ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ


ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਬਾਣੀਕਾਰਾਂ ਦੀ ਬਾਣੀ ਸੰਕਲਿਤ ਹੈ, ਇਨ੍ਹਾਂ ਵਿਚ ‘ਹਿੰਦ ਦੀ ਚਾਦਰ’, ‘ਧਰਮ ਦੀ ਚਾਦਰ’, ‘ਸਿ੍ਰਸ਼ਟੀ ਦੀ ਚਾਦਰ’, ‘ਸ਼ੋ੍ਰਮਣੀ ਸ਼ਹੀਦ’, ‘ਤਿਲਕ ਜੰਞੂ ਦੇ ਰੱਖਿਅਕ’, ‘ਮਾਨਵਤਾ ਦੇ ਰੱਖਿਅਕ’ ਵਰਗੇ ਮਹੱਤਵਪੂਰਨ ਵਿਸ਼ੇਸ਼ਣਾਂ ਨਾਲ ਚਿਤਾਰੇ ਜਾਣ ਵਾਲੇ ਸਿੱਖਾਂ ਦੇ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਵੀ ਸ਼ਾਮਲ ਹੈ।
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ‘ਮਹਲਾ 9’ ਦੇ ਸਿਰਲੇਖ ਹੇਠਾਂ ਦਰਜ ਹੈ। ਉਨ੍ਹਾਂ ਦੀ ਬਾਣੀ 59 ਸ਼ਬਦਾਂ ਦੇ ਰੂਪ ਵਿਚ 15 ਰਾਗਾਂ ਵਿਚ ਦਰਜ ਹੈ, ਜਿਸ ਦਾ ਵੇਰਵਾ ਇਵੇਂ ਹੈ : ਰਾਗ ਗਉੜੀ ’ਚ 9 ਸ਼ਬਦ, ਰਾਗ ਆਸਾ ’ਚ 1 ਸ਼ਬਦ, ਰਾਗ ਦੇਵਗੰਧਾਰੀ ’ਚ 3 ਸ਼ਬਦ, ਰਾਗ ਬਿਹਾਗੜਾ ’ਚ 1 ਸ਼ਬਦ, ਰਾਗ ਸੋਰਠਿ ’ਚ 12 ਸ਼ਬਦ, ਰਾਗ ਧਨਾਸਰੀ ’ਚ 4 ਸ਼ਬਦ, ਰਾਗ ਜੈਤਸਰੀ ’ਚ 3 ਸ਼ਬਦ, ਰਾਗ ਟੋਡੀ ’ਚ 1 ਸ਼ਬਦ, ਰਾਗ ਤਿਲੰਗ ’ਚ 3 ਸ਼ਬਦ, ਰਾਗ ਰਾਮਕਲੀ ’ਚ 3 ਸ਼ਬਦ, ਰਾਗ ਮਾਰੂ ’ਚ 2 ਸ਼ਬਦ, ਰਾਗ ਬਿਲਾਵਲ ’ਚ 3 ਸ਼ਬਦ, ਰਾਗ ਬਸੰਤੁ ’ਚ 5 ਸ਼ਬਦ, ਰਾਗ ਸਾਰੰਗ ’ਚ 4 ਸ਼ਬਦ, ਰਾਗ ਜੈਜਾਵੰਤੀ ’ਚ 4 ਸ਼ਬਦ। ਇਨ੍ਹਾਂ ਸ਼ਬਦਾਂ ਤੋਂ ਇਲਾਵਾ ਸੁਤੰਤਰ ਰੂਪ ਵਿਚ 57 ਸਲੋਕ, ‘ਸਲੋਕ ਵਾਰਾਂ ਤੇ ਵਧੀਕ’ ਤੋਂ ਬਾਅਦ ਵਿਚ ਦਰਜ ਹਨ।
    ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਵਿਆਕੁਲ, ਭੈ-ਭੀਤ, ਦੁਖੀ ਤੇ ਦੀਨ ਪਰਜਾ ਸੀ, ਜੋ ਸਮੇਂ ਦੀ ਰਾਜਨੀਤਕ, ਸਮਾਜਿਕ, ਆਰਥਿਕ ਤੇ ਧਾਰਮਿਕ ਬੇਇਨਸਾਫ਼ੀ ਵਿਚ ਬੁਰੀ ਤਰ੍ਹਾਂ ਪਿਸ ਰਹੀ ਸੀ। ਰਾਜਨੀਤਕ ਤੌਰ ’ਤੇ ਸਮਕਾਲੀ ਸਮੇਂ ਵਿਚ ਮੁਗਲ ਹਕੂਮਤ ਦੀ ਬੇਲਗਮ ਰਾਜ-ਸ਼ਕਤੀ ਜੋ ਨਿਰਦਈ ਤੇ ਕੱਟੜਪੰਥੀ ਔਰੰਗਜ਼ੇਬ ਦੇ ਦੌਰ ਵਿਚ ਜਬਰ ਤੇ ਜ਼ੁਲਮ ਢਾਹੁੰਦੀ ਸਾਰੇ ਹਿੰਦੁਸਤਾਨ ਨੂੰ ‘ਦਾਰੁਲਸਲਾਮ’ ਬਣਾਉਣ ਲਈ ਭਾਵ ਇਸਲਾਮ ਵਿਚ ਲਿਆਉਣ ਲਈ ਜਬਰੀ ਤੇ ਸਮੂਹਿਕ ਧਰਮ-ਬਦਲੀ ਵਾਸਤੇ ਤੁਅੱਸਬੀ ਤੇ ਹਿੰਸਕ ਨੀਤੀ ਦੀ ਅਮਲਦਾਰੀ ਵਿਚ ਸੀ। ਉਸ ਸਮੇਂ ਮੁਸਲਮਾਨੀ ਮਜ਼੍ਹਬ ਤੇ ਹਿੰਦੂ ਬੁੱਤਪ੍ਰਸਤੀ ਦੋਵੇਂ ਆਪਸ ਵਿਚ ਖਹਿਸਰ ਰਹੇ ਸਨ ਅਤੇ ਦੋਵੇਂ ਜਾਤੀਆਂ ਇਕ ਦੂਜੀ ਨਾਲ ਹਿੰਸਾਤਮਕ ਰੜਕ ਤੇ ਵੈਰ-ਭਾਵ ਵਿਚ ਗ੍ਰਸੀਆਂ ਹੋਈਆਂ ਸਨ। ਧਾਰਮਿਕ ਤੌਰ ’ਤੇ ਹਿੰਦੂਆਂ, ਮੁਸਲਮਾਨਾਂ, ਜੈਨੀਆਂ, ਜੋਗੀਆਂ, ਸੰਨਿਆਸੀਆਂ ਆਦਿ ਵਿਚਕਾਰ ਵੰਡੀਆਂ ਪਈਆਂ ਹੋਈਆਂ ਸਨ ਅਤੇ ਇਹ ਇਕ ਦੂਜੇ ਦੇ ਵਿਰੋਧੀ ਬਣੇ ਹੋਏ ਸਨ। ਜਾਤ-ਪਾਤ ਦੇ ਵਖਰੇਵਿਆਂ ਤੇ ਬੰਧਨਾਂ, ਧਾਰਮਿਕ ਕਰਮਕਾਂਡਾਂ ਅਤੇ ਫੋਕੀਆਂ ਰੀਤਾਂ-ਰਸਮਾਂ, ਰਾਜ ਪ੍ਰਬੰਧ ਦੇ ਜ਼ੁਲਮਾਂ, ਅਨਿਆਂ ਤੇ ਭਿ੍ਰਸ਼ਟਾਚਾਰ ਨੇ ਸਾਹ-ਸਤਹੀਣ ਹੋਈ ਪਰਜਾ ਦੀ ਦੁਰਗਤੀ ਬਣਾਈ ਹੋਈ ਸੀ। ਲੋਕਾਈ ਦੇ ਜੀਵਨ ਵਿਚ ਧਾਰਮਿਕ ਭਾਵਨਾ, ਸਮਾਜਿਕ ਸਦਾਚਾਰ ਅਤੇ ਰਾਜਨੀਤਕ ਸ਼ਿਸ਼ਟਾਚਾਰ ਜੀਵਨ ਦੇ ਹਰ ਖੇਤਰ ਵਿਚ ਅਲੋਪ ਸੀ। ਇਹੋ ਨਹੀਂ, ਲੋਕੀਂ ਆਪਣੇ ਜੀਵਨ-ਮਨੋਰਥ ਤੋਂ ਵੀ ਅਗਿਆਤ ਸਨ।
    ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਡੂੰਘੀ ਸਾਧਨਾ ਦੁਆਰਾ ਸਮਕਾਲੀ ਪ੍ਰਸਥਿਤੀਆਂ ਦੇ ਰੂ-ਬ-ਰੂ ਹੋ ਕੇ ਇਨ੍ਹਾਂ ਨਾਲ ਨਿੱਬੜਦੇ ਹੋਏ ਵੀ ਸਾਰੇ ਜਗਤ ਦੇ ਤਮਾਸ਼ੇ ਨੂੰ ਵੇਖਦਿਆਂ ਮਨੁੱਖ ਦੇ ਮਨ ਦੀਆਂ ਬੁਨਿਆਦੀ ਰੁਚੀਆਂ ਜੋ ਇਨ੍ਹਾਂ ਮਸਲਿਆਂ ਨੂੰ ਜਨਮ ਦਿੰਦੀਆਂ ਹਨ, ਡੂੰਘੀ ਤਰ੍ਹਾਂ ਵਿਚਾਰਿਆ। ਉਨ੍ਹਾਂ ਇਨ੍ਹਾਂ ਦੀ ਅਗਾੜੀ ਤੇ ਪਛਾੜੀ ਨੂੰ ਪੂਰੀ ਤਰ੍ਹਾਂ ਘੋਖਿਆ। ਉਨ੍ਹਾਂ ਵਾਕਿਆਤ ਦੇ ਸੰਤਾਪ ਤੋਂ ਉਤਾਂਹ ਉਠ ਕੇ, ਮਾਨਵੀ ਦਰਦ ਨਾਲ ਭਰਪੂਰ ਹੋ ਕੇ, ਜਗਤ ਦੇ ਮਾਨਵ ਦੇ ਉਧਾਰ ਦੇ ਪਵਿੱਤਰ ਉਦੇਸ਼ ਨਾਲ ਸਮਰੱਥ ਸਿਰਜਨਾਤਮਕ ਸ਼ਕਤੀ ਦੇ ਆਸਰੇ ਸਭ ਹਾਲਾਤ ਉਤੇ ਭਰਵੀਂ ਦਿ੍ਰਸ਼ਟੀ ਪਾਉਂਦਿਆਂ ਆਪਣੀ ਸਿੱਖਿਆ ਦੇ ਸੀਤਲ ਛਿੱਟੇ ਸੁੱਟੇ। ਇਹ ਅਨਮੋਲ ਵਿਚਾਰ, ਉਨ੍ਹਾਂ ਦੀ ਬਾਣੀ, ਉਹਨਾਂ ਦੀ ਆਤਮਾ ਦਾ ਪ੍ਰਕਾਸ਼ ਰੂਪ ਹੈ।
    ਇਹ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਗੁਰਮਤਿ ਵਿਚਾਰ-ਪ੍ਰਵਾਹ ਦੀ ਲੜੀ ਦੇ ਹਨ। ਜਿਸ ਜੀਵਨ-ਜਾਚ, ਜੀਵਨ-ਸੋਚ ਤੇ ਮਨੁੱਖੀ ਮਨ ਤੇ ਬੁੱਧੀ ਦੀਆਂ ਗੱਲਾਂ ਉਨ੍ਹਾਂ ਤੋਂ ਪਹਿਲੇ ਗੁਰੂ ਸਾਹਿਬਾਨ ਨੇ ਮਨੁੱਖ-ਮਾਤਰ ਨੂੰ ਸਮਝਾਈਆਂ ਉਸੇ ਹੀ ਵਿਚਾਰ-ਲੜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਰੰਗ ਵਿਚ ‘ਧੁਰ ਕੀ ਬਾਣੀ’ ਵਿਚ ਪ੍ਰਗਟ ਕੀਤਾ ਹੈ। ਉਨ੍ਹਾਂ ਦੀ ਵਿਚਾਰਧਾਰਾ ਜੀਵਨ ਦੇ ਮੰਥਨ ਅਤੇ ਅਮਲ ਵਿਚੋਂ ਫੁੱਟਿਆ ਤੱਤ-ਸਰੂਪ ਮਤ ਹੈ, ਜੋ ਮਨੁੱਖ ਨੂੰ ਅੰਤਰੀਵ ਸੋਝੀ ਦਿੰਦਿਆਂ �ਿਆਸ਼ੀਲ ਬਣਾ ਕੇ ਸਦੀਵ ਲਈ ਸੱਚ ਦੇ ਰਾਹ ਦਾ ਪੰਧਾਊ ਬਣਾਉਣ ਵਾਲਾ ਹੈ।
    (ੳ) ਜੀਵਨ ਸਮੱਸਿਆਵਾਂ ਦੀ ਜੜ੍ਹ ਦੀ ਨਿਸ਼ਾਨਦੇਹੀ : ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੁਭਵ ਕੀਤਾ ਕਿ ਕਨਕਤੇ ਕਾਮਨੀ ਜੀਵਨ ਦੀਆਂ ਸਭ ਸਮੱਸਿਆਵਾਂ ਦੀ ਜੜ੍ਹ ਹੈ। ਜੀਵਨ-ਮਨੋਰਥ ਤੋਂ ਅਗਿਆਤ ਹੋਣ ਕਰਕੇ ਬਹੁਤੇ ਲੋਕੀਂ ਸੋਨੇ, ਇਸਤਰੀ ਅਤੇ ਪ੍ਰਭੁਤਾ ਦੀ ਲਾਲਸਾ ਵਿਚ ਉਲਝੇ ਤੇ ਭਟਕੇ ਰਹਿੰਦੇ ਹਨ। ਉਹਨਾਂ ਲੋਕਾਂ ਨੂੰ ਨਾ ਨਿੱਜ ਦੇ ਭਲੇ ਅਤੇ ਨਾ ਹੀ ਸਮਾਜਿਕ ਹਿਤ ਦੀ ਸੋਝੀ ਹੁੰਦੀ ਹੈ :
ਕਹਉ ਕਹਾ ਅਪਨੀ ਅਧਮਾਈ॥
ਉਰਝਿਓ ਕਨਕ ਕਾਮਨੀ ਕੇ ਰਸ
ਨਹ ਕੀਰਤਿ ਪ੍ਰਭ ਗਾਈ॥1॥
ਜਗ ਝੂਠੇ ਕਉ ਸਾਚੁ ਜਾਨਿ ਕੈ
ਤਾ ਸਿਉ ਰੁਚ ਉਪਜਾਈ॥ (718)
    ਇਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਦਾ ਜੋ ਮਨੋਰਥ ਧਨ, ਇਸਤਰੀ ਤੇ ਪ੍ਰਭੁਤਾ ਬਣਦਾ ਹੈ, ਉਸ ਦੇ ਵਲੇਵੇਂ ਵਿਚ ਗ੍ਰਸ ਕੇ ਸਾਰਾ ਸਮਾਜ ਰੁੜ੍ਹਨ ਵੱਲ ਹੁੰਦਾ ਹੈ। ਯਥਾ :
ਸਾਧੋ ਇਹੁ ਜਗੁ ਭਰਮ ਭੁਲਾਨਾ॥
ਰਾਮ ਨਾਮ ਕਾ ਸਿਮਰਨੁ ਛੋਡਿਆ
ਮਾਇਆ ਹਾਥਿ ਬਿਕਾਨਾ॥1॥ ਰਹਾਉ॥
ਮਾਤ ਪਿਤਾ ਭਾਈ ਸੁਤ ਬਨਿਤਾ
ਤਾ ਕੈ ਰਸਿ ਲਪਟਾਨਾ॥
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ
ਅਹਿਨਿਸਿ ਰਹੈ ਦਿਵਾਨਾ॥1॥ (684)
    ਜੀਵਨ ਦੀ ਇਸ ਵਾਸਤਵਿਕਤਾ ਨੂੰ ਸਾਹਮਣੇ ਰੱਖਦਿਆਂ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਇਨ੍ਹਾਂ ਲਾਲਸਾਵਾਂ ਵਿਚ ਫਸ ਕੇ ਮਨੁੱਖ ਪਾਗਲ ਕੁੱਤੇ ਵਾਂਗੂ ਭਟਕਦਾ ਹੈ ਅਤੇ ਉਸ ਨੂੰ ਭਲੇ-ਬੁਰੇ ਦੀ ਸਾਰ ਨਹੀਂ ਰਹਿੰਦੀ। ਉਹ ਨਿੱਜ-ਹਿਤ ਤੋਂ ਅਗਿਆਤ ਹੁੰਦਾ ਹੈ ਅਤੇ ਉਸ ਦੇ ਜੋ ਸਮਾਜਿਕ ਤੇ ਹੋਰ ਫਰਜ਼ ਹੁੰਦੇ ਹਨ, ਉਹਨਾਂ ਬਾਰੇ ਨਾ ਸੋਚਦਾ ਹੈ ਅਤੇ ਨਾ ਹੀ ਪਾਲਣਾ ਕਰਦਾ ਹੈ, ਸਗੋਂ ਇਸ ਭਟਕਣਾ ਵਿਚ ਅਚੇਤ ਹੋਇਆ ਪਾਪ ਕਰੀ ਜਾਂਦਾ ਹੈ :
ਪਰ ਧਨ ਪਰ ਦਾਰਾ ਸਿਉ ਰਚਿਓ
ਬਿਰਥਾ ਜਨਮੁ ਸਿਰਾਵੈ॥1॥
ਮਦਿ ਮਾਇਆ ਕੈ ਭਇਓ ਬਾਵਰੋ
ਸੂਝਤ ਨਹ ਕਛੁ ਗਿਆਨਾ॥
ਘਟ ਹੀ ਭੀਤਰਿ ਬਸਤ ਨਿਰੰਜਨੁ
ਤਾ ਕੋ ਮਰਮੁ ਨ ਜਾਨਾ॥2॥ (632-33)
    ਇਨ੍ਹਾਂ ਪਾਪ ਤੇ ਲੋਭ ਭਰੇ ਕਰਮਾਂ ਨੇ ਬਹੁਤ ਕਰਕੇ ਪ੍ਰਾਣੀਆਂ ਨੂੰ ਜਕੜ ਰੱਖਿਆ ਹੈ। ਇਥੋਂ ਤੱਕ ਕਿ ਇਨ੍ਹਾਂ ਭੈੜਾਂ ਤੋਂ ਜੋਗੀ, ਜੰਗਮ ਤੇ ਤਿਆਗੀ ਵੀ ਨਹੀਂ ਬਚੇ ਹਨ :
ਪਾਪੀ ਹੀਐ ਮੈ ਕਾਮੁ ਬਸਾਇ॥
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ॥1॥ ਰਹਾਉ॥
ਜੋਗੀ ਜੰਗਮ ਅਰੁ ਸੰਨਿਆਸ॥
ਸਭ ਹੀ ਪਰਿ ਡਾਰੀ ਇਹ ਫਾਸ॥1॥ (1186)
    ਇਸ ਜਕੜ ਦੀ ਅਜਿਹੀ ਦੁਰਦਸ਼ਾ ਤੋਂ ਗੁਰੂ ਸਾਹਿਬ ਨਿਰਾਸ਼ ਨਹੀਂ ਹੁੰਦੇ ਤੇ ਨਾ ਹੀ ਉਨ੍ਹਾਂ ਨੇ ਜਗਤ ਦੇ ਤਿਆਗ ਜਾਂ ਜੰਗਲਾਂ ਦੀ ਇਕਾਂਤ ਜਾਂ ਪਹਾੜਾਂ ਦੀਆਂ ਕੰੁਦਰਾਂ ਵਿਚ ਛੁਪਣ ਵਾਲਾ ਰਸਤਾ ਦੱਸਿਆ ਅਤੇ ਨਾ ਹੀ ਇਸ ਸੰਕਟ ਤੋਂ ਅੱਖਾਂ ਮੀਟ ਕੇ ਨਿੱਜੀ ਵਿਹਾਰ ਤੇ ਸੰਸਾਰ ਵਿਚ ਰੁੱਝੇ ਰਹੇ। ਉਨ੍ਹਾਂ ਇਸ ਅਸਾਧ ਸੰਕਟ ਦੀ ਭਿਆਨਕ ਤੋਂ ਗੁੰਝਲਦਾਰ ਵੰਗਾਰ ਨੂੰ ਪ੍ਰਵਾਨ ਕਰ ਕੇ ਇਸ ਦੇ ਟਾਕਰੇ ਲਈ ਉਭਾਰਨ ਦੀ ਪ੍ਰੇਰਨਾ ਦਿੱਤੀ ਹੈ।
    (ਅ) ਗੁਰੂ ਤੇ ਉਸ ਦੀ ਸ਼ਰਨ : ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਗੁਰੂ ਸੰਸਾਰ ਦੇ ਇਸ ਅਸਾਧ ਰੋਗ ਤੋਂ ਮੁਕਤ ਹੁੰਦਾ ਹੈ ਅਤੇ ਜੋ ਉਸ ਦੀ ਅਗਵਾਈ ਪ੍ਰਾਪਤ ਕਰਦੇ ਹਨ, ਉਹ ਇਸ ਰੋਗ ਉਤੇ ਕਾਬੂ ਪਾ ਲੈਂਦੇ ਹਨ :
ਜਬ ਹੀ ਸਰਨਿ ਸਾਧ ਕੀ ਆਇਓ
ਦੁਰਮਤਿ ਸਗਲ ਬਿਨਾਸੀ॥
ਤਬ ਨਾਨਕ ਚੇਤਿਓ ਚਿੰਤਾਮਨਿ
ਕਾਟੀ ਜਮ ਕੀ ਫਾਸੀ॥ 3॥ 7॥ (633)
    ਸਾਧ ਕੌਣ ਹੈ? ਗੁਰੂ ਸਾਹਿਬ ਦਾ ਸਾਧ ਤੋਂ ਭਾਵ ‘ਗੁਰੂ’ ਹੈ। ‘ਗੁਰੂ’ ਦਾ ਅੱਖਰੀ ਅਰਥ ਹੈ : ਅੰਧੇਰੇ ਤੋਂ ਪ੍ਰਕਾਸ਼ ਕਰਨ ਵਾਲੀ ਹਸਤੀ। ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿਚੋਂ ਉਸ ਦਾ ਪ੍ਰਮੁੱਖ ਗੁਣ ‘ਗੁਰੂ’ ਹੈ। ਆਪਣੇ ਅਸਲੇ ਦੀ ਪਛਾਣ ਅਤੇ ਪ੍ਰਭੂਲੀਨਤਾ ਲਈ ‘ਗੁਰੂ’ ਪਾਸੋਂ ਜੋ ‘ਵਾਹਿਗੁਰੂ’ ਗੁਰਮੰਤਰ ਮਿਲਦਾ ਹੈ, ਉਸ ਤੋਂ ਕਰਤਾ ਪੁਰਖ ਦਾ ‘ਗੁਰੂ’ ਗੁਣ ਉਜਾਗਰ ਹੁੰਦਾ ਹੈ। ਗੁਰੂ, ਸੰਸਾਰ ਵਿਚ, ਨਿਰਗੁਣ-ਬ੍ਰਹਮ ਦਾ ਸ਼ਬਦ-ਬ੍ਰਹਮ ਸਰੂਪ ਹੁੰਦਾ ਹੈ। ਭਾਵੇਂ ਮਨੁੱਖੀ ਜਾਮੇ ਵਿਚ ਹੋਵੇ, ਭਾਵੇਂ ਬਦਲ ਕੇ ਗ੍ਰੰਥ ਰੂਪ ਚੋਲਾ ਧਾਰਨ ਕਰ ਲਵੇ। ਸਾਧ ਜਾਂ ਗੁਰੂ, ਸ਼ਬਦ-ਬ੍ਰਹਮ-ਗੁਰੂ ਗਿਆਨ ਪ੍ਰਕਾਸ਼ ਦੁਆਰਾ ਸੰਸਾਰ ਦੇ ਭਰਮ ਕੱਟਦਾ ਹੈ। ਗੁਰੂ ਅੰਤਰ-ਆਤਮਾ ਅਤੇ ਪਰਮਾਤਮਾ ਨਾਲ ਅਭੇਦ ਹੁੰਦਾ ਹੈ ਅਤੇ ਸੰਸਾਰ ਦੇ ਜੀਵਾਂ ਨੂੰ ਮੋਹ-ਮਾਇਆ ਦੀ ਅਗਿਆਨਤਾ ਵਿਚੋਂ ਕੱਢ ਕੇ ਪ੍ਰਭੂ ਨਾਲ ਅਭੇਦ ਕਰਨ ਦੀ ਸੱਚੀ-ਸੁੱਚੀ ਵਿਚੋਲਗੀ ਕਰਦਾ ਹੈ। ਜਿੱਥੇ ਸੰਸਾਰ ਵਿਚ ਸਭ ਕੁਝ ਨਾਸ਼ਮਾਨ ਹੈ, ਉਥੇ ਕੇਵਲ ਨਾਮ, ਨਾਮ ਦੀ ਸਾਧਨਾ ਕਰਨ ਵਾਲੇ, ਗੁਰਮੁਖ ਸਾਧੂ ਅਤੇ ਗੋਬਿੰਦ ਰੂਪ ਗੁਰੂ ਪਾਤਸ਼ਾਹ ਹੀ ਸਥਿਰ ਹਨ। ਗੁਰਵਾਕ ਹੈ :
ਕਲ ਮੈ ਮੁਕਤਿ ਨਾਮ ਤੇ ਪਾਵਤ
ਗੁਰੁ ਯਹ ਭੇਦੁ ਬਤਾਵੈ॥
ਕਹੁ ਨਾਨਕ ਸੋਈ ਨਰੁ ਗਰੂਆ
ਜੋ ਪ੍ਰਭ ਕੇ ਗੁਨ ਗਾਵੈ॥3॥3॥ (831)
    ਉਹ ਵਾਹਿਗੁਰੂ ਦਾ ਰੂਪ ਹੋ ਕੇ ਵਾਹਿਗੁਰੂ ਦੀ ਵਡਿਆਈ ਤੇ ਸਿਮਰਨ ਵਿਚ ਲੀਨ ਰਹਿੰਦਾ ਹੈ। ਉਹ ਸਾਰੇ ਪਰਮ-ਗੁਣ ਉਸ ਵਿਚ ਵਿਦਮਾਨ ਹੁੰਦੇ ਹਨ ਜਿਨ੍ਹਾਂ ਦੁਆਰਾ ਪ੍ਰਭੂ ਦਾ ਗਿਆਨ ਹੁੰਦਾ ਹੈ। ਗੁਰੂ ਸਾਹਿਬ ਆਪਣੀ ਗਵਾਹੀ ਰਾਹੀਂ ਗੁਰੂ ਦੀ ਓਟ ਵਿਚ ਜਾਣ ਲਈ ਪ੍ਰੇਰਦਿਆਂ ਸਮਝਾਉਂਦੇ ਹਨ :
ਮਾਈ ਮੈ ਧਨੁ ਪਾਇਓ ਹਰਿ ਨਾਮੁ॥
ਮਨੁ ਮੇਰੋ ਧਾਵਨ ਤੇ ਛੂਟਿਓ
ਕਰਿ ਬੈਠੋ ਬਿਸਰਾਮੁ॥1॥ ਰਹਾਉ॥
ਮਾਇਆ ਮਮਤਾ ਤਨ ਤੇ ਭਾਗੀ
ਉਪਜਿਓ ਨਿਰਮਲ ਗਿਆਨੁ॥
ਲੋਭ ਮੋਹ ਏਹ ਪਰਸਿ ਨ ਸਾਕੈ
ਗਹੀ ਭਗਤਿ ਭਗਵਾਨ॥1॥
ਜਨਮ ਜਨਮ ਕਾ ਸੰਸਾ ਚੂਕਾ
ਰਤਨੁ ਨਾਮੁ ਜਬ ਪਾਇਆ॥
ਤਿ੍ਰਸਨਾ ਸਕਲ ਬਿਨਾਸੀ ਮਨ ਤੇ
ਨਿਜ ਸੁਖ ਮਾਹਿ ਸਮਾਇਆ॥ 2॥
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ
ਸੋ ਗੋਬਿੰਦ ਗੁਨ ਗਾਵੈ॥
ਕਹੁ ਨਾਨਕ ਇਹ ਬਿਧਿ ਕੀ ਸੰਪੈ
ਕੋਊ ਗੁਰਮੁਖਿ ਪਾਵੈ॥3॥3॥ (1186)
    ਸਾਧ ਰੂਪੀ ਗੁਰੂ ਦੀ ਸ਼ਰਨ ਜੋ ਮਨੁੱਖ ਆਉਂਦੇ ਹਨ, ਉਹ ਸੰਸਾਰ ਦੀ ਮੋਹ-ਮਾਇਆ ਦੇ ਬੰਧਨਾਂ ਤੇ ਕਲੇਸ਼ਾਂ ਤੋਂ ਛੁਟਕਾਰਾ ਪਾ ਲੈਂਦੇ ਹਨ।
    (ੲ) ਸਾਧ, ਗੁਰੂ ਅਥਵਾ ਗੁਰ-ਸ਼ਬਦ ਦੀ ਸ਼ਰਨ ਪੈਣ ਦਾ ਤਰੀਕਾ ਕੀ ਹੈ? ਗੁਰੂ ਦੀ ਸ਼ਰਨ ਜ਼ੁਬਾਨੀ ਨਹੀਂ ਹੋਇਆ ਜਾਂਦਾ ਅਤੇ ਨਾ ਹੀ ਫੋਕੀਆਂ ਸਰੀਰਕ ਕਿਰਿਆਵਾਂ ਜਾਂ ਕਰਮਕਾਂਡੀ ਭਰਮਾਂ ਨਾਲ ਗੁਰੂ ਦੀ ਸ਼ਰਨ ਪਿਆ ਜਾ ਸਕਦਾ ਹੈ। ਗੁਰੂ ਦੀ ਸ਼ਰਨ ਪੈਣਾ ਇਕ ਅਪ੍ਰਸੰਗਿਕ ਕਿਰਿਆ ਹੈ। ਇਸ ਮਾਨਸਿਕ ਕਿਰਿਆ ਦਾ ਪ੍ਰਗਟਾਵਾ ਸਰੀਰਕ ਕਿਰਿਆ ਦੁਆਰਾ ਹੁੰਦਾ ਹੈ। ਪਰ ਜੇ ਇਸ ਮਾਨਸਿਕ ਕਿਰਿਆ ਤੋਂ ਬਿਨਾਂ ਹੀ ਸਰੀਰਕ ਕਿਰਿਆ ਕੀਤੀ ਜਾਏ ਤਾਂ ਇਹ ਸ਼ਰਨ ਪੈਣਾ ਨਹੀਂ ਹੁੰਦਾ। ਸਾਡਾ ਝਗੜਾ ਤਾਂ ਮਨ ਨਾਲ ਹੈ। ਇਹ ਮਨ ਹੀ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਮਾਇਆ ਦੀ ਪ੍ਰਾਪਤੀ ਲਈ ਧੱਕਾ, ਛਲ ਅਤੇ ਫਰੇਬ ਕਰਦਾ ਹੈ। ਇਸ ਤਰ੍ਹਾਂ ਸਾਧੂ ਭਾਵ ਗੁਰੂ ਦੀ ਸ਼ਰਨ ਦੇ ਦੋ ਭਾਵ ਹੋ ਜਾਂਦੇ ਹਨ ਕਿ ਇਕ ਤਾਂ ਗੁਰੂ ਦੇ ਉਪਦੇਸ਼ ਨੂੰ ਇਕਚਿੱਤ ਹੋ ਕੇ ਹਰ ਸਮੇਂ ਉਚਾਰਦੇ ਤੇ ਮਨ ਵਿਚ ਉਕਰਦੇ ਰਹਿਣਾ ਅਤੇ ਉਹ ਕਾਰਜ ਕਰਦੇ ਰਹਿਣਾ, ਜੋ ਉਸ ਉਪਦੇਸ਼ ਵਿਚ ਦਿੱਤੇ ਅਤੇ ਉਨ੍ਹਾਂ ਕੰਮਾਂ ਨੂੰ ਨਾ ਕਰਨਾ, ਜੋ ਉਸ ਸਿੱਖਿਆ ਵਿਚ ਵਰਜਿਤ ਹਨ। ਇਸ ਦਾ ਦੂਜਾ ਰੂਪ ਹੈ ਗੁਰੂ ਨੂੰ ਅੰਗ-ਸੰਗ ਸਮਝ ਕੇ ਉਸ ਦੀ ਸਮਰੱਥ ਸਹਾਇਤਾ ਤੇ ਭਰੋਸੇ ਵਿਚ ਰਹਿਣਾ। ਬਚਨ ਵੇਖੋ:
ਭਏ ਦਇਆਲ �ਿਪਾਲ ਸੰਤ ਜਨ
ਤਬ ਇਹ ਬਾਤ ਬਤਾਈ॥
ਸਰਬ ਧਰਮ ਮਾਨੋ ਤਿਹ ਕੀਏ
ਜਿਹ ਪ੍ਰਭ ਕੀਰਤਿ ਗਾਈ॥ 2॥
ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ
ਨਿਮਖ ਏਕ ਉਰਿ ਧਾਰੈ॥
ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ
ਅਪੁਨੋ ਜਨਮੁ ਸਵਾਰੈ॥3॥2॥ (902)
    ਪਰ ਗੁਰੂ ਦੀ ਸ਼ਰਨ ਪੈਣ ਦਾ ਤਰੀਕਾ ਹੈ, ਆਤਮ-ਸਮਰਪਣ, ਆਪਾ-ਸਮਰਪਣ। ਇਹ ਕੰਮ ਸੁਖਾਲਾ ਨਹੀਂ; ਇਹ ਬੜੀ ਘਾਲ ਮੰਗਦਾ ਹੈ, ਵਿਰਲੇ ਹੀ ਪਾਰ ਹੁੰਦੇ ਹਨ :
ਜਨ ਨਾਨਕ ਇਹੁ ਖੇਲੁ ਕਠਨੁ ਹੈ
ਕਿਨਹੂੰ ਗੁਰਮੁਖਿ ਜਾਨਾ॥ 2॥ 1॥ (219) 
(ਸ) ਮੁਕਤਿ ਪਦਵੀ : ਇਹ ਘਾਲ ਔਖੀ ਹੈ, ਪਰ ਇਸ ਦੀ ਪ੍ਰਾਪਤੀ ਦੀ ਮੁਕਤਿ ਅਵਸਥਾ ਵੀ ਮਹਾਨ ਹੁੰਦੀ ਹੈ। ਗੁਰਵਾਕ ਹੈ :
ਨਾਨਕ ਕਹਤ ਮੁਕਤਿ ਪੰਥ ਇਹੁ
ਗੁਰਮੁਖਿ ਹੋਇ ਤੁਮ ਪਾਵਉ॥ 2॥ 5॥ (219)
    ਇਥੇ ਸ਼ਾਇਦ ਇਹ ਪ੍ਰਤੀਤ ਹੋਵੇ ਕਿ ਇਹ ‘ਮੁਕਤਿ’ ਪਦਵੀ ਮਨੁੱਖ ਨੂੰ ਮਰਨ ਤੋਂ ਬਾਅਦ ਮਿਲਦੀ ਹੈ, ਜ਼ਿੰਦਗੀ ਦੇ ਸਮੇਂ ਵਿਚ ਇਸ ਦਾ ਕੋਈ ਲਾਭ ਨਹੀਂ। ਇਹ ਸ਼ੰਕਾ ਇਕ ਅਹਿਮ ਸੁਆਲ ਖੜ੍ਹਾ ਕਰਦਾ ਹੈ ਕਿ ਅਸੀਂ ਜੋ ਗਿ੍ਰਹਸਤੀ ਲੋਕ ਹਾਂ, ਸਾਨੂੰ ਇਸ ਗਿ੍ਰਹਸਤ ਵਿਚ ਪ੍ਰਭੂ ਤੇ ਗੁਰੂ ਸ਼ਰਨ ਲੈਣ ਦਾ ਕੀ ਲਾਭ ਹੋਏਗਾ? ਪਰ ਗੁਰੂ ਸਾਹਿਬ ਵਿਸ਼ਵਾਸ ਦਿਵਾਉਂਦੇ ਹਨ ਕਿ ‘ਮੁਕਤਿ’ ਪਦਵੀ ਜੋ ਗੁਰੂ ਦੀ ਸ਼ਰਨ ਲੈਣ ਨਾਲ ਪ੍ਰਾਪਤ ਹੁੰਦੀ ਹੈ, ਉਹ ਪਰਲੋਕ ਵਾਸਤੇ ਨਹੀਂ, ਇਸ ਜ਼ਿੰਦਗੀ ਵਿਚ ਹਰ ਤਰ੍ਹਾਂ ਸਹਾਈ ਹੁੰਦੀ ਹੈ। ਗੁਰਵਾਕ ਹੈ :
ਮਾਨ ਮੋਹ ਦੋਨੋ ਕਉ ਪਰਹਰਿ
ਗੋਬਿੰਦ ਕੇ ਗੁਨ ਗਾਵੈ॥
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ
ਜੀਵਨ ਮੁਕਤਿ ਕਹਾਵੈ॥ 2॥ 2॥ (831)
    (ਹ) ਸਦਾਚਾਰ ਦਾ ਧਾਰਨੀ ਬਣਨਾ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੱਸਦੀ ਹੈ ਕਿ ਸ਼ਰਨਧਾਰੀ ਪ੍ਰਾਣੀ ਨੂੰ ਗੁਰੂ ਜਾਂ ਗੁਰ-ਸ਼ਬਦ ਦੇ ਗਿਆਨ ਦੁਆਰਾ ਦੁਰਾਚਾਰ ਦੇ ਕਾਰਨਾਂ ਦੀ ਸਮਝ ਆ ਜਾਂਦੀ ਹੈ ਕਿ ਧਨ, ਇਸਤਰੀ ਤੇ ਪ੍ਰਭੁਤਾ ਦੀ ਲਪਟ ਹੀ ਸਦਾਚਾਰ ਭਾਵ ਮਨੁੱਖੀ ਜੀਵਨ ਦੀ ਸੱਚਾਈ ਅਤੇ ਸਦ-ਮਾਰਗ ਦੇ ਰਾਹ ਦੀਆਂ ਰੁਕਾਵਟਾਂ ਹਨ। ਇਨ੍ਹਾਂ ਰੁਕਾਵਟਾਂ ਦੀ ਸੋਝੀ ਨਾਲ ਸਦਾਚਾਰੀ ਜੀਵਨ ਨੂੰ ਅਪਣਾਉਣ ਦੀ ਚੇਸ਼ਟਾ ਜਾਗਦੀ ਹੈ। ਗੁਰੂ ਦੇ ਗਿਆਨ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਤਨ, ਧਨ, ਇਸਤਰੀ, ਪ੍ਰਭੁਤਾ ਆਦਿ ਸਭ ਬਿਨਸਨਹਾਰ ਹਨ ਅਤੇ ਇਹ ਸਾਨੂੰ ਸਥਿਰ ਸੰਤੁਸ਼ਟਤਾ ਦੇਣ ਦੇ ਸਮਰੱਥ ਨਹੀਂ। ਫਿਰ ਇਹ ਵੀ ਭੁਲੇਖਾ ਦੂਰ ਹੁੰਦਾ ਹੈ ਕਿ ਜਿਨ੍ਹਾਂ ਲਈ ਮੰਦੇ ਕਰਮ ਕੀਤੇ ਜਾਂਦੇ ਹਨ, ਭੀੜਾਂ ਵੇਲੇ ਕੋਈ ਸਹਾਈ ਨਹੀਂ ਹੁੰਦਾ। ਫਿਰ ਇਹ ਸਾਰਾ ਕੁਝ ਮਿ੍ਰਗ ਤਿ੍ਰਸ਼ਨਾ ਨਿਆਈਂ ਪ੍ਰਤੀਤ ਹੁੰਦਾ ਹੈ। ਯਥਾ :
ਮਿ੍ਰਗ ਤਿ੍ਰਸਨਾ ਜਿਉ ਝੂਠੋ ਇਹੁ ਜਗ
ਦੇਖਿ ਤਾਸਿ ਉਠਿ ਧਾਵੈ॥ 1॥ (219)
    ਇਸ ਤੋਂ ਸ਼ਰਨਧਾਰੀ ਜੀਵ ਸਿੱਖਿਆ ਲੈਂਦਾ ਹੈ ਕਿ ਦੁਰਾਚਾਰੀ ਕਰਮਾਂ ਦੇ ਕਾਰਨ ਹੀ ਜੀਵਨ ਦਾ ਘੋਰ ਸੰਤਾਪ ਵਿਆਪ ਰਿਹਾ ਹੈ। ਅਸੀਂ ਜੋ ਕਾਮ, ਲੋਭ, ਲਾਲਚ, ਹਉਮੈ, ਨਿੰਦਿਆ, ਗਰੂਰ ਤੇ ਪਾਪਾਂ ਵਿਚ ਗ੍ਰਸੇ ਰਹਿੰਦੇ ਹਾਂ, ਇਹ ਗਲਤ ਹੈ। ਸਦਾਚਾਰ ਵਾਲਾ ਰਾਹ ਅਪਣਾਇਆਂ ਹੀ ਗਤੀ ਹੋਣੀ ਹੈ।
    (ਕ) ਵੈਰਾਗ ਤੇ ਅਨੁਰਾਗ : ਗੁਰੂ ਸਾਹਿਬ ਸਮਝਾਉਂਦੇ ਹਨ ਕਿ ਦੁਰਾਚਾਰ ਨੂੰ ਛੱਡ ਕੇ, ਸਦਾਚਾਰ ਨੂੰ ਧਾਰਨ ਕਰ ਕੇ, ਸ਼ਰਨਧਾਰੀ ਪ੍ਰਾਣੀ ਨੂੰ ਜਿਸ ਚੀਜ਼ ਦੀ ਲੋੜ ਹੈ, ਉਹ ਹੈ ਵੈਰਾਗ ਤੇ ਅਨੁਰਾਗ। ਗੁਰੂ ਸਾਹਿਬ ਦੀ ਬਾਣੀ ਦਾ ਮੁੱਖ ਸਾਰ ਹੀ ਹੈ ਵੈਰਾਗ-ਭਾਵ ਦਾ ਪ੍ਰਗਟਾਉ। ਵੈਰਾਗ ਦੀ ਇਸ ਬਿਰਤੀ ਨੂੰ ਜਗਾਉਣ ਲਈ ਉਹ ਭਿੰਨ-ਭਿੰਨ ਸਥਿਤੀਆਂ ਤੇ ਦਲੀਲਾਂ ਅੰਕਿਤ ਕਰ ਕੇ ਸਮਝਾਉਂਦੇ ਹਨ :
    ਪਹਿਲੀ ਗੱਲ ਇਹ ਕਿ ਸਰੀਰ ਤੇ ਸੁੰਦਰ ਇਸਤਰੀ, ਹੋਰ ਰਿਸ਼ਤੇ-ਨਾਤੇ ਤੇ ਪਦਾਰਥ ਜਿਨ੍ਹਾਂ ਲਈ ਅਸੀਂ ਭਟਕਦੇ ਹਾਂ, ਇਹ ਸਦਾ ਰਹਿਣ ਵਾਲੇ ਨਹੀਂ :
ਜੋ ਤਨੁ ਤੈ ਅਪਨੋ ਕਰਿ ਮਾਨਿਓ
ਅਰੁ ਸੁੰਦਰ ਗਿ੍ਰਹ ਨਾਰੀ॥
ਇਨ ਮੈਂ ਕਛੁ ਤੇਰੋ ਰੇ ਨਾਹਨਿ
ਦੇਖੋ ਸੋਚ ਬਿਚਾਰੀ॥ 1॥ (220)
      ਇਹ ਇਸ ਲਈ ਸਾਡੇ ਨਹੀਂ ਕਿ ਸਰੀਰ ਦੇ ਨਾਸ ਹੋਣ ਮਗਰੋਂ ਇਨ੍ਹਾਂ ਨੇ ਸਾਡੇ ਨਾਲ ਨਹੀਂ ਜਾਣਾ। ਯਥਾ :
ਕਾਂ ਕੀ ਮਾਤ ਪਿਤਾ ਸੁਤ ਬਨਿਤਾ
ਕੋ ਕਾਹੂ ਕੋ ਭਾਈ॥ 1॥ ਰਹਾਉ॥
ਧਨੁ ਧਰਨੀ ਅਰੁ ਸੰਪਤਿ ਸਗਰੀ
ਜੋ ਮਾਨਿਓ ਅਪਨਾਈ॥
ਤਨ ਛੂਟੈ ਕਛੁ ਸੰਗਿ ਨ ਚਾਲੈ
ਕਹਾ ਤਾਹਿ ਲਪਟਾਈ॥ 1॥ (1231)
    ਦੂਜਾ, ਸਰੀਰ ਦੇ ਨਾਸ਼ ਹੋਣ ਨਾਲ ਤਾਂ ਇਨ੍ਹਾਂ ਸਭ ਦਾ ਸਾਥ ਟੁੱਟ ਹੀ ਜਾਂਦਾ ਹੈ ਪਰ ਜਿੰਨਾ ਚਿਰ ਇਹ ਸਰੀਰ ਕਾਇਮ ਹੈ, ਉਨਾ ਚਿਰ ਵੀ ਇਨ੍ਹਾਂ ਦੇ ਸਾਥ ਦਾ ਕੋਈ ਭਰੋਸਾ ਨਹੀਂ, ਕਿਉਂਕਿ ਇਨ੍ਹਾਂ ਦੇ ਸਾਥ ਦੀ ਬੁਨਿਆਦ ਨਿੱਜ-ਸੁਖ ਹੈ, ਜਦੋਂ ਨਿੱਜ-ਸੁਖ ਦੀ ਹਾਨੀ ਹੁੰਦੀ ਹੈ, ਇਹ ਸਭ ਸਾਥ ਛੱਡ ਜਾਂਦੇ ਹਨ :
ਇਹ ਜਗਿ ਮੀਤੁ ਨ ਦੇਖਿਓ ਕੋਈ॥
ਸਗਲ ਜਗਤੁ ਅਪਨੈ ਸੁਖਿ ਲਾਗਿਓ,
ਦੁਖ ਮੈ ਸੰਗਿ ਨ ਹੋਈ॥ 1॥ ਰਹਾਉ॥
ਦਾਰਾ ਮੀਤ ਪੂਤ ਸਨਬੰਧੀ
ਸਗਰੇ ਧਨ ਸਿਉ ਲਾਗੇ॥
ਜਬ ਹੀ ਨਿਰਧਨ ਦੇਖਿਓ ਨਰ ਕਉ
ਸੰਗੁ ਛਾਡਿ ਸਭ ਭਾਗੇ॥ 1॥ (633)
    ਇਹ ਸਾਥ ਸੁਆਰਥ ਦੇ ਹਨ। ਜਦ ਸਰੀਰ ਨਾਸ ਹੋ ਜਾਂਦਾ ਹੈ ਤਾਂ ਇਹ ਤੁਰੰਤ ਘਰ ਤੋਂ ਕੱਢਣ ਦੀ ਕਰਦੇ ਹਨ, ਇਕ ਘੜੀ ਲਈ ਵੀ ਮੁਰਦਾ ਸਰੀਰ ਨੂੰ ਰੱਖਣ ਨੂੰ ਤਿਆਰ ਨਹੀਂ ਹੁੰਦੇ :
ਸਭ ਕਿਛੁ ਜੀਵਤ ਕੋ ਬਿਵਹਾਰ॥
ਮਾਤ ਪਿਤਾ ਭਾਈ ਸੁਤ ਬੰਧਪ
ਅਰੁ ਫੁਨਿ ਗਿ੍ਰਹ ਕੀ ਨਾਰਿ॥ 1॥ ਰਹਾਉ॥
ਤਨ ਤੇ ਪ੍ਰਾਨ ਹੋਤ ਜਬ ਨਿਆਰੇ
ਟੇਰਤ ਪ੍ਰੇਤਿ ਪੁਕਾਰਿ॥
ਆਧ ਘਰੀ ਕੋਊ ਨਹਿ ਰਾਖੈ
ਘਰ ਤੇ ਦੇਤ ਨਿਕਾਰਿ॥ 1॥
ਮਿ੍ਰਗ ਤਿ੍ਰਸਨਾ ਜਿਉ ਜਗ ਰਚਨਾ ਯਹ
ਦੇਖਹੁ ਰਿਦੈ ਬਿਚਾਰਿ॥ (536)
    ਇਸ ਤਰ੍ਹਾਂ ਗੁਰੂ ਸਾਹਿਬ ਸੰਸਾਰ ਦੀ ਅਸਲੀਅਤ ਪ੍ਰਤੱਖ ਕਰ ਕੇ ਸਾਡੇ ਸਾਕਾਂ ਤੇ ਰਿਸ਼ਤੇਦਾਰੀਆਂ ਅਤੇ ਦੋਸਤਾਂ ਦੀ ਅਸਥਿਰਤਾ ਤੇ ਨਾਸ਼ਮਾਨਤਾ ਨੂੰ ਮੁੱਖ ਰੱਖਦਿਆਂ ਇਨ੍ਹਾਂ ਦੇ ਤਿਆਗ ਲਈ ਨਹੀਂ ਕਹਿੰਦੇ। ਉਹ ਤਾਂ ਵਣਾਂ ਜਾਂ ਪਹਾੜਾਂ ਦੀਆਂ ਕੰਦਰਾਂ ਵਿਚ ਜਾਣ ਵਾਲੇ ਤਿਆਗੀਆਂ ਨੂੰ ਵੀ ਸਮਝਾਉਂਦੇ ਹਨ ਕਿ ਲੋੜ ਸੰਸਾਰ, ਪਦਾਰਥਾਂ ਤੇ ਰਿਸ਼ਤਿਆਂ ਦੇ ਤਿਆਗ ਦੀ ਨਹੀਂ, ਬਲਕਿ ਇਨ੍ਹਾਂ ਦੀ ਪਕੜ ਤੋਂ ਉਤੋਂ ਉਠ ਕੇ ‘ਸਰਬ ਨਿਵਾਸੀ’ ਜੋ ਸਾਡੇ ਅੰਦਰ ਵੱਸ ਰਿਹਾ ਹੈ ਅਤੇ ਜੀਵਨ ਦਾ ਅਸਲੀ ਮਾਰਗ-ਦਰਸ਼ਕ ਹੈ, ਦੀ ਪਛਾਣ ਹੀ ਹੈ :
ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ
ਤੋਹੀ ਸੰਗਿ ਸਮਾਈ॥ 1॥ ਰਹਾਉ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ
ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ
ਘਟ ਹੀ ਖੋਜਹੁ ਭਾਈ॥ 1॥ (684)
    ਲੋੜ ਸੰਸਾਰ ਦੇ ਤਿਆਗ ਦੀ ਨਹੀਂ, ਸਗੋਂ ਜ਼ਰੂਰਤ ਸੰਸਾਰਕ ਪਦਾਰਥਾਂ ਤੋਂ ਉਚੇਰੇ ਉਠਣ, ਵਿਸ਼ੇ-ਵਿਕਾਰਾਂ ਤੋਂ ਮੂੰਹ-ਮੋੜਨ ਅਤੇ ਮਾਇਆ ਦੇ ਮੋਹ ਨੂੰ ਤਿਆਗਣ ਦੀ ਹੈ। ਜਦ ਜਮ ਦਾ ਡੰਡਾ ਅਚਨਚੇਤ ਸਿਰ ’ਤੇ ਪੈਂਦਾ ਹੈ ਤਾਂ ਪਛਤਾਵੇ ਨਾਲ ਕੁਝ ਨਹੀਂ ਬਣਦਾ। ਇਸ ਤਰ੍ਹਾਂ ਇਹ ਵੈਰਾਗ ਗੁਰੂ ਦੇ ਚਰਨਾਂ ਦੀ ਪ੍ਰੀਤ ਪੈਦਾ ਕਰ ਕੇ ਹਿਰਦੇ ਵਿਚ ਅਨੁਰਾਗ ਜਗਾਉਂਦਾ ਹੈ ਤੇ ਪ੍ਰੇਮ ਪੈਦਾ ਕਰਦਾ ਹੈ। ਇਹ ਵੈਰਾਗ ਨਾ ਨਿਰਾਸ਼ਾਵਾਦ ਹੈ ਤੇ ਨਾ ਪਲਾਇਨਵਾਦ। ਇਹ ਸੰਸਾਰ ਤੇ ਸਰੀਰ ਦੀ ਚਲਾਇਮਾਨ ਤੇ ਅਨਿਸਚਿਤ ਗਤੀ ਨੂੰ ਦਿ੍ਰੜ੍ਹ ਕਰਾ ਕੇ ਪ੍ਰਭੂ ਦੇ ਚਰਨਾਂ ਦਾ ਅਨੁਰਾਗ ਪੈਦਾ ਕਰਦਾ ਹੈ।
    (ਖ) ਭਾਉ-ਭਗਤਿ ਦੇ ਮਾਰਗ ਦਾ ਧਾਰਨੀ ਕਿਵੇਂ ਬਣੀਏ? ਇਸ ਤਰ੍ਹਾਂ ਸ਼ਰਨਧਾਰੀ ਜਗਿਆਸੂ ਪ੍ਰਭੂ-ਪ੍ਰੀਤ ਦੇ ਰੰਗ ਵਿਚ ਰੰਗੀਜ ਕੇ ਗੁਰੂ ਅੱਗੇ ਆਪਣੀਆਂ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ, ਤਾਂ ਜੋ ਧਰਮ ਦੇ ਰਾਹ ’ਤੇ ਵਿਚਰਦਿਆਂ ਸੱਚ-ਮਾਰਗ ਅਤੇ ਭਾਉ-ਭਗਤਿ ਦੇ ਮਾਰਗ ਦੀ ਸੋਝੀ ਹੋ ਜਾਏ। ਗੁਰੂ ਸਾਹਿਬ ਨੇ ਆਪ ਹੀ ਸੰਕੇਤ ਕਰਦਿਆਂ ਦੱਸਿਆ ਹੈ :
ਪ੍ਰਾਨੀ ਕਉਨੁ ਉਪਾਉ ਕਰੈ॥
ਜਾ ਤੇ ਭਗਤਿ ਰਾਮ ਕੀ ਪਾਵੈ
ਜਮ ਕੋ ਤ੍ਰਾਸੁ ਹਰੈ॥ 1॥ ਰਹਾਉ॥
ਕਉਨੁ ਕਰਮ ਬਿਦਿਆ ਕਹੁ ਕੈਸੀ
ਧਰਮੁ ਕਉਨੁ ਫੁਨਿ ਕਰਈ॥
ਕਉਨੁ ਨਾਮੁ ਗੁਰ ਜਾ ਕੈ ਸਿਮਰੈ
ਭਵ ਸਾਗਰ ਕਉ ਤਰਦੀ॥ 1॥ (632)
    ਇਥੇ ਪੰਜ ਪ੍ਰਸ਼ਨ ਹਨ ਕਿ ਕਿਹੜਾ ਉਪਾਅ ਕੀਤਾ ਜਾਏ? ਕਿਸ ਧਰਮ ਉਤੇ ਚੱਲਿਆ ਜਾਵੇ? ਕਿਸ ਗੁਰੂ ਕੋਲੋਂ ਕਿਹੜਾ ਨਾਮ ਲੈ ਕੇ ਸਿਮਰਿਆ ਜਾਵੇ? ਅਤੇ ਕਿਸ ਤਰ੍ਹਾਂ ਮੌਤ ਦਾ ਡਰ ਮਿਟ ਜਾਵੇ ਤੇ ਸੰਸਾਰ ਰੂਪੀ ਭਵ-ਸਾਗਰ ਤੋਂ ਪਾਰ ਉਤਾਰਾ ਹੋਵੇ? ਫਿਰ ਗੁਰੂ ਸਾਹਿਬ ਨੇ ਆਪ ਹੀ ਉਤਰ ਦਿੱਤਾ ਹੈ :
ਕਲ ਮੈ ਏਕੁ ਨਾਮੁ ਕਿਰਪਾ ਨਿਧਿ
ਜਾਹਿ ਜਪੈ ਗਤਿ ਪਾਵੈ॥
ਅਉਰ ਧਰਮ ਤਾ ਕੈ ਸਮ ਨਾਹਨਿ
ਇਹ ਬਿਧਿ ਬੇਦੁ ਬਤਾਵੈ॥ 2॥
ਸੁਖੁ ਦੁਖੁ ਰਹਤ ਸਦਾ ਨਿਰਲੇਪੀ
ਜਾ ਕੋ ਕਹਤ ਗੁਸਾਈ॥
ਸੋ ਤੁਮ ਹੀ ਮਹਿ ਬਸੈ ਨਿਰੰਤਰਿ
ਨਾਨਕ ਦਰਪਨਿ ਨਿਆਈ॥ 3॥ 5॥ (632)
    ਗੁਰੂ ਸਾਹਿਬ ਦਸਦੇ ਹਨ ਕਿ ਪਰਮਾਤਮਾ ਦਾ ਇਕ ਨਾਮ ਹੀ ਐਸਾ ਨਾਮ ਹੈ, ਜਿਸ ਦੇ ਸਿਮਰਨ ਨਾਲ ਗਤੀ ਹੋਣੀ ਹੈ। ਕੋਈ ਹੋਰ ਧਰਮ ਜਾਂ ਕਰਮ ਇਸ ਦੇ ਬਰਾਬਰ ਨਹੀਂ। ਵਾਹਿਗੁਰੂ ਦਾ ਨਾਮ ਜਪਣਾ ਹੀ ਸਭ ਤੋਂ ਉਤਮ ਕਰਮ, ਵਿਦਿਆ ਤੇ ਧਰਮ ਹੈ। ਵਾਹਿਗੁਰੂ ਦੇ ਨਾਮ ਦਾ ਜਪਣਾ, ਉਸ ਵਾਹਿਗੁਰੂ ਦੇ ਗੁਣਾਂ ਤੇ ਸਿਫਤਾਂ ਨੂੰ ਸਿਮਰਦਿਆਂ ਤੇ ਚਿਤਾਰਦਿਆਂ, ਉਨ੍ਹਾਂ ਗੁਣਾਂ ਦੀ ਪ੍ਰਤੀਤੀ ਕਰ ਕੇ, ਸੁਰਤਿ ਤੇ ਆਤਮਿਕ ਅਨੁਭਵ ਦੁਆਰਾ ਪਛਾਣ ਕੇ ਜੀਵਨ ਦੇ ਅਮਲ ਵਿਚ ਲਿਆਉਣਾ ਹੈ। ਫਿਰ ਪਰਮਾਤਮਾ ਦੀ ਰੂਹਾਨੀ ਪ੍ਰਤੀਤੀ ਦੇ ਨਾਲ ਸੱਚ, ਸੁੱਚ, ਸੰਜਮ, ਸੰਤੋਖ, ਸਹਿਜ, ਮਿੱਠਤ, ਨਿਮਰਤਾ, ਖੇੜਾ, ਪਿਆਰ, ਦਇਆ, ਪਰਉਪਕਾਰ, ਸੇਵਾ-ਭਾਵਨਾ, ਬਰਾਬਰੀ ਦਾ ਭਾਵ, ਸਹਿਨਸ਼ੀਲਤਾ, ਦੂਸਰਿਆਂ ਲਈ ਦਰਦ, ਵਿਸ਼ਾਲ ਦਿ੍ਰਸ਼ਟੀ ਤੇ ਚੜ੍ਹਦੀ ਕਲਾ ਆਦਿ ਸਭ ਗੁਣ ਆਪ ਮੁਹਾਰੇ ਸ਼ਰਨਧਾਰੀ ਮਨੁੱਖ ਸਭ ਗੁਣ ਆਪ ਮੁਹਾਰੇ ਸ਼ਰਨਧਾਰੀ ਮਨੁੱਖ ਦੀ ਅੰਦਰਲੀ ਸੂਝ ਵਿਚ ਸਥਾਪਿਤ ਹੋ ਜਾਂਦੇ ਹਨ ਅਤੇ ਉਹ ਇਨ੍ਹਾਂ ਗੁਣਾਂ ’ਤੇ ਅਮਲ ਕਰਦਿਆਂ ਕਾਮ, ਕ੍ਰੋਧ, ਝੂਠ, ਨਿੰਦਿਆ, ਹੰਕਾਰ ਤੇ ਹੋਰ ਬੁਰਾਈਆਂ ਦਾ ਤਿਆਗ ਕਰਦਾ ਹੈ :
ਮਾਇਆ ਮਮਤਾ ਤਨ ਤੇ ਭਾਗੀ
ਉਪਜਿਓ ਨਿਰਮਲ ਗਿਆਨੁ॥
ਲੋਭ ਮੋਹ ਏਹ ਪਰਸਿ ਨ ਸਾਕੈ
ਗਹੀ ਭਗਤਿ ਭਗਵਾਨ॥ 1॥
ਜਨਮ ਜਨਮ ਕਾ ਸੰਸਾ ਚੂਕਾ
ਰਤਨੁ ਨਾਮੁ ਜਬ ਪਾਇਆ॥
ਤਿ੍ਰਸਨਾ ਸਕਲ ਬਿਨਾਸੀ ਮਨ ਤੇ
ਨਿਜ ਸੁਖ ਮਾਹਿ ਸਮਾਇਆ॥ 2॥ (1186)
    (ਗ) ਪਰਉਪਕਾਰ ਦੀ ਭਾਵਨਾ ਪ੍ਰਜਵਲਿਤ ਹੋਣਾ : ਸ੍ਰੀ ਗੁਰੂ ਤੇਗ ਬਹਾਦਰ ਜੀ ਹੋਰ ਦਰਸਾਉਂਦੇ ਹਨ ਕਿ ‘ਹਰਿ’ ਦੇ ਪ੍ਰੇਮ ਅਤੇ ਭਾਉ-ਭਗਤਿ ਵਿਚ ਪ੍ਰੇਮ ਅਤੇ ਸੇਵਾ ਸੰਯੁਕਤ ਹੋ ਜਾਂਦੇ ਹਨ। ਪ੍ਰੇਮ ਦੀ ਦਿ੍ਰੜ੍ਹਤਾ ਸੇਵਾ ਤੇ ਪਰਉਪਕਾਰ ਨਾਲ ਪੂਰਨ ਹੁੰਦੀ ਹੈ। ਗੁਰੂ ਸਾਹਿਬ ਪ੍ਰੇਮ ਦੇ ਨਾਲ ਸੇਵਾ ਦੇ ਆਦਰਸ਼ ਨੂੰ ਕੇਵਲ ਇਖਲਾਕੀ ਪਹਿਲੂ ਤੋਂ ਅਪਨਾਉਣ ਲਈ ਹੀ ਨਹੀਂ, ਸਗੋਂ ਉਹ ਇਸ ਨੂੰ ਧਿਆਨੀ ਜੀਵਨ ਤੋਂ ਇਕ ਅਧਿਆਤਮਕ ਅੰਗ ਸਮਝ ਕੇ ਅਮਲੀ ਵਰਤੋਂ ਵਿਚ ਲਿਆਉਣ ਲਈ ਪ੍ਰੇਰਦੇ ਹਨ :
ਅਬ ਮੈ ਕਉਨ ਉਪਾਉ ਕਰਉ॥
ਜਿਹ ਬਿਧਿ ਮਨ ਕੋ ਸੰਸਾ ਚੂਕੈ
ਭਉ ਨਿਧਿ ਪਾਰਿ ਪਰਉ॥ 1॥ ਰਹਾਉ॥
ਜਨਮੁ ਪਾਇ ਕਛੁ ਭਲੋ ਨ ਕੀਨੋ
ਤਾ ਤੇ ਅਧਿਕ ਡਰਉ॥
ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ
ਯਹ ਜੀਅ ਸੋਚ ਧਰਉ॥ 1॥ (685)
    ਗੁਰੂ ਸਾਹਿਬ ਸਮਝਾਉਂਦੇ ਹਨ ਕਿ ਨਾਮ-ਸਿਮਰਨ ਦੀ ਸਾਧਨਾ ਦੀ ਪੂਰਣਤਾ ਕੇਵਲ ਆਪੇ ਦਾ ਉਧਾਰ ਨਹੀਂ, ਸਗੋਂ ਇਸ ਦਾ ਲਕਸ਼ ਹੈ ਕਿ ਮਨੁੱਖਾ ਜਨਮ ਪਾ ਕੇ ਦੂਜਿਆਂ ਦਾ ਭਲਾ ਕੀਤਾ ਜਾਏ ਅਤੇ ਕਿਸ ਤਰ੍ਹਾਂ ਪਰਉਪਕਾਰ ਦੀ ਖਾਤਰ ਆਪਾ ਵਾਰਿਆ ਜਾਵੇ। ਇਹ ਪਰਉਪਕਾਰ ਤੇ ਲੋਕ-ਭਲਾਈ ਅਥਵਾ ਲੋਕਾਂ ਦਾ ਭਲਾ ਕਰਨ ਦੀ ਚਿਣਗ ਸਿਰਫ਼ ਸ਼ੁਭ-ਇੱਛਾਵਾਂ ਦਾ ਦਾਨ ਨਹੀਂ, ਇਹ ਸੇਵਾ ਹੀ ਕੁਰਬਾਨੀ ਜਾਂ ਆਪਾ ਵਾਰਨ ਦਾ ਮਾਰਗ ਤਿਆਰ ਕਰਦੀ ਹੈ।
    (ਘ) ਕੁਰਬਾਨੀ : ਗੁਰੂ ਸਾਹਿਬ ਦੀ ਸਿੱਖਿਆ ਕੇਵਲ ਇਹੋ ਨਹੀਂ ਸਿਖਾਉਂਦੀ ਕਿ ਬਦੀ ਬੁਰਾਈ ਤੋਂ ਬਚਣਾ ਕਿਵੇਂ ਹੈ, ਇਹ, ਇਹ ਵੀ ਸਿਖਾਉਂਦੀ ਹੈ ਕਿ ਬਦੀ ਦਾ ਤੇ ਪਾਪ ਦਾ ਟਾਕਰਾ ਕਰ ਕੇ ਇਸ ਉਤੇ ਕਾਬੂ ਕਿਵੇਂ ਪਾਉਣਾ ਹੈ। ਬਲਹੀਨ ਹੋਣ ਨਾਲ ਬੰਧਨ ਪੈਂਦੇ ਹਨ, ਬੰਧਨ ਤੋੜਨ ਦਾ ਉਪਾਇ ਕੇਵਲ ਹਰਿ ਓਟ ਹੈ :
ਬਲੁ ਛੁਟਕਿਓ ਬੰਧਨ ਪਰੇ
ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟਿ ਹਰਿ
ਗਜ ਜਿਉ ਹੋਹੁ ਸਹਾਇ॥ 53॥ (1429)
        ਸਰਬ-ਸ਼ਕਤੀਮਾਨ ਪ੍ਰਭੂ ’ਤੇ ਭਰੋਸੇ ਸਦਕਾ ਨਿਰਭੈ ਹੋ ਕੇ ਬਲ ਗ੍ਰਹਿਣ ਕਰ ਕੇ ਬੰਧਨ-ਮੁਕਤ ਹੋਣ ਲਈ ਸੰਘਰਸ਼ ਵਿਚ ਕੁਰਬਾਨੀ ਲਈ ਤਿਆਰ ਹੋਣਾ ਪੈਂਦਾ ਹੈ :
ਬਲੁ ਹੋਆ ਬੰਧਨ ਛੁਟੇ
ਸਭੁ ਕਿਛੁ ਹੋਤ ਉਪਾਇ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ
ਤੁਮ ਹੀ ਹੋਤ ਸਹਾਇ॥ 54॥ (1429)
    ਆਪਣੇ ਪ੍ਰਭੂ ਪ੍ਰੇਮ ਦੇ ਵਿਸ਼ਵਾਸ ਦੀ ਪਰਖ ਤੇ ਪ੍ਰੀਖਿਆ ਵਾਸਤੇ ਨਿਰਭੈ ਹੋ ਕੇ ਕੁਰਬਾਨੀ ਲਈ ਤਤਪਰ ਰਹਿਣਾ ਇਕ ਲਾਜ਼ਮੀ ਫਰਜ਼ ਬਣ ਜਾਂਦਾ ਹੈ :
ਜਨਮ ਜਨਮ ਭਰਮਤ ਫਿਰਿਓ
ਮਿਟਿਓ ਨ ਜਮ ਕੋ ਤ੍ਰਾਸੁ॥
ਕਹੁ ਨਾਨਕ ਹਰਿ ਭਜੁ ਮਨਾ
ਨਿਰਭੈ ਪਾਵਹਿ ਬਾਸੁ॥ 3॥ (1428)
    ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਭਾਵੇਂ ਆਕਾਰ ਵਜੋਂ ਬਹੁਤੀ ਨਹੀਂ, ਪਰ ਆਪਣੀਆਂ ਸਿੱਖਿਆਵਾਂ ਸਦਕਾ ਗੁਰਮਤਿ ਅੰਦਰ ਇਸ ਦਾ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ। ਇਸ ਬਾਣੀ ਦਾ ਖਾਸ ਗੁਣ ਹੈ ਕਿ ਇਹ ਹਿਰਦੇ ਦੀ ਵੇਦਨਾ ਦਾ ਐਸਾ ਪ੍ਰਗਟਾਉ ਹੈ, ਜੋ ਜੀਵਨ ਦੀਆਂ ਸਾਰੀਆਂ ਗੁੰਝਲਾਂ ਤੇ ਸੰਕਟਾਂ ਨੂੰ ਬੜੇ ਸਪੱਸ਼ਟ ਰੂਪ ਵਿਚ ਦਰਸਾ ਕੇ ਇਹਨਾਂ ਦੇ ਨਿਵਾਰਨ ਦਾ ਰਾਹ ਦਰਸਾ ਦਿੰਦੀ ਹੈ। ਗੁਰੂ ਸਾਹਿਬ ਦੀ ਜੀਵਨ ਸਿੱਖਿਆ, ਸਰਬ-ਸਾਂਝੀ ਹੋ ਕੇ ਸਾਰੇ ਸੰਸਾਰ ਲਈ, ਸਭ ਲੋਕਾਂ ਤੇ ਸਭ ਸਮਿਆਂ ਵਾਸਤੇ ਸਰਬੱਤ ਲਈ ਕਲਿਆਣ-ਕਾਰੀ ਹੈ।
- ਡਾ. ਗੁਰਚਰਨ ਸਿੰਘ