ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਫਾਈਬਰ ਫੂਡ ਸਿਹਤ ਦਾ ਖਜ਼ਾਨਾ


ਭਾਵੇਂ ਸੰਸਾਰ ਅੱਜ ਕੱਲ੍ਹ ਸੰਤੁਲਤ ਭੋਜਨ 'ਤੇ ਜ਼ੋਰ ਦੇ ਰਿਹਾ ਹੈ। ਥਾਂ ਥਾਂ ਫੂਡ ਸਪਲੀਮੈਂਟਾਂ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਫਿਰ ਵੀ ਸਿਹਤ ਵਿਗੜਦੀ ਜਾ ਰਹੀ ਹੈ ਆਪਾਂ ਸਾਰਿਆਂ ਦੀ, ਕਿਤੇ ਤਾਂ ਗੜਬੜ ਹੈ ਹੀ, ਇਹ ਮੰਨ ਲੈਣਾ ਹੀ ਚੰਗਾ ਹੈ। ਹਾਂ ਮਨੁੱਖ ਨੂੰ ਪ੍ਰਮਾਤਮਾ ਵੱਲੋਂ ਭੁੱਲ ਸੁਧਾਰਨ ਦੀ ਬਹੁਤ ਵੱਡੀ ਅਤੇ ਅਮੁੱਲੀ ਦਾਤ ਦਿੱਤੀ ਗਈ ਹੈ ਸੋ ਸਾਡਾ ਫਰਜ਼ ਬਣਦਾ ਹੈ ਕਿ ਇਸ ਦਾਤ ਦੀ ਵਰਤੋਂ ਕਰਦੇ ਹੋਏ ਆਪਣੀ ਭੁੱਲ ਸੁਧਾਰੀ ਜਾਵੇ।
ਜੀਵਨ ਚਲਦੇ ਰਹਿਣ ਲਈ ਅਸੀਂ ਭੋਜਨ ਖਾਂਦੇ ਹਾਂ ਅਤੇ ਭੋਜਨ ਦੀ ਬਖਸ਼ਿਸ਼ ਰੱਬ ਨੇ ਕੁਦਰਤੀ ਤੌਰ 'ਤੇ ਹਰ ਜੀਵ ਨੂੰ ਦਿਤੀ ਹੈ ਅਤੇ ਚੰਗੇ ਬੁਰੇ ਦੀ ਪਛਾਣ ਵੀ। ਪਰ ਮਨੁੱਖ ਹੈ ਕਿ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਜੋ ਸਾਹਮਣੇ ਆਉਂਦਾ ਹੈ ਚਰੀ ਜਾਂਦਾ ਹੈ ਫਿਰ ਬਿਮਾਰ ਪੈ ਜਾਂਦਾ ਹੈ, ਲੱਖਾਂ ਖਰਚ ਕੇ ਸੁਰਤ ਆਉਂਦੀ ਹੈ। ਸਾਡੇ ਨਾਲੋਂ ਤਾਂ ਜਾਨਵਰ ਹੀ ਚੰਗੇ ਨੇ ਜੋ ਕੁਦਰਤੀ ਢਾਂਚੇ ਵਿਚ ਸੁਖੀ ਰਹਿੰਦੇ ਹਨ।
ਰੱਬ ਵਲੋਂ ਦਿੱਤੀਆਂ ਗਈਆਂ ਖਾਣ ਦੀਆਂ ਵਸਤਾਂ ਵੱਲ ਝਾਤੀ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਹਰ ਇਕ ਚੀਜ਼ ਦੀ ਖੁਦਾ ਨੇ ਇੰਨੀ ਵਧੀਆ ਪੈਕਿੰਗ ਕੀਤੀ ਹੈ ਕਿ ਬਿਨਾਂ ਫਰੀਜ਼ਰ ਤੋਂ ਵੀ ਉਹ ਆਪਣੇ ਆਪ ਲੰਮੇ ਸਮੇਂ ਲਈ ਸੁਰੱਖਿਅਤ ਰਹਿੰਦੀਆਂ ਹਨ ਅਤੇ ਬੰਦਾ ਹਾਲੇ ਤੀਕ ਪ੍ਰਜਰਵੇਸ਼ਨ ਦੇ ਢੰਗ ਲੱਭ ਰਿਹਾ ਹੈ। ਅਸਲ ਵਿਚ ਮਨੁੱਖ ਜਿਨ੍ਹਾਂ ਨੂੰ ਆਪਣਾ ਖਾਜਾ ਦੱਸਦਾ ਹੈ ਉਹ ਕਿਸੇ ਨਾ ਕਿਸੇ ਰੂਪ ਵਿਚ ਬੀਜ ਹਨ ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਕੁਦਰਤ ਸੁਰੱਖਿਅਤ ਰਖਦੀ ਹੈ ਅਤੇ ਇਹ ਸਭ ਕੁਝ ਫਾਈਬਰ ਅਧਾਰਿਤ ਹੁੰਦਾ ਹੈ। ਮੈਂ ਤਾਂ ਇਹ ਵੀ ਮੰਨਦਾ ਹਾਂ ਕਿ ਜਦ ਬੀਜ ਫਾਇਬਰ ਵਿਚ ਬਹੁਤ ਲੰਮੀ ਉਮਰ ਤੱਕ ਸੇਫ ਰਹਿ ਸਕਦਾ ਹੈ ਤਾਂ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਨਾਲ ਜੀਵ ਵੀ ਚੰਗੀ ਸਿਹਤ ਮਾਣ ਸਕਦਾ ਹੈ। ਕਰਨਾ ਬਹੁਤਾ ਕੁਝ ਵਿਸ਼ੇਸ਼ ਨਹੀਂ ਸਿਰਫ ਆਪਣੀ ਖੁਰਾਕ ਵਿਚ ਆਪਾਂ ਨੇ ਫਾਈਬਰ (ਰੇਸ਼ੇ ਯੁਕਤ) ਖਾਦ ਪਦਾਰਥਾਂ ਨੂੰ ਸਹੀ ਥਾਂ ਦੇਣੀ ਹੈ।
ਆਪਣੀ ਰੋਜ਼ ਦੀ ਖੁਰਾਕ ਜਿਵੇਂ ਕਿ ਰੋਟੀ ਭਾਵੇਂ ਕਣਕ ਦੀ ਹੋਵੇ ਚਾਹੇ ਮੱਕੀ, ਬਾਜਰੇ ਜਾਂ ਫਿਰ ਜੁਆਰ ਦੀ ਹੀ ਕਿਉਂ ਨਾ, ਹਰੀਆਂ ਸਬਜ਼ੀਆਂ, ਸਮੇਤ ਛਿਲਕੇ ਫਲ ਜਾਂ ਕੱਚੀ ਸਬਜ਼ੀਆਂ, ਪਾਸਤਾ, ਗਿਰੀ ਵਾਲੇ ਬੀਜਾਂ ਨੂੰ ਆਪਣਾ ਭੋਜਨ ਬਣਾਇਆ ਜਾ ਸਕਦਾ ਹੈ। ਇੰਜ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ :
- ਜੀਵ ਦੀ ਪਾਚਣ ਕ੍ਰਿਆ ਵਿਚ ਇਸ ਦੀ ਅਹਿਮ ਭੂਮਿਕਾ ਹੈ। ਫਾਈਬਰ ਪਾਚਣ ਤੰਤਰ ਨੂੰ ਸਹੀ ਰਖਦਾ ਹੈ, ਆਪਣੇ ਨਾਲ ਖਾਏ ਹੋਏ ਪਦਾਰਥਾਂ ਨੂੰ ਹਜ਼ਮ ਕਰਨ ਵਿਚ ਅਤੇ ਅਣਪਚੇ ਭੋਜਨ ਨੂੰ ਸਰੀਰ ਵਿਚੋਂ ਮਲ ਦੇ ਰੂਪ ਵਿਚ ਬਾਹਰ ਕਰਨ ਵਿਚ ਮਦਦਗਾਰ ਹੁੰਦਾ ਹੈ। ਫਾਈਬਰ ਯੁਕਤ ਭੋਜਨ ਵਿਸ਼ੇਸ਼ ਕਰ ਮੋਟੇ ਬੰਦਿਆਂ ਲਈ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਲਈ ਵੀ ਜਿਹੜੇ ਆਂਤੜੀਆਂ ਦੇ ਰੋਗ ਨਾਲ ਪੀੜਿਤ ਹਨ ਅਤੇ ਬਹੁਤਾ ਕਰ ਕਬਜ਼ ਅਤੇ ਬਵਾਸੀਰ ਦੇ ਸ਼ਿਕਾਰ ਰਹਿੰਦੇ ਹਨ। ਇਨ੍ਹਾਂ ਲਈ ਇਹ ਦਵਾਈ ਵੀ ਹੈ ਅਤੇ ਪ੍ਰਮਾਤਮਾ ਵੱਲੋਂ ਦਿੱਤਾ ਅਮਰਬਾਣ ਵੀ। ਅਜਿਹੇ ਬੰਦੇ ਇਸ ਦੀ ਕੁਦਰਤੀ ਢੰਗ ਨਾਲ ਵਰਤੋਂ ਕਰਨ ਤਾਂ ਉਹ ਰੋਗ ਮੁਕਤ ਹੋ ਜਾਣਗੇ।
- ਅਜਿਹੀ ਖੁਰਾਕ ਜਿਸ ਵਿਚ ਫਾਈਬਰ ਦੀ ਮਿਕਦਾਰ ਬਹੁਤ ਹੁੰਦੀ ਹੈ ਖਾਣ ਨਾਲ ਕੈਂਸਰ ਤੋਂ ਬਚਾਓ ਰਹਿੰਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਫਾਈਬਰ ਯੁਕਤ ਖੁਰਾਕ ਵਿਚ ਕੁਦਰਤੀ ਤੌਰ 'ਤੇ ਖਤਰਨਾਕ ਚਿਕਨਾਈ ਬਹੁਤ ਹੀ ਘੱਟ ਹੁੰਦੀ ਹੈ ਜ਼ੋ ਹਮੇਸ਼ਾ ਤੋਂ ਹੀ ਲਾਹੇਵੰਦ ਦੱਸੀ ਗਈ ਹੈ, ਇਸੇ ਕਰਕੇ ਕਲਾਸਟ੍ਰੋਲ ਵੀ ਠੀਕ ਰਹਿੰਦਾ ਹੈ। ਫਾਈਬਰ ਵਾਲੀ ਖੁਰਾਕ ਵਿਚ ਵਿਟਾਮਿਨ ਵੀ ਚੰਗੀ ਮਿਕਦਾਰ ਵਿਚ ਮਿਲਦਾ ਹੈ। ਛਿਲਕੇਦਾਰ ਦਾਲਾਂ ਵਿਚ ਫਾਈਬਰ, ਲੋਹਾ ਅਤੇ ਵਿਟਾਮਿਨ ਚੰਗੀ ਮਾਤਰਾ ਵਿਚ ਪਾਏ ਜਾਂਦੇ ਹਨ, ਇਸ ਲਈ ਦਾਲਾਂ ਦੀ ਵਰਤੋਂ ਵਧੀਆ ਰਹਿੰਦੀ ਹੈ।
- ਇਹ ਵੀ ਗਿਆਤ ਹੋਇਆ ਹੈ ਕਿ ਫਾਈਬਰ ਭਰਪੂਰ ਖਾਣਾ ਦਿਲ ਦੇ ਰੋਗੀਆਂ ਲਈ ਵਰਦਾਨ ਹੈ ਅਤੇ ਤੰਦਰੁਸਤ ਮਨੁੱਖ ਨੂੰ ਦਿਲ ਦੀ ਬੀਮਾਰੀ ਤੋਂ ਬਚਾ ਕੇ ਰਖਦਾ ਹੈ। ਇਸ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਤੇ ਕਲਾਸਟ੍ਰੋਲ ਨਿਯਮਤ ਰਹਿੰਦਾ ਹੈ ਤੇ ਮਧੂਮੇਹ ਦਾ ਰੋਗ ਵੀ ਨੇੜੇ ਨਹੀਂ ਫਟਕੇਗਾ ਕਿਉਂਕਿ ਇਸ ਨਾਲ ਸਰੀਰ ਦਾ ਗੁਲੂਕੋਜ਼ ਨਿਯਮਤ ਰਹਿੰਦਾ ਹੈ। ਬਸ ਅਜਿਹੀ ਖੁਰਾਕ ਖਾਣ ਦੀ ਆਦਤ ਪਾਉਣੀ ਪੈਂਦੀ ਹੈ ਕਿਉਂਕਿ ਇਸ ਦਾ ਸਵਾਦ ਕੁਝ ਫਿਕਲਾ ਜਿਹਾ ਹੁੰਦਾ ਹੈ, ਫਿਰ ਕੀ ਹੋਇਆ, ਤੰਦਰੁਸਤ ਤਾਂ ਆਪਾਂ ਹੀ ਰਹਾਂਗੇ।
- ਬਾਜ਼ਾਰ ਵਿਚ ਅੱਜ ਕੱਲ੍ਹ ਬੇਸ਼ੁਮਾਰ ਆਰਟੀਫੀਸ਼ਲ ਫਾਈਬਰ ਸਪਲੀਮੈਂਟ ਮਿਲਦੇ ਹਨ, ਬੰਦਾ ਮੂਰਖ ਹੀ ਰਹੇਗਾ ਜੇ ਅਸਲੀ ਤੇ ਕੁਦਰਤੀ ਫਾਈਬਰ ਸੋਮਿਆਂ ਨੂੰ ਛੱਡ ਨਕਲੀਆਂ ਦੇ ਮਗਰ ਲੱਗੇ। ਮਨੁੱਖ ਨੂੰ ਲੋੜ ਕਿੰਨੀ ਕੁ ਹੈ ਬਸ 30-35 ਗ੍ਰਾਮ ਫਾਈਬਰ ਦਿਹਾੜੀ ਵਿਚ। ਪ੍ਰਮਾਤਮਾ ਪਾਸ ਤਾਂ ਅਤੁੱਟ ਭੰਡਾਰ ਹੈ ਕਦੇ ਘਾਟ ਨਹੀਂ ਆਉਂਦੀ, ਬੰਦਾ ਵਰਤ ਵਰਤ ਕੇ ਭਾਵੇਂ ਥੱਕ ਜਾਵੇ=ਦੇਦਾ ਦੇ ਲੈਦੇ ਥਕਿ ਪਾਹਿ= ਅਲਾਹੀ ਬਾਣੀ ਸੱਚ ਹੈ।
- ਕਣਕ ਦਾ ਆਟਾ ਸਮੇਤ ਚੋਕਰ ਇਸਤੇਮਾਲ ਕੀਤਾ ਜਾਵੇ ਬੇਅੰਤ ਭੰਡਾਰ ਹੈ ਫਾਈਬਰ ਦਾ ਇਸ ਵਿਚ, ਹੁਣ ਇਹ ਨਾ ਪੁਛ ਬੈਠਣਾ ਕਿ ਚੋਕਰ ਕੀ ਹੁੰਦਾ ਹੈ ਅੱਜ ਕੱਲ੍ਹ ਕਿਹੜਾ ਕਿਸੇ ਵੇਖਿਆ ਹੈ ਚੋਕਰ, ਸਾਰਾ ਤਾਂ ਛਾਂਣਬੂਰੇ ਵਾਲੇ ਜਾਂ ਚੱਕੀ ਵਾਲੇ ਛਾਂਣ ਦਿੰਦੇ ਹਨ, ਆਪਾਂ ਤਾਂ ਫੋਕਟ ਹੀ ਖਾਂਦੇ ਹਾਂ ਸਵਾਦ ਤੇ ਰੰਗ ਰੂਪ ਲਈ। ਰਹਿੰਦੀ ਕਸਰ ਪੂਰੀ ਕਰਨ ਦੇ ਸਮਰਥ ਹੈ ਸਲਾਦ ਭਾਵੇਂ ਮੂਲੀ, ਗਾਜਰ, ਸ਼ਲਗਮ ਜਾਂ ਫਿਰ ਅੱਜ ਦਾ ਮਹਿੰਗਾ ਪਿਆਜ਼ ਹੀ ਕਿਉਂ ਨਾ ਹੋਵੇ, ਫਾਈਬਰ ਵੀ ਮਿਲੇਗਾ ਨਾਲੇ ਸਿਹਤ ਲਈ ਵਿਟਾਮਿਨ ਤੇ ਜ਼ਰੂਰੀ ਖਣਿਜ ਵੀ, ਤੰਦਰੁਸਤ ਰਹੋਗੇ ਸਾਰੀ ਉਮਰ। ਪਿਸਤਾ ਬਾਦਾਮ, ਹੋਰ ਨਾ ਸਹੀ, ਚਾਹੇ ਮਗਜ਼ ਹੀ ਵਰਤ ਲਵੋ, ਬਹੁਤ ਹਨ। ਤਰਬੂਜ਼ ਖਰਬੂਜਾ ਖਾਓ ਅਤੇ ਉਨ੍ਹਾਂ ਦੇ ਬੀਜ ਤੁਹਾਨੂੰ ਗਿਰੀਆਂ ਦੇਣਗੇ ਗਿਰੀਆਂ ਕੱਢਦੇ ਟਾਈਮ ਪਾਸ ਵੀ ਹੋ ਜਾਂਦਾ ਹੈ।
- ਬੇਹਤਰ ਹੈ ਕਿ ਫਲਾਂ ਤੇ ਸਬਜੀਆਂ ਦੇ ਜੂਸ ਪੀਣ ਦੀ ਬਜਾਏ ਛਿਲਕੇ ਸਮੇਤ ਖਾਓ ਬੇਸ਼ੁਮਾਰ ਫਾਈਬਰ ਮਿਲ ਜਾਏਗਾ ਤੁਹਾਨੂੰ। ਪਤਾ ਚਲ ਹੀ ਚੁੱਕਿਆ ਹੈ ਕਿ ਅਜਿਹਾ ਕਰਨ ਨਾਲ ਫਾਈਬਰ ਤਾਂ ਮਿਲੇਗਾ ਹੀ ਨਾਲ ਨਾਲ ਫੈਟ ਰਹਿਤ ਵੀ ਰਹੋਗੇ ਤੇ ਮੋਟਾਪਾ ਨੇੜੇ ਹੀ ਨਹੀਂ ਢੁਕੇਗਾ ਤੁਹਾਡੇ ਪਾਸ। ਛੋਟੀ ਜਿਹੀ ਗੱਲ ਹੈ ਸਿਰਫ ਹਿੰਮਤ ਕਰਨ ਦੀ ਜ਼ਰੂਰਤ ਹੈ, ਬੰਦੇ ਲਈ। ਖਾਣ ਦਾ ਭੰਡਾਰ ਅਤੁੱਟ ਹੈ ਕੁਦਰਤ ਪਾਸ ਅਤੇ ਉਹ ਵੀ ਸ਼ੁਧ ਤੇ ਸਵੱਛ ਰੂਪ ਵਿਚ। ਆਪਣਾ ਫਰਜ਼ ਹੈ ਉਸ ਦੀ ਸਹੀ ਵਰਤੋਂ ਕਰਨ ਦੀ ਅਤੇ ਦਿੱਤੀ ਸੌਗਾਤ ਨੂੰ ਸੰਭਾਲਣ ਦੀ। ਇਹ ਕੰਮ ਵੀ ਆਪਾਂ ਰਲ ਮਿਲ ਕਰ ਸਕਦੇ ਹਾਂ ਕੁਝ ਖਰਚ ਨਹੀਂ ਹੁੰਦਾ ਕਿਸੇ ਦਾ। ਬਸ ਕੁਦਰਤ ਦਾ ਅਤੇ ਪ੍ਰਭੂ ਦਾ ਸਿਰਫ ਆਪਾਂ ਧੰਨਵਾਦ ਕਰਨਾ ਨਾ ਭੁੱਲੀਏ ਜੋ ਕੁਝ ਉਸ ਨੇ ਜੀਵਾਂ ਨੂੰ ਦਿਤਾ ਹੈ, ਇਸਤੇਮਾਲ ਕਰਨ ਲਈ। ਆਓ ਫਿਰ ਸੱਚੇ ਮਨੋ ਸ਼ੁਕਰਾਨਾ ਕੀਤਾ ਜਾਵੇ ਅਤੇ ਪਰਮਾਤਮਾ ਦੀ ਵਡਿਆਈ ਵਿਚ ਕਿਹਾ ਜਾਵੇ ਕਿ ਸ਼ੁਕਰ ਹੈ ਮਾਲਿਕ ਬਹੁਤ ਕੁਝ ਦਿੱਤਾ ਹੈ ਤੁਸਾਂ ਸਾਨੂੰ ਬਿਨਾਂ ਕਿਸੇ ਜਾਤ-ਪਾਤ ਅਤੇ ਧਰਮ ਭੇਦ-ਭਾਵ ਤੋਂ।
ਡਾ. ਰਿਪੁਦਮਨ ਸਿੰਘ