ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਰਾਜਨੀਤਕ ਵਪਾਰੀਆਂ 'ਤੇ ਵੀ ਕੁੰਡਾ ਲਾਉਣ ਦੀ ਲੋੜ


ਜਦੋਂ ਦੀ ਰਾਜਨੀਤੀ ਸਫਲ ਵਪਾਰ ਵਜੋਂ ਉਭਰੀ ਹੈ ਤਦ ਤੋਂ ਹੀ ਇਸ ਵਿਚ ਸਥਾਪਿਤ ਸਭ ਕਦਰਾਂ ਕੀਮਤਾਂ ਦਾ ਭੋਗ ਪੈ ਗਿਆ ਹੈ। ਸਭ ਪਾਰਟੀਆਂ ਦੀ ਵਿਚਾਰਧਾਰਕ ਸੋਚ ਖਤਮ ਹੋ ਕੇ ਇਕੋ ਇਕ ਮਕਸਦ ਬਾਕੀ ਰਹਿ ਗਿਆ ਹੈ ਕਿ ਸਤਾ ਦੀ ਕੁਰਸੀ ਨੂੰ ਕਿਸ ਤਰ੍ਹਾਂ ਆਪਣੇ ਹੇਠ ਲਿਆ ਜਾਵੇ। ਇਸ ਵਾਰ ਸਭ ਦੇ ਸਾਹਮਣੇ ਪ੍ਰਗਟ ਹੋਏ 'ਰਾਜਨੀਤਕ ਵਪਾਰ' ਦੇ ਅੰਕੜੇ ਅੱਖਾਂ ਖੋਲ੍ਹਣ ਵਾਲੇ ਹਨ। ਇਥੋਂ ਤੱਕ ਕਿ ਰਾਜਨੀਤਕ ਵਾਪਰ ਵਿਚ ਕੋਈ ਜ਼ਿਆਦਾ ਪੜ੍ਹੇ-ਲਿਖੇ ਹੋਣ ਦੀ ਵੀ ਜ਼ਰੂਰਤ ਨਹੀਂ ਕਈ ਵਾਰ ਤਾਂ ਬਿਲਕੁਲ ਅਨਪੜ੍ਹ ਬੰਦਾ ਵੀ ਇਸ ਵਪਾਰ ਨੂੰ ਸਫਲਤਾ ਨਾਲ ਚਲਾ ਕੇ ਮੁਨਾਫੇ ਦੇ ਸਭ ਹੱਦਾਂ ਬੰਨੇ ਪਾਰ ਕਰ ਸਕਦਾ ਹੈ।
ਤਾਜ਼ਾ ਅੰਕੜਿਆਂ ਵਿਚ ਪਿਛਲੇ ਪੰਜ ਸਾਲ ਰਾਜਸਤਾ 'ਚ ਕਾਬਜ਼ ਰਹਿਣ ਵਾਲੇ 77 ਵਿਧਾਇਕਾਂ ਵੱਲੋਂ ਆਪਣੇ ਸ਼ਰਮਾਏ ਵਿਚ 133 ਫੀਸਦੀ ਕੀਤਾ ਗਿਆ ਵਾਧਾ ਦੱਸਦਾ ਹੈ ਕਿ ਸ਼ਾਇਦ ਹੀ ਕੋਈ ਹੋਰ ਵਪਾਰ ਹੋਵੇ ਜਿਸ ਵਿਚ ਇੰਨੀ ਤੇਜ਼ੀ ਨਾਲ ਵਾਧਾ ਹੋਇਆ ਹੋਵੇ। ਇਹਨਾਂ ਹੀ ਸਾਲਾਂ ਵਿਚ ਰਾਜਨੀਤਕ ਵਪਾਰਕ ਵਾਧਾ ਦੀ ਔਸਤ ਦੇ ਹਿਸਾਬ ਹਰ ਵਿਧਾਇਕ ਨੇ ਕੋਈ 6 ਕਰੋੜ ਰੁਪਏ ਦਾ ਵਾਧਾ ਕੀਤਾ ਜਿਸ ਨੂੰ ਉਸ ਨੇ ਆਪਣੇ ਸਰਕਾਰੀ ਕਾਗਜ਼ਾਂ ਵਿਚ ਤਸਲੀਮ ਵੀ ਕੀਤਾ ਹੈ ਅਗਰ ਉਸ ਨੇ ਇਸ ਤੋਂ ਬਿਨਾਂ ਕੋਈ ਹੋਰ ਗੈਰਕਾਨੂੰਨੀ ਢੰਗ ਨਾਲ ਪੂੰਜੀ 'ਚ ਵਾਧਾ ਕੀਤਾ ਹੈ ਤਾਂ ਇਸ ਵਿਚ ਉਸ ਦਾ ਕੋਈ ਵੇਰਵਾ ਸ਼ਾਮਲ ਨਹੀਂ ਹੈ। ਉਂਝ ਅਸੀਂ ਸਾਰੇ ਜਾਣਦੇ ਹਾਂ ਕਿ ਦੋ ਨੰਬਰ 'ਚ ਕੀਤੀ ਗਈ ਕਮਾਈ ਇਕ ਨੰਬਰ ਦੀ ਕਮਾਈ ਨਾਲੋਂ ਕਈ ਗੁਣਾ ਜ਼ਿਆਦਾ ਹੋਣ ਦੇ ਤੌਖਲੇ ਹਨ। ਜਿਥੇ ਪਿਛਲੇ ਪੰਜ ਸਾਲਾਂ ਵਿਚ ਬਹੁਤੇ ਵਿਧਾਇਕ ਗਿਆਰਾਂ ਗੁਣਾਂ ਅਮੀਰ ਹੋ ਗਏ ਉਥੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਪੂੰਜੀ ਜੋ ਪਿਛਲੇ ਪੰਜ ਸਾਲ ਪਹਿਲਾਂ ਸਿਰਫ਼ ਦੋ ਕਰੋੜ ਸੀ ਹੁਣ ਇਹ ਵਧ ਕੇ 52 ਕਰੋੜ ਹੋ ਗਈ ਇਸੇ ਤਰ੍ਹਾਂ ਬਰਨਾਲੇ ਦੇ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਦੀ ਪੂੰਜੀ ਪੰਜ ਸਾਲਾਂ ਵਿਚ ਛੇ ਕਰੋੜ ਤੋਂ ਵਧ ਕੇ ਅਠੱਤਰ ਕਰੋੜ ਹੋ ਗਈ। ਬਿਕਰਮਜੀਤ ਸਿੰਘ ਖਾਲਸਾ ਜੋ ਪਿਛਲੇ ਪੰਜ ਸਾਲ ਪਹਿਲਾਂ ਸਿਰਫ਼ 55 ਲੱਖ ਰੁਪਏ ਦਾ ਮਾਲਕ ਸੀ ਅੱਜ ਪੰਜ ਕਰੋੜ ਰੁਪਏ ਦਾ ਸ਼ਰਮਾਏਦਾਰ ਬਣ ਗਿਆ ਹੈ। ਰਾਜਨੀਤਕ ਵਪਾਰ ਵਿਚ ਇਸ ਤਰ੍ਹਾਂ ਤੇਜ਼ੀ ਨਾਲ ਹੋ ਰਿਹਾ ਵਾਧਾ ਇਹਨਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀਆਂ ਵਾਲੀਆਂ ਸਾਰੀਆਂ ਗੱਲਾਂ ਨੂੰ ਭੁਲਾ ਦੇਣ ਅਤੇ ਆਪਦੇ ਰਾਜਨੀਤਕ ਵਿਰੋਧੀਆਂ ਨਾਲ ਸੁਲਾਹ ਕਰ ਕੇ ਜਿੱਤ ਪ੍ਰਾਪਤ ਕਰਨ ਵਰਗੇ ਗੈਰਇਖਲਾਕੀ ਵਰਤਾਰਿਆਂ ਨੂੰ ਜਨਮ ਦੇ ਰਿਹਾ ਹੈ। ਇਨਾਂ ਹੀ ਨਹੀਂ ਸਗੋਂ ਅਜਿਹਾ ਕੋਈ ਹੋਰ ਵਪਾਰ ਦੁਨੀਆਂ ਭਰ ਵਿਚ ਨਹੀਂ ਮਿਲ ਸਕਦਾ ਜਿਸ ਵਿਚ ਕੋਈ ਵਿਸ਼ੇਸ਼ ਯੋਗਤਾ ਤੋਂ ਬਿਨਾਂ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੋਵੇ ਜਾਂ ਕਿਸੇ ਹੋਰ ਵਪਾਰ 'ਚ ਪੜ੍ਹਾਈ ਦੀ ਲੋੜ ਵਾਲੀ ਵੀ ਅਹਿਮੀਅਤ ਨਾ ਹੋਵੇ ਪਰ ਇਸ ਰਾਜਨੀਤਕ ਵਪਾਰ ਵਿਚ ਗੈਰਹੁਨਰਮੰਦ ਲੋਕ ਵੀ ਕੁਝ ਸਾਲਾਂ ਵਿਚ ਅਰਬਾਂਪਤੀ ਬਣ ਗਏ ਹਨ। ਇਹੀ ਕਾਰਨ ਹੈ ਕਿ ਇਸ ਵਾਰ ਚੋਣ ਲੜ ਰਹੇ ਰਾਜਨੀਤਕ ਲੋਕਾਂ ਵਿਚ 32 ਉਮੀਦਵਾਰ ਉਹ ਹਨ ਜੋ ਸਿਰਫ਼ 8 ਪੜ੍ਹੇ ਹਨ। 20 ਉਮੀਦਵਾਰ ਪੰਜਵੀਂ ਪਾਸ ਅਤੇ 7 ਵਿਅਕਤੀ ਉਹ ਹਨ ਜਿਹੜੇ ਬਿਲਕੁਲ ਅਨਪੜ੍ਹ ਹਨ। ਇਥੋਂ ਤੱਕ ਕਿ ਹੁਣ ਤੱਕ ਦੀ ਸਭ ਤੋਂ ਆਧੁਨਿਕ ਵਿਚਾਰਾਂ ਵਾਲੀ ਅਤੇ ਵਿੱਦਿਆ ਪਸਾਰਾ ਕਰਨ ਦਾ ਵਾਅਦਾ ਕਰਨ ਵਾਲੀ ਰਾਜਨੀਤਕ ਪਾਰਟੀ, ਪੀਪਲਜ਼ ਪਾਰਟੀ ਆਫ਼ ਪੰਜਾਬ ਦੇ 23 ਉਮੀਦਵਾਰ ਸਿਰਫ਼ ਦਸ ਜਮਾਤਾਂ ਹੀ ਪਾਸ ਹਨ। ਅਸੀਂ ਜਾਣਦੇ ਹਾਂ ਕਿ ਜੇ ਇਹਨਾਂ ਵਿਚੋਂ ਸਾਰੀਆਂ ਪਾਰਟੀਆਂ ਦੇ ਕੁਝ ਕੁ ਉਮੀਦਵਾਰ ਸਫਲ ਨਾ ਵੀ ਹੋਣ ਤਾਂ ਵੀ ਜ਼ਿਆਦਾਤਰ ਉਹ ਲੋਕ ਹੀ ਸਤਾ 'ਤੇ ਕਾਬਜ਼ ਹੋਣਗੇ ਜਿਨ੍ਹਾਂ ਵਿਚ ਹੁਨਰਤਾ ਅਤੇ ਵਿਦਿਆ ਦੀ ਘਾਟ ਹੀ ਹੈ। ਇਹਨਾਂ ਲੋਕਾਂ ਨੇ ਫਿਰ ਦੇਸ਼ ਦੀ ਵਾਗਡੋਰ ਕਿਸ ਤਰ੍ਹਾਂ ਸੰਭਾਲਣੀ ਹੈ ਜਾਂ ਕਿਸ ਤਰ੍ਹਾਂ ਦੀ ਤਰੱਕੀ ਦੀਆਂ ਸੋਚਾਂ ਅਪਣਾਉਣੀਆਂ ਹਨ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਾਇਆ ਜਾ ਸਕਦਾ ਹੈ। ਇਹ ਰਾਜਨੀਤਕ ਵਪਾਰੀ ਹੀ ਹਨ ਜਿਹੜੇ ਆਪਣੀ ਤਰੱਕੀ ਨੂੰ ਹੀ ਦੇਸ਼ ਦੀ ਤਰੱਕੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਦੇਸ਼ ਪੰਜਾਬ ਦੇ ਪਿੰਡਾਂ ਵਿਚ ਰਹਿ ਰਹੀ ਸੱਤਰ ਫੀਸਦੀ ਅਬਾਦੀ ਭਿਆਨਕ ਰੋਗਾਂ ਵਿਚ ਘਿਰੀ ਹੋਈ ਹੈ ਸਿਹਤ ਸਹੂਲਤਾਂ ਨਾ-ਮਾਤਰ ਹੀ ਹਨ। ਪੜ੍ਹਾਈ ਪੱਖੋਂ ਸੂਬਾ ਹਰ ਸਾਲ ਲਗਾਤਾਰ ਪਛੜ ਰਿਹਾ ਹੈ। ਸੂਬੇ ਦੇ ਕੁਦਰਤੀ ਅਰਥ ਵਿਵਸਥਾ ਨੂੰ ਸੁਧਾਰਨ ਦੇ ਮੁਨਾਫੇ ਵਾਲੇ ਸੋਮੇ ਕੇਂਦਰ ਸਰਕਾਰ ਦੀ ਸਹਿ 'ਤੇ ਲੁੱਟੇ ਜਾ ਰਹੇ ਹਨ। ਬਿਜਲੀ ਅਤੇ ਪੀਣ ਵਾਲਾ ਪਾਣੀ ਵੀ ਸਭ ਲੋਕਾਂ ਨੂੰ ਉਪਲਬਧ ਨਹੀਂ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ ਰਾਜਨੀਤਕ ਵਪਾਰੀ ਦੀ ਸੋਚ ਇਥੋਂ ਤੱਕ ਹੀ ਸੀਮਤ ਹੋ ਗਈ ਹੈ ਕਿ ਉਹ ਜਿਸ ਤਰ੍ਹਾਂ ਦੀ ਵੀ ਨੀਤੀ ਨੂੰ ਅਪਣਾ ਕੇ ਇਸ ਵੱਡੇ ਮੁਨਾਫੇ ਵਾਲੀ ਵਪਾਰ ਦਾ ਵਪਾਰੀ ਬਣਿਆ ਰਹੇ। ਭਾਵੇਂ ਦੇਸ਼ ਦੇ ਆਮ ਵੋਟਰਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਹ ਸੂਬੇ ਦੇ ਭਲੇ ਦੀ ਖਾਤਰ ਜਿਨਾਂ ਲੋਕਾਂ ਨੂੰ ਚੁਣਨ ਜਾ ਰਹੇ ਹਨ ਕੀ ਉਹ ਆਪਣੇ ਘਰ ਦੀ ਤਰੱਕੀ ਦੀ ਸੋਚ ਛੱਡ ਕੇ ਲੋਕਾਂ ਵਾਸਤੇ ਵੀ ਕੁਝ ਸੋਚ ਰੱਖਦੇ ਹਨ ਜਾਂ ਨਹੀਂ ਪਰ ਹੇਠਲੇ ਲੋਕਾਂ ਦੀਆਂ ਨਿੱਜੀ ਖੁਦਗਰਜ਼ੀਆਂ ਵੋਟਰਾਂ ਨੂੰ ਸਭ ਪਤਾ ਹੋਣ ਦੇ ਬਾਵਜੂਦ ਵੀ ਗਲਤ ਰਾਜਨੀਤਕ ਆਗੂ ਚੁਣਨ ਲਈ ਮਜ਼ਬੂਰ ਕਰਦੀਆਂ ਹਨ। ਅਸੀਂ ਦੇਖਦੇ ਹਾਂ ਕਿ ਇਹਨਾਂ ਖੁਦਗਰਜ਼ੀਆਂ ਨੇ ਹੀ ਦੇਸ਼ ਪੰਜਾਬ ਦੀ ਹਾਲਤ ਇਹ ਕਰ ਦਿੱਤੀ ਹੈ ਕਿ ਜੋ ਪੰਜਾਬ ਕਦੇ ਦੇਸ਼ ਦਾ ਇਕ ਨੰਬਰ ਤਰੱਕੀ ਵਾਲਾ ਸੂਬਾ ਹੁੰਦਾ ਸੀ ਅੱਜ ਵਿਕਾਸ ਪੱਖੋਂ ਪਛੜ ਕੇ 19ਵੇਂ ਸਥਾਨ 'ਤੇ ਖਿਸਕ ਗਿਆ ਹੈ। ਅਮੀਰ ਅਤੇ ਗਰੀਬ ਦਾ ਪੁਆੜਾ ਦਿਨੋਂ ਦਿਨ ਵਧ ਜਾਣ ਨਾਲ ਸੂਬੇ ਵਿਚ ਅਜਾਰਕਤਾ ਦੀਆਂ ਘਟਨਾਵਾਂ ਵਿਚ ਵੀ ਹਰ ਸਾਲ ਵਾਧਾ ਹੋ ਰਿਹਾ ਹੈ। ਜੇ ਇਸ ਗਲਤ ਵਰਤਾਰੇ ਦਾ ਠੀਕ ਢੰਗ ਨਾਲ ਹੱਲ ਨਾ ਕੀਤਾ ਗਿਆ ਤਾਂ ਛੇਤੀ ਹੀ ਇਕ ਦਿਨ ਅਜਿਹਾ ਸਮਾਂ ਆ ਜਾਵੇਗਾ ਜਦੋਂ ਸੂਬੇ ਦਾ ਸਾਰਾ ਪੈਸਾ ਰਾਜਨੀਤਕ ਵਾਪਰੀਆਂ ਪਾਸ ਚਲਾ ਜਾਵੇਗਾ ਅਤੇ ਆਮ ਲੋਕ ਸਧਾਰਨ ਰੋਟੀ ਦਾ ਵੀ ਮੁਥਾਜ ਬਣ ਕੇ ਰਹਿ ਜਾਵੇਗਾ। ਸੂਬੇ ਵਿਚ ਭੁੱਖਮਰੀ ਅਤੇ ਲੁੱਟ-ਖਸੁੱਟ ਦੀਆਂ ਘਟਨਾਵਾਂ ਨਾਲ ਦੇਸ਼ ਮੁੜ ਅਸਥਿਰਤਾ ਵੱਲ ਪਰਤ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਸਮਾਂ ਰਹਿੰਦੇ ਹੀ ਸੂਬੇ ਦਾ ਵੋਟਰ ਜਾਗਰੂਕ ਹੋ ਕੇ ਆਪਣੇ ਆਗੂ ਉਹਨਾਂ ਲੋਕਾਂ ਨੂੰ ਚੁਣੇ ਜੋ ਆਪਣੇ ਭਲੇ ਦੀ ਥਾਂ ਆਪਣੇ ਲੋਕਾਂ ਦੇ ਫਰਜ਼ਾਂ ਪ੍ਰਤੀ ਵਧੇਰੇ ਧਿਆਨ ਦੇਣ ਅਤੇ ਇਹ ਵੀ ਦੇਸ਼ ਦੇ ਭਲੇ ਵਿਚ ਹੋਵੇਗਾ ਕਿ ਰਾਜਨੀਤੀ ਵਿਚ ਵਿਚਰ ਰਹੇ ਲੋਕਾਂ ਲਈ ਪ੍ਰਤੀ ਸਾਲ ਮੁਨਾਫੇ ਦੀ ਵੱਧ ਤੋਂ ਵੱਧ ਸੀਮਾਂ ਮੁਕਰਰ ਕੀਤੀ ਜਾਵੇ ਤਾਂ ਕਿ ਰਾਜਨੀਤਕ ਵਾਪਰੀ ਸਿਆਸਤ ਨੂੰ ਸਿਰਫ਼ ਤੇ ਸਿਰਫ਼ ਵਪਾਰ ਹੀ ਨਾ ਸਮਝਣ ਲੱਗ ਜਾਣ।