ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਸੰਸਥਾਵਾਂ ਦੀ ਦਿਸ਼ਾ ਅਤੇ ਦਸ਼ਾ


ਅੱਜ ਸਿੱਖ ਜਿੱਥੇ ਨਿੱਜੀ ਤੌਰ 'ਤੇ ਜੀਵਨ ਦੇ ਹਰ ਖੇਤਰ ਵਿਚ ਸਫ਼ਲਤਾ ਨਾਲ ਅੱਗੇ ਵਧ ਰਹੇ ਹਨ, ਉੱਥੇ ਪਰਿਵਾਰਵਾਦ ਦੀ ਭੇਟ ਚੜ• ਰਹੀਆਂ ਰਾਜਨੀਤਕ ਪਾਰਟੀਆਂ ਵਾਂਗ ਸਿੱਖ ਸੰਸਥਾਵਾਂ ਵੀ ਨਿੱਤ ਨਵੇਂ ਨਿਘਾਰ ਛੂਹ ਰਹੀਆਂ ਹਨ ਅਤੇ ਨਿਵਾਣ ਵੱਲ ਜਾ ਰਹੀਆਂ ਹਨ। ਪਹਿਲਾਂ ਸਿੱਖਾਂ ਦੀ ਪਛਾਣ ਕੇਵਲ ਸਫ਼ਲ ਕਿਸਾਨ ਕਰਕੇ ਹੀ ਸੀ। ਨੌਕਰੀਆਂ ਵਿਚ ਵਧੇਰੇ ਕਰਕੇ ਫ਼ੌਜ ਵਿਚ ਸਨ। ਵਪਾਰਕ ਖੇਤਰ ਵਿਚ ਸਿੱਖਾਂ ਦੀ ਟਰਾਂਸਪੋਰਟ ਦੇ ਖੇਤਰ ਵਿਚ ਮੁਹਾਰਤ ਸਮਝੀ ਜਾਂਦੀ ਸੀ ਜਾਂ ਛੋਟੀ ਸਨਅਤ ਵਿਚ ਸਫ਼ਲ ਮੰਨੇ ਜਾਂਦੇ ਸਨ। ਅੱਜ ਸਿੱਖ ਇਕੱਲੇ ਪੰਜਾਬ ਜਾਂ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਸਫ਼ਲ ਵਿਗਿਆਨਕ, ਖੇਤੀ ਮਾਹਿਰ, ਤਕਨੀਕੀ, ਡਾਕਟਰੀ, ਵਪਾਰਕ ਤੇ ਸਨਅਤੀ ਖੇਤਰ ਵਿਚ ਵੀ ਵਿਸ਼ੇਸ਼ ਸਥਾਨ ਹਾਸਲ ਕਰਨ ਵਿਚ ਸਫ਼ਲ ਰਹੇ ਹਨ। ਸਿੱਖ ਹੁਣ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਬਲਕਿ ਦੁਨੀਆਂ ਦੇ ਹਰ ਕੋਨੇ ਵਿਚ ਉਨ੍ਹਾਂ ਦਾ ਵਾਸਾ ਹੈ ਭਾਵੇਂ ਕਿ ਸਿੱਖਾਂ ਦੀ ਵਸੋਂ ਦੇਸ਼ ਵਿਦੇਸ਼ ਵਿਚ ਕਿਧਰੇ ਵੀ ਅਬਾਦੀ ਦੇ ਦੋ ਢਾਈ ਫ਼ੀਸਦੀ ਤੋਂ ਵਧੇਰੇ ਨਹੀਂ ਪਰ ਜਿਸ ਦੇਸ਼ ਵਿਚ ਵੀ ਸਿੱਖ ਗਏ ਉਥੋਂ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਪਾਇਆ। ਕੌਮੀ ਤੌਰ 'ਤੇ ਸਿੱਖ ਜਿੱਥੇ ਵੀ ਗਏ, ਉਥੇ ਆਪਣੀਆਂ ਸੰਸਥਾਵਾਂ ਵੀ ਬਣਾਈਆਂ, ਵਿਸ਼ੇਸ਼ ਕਰਕੇ ਸੁੰਦਰ ਤੇ ਪ੍ਰਭਾਵਸ਼ਾਲੀ ਗੁਰਦੁਆਰੇ, ਜਿੰਨਾਂ ਦੇ ਉੱਚੇ ਗੁੰਬਦ ਅਤੇ ਲਹਿਰਾਉਂਦੇ ਨਿਸ਼ਾਨ ਸਾਹਿਬ, ਸਿੱਖ ਕੌਮ ਦੀ ਸ਼ਾਨ ਹਨ। ਇਹ ਵੀ ਕੌੜਾ ਸੱਚ ਹੈ ਕਿ ਸਿੱਖਾਂ ਦੇ ਹਰ ਕੌਮੀ ਅਦਾਰੇ ਤੇ ਵਿਦਿਅਕ ਸੰਸਥਾ ਵਿਚ ਖਹਿਬਾਜ਼ੀ ਤੇ ਲੜਾਈ ਹੈ। ਭਾਵੇਂ ਗੁਰੂ ਸਾਹਿਬ ਵਲੋਂ ਇਹ ਮਰਿਆਦਾ ਬੰਨ੍ਹ ਦਿੱਤੀ ਗਈ ਸੀ ਕਿ ਸਿੱਖ ਹਰ ਲੜਾਈ ਝਗੜੇ ਦਾ ਹੱਲ ਮਿਲ ਬੈਠ ਕੇ ਗੁਰਬਾਣੀ ਦੀ ਰੋਸ਼ਨੀ ਵਿਚ ਸੰਗਤੀ ਰੂਪ ਵਿਚ ਕਰੇਗਾ ਪਰ ਗੁਰਦੁਆਰੇ ਤੇ ਇੱਟਾਂ ਨਾਲ ਸਬੰਧਤ ਅਦਾਰਿਆਂ 'ਤੇ ਚੌਧਰ ਕਾਇਮ ਰੱਖਣ ਦੀ ਲਾਲਸਾ ਇਸ ਹੱਦ ਤਕ ਵਧ ਚੁੱਕੀ ਹੈ ਕਿ ਇਹ ਕਾਟੋ ਕਲੇਸ਼ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦਾ ਹੈ ਅਤੇ ਅਦਾਲਤਾਂ ਦੇ ਚੱਕਰਾਂ ਵਿਚ ਉਲਝਿਆ ਹੋਇਆ ਹੈ।
ਸਿੱਖ ਧਰਮ ਨਿੱਜੀ ਧਰਮ ਨਹੀਂ ਬਲਕਿ ਸੰਗਤੀ ਧਰਮ ਹੈ ਜਿਸ ਦੀ ਬੁਨਿਆਦ ਸ਼ਬਦ (ਸਿਧਾਂਤਕ ਵਿਚਾਰ) ਅਤੇ ਸੰਗਤ (ਲੋਕ ਸ਼ਕਤੀ ) ਦਾ ਸੁਮੇਲ ਹੈ। ਗੁਰੂ ਨਾਨਕ ਸਾਹਿਬ ਨੇ ਹੀ ਇਸ ਦਾ ਆਗਾਜ਼ ਕੀਤਾ ਤੇ ਆਪਣੀਆਂ ਚਾਰ ਉਦਾਸੀਆਂ (ਯਾਤਰਾਵਾਂ) ਦਾ ਮਕਸਦ ਸਪਸ਼ਟ ਕਰਦਿਆਂ ਫਰਮਾਇਆ, 'ਗੁਰਮੁਖਿ ਖੋਜਤ ਭਏ ਉਦਾਸੀ'। ਸੰਗਤ ਇਕ ਭੀੜ ਨਹੀਂ ਬਲਕਿ ਇਕ ਆਦਰਸ਼ ਨੂੰ ਪਰਣਾਈ ਹੋਈ ਜਥੇਬੰਦੀ ਹੈ। ਦੁਨੀਆਂ ਦੀ ਬੇ-ਮਕਸਦ ਭੀੜ ਬਾਰੇ ਪਾਤਸ਼ਾਹ ਨੇ ਫ਼ਰਮਾਇਆ ਹੈ, 'ਅੰਧੀ ਰਯਿਤ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ'। ਧਰਮ ਸਥਾਨਾਂ ਅਤੇ ਤੀਰਥਾਂ ਦੀ ਦੁਰਦਸ਼ਾ ਹੁੰਦੀ ਦੇਖ ਗੁਰੂ ਜੀ ਨੇ ਕਿਹਾ ਕਿ ਮਨੁੱਖੀ ਸਮਾਜ ਵਿੱਚ ਗਿਰਾਵਟ ਅਤੇ ਅਧੋਗਤੀ ਦਾ ਸਭ ਤੋਂ ਵੱਡਾ ਕਾਰਨ ਹੀ ਇਹੀ ਹੈ ਕਿ ਪੂਜਾ ਦੇ ਸਥਾਨ 'ਤੇ ਉਨ੍ਹਾਂ ਦੇ ਪ੍ਰਬੰਧਕ ਆਚਰਣ ਸਬੰਧੀ ਗਿਰਾਵਟ ਦਾ ਸ਼ਿਕਾਰ ਹੋ ਜਾਣ ,'ਥਾਨਿਸਟ ਜਗਤ ਭ੍ਰਿਸਟ ਹੋਆ ਡੂਬਤਾ ਇਵ ਜਗ'।
 ਸਾਹਿਬ ਦਾ ਪਹਿਲਾ ਨਾਂ ਧਰਮਸ਼ਾਲਾ ਸੀ। ਗੁਰੂ ਪਾਤਸ਼ਾਹ ਜਿੱਥੇ ਵੀ ਗਏ, ਸੰਗਤਾਂ ਤੇ ਧਰਮਸ਼ਾਲਾਂ ਕਾਇਮ ਹੋਈਆਂ। ਇਹ ਧਰਮਸ਼ਾਲਾ ਹੀ ਬਾਅਦ ਵਿਚ ਗੁਰਦੁਆਰੇ ਦੇ ਰੂਪ ਵਿਚ ਸਾਹਮਣੇ ਆਈ। ਗੁਰਦੁਆਰੇ ਨੂੰ ਪਰਿਭਾਸ਼ਤ ਕਰਦਿਆਂ ਮਹਾਨ ਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਗੁਰੂ ਘਰ ਕਿਸੇ ਇਕ ਵਿਅਕਤੀ, ਸੰਸਥਾ, ਅਹੁਦੇਦਾਰ ਜਾਂ ਪ੍ਰਧਾਨ ਦੀ ਨਿੱਜੀ ਜਾਇਦਾਦ ਨਹੀਂ, ਇਸ ਉਪਰ ਝੁੱਲ ਰਹੇ ਨਿਸ਼ਾਨ ਇਸ ਗੱਲ ਦਾ ਸਬੂਤ ਹਨ ਕਿ ਇਹ ਸਮੂਹਿਕ ਤੌਰ 'ਤੇ ਸਿੱਖ ਸੰਗਤ ਦਾ ਹੈ। ਗੁਰਦੁਆਰੇ ਦੇ ਮੁੱਢਲੇ ਅਸੂਲਾਂ ਦੀ ਜਿੰਨੀ ਅਣਦੇਖੀ ਅੱਜ ਹੋ ਰਹੀ ਹੈ, ਸ਼ਾਇਦ ਪਹਿਲਾਂ ਕਦੇ ਨਾ ਹੋਈ ਹੋਵੇ। ਸ਼ੁਰੂਆਤੀ ਦੌਰ ਵਿਚ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਕੰਮ ਮਸੰਦ ਕਰਦੇ ਸਨ ਪਰ ਜਿਉਂ ਹੀ ਇਹ ਭ੍ਰਿਸ਼ਟ ਹੋਏ ਤਾਂ ਇਨ੍ਹਾਂ ਨੂੰ ਸਖ਼ਤ ਸਜ਼ਾਵਾਂ ਵੀ ਦਸਮ ਪਾਤਸ਼ਾਹ ਨੇ ਆਪ ਦਿੱਤੀਆਂ।
ਦਸਮ ਪਿਤਾ ਦੀ ਜੀਵਨ ਹਯਾਤੀ ਉਪਰੰਤ ਜਦੋਂ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਹਿੱਤ ਭੇਜਿਆ ਤਾਂ ਉਨ੍ਹਾਂ ਖ਼ੁਦ ਨੂੰ ਬਾਬਾ ਜਾਂ ਸੰਤ ਨਹੀਂ ਕਹਾਇਆ। ਕਿਸੇ ਗੁਰਦੁਆਰੇ ਨੂੰ ਨਿੱਜੀ ਡੇਰਾ ਨਹੀਂ ਬਣਾਇਆ ਅਤੇ ਨਾ ਹੀ ਨਿੱਜੀ ਹਿੱਤਾਂ ਲਈ ਗੁਰੂ ਦੀ ਗੋਲਕ ਦੀ ਵਰਤੋਂ ਕੀਤੀ ਸਗੋਂ ਮੁਗਲਾਂ ਵੱਲੋਂ ਕੀਤਾ ਜੁਰਮਾਨਾ ਗੁਰੂ ਦੀ ਗੋਲਕ ਵਿਚੋਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬੰਦ-ਬੰਦ ਕਟਵਾ ਕੇ ਸ਼ਹਾਦਤ ਦੇਣੀ ਪ੍ਰਵਾਨ ਕਰ ਲਈ। ਮਿਸਲਾਂ ਦੇ ਸਮੇਂ ਵੀ ਬੁੱਢਾ ਦਲ ਅਤੇ ਤਰੁਣਾ ਦਲ ਗੁਰਧਾਮਾਂ ਦੇ ਪ੍ਰਬੰਧਕ ਥਾਪੇ ਜਾਂਦੇ ਰਹੇ ਪਰ ਇੱਥੇ ਵੀ ਸਿੱਖ ਜਥੇਦਾਰੀਆਂ, ਸਰਦਾਰੀਆਂ ਤੇ ਨਵਾਬੀਆਂ ਠੁਕਰਾ ਕੇ ਨਿਰਮਾਣ ਹੋ ਕੇ ਗੁਰੂ ਪੰਥ ਅਤੇ ਗੁਰਧਾਮਾਂ ਦੀ ਸੇਵਾ ਕਰਦੇ ਰਹੇ। ਕਈ ਬਿਰਤਾਂਤ ਮਿਲਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਕੁਝ ਗ੍ਰੰਥੀ ਸਾਹਿਬ ਅਤੇ ਗੁਰੂ ਕੇ ਕੀਰਤਨੀਆਂ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਆਰਥਿਕ ਸਹਾਇਤਾ ਦੇਣ ਹਿੱਤ ਪੁੱਜੇ ਤਾਂ ਜਵਾਬ ਮਿਲਿਆ, 'ਅਸੀਂ ਗੁਰੂ ਰਾਮਦਾਸ ਦੇ ਚਾਕਰ ਹਾਂ, ਤੂੰ ਵੀ ਉਸ ਦੇ ਦਰ ਦਾ ਮੰਗਤਾ ਹੈਂ, ਅਸੀਂ ਕਿਸੇ ਰਾਜੇ ਮਹਾਰਾਜੇ ਪਾਸੋਂ ਕੁਝ ਨਹੀਂ ਲੈ ਸਕਦੇ'। ਅੰਮ੍ਰਿਤਸਰ ਸਥਿਤ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਸਮੂਹ ਦੇ ਬਾਨੀ ਭਾਈ ਸੰਤ ਸਿੰਘ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਨ। ਉਨ੍ਹਾਂ ਆਪਣੀ ਸਾਰੀ ਕਮਾਈ ਸਕੂਲ ਦੇ ਨਾਂ ਲਗਾ ਦਿੱਤੀ ਤਾਂ ਜੋ ਸਿੱਖ ਬੱਚੇ ਪੜ੍ਹਾਈ ਕਰ ਸਕਣ। ਅਟਕ ਦਰਿਆ ਪਾਰ ਕਰਦੇ ਸਮੇਂ ਦਰਿਆ ਕੰਢੇ ਸਥਿਤ ਇੱਕ ਸੇਵਾ ਪੰਥੀ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ ਕਿ ਅਰਦਾਸ ਕਰੋ ਫ਼ਤਿਹ ਹੋਵੇ। ਜਿੱਤ ਕੇ ਵਾਪਸ ਮੁੜੇ ਰਣਜੀਤ ਸਿੰਘ ਨੇ ਉਸੇ ਗ੍ਰੰਥੀ ਸਿੰਘ ਨੂੰ ਕਿਹਾ, 'ਮੰਗੋ, ਕੀ ਦੇਵਾਂ'। ਜਵਾਬ ਮਿਲਿਆ ਰਣਜੀਤ ਸਿੰਘ ਜਾਣ ਲੱਗੇ ਮੰਗਤੇ ਤੇ ਵਾਪਸ ਮੁੜ ਦਾਨੀ ਬਣ ਗਿਆ। ਅਕਾਲੀ ਫੂਲਾ ਸਿੰਘ ਵਰਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਿਸੇ ਬਾਦਸ਼ਾਹ ਦੇ ਅਧੀਨ ਨਾ ਹੋ ਕੇ ਖੁਦ ਨੂੰ ਅਕਾਲ ਪੁਰਖ ਵਾਹਿਗੁਰੂ ਅਤੇ ਕਲਗੀਧਰ ਪਾਤਸ਼ਾਹ ਦੇ ਅਧੀਨ ਮੰਨਦੇ ਸਨ। ਅੱਜ ਸਾਡੀਆਂ ਕੌਮੀ ਸੰਸਥਾਵਾਂ ਵਿਚ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਸੇਵਾ ਸ਼ਬਦ ਦਾ ਅਰਥ ਹੀ ਨਹੀਂ ਪਤਾ। ਆਚਰਣ ਤਾਂ ਇਕ ਪਾਸੇ ਸੰਗਤਾਂ ਨਾਲ ਨਿਮਰਤਾ ਸਹਿਤ ਪੇਸ਼ ਆਉਣਾ ਵੀ ਭੁੱਲ ਗਏ ਹਨ। ਪ੍ਰਬੰਧਕ ਖੁਦ ਨੂੰ ਗੁਰਦੁਆਰੇ ਦਾ ਮਾਲਕ ਸਮਝਦੇ ਹਨ, ਬੰਦੇ ਦੇ ਬੰਦੇ ਤਾਂ ਹਨ ਪਰ ਗੁਰੂ ਦੇ ਬੰਦੇ ਨਹੀਂ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਅਤੇ ਰਾਜਭਾਗ ਖਤਮ ਹੋ ਜਾਣ ਉਪਰੰਤ, ਸਿੱਖ ਧਰਮ ਵਿਚ ਘੁਸਪੈਠ ਕਰ ਚੁੱਕੀਆਂ ਬ੍ਰਾਹਮਣੀ ਰਹੁ ਰੀਤਾਂ ਤੇ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਲਈ ਸਿੰਘ ਸਭਾ ਲਹਿਰ ਸ਼ੁਰੂ ਹੋਈ ਜਿਸ ਵਿੱਚੋਂ ਚੀਫ਼ ਖਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਨਾਮਵਰ ਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਈਆਂ ਹੋਈਆਂ ਸੰਸਥਾਵਾਂ ਦਾ ਜਨਮ ਹੋਇਆ। ਇਕ ਰਹਿਤ ਮਰਿਆਦਾ ਬਣੀ। ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕਰਨਾ, ਇਨ੍ਹਾਂ ਸੰਸਥਾਵਾਂ ਦਾ ਮੁੱਖ ਮਕਸਦ ਸੀ। ਜਾਤ ਪਾਤ ਤੇ ਇਲਾਕਿਆਂ ਦੇ ਨਾਂ 'ਤੇ ਗੁਰਦੁਆਰੇ ਬਣ ਚੁੱਕੇ ਹਨ। ਸਿੰਘਾਪੁਰ, ਮਲੇਸ਼ੀਆ ਚਲੇ ਜਾਉ ਤਾਂ ਗੁਰਦੁਆਰਿਆਂ ਦੇ ਨਾਂ ਮਾਲਵਾ ਦੀਵਾਨ, ਮਾਝਾ ਦੀਵਾਨ, ਦੋਆਬਾ ਦੀਵਾਨ ਹਨ। ਰਾਮਗੜੀਆਂ, ਰਵੀਦਾਸੀਆਂ, ਅਰੋੜਿਆਂ, ਲੁਬਾਣਿਆਂ ਭਾਵ ਹਰ ਜਾਤ ਗੋਤ ਦੇ ਨਾਂ ਦੇ ਗੁਰਦੁਆਰੇ ਹਰ ਦੇਸ਼ ਵਿਚ ਮਿਲ ਜਾਂਦੇ ਹਨ। ਜਾਤ ਪਾਤ ਤੇ ਇਲਾਕਾਵਾਦ ਵਿਚ ਯਕੀਨ ਰੱਖਣਾ ਤੇ ਅਮਲ ਕਰਨਾ ਸਿੱਖੀ ਅਸੂਲਾਂ ਦੇ ਉਲਟ ਹੈ ਅਤੇ ਜਿਸ ਗੁਰਦੁਆਰੇ ਦਾ ਨਾਂ ਹੀ ਜਾਤ ਦੇ ਨਾਂ 'ਤੇ ਹੋਵੇ ਉਥੋਂ ਗੁਰਮਤਿ ਦੇ ਕਿਸੇ ਹੋਰ ਅਸੂਲ 'ਤੇ ਪਹਿਰੇਦਾਰੀ ਦੀ ਕੀ ਆਸ ਕੀਤੀ ਜਾ ਸਕਦੀ ਹੈ?
ਸਿੰਘ ਸਭਾ ਇਕ ਨਾਂ ਹੀ ਨਹੀਂ ਗੁਰਦੁਆਰਾ ਸੁਧਾਰ ਲਹਿਰ ਵਾਂਗ ਲਹਿਰ ਸੀ, ਜਿਸ ਦਾ ਮੁੱਖ ਮਕਸਦ ਗੁਰਮਤਿ ਸਿਧਾਂਤ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਵਿਧਾਨਕ ਮਜ਼ਬੂਰੀ ਬਣ ਗਈ ਹੈ ਕਿ ਇੰਨਾਂ ਸੰਸਥਾਵਾਂ ਲਈ ਮੈਂਬਰਾਂ ਦੀ ਚੋਣ ਦੇਰ ਸਵੇਰ ਕਰਾਉਣੀ ਪੈਂਦੀ ਹੈ, ਨਹੀਂ ਤਾਂ ਦੇਸ਼ ਵਿਦੇਸ਼ ਵਿਚ ਬਹੁਤੀਆਂ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ ਅਤੇ ਇੰਨਾਂ ਨਾਲ ਜੁੜੀਆਂ ਸੰਸਥਾਵਾਂ ਪਰਿਵਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਪ੍ਰਧਾਨ ਜਾਂ ਸਕੱਤਰ ਰਹੇ ਪਿਤਾ ਦੀ ਮੌਤ ਉਪਰੰਤ ਉਸ ਦਾ ਪੁੱਤ ਭਤੀਜਾ ਹੀ ਉਸ ਅਹੁਦੇ 'ਤੇ ਬੈਠਦਾ ਹੈ। ਕਲਕੱਤੇ ਵਰਗੇ ਵੱਡੇ ਸ਼ਹਿਰ ਵਿਚ ਵੀ ਹਰ ਤਿੰਨ ਸਾਲ ਬਾਅਦ ਬਕਾਇਦਾ ਚੋਣ ਕਮੇਟੀ ਦਾ ਗਠਨ ਕਰਕੇ ਅਹੁਦੇਦਾਰਾਂ ਦੀ ਚੋਣ ਹੁੰਦੀ ਸੀ। ਇਹ ਚੋਣ ਕਮੇਟੀ ਦੇ ਮੈਂਬਰ ਖ਼ੁਦ ਚੋਣ ਨਹੀਂ ਸਨ ਲੜ ਸਕਦੇ। ਹੁਣ ਤਾਂ ਇਨ੍ਹਾਂ ਸਿੰਘ ਸਭਾਵਾਂ ਅਤੇ ਨਾਲ ਜੁੜੇ ਵਿਦਿਅਕ ਅਦਾਰਿਆਂ ਦੇ ਪ੍ਰਬੰਧ ਲਈ ਗਠਿਤ ਕਮੇਟੀਆਂ ਲਈ ਬੜੇ ਅਰਸੇ ਤੋਂ ਕੋਈ ਭਰਤੀ ਹੀ ਨਹੀਂ ਖੋਲ੍ਹੀ ਗਈ। ਕੋਈ ਚੋਣ ਹੀ ਨਹੀਂ ਕਰਵਾਈ ਗਈ। ਚੀਫ਼ ਖ਼ਾਲਸਾ ਦੀਵਾਨ ਦੀ ਮਿਸਾਲ ਸਾਡੇ ਸਾਹਮਣੇ ਹੈ। ਸੰਨ 1902 ਵਿੱਚ ਭਾਈ ਹਰਬੰਸ ਸਿੰਘ ਅਟਾਰੀ, ਭਾਈ ਤਰਲੋਚਨ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਅਤੇ ਭਾਈ ਅਰਜਨ ਸਿੰਘ ਬਾਗੜੀਆ ਵਰਗੀਆਂ ਸਿੱਖੀ ਜੀਵਨ ਨੂੰ ਪਰਣਾਈਆਂ ਸ਼ਖ਼ਸੀਅਤਾਂ ਦੀ ਅਣਥੱਕ ਮਿਹਨਤ ਸਦਕਾ ਹੋਂਦ ਵਿਚ ਆਈ। ਇਸ ਪੰਥਕ ਸੰਸਥਾ ਵਿਚ ਪਿਛਲੇ 20 ਸਾਲਾਂ ਤੋਂ ਕੋਈ ਨਵਾਂ ਮੈਂਬਰ ਤੱਕ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਮੌਤ ਹੋ ਜਾਣ ਕਾਰਨ ਇਹ ਗਿਣਤੀ 400 ਤੋਂ ਘਟ ਕੇ 300 ਦੇ ਕਰੀਬ ਰਹਿ ਗਈ। ਹੁਣ ਪ੍ਰਬੰਧਕਾਂ ਨੂੰ ਮਹਿਸੂਸ ਹੋਇਆ ਕਿ ਸਦੀਵੀ ਕਬਜ਼ਾ ਕਰਨ ਵਿਚ ਦਿੱਕਤ ਆ ਸਕਦੀ ਹੈ, ਇਸ ਲਈ ਇਕੋ ਵਾਰ 108 ਮੈਂਬਰ ਨਵੇਂ ਭਰਤੀ ਕਰ ਲਏ ਤੇ ਇਹ ਮੈਂਬਰ ਅਜਿਹੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਧਰਮ ਪ੍ਰਚਾਰ ਦੇ ਖੇਤਰ ਵਿਚ ਕੋਈ ਯੋਗਦਾਨ ਹੀ ਨਹੀਂ। ਅੰਮ੍ਰਿਤਧਾਰੀ ਨਹੀਂ, ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕਰ ਰਹੇ ਅਤੇ ਕੁਝ ਮੈਂਬਰ ਤਾਂ ਪਤਿਤ ਹਨ। ਸਥਾਨਕ ਖ਼ਾਲਸਾ ਕਾਲਜ ਨੂੰ ਨਿੱਜੀ ਯੂਨੀਵਰਸਿਟੀ ਬਣਾਏ ਜਾਣ ਦੇ ਵਿਵਾਦ ਸਮੇਂ ਸਾਹਮਣੇ ਆਇਆ ਕਿ ਇਸ ਇਤਿਹਾਸਕ ਕਾਲਜ ਦੀ ਪ੍ਰਬੰਧਕੀ ਕਮੇਟੀ ਵੀ ਆਪਣਿਆਂ ਦਾ ਕੋੜਮਾ ਬਣ ਕੇ ਰਹਿ ਗਈ ਹੈ। ਜੇ ਇਕ ਅਹੁਦੇਦਾਰ ਜਾਂ ਮੈਂਬਰ ਦੀ ਮੌਤ ਹੋ ਗਈ ਤਾਂ ਉਸ ਦਾ ਪੁੱਤਰ ਜਾਂ ਕਰੀਬੀ ਇਸ ਅਹੁਦੇ 'ਤੇ ਆ ਬੈਠਾ। ਇਸ ਦੀ ਅੰਤਰਿਗ ਕਮੇਟੀ ਵਿਚ ਬਹੁਤਾਤ ਇੱਕ ਦੋ ਵਿਅਕਤੀਆਂ ਦੇ ਸਕੇ ਸਬੰਧੀਆਂ ਦੀ ਹੀ ਹੈ। ਅਜਿਹੀ ਹਾਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣ ਚੁੱਕੀ ਹੈ। ਪਿਛਲੇ ਇਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਹਰ ਸਾਲ ਨਵੰਬਰ ਮਹੀਨੇ ਹੋਣ ਵਾਲੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਮੌਕੇ ਹਰ ਨਾਂ ਪਾਰਟੀ ਮੁਖੀ ਵੱਲੋਂ ਭੇਜੇ ਲਿਫ਼ਾਫ਼ੇ ਵਿਚੋਂ ਨਿਕਲਦਾ ਹੈ। ਪਾਰਟੀ ਵੀ ਉਹ ਜੋ ਕਹਿਣ ਨੂੰ ਅਕਾਲੀ ਦਲ ਤੇ ਪੰਥਕ ਹੈ, ਜਮਹੂਰੀਅਤ ਦੀ ਅਲੰਬਰਦਾਰ ਤੇ ਹੱਕ ਸੱਚ, ਇਨਸਾਫ਼ ਲਈ ਜੂਝਣ ਦਾ ਦਾਅਵਾ ਕਰਦੀ ਹੈ ਪਰ ਸ਼ਰੇਆਮ ਦੋ ਦੋ ਸੰਵਿਧਾਨ ਵੀ ਰੱਖਦੀ ਹੈ ਅਤੇ ਧਰਮ ਨਿਰਪੱਖ ਵੀ ਹੈ। ਸਾਲ ਵਿਚ ਕਮੇਟੀ ਦੇ ਹੋਣ ਵਾਲੇ ਦੋ ਇਜਲਾਸਾਂ ਸਮੇਂ ਕਿਸੇ ਮੈਂਬਰ ਨੂੰ ਕੋਈ ਰਾਏ ਦੇਣ ਜਾਂ ਕਿੰਤੂ ਕਰਨ ਦਾ ਅਧਿਕਾਰ ਨਹੀਂ ਹੁੰਦਾ। ਸ਼੍ਰੋਮਣੀ ਕਮੇਟੀ ਦੀਆਂ ਪੰਜ ਸਾਲਾਂ ਬਾਅਦ ਆਮ ਚੋਣਾਂ ਹੋ ਜਾਂਦੀਆਂ ਹਨ ਲੇਕਿਨ ਇਸ 'ਤੇ ਕਾਬਜ਼ ਸਿਆਸੀ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਵੀ ਹੱਥ ਖੜ੍ਹੇ ਕਰਨ ਤੱਕ ਹੀ ਸੀਮਤ ਹੁੰਦੀਆਂ ਹਨ।
ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਵਿਚ ਕਈ ਗੁਰਦੁਆਰੇ ਹਨ, ਜਿੱਥੇ ਸ਼ਾਇਦ ਹੀ ਪ੍ਰਬੰਧਕ ਕਮੇਟੀਆਂ ਵਿਚ ਕਿਤੇ ਕੋਈ ਬਦਲਾਉ ਹੋਇਆ ਹੋਵੇ। ਸਾਲ 1971 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਬਣਨ ਤੋਂ ਪਹਿਲਾਂ ਇਸ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਦੀ ਕਈ ਵਾਰੀ ਤਾਲਾਬੰਦੀ ਹੋਈ। ਇਕ ਮਰਹੂਮ ਜਥੇਦਾਰ ਦਾ ਜਦੋਂ ਇੱਥੇ ਕਬਜ਼ਾ ਹੋਇਆ ਤਾਂ ਉਹ ਆਪਣੀ ਮਰਜ਼ੀ ਨਾਲ ਕਮੇਟੀ ਮੈਂਬਰ ਰੱਖਦਾ ਸੀ, ਜਿਸ ਨੇ ਵੀ ਵਿਰੋਧ ਕੀਤਾ ਉਸ ਦੀ ਮੈਂਬਰੀ ਖਤਮ।
ਸ਼੍ਰੋਮਣੀ ਕਮੇਟੀ ਦੇ ਸਲਾਨਾ ਬਜਟ 'ਤੇ ਝਾਤ ਮਾਰਿਆਂ ਇਹ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਨਵੇਂ ਉਸਰ ਰਹੇ ਗੁਰਦੁਆਰਾ ਸਾਹਿਬ ਦੀ ਆਰਥਿਕ ਮਦਦ ਲਈ ਫੰਡ ਪਹਿਲਾਂ ਹੀ ਰਾਖਵੇਂ ਰੱਖੇ ਜਾਂਦੇ ਹਨ। ਬਾਹਰਲੇ ਦੇਸ਼ਾਂ ਵਿੱਚ ਤਾਂ ਹੁਣ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਚੋਣਾਂ ਕਰਵਾਏ ਜਾਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ।।ਕੈਨੇਡਾ ਦੇ ਸਰੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕੀ ਕਮੇਟੀ ਦੇ ਸਾਰੇ ਮੈਂਬਰ ਨੌਜਵਾਨ ਅਤੇ ਅੰਮ੍ਰਿਤਧਾਰੀ ਹਨ। ਨਵੇਂ ਪ੍ਰਬੰਧਕਾਂ ਨੇ ਇਕ ਮਤਾ ਪਾਸ ਕਰਵਾ ਕੇ ਇਹ ਜ਼ਰੂਰੀ ਕਰ ਦਿੱਤਾ ਕਿ ਗੁਰਦੁਆਰਾ ਸਾਹਿਬ ਦੇ ਜੇ ਪ੍ਰਬੰਧਕ ਨਹੀਂ ਤਾਂ ਅਹੁਦੇਦਾਰ ਤਾਂ ਅੰਮ੍ਰਿਤਧਾਰੀ ਜ਼ਰੂਰ ਹੋਣ।
ਗੁਰਦੁਆਰੇ ਦਾ ਇਕ ਪ੍ਰਮੁੱਖ ਅੰਗ ਪਾਠਸ਼ਾਲਾ ਵੀ ਹੈ ਤਾਂ ਜੋ ਸਿੱਖ ਬੱਚਿਆਂ ਦੀ ਵਿੱਦਿਆ ਦੀ ਪੂਰਤੀ ਕੀਤੀ ਜਾ ਸਕੇ। ਹੋਂਦ ਵਿਚ ਆਉਣ 'ਤੇ ਚੀਫ਼ ਖਾਲਸਾ ਦੀਵਾਨ ਨੇ ਵਿੱਦਿਆ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ, ਗੁਰਮਤਿ ਦੇ ਹਰ ਗੂੜ੍ਹ ਵਿਸ਼ੇ 'ਤੇ ਪੈਂਫਲੈਟ, ਸਾਹਿਤ ਛਾਪਿਆ, ਸਮਾਚਾਰ ਪੱਤਰ ਕੱਢਿਆ। ਪੰਥ ਰਤਨ ਮਾਸਟਰ ਤਾਰਾ ਸਿੰਘ ਨੂੰ ਮਾਸਟਰ ਦਾ ਲਕਬ ਸਕੂਲ ਦੇ ਹੈੱਡਮਾਸਟਰ ਹੋਣ ਨਾਤੇ ਮਿਲਿਆ, ਉਹ ਅਜਿਹੇ ਮਾਸਟਰ ਸਨ ਜੋ ਤਨਖ਼ਾਹ ਨਾ ਲੈ ਕੇ ਗੁਜ਼ਾਰੇ ਹਿੱਤ 15 ਰੁਪਏ ਹੀ ਪ੍ਰਾਪਤ ਕਰਦੇ ਸਨ ਅਤੇ ਬਾਕੀ ਸਾਰੀ ਤਨਖ਼ਾਹ ਸਕੂਲ ਦੇ ਵਿਕਾਸ ਲਈ ਖਰਚ ਦਿੰਦੇ ਸਨ। ਉਚੇਰੀ ਸਿੱਖਿਆ ਲਈ ਖਾਲਸਾ ਕਾਲਜ ਸਥਾਪਤ ਹੋਇਆ। ਕੁਝ ਸਿੱਖ ਨੌਜਵਾਨਾਂ ਨੇ ਜਦੋਂ ਐਲਾਨੀਆ ਕਹਿ ਦਿੱਤਾ ਕਿ ਉਹ ਕੇਸ ਕਟਵਾ ਕੇ ਈਸਾਈ ਬਣ ਜਾਣਗੇ ਤਾਂ ਖਾਲਸਾ ਕਾਲਜ ਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧਕਾਂ ਨੇ ਇਹ ਚੁਣੌਤੀ ਕਬੂਲ ਕੀਤੀ। ਅੰਗਰੇਜ਼ ਵਾਇਸਰਾਏ ਨੇ ਗੁਪਤ ਰਿਪੋਰਟ ਭੇਜੀ ਸੀ ਕਿ ਛੇਤੀ ਹੀ ਸਿੱਖਾਂ ਦਾ ਵੱਡਾ ਮੰਦਰ (ਸ੍ਰੀ ਹਰਿਮੰਦਰ ਸਾਹਿਬ) ਚਰਚ ਵਿੱਚ ਤਬਦੀਲ ਹੋ ਜਾਵੇਗਾ ਤਾਂ ਪ੍ਰਿੰਸੀਪਲ ਤੇਜਾ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਪ੍ਰਿੰਸੀਪਲ ਸਾਹਿਬ ਸਿੰਘ ਨੇ ਇਹ ਚੁਣੌਤੀ ਕਬੂਲ ਕੀਤੀ। ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾ ਪੜਾਉਣ ਤੋਂ ਪਹਿਲਾਂ ਦਸ ਮਿੰਟ ਸਬੰਧਤ ਪ੍ਰੋਫੈਸਰ ਸਾਹਿਬ ਗੁਰਮਤਿ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੰਦਾ ਸੀ।
ਕੌਮਾਂ ਦੇ ਇਤਿਹਾਸ ਵਿਚ ਉਤਰਾਅ ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਇਹ ਚਿੰਤਾ ਦਾ ਵਿਸ਼ਾ ਤਾਂ ਹੈ ਪਰ ਨਿਰਾਸ਼ਾ ਦਾ ਕਾਰਨ ਨਹੀਂ ਹੋਣਾ ਚਾਹੀਦਾ। ਜੇ ਕੌਮੀ ਲੀਡਰ ਤੇ ਅਦਾਰੇ ਅਧੋਗਤੀ ਦੀ ਡੂੰਘੀ ਖਾਈ ਵੱਲ ਵਧ ਰਹੇ ਹਨ ਤਾਂ ਪੰਥ ਦਾ ਦਰਦ ਰੱਖਣ ਵਾਲੇ ਵੀ ਹੁਣ ਜਾਗ ਚੁੱਕੇ ਹਨ ਤੇ ਇਤਿਹਾਸ ਨੂੰ ਮੋੜਾ ਦੇਣ ਲਈ ਕਮਰਕੱਸੇ ਕਰ ਚੁੱਕੇ ਹਨ। ਵੈਸੇ ਵੀ ਇਹ ਖਾਲਸਾ ਪੰਥ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੈ। ਇਸ ਉਪਰ ਜਦੋਂ ਵੀ ਭੀੜ ਬਣੀ ਹੈ ਉਸਨੇ ਆਪ ਬਹੁੜ ਕੀਤੀ ਹੈ। ਇਹ ਮੇਰਾ ਅਟੁੱਟ ਵਿਸ਼ਵਾਸ ਹੈ। ਆਉ ਖਾਲਸਾ ਪੰਥ ਦੇ ਵਾਲੀ ਅੱਗੇ ਅਰਦਾਸ ਕਰੀਏ ਕਿ ਉਹ ਆਪ ਸਹਾਈ ਹੋ ਸਾਨੂੰ ਬਲ ਬੁੱਧੀ ਬਖਸ਼ਣ ਕਿ ਅਸੀਂ ਗਿਣਤੀ ਤੰਤਰ ਤੇ ਨਿੱਜਵਾਦ ਦੀ ਦਲਦਲ ਵਿੱਚੋਂ ਨਿਕਲ, ਨਿਰਪੱਖ ਹੋ ਕੇ ਖਾਲਸੇ ਦੀ ਵਿਲੱਖਣ ਹੋਂਦ ਹਸਤੀ ਦੇ ਪ੍ਰਤੀਕ ਇਨ੍ਹਾਂ ਸਿੱਖ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਈਏ।
ਮਨਜੀਤ ਸਿੰਘ ਕਲਕੱਤਾ