ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬ ਵਿਧਾਨ ਸਭਾ ਚੋਣਾਂ ਵਿਚੋਂ ਪੰਜਾਬ ਦੇ ਬੁਨਿਆਦੀ ਮੁੱਦੇ ਗਾਇਬ ਕਿਉਂ...?


ਇਸ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਚੌਥੇ ਪੜਾਅ ਵਿਚੋਂ ਦੀ ਲੰਘ ਰਹੀਆਂ ਹਨ ਸਭ ਤੋਂ ਪਹਿਲਾਂ ਟਿਕਟਾਂ ਦੀਆਂ ਖੋਹਾ ਖਿੰਝੀ ਤੇ ਜ਼ੋਰ ਅਜਮਾਈ ਦੂਸਰੇ ਨੰਬਰ 'ਤੇ ਕਾਗਜ਼ਾਂ ਦੀ ਭਰ ਭਰਾਈ ਤੇ ਪੜਤਾਲ ਤੀਜਾ ਟਿਕਟ ਲੈਣ ਵੇਲੇ ਹੋਏ ਵਿਰੋਧ ਦੀ ਮੰਨ ਮਨਾਈ ਤੇ ਹੁਣ ਚੌਥਾ ਪੜਾਅ ਲਾਰੇ, ਨਾਅਰੇ, ਜੋੜ ਤੋੜ, ਖਰੀਦੋ ਫਰੋਖਤ ਭੱਜ ਨੱਠ ਅਤੇ ਨਸ਼ਿਆ ਦੀ ਵੰਡ ਵੰਡਾਈ ਦਾ ਆਰੰਭ ਹੋ ਚੁੱਕਿਆ ਹੈ। ਪੰਜਵੇਂ ਪੜਾਅ ਨਤੀਜੇ ਨੇ ਸਭ ਨੂੰ ਦੱਸ ਦੇਣਾ ਹੈ ਕਿ ਕਿਸ ਦੀ ਝੋਲੀ ਕਿੰਨੇ ਦਾਣੇ ਹਨ।
ਕੋਈ ਜਿੱਤੇਗਾ ਤੇ ਕੋਈ ਹਾਰੇਗਾ ਕਿਸੇ ਨੂੰ ਸਰਕਾਰ ਕਿਸੇ ਨੂੰ ਵਿਰੋਧੀ ਦੀ ਭੂਮਿਕਾ ਨਿਭਾਉਣੀ ਪਵੇਗੀ। ਇਹ ਵਿਰੋਧ ਕੋਈ ਜਾਤੀ ਨਹੀਂ ਹੁੰਦਾ। ਉਸਾਰੂ ਗੱਲਾਂ ਨੂੰ ਲੈ ਕੇ ਹੋਵੇ ਤਾਂ ਚੰਗਾ ਗਿਣਿਆ ਜਾਂਦਾ ਹੈ ਕਿ ਤੁਸੀਂ ਸੂਬੇ ਲਈ ਮਾੜਾ ਕਰ ਰਹੇ ਹੋ ਜਾਂ ਚੰਗਾ ਨਹੀਂ ਕਰ ਰਹੇ ਤੇ ਹਾਕਮ ਧਿਰ ਇਹ ਕਹੇ ਕਿ ਤੁਸੀਂ ਸੂਬੇ ਦੀ ਬਿਹਤਰੀ ਲਈ ਸਾਡਾ ਸਾਥ ਨਹੀਂ ਦੇ ਰਹੇ। ਤਾਂ ਇਸ ਵਿਚੋਂ ਸੇਵਾ ਦੀ ਭਾਵਨਾ ਤੇ ਕੁਝ ਕਰ ਗੁਜ਼ਰਨ ਦੀ ਮਨਸ਼ਾ ਨਜ਼ਰ ਆਉਂਦੀ ਹੈ ਪਰ ਇਹ ਭਾਵਨਾ ਕਿਵੇਂ ਤੇ ਕਿਉਂ ਪੈਦਾ ਹੋਵੇ? ਇਸ ਬਾਰੇ ਲੀਡਰ ਤੇ ਵੋਟਰ ਚੁੱਪੀ ਧਾਰੀ ਫਿਰਦੇ ਹਨ ਅਖ਼ਬਾਰਾਂ ਦੇ ਪਾਠਕ ਵੀ ਸਭ ਕੁਝ ਜਰੀ ਜਾਂਦੇ ਹਨ ਜੇ ਚੋਣਾਂ ਲੜਨ ਵਾਲੇ ਮਚਲੇ ਹੋ ਜਾਣ ਤੇ ਵੋਟਰ ਭਾਣਾ ਮੰਨ ਲੈਣ ਅਤੇ ਅਖਬਾਰ ਪੀਲੀ ਪੱਤਰਕਾਰੀ ਅਧੀਨ ਤੱਥਾਂ ਨੂੰ ਅੱਖੋਂ ਪਰੋਕੇ ਕਰ ਕੇ ਖ਼ਬਰਾਂ ਛਾਪੀ ਜਾਣ ਤਾਂ ਫਿਰ ਚੋਣ ਵੋਟ ਸਰਕਾਰ ਫਰਜ਼ ਸਭ ਕੁਝ ਬੇ ਮਾਹਣਾ ਹੋ ਕੇ ਰਹਿ ਜਾਂਦਾ ਹੈ।
ਪੰਜਾਬ ਦਾ ਮੁੱਖ ਮੰਤਰੀ ਕੋਈ ਬਖਤੌਰ ਸਿੰਘ ਜਾਂ ਟੱਲੀ ਰਾਮ ਹੋਵੇ ਫਿਰ ਸਰਕਾਰ ਭਾਵੇਂ ਕਿਸੇ ਪਤੀਲੇ ਚੱਟੂ ਦਲ ਜਾਂ ਜੇਬ ਫਰੋਲ ਪਾਰਟੀ ਦੀ ਬਣੇ ਪੰਜਾਬ ਨੂੰ ਤੇ ਇਥੋਂ ਦੇ ਵਸਿੰਦਿਆਂ ਨੂੰ ਕੀ ਲਾਭ ਹੋਵੇਗਾ ਜਿੰਨਾ ਚਿਰ ਉਹ ਪੰਜਾਬ ਪੰਜਾਬੀਅਤ, ਪੰਜਾਬੀਆਂ ਦੇ ਨਾਲ ਨਾਲ ਇਥੇ ਵਸਦੀਆਂ ਬਹੁਗਿਣਤੀਆਂ ਜਾਂ ਘੱਟਗਿਣਤੀਆਂ ਦੀ ਬਿਹਤਰੀ ਜਾਂ ਉਹਨਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਕੋਈ ਪ੍ਰੋਗਰਾਮ ਨਾ ਉਲੀਕੇ ਪਰ ਇਥੇ ਤਾਂ ਉਹ ਗੱਲ ਹੈ ਜਿਵੇਂ ਕਿਸੇ ਮੁੰਡੇ ਨੇ ਆਪਣੇ ਪਿਤਾ ਨੂੰ ਕਿਹਾ ਕਿ ਬਾਪੂ ਜੇ ਮੈਂ ਥਾਣੇਦਾਰ ਬਣ ਜਾਵਾਂ? ਤਾਂ ਪਿਤਾ ਨੇ ਪੁੱਛਿਆ ਫਿਰ ਕੀ ਹੋਵੇਗੀ? ਮੁੰਡੇ ਨੇ ਉਤਰ ਦਿੱਤਾ ਸਭ ਤੋਂ ਪਹਿਲਾਂ ਤੇਰੀ ਦਾੜ੍ਹੀ ਪੱਟੂ ਤੇ ਸਾਰੇ ਟੱਬਰ ਦੇ ਪਾਸੇ ਕੁੱਟੂ। ਇਹੀ ਹਾਲ ਅੱਜ ਪੰਜਾਬ ਦਾ ਚੋਣਾਂ ਲੜ ਰਹੀਆਂ ਦੋ ਮੁੱਖ ਧਿਰਾਂ ਅਕਾਲੀ ਦਲ ਬਾਦਲ ਬੀ.ਜੇ.ਪੀ. ਗਠਜੋੜ ਅਤੇ ਕਾਂਗਰਸ ਪਾਰਟੀ ਦੇ ਆਗੂ ਇਕ ਦੂਜੇ ਨੂੰ ਖੰਡੇ ਅਤੇ ਖੂੰਡੇ ਹਵਾ ਵਿਚ ਲਹਿਰਾ ਕੇ ਆਉਣ ਵਾਲੇ ਦਿਨਾਂ ਦੀ ਬਰਬਾਦੀ ਦਾ ਸੁਨੇਹਾ ਦੇ ਰਹੇ ਹਨ। ਇਹੀ ਕੁਝ ਪਿੱਛੇ ਦਸ ਸਾਲਾਂ ਵਿਚ ਹੋਇਆ ਹੈ ਕੈਪਟਨ ਸਾਹਿਬ ਦੀ ਸਰਕਾਰ ਨੇ ਪੰਜ ਸਾਲ ਅਕਾਲੀਆਂ ਨੂੰ ਗੋਡੇਦਮ ਕਰੀ ਰੱਖਿਆ ਤੇ ਹੁਣ ਪੰਜ ਸਾਲ ਸੁਖਬੀਰ ਨੇ ਕਾਂਗਰਸੀਆਂ ਦੀਆਂ ਖੂਬ ਡੰਡ ਬੈਠਕਾ ਕਢਵਾਈਆਂ। ਹੁਣ ਫਿਰ ਇੰਝ ਲਗਦਾ ਹੈ ਕਿ ਜਿਵੇਂ ਰੂਸ ਅਮਰੀਕਾ ਦਾ ਜੰਗ ਹੋ ਰਿਹਾ ਹੋਵੇ। ਜਿਸ ਦੇ ਮਰਜੀ ਹਿੱਸੇ ਰਾਜਭਾਗ ਆ ਜਾਵੇ ਕੁਰਸੀ ਤੇ ਬੈਠਣ ਸਾਰ ਪਹਿਲਾ ਬਿਆਨ ਇਹੀ ਆਉਣਾ ਹੈ ਕਿ ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ ਹੈ ਸਭ ਕੁਝ ਸਰਕਾਰ ਅਤੇ ਉਸ ਦੇ ਝੋਲੀਚੁੱਕਾਂ ਨੇ ਲੁੱਟ ਲਿਆ। ਕੋਈ ਤਰੱਕੀ ਨਹੀਂ ਹੋਈ ਹੁਣ ਤੁਸੀਂ ਸਾਨੂੰ ਮਾਣ ਬਖਸ਼ਿਆ ਹੈ ਹੁਣ ਦੇਖੋ ਕੀ-ਕੀ ਚਮਤਕਾਰ ਹੁੰਦੇ ਹਨ। ਪਰ ਹੋਣਾ ਕੀ ਹੁੰਦਾ ਹੈ? ਥੋੜ੍ਹੇ ਦਿਨਾਂ ਪਿੱਛੋਂ ਹੀ ਲੋਕੀ ਅਤੇ ਮੁਲਾਜ਼ਮ ਫਿਰ ਨਾਹਰੇ ਲਾਉਣ ਲੱਗ ਪੈਂਦੇ ਹਨ ਕਿ ''ਇਹ ਸਰਕਾਰ ਨਿਕੰਮੀ ਹੈ, ਇਹ ਸਰਕਾਰ ਬਦਲਣੀ ਹੈ''। ਵਿਰੋਧੀ ਧਿਰ ਵੱਡੇ ਵੱਡੇ ਅਖ਼ਬਾਰੀ ਬਿਆਨ ਦੇਣ ਲੱਗ ਪੈਂਦੀ ਹੈ ਕਿ ਸਰਕਾਰ ਆਪਣੀਆਂ ਕਮਜ਼ੋਰੀਆਂ ਛਪਾਉਣ ਲਈ ਸਾਡੇ ਵਰਕਰਾਂ ਤੇ ਝੂਠੇ ਕੇਸ ਬਣਾ ਰਹੀ ਹੈ। ਖਜ਼ਾਨਾ ਲੁੱਟਿਆ ਜਾ ਰਿਹਾ ਹੈ। ਸਰਕਾਰ ਜਵਾਬ ਵਿਚ ਕਹਿੰਦੀ ਹੈ ਕਿ ਲੁੱਟਾਂ ਦਾ ਹਿਸਾਬ ਲਿਆ ਜਾ ਰਿਹਾ ਹੈ। ਜਿੰਨਾ ਨੇ ਖਾਧਾ ਹੈ ਉਹ ਚੀਕਾਂ ਮਾਰਦੇ ਹਨ। ਉਂਝ ਸੂਬੇ ਵਿਚ ਸਭ ਅੱਛਾ ਹੈ। ਸਾਬਕਾ ਮੁੱਖ ਮੰਤਰੀ ਤੇ ਕੁਝ ਹੋਰਾਂ 'ਤੇ ਮੁਕੱਦਮੇ ਦਰਜ ਹੋ ਜਾਂਦੇ ਹਨ। ਬੱਸ ਫਿਰ ਜੇਲ੍ਹ ਯਾਤਰਾ ਅਗਾਊ ਜ਼ਮਾਨਤਾਂ ਦੀ ਸੁਰਖੀਆਂ ਛਪਦੀਆਂ ਹਨ ਪਰ ਸਰਕਾਰ ਬਦਲਦਿਆਂ ਹੀ ਗਵਾਹ ਮੁੱਕਰ ਜਾਂਦੇ ਹਨ ਤੇ ਕੇਸ ਬਰੀ ਹੋ ਜਾਂਦੇ ਹਨ।  ਸਰਕਾਰੀ ਅਫ਼ਸਰ ਪਹਿਲਾਂ ਲਿਖੇ ਕਾਗਜ਼ਾਂ ਨੂੰ ਵੇਖ ਕੇ ਉਹਨਾਂ ਦੇ ਉਲਟ ਲਿਖਤਾਂ ਲਿਖਣ ਲੱਗ ਪੈਂਦੇ ਹਨ। ਇਹ ਕਾਹਦੀ ਸਰਕਾਰ ਤੋਂ ਕਾਹਦਾ ਰਾਜ ਪ੍ਰਬੰਧ ਹੋਇਆ। ਇਸ ਦਾ ਮੁੱਲ ਤਾਂ ਬੱਚਿਆਂ ਦੀ ਚੋਰ ਸਿਪਾਹੀ ਵਾਲੀ ਖੇਡ ਜਿੰਨਾ ਵੀ ਨਹੀਂ ਭਾਵੇਂ ਉਸ ਦਾ ਸਬੰਧ ਦੋ ਮਾਸੂਮਾਂ ਦੇ ਕੋਮਲ ਦਿਲਾ ਨਾਲ ਹੁੰਦਾ ਹੈ ਪਰ ਇਥੇ ਤਾਂ ਕੇਵਲ ਵਰਤਮਾਨ ਢਾਈ ਕਰੋੜ ਪੰਜਾਬੀਆਂ ਦਾ ਹੀ ਨਹੀਂ ਬਲਕਿ ਪੰਜਾਬ ਦੀਆਂ ਪੀੜ੍ਹੀਆਂ ਦਾ ਭਵਿੱਖ ਤੇ ਪੰਜਾਬ ਦੀ ਹੋਣੀ ਦਾ ਫੈਸਲਾ ਹੁੰਦਾ ਹੈ। ਅੱਜ ਚੋਣਾਂ ਲੜ ਕੇ ਪੰਜਾਬ ਦਾ ਰਾਜਭਾਗ ਸੰਭਾਲਣ ਲਈ ਹਰ ਕੋਈ ਪੱਬਾਂ ਭਾਰ ਹੋਇਆ ਪਿਆ ਹੈ। ਸ਼ਾਮ, ਦਾਮ, ਦੰਡ ਅਤੇ ਭੇਦ ਸਭ ਕੁਝ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ ਪਰ ਇਹ ਕਿਸੇ ਨੂੰ ਨਹੀਂ ਪਤਾ ਕਿ ਜਿਸ ਜ਼ਮੀਨ ਤੇ ਖਲੋਅ ਕੇ ਤੁਸੀਂ ਰਾਜਭਾਗ ਦੀ ਕਲਪਨਾ ਕਰ ਰਹੇ ਹੋ ਉਹ ਜ਼ਮੀਨ ਹਰ ਦਿਨ ਖੁਰਦੀ ਜਾ ਰਹੀ ਹੈ। ਜਿੰਨਾਂ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਵਜੀਰ ਜਾਂ ਵਜੀਰੇ ਆਜ਼ਮ ਬਣਨਾ ਹੈਉਹਨਾਂ ਦੀ ਹਾਲਤ ਤੇ ਭਵਿੱਖ ਨੂੰ ਤੱਕੋ। ਠੀਕ ਹੈ ਕੀ ਵਜੀਰ ਬਣ ਕੇ ਤੁਸੀਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਤਾਂ ਅਮਰੀਕਾ ਤੋਂ ਜਾ ਕੇ ਕਰਵਾ ਲਵੋਗੇ ਪਰ ਜਿਹੜਾ ਕੋਹੜ ਨਸ਼ਿਆਂ, ਬੇਰੋਜ਼ੁਗਾਰੀ, ਬੇਇਨਸਾਫੀ ਅਤੇ ਵਿਤਕਰਿਆਂ ਦਾ ਪੰਜਾਬ ਮਾਤਾ ਦੇ ਪਿੰਡੇ ਤੇ ਚੱਲਿਆ ਪਿਆ ਹੈ ਇਸ ਦਾ ਕੀ ਬਣੇਗਾ?
ਵੋਟਰ ਸਮਠ ਵਿਹੂਣਾ ਤੇ ਲੀਡਰ ਬੇਈਮਾਨ ਦੋਵੇਂ ਆਪਣੇ ਪੈਰੀ ਆਪ ਕੁਹਾੜਾ ਮਾਰ ਰਹੇ ਹਨ। ਚੋਣਾਂ ਲੜੋ! ਪਰ ਮਾਂ ਦਾ ਸੁਹਾਗ ਜਾਂ ਮਾਂ ਦੀ ਮਮਤਾ ਨੂੰ ਗਹਿਣੇ ਰੱਖ ਕੇ ਨਹੀਂ? ਪੰਜਾਬ ਦੇ ਕੁਝ ਬੁਨਿਆਦੀ ਮਸਲੇ ਵੀ ਹਨ ਉਹ ਤੁਹਾਡੇ ਇਸ਼ਤਿਹਾਰਾਂ, ਚੋਣ ਮਨੋਰਥ ਪੱਤਰਾਂ ਜਾਂ ਭਾਸ਼ਣਾਂ ਵਿਚੋਂ ਗੁੰਮ ਕਿਉਂ ਹੋ ਗਿਆ? ਲੂਣ ਹਰਾਮੀ ਨਾ ਬਣੇ। ਆਪਣੇ ਫਰਜ਼ਾਂ ਨੂੰ ਪਛਾਣੋਂ। ਪੰਜਾਬ ਨੂੰ ਨਹਿਰੀ ਪਾਣੀ ਚਾਹੀਦਾ ਹੈ, ਪੰਜਾਬ ਨੂੰ ਚੰਡੀਗੜ੍ਹ ਵੀ ਚਾਹੀਦਾ। ਕਦੇ ਅਸੀਂ ਡੈਮਾਂ ਦਾ ਕੰਟਰੋਲ ਲੈਣ ਲਈ ਲੱਖਾਂ ਦੀ ਗਿਣਤੀ ਵਿਚ ਗ੍ਰਿਫ਼ਤਾਰੀਆਂ ਵੀ ਦਿੱਤੀਆਂ। ਪੰਜਾਬੀ ਬੋਲਦੇ ਇਲਾਕੇ ਲੈਣ ਦੇ ਮਤੇ ਵੀ ਪਾਏ। ਵੱਧ ਅਧਿਕਾਰਾਂ ਦੀ ਮੰਗ ਵੀ ਕੀਤੀ। ਜਿਸ ਪਿੱਛੇ ਸ੍ਰੀ ਦਰਬਾਰ ਸਾਹਿਬ ਦਾ ਫੌਜੀ ਹਮਲਾ, ਦਿੱਲੀ ਸਮੇਤ ਭਾਰਤ ਵਿਚ ਸਿੱਖਾਂ ਦਾ ਕਤਲੇਆਮ, ਹਜ਼ਾਰਾਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਿੰਨੇ ਸੁਹਾਗ ਲੁਟਾਏ? ਕਿੰਨੀਆਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਹੋਈਆਂ? ਕਿੰਨੀਆਂ ਭੈਣਾਂ ਰੱਖੜੀ ਲਈ ਤਰਸਾਈਆਂ? ਕਿੰਨੇ ਬਾਪੂ ਵਸੀਅਤ ਲਿਖਣ ਨੂੰ ਤਰਸਦੇ ਹਨ ਕਿ ਕਿਸ ਦੇ ਨਾਮ ਲਿਖੀਏ? ਕੀ ਇਹ ਸਭ ਕੁਝ ਵੇਖ ਕੇ ਯਾਦ ਕਰ ਕੇ ਸਾਨੂੰ ਆਪਣੇ ਫਰਜ਼ਾਂ ਦਾ ਚੇਤਾ ਨਹੀਂ ਆਉਂਦਾ ਕੀ ਅਸੀਂ ਪੰਜਾਬ ਲਈ ਵੀ ਕੁਝ ਕਰਨਾ ਹੈ, ਜਿਥੇ ਤਰਤਾਲੀ ਲੱਖ ਬੇਰੁਜ਼ਗਾਰ ਤੁਹਾਡੇ ਮੂੰਹ ਵੱਲ ਦੇਖਦਾ ਹੈ। ਨਸ਼ੇ ਦਾ ਛੇਵਾਂ ਦਰਿਆ ਕੰਢਿਆਂ ਦੇ ਉਪਰ ਦੀ ਵਗ ਤੁਰਿਆ ਹੈ। ਜਿੱਥੇ ਤੀਹ ਲੱਖ ਦੇ ਕਰੀਬ ਪੂਰਬੀਏ ਜਾਂ ਬਿਹਾਰੀ ਪੰਜਾਬ ਦੇ ਧੱਕੇ ਨਾਲ ਪੱਕੇ ਵਸਿੰਦੇ ਬਣ ਕੇ ਸਾਡੀ ਸਭਿਅਤਾ ਨੂੰ ਖੋਰਨ ਲੱਗੇ ਹੋਏ ਹਨ। ਹਰਿਆਲੀ ਧਰਤੀ ਅਤੇ ਉਪਜਾਊ ਭੂਮੀ ਉਪਰ ਬਾਗਬਾਨੀ ਜਾਂ ਖੇਤੀਬਾੜੀ ਦੀ ਤਰੱਕੀ ਦੀ ਥਾਂ ਅਣਅਧਿਕਾਰਤ ਕਲੋਨੀਆਂ ਬਣਾ ਕੇ ਪੱਥਰਾਂ ਦਾ ਜੰਗਲ ਖੜ੍ਹਾ ਕੀਤਾ ਜਾ ਰਿਹਾ ਹੈ। ਹੈ ਕੋਈ ਮਾਈ ਦਾ ਲਾਲ ਜਿਹੜਾ ਪੰਜਾਬ ਮਾਤਾ ਦੇ ਦੁੱਖ ਨੂੰ ਸਮਝਦਾ ਹੋਵੇ ਤੇ ਉਸਦੇ ਦੁੱਖਾਂ ਨੂੰ ਮੁੱਦਾ ਬਣਾ ਕੇ ਚੋਣਾਂ ਲੜਨ ਦਾ ਹਈਆ ਕਰੇ।

 ਗੁਰਿੰਦਰਪਾਲ ਸਿੰਘ ਧਨੌਲਾ