਤਾਂ ਦਿੱਲੀ ਪੁਲਿਸ ਦੇ ਇੰਸਪੈਕਟਰ ਅਮਰੀਕ ਸਿੰਘ ਨੇ ਹੱਥ ਕਰ ਕੇ ਰੋਕ ਲਿਆ। ਉਸ ਦੇ ਹੱਥ ਵਿਚ ਚਾਹ ਦਾ ਕੱਪ ਸੀ ਤੇ ਕਹਿੰਦਾ, ''ਹਰਜਿੰਦਰ ਇਸ ਵੇਲੇ ਕਿੱਥੇ ਚੱਲਿਆਂ?''
     ਮੈਂ ਕਿਹਾ, ''ਭਾਜੀ ਤੁਹਾਨੂੰ ਪਤਾ ਈ ਆ 6 ਜਨਵਰੀ ਨੂੰ ਸਤਵੰਤ ਸਿੰਘ-ਕਿਹਰ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਹੈ, ਉਸ ਦੇ ਪਿੰਡ ਪਰਿਵਾਰ ਨੂੰ ਲੈਣ ਚੱਲਿਆ ਹਾਂ''।
     ਉਸ ਨੇ ਮੈਨੂੰ ਚਾਹ ਦਾ ਕੱਪ ਫੜਾ ਦਿੱਤਾ ਤੇ ਰੋ ਪਿਆ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਰੋਕਿਆਂ ਰੁਕ ਨਹੀਂ ਸੀ ਰਹੇ। ਲੱਗਦਾ ਸੀ ਉਸਦਾ ਅੰਦਰਲਾ ਸਿੱਖੀ ਜਜ਼ਬਾ ਸਤਵੰਤ ਸਿੰਘ-ਕਿਹਰ ਸਿੰਘ ਦੀ ਕੀਤੀ ਗਈ ਕੁਰਬਾਨੀ ਸਦਕਾ ਜਾਗ ਪਿਆ ਸੀ। ਇੰਸਪੈਕਟਰ ਅਮਰੀਕ ਸਿੰਘ ਨੇ ਆਪਣੀ ਜੇਬ ਵਿਚੋਂ ਪੰਜ ਹਜ਼ਾਰ ਰੁਪਏ ਕੱਢ ਕੇ ਫੜਾਉਂਦਿਆਂ ਕਿਹਾ, ''ਮੁਸੀਬਤ ਬੜੀ ਭਾਰੀ ਪਈ ਆ। ਸਫ਼ਰ ਬੜਾ ਲੰਮਾ, ਇਕ ਹਜ਼ਾਰ ਮੀਲ ਤੋਂ ਵੀ ਜ਼ਿਆਦਾ ਬਣ ਜਾਣਾ ਆਉਣ ਜਾਣ ਦਾ, ਰਸਤੇ ਵਿਚ ਤੇਲ ਪਵਾ ਲਵੀਂ''।
     ਮੈਂ ਕਿਹਾ, ''ਭਾਜੀ ਪੈਸੇ ਮੇਰੇ ਕੋਲ ਹੈ ਆ''। ਉਹ ਗਲ਼ਾ ਭਰ ਕੇ ਕਹਿੰਦਾ, ''ਯਾਰ ਸਤਵੰਤ ਸਿੰਘ-ਕਿਹਰ ਸਿੰਘ ਨੇ ਕਿਹੜਾ ਘਰ ਦੀ ਦੁਸ਼ਮਣੀ ਲਈ ਆ? ਲਿਆ ਤਾਂ ਮਰਦਾਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਢਾਹੇ ਗਏ ਅਕਾਲ ਤਖ਼ਤ ਸਾਹਿਬ ਤੇ ਸਿੱਖ ਸ਼ਹੀਦਾਂ ਦੇ ਖੂਨ ਦਾ ਬਦਲਾ ਲਿਆ। ਮੈਂ ਵੀ ਸਿੱਖ ਆਂ, ਮੇਰੀ ਏਨੀ ਸੇਵਾ ਵੀ ਨਹੀਂ ਲੈਂਦਾ?''
     ਮੈਂ ਉਸ ਦਾ ਧੰਨਵਾਦ ਕੀਤਾ ਤੇ ਗੱਡੀ ਪੰਜਾਬ ਨੂੰ ਤੋਰ ਲਈ। ਮੈਂ (ਹਰਜਿੰਦਰ ਸਿੰਘ) ਗੱਡੀ ਦੀ ਡਰੈਵਰੀ ਕਰ ਰਿਹਾ ਸੀ, ਮੇਰੇ ਨਾਲ ਸੰਤੋਖ ਸਿੰਘ ਤੇ ਕੰਡਕਟਰ ਗੁਰਮੀਤ ਸਿੰਘ ਸਨ। ਦਿੱਲੀ ਸ਼ਹਿਰ ਵਿਚੋਂ ਨਿਕਲਦਿਆਂ ਸਵਰਾਜ ਮਾਜ਼ਦਾ ਗੱਡੀ ਇਕ ਸੌ ਕਿਲੋਮੀਟਰ ਦੀ ਰਫ਼ਤਾਰ ਨਾਲ ਭਜਾਈ। ਇਹ ਵੀ ਦੱਸਣਯੋਗ ਹੈ ਕਿ ਇਸ ਗੱਡੀ ਤੇ ਹੜ੍ਹ ਪੀੜਤਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਪੰਜਾਬ ਵਿਚ ਸਮਾਨ ਵੰਡਦੀ ਰਹੀ ਸੀ, ਇਸ ਲਈ ਪੰਜਾਬ ਪੁਲਿਸ ਨਾਕਿਆਂ ਤੇ ਇਸ ਗੱਡੀ ਨੂੰ ਰੋਕਦੇ ਨਹੀਂ ਸੀ। ਬਾਬਾ ਬਕਾਲਾ ਸ਼ਹਿਰ ਸੜਕ ਉਤੇ ਨਾਕੇ ਤੇ ਪੁਲਿਸ ਨੇ ਰੋਕਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ? ਅਸੀਂ ਕਿਹਾ, 'ਸਾਡਾ ਸਟੋਰ ਡੇਰਾ ਬਾਬਾ ਨਾਨਕ ਹੈ, ਅਸੀਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸਮਾਨ ਵੰਡਣਾ ਹੈ, ਓਥੇ ਜਾ ਰਹੇ ਹਾਂ।' ਤਾਂ ਸਾਨੂੰ ਪੁਲਿਸ ਨੇ ਅੱਗੇ ਜਾਣ ਦਿੱਤਾ। ਦਿੱਲੀ ਗੁਰਦੁਆਰਾ ਸੀਸ ਗੰਜ ਤੋਂ ਰਾਤ ਇਕ ਵਜੇ ਚੱਲੇ ਸੀ ਤੇ 5 ਜਨਵਰੀ 1989 ਨੂੰ ਸਵੇਰ 7 ਵਜੇ ਅਗਵਾਨ ਖੁਰਦ ਸਤਵੰਤ ਸਿੰਘ ਦੇ ਘਰ ਪਹੁੰਚ ਗਏ। ਰਸਤੇ ਵਿਚ ਗੱਡੀ ਕਿਤੇ ਨਹੀਂ ਰੋਕੀ, ਸਿਰਫ਼ ਅਮਰੀਕ ਸਿੰਘ ਇੰਸਪੈਕਟਰ ਤੋਂ ਚਾਹ ਦਾ ਕੱਪ ਹੀ ਪੀਤਾ ਸੀ।
     ਘਰ ਪਹੁੰਚੇ ਤਾਂ ਮਾਤਾ ਜੀ ਕਹਿੰਦੇ, ''ਹਰਜਿੰਦਰ ਸੁੱਖ ਆ?'' ਤਾਂ ਮੈਂ ਕਿਹਾ, ''ਮਾਤਾ ਜੀ, ਛੇਤੀ ਗੱਡੀ ਵਿਚ ਬੈਠੋ, ਸਮਾਂ ਬੜਾ ਥੋੜ੍ਹਾ''। ਪੰਜ ਮਿੰਟਾਂ ਵਿਚ ਸਾਰਾ ਪਰਿਵਾਰ ਗੱਡੀ ਵੱਲ ਤੁਰ ਪਏ। ਮਾਤਾ ਪਿਆਰ ਕੌਰ, ਬੀਬੀ ਸੁਰਿੰਦਰ ਕੌਰ, ਭਰਾ ਗੁਰਨਾਮ ਸਿੰਘ, ਸਰਵਣ ਸਿੰਘ, ਭੈਣ ਬਲਜੀਤ ਕੌਰ ਉਹਨੀਂ ਕੱਪੜੀਂ ਤੁਰ ਪਈਆਂ। ਗੁਰਨਾਮ ਸਿੰਘ ਦੀ ਸਿੰਘਣੀ ਜਸਬੀਰ ਕੌਰ ਅਤੇ ਮੇਰੀ ਸਿੰਘਣੀ ਬਲਵਿੰਦਰ ਕੌਰ ਘਰ ਰਹੀਆਂ। ਪੰਜ ਕੁ ਮਿੰਟਾਂ ਬਾਅਦ ਅਸੀਂ ਸਾਰੇ ਗੱਡੀ ਕੋਲ ਪਹੁੰਚੇ ਤਾਂ ਥਾਣਾ ਡੇਰਾ ਬਾਬਾ ਨਾਨਕ ਦਾ ਥਾਣੇਦਾਰ ਕੁੰਨਣ ਸਿੰਘ, ਜੋ ਕਿ ਬੜਾ ਭੈੜੇ ਸੁਭਾਅ ਦਾ ਸੀ, ਬੱਸ ਨੂੰ ਘੇਰੀ ਖਲੋਤਾ ਸੀ। ਉਸ ਨੇ ਕੰਡਕਟਰ ਗੁਰਮੀਤ ਸਿੰਘ ਨੂੰ ਚਪੇੜਾਂ ਮਾਰੀਆਂ ਅਤੇ ਗਾਲਾਂ ਕੱਢ ਰਿਹਾ ਸੀ ਕਿ ਤੁਸੀਂ ਇੱਥੇ ਕਿਵੇਂ ਆਏ ਹੋ?
     ਮੈਂ ਜਾ ਕੇ ਕਿਹਾ, ''ਜਨਾਬ ਸਾਨੂੰ ਤਿਹਾੜ ਜੇਲ੍ਹ ਦੇ ਅਫ਼ਸਰਾਂ ਨੇ ਭੇਜਿਆ ਹੈ ਤੇ ਗੱਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜੀ ਹੈ''।
     ਉਸ ਨੇ ਕਾਗਜ਼ ਵੇਖੇ ਤੇ ਐਸ.ਐਸ.ਪੀ. ਗੋਬਿੰਦ ਰਾਮ ਨੂੰ ਵਾਇਰਲੈਸ ਕਰਨ ਲੱਗਾ। ਗੋਬਿੰਦ ਰਾਮ ਅੱਗੇ ਸੁੱਤਾ ਹੋਇਆ ਸੀ ਤੇ ਵਾਇਰਲੈਸ ਦਾ ਸੁਨੇਹਾ ਵੀ ਕੋਈ ਸੁਣ ਨਹੀਂ ਸੀ ਰਿਹਾ। ਏਨੇ ਚਿਰ ਨੂੰ ਡੇਰਾ ਬਾਬਾ ਨਾਨਕ ਦਾ ਡੀ.ਐਸ.ਪੀ. ਬੇਦੀ ਪੁਲਿਸ ਦੀਆਂ ਚਾਰ ਗੱਡੀਆਂ ਲੈ ਕੇ ਪਹੁੰਚ ਗਿਆ। ਹੁਣ ਪੁਲਿਸ ਦੀਆਂ ਸੱਤ ਗੰਡੀਆਂ ਦੇ ਵਿਚਕਾਰ ਅਸੀਂ 8 ਮੈਂਬਰ ਘੇਰੇ ਹੋਏ ਸੀ। ਉਹਨਾਂ ਇਕ ਘੰਟਾ ਸਾਨੂੰ ਓਥੇ ਰੋਕੀ ਰੱਖਿਆ। ਮੈਂ ਡੀ.ਐਸ.ਪੀ. ਨੂੰ ਬੇਨਤੀ ਕੀਤੀ ਕਿ ਜੇ ਸਰਕਾਰ ਪਰਿਵਾਰ ਦੀ ਮੁਲਾਕਾਤ ਕਰਾਏਗੀ ਤਾਂ ਹੀ ਹੋਵੇਗੀ। ਜੇ ਤੁਸੀਂ ਇੱਥੋਂ ਨਾ ਜਾਣ ਦਿੱਤਾ ਤਾਂ ਪਰਿਵਾਰ ਨੂੰ ਸਾਰੀ ਉਮਰ ਤੁਹਾਡੇ ਤੇ ਗਿਲਾ ਰਹਿਣਾ ਕਿ ਜੇ ਸਾਨੂੰ ਪੰਜਾਬ ਪੁਲਿਸ ਵਾਲੇ ਨਾ ਰੋਕਦੇ ਤਾਂ ਸਾਡੇ ਪਰਿਵਾਰ ਦੀ ਸਤਵੰਤ ਸਿੰਘ ਨਾਲ ਆਖਰੀ ਮੁਲਾਕਾਤ ਹੋ ਜਾਣੀ ਸੀ। ਜੇ ਤੁਸੀਂ ਸਾਨੂੰ ਜਾਣ ਦਿਓਗੇ ਤਾਂ ਸਾਡੀ ਮੁਲਾਕਾਤ ਨਾ ਵੀ ਹੋਈ ਤਾਂ ਵੀ ਤੁਹਾਡੇ ਤੇ ਪਰਿਵਾਰ ਨੂੰ ਕੋਈ ਗਿਲਾ ਨਾ ਹੋਊ।
     ਡੀ.ਐਸ.ਪੀ. ਦੇ ਮਨ ਨੂੰ ਇਹ ਗੱਲ ਲੱਗ ਗਈ। ਉਸ ਨੇ ਸਾਨੂੰ ਅੱਗੇ ਜਾਣ ਦੀ ਆਗਿਆ ਦੇ ਦਿੱਤੀ। ਹੁਣ ਮੈਂ ਪੂਰੀ ਰਫ਼ਤਾਰ ਵਿਚ ਗੱਡੀ ਭਜਾ ਲਈ। ਰਹੂਵਾਲ ਤੋਂ ਅੱਗੇ ਪਿੰਡ ਮਾਨ ਆਉਂਦਾ ਹੈ। ਜ਼ਿਆਦਾ ਧੁੰਦ ਹੋਣ ਕਰ ਕੇ ਗੱਡੀ ਦੇ ਅਗਲੇ ਪਹੀਏ ਸੜਕ ਤੋਂ ਹੇਠਾਂ ਉਤਰ ਗਏ। ਬਰੇਕ ਲਾਉਣ ਤੇ ਗੱਡੀ ਰੁਕ ਗਈ। ਸਾਡੇ ਪਿੱਛੇ ਹੀ ਡੀ.ਐਸ.ਪੀ. ਬੇਦੀ ਗੱਡੀਆਂ ਲੈ ਕੇ ਆ ਰਿਹਾ ਸੀ। ਉਹ ਗੱਡੀਆਂ ਰੋਕ ਕੇ ਹੇਠਾਂ ਉਤਰ ਆਇਆ ਤੇ ਮੈਨੂੰ ਕਹਿੰਦਾ, ''ਇਹਨਾਂ ਦੀ ਮੁਲਾਕਾਤ ਕਰਾਉਣ ਲਈ ਲੈ ਕੇ ਚੱਲਿਆਂ ਜਾਂ ਮਾਰਨ ਲਈ?''
     ਫਿਰ ਉਹਨੇ ਪੁਲਿਸ ਵਾਲਿਆਂ ਨੂੰ ਕਹਿ ਕੇ ਗੱਡੀ ਧੱਕਾ ਲਵਾ ਕੇ ਪਿੱਛੇ ਕਰਾਈ ਤੇ ਹੌਲੀ ਚੱਲਣ ਲਈ ਕਿਹਾ। ਅਸੀਂ ਧਰਮਕੋਟ ਰੰਧਾਵਾ ਤੋਂ ਬਾਪੂ ਜਸਵੰਤ ਸਿੰਘ, ਚਾਚਾ ਗੁਰਪਾਲ ਸਿੰਘ, ਗੁਰਦਿਆਲ ਸਿੰਘ, ਗੁਰਮੇਜ ਸਿੰਘ ਨੂੰ ਨਾਲ ਲੈ ਕੇ ਦਿੱਲੀ ਨੂੰ ਚੱਲ ਪਏ। ਮੋਹਲੇਧਾਰ ਮੀਂਹ ਪੈਣ ਲੱਗ ਪਿਆ, ਜੋ ਸਾਰੇ ਰਾਹ ਹੀ ਪੈਂਦਾ ਗਿਆ।
      ਸ਼ਾਮ ਤੱਕ ਅਸੀਂ ਦਿੱਲੀ ਤਿਹਾੜ ਜੇਲ੍ਹ ਦੇ ਸਾਹਮਣੇ ਪਹੁੰਚ ਗਏ। ਸਾਡੇ ਜਾਂਦਿਆਂ ਤੱਕ ਬਾਪੂ ਤਰਲੋਕ ਸਿੰਘ ਤੇ ਕਿਹਰ ਸਿੰਘ ਦਾ ਸਪੁੱਤਰ ਰਜਿੰਦਰ ਸਿੰਘ ਵੀ ਪਰਿਵਾਰ ਸਮੇਤ ਮੁਲਾਕਾਤ ਦੀ ਉਡੀਕ ਕਰ ਰਿਹਾ ਸੀ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦਾ ਭਰਾ ਗੁਰਚਰਨ ਸਿੰਘ ਵੀ ਉਥੇ ਮੌਜੂਦ ਸੀ। ਬਾਪੂ ਤਰਲੋਕ ਸਿੰਘ ਬੜੀ ਬੇਸਬਰੀ ਨਾਲ ਸਾਡੀ ਉਡੀਕ ਕਰ ਰਿਹਾ ਸੀ। ਪਰਿਵਾਰ ਦੇ ਪਹੁੰਚ ਜਾਣ ਤੇ ਬਾਪੂ ਨੂੰ ਖੁਸ਼ੀ ਹੋਈ ਕਿ ਚੱਲੋ ਆਖਰੀ ਮੁਲਾਕਾਤ ਤਾਂ ਹੋ ਜਾਵੇਗੀ। ਮੈਨੂੰ ਵੀ ਖੁਸ਼ੀ ਸੀ ਕਿ ਬਾਪੂ ਜੀ ਠੀਕ ਠਾਕ ਚੜ੍ਹਦੀ ਕਲਾ ਵਿਚ ਸਨ। ਬਾਪੂ ਜੀ ਨੇ ਪਰਿਵਾਰ ਨੂੰ ਹਦਾਇਤ ਕੀਤੀ ਕਿ ਅੱਜ ਆਪਣੀ ਆਖਰੀ ਮੁਲਾਕਾਤ ਹੈ, ਦਿਲ ਤਕੜਾ ਕਰ ਕੇ ਮੁਲਾਕਾਤ ਕਰਨੀ ਹੈ। ਡੋਲਣਾ ਰੋਣਾ ਬਿਲਕੁਲ ਨਹੀਂ। ਕਮੀਨੇ ਹਾਕਮ ਰੋਂਦਿਆਂ ਦੀਆਂ ਫੋਟੋਆਂ ਟੈਲੀਵਿਜ਼ਨ ਤੇ ਅਖ਼ਬਾਰਾਂ ਵਿਚ ਵਿਖਾ ਕੇ ਸਿੱਖੀ ਦਾ ਮਜ਼ਾਕ ਉਡਾਉਣਗੇ। ਸਤਵੰਤ ਸਿੰਘ ਨੇ ਜੋ ਵੀ ਗੱਲਬਾਤ ਕੀਤੀ, ਉਸ ਨੂੰ ਚੇਤੇ ਰੱਖਣਾ।
     ਏਨੇ ਚਿਰ ਨੂੰ ਜੇਲ੍ਹ ਵਾਲਿਆਂ ਵੱਲੋਂ ਮੁਲਾਕਾਤ ਕਰਨ ਲਈ ਪਹਿਲੀ ਅਵਾਜ਼ ਪੈ ਗਈ...।
ਮਨਿੰਦਰ ਸਿੰਘ ਬਾਜਾ
98150-14647