ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮੋਟਾਪਾ ਵੀ ਤਾਂ ਇਕ ਬੀਮਾਰੀ ਹੀ ਏ...


ਮੋਟਾਪਾ ਸਿਹਤ ਦੀ ਅਜਿਹੀ ਹਾਲਤ ਹੈ ਜਿਸ ਵਿਚ ਸਾਡੇ ਸਰੀਰ ਦੇ ਕਈ ਹਿੱਸਿਆਂ ’ਤੇ ਚਰਬੀ ਦੀ ਮਾਤਰਾ ਏਨੀ ਵੱਧ ਜਾਂਦੀ ਹੈ ਕਿ ਇਸ ਦਾ ਸਰੀਰ ਉੱਪਰ ਮਾੜਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਰ ਵੱਧ ਜਾਂਦਾ ਹੈ, ਪੇਟ ਤੇ ਕਮਰ ਆਕਾਰ ਵਿਚ ਵੱਧ ਜਾਂਦੇ ਹਨ ਤੇ ਸਰੀਰ ਦਾ ਢਾਂਚਾ ਬੇ-ਢੱਬਾ ਜਿਹਾ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ ਇਹ ਕਈ ਬੀਮਾਰੀਆਂ ਨੂੰ ਵੀ ਜਨਮ ਦੇਂਦਾ ਹੈ ਜਿਨ੍ਹਾਂ ਵਿਚ ਦਿਲ ਦੀਆਂ ਕਈ ਬੀਮਾਰੀਆਂ, ਸਰੀਰ ਵਿਚ ਸ਼ੂਗਰ ਤੇ ਕੋਲੈਸਟਰੋਲ ਦਾ ਲੈਵਲ ਵੱਧਣਾ, ਖੂਨ ਦਾ ਦਬਾਅ ਵੱਧਣਾ, ਘੁਰਾੜਿਆਂ ਦੀ ਸ਼ਿਕਾਇਤ, ਗੰਠੀਆ ਤੇ ਕਈ ਕਿਸਮ ਦਾ ਕੈਂਸਰ ਵੀ ਸ਼ਾਮਲ ਹੋ ਸਕਦਾ ਹੈ। ਮੋਟਾਪੇ ਨਾਲ ਉਮਰ ਵੀ ਘੱਟਦੀ ਹੈ। ਸੰਸਾਰ-ਭਰ ਵਿਚ ਕਰਵਾਏ ਗਏ ਕਈ ਸਰਵੇਖਣਾਂ ਨੇ ਇਹ ਦਰਸਾਇਆ ਹੈ ਕਿ ਮੋਟੇ-ਵਿਅਕਤੀ ਦੂਸਰਿਆਂ ਨਾਲੋਂ ਆਮ-ਤੌਰ ’ਤੇ 6 ਤੋਂ 10 ਸਾਲ ਤੱਕ ਘੱਟ ਉਮਰ ਭੋਗਦੇ ਹਨ।
    ਹੋਰ ਕਈ ਖੇਤਰਾਂ ਵਾਂਗ ਮੋਟਾਪੇ ਵਿਚ ਵੀ ਅਮਰੀਕਾ ਦੀ ਸਰਦਾਰੀ ਹੈ। ਉੱਥੇ ਕਰਵਾਏ ਗਏ ਇਕ ਤਾਜ਼ਾ ਸਰਵੇਖਣ ਅਨੁਸਾਰ 74.6 ਫੀਸਦੀ ਲੋਕ ਮੋਟਾਪੇ ਦਾ ਸ਼ਿਕਾਰ ਹਨ। 1997 ਵਿਚ ਮੋਟਾਪੇ ਦੀ ਇਹ ਦਰ 19.4 ਫੀਸਦੀ ਸੀ ਜੋ ਵੱਧਦੀ-ਵੱਧਦੀ 2008 ਵਿਚ 50.8 ਫੀਸਦੀ ਤੀਕ ਜਾ ਪਹੁੰਚੀ। ਅਮਰੀਕਨ ਸਰਕਾਰ ਇਸ ਮੋਟਾਪੇ ਨੂੰ ਕੰਟਰੋਲ ਵਿਚ ਰੱਖਣ ਲਈ ਬੇ-ਬਹਾ ਖਰਚ ਕਰ ਰਹੀ ਹੈ ਜੋ ਸੰਨ 2000 ਵਿਚ ਇਹ ਸਿੱਧਾ 61 ਬਿਲੀਅਨ ਡਾਲਰ ਸੀ ਤੇ ਅਸਿੱਧੇ ਤੌਰ ’ਤੇ ਇਹ ਹੋਰ 117 ਬਿਲੀਅਨ ਡਾਲਰ ਸੀ। ਹੁਣ ਗਿਆਰਾਂ ਸਾਲ ਬਾਦ ਇਸ ਸਬੰਧੀ ਤਾਜੇ-ਅੰਕੜੇ ਪਤਾ ਨਹੀਂ ਕਿੱਥੇ ਪਹੁੰਚੇ ਹੋਣ।
    ਇਹ ਮੋਟਾਪੇ ਦਾ ਮੁੱਖ ਕਾਰਨ ਸਰੀਰ ਨੂੰ ਵਧੇਰੇ ਸ਼ਕਤੀ ਦੇਣ ਵਾਲੀ ਖੁਰਾਕ ਖਾਣਾ ਅਤੇ ਇਸ ਨੂੰ ਪਚਾਉਣ ਲਈ ਵਰਜਿਸ਼ ਦੀ ਘਾਟ ਹੀ ਮੰਨਿਆ ਜਾਂਦਾ ਹੈ। ਕਈ ਤਰਾਂ੍ਹ ਦੇ ਜੰਕ-ਫੂਡ ਪੀਜ਼ੇ, ਬਰਗਰ, ਨੂਡਲਜ਼ ਆਦਿ ਮਾਰਕਿਟ ਵਿਚ ਆ ਗਏ ਹਨ ਜੋ ਮੋਟਾਪੇ ਦਾ ਕਾਰਨ ਬਣ ਰਹੇ ਹਨ। ਅਜੋਕੇ ਸਮੇਂ ਵਿਚ ਸਮੇਂ ਦੀ ਘਾਟ ਤੇ ਵਧੇਰੇ ਸੁੱਖ-ਰਹਿਣੇ ਹੋਣ ਕਾਰਨ ਬਹੁਤ ਸਾਰੇ ਲੋਕ ਆਪਣੇ ਸਰੀਰਾਂ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੇ ਤੇ ਉਹ ਮੋਟਾਪੇ ਦੇ ਅਸਰ ਹੇਠ ਆ ਰਹੇ ਹਨ। ਰੋਜ਼ਾਨਾ ਸੈਰ ਤੇ ਵਰਜਿਸ਼ ਦੀ ਘਾਟ ਵੀ ਮੋਟਾਪੇ ਦਾ ਵੱਡਾ ਕਾਰਨ ਬਣ ਰਹੀ ਹੈ। ਕਈਆਂ ਹਾਲਤਾਂ ਵਿਚ ਇਹ ਮੋਟਾਪਾ ਜੱਦੀ-ਪੁਸ਼ਤੀ ਵੀ ਹੋ ਸਕਦਾ ਹੈ ਪਰ ਇਸ ਦੀ ਤਾਦਾਦ ਮੁਕਾਲਬਤਨ ਘੱਟ ਹੈ। ਕਿਸੇ ਬੀਮਾਰੀ ਦੀ ਹਾਲਤ ਵਿਚ ਕਈ ਖਾਸ ਕਿਸਮ ਦੀਆਂ ਦਵਾਈਆਂ ਦਾ ਸੇਵਨ ਵੀ ਇਸ ਦਾ ਕਾਰਨ ਹੋ ਸਕਦਾ ਹੈ, ਖਾਸ ਤੌਰ ’ਤੇ ਡਿਪਰੈੱਸ਼ਨ ਨੂੰ ਘੱਟ ਕਰਨ ਵਾਲੀਆਂ ਦਵਾਈਆਂ। ਕੁਝ ਹੱਦ ਤੀਕ ਇਸ ਮੋਟਾਪੇ ਦੇ ਕਾਰਨ ਮਾਨਸਿਕ ਵੀ ਹੋ ਸਕਦੇ ਹਨ ਜਿਸ ਹਾਲਤ ਵਿਚ ਡਾਕਟਰ ਇਹੋ ਜਿਹੀਆਂ ਦਵਾਈਆਂ ਖਾਣ ਦੀ ਸਿਫ਼ਾਰਿਸ਼ ਕਰਦੇ ਹਨ। ਕਈ ਵਾਰ ਕਈ ਲੋਕ ਖੁਰਾਕ ਵੀ ਜ਼ਿਆਦਾ ਨਹੀਂ ਖਾਂਦੇ, ਪ੍ਰੰਤੂ ਫਿਰ ਵੀ ਮੋਟੇ ਹੋਈ ਜਾਂਦੇ ਹਨ। ਇਹ ਉਨ੍ਹਾਂ ਦੇ ਸਰੀਰ ਵਿਚਲੀ ਪ੍ਰਕਿਰਿਆ ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ‘ਮੈਟਾਬੋਲਿਜ਼ਮ’ ਕਿਹਾ ਜਾਦਾ ਹੈ, ਸੁਸਤ ਹੋਣ ਕਾਰਨ ਹੋ ਸਕਦਾ ਹੈ। ਉਹ ਖੁਰਾਕ ਨੂੰ ਛੇਤੀ ਸਰੀਰਕ-ਊਰਜਾ ਵਿਚ ਨਹੀਂ ਬਦਲ ਸਕਦੇ। ਅਜਿਹੇ ਲੋਕਾਂ ਦੀ ਗਿਣਤੀ ਭਾਵੇਂ ਘੱਟ ਹੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਸ ਦਾ ਇਲਾਜ ਕਰਾਉਣਾ ਚਾਹੀਦਾ ਹੈ। ਜ਼ਿਆਦਾ ਗਿਣਤੀ ਵਧੇਰੇ ਖਾਣ ਵਾਲਿਆਂ ਦੀ ਹੀ ਹੈ ਅਤੇ ਖੁਰਾਕ ਵੀ ਉਹ ਜਿਸ ਵਿਚ ਚਿਕਨਾਈ ਤੇ ਖੰਡ ਦੀ ਮਾਤਰਾ ਵਧੇਰੇ ਤੇ ਰੇਸ਼ੇਦਾਰ-ਪਦਾਰਥਾਂ ਦੀ ਘਾਟ ਹੁੰਦੀ ਹੈ ਜੋ ਉਨ੍ਹਾਂ ਦੇ ਮੋਟਾਪੇ ਦਾ ਮੁੱਖ ਕਾਰਨ ਬਣਦੀ ਹੈ। ਹੋਰ ਕਾਰਨਾਂ ਵਿਚ ਨੀਂਦ ਦਾ ਘੱਟ ਆਉਣਾ, ਜ਼ਿਆਦਾ ਦੇਰ ਤੀਕ ਲੰਮੇ ਪਏ ਰਹਿਣਾ ਤੇ ਲੰਮੇ ਪੈ ਕੇ ਟੀ.ਵੀ. ਵੇਖਣਾ ਅਤੇ ਔਰਤਾਂ ਦਾ ਵਧੇਰੀ ਉਮਰ ਵਿਚ ਗਰੜ ਧਾਰਨ ਕਰਨਾ ਵੀ ਸ਼ਾਮਲ ਹੋ ਸਕਦੇ ਹਨ।
    ਮੋਟਾਪੇ ਦੀ ਗਿਣਤੀ-ਮਿਣਤੀ ਲਈ ਮੈਡੀਕਲ ਡਾਕਟਰਾਂ ਵੱਲੋ ਇਕ ਮੋਟਾ ਜਿਹਾ ਫਾਰਮੂਲਾ ਤਿਆਰ ਕੀਤਾ ਗਿਆ ਹੈ ਜਿਸ ਨਾਲ ਕੋਈ ਵਿਅੱਕਤੀ ਇਹ ਪਤਾ ਲਗਾ ਸਕਦਾ ਹੈ ਕਿ ਉਹ ਕਿੰਨਾ ਕੁ ਮੋਟਾ ਹੈ ਤੇ ਉਸ ਨੂੰ ਕਿੰਨਾ ਭਾਰ ਘਟਾਉਣਾ ਚਾਹੀਦਾ ਹੈ। ਇਸ ਨੂੰ ਮੈਡੀਕਲ-ਭਾਸ਼ਾ ਵਿਚ ‘ਬੀ.ਐੱਮ.ਆਈ.’ ਜਾਂ ‘ਬਾਡੀ ਮਾਸ ਇੰਡੈੱਕਸ’ ਕਹਿੰਦੇ ਹਨ ਜੋ ਸਰੀਰ ਦੇ ਭਾਰ ਤੇ ਕੱਦ ਦੀ ਆਪਸ ਵਿਚ ਤੁਲਣਾ ਕਰਦੀ ਹੈ ਤੇ ਦੱਸਦੀ ਹੈ ਕਿ ਕਿੰਨੇ ਕੱਦ ਲਈ ਕਿੰਨਾ ਭਾਰ ਚਾਹੀਦਾ ਹੈ। ਜਿੰਨਾ ਵਧੇਰੇ ਹੋਵੇ ਉਸ ਨੂੰ ਜਿਵੇਂ ਜਿਸ ਢੰਗ ਨਾਲ ਚਾਹੋ ਘਟਾ ਸਕਦੇ ਹੋ। ਇਸ ਫਾਰਮੂਲੇ ਅਨੁਸਾਰ ਇਹ ਬੀ.ਐੱਮ.ਆਈ. ਆਮ ਮਨੁੱਖ ਲਈ 25 ਤੋਂ 30 ਕਿਲੋ ਗ੍ਰਾਮ ਪ੍ਰਤੀ ਮੀਟਰ ਸਕੇਅਰ ਦੇ ਵਿਚਕਾਰ ਹੋਣਾ ਚਾਹੀਦਾ ਹੈ। ਜੇ ਇਹ 30 ਕਿਲੋ ਗ੍ਰਾਮ ਪ੍ਰਤੀ ਮੀਟਰ ਸਕੇਅਰ ਤੋਂ ਵੱਧ ਹੈ ਤਾਂ ਉਹ ਮਨੁੱਖ ਮੋਟਾ ਹੈ ਤੇ ਇਹ ਜਿੰਨਾ ਇਸ ਤੋਂ ਵਧੇਰੇ ਹੈ, ਓਨਾ ਹੀ ਭਾਰ ਘਟਾਉਣ ਦੀ ਜ਼ਰੂਰਤ ਹੈ।
    ਹੁਣ ਮਸਲਾ ਇਹ ਹੈ ਕਿ ਇਹ ਵਾਧੂ ਭਾਰ ਘਟਾਇਆ ਕਿਵੇਂ ਜਾਏ। ਇਸ ਦੇ ਲਈ ਸੱਭ ਤੋਂ ਜ਼ਰੂਰੀ ਤਾਂ ਆਪਣੇ ਆਪ ਵਿਚ ਲੋੜੀਂਦੀ ਇੱਛਾ-ਸ਼ਕਤੀ ਪੈਦਾ ਕਰਨ ਦੀ ਜ਼ਰੂਰਤ ਹੈ ਕਿ ਮੈਂ ਇਹ ਕੰਮ ਕਰਨਾ ਹੈ। ਫੇਰ, ਆਪਣੀ ਖੁਰਾਕ ’ਤੇ ਕੰਟਰੋਲ ਕਰਨਾ ਤੇ ਇਹ ਵੇਖਣਾ ਕਿ ਮੈਂ ਜ਼ਿਆਦਾ ਚਿਕਨਾਈ ਤੇ ਸ਼ੂਗਰ ਵਾਲੀ ਖੁਰਾਕ ਤਾਂ ਨਹੀਂ ਲੈ ਰਿਹਾ। ਜੇ ਇੰਜ ਹੈ ਤਾਂ ਇਸ ਤੋਂ ਪ੍ਰਹੇਜ਼ ਕੀਤਾ ਜਾਏ। ਸਾਦੀ ਖੁਰਾਕ ਖਾਧੀ ਜਾਏ ਜਿਸ ਵਿਚ ਫਲ, ਹਰੀਆਂ ਸਬਜ਼ੀਆਂ, ਰੇਸ਼ੇਦਾਰ-ਪਦਾਰਥ ਆਦਿ ਜ਼ਿਆਦਾ ਮਾਤਰਾ ਵਿਚ ਹੋਣ ਤੇ ਆਟਾ, ਚਾਵਲ, ਆਦਿ ਘੱਟ ਘੱਟ ਹੋਣ, ਕਿਉਂਜੋ ਕਾਰਬੋਹਾਈਡਰੇਟ ਵਧੇਰੇ ਲੈਣ ਨਾਲ ਮੋਟਾਪਾ ਵੱਧਦਾ ਹੈ। ਰੋਜ਼ਾਨਾ ਸੈਰ ਤੇ ਵਰਜਿਸ਼ ਵੱਲ ਪੂਰਾ ਧਿਆਨ ਦਿੱਤਾ ਜਾਵੇ। ਲੰਮੇ ਪੈ ਕੇ ਬਹੁਤੀ ਦੇਰ ਟੀ.ਵੀ. ਵੇਖਣਾ ਵੀ ਮੋਟਾਪੇ ਦਾ ਇਕ ਕਾਰਨ ਬਣਦਾ ਹੈ। ਇਸ ਤੋਂ ਵੀ ਥੋੜ੍ਹਾ ਜਿਹਾ ਪ੍ਰਹੇਜ਼ ਕਰਨਾ ਬਣਦਾ ਹੈ। ਇਨ੍ਹਾਂ ਗੱਲਾਂ ਦਾ ਖਿਆਲ ਰੱਖ ਕੇ ਅਸੀ ਮੋਟਾਪੇ ਉੱਪਰ ਕੁਝ ਹੱਦ ਤੀਕ ਕੰਟਰੋਲ ਕਰਨ ਵਿਚ ਜ਼ਰੂਰ ਕਾਮਯਾਬ ਹੋ ਸਕਦੇ ਹਾਂ। ਆਸ ਹੈ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ।  
ਡਾ. ਸੁਖਦੇਵ ਸਿੰਘ ਝੰਡ
647-864-9128