ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬੀ ਕੰਪਿਊਟਰ ਨੇ ਛੂਹੀਆਂ ਨਵੀਆਂ ਸਿਖਰਾਂ


ਪੰਜਾਬੀ ਕੰਪਿਊਟਰ ਹਰ ਵਰ੍ਹੇ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਾਲ 2011 ਵਿੱਚ ਕੰਪਿਊਟਰ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਨੇਕਾਂ ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ ਅਤੇ ਕੁਝ ਵਿਅਕਤੀਆਂ ਨੇ ਨਿੱਜੀ ਤੌਰ ’ਤੇ ਪੰਜਾਬੀ ਸਾਫ਼ਟਵੇਅਰ ਵਿਕਸਤ ਕੀਤੇ। ਇਸ ਵਰ੍ਹੇ ਦੀਆਂ ਮੁੱਖ ਪ੍ਰਾਪਤੀਆਂ ਇਹ ਹਨ:
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ : ਪਿਛਲੇ ਵਰ੍ਹੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿਖੇ ‘ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ’ ਦੀ ਸਥਾਪਨਾ ਕੀਤੀ ਗਈ। ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਆਨ-ਲਾਈਨ ਕੇਂਦਰ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਸਹਾਇਤਾ ਕੇਂਦਰ ਦੀ ਵੈੱਬਸਾਈਟ ਰਾਹੀਂ ਕੋਈ ਵੀ ਵਰਤੋਂਕਾਰ ਆਪਣੀ ਸਮੱਸਿਆ ਸਾਂਝੀ ਕਰ ਸਕਦਾ ਹੈ। ਇਸੇ ਪ੍ਰਕਾਰ ਇਸੇ ਕੇਂਦਰ ਦੀ ਫ਼ੋਨ ਹੈਲਪ ਲਾਈਨ (0175-3046546) ਰਾਹੀਂ ਵੀ ਪੰਜਾਬੀ ਕੰਪਿਊਟਰ ਦੀ ਵਰਤੋਂ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਮਦਦ ਲਈ ਜਾ ਸਕਦੀ ਹੈ। ਵੈੱਬਸਾਈਟ ਦੇ ‘ਡਾਊਨਲੋਡ ਕੇਂਦਰ’ ਵਾਲੇ ਪੰਨੇ ਤੋਂ ਪੰਜਾਬੀ ਲਈ ਤਿਆਰ ਹੋ ਚੁੱਕੇ ਸਾਫ਼ਟਵੇਅਰਾਂ ਨੂੰ ਆਨ-ਲਾਈਨ ਜਾਂ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। ਇਸ ਵੈੱਬਸਾਈਟ ‘ਤੇ ਪੰਜਾਬੀ ਕੰਪਿਊਟਰ ਦੇ ਵਿਭਿੰਨ ਵਿਸ਼ਿਆਂ ’ਤੇ ਹੱਲ ਕੀਤੀ ਪ੍ਰਸ਼ਨਾਵਲੀ ਦੇ ਰੂਪ ਵਿੱਚ ਜਾਣਕਾਰੀ ਉਪਲੱਬਧ ਹੈ।
ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ : ਅੰਗਰੇਜ਼ੀ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਵਾਲਾ ਪ੍ਰੋਗਰਾਮ ਬਣਾਉਣਾ ਕਾਫ਼ੀ ਜੋਖ਼ਮ ਭਰਿਆ ਕੰਮ ਹੈ। ਭਾਰਤ ਸਰਕਾਰ ਦੇ ‘ਸੰਪਰਕ’ ਨਾਂ ਦੇ ਪ੍ਰੋਜੈਕਟ ਤਹਿਤ ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਤਕਨਾਲੋਜੀ ਹੈਦਰਾਬਾਦ ਦੇ ਡਾ. ਰਾਜੀਵ ਸਾਂਗਲ ਦੀ ਅਗਵਾਈ ਵਿੱਚ ਕਈ ਕੰਪਿਊਟਰ ਮਾਹਿਰਾਂ ਦਾ ਇੱਕ ਸੰਘ ਬਣਾਇਆ ਗਿਆ ਹੈ। ਇਸ ਸੰਘ ਦਾ ਮੰਤਵ ਅਨੁਵਾਦ ਪ੍ਰੋਗਰਾਮਾਂ ਰਾਹੀਂ ਭਾਰਤੀ ਲੋਕਾਂ ਦੇ ਭਾਸ਼ਾਈ ਵਖਰੇਵੇਂ ਨੂੰ ਏਕੇ ਦੇ ਸੂਤਰ ਵਿੱਚ ਪਿਰੋਣਾ ਹੈ।
    ਪਿਛਲੇ ਸਾਲ ਇਸ ਸੰਘ ਨੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਪ੍ਰੋਗਰਾਮ ਜਾਰੀ ਕੀਤਾ। ਹਾਲਾਂਕਿ ਇਹ ਪ੍ਰੋਗਰਾਮ ਸੌ ਫ਼ੀਸਦੀ ਸਹੀ ਨਤੀਜੇ ਨਹੀਂ ਦੇ ਸਕਦਾ ਪਰ ਅੰਗਰੇਜ਼ੀ ਵਿੱਚ ਟਾਈਪ ਕੀਤੇ ਗਏ ਕਿਸੇ ਦਸਤਾਵੇਜ਼ ਨੂੰ ਪੰਜਾਬੀ ਵਿੱਚ ਸਮਝਣ ‘ਚ ਕਾਫ਼ੀ ਸਹਾਇਤਾ ਮਿਲ ਜਾਂਦੀ ਹੈ। ਇਸ ਪ੍ਰੋਗਰਾਮ ਨੂੰ ਵੈੱਬਸਾਈਟ ਤੋਂ ਆਨਲਾਈਨ ਵਰਤਿਆ ਜਾ ਸਕਦਾ ਹੈ।
ਉਰਦੂ-ਹਿੰਦੀ ਲਿਪੀਅੰਤਰਨ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਨੇ ਉਰਦੂ ਅਤੇ ਹਿੰਦੀ ਦਰਮਿਆਨ ਲਿਪੀਅੰਤਰਨ ਦੀ ਆਨ-ਲਾਈਨ ਸਹੂਲਤ ਪੇਸ਼ ਕਰਕੇ ਬੜਾ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਸਹੂਲਤ ਨੂੰ ਵਰਤਣ ਲਈ ਵੈੱਬਸਾਈਟ ਦੀ ਮਦਦ ਲਈ ਜਾ ਸਕਦੀ ਹੈ। ਇਸ ਵੈੱਬਸਾਈਟ ਰਾਹੀਂ ਕੋਈ ਵਰਤੋਂਕਾਰ ਉਰਦੂ ਵਿੱਚ ਲਿਖੇ ਮੈਟਰ ਨੂੰ ਹਿੰਦੀ ਵਿੱਚ ਬਦਲ ਕੇ ਪੜ੍ਹ ਸਕਦਾ ਹੈ। ਹੋਰ ਤਾਂ ਹੋਰ ਇਸ ਵੈੱਬਸਾਈਟ ’ਤੇ ਕਿਸੇ ਉਰਦੂ ਵਾਲੀ ਪੂਰੀ ਦੀ ਪੂਰੀ ਵੈੱਬਸਾਈਟ ਨੂੰ ਹਿੰਦੀ ਵਿਚ ਬਦਲਣ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ।
ਅੰਗਰੇਜ਼ੀ-ਪੰਜਾਬੀ ਆਨ-ਲਾਈਨ ਕੋਸ਼ : ਪਿਛਲੇ ਵਰ੍ਹੇ ਪੰਜਾਬੀ ਯੂਨੀਵਰਸਿਟੀ ਨੇ ਅੰਗਰੇਜ਼ੀ ਨੂੰ ਪੰਜਾਬੀ ਵਿੱਚ ਬਦਲਣ ਵਾਲਾ ਆਨ-ਲਾਈਨ ਪ੍ਰੋਗਰਾਮ ਜਾਰੀ ਕੀਤਾ ਹੈ। ਵੈੱਬਸਾਈਟ ’ਤੇ ਉਪਲੱਬਧ ਇਸ ਪ੍ਰੋਗਰਾਮ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਿਆਂ ਵਰਤਿਆ ਜਾ ਸਕਦਾ ਹੈ। ਇਸ ਕੋਸ਼ ਵਿੱਚ ਲਗਭਗ 40 ਹਜ਼ਾਰ ਇੰਦਰਾਜ ਸ਼ਾਮਿਲ ਹਨ ਜਿਸ ਵਿੱਚ ਨਵੇਂ ਸਿਰਜੇ ਜਾ ਰਹੇ ਗਿਆਨ ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਿਤ ਸ਼ਬਦਾਵਲੀ ਵੀ ਸ਼ਾਮਿਲ ਕੀਤਾ ਗਈ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੋਰਨਾਂ ਕੋਸ਼ਾਂ ਨੂੰ ਆਨ-ਲਾਈਨ ਕਰਨ ਅਤੇ ਮੋਬਾਈਲ ਡਿਕਸ਼ਨਰੀ ਪ੍ਰੋਗਰਾਮ ਤਿਆਰ ਕਰਨ ਲਈ ਖੋਜ ਜਾਰੀ ਹੈ।
ਆਨ-ਲਾਈਨ ਪ੍ਰਬੰਧਕੀ ਸ਼ਬਦਾਵਲੀ : ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬੀ ਵਰਤੋਂਕਾਰਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਦਫ਼ਤਰਾਂ ਵਿੱਚ ਵਰਤੀ ਜਾਣ ਵਾਲੀ ਪ੍ਰਬੰਧਕੀ ਸ਼ਬਦਾਵਲੀ ਨੂੰ ਆਨ-ਲਾਈਨ ਕੀਤਾ ਹੈ। ਇਸ ਆਨ-ਲਾਈਨ ਪ੍ਰੋਗਰਾਮ ਨੂੰ ਵਰਤਣ ਲਈ ਵੈੱਬਸਾਈਟ ’ਤੇ ਲੌਗ ਇਨ ਕੀਤਾ ਜਾ ਸਕਦਾ ਹੈ।
ਪੰਜਾਬੀ ਯੂਨੀਕੋਡ ਫੌਂਟ ਕਨਵਰਟਰ : ਪੰਜਾਬੀਆਂ ਨੂੰ ਕੰਪਿਊਟਰ ਉੱਤੇ ਜਿਹੜੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਉਨ੍ਹਾਂ ਵਿੱਚੋਂ ਪ੍ਰਮੁੱਖ ਹਨ- ਕੀਬੋਰਡਾਂ ਅਤੇ ਫੌਂਟਾਂ ਨਾਲ ਜੁੜੀਆਂ ਸਮੱਸਿਆਵਾਂ। ਫੌਂਟਾਂ ਦੀ ਗਿਣਤੀ ਵੱਧ ਤੇ ਹਰੇਕ ਦਾ ਵੱਖਰਾ ਕੀਬੋਰਡ ਹੋਣ ਕਾਰਨ ਪਾਏਦਾਰ ਫੌਂਟ ਕਨਵਰਟਰਾਂ ਦੀ ਲੋੜ ਪਈ। ਫੌਂਟ ਕਨਵਰਟਰ ਬਣਾਉਣ ’ਚ ਕਈ ਖੋਜਕਾਰਾਂ ਨੇ ਯੋਗਦਾਨ ਪਾਇਆ ਹੈ। ਪਿਛਲੇ ਵਰ੍ਹੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਾਜਵਿੰਦਰ ਸਿੰਘ ਨੇ ਸੈਂਕੜੇ ਫੌਂਟਾਂ ਨੂੰ ਆਪਸ ਵਿੱਚ ਪਲਟਣ ਵਾਲਾ ਆਨ-ਲਾਈਨ ਪ੍ਰੋਗਰਾਮ ਵਿਕਸਿਤ ਕੀਤਾ ਹੈ। ਇਹ ਪ੍ਰੋਗਰਾਮ ਸੀ. ਡੀ. ਰੂਪ ਵਿੱਚ ਵੀ ਉਪਲਬਧ ਹੈ। ਇੰਟਰਨੈੱਟ ਉੱਤੇ ਵਰਤਣ ਲਈ ਵੈੱਬਸਾਈਟ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੀਬੋਰਡ ਲੇਆਊਟ ਬਦਲਣ ਵਾਲੇ ਵਿਭਿੰਨ ਡਰਾਈਵਰ ਪ੍ਰੋਗਰਾਮਾਂ ਦਾ ਵਿਕਾਸ ਵੀ ਕੀਤਾ ਹੈ। ਇਨ੍ਹਾਂ ਪ੍ਰੋਗਰਾਮਾਂ ਦੀ ਮਦਦ ਨਾਲ ਤੁਸੀਂ ਹੁਣ ਅਨਮੋਲ ਲਿਪੀ ਜਾਂ ਅਸੀਸ ਵਾਲੇ ਕੀਬੋਰਡ ਦੀ ਮਦਦ ਨਾਲ ਸਿੱਧਾ ਸਤਲੁਜ ਜਾਂ ਕਿਸੇ ਹੋਰ ਫੌਂਟ ਵਿੱਚ ਲਿਖ ਸਕਦੇ ਹੋ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਪੰਜਾਬੀ ਸਿਖਾਉਣ ਵਾਲਾ ਪ੍ਰੋਗਰਾਮ : ਬਾਹਰਲੇ ਸੂਬਿਆਂ ਅਤੇ ਖ਼ਾਸ ਤੌਰ ’ਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੂੰ ਇਸ ਗੱਲ ਦਾ ਝੋਰਾ ਹੈ ਕਿ ਉਨ੍ਹਾਂ ਦੇ ਬੱਚੇ ਆਪਣੀ ਮਾਂ ਬੋਲੀ ਤੋਂ ਮੁੱਖ ਮੋੜ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਉੱਥੇ ਚੰਗੇ ਪੰਜਾਬੀ ਅਧਿਆਪਕਾਂ ਦੀ ਘਾਟ ਮੰਨਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇੰਟਰਨੈੱਟ ’ਤੇ ਜਾਂ ਸੀ. ਡੀ. ਦੇ ਰੂਪ ਵਿੱਚ ਉਪਲਬਧ ਪੰਜਾਬੀ ਸਿੱਖਣ ਵਾਲੇ ਪ੍ਰੋਗਰਾਮਾਂ ਦੀ ਵੱਡੀ ਲੋੜ ਹੈ। ਪੰਜਾਬੀ ਅਧਿਐਨ/ਅਧਿਆਪਨ ਵਾਲੇ ਪ੍ਰੋਗਰਾਮ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਵਿਚ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਇਕ ਪ੍ਰੋਗਰਾਮ ਬਣਾਇਆ ਜਾ ਚੁੱਕਾ ਹੈ। ਇਸ ਪ੍ਰਕਾਰ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਵੀ ਅਨੇਕਾਂ ਵੈੱਬਸਾਈਟਾਂ ’ਤੇ ਲਰਨਿੰਗ ਪ੍ਰੋਗਰਾਮ ਤਿਆਰ ਕਰ ਚੁੱਕੇ ਹਨ।
    ਪਿਛਲੇ ਵਰ੍ਹੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਾਜਵਿੰਦਰ ਸਿੰਘ ਨੇ ਪੰਜਾਬੀ ਸਿਖਾਉਣ ਵਾਲਾ ਇੱਕ ਆਦਰਸ਼ਕ ਫਲੈਸ਼ ਪ੍ਰੋਗਰਾਮ ਤਿਆਰ ਕੀਤਾ ਹੈ। ਇਹ ਪ੍ਰੋਗਰਾਮ ਬੱਚਿਆਂ ਨੂੰ ਮਨੋਵਿਗਿਆਨਕ ਵਿਧੀ ਰਾਹੀਂ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਪ੍ਰੋਗਰਾਮ ਦੀ ਸੀ. ਡੀ. ਪ੍ਰਾਪਤ ਕਰਨ ਲਈ ਸਬੰਧਿਤ ਵਿਭਾਗ ਦੇ ਮੁਖੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਲਿਖੇ ਹੋਏ ਨੂੰ ਪਛਾਣਨ ਵਾਲੇ ਪ੍ਰੋਗਰਾਮ : ਪੰਜਾਬੀ ਵਿੱਚ ਲਿਖੇ ਹੋਏ ਮੈਟਰ ਨੂੰ ਕੰਪਿਊਟਰ ਰਾਹੀਂ ਪਛਾਣਨ ਅਤੇ ਉਸ ਨੂੰ ਦਸਤਾਵੇਜ਼ ਫਾਈਲ ਦੇ ਰੂਪ ਵਿੱਚ ਤਬਦੀਲ ਕਰਨ ਵਾਲੇ ਕਈ ਪ੍ਰੋਗਰਾਮ ਤਿਆਰ ਕੀਤੇ ਜਾ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੁਆਰਾ ਤਿਆਰ ਕੀਤੇ ਅਜ਼ਮਾਇਸ਼ੀ ਸੰਸਕਰਨ ਨੂੰ ਇਸ ਵਰ੍ਹੇ ਵੈੱਬਸਾਈਟ ’ਤੇ ਜਾਰੀ ਕੀਤਾ ਗਿਆ।
    ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਡਾ. ਆਰ. ਕੇ. ਸ਼ਰਮਾ ਵੱਲੋਂ ਤਿਆਰ ਕੀਤਾ ਪ੍ਰੋਗਰਾਮ ਹੱਥ ਲਿਖਤਾਂ ਨੂੰ ਪਛਾਣਨ ਦੇ ਸਮਰੱਥ ਹੈ। ਇਸ ਪ੍ਰੋਗਰਾਮ ਨੂੰ ਟੇਬਲੇਟ ਪੀ. ਸੀ. ਜਾਂ ਮੋਬਾਈਲ ਫ਼ੋਨ ਉੱਤੇ ਵੀ ਵਰਤਿਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਧਰਮਵੀਰ ਸ਼ਰਮਾ ਵੱਲੋਂ ਤਿਆਰ ਕੀਤਾ ਪ੍ਰੋਗਰਾਮ ਕਿਸੇ ਫਾਰਮ ਵਿੱਚ ਪੰਜਾਬੀ ਭਾਸ਼ਾ ਵਿੱਚ ਭਰੇ ਇੰਦਰਾਜਾਂ ਨੂੰ ਪਛਾਣ ਕੇ ਕੰਪਿਊਟਰ ਨੂੰ ਪ੍ਰਤੀਕਿਰਿਆ ਦੇਣ ਦੇ ਸਮਰੱਥ ਹੈ।
ਸਭ ਤੋਂ ਸਸਤਾ ਟੇਬਲੇਟ ਪੀ. ਸੀ. ਆਕਾਸ਼ : ਪਿਛਲੇ ਸਾਲ ‘ਆਕਾਸ਼’ ਨਾਂ ਦੇ ਦੁਨੀਆਂ ਦਾ ਸਭ ਤੋਂ ਸਸਤਾ ਟੇਬਲੇਟ ਪੀ. ਸੀ. ਜਾਰੀ ਕੀਤਾ ਗਿਆ। ‘ਆਕਾਸ਼’ ਨੂੰ ਤੁਸੀਂ ਸਿਰਫ਼ 2500 ਰੁਪਏ ਵਿੱਚ ਖ਼ਰੀਦ ਸਕਦੇ ਹੋ। ਫ਼ਿਲਹਾਲ ਜਿਹੜਾ ਮਾਡਲ ਵਿਕਰੀ ਲਈ ਉਪਲਬਧ ਹੈ ਉਹ ਸਿਰਫ਼ ਵਾਈ ਫਾਈ ਨਾਲ ਹੀ ਚੱਲ ਸਕਦਾ ਹੈ। ‘ਆਕਾਸ਼‘ ਨੂੰ ਤਿਆਰ ਕਰਨ ਵਾਲੀ ਕੰਪਨੀ ‘ਡੇਟਾਵਿੰਡ‘ ਨੇ ਆਪਣੀ ਵੈੱਬਸਾਈਟ ’ਤੇ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਹੈ। ਕੰਪਨੀ ਦਾ ਦਾਅਵਾ ਹੈ ਕਿ ਗਾਹਕ ਵੱਲੋਂ ਆਨ-ਲਾਈਨ ਆਰਡਰ ਕਰਨ ਉਪਰੰਤ ਉਸ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਉਸ ਦੇ ਪਤੇ ‘ਤੇ ਪਹੁੰਚਾ ਦਿੱਤਾ ਜਾਵੇਗਾ।
    ਆਕਾਸ਼ ਵਿਚ ਗੂਗਲ ਦੁਆਰਾ ਤਿਆਰ ਕੀਤਾ ਓਡਰਾਇਡ ਨਾਂ ਦਾ ਆਪਰੇਟਿੰਗ ਸਿਸਟਮ ਚੱਲਦਾ ਹੈ। ਇਸ ਵਿਚ 366 ਮੈਗਾਹਰਟਜ਼ ਦਾ ਪ੍ਰੋਸੈੱਸਰ ਅਤੇ 2100 ਐਮਏਐਚ ਦੀ ਬੈਟਰੀ ਲਗਾਈ ਗਈ ਹੈ। ਕੰਪਨੀ ਮੁਤਾਬਕ ਯੂਬੀਸਲੇਟ ਦੇ ਵਿਦਿਆਰਥੀ ਸੰਸਕਰਨ ਨੂੰ ਆਕਾਸ਼ ਨਾਂ ਦਿੱਤਾ ਗਿਆ ਹੈ। ਇਸ ਰਾਹੀਂ ਤੁਸੀਂ ਇੰਟਰਨੈੱਟ ਸਰਫਿੰਗ, ਈ-ਮੇਲ, ਗੇਮਜ਼, ਈ-ਬੁਕਸ ਆਦਿ ਵਿਸ਼ੇਸ਼ਤਾਵਾਂ ਦਾ ਲੁਤਫ਼ ਉਠਾ ਸਕਦੇ ਹੋ।
ਸੋਸ਼ਲ ਨੈੱਟਵਰਕ ਸਾਈਟਾਂ ਦੀ ਨਵੀਂ ਦਿੱਖ : ਪਿਛਲੇ ਸਾਲ ਫੇਸਬੁਕ, ਟਵਿੱਟਰ ਆਦਿ ਸੋਸਲ ਨੈੱਟਵਰਕ ਸਾਈਟਾਂ, ਯੂ-ਟਿਊਬ ਅਤੇ ਜੀਮੇਲ ਨਵੇਂ ਰੂਪ ਵਿੱਚ ਪੇਸ਼ ਹੋਈਆਂ ਹਨ। ਆਮ ਤੌਰ ’ਤੇ ਅਚਨਚੇਤ ਕਿਸੇ ਵੈੱਬਸਾਈਟ ਦਾ ਬਦਲਿਆ ਹੋਇਆ ਰੂਪ ਵਰਤੋਂਕਾਰਾਂ ਨੂੰ ਪਸੰਦ ਨਹੀਂ ਆਉਂਦਾ ਪਰ ਇਨ੍ਹਾਂ ਸਾਈਟਾਂ ਦੀ ਨਵੀਂ ਦਿੱਖ ਸੋਹਣੀ ਤੇ ਸਾਦੀ ਹੈ।
    ਇਸੇ ਪ੍ਰਕਾਰ ਵੀਡਿਓ ਸ਼ੇਅਰਿੰਗ ਸਾਈਟ ਯੂ-ਟਿਊਬ ਨੇ ਆਪਣੇ ਡਿਜ਼ਾਈਨ ਅਤੇ ਤਕਨੀਕ ਵਿੱਚ ਭਾਰੀ ਬਦਲਾਅ ਕੀਤਾ ਹੈ। ਇਸ ਨਾਲ ਇਹ ਹੋਰ ਯੂਜ਼ਰ ਫਰੈਂਡਲੀ ਲੱਗਣ ਲੱਗ ਪਈ ਹੈ।
ਵਿੰਡੋਜ਼-8 : ਮਾਈਕਰੋਸਾਫ਼ਟ ਨੇ ਆਪਣੇ ਆਪਰੇਟਿੰਗ ਸਿਸਟਮ ਦਾ ਨਵਾਂ ਅਜ਼ਮਾਇਸ਼ੀ ਸੰਸਕਰਨ ‘ਵਿੰਡੋਜ਼-8’ ਲਾਂਚ ਕੀਤਾ। ਇਹ ਵਿੰਡੋ ਸੁਰੱਖਿਆ ਦੀ ਦਿ੍ਰਸ਼ਟੀ ਤੋਂ ਬੇਹੱਦ ਲਾਹੇਵੰਦ ਸਮਝੀ ਜਾ ਰਹੀ ਹੈ। ਇਹ ਵਿੰਡੋ ਟੇਬਲੇਟ ਪੀ. ਸੀ. ਉੱਤੇ ਚੱਲਣ ਦੇ ਅਨੁਕੂਲ ਹੋਵੇਗੀ ਤੇ ਇਸ ਦੀ ਬੂਟਿੰਗ ਪ੍ਰਕਿਰਿਆ ਬੇਹੱਦ ਫੁਰਤੀਲੀ ਬਣਾ ਦਿੱਤੀ ਗਈ ਹੈ। ਆਸ ਹੈ ਕਿ ਸਾਲ 2012 ਵਿੱਚ ਇਸ ਦਾ ਸੰਪੂਰਨ ਸੰਸਕਰਨ ਜਾਰੀ ਕਰ ਦਿੱਤਾ ਜਾਵੇਗਾ।
ਫੇਸਬੁਕ : ਫੇਸਬੁਕ ਦੁਨੀਆਂ ਦੀ ਸਭ ਤੋਂ ਵੱਡੀ ਸਮਾਜਿਕ ਨੈੱਟਵਰਕ ਸਾਈਟ ਹੈ। ਇਸ ‘ਤੇ ਵਿਭਿੰਨ ਵਰਤੋਂਕਾਰ ਆਪਣੇ ਨਿੱਜੀ, ਰਾਜਸੀ, ਆਰਥਿਕ ਤੇ ਸਮਾਜਿਕ ਮੁੱਦੇ ਸਾਂਝੇ ਕਰਦੇ ਹਨ।
    ਪਿਛਲੇ ਵਰ੍ਹੇ ਫੇਸਬੁਕ ਉੱਤੇ ਰਾਜਨੀਤਿਕ ਅਤੇ ਸਮਾਜਿਕ ਮੁੱਦੇ ਭਾਰੂ ਰਹੇ। ਫੇਸਬੁਕ ਉੱਤੇ ਅੰਤਰਰਾਸ਼ਟਰੀ ਪੱਧਰ ਉੱਤੇ ਓਸਾਮਾ ਬਿਨ ਲਾਦਿਨ ਦੀ ਮੌਤ ਦਾ ਮੁੱਦਾ ਗਰਮਾਇਆ ਰਿਹਾ।
     ਇਸ ਵਿਸ਼ੇ ’ਤੇ ਫੇਸਬੁਕ ਦੇ ਵਰਤੋਂਕਾਰਾਂ ਨੇ ਸਭ ਤੋਂ ਵੱਧ ਟਿੱਪਣੀਆਂ ਦਿੱਤੀਆਂ।ਭਾਰਤ ਵਿੱਚ ਫੇਸਬੁਕ ਉੱਤੇ ਅੰਨਾ ਹਜ਼ਾਰੇ ਦੀ ਝੰਡੀ ਰਹੀ। ਭਿ੍ਰਸ਼ਟਾਚਾਰ ਅਤੇ ਰਾਜਨੀਤੀ ਦੀਆਂ ਖ਼ਬਰਾਂ ਨੇ ਬਾਲੀਵੁੱਡ ਦੀ ਤੜਕ-ਭੜਕ ਨੂੰ ਨੁੱਕਰੇ ਲਾ ਦਿੱਤਾ ਹੈ।
ਕਲਾਊਡ ਕੰਪਿਊਟਿੰਗ : ਪਿਛਲੇ ਵਰ੍ਹੇ ਕੰਪਿਊਟਰ ਸੰਚਾਲਨ ਅਤੇ ਡਾਟਾ ਸੁਰੱਖਿਆ ਦੇ ਖੇਤਰ ਵਿੱਚ ਤਹਿਲਕਾ ਮਚਾਉਣ ਵਾਲੀ ਕਲਾਊਡ ਕੰਪਿਊਟਿੰਗ ਨਾਂ ਦੀ ਤਕਨੀਕ ਸੁਰਖ਼ੀਆਂ ਵਿਚ ਰਹੀ। ਇਸ ਤਕਨੀਕ ਸਦਕਾ ਤੁਸੀਂ ਆਪਣੇ ਕੰਪਿਊਟਰ ਨੂੰ ਨੈੱਟਵਰਕ ਨਾਲ ਜੋੜ ਕੇ ਲੋੜੀਂਦੇ ਸਾਫ਼ਟਵੇਅਰਾਂ ਅਤੇ ਸਰੋਤਾਂ ਦੀ ਵਰਤੋਂ ਕਰ ਸਕਦੇ ਹੋ। ਇਸੇ ਪ੍ਰਕਾਰ ਡਾਟਾ ਨੂੰ ਸੁਰੱਖਿਅਤ ਕਰਨ ਲਈ ਵੀ ਹਾਰਡ ਡਿਸਕ ਜਾਂ ਸਟੋਰੇਜ ਉਪਕਰਨ ਦੀ ਜ਼ਰੂਰਤ ਨਹੀਂ। ਵਰਤੋਂਕਾਰਾਂ ਨੂੰ ਪ੍ਰੋਗਰਾਮ ਅਤੇ ਹੋਰਨਾਂ ਫਾਈਲਾਂ ਨੂੰ ਸ਼ੇਅਰ ਕਰਨ ਦਾ ਇਹ ਸਿੱਕੇਬੰਦ ਤਰੀਕਾ ਵੱਡੇ ਕੰਪਿਊਟਰ (ਸਰਵਰ) ਰਾਹੀਂ ਹੀ ਸੰਭਵ ਹੋਇਆ ਹੈ।
ਵਿਕੀਲੀਕਸ : ਵਿਕੀਲੀਕਸ ਇਕ ਮੁਨਾਫ਼ਾ ਨਾ ਖੱਟਣ ਵਾਲੀ ਅੰਤਰਰਾਸ਼ਟਰੀ ਸੰਸਥਾ ਹੈ। ਇਹ ਪ੍ਰਾਈਵੇਟ ਅਤੇ ਗੁਪਤ ਦਸਤਾਵੇਜ਼ਾਂ ਨੂੰ (ਵਿਭਿੰਨ ਸਰੋਤਾਂ ਨੂੰ ਆਧਾਰ ਬਣਾ ਕੇ) ਇਕ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਕਰਦੀ ਹੈ। ਅਫ਼ਗ਼ਾਨਿਸਤਾਨ ਦੀ ਜੰਗ ਹੋਵੇ, ਕੀਨੀਆ ਦਾ ਘੁਟਾਲਾ ਹੋਵੇ ਜਾਂ ਅਮਰੀਕਾ ਦੀ ਅੰਤਰਰਾਸ਼ਟਰੀ ਨੀਤੀ, ਇਨ੍ਹਾਂ ਸਭ ਵਿਸ਼ਿਆਂ ’ਤੇ ਅਹਿਮ ਤੇ ਗੁਪਤ ਦਸਤਾਵੇਜ਼ ਵਿਕੀਲੀਕਸ ’ਤੇ ਉਪਲਬਧ ਹਨ। ਵਿਕੀਲੀਕਸ ਦਾ ਦਾਅਵਾ ਹੈ ਕਿ ਸਾਲ 2010 ਵਿੱਚ ਫੇਸਬੁਕ ਉੱਤੇ ਉਨ੍ਹਾਂ ਦੇ 30 ਹਜ਼ਾਰ ਫੈਨ ਸਨ ਜਿਨ੍ਹਾਂ ਦੀ ਗਿਣਤੀ ਨੂੰ ਬਾਅਦ ਵਿੱਚ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਸਾਲ 2011 ਵਿੱਚ ਵਿਕੀਲੀਕਸ ਨੇ ਆਪਣੀ ਵੈੱਬਸਾਈਟ ਨੂੰ ਵਰਤੋਂਕਾਰ (ਯੂਜ਼ਰ) ਪਾਸਵਰਡ ਰਾਹੀਂ ਸੁਰੱਖਿਆ ਪ੍ਰਦਾਨ ਕਰਵਾਈ ਹੈ।
ਗੂਗਲ ਕਰੋਮ ਦਾ ਨਵਾਂ ਸੰਸਕਰਨ : ਗੂਗਲ ਨੇ ਆਪਣੇ ‘ਕਰੋਮ’ ਨਾਂ ਦੇ ਆਪਰੇਟਿੰਗ ਸਿਸਟਮ ਦਾ ਨਵਾਂ ਸੰਸਕਰਨ ‘ਕਰੋਮ-15’ ਜਾਰੀ ਕੀਤਾ। ਇਸ ਨਵੇਂ ਸੰਸਕਰਨ ਵਿੱਚ ਬੇਸ਼ੁਮਾਰ ਨਵੀਆਂ ਸਹੂਲਤਾਂ ਜੋੜੀਆਂ ਗਈਆਂ ਹਨ ਜੋ ਵਰਤੋਂਕਾਰਾਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ। ਹੁਣ ਕਰੋਮ-15 ਵਿੱਚ ਜਦੋਂ ਅਸੀਂ ਨਵਾਂ ਟੈਬ ਖੋਲ੍ਹਦੇ ਹਾਂ ਤਾਂ ਵੈੱਬਸਾਈਟਾਂ ਦੀ ਹਿਸਟਰੀ ਛੋਟੇ ਚਿੱਤਰਾਂ (ਥਮਨੇਲਜ਼) ਦੇ ਰੂਪ ਵਿੱਚ ਖੁੱਲ੍ਹਦੀ ਹੈ। ਇਸ ਨਾਲ ਕਿਸੇ ਪੁਰਾਣੀ ਵੈੱਬਸਾਈਟ ਨੂੰ ਲੱਭਣਾ ਤੇ ਮੁੜ ਚਾਲੂ ਕਰਨਾ ਆਸਾਨ ਹੋ ਗਿਆ ਹੈ।
ਇਤਰਾਜ਼ਯੋਗ ਸਮੱਗਰੀ ’ਤੇ ਰੋਕ : ਸੋਸ਼ਲ ਨੈੱਟਵਰਕਿੰਗ ਸਾਈਟਾਂ ’ਤੇ ਦੇਵੀ ਦੇਵਤਿਆਂ ਅਤੇ ਸੀਨੀਅਰ ਰਾਜਸੀ ਨੇਤਾਵਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਤੋਂ ਫ਼ਿਕਰਮੰਦ ਭਾਰਤ ਸਰਕਾਰ ਨੇ ਗੂਗਲ ਅਤੇ ਫੇਸਬੁਕ ਵਰਗੀਆਂ ਇੰਟਰਨੈੱਟ ਕੰਪਨੀਆਂ ਨੂੰ ਅਜਿਹੇ ਕਾਰਨਾਮਿਆਂ ’ਤੇ ਨਕੇਲ ਕਸਣ ਦੇ ਹੁਕਮ ਦਿੱਤੇ ਹਨ। ਦਰਅਸਲ ਇਨ੍ਹਾਂ ਸਾਈਟਾਂ ਨੂੰ ਆਪਣੇ ਆਪ ਅਜਿਹੀ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ ਜਿਸ ਨਾਲ ਇਤਰਾਜ਼ਯੋਗ ਸਮੱਗਰੀ ਦਾ ਪਤਾ ਲੱਗਦਿਆਂ ਹੀ ਉਸ ਨੂੰ ਤੁਰੰਤ ਹਟਾ ਦਿੱਤਾ ਜਾਵੇ।
ਈ-ਕਚਰੇ ਦੇ ਨਿਪਟਾਰੇ ਲਈ ਯੋਜਨਾ : ਵਿਕਸਿਤ ਦੇਸ਼ਾਂ ਦੇ ਨਾਲ-ਨਾਲ ਹੁਣ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਈ-ਕਚਰੇ ਦੇ ਨਿਪਟਾਰੇ ਦੀ ਸਮੱਸਿਆ ਬਣ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਰਵੇਖਣ ਅਨੁਸਾਰ ਸਾਲ 2012 ਤੱਕ ਭਾਰਤ ਵਿੱਚ ਈ-ਕਚਰਾ 8 ਲੱਖ ਟਨ ਤੋਂ ਵੀ ਵਧ ਜਾਵੇਗਾ। ਇੱਕ ਹੋਰ ਰਿਪੋਰਟ ਦੇ ਅੰਕੜਿਆਂ ਮੁਤਾਬਕ ਹਰ ਮਹੀਨੇ 50 ਹਜ਼ਾਰ ਟਨ ਤੱਕ ਇਹ ਕਚਰਾ ਪੈਦਾ ਹੋ ਰਿਹਾ ਹੈ। ਇਸ ਤਰ੍ਹਾਂ ਇਸ ਵਿੱਚ ਹਰ ਸਾਲ ਛੇ ਲੱਖ ਟਨ ਦਾ ਵਾਧਾ ਹੋ ਰਿਹਾ ਹੈ। ਪਿਛਲੇ ਵਰ੍ਹੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੁਝ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਈ-ਕਚਰੇ ਦੇ ਨਿਪਟਾਰੇ ਲਈ ਵਿਆਪਕ ਯੋਜਨਾ ਬਣਾਈ ਹੈ।
ਸਾਲ 2012 ਵਿਚ ਕੀ ਹੋਵੇਗਾ : ਨਵਾਂ ਸਾਲ ਟੇਬਲੇਟ ਪੀ. ਸੀ. ਅਤੇ ਆਧੁਨਿਕ ਸਹੂਲਤਾਂ ਵਾਲੇ ਮੋਬਾਈਲ ਫੋਨਾਂ ਦਾ ਹੋਵੇਗਾ। ਤਕਨਾਲੋਜੀ ਦੇ ਵਿਕਾਸ ਕਾਰਨ ਪੀ. ਸੀ. ਅਤੇ ਲੈਪਟਾਪ ਵਾਲੀਆਂ ਸਾਰੀਆਂ ਸਹੂਲਤਾਂ ਟੇਬਲੇਟ ਪੀ. ਸੀ. ਅਤੇ ਮੋਬਾਈਲ ਫ਼ੋਨ ਵਿੱਚ ਸਿਮਟ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇੰਟਰਨੈੱਟ ‘ਤੇ ਖ਼ਤਰਨਾਕ ਹੈੱਕਰ, ਨੁਕਸਾਨਦੇਹ ਵਾਇਰਸ ਅਤੇ ਇਤਰਾਜ਼ਯੋਗ ਸਮੱਗਰੀ ਤੇ ਵੀਡਿਉਜ਼ ਦੀ ਭਰਮਾਰ ਰਹੇਗੀ। ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਰਕਾਰੀ ਏਜੰਸੀਆਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪੈ ਸਕਦੀ ਹੈ।
    ਮੋਬਾਈਲ ਫੋਨਾਂ ਦਾ ਬਾਜ਼ਾਰ ਵਧਣ ਨਾਲ ਸਪੀਚ ਤਕਨਾਲੋਜੀ ਨਾਲ ਸਬੰਧਿਤ ਸਾਫ਼ਟਵੇਅਰਾਂ ਦੀ ਮੰਗ ਵਧੇਗੀ। ਇਸ ਮੰਗ ਨੂੰ ਦੇਖਦਿਆਂ ਕਈ ਆਈ. ਟੀ. ਕੰਪਨੀਆਂ, ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਨੇ ਇਸ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਤਿਆਰ ਹੋ ਰਿਹਾ ਪੰਜਾਬੀ ਵਿੱਚ ਲਿਖੇ ਹੋਏ ਮੈਟਰ ਨੂੰ ਪੜ੍ਹਨ ਵਾਲਾ ਸਾਫ਼ਟਵੇਅਰ ਇਸੇ ਵਰ੍ਹੇ ਜਾਰੀ ਹੋਣ ਦੀ ਆਸ ਹੈ। ਇਸ ਦੀ ਵਰਤੋਂ ਨਾਲ ਅਸੀਂ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਸੁਣਨ ਦੇ ਯੋਗ ਹੋ ਜਾਵਾਂਗੇ। ਮੋਬਾਈਲ ਫੋਨਾਂ ਉੱਤੇ ਵਰਤੀਆਂ ਜਾਣ ਵਾਲੀਆਂ ਡਿਕਸ਼ਨਰੀਆਂ ਅਤੇ ਆਸਾਨ ਤਰੀਕੇ ਨਾਲ ਟਾਈਪ ਕਰਨ ਵਾਲੇ ਪ੍ਰੋਗਰਾਮਾਂ ਦੇ ਵਿਕਾਸ ਦਾ ਕੰਮ ਸ਼ੁਰੂ ਹੋਵੇਗਾ। ਐੱਸ. ਐੱਮ. ਐੱਸ., ਐਡਰੈੱਸ ਬੁੱਕ ਅਤੇ ਸਰਚ ਦੀ ਸਹੂਲਤ ਨੂੰ ਪੰਜਾਬੀ ਵਿੱਚ ਵਰਤਣ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ।
    ਪੰਜਾਬੀ ਓ. ਸੀ. ਆਰ. ਦੇ ਖੇਤਰ ਵਿੱਚ ਕ੍ਰਾਂਤੀ ਆਵੇਗੀ। ਹੱਥ ਲਿਖਤ ਅਤੇ ਫਾਰਮ ਵਿੱਚ ਲਿਖੇ ਸ਼ਬਦਾਂ ਨੂੰ ਕੰਪਿਊਟਰ ਰਾਹੀਂ ਪਛਾਣਨ ਵਾਲੇ ਪਾਏਦਾਰ ਪ੍ਰੋਗਰਾਮ ਵਿਕਸਿਤ ਹੋਣਗੇ। ਪੰਜਾਬੀ ਕੀਬੋਰਡ ਦੇ ਮਿਆਰੀਕਰਨ ’ਤੇ ਕੰਮ ਹੋਵੇਗਾ। ਵੈੱਬਸਾਈਟਾਂ ਦੇ ਡੋਮੇਨ ਨੇਮ ਪੰਜਾਬੀ ਵਿਚ ਲਿਖਣੇ ਸੰਭਵ ਹੋਣਗੇ। ਪੰਜਾਬੀ ਦੇ ਕੰਪਿਊਟਰੀਕਰਨ ਲਈ ਲੋੜੀਂਦੇ ਬੁਨਿਆਦੀ ਸਰੋਤਾਂ ਵਿਚ ਵਾਧਾ ਹੋਵੇਗਾ। ਨਵੇਂ ਤੇ ਆਕਰਸ਼ਕ ਯੂਨੀਕੋਡ ਫੌਂਟਾਂ ਦਾ ਵਿਕਾਸ ਹੋਵੇਗਾ। ਕੰਪਿਊਟਰ ਦੀਆਂ ਕਈ ਵੱਡ ਆਕਾਰੀ ਪੁਸਤਕਾਂ ਪਾਠਕਾਂ ਦੀ ਝੋਲੀ ‘ਚ ਪੈਣਗੀਆਂ। ਫੋਲਡ ਹੋਣ ਵਾਲੀਆਂ ਸਕਰੀਨਾਂ ਦਾ ਚਲਨ ਵਧੇਗਾ। ਫੋਲਡ ਸਕਰੀਨ ਰਾਹੀਂ ਟੀ. ਵੀ. ਜਾਂ ਕੰਪਿਊਟਰ ਦੀ ਸੁਵਿਧਾ ਪ੍ਰਾਪਤ ਕੀਤੀ ਜਾ ਸਕੇਗੀ। ਆਕਾਸ਼ ਤੋਂ ਸ਼ਕਤੀਸ਼ਾਲੀ ਅਤੇ ਸਸਤੇ ਟੇਬਲੇਟ ਪੀ. ਸੀ. ਦਾ ਵਿਕਾਸ ਹੋਵੇਗਾ। ਸਰਕਾਰੀ ਅਦਾਰਿਆਂ ਦੀਆਂ ਵੈੱਬਸਾਈਟਾਂ ਪੰਜਾਬੀ ਭਾਸ਼ਾ ਵਿੱਚ ਨਜ਼ਰ ਆਉਣ ਲੱਗਣਗੀਆਂ। ਕਲਾਊਡ ਕੰਪਿਊਟਿੰਗ ਦੀ ਵਰਤੋਂ ਵਿੱਚ ਬੇਤਹਾਸ਼ਾ ਵਾਧਾ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਆਈ. ਟੀ. ਕੰਪਨੀਆਂ ਵਿੱਚ ਉਤਪਾਦਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਕੀਮਤਾਂ ਨੂੰ ਲੈ ਕੇ ਮੁਕਾਬਲੇ ਦੀ ਜੰਗ ਛਿੜੇਗੀ।
-ਸੀ. ਪੀ. ਕੰਬੋਜ