ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਹੱਡੀਆਂ ਦਾ ਦੁਸ਼ਮਣ ਹੈ ਆਸਟੀਓਪੋਰੋਸਿਸ


ਮਨੁੱਖਾਂ ਦੀ ਔਸਤ ਉਮਰ ਵਧਣ ਕਾਰਨ ਬਜ਼ੁਰਗਾਂ ਦੀ ਗਿਣਤੀ ਵਿਚ ਨਿਸਚੇ ਹੀ ਵਾਧਾ ਹੋਇਆ ਹੈ ਅਤੇ ਜਿਸ ਦੇ ਸਿੱਟੇ ਵਜੋਂ ਅੱਜ ਦੇ ਯੁੱਗ ਵਿਚ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੇ ਵੀ ਕੁਝ ਜ਼ਿਆਦਾ ਹੀ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਨ੍ਹਾਂ ਸਮੱਸਿਆਵਾਂ ਦੀ ਲੰਮੀ ਸੂਚੀ ਵਿਚੋਂ ਇਕ ਹੈ ‘ਸਾਈਲੈਂਟ ਡਿਸੀਜ਼ ਆਸਟੀਓਪੋਰੋਸਿਸ‘।
    ਆਸਟੀਓਪੋਰੋਸਿਸ ਵਿਚ ਹੱਡੀਆਂ ਦੀ ਘਣਤਾ ਅਤੇ ਅਸਥੀਮੱਜਾ ਬਹੁਤ ਘਟ ਜਾਂਦਾ ਹੈ। ਨਾਲ ਹੀ ਹੱਡੀਆਂ ਦੀ ਬਨਾਵਟ ਵੀ ਵਿਗੜ ਜਾਂਦੀ ਹੈ, ਜਿਸ ਨਾਲ ਹੱਡੀਆਂ ਬਹੁਤ ਜ਼ਿਆਦਾ ਭੁਰਭੁਰੀਆਂ ਅਤੇ ਅਤਿ-ਸੰਵੇਦਨਸ਼ੀਲ ਹੋ ਜਾਂਦੀਆਂ ਹਨ। ਇਸ ਕਾਰਨ ਹੱਡੀਆਂ ’ਤੇ ਥੋੜ੍ਹਾ ਭਾਰ ਪੈਣ ਜਾਂ ਥੋੜ੍ਹੀ ਜਿਹੀ ਸੱਟ ਲੱਗਣ ਨਾਲ ਵੀ ਇਹ ਟੁੱਟ ਜਾਂਦੀਆਂ ਹਨ।
    ਹੱਡੀਆਂ ਵਿਚ ਬਣਨ-ਵਿਗੜਨ ਦਾ ਅਮਲ ਸਾਡੇ ਸਰੀਰ ਵਿਚ ਚਲਦਾ ਰਹਿੰਦਾ ਹੈ, ਜਿਸ ਰਾਹੀਂ ਹੱਡੀ ਦੀ ਉਚਿਤ ਘਣਤਾ ਅਤੇ ਮਜ਼ਬੂਤੀ ਨਿਰਧਾਰਤ ਹੁੰਦੀ ਹੈ। ਆਮ ਤੌਰ ’ਤੇ 30 ਸਾਲ ਦੀ ਉਮਰ ਤੋਂ ਬਾਅਦ ਹੱਡੀ ਬਣਨ ਦੀ ਪ੍ਰਕਿਰਿਆ ਦੇ ਮੁਕਾਬਲੇ ਹੱਡੀ ਦੇ ਖੁਰਨ ਦੀ ਪ੍ਰਕਿਰਿਆ ਵਧ ਜਾਂਦੀ ਹੈ ਅਤੇ ਇਥੋਂ ਹੀ ਸ਼ੁਰੂ ਹੁੰਦੀ ਹੈ ‘ਆਸਟੀਓਪੋਰੋਸਿਸ’ ਜਾਂ ‘ਹੱਡੀ-ਖੁਰਨ’ ਵਰਗੀ ਸਮੱਸਿਆ। ਮੁੱਖ ਹਾਰਮੋਨਜ਼, ਜੋ ਹੱਡੀਆਂ ਦੀ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ, ਉਹ ਗ੍ਰੋਥ ਹਾਰਮੋਨ ਇਸਟਰੋਜਨ ਅਤੇ ਥਾਇਰਾਡ ਹਾਰਮੋਨ ਹਨ। ਇਹ ਰੋਗ ਔਰਤਾਂ ਵਿਚ ਮਰਦਾਂ ਦੇ ਮੁਕਾਬਲੇ ਵਧੇਰੇ ਪਾਇਆ ਜਾਂਦਾ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਮਾਹਵਾਰੀ ਤੋਂ ਬਾਅਦ ਇਸਟਰੋਜਨ ਹਾਰਮੋਨ ਦੀ ਘਾਟ ਹੋਣ ਲਗਦੀ ਹੈ, ਜਿਸ ਕਾਰਨ ਸਰੀਰ ਦੀਆਂ ਹੱਡੀਆਂ ਦੇ ਤਰਲ ਹਿੱਸੇ ਵਿਚ ਕਮੀ ਆ ਜਾਂਦੀ ਹੈ। ਜਿਨ੍ਹਾਂ ਔਰਤਾਂ ਵਿਚ ਹੱਡੀਆਂ ਦੇ ਤੇਜ਼ੀ ਨਾਲ ਖੁਰਨ ਦੀ ਸੰਭਾਵਨਾ ਹੈ, ਉਹ ਹਨ :  ਜਿਨ੍ਹਾਂ ਵਿਚ ਮੀਨੋਪਾਜ਼ 45 ਸਾਲ ਦੀ ਉਮਰ ਤੋਂ ਪਹਿਲਾਂ ਹੋਈ ਹੋਵੇ।  ਜਿਨ੍ਹਾਂ ਵਿਚ ਆਪ੍ਰੇਸ਼ਨ ਰਾਹੀਂ ਬੱਚੇਦਾਨੀ ਤੇ ਅੰਡੇ ਕੱਢ ਦਿੱਤੇ ਗਏ ਹੋਣ।  ਜਿਨ੍ਹਾਂ ਵਿਚ ਲੰਮੇ ਵਕਫ਼ੇ ਤੱਕ ਖੂਨ ਨਾ ਨਿਕਲਿਆ ਹੋਵੇ।  ਕੈਲਸ਼ੀਅਮ, ਵਿਟਾਮਿਨ ਡੀ ਅਤੇ ਪ੍ਰੋਟੀਨਜ਼ ਦੀ ਘਾਟ।  ਬਹੁਤ ਜ਼ਿਆਦਾ ਦੁਬਲਾ-ਪਤਲਾ ਹੋਣਾ।  ਸਿਗਰਟ, ਸ਼ਰਾਬ ਜਾਂ ਫਿਰ ਵਧੇਰੇ ਕਾਫੀ ਦੀ ਵਰਤੋਂ।  ਜ਼ਿਆਦਾ ਤੁਰਦੇ-ਫਿਰਦੇ ਨਾ ਹੋਣਾ।  ਲੰਮੇ ਸਮੇਂ ਤੱਕ ਸਟੀਰਾਈਡਜ਼ ਜਾਂ ਥਾਇਰਾਕਸਿਨ ਦੀ ਵਰਤੋਂ।
    ਅਜਿਹਾ ਵੀ ਦੇਖਿਆ ਗਿਆ ਹੈ ਕਿ ਖੂਨ ਦਾ ਦਬਾਅ ਜ਼ਿਆਦਾ ਹੋਣ ’ਤੇ ਹੱਡੀਆਂ ਜ਼ਿਆਦਾ ਤੇਜ਼ੀ ਨਾਲ ਕਮਜ਼ੋਰ ਅਤੇ ਖੁਰਨ ਲਗਦੀਆਂ ਹਨ ਕਿਉਂਕਿ ਖੂਨ ਦੇ ਦਬਾਅ ਜ਼ਿਆਦਾ ਹੋਣ ’ਤੇ ਪਿਸ਼ਾਬ ਰਾਹੀਂ ਕੈਲਸ਼ੀਅਮ ਤੇਜ਼ੀ ਨਾਲ ਨਿਕਲਣ ਲਗਦਾ ਹੈ ਅਤੇ ਇਸ ਦੀ ਪੂਰਤੀ ਭੋਜਨ ਵਿਚ ਕੈਲਸ਼ੀਅਮ ਦੀ ਮਾਤਰਾ ਵਧਾ ਕੇ ਵੀ ਨਹੀਂ ਹੋ ਸਕਦੀ। ਆਸਟੀਓਪੋਰੋਸਿਸ ਦੇ ਇਲਾਜ ਵਿਚ ਜਾਂਚ ਦੀ ਬਹੁਤ ਮਹੱਤਤਾ ਹੈ। ਜੇਕਰ ਇਸ ਦਾ ਸ਼ੁਰੂਆਤੀ ਸਥਿਤੀ ਵਿਚ ਪਤਾ ਲੱਗ ਜਾਏ, ਤਾਂ ਇਸ ਨੂੰ ਨਾ ਕੇਵਲ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ ਸਗੋਂ ਹੱਡੀ ਦੇ ਖੁਰਨ ਦੀ ਪੂਰਤੀ ਵੀ ਕੀਤੀ ਜਾ ਸਕਦੀ ਹੈ। ਆਸਟੀਓਪੋਰੋਸਿਸ ਦਾ ਪਤਾ ਹੱਡੀਆਂ ਦੀ ਘਣਤਾ ਮਾਪ ਕੇ ਕੀਤਾ ਜਾਂਦਾ ਹੈ। ਇਸ ਲਈ ਆਮ ਤੌਰ ‘ਤੇ ਐਕਸਰੇ, ਕੰਪਿਊਟਰ ਰਾਹੀਂ ਟੋਮੋਗ੍ਰਾਫੀ ਸਕੈਨ, ਅਲਟਰਾਸਾਊਂਡ, ਬੋਨ ਡੈਂਸੀਓਮੈਂਟਰੀ ਸਕੈਨ ਅਤੇ ਡੇਕਸਾਬੋਨ ਸਕੈਨ ਵਿਚ ਹੱਡੀਆਂ ਦੀ ਘਣਤਾ ਮਾਪੀ ਜਾਂਦੀ ਹੈ। ਆਸਟੀਓਪੋਰੋਸਿਕ ਕਾਰਨ ਸਰੀਰ ਵਿਚ ਹੱਡੀਆਂ ਕਮਜ਼ੋਰ ਅਤੇ ਭੁਰਭੁਰੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਕਮਰ ਅਤੇ ਗੋਡੇ ਵਰਗੇ ਜੋੜਾਂ ਨੂੰ ਸਰੀਰ ਦਾ ਭਾਰ ਝੱਲਣ ਵਿਚ ਮੁਸ਼ਕਿਲ ਹੁੰਦੀ ਹੈ ਅਤੇ ਉਨ੍ਹਾਂ ਵਿਚਲਾ ਗੱਦੀਨੁਮਾ ਕਾਰਟੀਲੇਜ ਖ਼ਤਮ ਹੋਣ ਲਗਦਾ ਹੈ ਅਤੇ ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਜੋੜਾਂ ਦੀਆਂ ਹੱਡੀਆਂ ਵਿਚ ਰਗੜ ਨਾਲ ਜੋੜਾਂ ਦੀ ਸਤਹ ਖੁਰਦੁਰੀ ਹੋ ਜਾਂਦੀ ਹੈ। ਆਰਥਰਾਈਟਸ ਕਾਰਨ ਹੋਣ ਵਾਲੀ ਨਾ ਸਹਿਣਯੋਗ ਦਰਦ ਤੋਂ ਬਚਣ ਲਈ ਜ਼ਿਆਦਾ ਲੋਕ ਦਵਾਈਆਂ ’ਤੇ ਨਿਰਭਰ ਕਰਦੇ ਹਨ ਜਿਵੇਂ ਕਿ ‘ਸਟੀਰਾਈਡਸ’। ਇਸ ਦਾ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਵਧੇਰੇ ਸਟੀਰਾਈਡਸ ਦੀ ਵਰਤੋਂ ਨਾਲ ਆਸਟੀਓਪੋਰੋਸਿਸ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਅਖੀਰ ਇਹ ਸਾਰਾ ਅਮਲ ਇਕ ਦੁਖਦਾਈ ਚੱਕਰ ਦਾ ਰੂਪ ਧਾਰ ਲੈਂਦਾ ਹੈ। ਡਾ: ਸੁਭਾਸ਼ ਸ਼ਲਿਆ ਨੇ ਇਕ ‘ਆਸਟੀਓਪੋਰੋਸਿਸ ਰਿਵਰਸਲ ਪ੍ਰੋਗਰਾਮ’ ਡਿਜ਼ਾਈਨ ਕੀਤਾ ਹੈ। ਇਸ ਅਨੁਸਾਰ ਕਿਸੇ ਰੋਗ ਦਾ ਬਚਾਅ ਹਮੇਸ਼ਾ ਇਲਾਜ ਤੋਂ ਵਧੀਆ ਬਦਲ ਹੈ। ਇਸ ਲਈ ਆਸਟੀਓਪੋਰੋਸਿਸ ਪ੍ਰਤੀ ਆਪਣੀ ਜਾਗਰੂਕਤਾ ਹੀ ਇਸ ਰੋਗ ਦਾ ਅੱਧਾ ਇਲਾਜ ਹੈ। ਰੁਝੇਵੇਂ ਭਰੀ ਜੀਵਨ-ਸ਼ੈਲੀ ਨੂੰ ਅਪਣਾ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ। ਆਪਣੇ ਰੋਜ਼ਾਨਾ ਦੇ ਭੋਜਨ ਵਿਚ ਕੈਲਸ਼ੀਅਮ, ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਮਾਤਰਾ ਵਧਾਓ। ਸਾਧਾਰਨ ਭੋਜਨ ਵਿਚ ਰੋਜ਼ਾਨਾ 11 ਤੋਂ 14 ਸਾਲ ਦੀ ਉਮਰ ਤੱਕ 1200 ਮਿ. ਗ੍ਰਾ. ਕੈਲਸ਼ੀਅਮ, 25 ਤੋਂ 45 ਤੱਕ ਦੀ ਉਮਰ ਤੱਕ 1000 ਮਿ. ਗ੍ਰਾ., ਮਾਹਵਾਰੀ ਤੋਂ ਬਾਅਦ 1500 ਮਿ.ਗ੍ਰਾ. ਦੀ ਖੁਰਾਕ ਹੋਣੀ ਜ਼ਰੂਰੀ ਹੈ। ਰੋਜ਼ਾਨਾ ਕਸਰਤ, ਜਿਵੇਂ ਤੇਜ਼ ਚੱਲਣਾ, ਤੈਰਨਾ ਅਤੇ ਸਾਈਕਲਿੰਗ ਨੂੰ ਆਪਣੀ ਜੀਵਨ-ਸ਼ੈਲੀ ਵਿਚ ਸ਼ਾਮਿਲ ਕਰੋ। ਕੈਲਸ਼ੀਅਮ ਦੀ ਰੋਜ਼ਾਨਾ ਜ਼ਰੂਰਤ ਨੂੰ ਪੂਰਾ ਕਰਨ ਲਈ ਸਕਿਮਡ ਮਿਲਕ, ਦਹੀਂ, ਪਨੀਰ, ਬੀਂਸ, ਪੱਤਾਗੋਭੀ, ਹਰੀਆਂ ਸਬਜ਼ੀਆਂ, ਮੂਲੀ ਆਦਿ ਵਧੇਰੇ ਮਾਤਰਾ ਵਿਚ ਲਓ। ਮੀਨੋਪਾਜ਼ ਤੋਂ ਬਾਅਦ ਹਾਰਮੋਨ ਰਿਪਲੇਸਮੈਂਟ ਥੈਰੇਪੀ ਨੂੰ ਅਪਣਾ ਕੇ ਆਸਟੀਓਪੋਰੋਸਿਸ ਦੇ ਖ਼ਤਰੇ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਸਿਗਰਟ ਅਤੇ ਸ਼ਰਾਬ ਤੋਂ ਬਚੋ, ਕੌਫੀ ਦੀ ਜ਼ਿਆਦਾ ਵਰਤੋਂ ਨਾ ਕਰੋ। ਬੇਲੋੜੀਆਂ ਦਵਾਈਆਂ ਤੋਂ ਬਚੋ (ਜਿਵੇਂ ਸਟੀਰਾਈਡਸ)। ਜਿਨ੍ਹਾਂ ਰੋਗੀਆਂ ਨੂੰ ਹਾਰਮੋਨਸ ਕਿਸੇ ਕਾਰਨ ਨਹੀਂ ਦਿੱਤੇ ਜਾ ਸਕਦੇ, ਉਨ੍ਹਾਂ ਲਈ ਕਾਫੀ ਆਧੁਨਿਕ ਦਵਾਈਆਂ ਹਨ, ਜੋ ਉਸ ਦੀ ਪੂਰਤੀ ਕਰਦੀਆਂ ਹਨ।
ਡਾ. ਸੁਭਾਸ਼ ਸ਼ਲਿਆ