ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਾਬਰ ਵਾਣੀ ਦਾ ਸੰਦੇਸ਼ ਅਤੇ ਪ੍ਰਗਟਾ-ਜੁਗਤ


ਗੁਰੂ ਗ੍ਰੰਥ ਸਾਹਿਬ ਵਿਚ ਬਾਬਰ ਦੇ ਭਾਰਤ ’ਤੇ ਹੋਏ ਹਮਲੇ ਸਬੰਧੀ ਚਾਰ ਸ਼ਬਦ ਮਿਲਦੇ ਹਨ। ਇਹਨਾਂ ਸ਼ਬਦਾਂ ਨੂੰ ‘ਬਾਬਰਵਾਣੀ’ ਦਾ ਨਾਂ ਦਿੱਤਾ ਗਿਆ ਹੈ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਜਿਹਾ ਕੋਈ ਸਿਰਲੇਖ ਨਹੀਂ ਮਿਲਦਾ। ਇਹ ਨਾਂ ਇਨ੍ਹਾਂ ਸ਼ਬਦਾਂ ਵਿਚੋਂ ਇਕ ਤੁਕ (ਬਾਬਰਵਾਣੀ ਫਿਰਿ ਗਈ, ਕੁਇਰ ਨ ਰੋਟੀ ਖਾਇ) ’ਤੇ ਆਧਾਰਿਤ ਹੈ।
    ਗੁਰੂ ਨਾਨਕ ਸਾਹਿਬ ਦੀ ਬਾਬਰ ਨਾਲ ਮੁਲਾਕਾਤ ਦਾ ਜ਼ਿਕਰ ‘ਤੁਜ਼ਕੇ ਬਾਬਰੀ’ ਵਿਚ ਨਹੀਂ ਮਿਲਦਾ ਪਰ ਸਿੱਖ ਰਵਾਇਤਾਂ ਅਨੁਸਾਰ ਗੁਰੂ ਨਾਨਕ ਸਾਹਿਬ ਦੀ ਬਾਬਰ ਨਾਲ ਮੁਲਾਕਾਤ ਹੋਈ ਸੀ। ਇਸ ਲਈ ਇਸ ਤੱਥ ਨੂੰ ਇਕਦਮ ਨਕਾਰਿਆ ਨਹੀਂ ਜਾ ਸਕਦਾ।
    ਸਿੱਖ ਲਿਖਤਾਂ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਬਾਬਰ ਦੇ ਸੈਦਪੁਰ ’ਤੇ ਹੋਏ ਹਮਲੇ ਸਮੇਂ ਹੋਈ ਦੱਸਦੀਆਂ ਹਨ। ਬਾਬਰਵਾਣੀ ਦੇ ਸ਼ਬਦਾਂ ਤੋਂ ਵੀ ਪਤਾ ਚਲਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਸੈਨਾ ਵਲੋਂ ਕੀਤੇ ਦਰਦਨਾਕ ਕਤਲੇਆਮ ਤੇ ਇਸਤਰੀਆਂ ਦੀ ਬੇਪਤੀ ਨੂੰ ਅੱਖੀਂ ਦੇਖਿਆ ਪ੍ਰਤੀਤ ਹੁੰਦਾ ਹੈ।
    ਬਾਬਰ ਦੀ ਆਤਮ ਕਥਾ ‘ਤੁਜ਼ਕੇ ਬਾਬਰੀ’ ਅਨੁਸਾਰ ‘ਸਿਆਲਕੋਟ ਦੇ ਵਸਨੀਕਾਂ ਨੇ ਈਨ ਮੰਨ ਲਈ ਅਤੇ ਆਪਣੇ ਆਪ ਨੂੰ ਬਚਾ ਲਿਆ ਪਰ ਸੱਯਦਪੁਰ ਦੇ ਵਸਨੀਕਾਂ ਨੇ ਟਾਕਰਾ ਕੀਤਾ, ਉਹਨਾਂ ਨੂੰ ਮਾਰ ਦਿੱਤਾ ਗਿਆ, ਉਨ੍ਹਾਂ ਦੇ ਬੱਚਿਆਂ ਤੇ ਔਰਤਾਂ ਨੂੰ ਕੈਦੀ ਬਣਾਇਆ ਅਤੇ ਉਨ੍ਹਾਂ ਦੇ ਘਰਾਂ ਦੇ ਸਮਾਨ ਨੂੰ ਲੁੱਟ ਲਿਆ।
    ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਸੱਯਦਪੁਰ ਦੇ ਹਮਲੇ ਸਮੇਂ ਬਾਬਰ ਦੁਆਰਾ ਕੈਦ ਕੀਤੇ ਬੰਦੀ ਛੁੜਵਾਏ ਸਨ :
    ਤਾਂ ਬਾਬਰ ਪਾਤਸ਼ਾਹ ਆਨ ਖੜ੍ਹਾ ਹੋਇਆ, ਸਲਾਮ ਕੀਤਾ ਤਾਂ ਅਖਿਉਸ, ‘‘ਜੀ ਤੂੰ ਮਿਹਰਵਾਨ ਹੈ’’ ਤਾਂ ਗੁਰੂ ਬਾਬੇ ਆਖਿਆ, ‘‘ਜੇ ਭਲਾ ਚਾਹੁੰਦਾ ਹੈਂ ਤਾਂ ਬੰਦੀਵਾਨ ਛੋਡ ਦੇਹਿ’’ ਤਾਂ ਬਾਬਰ ਬੰਦੀਵਾਨ ਪਹਿਰਾਏ ਕਰਿ ਸਭੁ ਛੋਡ ਦਿੱਤੇ।
    ਸੱਯਦ ਮੁਹੰਮਦ ਲਤੀਫ਼ ਅਨੁਸਾਰ ਗੁਰੂ ਨਾਨਕ ਅਤੇ ਉਹਨਾਂ ਦੇ ਸਿੱਖਾਂ ਨੂੰ ਭਾਈ ਮਰਦਾਨੇ ਸਮੇਤ ਪਕੜ ਕੇ ਐਮਨਾਬਾਦ (ਸੱਯਦਪੁਰ) ਵਿਚ ਬਾਬਰ ਸਾਹਮਣੇ ਪੇਸ਼ ਕੀਤਾ ਗਿਆ। ਬਾਬਰ ਆਪ ਅਰਬੀ ਅਤੇ ਫਾਰਸੀ ਦਾ ਚੰਗਾ ਵਿਦਵਾਨ ਅਤੇ ਕਵੀ ਸੀ। ਗੁਰੂ ਨਾਨਕ ਸਾਹਿਬ ਨਾਲ ਗੱਲਬਾਤ ਕਰਕੇ ਅਤੇ ਉਹਨਾਂ ਤੋਂ ਕਈ ਦਿਲਚਸਪ ਵਿਸ਼ਿਆਂ ’ਤੇ ਗੱਲਬਾਤ ਕਰਕੇ ਬਹੁਤ ਖੁਸ਼ ਹੋਇਆ।
    ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਮਹਿੰਗੇ ਤੋਹਫ਼ੇ ਦੇ ਕੇ ਖੁਸ਼ ਕਰਨਾ ਚਾਹਿਆ ਪਰ ਗੁਰੂ ਨਾਨਕ ਸਾਹਿਬ ਨੇ ਲੈਣ ਤੋਂ ਇਨਕਾਰ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਰਾਜਿਆਂ ਦੇ ਰਾਜੇ ਸੱਚੇ ਪਾਤਸ਼ਾਹ ਸਿਰਜਣਹਾਰ ਦੀ ਭਗਤੀ ਕਰ ਕੇ ਉਸ ਨੂੰ ਹੀ ਖੁਸ਼ ਕਰਨ ਦਾ ਯਤਨ ਕਰਦੇ ਹਨ। ਸੰਸਾਰ ਦੇ ਰਾਜਿਆਂ ਨਾਲ ਉਹਨਾਂ ਦਾ ਕੋਈ ਲੈਣ-ਦੇਣ ਨਹੀਂ ਹੈ, ਰਾਜੇ ਤਾਂ ਆਪ ਸਿਰਜਣਹਾਰ ਦੇ ਬਣਾਏ ਹੋਏ ਹਨ...8 (7 )          ,          .
    ਨਿਰਸੰਦੇਹ 1521 ਈਸਵੀ ਨੂੰ ਬਾਬਰ ਦੇ ਇਸ ਹਮਲੇ ਨੂੰ ਗੁਰੂ ਸਾਹਿਬ ਨੇ ਅੱਖੀਂ ਵੇਖਿਆ। ‘ਸੈਦਪੁਰ ਦੀ ਲੁੱਟ ਖਸੁੱਟ ਅਤੇ ਇਥੋਂ ਦੇ ਵਸਨੀਕਾਂ ਦਾ ਅੰਨ੍ਹੇਵਾਹ ਕੀਤਾ ਕਤਲੇਆਮ ਗੁਰੂ ਜੀ ਨੇ ਆਪਣੀਂ ਅੱਖੀਂ ਦੇਖਿਆ।
    ਬਾਬਰਵਾਣੀ ਦੇ ਇਹਨਾਂ ਚਾਰ ਸ਼ਬਦਾਂ ਵਿਚੋਂ ਤਿੰਨ ਸ਼ਬਦ ਰਾਗ ਆਸਾ ਵਿਚ ਅਤੇ ਇਕ ਰਾਗ ਤਿਲੰਗ ਵਿਚ ਆਇਆ ਹੈ।
    ਬਾਬਰਵਾਣੀ ਦੇ ਇਹਨਾਂ ਸ਼ਬਦਾਂ ਵਿਚ ਮਾਨਵਤਾ ’ਤੇ ਹੋ ਰਹੇ ਅੱਤਿਆਚਾਰਾਂ, ਖੂਨੀ ਕਤਲੇਆਮ ਅਤੇ ਇਸਤਰੀਆਂ ਦੀ ਬੇਪਤੀ ਦਾ ਦਰਦ ਪੂਰੇ ਜ਼ੋਰ ਨਾਲ ਉਭਾਰਿਆ ਗਿਆ ਹੈ। ਅਜਿਹੀ ਬਿਖੜੀ ਸਥਿਤੀ ਲਈ ਸਮੇਂ ਦੇ ਹਾਕਮਾਂ ਅਤੇ ਜਨਤਾ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਇਆ ਹੈ।
    ਬਾਬਰਵਾਣੀ ਵਿਚ ਗੁਰੂ ਨਾਨਕ ਸਾਹਿਬ ਸੱਚ ਨੂੰ ਬੋਲਣ ਦੀ ਤਾਕੀਦ ਕਰਦੇ ਹਨ, ਪਰ ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਸੱਚ ਨੂੰ ਢੁਕਵੇਂ ਸਮੇਂ ਬੋਲਣਾ ਹੀ ਪ੍ਰਸੰਗਕ ਹੈ। ਢੁਕਵੇਂ ਸਮੇਂ ਸੱਚ ਬੋਲਣ ਤੋਂ ਚੂਕ ਕਰ ਜਾਣੀ ਇਸ ਦੀ ਪ੍ਰਸੰਗਕਤਾ ਨੂੰ ਖਤਮ ਕਰ ਦਿੰਦੀਹੈ। ਮਨੁੱਖ ਨੂੰ ਨਿਰਭਉ-ਨਿਰਵੈਰੁ, ਕਰਤਾ-ਪੁਰਖ ’ਤੇ ਟੇਕ ਰੱਖ ਕੇ ਨਿਡਰਤਾ ਤੇ ਨਿਰਪੱਖਤਾ ਨਾਲ ਸੱਚ ਨੂੰ ਉਜਾਗਰ ਕਰਨਾ ਚਾਹੀਦਾ ਹੈ।
ਸਚ ਕੀ ਬਾਣੀ ਨਾਨਕੁ ਆਖੈ
ਸਚੁ ਸੁਣਾਇਸੀ ਸਚ ਕੀ ਬੇਲਾ॥ (723)
    ਗੁਰੂ ਸਾਹਿਬ ਸਪੱਸ਼ਟ ਕਰਦੇ ਹਨ ਕਿ ‘ਸਚਾ ਸੋ ਸਾਹਿਬੁ’ ਸਭ ਨਾਲ ਸਹੀ ਨਿਆਉਂ ਕਰਨ ਵਾਲਾ ਹੈ, ਉਹ ਪਲਾਂ ਵਿਚ ਸੰਸਾਰ ਨੂੰ ਬਣਾ ਅਤੇ ਮਿਟਾ ਸਕਦਾ ਹੈ।
ਸਚਾ ਸੋ ਸਾਹਿਬੁ, ਸਚੁ ਤਪਾਵਸੁ
ਸਚੜਾ ਨਿਆਉ ਕਰੇਗੁ ਮਸੋਲਾ॥ (723)
    ਕਰਤਾ ਆਪ ਸਭ ਕੁਝ ਕਰਨ ਵਾਲਾ ਹੈ। ਉਸ ਦੇ ਹੁਕਮ ਅਨੁਸਾਰੀ ਹੋਣ ਤੋਂ ਬਿਨਾਂ ਮਨੁੱਖ ਕੋਲ ਹੋਰ ਕੋਈ ਚਾਰਾ ਨਹੀਂ ਹੈ। ਉਸ ਤੋਂ ਬਿਨਾਂ ਮਨੁੱਖ ਕਿਧਰੇ ਵੀ ਫਰਿਆਦ ਨਹੀਂ ਕਰ ਸਕਦਾ :
ਆਪੇ ਕਰੇ ਕਰਾਏ ਕਰਤਾ
ਕਿਸ ਨੋ ਆਖਿ ਸੁਣਾਈਐ॥
ਦੁਖੁ ਸੁਖੁ ਤੇਰੈ ਭਾਣੈ ਹੋਵੈ
ਕਿਸ ਥੈ ਜਾਇ ਰੂਆਈਐ॥
ਹੁਕਮੀ ਹੁਕਮਿ ਚਲਾਏ ਵਿਗਸੈ
ਨਾਨਕ ਲਿਖਿਆ ਪਾਈਐ॥ (418)
    ਉਹ ਸੱਚਾ ਸਿਰਜਣਹਾਰ ਜਿਸ ਨੂੰ ਚਾਹੇ ਵਡਿਆਈ ਦੇ ਸਕਦਾ ਹੈ, ਜਿਸ ਨੂੰ ਚਾਹੇ ਸਜ਼ਾ ਦੇ ਸਕਦਾ ਹੈ। ਉਸ ਸਿਰਜਣਹਾਰ ਨੂੰ ਭੁੱਲ ਕੇ ਰੰਗ ਤਮਾਸ਼ਿਆਂ ਵਿਚ ਡੁੱਬੇ ਹਾਕਮ ਅਤੇ ਲੋਕ ਲਾਜ਼ਮੀ ਦੁੱਖ ਉਠਾਉਂਦੇ ਹਨ। ਰੰਗ ਤਮਾਸ਼ਿਆਂ ਵਿਚ ਗਲਤਾਨ ਹਿੰਦੋਸਤਾਨੀ ਪਠਾਣ ਹਾਕਮਾਂ ਨੂੰ ਬਾਬਰ ਤੋਂ ਹਾਰ ਜਾਣ ਅਤੇ ਰੋਟੀ ਤੱਕ ਦੇ ਲਾਲੇ ਪੈ ਗਏ ਸਨ :
ਅਗੋ ਦੇ ਜੇ ਚੇਤੀਐ
ਤਾਂ ਕਾਇਤੁ ਮਿਲੈ ਸਜਾਇ॥
ਸਾਹਾਂ ਸੁਰਤਿ ਗਵਾਈਆ
ਰੰਗਿ ਤਮਾਸੈ ਚਾਇ॥ (417)
    ਆਪਣੇ ਫਰਜ਼ਾਂ ਤੋਂ ਕਿਨਾਰਾ ਕਰਕੇ ਜਨਤਾ ਦੀ ਹਮਲਾਵਰਾਂ ਤੋਂ ਰੱਖਿਆ ਕਰਨ ਵਿਚ ਅਸਫਲ ਰਹਿਣ ਵਾਲੇ ਹਾਕਮਾਂ ਨੂੰ ਗੁਰੂ ਸਾਹਿਬ ਨੇ ਕੁੱਤਿਆਂ ਦੇ ਤੁਲ ਦੱਸ ਕੇ ਸਖ਼ਤ ਫਿਟਕਾਰ ਪਾਈ ਹੈ :
ਰਤਨ ਵਿਗਾੜਿ ਵਿਗੋਏ ਕੁਂਤੀ
ਮੁਇਆ ਸਾਰ ਨ ਕਾਈ॥ (360)
    ਇਸਤਰੀ ਜਾਤੀ ਦੀ ਇਸ ਹਮਲੇ ਦੌਰਾਨ ਹੋਈ ਬੇਪਤੀ ਦੇ ਦੁਖਾਂਤ ਨੂੰ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਗਿਆ ਹੈ। ਜਿਨ੍ਹਾਂ ਸੁੰਦਰ ਵਾਲਾਂ ਵਿਚ ਸੰਧੂਰ ਸਜਦਾ ਸੀ, ਉਹ ਕੈਂਚੀ ਨਾਲ ਕੱਟੇ ਗਏ, ਹਮਲੇ ਸਮੇਂ ਘੋੜਿਆਂ ਨਾਲ ਉਡੀ ਧੂੜ ਉਹਨਾਂ ਇਸਤਰੀਆਂ ਦੇ ਗਲੇ ਆ ਚੜ੍ਹੀ। ਉਹਨਾਂ ਨੂੰ ਬੇਘਰ ਕਰ ਕੇ ਮਹਿਲਾਂ ਤੋਂ ਬਾਹਰ ਕੱਢ ਦਿੱਤਾ ਗਿਆ। ਉਹਨਾਂ ਦਾ ਧਨ ਅਤੇ ਸੁੰਦਰ ਜੋਬਨ, ਜਿਸ ’ਤੇ ਉਹਨਾਂ ਨੂੰ ਬੇਹੱਦ ਮਾਣ ਸੀ, ਅਜਿਹੀ ਤਰਸਯੋਗ ਦਸ਼ਾ ਦਾ ਕਾਰਨ ਬਣ ਗਏ :
ਜਿਨ ਸਿਰਿ ਸੋਹਨਿ ਪਟੀਆ
ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿ੍
ਗਲ ਵਿਚਿ ਆਵੈ ਧੂੜਿ॥
ਮਹਲਾ ਅੰਦਰਿ ਹੋਦੀਆ
ਹੁਣਿ ਬਹਣਿ ਨ ਮਿਲਨਿ੍ ਹਦੂਰਿ॥ 1॥
....    ....    ....    ....   ....
ਧਨੁ ਜੋਬਨੁ ਦੁਇ ਵੈਰੀ ਹੋਏ
ਜਿਨ੍ੀ ਰਖੇ ਰੰਗੁ ਲਾਇ॥
ਦੂਤਾ ਨੋ ਫੁਰਮਾਇਆ
ਲੈ ਚਲੇ ਪਤਿ ਗਵਾਇ॥ (417)
    ਇਸ ਅਸ਼ਟਪਦੀ ਵਿਚ ਬਿੰਬਾਵਲੀ ਕਮਾਲ ਦੀ ਹੈ। ਇਸ ਸਾਰੀ ਘਟਨਾ ਨੂੰ ਅੱਖਾਂ ਅੱਗੇ ਸਾਕਾਰ ਕਰ ਦਿੰਦੀ ਹੈ। ਇਸ ਸੰਕਟ ਦਾ ਕਾਰਨ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਭੁੱਲ ਕੇ ਧਨ ਜੋਬਨ ਦੇ ਗੁਮਾਨ ਵੱਲ ਸਾਫ਼ ਇਸ਼ਾਰਾ ਕਰਦਾ ਹੈ। ਇਸ ਅਸ਼ਟਪਦੀ ਵਿਚ ਵਿਆਹ ਦੀਆਂ ਰਸਮਾਂ ਦੇ ਦਿ੍ਰਸ਼ ਸਮੇਂ ਦੇ ਰੀਤੀ-ਰਿਵਾਜਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਇਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੋੜੀਂਦਾ ਵਾਤਾਵਰਨ ਉਸਾਰ ਕੇ ਸੰਕਟ ਨੂੰ ਉਭਾਰਿਆ ਗਿਆ ਹੈ।
    ਗੁਰੂ-ਲਿਵ, ਭੇਦਭਾਵ ਦੀਆਂ ਕੰਧਾਂ ਉਪਰੋਂ ਪਰਵਾਜ਼ ਕਰ ਕੇ ਇਸ ਸੰਕਟ ਦਾ ਸ਼ਿਕਾਰ ਬਣੀਆਂ ਹਿੰਦੂ, ਤੁਰਕ, ਭਟਿਆਣੀਆਂ ਅਤੇ ਠਕੁਰਾਣੀਆਂ ਸਭ ਦੇ ਦਰਦ ਨੂੰ ਇਕ ਸਮਾਨ ਮਹਿਸੂਸ ਕਰਦੀ ਹੈ :
ਇਕ ਹਿੰਦਵਾਣੀ ਅਵਰ ਤੁਰਕਾਣੀ
ਭਟਿਆਣੀ ਠਕੁਰਾਣੀ॥
ਇਕਨ੍ਾ ਪੇਰਣ ਸਿਰ ਖੁਰ ਪਾਟੇ
ਇਕਨ੍ਾ ਵਾਸੁ ਮਸਾਣੀ॥
ਜਿਨ੍ ਕੇ ਬੰਕੇ ਘਰੀ ਨ ਆਇਆ
ਤਿਨ੍ ਕਿਉ ਰੈਣਿ ਵਿਹਾਣੀ॥ 6॥ (418)
    ਰੈਣਿ ਦਾ ਪ੍ਰਤੀਕ ਬਹੁਤ ਪ੍ਰਭਾਵਸ਼ਾਲੀ ਹੈ। ਇਹ ਵਿਧਵਾ ਇਸਤਰੀ ਦੀ ਦੁੱਖਾਂ ਭਰੀ ਜ਼ਿੰਦਗੀ ਨੂੰ ਬਾਖੂਬੀ ਦਰਸਾਉਂਦਾ ਹੈ। ਇਹਨਾਂ ਤਿੰਨ ਪੰਗਤੀਆਂ ਵਿਚ ‘ਣ’ ਅੱਖਰ ਦੀ ਵਰਤੋਂ 8 ਵਾਰੀ ਹੋਈ ਹੈ। ਇਸ ਨਾਲ ਭਾਵ ਹੋਰ ਗਹਿਰੇ ਹੋਏ ਹਨ।
    ਬਾਬਰ ਵਾਣੀ ਧਨ ਦੀ ਅੰਨ੍ਹੀ ਲਾਲਸਾ ਦੇ ਨਕਾਰਾਤਮਕ ਪ੍ਰਭਾਵ ਨੂੰ ਉਘਾੜਦੀ ਹੈ :
ਇਸੁ ਜਰ ਕਾਰਣਿ ਘਣੀ ਵਿਗੁਤੀ
ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ
ਮੁਇਆ ਸਾਥਿ ਨ ਜਾਈ॥ (417)
    ਧਨ ਦੀ ਪ੍ਰਾਪਤੀ ਲਈ ਵੱਡੇ-ਵੱਡੇ ਖੂਨੀ ਸੰਘਰਸ਼ ਹੁੰਦੇ ਹਨ। ਇਹ ਪਾਪਾਂ ਬਿਨਾਂ ਇਕੱਠੀ ਨਹੀਂ ਹੋ ਸਕਦੀ। ਇਹ ਵਿਅਕਤੀ ਨੂੰ ਖੂੰਖਾਰ ਦਰਿੰਦਾ ਬਣਾ ਦਿੰਦੀ ਹੈ, ਜਿਸ ਕੋਲ ਸੰਵੇਦਨਸ਼ੀਲਤਾ ਅਤੇ ਰਿਸ਼ਤਿਆਂ ਦੇ ਸਤਿਕਾਰ ਦਾ ਕੋਈ ਅਰਥ ਨਹੀਂ ਰਹਿੰਦਾ। ਇਹ ਧਨ ਪਾਪਾਂ ਬਿਨਾਂ ਇਕੱਠਾ ਨਹੀਂ ਹੁੰਦਾ ਅਤੇ ਮਰਨ ਉਪਰੰਤ ਵਿਅਕਤੀ ਦੇ ਨਾਲ ਨਹੀਂ ਜਾਂਦਾ। ਪਰ ਇਸ ਸਚਾਈ ਦੇ ਬਾਵਜੂਦ ਇਹ ਭਰਾਵਾਂ ਵਿਚ ਦੁਸ਼ਮਣੀ ਦੀਆਂ ਸਭ ਹੱਦਾਂ ਪਾਰ ਕਰਨ ਦਾ ਕਾਰਨ ਹੋ ਨਿਬੜਦਾ ਹੈ। ਲੋਧੀ ਪਠਾਣ ਰਾਜੇ ਅਤੇ ਬਾਬਰ ਮੁਸਲਮਾਨ ਹੋਣ ਕਰਕੇ ਭਰਾਵਾਂ ਵਾਂਗ ਸਨ, ਪਰ ਧਨ ਅਤੇ ਕਬਜ਼ੇ ਦੀ ਲਾਲਸਾ ਨੇ ਦੋਹਾਂ ਨੂੰ ਵੈਰੀ ਅਤੇ ਇਕ ਦੂਜੇ ਦੇ ਖੂਨ ਦੇ ਪਿਆਸੇ ਬਣਾ ਦਿੱਤਾ ਜਿਸ ਕਾਰਨ ਇਹ ਵੱਡਾ ਦੁਖਾਂਤ ਸਾਹਮਣੇ ਆਇਆ। ਮੁਗਲਾਂ ਅਤੇ ਪਠਾਣਾਂ ਦੀ ਇਸ ਜੰਗ ਵਿਚ ਭਾਰਤ ਵਾਸੀਆਂ ਦੇ ਅਖੌਤੀ ਪੀਰ ਜਾਦੂ-ਟੂਣਿਆਂ, ਤਵੀਤਾਂ, ਮੰਤਰਾਂ ਆਦਿ ਨਾਲ ਬਾਬਰ ਨੂੰ ਰੋਕਣ ਦਾ ਯਤਨ ਕਰਦੇ ਰਹੇ ਪਰ ਉਹਨਾਂ ਦੀ ਆਸ ਅਨੁਸਾਰ ਨਾ ਤਾਂ ਬਾਬਰ ਦਾ ਹਮਲਾ ਰੁਕਿਆ ਅਤੇ ਨਾ ਹੀ ਉਸ ਦਾ ਕੋਈ ਸੈਨਕ ਮੰਤਰਾਂ ਨਾਲ ਅੰਨ੍ਹਾ ਹੋਇਆ ਉਲਟਾ ਪਠਾਣ ਹਾਕਮ ਮਿੱਟੀ ਵਿਚ ਮਿਲਾ ਦਿੱਤੇ ਗਏ। ਮੁਗਲਾਂ ਨੇ ਤੁਪਕ (ਬੰਦੂਕ) ਦੀ ਵਰਤੋਂ ਕੀਤੀ ਅਤੇ ਉਹ ਵਿੰਨ੍ਹ-ਵਿੰਨ੍ਹ ਕੇ ਨਿਸ਼ਾਨੇ ਲਾਉਂਦੇ ਰਹੇ। ਬੰਦੂਕਾਂ ਤਾਂ ਪਠਾਣਾਂ ਨੇ ਵੀ ਚਲਾਈਆਂ ਪਰ ਉਹ ਮੁਗਲਾਂ ਦਾ ਕੁਝ ਵਿਗਾੜ ਨਾ ਸਕੀਆਂ ਅਤੇ ਪਠਾਣਾਂ ਦੇ ਹੱਥਾਂ ਵਿਚ ਚਿੜ-ਚਿੜ ਕਰ ਕੇ ਰਹਿ ਗਈਆਂ ਕਿਉਂਕਿ ਸ਼ਸਤਰ ਚਲਾਉਣ ਵਿਚ ਮੁਹਾਰਤ ਹਾਸਲ ਕਰਨ ਸਮੇਂ ਉਹ ਰੰਗਰਲੀਆਂ ਮਾਣਦੇ ਰਹੇ।
    ਬਾਬਰਵਾਣੀ ਦੇ ਰਾਗ ਤਿਲੰਗ ਵਿਚ ਆਏ ਸ਼ਬਦ ‘ਜੈਸੀ ਮੈ ਆਵੈ ਖਸਮ ਕੀ ਬਾਣੀ....’ ਵਿਚ ਰਹਾਉ ਦੀ ਵਰਤੋਂ ਨਹੀਂ ਹੋਈ ਹੈ। ਬਾਕੀ ਤਿੰਨੇ ਸ਼ਬਦਾਂ ਵਿਚ ਰਹਾਉ ਦੀ ਵਰਤੋਂ ਹੋਈ ਹੈ। ਰਹਾਉ ਦੀ ਪਹਿਲੀ ਪੰਗਤੀ ਦੂਜੀ ਪੰਗਤੀ ਤੋਂ ਤਕਰੀਬਨ ਅੱਧੀ ਰੱਖੀ ਗਈ ਹੈ। ‘ਕਹਾ ਸੁ ਖੇਲ ਤਬੇਲਾ’ ਅਸ਼ਟਪਦੀ ਵਿਚ ਕਹਾ ਸ਼ਬਦ ਦੀ ਵਰਤੋਂ 9 ਵਾਰੀ ਹੋਈ ਹੈ। ਇਸ ਰਾਹੀਂ ਬੀਤੇ ਸਮੇਂ ਦੀ ਸ਼ਾਨੋ-ਸ਼ੌਕਤ ਦਾ ਵਰਨਣ ਕਰਕੇ, ਕਰਤਾ ਪੁਰਖ ਨੂੰ ਭੁੱਲ ਜਾਣ ’ਤੇ ਇਸ ਦੇ ਖਾਤਮੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਬਿੰਬ ਉਸਾਰਿਆ ਗਿਆ ਹੈ। ਇਸ ਨਾਲ ਸੰਬੋਧਨ ਦੀ ਜੁਗਤ ਵੀ ਵਰਤੀ ਗਈ ਹੈ। ਪੰਗਤੀਆਂ ਵਿਚ ਕਰਤਾ ਪੁਰਖ ਨੂੰ ਸੰਬੋਧਨ ਕੀਤਾ ਗਿਆ ਹੈ। ਇਹ ਅਤੇ ਇਸ ਤੋਂ ਪਹਿਲੀ (ਜਿਨ ਸਿਰਿ ਸੋਹਨਿ ਪਟੀਆ॥) ਦੋਵੇਂ ਅਸ਼ਟਪਦੀਆਂ ਵਿਚ ਸ਼ਾਸਤਰੀ ਨਿਯਮਾਂ ਦੀ ਕਰੜਾਈ ਦੀ ਥਾਂ ਵਿਸ਼ੇ ਦੇ ਪ੍ਰਗਟਾਵੇ ਨੂੰ ਮੁੱਖ ਰੱਖ ਕੇ ਕੇਵਲ ਸੱਤ ਪਦਿਆਂ ਦੀ ਵਰਤੋਂ ਕੀਤੀ ਗਈ ਹੈ। ਨਿਕੰਮੇ ਹਾਕਮਾਂ ਲਈ ਕਰੜੀ ਸ਼ਬਦਾਵਲੀ ਵਰਤੀ ਗਈ ਹੈ। ਸੰਕਟ ਦਾ ਸ਼ਿਕਾਰ ਇਸਤਰੀਆਂ ਲਈ ਭਾਸ਼ਾ ਦਰਦ ਅਤੇ ਹਮਦਰਦੀ ਭਰੀ ਹੈ।
    ਬਾਬਰਵਾਣੀ ਦੇ ਚਾਰੇ ਸ਼ਬਦਾਂ ਵਿਚ ਸਮੇਂ ਦੀਆਂ ਜੁਗ ਪ੍ਰਸਥਿਤੀਆਂ ਦਾ ਬੜਾ ਪ੍ਰਭਾਵਸ਼ਾਲੀ ਬਿੰਬ ਉਸਾਰ ਕੇ ਮਾਨਵਤਾ ਨੂੰ ਸਹੀ ਮਾਰਗ ਦਰਸ਼ਨ ਪ੍ਰਦਾਨ ਕੀਤਾ ਗਿਆ ਹੈ, ਜਿਸ ਦੀ ਪ੍ਰਸੰਗਕਤਾ ਦੇਸ਼ ਅਤੇ ਕਾਲ ਦੀਆਂ ਸੀਮਾਵਾਂ ਤੋਂ ਮੁਕਤ ਹੋ ਕੇ ਪਰਵਾਜ਼ ਕਰਦੀ ਹੈ।
ਰਾਜਿੰਦਰ ਸਿੰਘ ਕੁਰਾਲੀ