ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਥੇਦਾਰ ਦੀ ਨਿਯੁਕਤੀ ਅਤੇ ਅਧਿਕਾਰਾਂ ਬਾਰੇ ਨਿਯਮ ਮਿਥਣ ਦੀ ਲੋੜ


ਕੌਣ ਸਿੱਖ ਤੇ ਕੌਣ ਸਿੱਖ ਨਹੀਂ ਹੈ ਇਹ ਫੈਸਲਾ ਵਾਹਿਗੁਰੂ ਦੇ ਹੱਥ ਹੈ। ਇਹ ਫੈਸਲਾ ਕਰਨ ਦਾ ਅਧਿਕਾਰ ਕਿਸੇ ਮਨੁੱਖ ਦੇ ਹੱਥ ਨਹੀਂ ਦਿੱਤਾ ਗਿਆ। ਜੇ ਸਿੱਖ ਸਿੱਧਾ ਵਾਹਿਗੁਰੂ ਦਾ ਉਪਾਸਕ ਹੈ ਤਾਂ ਕਿਸੇ ਬਰਾਬਰ ਦੇ ਮਨੁੱਖ ਨੂੰ ਕੀ ਅਧਿਕਾਰ ਹੈ ਕਿ ਉਹ ਕਿਸੇ ਦੇ ਸਿੱਖ ਹੋਣ ਜਾਂ ਨਾ ਹੋਣ ਬਾਰੇ ਫੈਸਲਾ ਕਰੇ। ਇਥੋਂ ਤੱਕ ਇਕ ਇਹ ਫੁਰਮਾਨ ਜਾਰੀ ਕਰ ਦੇਵੇ ਕਿ ਫਲਾਣਾ ਬੰਦਾ ਕੌਮ ਦਾ ਹਿੱਸਾ ਨਹੀਂ ਰਿਹਾ। ਉਕਤ ਸਵਾਲਾਂ 'ਤੇ ਵਿਚਾਰ ਚਰਚਾ ਚਲਦੀ ਹੀ ਰਹੀ ਹੈ ਅਤੇ ਅਜੇ ਚੱਲਣ ਦੀ ਸੰਭਾਵਨਾ ਵੀ ਬਣੇ ਰਹਿਣ ਦੀ ਹੀ ਆਸ ਹੈ। ਪ੍ਰੋ. ਸਰਬਜੀਤ ਸਿੰਘ ਧੂੰਦਾ ਤੋਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਪੱਸ਼ਟੀਕਰਨ ਮੰਗੇ ਜਾਣ ਤੋਂ ਬਾਅਦ ਵੱਖ-ਵੱਖ ਮੁਲਕਾਂ ਵਿਚ ਹੋਏ ਸੈਮੀਨਾਰ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜੇ ਕੋਈ ਧਾਰਮਿਕ ਖੁਨਾਮੀ ਸਦਕਾ ਕਿਸੇ ਸਿੱਖ ਤੋਂ ਸਪੱਸ਼ਟੀਕਰਨ ਲਿਆ ਜਾਣਾ ਜ਼ਰੂਰੀ ਬਣ ਹੀ ਗਿਆ ਹੋਵੇ ਤਾਂ ਉਸ ਨੂੰ ਤਲਬ ਕਰਨ ਦਾ ਜਿੰਮਾ ਕਿਸ ਨੂੰ ਹੋਣਾ ਚਾਹੀਦਾ ਹੈ? ਇਸ ਵੇਲੇ ਦੇ ਹਾਲਾਤਾਂ ਅਨੁਸਾਰ ਜਥੇਦਾਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਹੱਕ ਮੁਹੱਈਆ ਨਹੀਂ ਹੈ ਕਿ ਉਹ ਕਿਸੇ ਸਿੱਖ ਬਾਰੇ ਕੌਮ ਦਾ ਹਿੱਸਾ ਹੋਣ ਜਾਂ ਨਾ ਹੋਣ ਬਾਰੇ ਫੈਸਲਾ ਕਰ ਸਕਣ। ਇਸ ਵੇਲੇ ਸਰਬ-ਪ੍ਰਮਾਣਿਤ 'ਸਿੱਖ ਰਹਿਤ ਮਰਿਯਾਦਾ' ਅਨੁਸਾਰ ਹਰ ਸਿੱਖ ਬਰਾਬਰ ਦਾ ਸਿੱਖ ਹੈ ਇਸ ਵਿਚ ਕਿਸੇ ਮਾਮਲੇ ਬਾਰੇ ਵਿਚਾਰ ਕਰਨ ਬਾਰੇ ਸਥਾਨਕ ਪੰਜ ਸਿੱਖਾਂ ਦੇ ਗੁਰਮਤਿ ਦੀ ਰੌਸ਼ਨੀ ਵਿਚ ਕੀਤੇ ਗਏ ਫੈਸਲੇ ਨੂੰ ਕੁਝ ਹਾਲਤਾਂ ਵਿਚ ਮਾਨਤਾ ਜ਼ਰੂਰ ਹੈ। ਜਿਉਂ ਹੀ ਤਖ਼ਤਾਂ ਦੇ ਜਥੇਦਾਰ ਦੀ ਨਿਯੁਕਤੀ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾਣ ਲੱਗੀ ਹੈ ਉਸੇ ਵੇਲੇ ਤੋਂ ਹੀ ਇਹਨਾਂ ਦੇ ਫੈਸਲਿਆਂ ਵਿਚ ਉਲਾਰਵਾਦੀ ਸੋਚ ਦਾ ਬੋਲਬਾਲਾ ਦੇਖਣ ਨੂੰ ਮਿਲ ਰਿਹਾ ਹੈ। ਬਹੁ ਗਿਣਤੀ ਸਿੱਖਾਂ ਨੇ ਇਸ ਰਾਜਨੀਤਕ ਪ੍ਰਭਾਵ ਵਾਲੇ ਸਿਸਟਮ ਨੂੰ ਨਕਾਰ ਕੇ ਕਿਸੇ ਐਸੇ ਸਰਬ-ਸਾਂਝੇ ਢੰਗ ਦੀ ਪ੍ਰੋੜਤਾ ਕਰਨ ਦੇ ਸੁਝਾਅ ਦਿੱਤੇ ਹਨ ਜਿਸ ਨਾਲ ਕਥਿਤ ਰੂਪ ਵਿਚ ਧਾਰਮਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸ਼ਖਸ ਨੂੰ ਵੀ ਇਹ ਯਕੀਨ ਬਣ ਜਾਵੇ ਕਿ ਜੇ ਉਹ ਜਥੇਦਾਰਾਂ ਦੇ ਸੱਦੇ 'ਤੇ ਤਖ਼ਤ ਸਾਹਿਬ 'ਤੇ ਪੇਸ਼ ਹੋਵੇਗਾ ਤਾਂ ਉਸ ਦਾ ਪੱਖ ਧਿਆਨ ਨਾਲ ਸੁਣਨ ਤੋਂ ਬਾਅਦ ਹੀ ਗੁਰਮਤਿ ਯੁਗਤ ਅਨੁਸਾਰ ਫੈਸਲਾ ਕੀਤਾ ਜਾਵੇਗਾ। ਅਫਸੋਸ ਕਿ ਅਜਿਹਾ ਕੁਝ ਪਿਛਲੇ ਸਮੇਂ ਤੋਂ ਹੋ ਹੀ ਨਹੀਂ ਰਿਹਾ ਸਗੋਂ ਪਹਿਲਾਂ ਹੀ ਬਣਾਈ ਗਈ ਸੋਚ ਅਨੁਸਾਰ ਫੈਸਲੇ ਧੱਪ ਦਿੱਤੇ ਜਾਂਦੇ ਰਹੇ ਹਨ ਜਿਸ ਨਾਲ ਜਥੇਦਾਰਾਂ ਖਿਲਾਫ਼ ਅਵਾਜ਼ ਦਿਨੋਂ ਦਿਨ ਹੋਰ ਉਚੀ ਹੋ ਰਹੀ ਹੈ। ਪ੍ਰੋ. ਸਰਬਜੀਤ ਸਿੰਘ ਧੂੰਦਾ ਮਾਮਲੇ ਵਿਚ ਵੀ ਅਜਿਹਾ ਹੀ ਹੋਣ ਦੀ ਸੰਭਾਵਨਾ ਨੂੰ ਲੈ ਕੇ ਅਨੇਕਾਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਤਖ਼ਤ ਸਾਹਿਬ 'ਤੇ ਜਾ ਕੇ ਪੁਜਾਰੀਆਂ ਅੱਗੇ ਪੇਸ਼ ਨਾ ਹੋਣ ਕਿਉਂਕਿ ਇਹਨਾਂ ਲੋਕਾਂ ਨੇ ਜੋ ਫੈਸਲਾ ਭਾਈ ਧੂੰਦਾ ਦੇ ਮਾਮਲੇ 'ਚ ਕਰਨਾ ਹੈ ਉਹ ਗੁਰਮਤਿ ਅਨੁਸਾਰ ਨਹੀਂ ਸਗੋਂ ਕਿਸੇ ਅੰਦਰੂਨੀ ਦਬਾਅ ਸਦਕਾ ਹੀ ਲਿਆ ਜਾਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਤਾਂ ਆਪਣਾ ਫੈਸਲਾ ਪਹਿਲਾਂ ਹੀ ਸੁਣਾ ਦਿੱਤਾ ਹੈ ਜਿਸ ਵਿਚ ਇਕ ਰੇਡੀਓ ਟਾਕ ਸ਼ੋਅ 'ਤੇ ਗੱਲਬਾਤ ਕਰਦਿਆਂ ਸ. ਮੱਕੜ ਸਿੱਖਾਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਮੂੰਹ ਨਾ ਲਾਉਣ ਅਤੇ ਸਿੱਖਾਂ ਨੂੰ ਭੜਕਾਉਣ ਦੇ ਮਨਸ਼ੇ ਨਾਲ ਕਹਿ ਰਿਹਾ ਹੈ ਕਿ ਉਸ ਨੂੰ ਹੈਰਾਨੀ ਹੈ ਕਿ ਸਿੱਖਾਂ ਨੇ ਅਜੇ ਤੱਕ ਧੂੰਦਾ ਦੀ ਖਿੱਚ-ਧੂਹ ਕਿਉਂ ਨਹੀਂ ਕੀਤੀ? ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਇਸ ਮਾਮਲੇ ਵਿਚ ਸ. ਧੂੰਦਾ ਦੇ ਵਿਰੋਧ ਵਿਚ ਸਖ਼ਤ ਲਫਜ਼ਾਂ ਵਿਚ ਆਪਣੇ ਵਿਚਾਰ ਦੇ ਚੁੱਕੇ ਹਨ। ਭਾਵੇਂ ਭਾਈ ਸਰਬਜੀਤ ਸਿੰਘ ਧੂੰਦਾ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਦੀ ਪੂਰੀ ਗੱਲ ਵਿਚੋਂ ਕੱਟ-ਵੱਢ ਕਰਕੇ ਜੋ ਸੀ. ਡੀ. ਤਿਆਰ ਕੀਤੀ ਗਈ ਹੈ ਉਹ ਗਲਤ ਮਨਸ਼ੇ ਤਹਿਤ ਹੀ ਬਣਾਈ ਗਈ ਹੈ ਪਰ ਪਿਛਲੇ ਦਿਨਾਂ ਵਿਚ ਹੀ ਸ੍ਰੀ ਦਰਬਾਰ ਸਾਹਿਬ 'ਚ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਤੋਂ ਸ੍ਰ. ਧੂੰਦਾ ਖਿਲਾਫ਼ ਪੱਤਰ ਪ੍ਰਾਪਤ ਕਰਕੇ ਅਖ਼ਬਾਰਾਂ ਅਤੇ ਹੋਰ ਮੀਡੀਆ ਜਿਸ ਤਰ੍ਹਾਂ ਰਿਲੀਜ਼ ਕੀਤਾ ਗਿਆ ਹੈ ਉਸ ਨੂੰ ਦੇਖ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਤਖ਼ਤ 'ਤੇ ਪੁੱਜੇ ਸ. ਧੂੰਦਾ ਨਾਲ ਕੋਈ ਇਨਸਾਫ਼ ਦੀ ਗੱਲ ਹੋਵੇਗੀ? ਸਾਰੇ ਘਟਨਾਕ੍ਰਮ ਦਾ ਵਿਸਲੇਸ਼ਨ ਕਰਕੇ ਹੀ ਅਨੇਕਾਂ ਸੰਸਥਾਵਾਂ ਅਤੇ ਸਿੱਖ ਹਸਤੀਆਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸਲਾਹ ਦਿੱਤੀ ਹੈ ਕਿ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦਾ ਮਤਲਬ ਪੁਜਾਰੀਵਾਦ ਨੂੰ ਸਹਿ ਦੇਣਾ ਹੀ ਹੋਵੇਗਾ ਇਸ ਲਈ ਜਿਸ ਪੁਜਾਰੀਵਾਦ ਨੂੰ ਸਿੱਖ ਗੁਰੂ ਸਾਹਿਬਾਨਾਂ ਨੇ ਨਕਾਰਿਆ ਹੈ ਉਸੇ ਪੁਜਾਰੀਵਾਦ ਅੱਗੇ ਪੇਸ਼ ਹੋਣਾ ਇਸ ਗਲਤ ਪ੍ਰਬੰਧਕੀ ਸਿਸਟਮ ਨੂੰ ਸਹਿ ਦੇਣਾ ਹੋਵੇਗਾ। ਇਹ ਸਾਰੀ ਗੱਲਬਾਤ ਵਿਚਾਰ ਕੇ ਉਹਨਾਂ ਭਾਈ ਧੂੰਦਾ ਨੂੰ ਸਲਾਹ ਦਿੱਤੀ ਹੈ ਕਿ ਪੁਜਾਰੀਵਾਦ ਅੱਗੇ ਪੇਸ਼ ਹੀ ਨਾ ਹੋਣ।
ਭਾਈ ਧੂੰਦਾ ਨੂੰ ਪੁਜਾਰੀਵਾਦ ਅੱਗੇ ਪੇਸ਼ ਹੋਣ ਤੋਂ ਰੋਕਣ ਵਾਲਿਆਂ ਕੋਲ ਅਜਿਹੀਆਂ ਅਨੇਕਾਂ ਉਦਾਹਰਣਾਂ ਹਨ ਜਦੋਂ ਉਹਨਾਂ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ, ਜਿਹੇ ਗੁਰੂ ਘਰ ਦੇ ਸੱਚੇ ਪ੍ਰਚਾਰਕਾਂ ਨੂੰ ਇਸੇ ਤਖ਼ਤ ਤੋਂ ਕੌਮ ਦਾ ਹਿੱਸਾ ਨਾ ਹੋਣ ਦੇ ਫਤਵੇ ਸੁਣਾਏ ਸਨ। ਉਹਨਾਂ ਦੀ ਗੱਲ ਵਜ਼ਨਦਾਰ ਵੀ ਹੈ ਕਿਉਂਕਿ ਇਸ ਸਮੇਂ ਜੋ ਕੁਝ ਇਹਨਾਂ ਜਥੇਦਾਰਾਂ ਨੇ ਕੀਤਾ ਹੈ ਜਾਂ ਕਰਵਾਇਆ ਜਾ ਰਿਹਾ ਹੈ ਉਹ ਕਿਸੇ ਵੀ ਤਰ੍ਹਾਂ ਕੌਮ ਲਈ ਫਾਇਦੇਮੰਦ ਨਹੀਂ ਹੈ ਸਗੋਂ ਕਈ ਹਾਲਾਤਾਂ ਵਿਚ ਕੌਮ ਦੀ ਤਰੱਕੀ ਦੇ ਪੈਰਾਂ ਵਿਚ ਸੰਗਲ ਬੰਨਣ ਵਾਲੇ ਫੈਸਲੇ ਵੀ ਇਹਨਾਂ ਲੋਕਾਂ ਨੇ ਹੀ ਕੀਤੇ ਹਨ। ਨਾਨਕਸ਼ਾਹੀ ਕੈਲੰਡਰ ਬਾਰੇ ਕੀਤੇ ਗਏ ਫੈਸਲੇ ਨੇ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਕਿ ਇਹਨਾਂ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਦਾ ਹੁਣ ਸਿੱਖ ਸਰੋਕਾਰਾਂ ਨਾਲ ਵਾਸਤਾ ਨਹੀਂ ਰਹਿ ਗਿਆ। ਇਸੇ ਤਰ੍ਹਾਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਨੂੰ ਦਬਾ ਦੇਣ ਅਤੇ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਣਾਉਣ ਲਈ ਦੋ ਮਹੀਨੇ ਦਾ ਸਮਾਂ ਦੇ ਕੇ ਵੀ ਚੁੱਪ ਵੱਟ ਲੈਣੀ ਇਹਨਾਂ ਦੇ ਕਿਰਦਾਰਕੁਸ਼ੀ ਦੀ ਤਸਵੀਰ ਸਾਹਮਣੇ ਲਿਆਉਣੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ, ਫਖ਼ਰੇ ਕੌਮ ਦਾ ਐਵਾਰਡ ਦੇਣਾ ਸਿੱਧ ਕਰਦਾ ਹੈ ਕਿ ਇਹਨਾਂ ਦੇ ਆਪਣ ਹੱਥ-ਵੱਸ ਬਹੁਤੀਆਂ ਕਾਰਵਾਈਆਂ ਰਹਿ ਹੀ ਨਹੀਂ ਗਈਆਂ। ਸਗੋਂ ਸਿੱਖ ਕੌਮ ਦੇ ਅੱਖਾਂ ਵਿਚ ਘੱਟਾ ਪਾਉਣ ਵਰਗੀਆਂ ਗੱਲਾਂ ਕਰਕੇ ਜਥੇਦਾਰਾਂ ਨੂੰ ਤਾਂ ਸਿਰਫ਼ ਵਰਤਿਆ ਹੀ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਕੌਣ ਇਤਬਾਰ ਕਰੇਗਾ ਕਿ ਜਥੇਦਾਰਾਂ ਦੁਆਰਾ ਸਪੱਸ਼ਟੀਕਰਨ ਲਈ ਸੱਦੇ ਗਏ ਕਿਸੇ ਵੀ ਸਿੱਖ ਨਾਲ ਗੁਰਬਾਣੀ ਜੁਗਤ ਅਨੁਸਾਰ ਸਿੱਖ ਮਰਿਯਾਦਾ ਅਨੁਸਾਰ ਫੈਸਲਾ ਲਿਆ ਜਾਵੇਗਾ?
ਹੁਣ ਸਿੱਖ ਕੌਮ ਜੇ ਚਾਹੁੰਦੀ ਹੈ ਕਿ ਪਹਿਲਾਂ ਹੀ ਵਿਵਾਦਾਂ 'ਚੋਂ ਲੰਘ ਰਹੀ ਸਿੱਖ ਕੌਮ ਹੋਰ ਨਵੀਆਂ ਉਲਝਣਾਂ ਵਿਚੋਂ ਨਾ ਲੰਘਣਾ ਪਵੇ ਤਾਂ ਜ਼ਰੂਰੀ ਹੋ ਗਿਆ ਹੈ ਕਿ ਤੁਰੰਤ ਸਰਬੱਤ ਖਾਲਸਾ ਸੱਦ ਕੇ ਜਥੇਦਾਰਾਂ ਦੇ ਅਧਿਕਾਰਾਂ ਅਤੇ ਨਿਯੁਕਤੀਆਂ ਦੇ ਨਿਯਮ ਬਣਾ ਲੈਣ ਨਹੀਂ ਤਾਂ ਪੂਰੀ ਸਿੱਖ ਕੌਮ ਦੀ ਹਾਲਤ ਇਹਨਾਂ ਨੇ ਦੁਨੀਆਂ ਭਰ ਵਿਚ ਹਾਸੋਹੀਣੀ ਬਣਾ ਕੇ ਰੱਖ ਦੇਣੀ ਹੈ ਜਿਸ ਦਾ ਸਭ ਤੋਂ ਵੱਧ ਨੁਕਸਾਨ ਇਹ ਹੋਵੇਗਾ ਕਿ ਨਿੱਤ ਵਿਵਾਦਾਂ 'ਚ ਰਹਿਣ ਵਾਲੀ ਕੌਮ ਤੋਂ ਨਵੀਂ ਸਿੱਖ ਪੀੜ੍ਹੀ ਪਾਸਾ ਵੱਟ ਜਾਵੇਗੀ। ਜਿਹੜਾ ਫੈਸਲਾ ਜ਼ਿਆਦਾ ਨੁਕਸਾਨ ਕਰਵਾ ਕੇ ਅਖੀਰ ਕਰਨਾ ਹੀ ਪੈਣਾ ਹੈ ਕਿਉਂ ਨਾ ਉਹ ਪਹਿਲਾਂ ਹੀ ਕਰ ਲਿਆ ਜਾਵੇ।