ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬ ਤੇ ਪੰਥ ਨੂੰ ਬਚਾਉਣਾ ਏ ਤਾਂ ਬਾਦਲ ਨੂੰ ਹਰਾਓ-ਬਾਬਾ ਸਰਬਜੋਤ ਸਿੰਘ ਬੇਦੀ ਨਾਲ ਮੁਲਾਕਾਤ


ਬਾਬਾ ਸਰਬਜੋਤ ਸਿੰਘ ਬੇਦੀ ਸਿੱਖ ਪੰਥ ਦੇ ਧਾਰਮਿਕ ਆਗੂ ਹਨ। ਉਨ੍ਹਾਂ ਨੇ ਲਾਵਾਰਸ ਲਾਸ਼ਾਂ ਦੇ ਮਸਲੇ ਸਬੰਧੀ ਆਵਾਜ਼ ਉਠਾ ਕੇ ਤੇ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਇਕ ਮੰਚ ਬਣਾਇਆ ਸੀ। ਭਾਵੇਂ ਉਸ ਸਮੇਂ ਦੀ ਬਾਦਲ ਸਰਕਾਰ ਨੇ ਰੁਕਾਵਟਾਂ ਖੜ੍ਹੀਆਂ ਕਰਕੇ ਇਸ ਲਹਿਰ ਨੂੰ ਦਬਾ ਦਿੱਤਾ। ਇਸ ਉਪਰੰਤ ਬਾਬਾ ਬੇਦੀ ਨੇ ਪੰਥਕ ਮੋਰਚਾ ਉਸਾਰ ਕੇ ਪੰਥ ਤੇ ਪੰਜਾਬ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ, ਪਰ ਰੰਗ ਬਿਰੰਗੇ ਸਿੱਖ ਲੀਡਰਾਂ ਦੀਆਂ ਚੌਧਰਾਂ ਕਰਕੇ ਇਹ ਮੋਰਚਾ ਵੀ ਦਮ ਤੋੜ ਗਿਆ। ਹੁਣ ਫਿਰ ਬਾਬਾ ਬੇਦੀ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਫੈਸਲਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕੀਤੀ ਜਾਵੇ। ਭਾਵੇਂ ਉਹ ਕਾਂਗਰਸ ਦੀ ਹਮਾਇਤ ਵਿਚ ਨਹੀਂ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਕੈਪਟਨ ਹੀ ਇਸ ਸਮੇਂ ਪੰਜਾਬ ਦਾ ਭਵਿੱਖ ਸੰਵਾਰ ਸਕਦਾ ਹੈ, ਕਿਉਂਕਿ ਉਸ ਨੇ ਪੰਜਾਬ ਦੇ ਪਾਣੀਆਂ ਦੀ ਰੱਖਿਆ ਲਈ ਅਹਿਮ ਭੂਮਿਕਾ ਨਿਭਾਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਪੰਥ ਤੇ ਪੰਜਾਬ ਨਾਲ ਵਾਅਦੇ ਕਰਕੇ ਮੁਕਰਦੇ ਰਹੇ। ਬੀਤੇ ਦਿਨੀਂ ਉਨ੍ਹਾਂ ਨਾਲ ਗੱਲਬਾਤ ਹੋਈ, ਜਿਸ ਦੇ ਪ੍ਰਮੁਖ ਅੰਸ਼ ਪੇਸ਼ ਕੀਤੇ ਜਾ ਰਹੇ ਹਨ-
ਸੁਆਲ - ਬਾਬਾ ਜੀ ਤੁਸੀਂ ਪੰਜਾਬ ਦੀ ਸਿਆਸਤ ਬਾਰੇ ਕੀ ਕਹਿਣਾ ਚਾਹੁੰਦੇ ਹੋ?
-  ਬਾਦਲ ਦਲ ਨੇ ਕੁਰਸੀ ਕਾਇਮੀ ਤੇ ਪਰਿਵਾਰਵਾਦ ਦੇ ਮੋਹ ਕਾਰਣ ਅਕਾਲੀ ਦਲ ਦੀ ਹੋਂਦ ਖਤਮ ਕਰਕੇ ਟਕਸਾਲੀ ਅਕਾਲੀਆਂ ਨੂੰ ਘਰ ਬਿਠਾ ਦਿੱਤਾ ਹੈ ਤੇ ਉਸ ਦੀ ਥਾਂ ਬਾਦਲ ਦਲ ਵਿਚ ਮਾਫੀਆ ਸੱਭਿਆਚਾਰ ਹਾਵੀ ਹੋ ਗਿਆ ਹੈ। ਬਾਦਲ ਦਲ ਵਿਚੋਂ ਸਿੱਖੀ ਤੇ ਪੰਜਾਬ ਦੋਵੇਂ ਅਲੋਪ ਹੋ ਚੁੱਕੇ ਹਨ, ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ਖਤਮ ਕਰ ਦਿੱਤੀ ਹੈ, ਉਸ ਨਾਲ ਸਿੱਖ ਕੌਮ ਦੇ ਵਜ਼ੂਦ ਤੇ ਚੜ੍ਹਦੀ ਕਲਾ ਨੂੰ ਸਖ਼ਤ ਧੱਕਾ ਲੱਗਾ ਹੈ। ਸੱਤਾ ਦੀ ਲਾਲਸਾ ਲਈ ਸਿੱਖੀ ਨੂੰ ਸਿੱਖ ਵਿਰੋਧੀ ਡੇਰੇਦਾਰਾਂ ਦੇ ਪੈਰਾਂ 'ਚ ਰੋਲ੍ਹਿਆ ਜਾ ਰਿਹਾ ਹੈ। ਜਿਨ੍ਹਾਂ ਸਾਧਾਂ ਵਿਰੁੱਧ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਹੈ, ਉਸ ਦੀਆਂ ਵੋਟਾਂ ਲੈਣ ਲਈ ਬਾਦਲ ਦਲ ਡੇਰੇਦਾਰਾਂ ਦੀ ਸ਼ਰਨ ਲੈ ਰਿਹਾ ਹੈ। ਜੇਕਰ ਸਿੱਖਾਂ ਨੇ ਆਪਣੀ ਗੈਰਤ ਪੰਜਾਬ ਵਿੱਚ ਕਾਇਮ ਰੱਖਣੀ ਹੈ ਤਾਂ ਉਨ੍ਹਾਂ ਨੂੰ ਬਾਦਲ ਦਲ ਦੀ ਪੰਜਾਬ ਵਿਚੋਂ ਸਿਆਸੀ ਹੋਂਦ ਖਤਮ ਕਰਨੀ ਪਵੇਗੀ ਤੇ ਨਵਾਂ ਅਕਾਲੀ ਦਲ ਉਸਾਰਨਾ ਪਵੇਗਾ। ਇਸ ਦਾ ਇਕੋ ਇਕ ਰਾਹ ਹੈ ਕਿ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰੀਏ ਤੇ ਨਵਾਂ ਅਕਾਲੀ ਦਲ ਉਸਾਰਨ ਦੇ ਲਈ ਉੱਦਮ ਕਰੀਏ।
ਸੁਆਲ - ਤੁਸੀਂ ਕਾਂਗਰਸ ਤੇ ਅਕਾਲੀ ਦਲ ਵਿਚੋਂ ਕਿਸ ਨੂੰ ਪਸੰਦ ਕਰਦੇ ਹੋ?
- ਮਾਮਲਾ ਕਾਂਗਰਸ ਤੇ ਅਕਾਲੀ ਦਲ ਦੀ ਪਸੰਦ ਦਾ ਨਹੀਂ ਹੈ, ਮਸਲਾ ਤਾਂ ਇਹ ਹੈ ਕਿ ਪੰਜਾਬ ਦੀ ਅਣਖ ਤੇ ਹੋਂਦ ਨੂੰ ਕਿਹੜਾ ਲੀਡਰ ਉਜਾਗਰ ਕਰ ਸਕਦਾ ਹੈ। ਇਹ ਸਮੇਂ ਸਾਡੇ ਸਾਹਮਣੇ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਹੈ, ਜਿਸ ਨੇ ਪੰਜਾਬ ਦੀ ਅਣਖ ਨੂੰ ਹਮੇਸ਼ਾ ਕਾਇਮ ਰੱਖਿਆ ਹੈ, ਅੱਗੇ ਵੀ ਉਸ ਤੋਂ ਅਸੀਂ ਆਸ ਰੱਖਦੇ ਹਾਂ। ਜਿਸ ਲਈ ਪੰਜਾਬ ਦੇ ਗੱਭਰੂਆਂ-ਧੀਆਂ, ਬਜ਼ੁਰਗਾਂ ਨੇ ਪੰਜਾਬ ਦੇ ਹਿੱਤਾਂ ਲਈ ਕੁਰਬਾਨੀਆਂ ਕੀਤੀਆਂ, ਉਹ ਮਸਲੇ ਵਿਸਾਰ ਦਿੱਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਪੰਥ ਤੇ ਪੰਜਾਬ ਦੀ ਰੂਹ ਗਾਇਬ ਹੋ ਚੁੱਕੀ ਹੈ। ਉਸ ਨੇ ਦਰਿਆਈ ਪਾਣੀਆਂ ਦੇ ਮੁੱਦੇ ਤੇ ਰਾਜਧਾਨੀ ਨੂੰ ਬਿਲਕੁਲ ਵਿਸਾਰ ਦਿੱਤਾ ਹੈ। 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਇਨ੍ਹਾਂ ਰਿਸਦੇ ਜ਼ਖਮਾਂ 'ਤੇ ਰਾਜਨੀਤੀ ਕਰਕੇ ਬਾਦਲ ਦਲ ਸਤਾ ਦਾ ਅਨੰਦ ਮਾਣਦਾ ਰਿਹਾ। ਦੁੱਖ ਦੀ ਗੱਲ ਇਹ ਹੈ ਕਿ ਸਤਾ ਪ੍ਰਾਪਤੀ ਲਈ ਅਕਾਲੀ ਦਲ ਬਾਦਲ ਨੇ ਸਿਰਫ ਪੰਥ ਵਿਰੋਧੀ ਫੈਸਲੇ ਹੀ ਨਹੀਂ ਕੀਤੇ, ਸਗੋਂ ਘੱਟ ਗਿਣਤੀਆਂ ਦੀ ਦੁਸ਼ਮਣ ਵਜੋਂ ਜਾਣੀ ਜਾਂਦੀ ਭਾਜਪਾ ਨਾਲ ਨਾਪਾਕ ਰਾਜਨੀਤਕ ਗਠਜੋੜ ਕੀਤਾ ਹੈ।
ਸੁਆਲ - ਭਾਜਪਾ ਨੂੰ ਤੁਸੀਂ ਸਿੱਖ ਵਿਰੋਧੀ ਜਮਾਤ ਮੰਨਦੇ ਹੋ?
- ਭਾਜਪਾ ਦਾ ਪਹਿਲਾ ਨਾਮ ਜਨਸੰਘ ਸੀ। ਉਸ ਨੇ ਅਕਾਲੀ ਦਲ ਵਲੋਂ ਲਾਏ ਸਾਰੇ ਮੋਰਚਿਆਂ ਦਾ ਜੋਰਦਾਰ ਢੰਗ ਨਾਲ ਵਿਰੋਧ ਕੀਤਾ ਸੀ ਤੇ ਅੱਜ ਵੀ ਉਨ੍ਹਾਂ ਮੰਗਾਂ ਦਾ ਵਿਰੋਧ ਕਰ ਰਹੇ ਹਨ। ਇਸ ਪਾਰਟੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਭਾਰੇ ਜਾ ਰਹੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਸਵੈ-ਜੀਵਨੀ ਪੁਸਤਕ 'ਮਾਈ ਕੰਟਰੀ ਮਾਈ ਲਾਈਫ' ਵਿਚ ਖੁਦ ਲਿਖਿਆ ਹੈ ਕਿ ਇੰਦਰਾ ਗਾਂਧੀ ਹਿਚਕਚਾਹਟ ਵਿਚ ਸੀ ਪਰ ਉਨ੍ਹਾਂ (ਅਡਵਾਨੀ) ਨੇ ਹੀ ਜ਼ੋਰ ਪਾ ਕੇ ਅਕਾਲ ਤਖ਼ਤ 'ਤੇ ਫੌਜੀ ਕਾਰਵਾਈ ਕਰਨ ਲਈ ਉਨ੍ਹਾਂ (ਇੰਦਰਾ ਗਾਂਧੀ) ਨੂੰ ਤਿਆਰ ਕੀਤਾ। 1984 'ਚ ਹੋਈ ਇਸ ਫੌਜੀ ਕਾਰਵਾਈ, ਜਿਸ ਨੂੰ ਅਕਾਲੀ ਦਲ ਹਰ ਵਾਰ ਚੋਣਾਂ ਮੌਕੇ ਕੈਸ਼ ਕਰਵਾਉਂਦਾ ਹੈ, ਨੂੰ ਭਾਜਪਾ ਆਗੂਆਂ ਨੇ 'ਦੇਰ ਨਾਲ ਹੋਈ ਸ਼ਲਾਘਾਯੋਗ ਕਾਰਵਾਈ' ਦੱਸਿਆ, ਖੁਸ਼ੀ ਵਿਚ ਲੱਡੂ ਵੰਡੇ ਤੇ ਇੰਦਰਾ ਗਾਂਧੀ ਨੂੰ 'ਦੁਰਗਾ' ਦਾ ਖ਼ਿਤਾਬ ਦਿੱਤਾ। 2002 ਵਿੱਚ ਗੁਜਰਾਤ ਵਿਚ ਭਾਜਪਾ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਅਤੇ 2008 ਵਿੱਚ ਕਰਨਾਟਕਾ, ਉਡੀਸਾ ਵਿਚ ਈਸਾਈਆਂ ਵਿਰੁੱਧ ਭਾਜਪਾ ਸਰਕਾਰਾਂ ਦੌਰਾਨ ਭਾਰੀ ਜ਼ੁਲਮ ਕੀਤੇ ਗਏ ਪਰ ਬਾਬੇ ਨਾਨਕ ਦੇ ਵਾਰਸ ਕਹਾਉਣ ਵਾਲੇ ਬਾਦਲ ਦਲ ਨੇ ਇਸ ਸੰਬੰਧੀ ਅਵਾਜ਼ ਤੱਕ ਨਾ ਉਠਾਈ ਤਾਂ ਕਿ ਭਾਜਪਾ ਉਸ ਨਾਲ ਨਰਾਜ਼ ਨਾ ਹੋ ਜਾਵੇ।
ਸੁਆਲ - ਬਾਦਲ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਕਿਉਂ ਮੁਕਰਦੇ ਰਹੇ?
- ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉਪਰੰਤ ਪੰਜਾਬ ਵਿਚ ਕਾਲੇ ਦਿਨਾਂ ਦੌਰਾਨ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਦੋਸ਼ੀ ਪੁਲਿਸ ਕਰਮਚਾਰੀਆਂ ਤੇ ਅਫ਼ਸਰਾਂ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਜੇਲ੍ਹਾਂ ਵਿੱਚ ਬੰਦ ਨਿਰਦੋਸ਼ ਸਿੱਖਾਂ ਨੂੰ ਰਿਹਾਅ ਕੀਤਾ ਜਾਵੇਗਾ। ਹੋਇਆ ਇਸ ਦੇ ਉਲਟ ਕਿ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ, ਹੋਏ ਸਰਕਾਰੀ ਤਸ਼ੱਦਦ ਦੀ ਪੜਤਾਲ ਕਰਨ ਲਈ ਪਹਿਲਾਂ ਤੋਂ ਬਣਿਆ ਗੈਰ ਸਰਕਾਰੀ ਕਮਿਸ਼ਨ ਦਾ ਵੀ ਬਾਦਲ ਸਰਕਾਰ ਬਣਨ ਉਪਰੰਤ ਭੋਗ ਪਵਾ ਦਿੱਤਾ ਗਿਆ। ਇਸ ਕਮਿਸ਼ਨ ਦਾ ਸਹਿਯੋਗ ਗੁਰਮਤਿ ਨੂੰ ਪਰਨਾਏ ਸੰਤਾਂ ਨੇ ਵੀ ਦਿੱਤਾ ਸੀ। ਇਸ ਕਮਿਸ਼ਨ ਨੂੰ ਸਾਡਾ ਪੂਰਾ ਸਹਿਯੋਗ ਸੀ ਤਾਂ ਜੋ ਪੰਜਾਬ ਦੇ ਲੋਕ ਪੁਲੀਸ ਦਹਿਸ਼ਤ ਵਿਰੁੱਧ ਉੱਠਣ। ਪਰ ਬਾਦਲ ਨੇ ਸਟੇਟ ਦੇ ਡੰਡੇ ਨਾਲ ਸਭ ਕੁਝ ਦਬਾ ਦਿੱਤਾ। ਸਾਡੇ ਕਾਰਜਾਂ 'ਤੇ ਪਾਬੰਦੀ ਲਗਾ ਦਿੱਤੀ। ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਇਨਾਮ ਵਜੋ ਤਰੱਕੀਆਂ ਦਿੱਤੀਆਂ ਤੇ ਹੁਣ ਸੇਵਾ ਮੁਕਤ ਉਪਰੰਤ ਉਨ੍ਹਾਂ ਨੂੰ ਬਾਦਲ ਦਲ ਦੀਆਂ ਟਿਕਟਾਂ ਨਾਲ ਨਿਵਾਜ਼ਿਆ ਹੈ। ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਪੁਲੀਸ ਅਫ਼ਸਰ ਇਜ਼ਹਾਰ ਆਲਮ ਦੀ ਪਤਨੀ ਨੂੰ ਬਾਦਲ ਦਲ ਨੇ ਟਿਕਟ ਦਿੱਤਾ।
ਸੁਆਲ - ਪੰਜਾਬ ਦੇ ਪਾਣੀਆਂ ਬਾਰੇ ਬਾਦਲ ਦਲ ਦਾ ਕੀ ਨਜ਼ਰੀਆ ਰਿਹਾ?
- 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਚੋਣ ਵਾਅਦਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ 12 ਜੁਲਾਈ 2004 ਨੂੰ ਪਾਸ ਕੀਤੇ ਐਕਟ  “1 1-2004 ਦੀ ਧਾਰਾ 5, ਵਿਧਾਨ ਸਭਾ ਦੇ ਪਹਿਲੇ ਹੀ ਇਜਲਾਸ ਵਿੱਚ ਰੱਦ ਕਰ ਦਿੱਤੀ ਜਾਵੇਗੀ। ਪਰ ਭਾਜਪਾ ਦੇ ਡਰ ਤੋਂ ਇਸ ਤੋਂ ਵੀ ਉਹ ਪਾਸਾ ਵੱਟ ਗਿਆ ਹੈ। ਪਰ 2004 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਐਕਟ ਪਾਸ ਕਰਵਾਉਣਾ ਇਕ ਮਿਸਾਲ ਹੈ, ਕਿ ਨਾ ਉਨ੍ਹਾਂ ਕਦੀ ਇਸ ਸਬੰਧੀ ਮੋਰਚਾ ਲਾਇਆ ਸੀ; ਨਾ ਹੀ ਆਪਣੇ ਚੋਣ ਮੈਨੀਫੈਸਟੋ ਵਿਚ ਵਾਅਦਾ ਕਰਕੇ ਵੋਟਾਂ ਬਟੋਰੀਆਂ ਸਨ; ਪਰ ਜਿਸ ਸਮੇਂ ਪੰਜਾਬ ਦਾ ਰਹਿੰਦਾ ਪਾਣੀ ਵੀ ਖੋਹਣ ਦੀ ਪੂਰੀ ਤਿਆਰੀ ਤੇ ਪ੍ਰਬੰਧ ਹੋ ਚੁੱਕਿਆ ਸੀ ਉਸ ਸਮੇਂ ਇਕ ਦਿਨ ਵਿਚ ਹੀ ਐਕਟ ਪਾਸ ਕਰਵਾ ਕੇ ਇਸ ਨੂੰ ਬਚਾ ਲਿਆ ਸੀ। ਉਸ ਸਮੇਂ ਦਾ ਸਿੰਚਾਈ ਸਕੱਤਰ ਕੇ. ਆਰ. ਲੱਖਨਪਾਲ ਜਿਸ ਨੇ ਅਮਰਿੰਦਰ ਸਿੰਘ ਦੇ ਕਹਿਣ 'ਤੇ ਇਸ  “1 1-2004 ਐਕਟ ਦਾ ਖਰੜਾ ਆਪਣੇ ਹੱਥੀਂ ਲਿਖਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਨੇ ਦੋ ਵਾਰ ਆਗਾਜ਼ ਕੀਤਾ ਸੀ ਕਿ ਇਹ ਫੈਸਲਾ ਤੁਹਾਡੀ ਕੁਰਸੀ ਲਈ ਖਤਰਾ ਵੀ ਬਣ ਸਕਦਾ ਹੈ ਇਸ ਲਈ ਵਿਧਾਨ ਸਭਾ 'ਚ ਪੇਸ਼ ਕਰਨ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭਰੋਸੇ ਵਿੱਚ ਲੈ ਲਿਆ ਜਾਵੇ। ਪਰ ਕੈਪਟਨ ਨੇ ਪੰਜਾਬ ਦੀ ਬਿਹਤਰੀ ਲਈ ਆਪਣੀ ਕੁਰਸੀ ਦੀ ਵੀ ਪ੍ਰਵਾਹ ਨਾ ਕੀਤੀ। ਅੱਜ ਪੰਜਾਬ ਕਾਂਗਰਸ ਦੇ ਪੈਰ ਪੰਜਾਬ ਦੀ ਧਰਤੀ 'ਤੇ ਕੈਪਟਨ ਕਰਕੇ ਹਨ। ਇਹ ਗੱਲ ਹਾਈਕਮਾਂਡ ਨੂੰ ਸਮਝ ਲੈਣੀ ਚਾਹੀਦੀ ਹੈ।
ਸਿੱਖਾਂ ਨੂੰ ਵੀ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਬਾਦਲ ਹਮੇਸ਼ਾ ਪ੍ਰੋ. ਦਵਿੰਦਰ ਸਿੰਘ ਭੁੱਲਰ ਨੂੰ ਅੱਤਵਾਦੀ ਕਹਿੰਦਾ ਰਿਹਾ ਤੇ ਕੇਂਦਰ ਨੂੰ ਇਹ ਚਿੱਠੀ ਲਿਖਦਾ ਰਿਹਾ ਕਿ ਇਸ ਅੱਤਵਾਦੀ ਨੂੰ ਪੰਜਾਬ ਨਾ ਭੇਜਿਆ ਜਾਵੇ, ਕਿਉਂ ਪੰਜਾਬ ਨੂੰ ਇਸ ਤੋਂ ਖਤਰਾ ਹੈ। ਪਰ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪ੍ਰੋ. ਭੁੱਲਰ ਦੀ ਫਾਂਸੀ ਮਾਫੀ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਂਦੇ ਰਹੇ। ਇੱਥੋਂ ਤੱਕ ਕੈਪਟਨ ਤੇ ਮਹਾਰਾਣੀ ਪ੍ਰਨੀਤ ਕੌਰ ਕੇਂਦਰ ਕੋਲ ਅਨੰਦ ਕਾਰਜ ਐਕਟ ਦਾ ਮੱਸਲਾ ਵੀ ਹੱਲ ਕਰਵਾਉਣ ਲਈ ਯਤਨਸ਼ੀਲ ਹਨ।
ਸੁਆਲ - ਪੰਜਾਬ 'ਚ ਪੰਥ ਦਾ ਭਵਿੱਖ ਕੀ ਹੈ?
- ਹਾਲ ਦੀ ਘੜੀ ਢਹਿੰਦੀ ਕਲਾ ਵਿਚ ਹੈ, ਜਿਸ ਦਾ ਜ਼ਿੰਮੇਵਾਰ ਬਾਦਲ ਪਰਿਵਾਰ ਹੈ ਤੇ ਸਾਡੇ ਉਹ ਲੀਡਰ ਵੀ ਹਨ ਜੋ ਪੰਥ ਦਾ ਦਰਦ ਰੱਖਦੇ ਹੋਏ ਵੀ ਇਕ ਅਕਾਲੀ ਦਲ ਉਸਾਰ ਨਹੀਂ ਸਕੇ। ਜਿੰਨ੍ਹਾ ਚਿਰ ਤੱਕ ਅਸੀਂ ਇਕ ਅਕਾਲੀ ਦਲ ਉਸਾਰਨ ਵਲ ਨਹੀਂ ਵੱਧਦੇ ਤੇ ਲੋਕਾਂ ਨੂੰ ਯਕੀਨ ਨਹੀਂ ਦਿਵਾਉਂਦੇ ਕਿ ਅਸੀਂ ਪੰਥ ਤੇ ਪੰਜਾਬ ਪ੍ਰਤੀ ਸੋਚ 'ਤੇ ਪਹਿਰਾ ਦੇਵਾਂਗੇ, ਉਨ੍ਹਾਂ ਚਿਰ ਤੱਕ ਪੰਜਾਬ ਤੇ ਪੰਥ ਦੇ ਭਵਿੱਖ ਦੀ ਬੇਯਕੀਨੀ ਬਣੀ ਰਹੇਗੀ। ਸਾਨੂੰ ਲੋਕ ਹਿੱਤਾਂ, ਮਨੁੱਖੀ ਅਧਿਕਾਰਾਂ ਤੇ ਪੰਜਾਬ ਮੁੱਦਿਆਂ 'ਤੇ ਪਹਿਰਾ ਦੇਣਾ ਪਵੇਗਾ। ਮੈਂ ਅੱਗੇ ਵੀ ਇਕ ਅਕਾਲੀ ਦਲ ਉਸਾਰਨ ਲਈ ਯਤਨਸ਼ੀਲ ਰਿਹਾ ਹਾਂ ਤੇ ਹੁਣ ਵੀ ਇਹ ਯਤਨ ਕਰਦਾ ਰਹਾਂਗਾ।