ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬ ਦੀ ਸਿਆਸਤ 'ਤੇ ਕੁਝ ਪਰਿਵਾਰਾਂ ਦਾ ਹੀ ਕਬਜ਼ਾ


ਭਾਰਤ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਿਆਸਤਦਾਨ ਰਾਜਸੀ ਪਦਵੀ ਅਗਲੀ ਪੀੜ੍ਹੀ ਨੂੰ ਵਿਰਾਸਤ ਵਿਚ ਨਹੀਂ ਦੇ ਸਕਦਾ ਪਰ ਫਿਰ ਵੀ ਮੁਲਕ ਤੇ ਸੂਬਾਈ ਸਿਆਸਤ ਵਿਚ ਆਜ਼ਾਦੀ ਤੋਂ ਬਾਅਦ ਪਰਿਵਾਰਵਾਦ ਬਹੁਤ ਜ਼ਿਆਦਾ ਪ੍ਰਫੁੱਲਤ ਹੋਇਆ ਹੈ। ਆਲਮ ਇਹ ਹੈ ਕਿ ਆਮ ਬੰਦਾ ਤਾਂ ਸਿਆਸੀ ਰੁਤਬਾ ਹਾਸਲ ਕਰਨ ਦਾ ਸੁਪਨਾ ਵੀ ਨਹੀਂ ਲੈ ਸਕਦਾ। ਰਾਜਨੀਤਕ ਮਾਹੌਲ ਹੀ ਅਜਿਹਾ ਬਣ ਗਿਆ ਹੈ ਕਿ ਅਗਲੀ ਪੀੜ੍ਹੀ ਜਾਂ ਕਰੀਬੀ ਰਿਸ਼ਤੇਦਾਰਾਂ ਲਈ ਰਾਜਸੀ ਪਿੜ ਵਿਚ ਆਪਣੀ ਥਾਂ ਬਣਾਉਣ ਵਿਚ ਸਹਾਈ ਹੋ ਰਿਹਾ ਹੈ। ਪੰਜਾਬ ਦੇ ਰਾਜਨੀਤਕ ਇਤਿਹਾਸ ਵਿਚ ਅਜਿਹੇ ਪਰਿਵਾਰਾਂ ਦੀ ਗਿਣਤੀ ਪੰਜਾਹ ਤੋਂ ਵੱਧ ਹੈ ਜਿਨ੍ਹਾਂ ਦੇ ਦੋ ਜਾਂ ਇਸ ਤੋਂ ਵੱਧ ਮੈਂਬਰ ਸੂਬਾਈ ਵਿਧਾਨ ਸਭਾ ਜਾਂ ਸੰਸਦ ਦੇ ਮੈਂਬਰ ਬਣੇ ਹਨ। ਪੰਜਾਬੀ ਕਹਾਵਤਾਂ 'ਕੁੱਕੜ ਤੇ ਕਾਂ' ਦੇ ਕਬੀਲਾ ਪਾਲਣ 'ਤੇ ਕੇਂਦਰਿਤ ਰਹੀਆਂ ਹਨ ਪਰ ਜੇ ਸੂਬੇ ਦੀ ਸਿਆਸਤ 'ਤੇ ਨਜ਼ਰ ਮਾਰੀ ਜਾਵੇ ਤਾਂ ਰਾਜਸੀ ਨੇਤਾਵਾਂ ਨੇ ਸਿਆਸਤ ਵਿਚ ਆਪਣੇ ਰਿਸ਼ਤੇਦਾਰਾਂ ਦੀ ਪੁਸ਼ਤਪਨਾਹੀ ਕਰਨ ਵਿਚ ਪੰਛੀਆਂ 'ਤੇ ਬਣੀਆਂ ਕਹਾਵਤਾਂ ਨੂੰ ਫਿੱਕਾ ਪਾ ਦਿੱਤਾ ਹੈ। ਸੂਬੇ ਦੀ ਸਿਆਸਤ ਵਿੱਚ ਹਮੇਸ਼ਾਂ ਮੋਹਰੀ ਰਹਿਣ ਵਾਲੇ ਦੋ ਪਰਿਵਾਰਾਂ ਮਾਝੇ ਦੇ ਕੈਰੋਂ ਤੇ ਮਾਲਵੇ ਦੇ ਬਾਦਲ ਪਰਿਵਾਰ ਦੇ ਮੈਂਬਰ ਅਤੇ ਸਭ ਤੋਂ ਕਰੀਬੀ ਰਿਸ਼ਤੇਦਾਰ ਅੱਜ ਵੀ ਸਿਆਸਤ ਦੇ ਖੇਤਰ ਵਿਚ ਵੱਡੇ ਅਹੁਦੇ ਮੱਲੀ ਬੈਠੇ ਹਨ ਤੇ ਅਗਲੀ ਪੀੜ੍ਹੀ ਦੇ ਮੁੰਡੇ ਕਤਾਰ 'ਚ ਹਨ।
ਰਾਜਨੀਤੀ ਦੇ ਖੇਤਰ ਵਿਚ ਕਬਜ਼ਾ ਕਰੀ ਬੈਠੇ ਕੁਝ ਕੁ ਪਰਿਵਾਰਾਂ ਨੇ ਰਿਸ਼ਤੇਦਾਰੀਆਂ ਦਾ ਅਜਿਹਾ ਜਾਲ ਬੁਣਿਆ ਹੈ ਕਿ ਥੋੜ੍ਹੇ ਜਿਹੇ ਖਾਨਦਾਨ ਸਾਰੇ ਅਹੁਦਿਆਂ 'ਤੇ ਕਾਬਜ਼ ਦਿਖਾਈ ਦੇ ਰਹੇ ਹਨ। ਇਸੇ ਲਈ ਤਾਂ ਇਹ ਕਿਹਾ ਜਾਂਦਾ ਹੈ ਕਿ ਉਹ ਜ਼ਮਾਨਾ ਗੁਜ਼ਰ ਗਿਆ ਜਦੋਂ ਮੋਰਚਿਆਂ ਵਿਚ ਜਾਣ ਵਾਲੇ ਵਰਕਰ ਅੱਗੇ ਜਾ ਕੇ ਪਾਰਟੀ ਦੇ ਨੇਤਾ ਬਣਦੇ ਜਾਂ ਪੰਥ ਲਈ ਜੇਲ੍ਹਾਂ ਕੱਟਣ ਵਾਲੇ ਕੌਮ ਦੇ ਆਗੂ ਚੁਣੇ ਜਾਂਦੇ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਇਹ ਦਲੀਲ ਦੇ ਚੁੱਕੇ ਹਨ ਕਿ ਜੇ ਡਾਕਟਰ ਦਾ ਪੁੱਤਰ ਡਾਕਟਰ ਤੇ ਵਕੀਲ ਦਾ ਪੁੱਤਰ ਵਕੀਲ ਬਣ ਸਕਦਾ ਹੈ ਤਾਂ ਰਾਜਸੀ ਨੇਤਾ ਦਾ ਪੁੱਤਰ ਨੇਤਾ ਕਿਉਂ ਨਹੀਂ ਬਣ ਸਕਦਾ? ਮੈਕਸ ਓਰੈੱਲ ਦਾ ਕਥਨ ਹੈ ਕਿ ਕੈਮਿਸਟ ਬਣਨ ਲਈ ਕੈਮਿਸਟਰੀ, ਡਾਕਟਰ ਬਣਨ ਲਈ ਮੈਡੀਸਨ ਅਤੇ ਵਕੀਲ ਬਣਨ ਲਈ ਕਾਨੂੰਨ ਦੀ ਪੜ੍ਹਾਈ ਕਰਨੀ ਪੈਂਦੀ ਹੈ ਪਰ ਨੇਤਾ ਬਣਨ ਲਈ ਸਿਰਫ਼ ਆਪਣੇ ਹਿੱਤਾਂ ਦੀ ਰਾਖੀ ਕਰਨੀ ਹੀ ਸਿੱਖੀ ਜਾਂਦੀ ਹੈ। ਇਸ ਦਲੀਲ ਤੋਂ ਇਹ ਵੀ ਸਪੱਸ਼ਟ ਹੈ ਕਿ ਹੋਰ ਕਿੱਤਿਆਂ ਵਾਂਗ ਰਾਜਨੀਤੀ ਵੀ ਵਪਾਰ ਬਣ ਗਈ ਹੈ। ਇਸ ਲਈ ਹੁਣ ਖੇਤ ਵਿੱਚ ਹਲ ਵਾਹੁਣ ਵਾਲੇ ਕਿਸਾਨ ਦਾ ਪੁੱਤਰ ਗੁਰਚਰਨ ਸਿੰਘ ਟੌਹੜਾ ਵਾਂਗ ਦਹਾਕਿਆਂ ਬੱਧੀ ਰਾਜਨੀਤੀ ਤੇ ਧਰਮ ਦੇ ਖੇਤਰ ਵਿੱਚ ਕੱਦਾਵਰ ਨੇਤਾ ਨਹੀਂ ਰਹਿ ਸਕਦਾ। ਪਿੰਡ ਦੀ ਸਰਪੰਚੀ ਤੋਂ ਉੱਠ ਕੇ ਬੇਅੰਤ ਸਿੰਘ ਵਾਂਗ ਮੁੱਖ ਮੰਤਰੀ ਬਣਨ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ। ਜਿਸ ਰਾਜਨੀਤੀ ਵਿੱਚ ਰੈਲੀਆਂ ਲਈ ਲੋਕਾਂ ਨੂੰ ਢੋਣ ਖ਼ਾਤਰ ਟਰੱਕ ਭਰ ਕੇ ਦਾਰੂ ਦੇ ਵੰਡੇ ਜਾਣਗੇ ਉਸ ਰਾਜਨੀਤੀ ਵਿੱਚ ਦਰੀਆਂ ਝਾੜਨ ਵਾਲਾ ਵਰਕਰ ਸਕਿਉਰਿਟੀ ਦੀ ਘੇਰਾਬੰਦੀ 'ਚ ਆਪਣੇ ਨੇਤਾ ਨਾਲ ਗੱਲ ਵੀ ਨਹੀਂ ਕਰ ਸਕਦਾ, ਨੇਤਾ ਬਣਨਾ ਤਾਂ ਦੂਰ ਦੀ ਗੱਲ ਹੈ।
ਅਸਲ ਵਿਚ ਪੰਜਾਬ ਦੀ ਸਿਆਸਤ ਮੁੱਢ ਤੋਂ ਹੀ ਕੁਝ ਵਿਸ਼ੇਸ਼ ਘਰਾਣਿਆਂ ਵਿਚ ਘਿਰੀ ਰਹੀ ਹੈ। ਬੇਸ਼ੱਕ ਪਹਿਲਾਂ ਤੋਂ ਹੀ ਰਾਜ ਦੀ ਸਿਆਸਤ 'ਤੇ ਪਰਿਵਾਰਵਾਦ ਦਾ ਪਰਛਾਵਾਂ ਰਿਹਾ ਹੈ ਪਰ ਪਿਛਲੇ ਕੁਝ ਅਰਸੇ ਤੋਂ ਇਸ ਉੱਪਰ ਪੂਰੀ ਤਰ੍ਹਾਂ ਪਰਿਵਾਰਵਾਦ ਦਾ ਗ਼ਲਬਾ ਹੋ ਚੁੱਕਾ ਹੈ। ਸੂਬੇ ਦੀ ਸਿਆਸਤ ਉੱਪਰ ਸਮੇਂ-ਸਮੇਂ ਚੋਣਵੇਂ ਪਰਿਵਾਰਾਂ ਦੀ ਹੀ ਪਕੜ ਰਹੀ ਹੈ ਪਰ ਕੁਝ ਪਰਿਵਾਰ ਕਿਸੇ ਨਾ ਕਿਸੇ ਰੂਪ ਵਿਚ ਪੰਜਾਬ ਦੇ ਸਿਆਸੀ ਪਿੜ 'ਤੇ ਪੂਰੀ ਤਰ੍ਹਾਂ ਛਾਏ ਰਹੇ। ਹੁਣ ਸਥਿਤੀ ਇਹ ਬਣ ਗਈ ਹੈ ਕਿ ਪੰਜਾਬ ਦੇ ਸਿਆਸੀ ਪਿੜ ਵਿਚ ਆਉਣ ਲਈ ਹਰੇਕ ਨੇਤਾ ਨੂੰ ਇਨ੍ਹਾਂ ਪਰਿਵਾਰਾਂ ਵਿਚੋਂ ਕਿਸੇ ਇਕ ਪਰਿਵਾਰ ਦੀ ਸ਼ਰਨ ਲੈਣੀ ਲਾਜ਼ਮੀ ਹੋ ਗਈ ਹੈ।
 ਦੀ ਸਿਆਸਤ ਵਿਚ ਮੋਹਰੀ ਰਾਜਸੀ ਪਰਿਵਾਰਾਂ ਦੀ ਗੱਲ ਕਰੀਏ ਤਾਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਪਰਿਵਾਰ ਨੂੰ ਥਾਪੜਾ ਦੇਣ ਤੋਂ ਪਿੱਛੇ ਨਹੀਂ ਰਹੇ। ਇੰਦਰ ਕੁਮਾਰ ਗੁਜਰਾਲ 1989 ਤੇ 1998 ਦੌਰਾਨ ਜਲੰਧਰ ਤੋਂ ਲੋਕ ਸਭਾ ਲਈ ਮੈਂਬਰ ਚੁਣੇ ਗਏ। ਇਸ ਤਰ੍ਹਾਂ ਉਹ ਤਿੰਨ ਵਾਰ ਪੰਜਾਬ ਰਾਹੀਂ ਰਾਜ ਸਭਾ ਦੀਆਂ ਪੌੜੀਆਂ ਵੀ ਚੜ੍ਹੇ। ਸਾਲ 1997 ਵਿੱਚ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤਾਜ ਪਹਿਨ ਕੇ ਸਿਆਸਤ ਦੀ ਸਿਖ਼ਰਲੀ ਮੰਜ਼ਿਲ ਸਰ ਕਰ ਲਈ। ਉਨ੍ਹਾਂ ਦੇ ਪੁੱਤਰ ਨਰੇਸ਼ ਕੁਮਾਰ ਗੁਜਰਾਲ ਹੁਣ ਸਿਆਸਤ ਵਿੱਚ ਸਰਗਰਮ ਹਨ। ਸਾਲ 2004 ਤੇ 2010 ਵਿੱਚ ਨਰੇਸ਼ ਗੁਜਰਾਲ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ।
ਮਾਝੇ ਵਿੱਚ ਨਿਹਾਲ ਸਿੰਘ, ਗੁਰਦੁਆਰਾ ਸੁਧਾਰ ਲਹਿਰ ਦੇ ਮੋਹਰੀ ਆਗੂਆਂ ਵਿੱਚ ਸ਼ਾਮਲ ਸਨ। ਉਨ੍ਹਾਂ ਦੇ ਪੁੱਤਰ ਪ੍ਰਤਾਪ ਸਿੰਘ ਕੈਰੋਂ ਅਹਿਮ ਅਹੁਦਿਆਂ 'ਤੇ ਰਹਿਣ ਮਗਰੋਂ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਛੋਟੇ ਭਰਾ ਜਸਵੰਤ ਸਿੰਘ, ਭਾਰਤੀ ਕਮਿਊਨਿਸਟ ਪਾਰਟੀ ਦੇ ਧੜੱਲੇਦਾਰ ਆਗੂ ਸਨ। ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਪਤਨੀ ਗੁਰਬਿੰਦਰ ਕੌਰ ਬਰਾੜ, ਜਸਵੰਤ ਸਿੰਘ, ਦੀ ਹੀ ਪੁੱਤਰੀ ਹੈ। ਪ੍ਰਤਾਪ ਸਿੰਘ ਕੈਰੋਂ ਦਾ ਇੱਕ ਪੁੱਤਰ ਸੁਰਿੰਦਰ ਸਿੰਘ ਕੈਰੋਂ ਸੰਸਦ ਮੈਂਬਰ ਅਤੇ ਵਿਧਾਇਕ ਰਹੇ ਹਨ। ਉਨ੍ਹਾਂ ਨੇ ਕਈ ਦਹਾਕੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨਾਲ ਕੁੜਮਾਚਾਰੀ ਪਾਈ। ਪ੍ਰਤਾਪ ਸਿੰਘ ਕੈਰੋਂ ਦਾ ਪੋਤਰਾ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ ਹੈ। ਉਹ ਅੱਜ-ਕੱਲ੍ਹ ਪੰਜਾਬ ਮੰਤਰੀ ਮੰਡਲ ਦਾ ਮੈਂਬਰ ਹੈ। ਸ੍ਰੀ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਰਾਮ ਕੌਰ ਵੀ ਵਿਧਾਇਕ ਰਹੇ। ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਦੂਜਾ ਪੁੱਤਰ ਗੁਰਿੰਦਰ ਸਿੰਘ ਕੈਰੋਂ ਰਾਜਸੀ ਪਿੜ ਵਿਚ ਦਾਖਲ ਤਾਂ ਹੋਇਆ ਪਰ ਕੋਈ ਜ਼ਿਕਰਯੋਗ ਪ੍ਰਾਪਤੀ ਨਾ ਕਰ ਸਕਿਆ ਪਰ ਉਨ੍ਹਾਂ ਦੇ ਜਵਾਈ ਜਸਵੀਰ ਸਿੰਘ ਜੱਸੀ ਖੰਗੂੜਾ ਜ਼ਰੂਰ ਰਾਜਨੀਤੀ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ।
ਬਾਦਲ, ਕੈਰੋਂ ਤੇ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਕਰੀਬੀ ਰਿਸ਼ਤੇਦਾਰ ਤਾਂ ਹਨ ਹੀ ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਰਾੜ ਪਰਿਵਾਰ ਨਾਲ ਵੀ ਸਿੱਧੀ ਰਿਸ਼ਤੇਦਾਰੀ ਹੈ। ਮਜੀਠੀਆ ਪਰਿਵਾਰ ਨੂੰ ਵੀ ਸਿਆਸਤ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ। ਇਸ ਪਰਿਵਾਰ ਦੀ ਸ਼ੁਰੂਆਤ ਜੇ ਸੁੰਦਰ ਸਿੰਘ ਮਜੀਠੀਆ ਤੋਂ ਕਰੀਏ ਤਾਂ ਉਨ੍ਹਾਂ ਦੇ ਪੁੱਤਰ ਸੁਰਜੀਤ ਸਿੰਘ ਮਜੀਠੀਆ ਕੇਂਦਰ ਵਿੱਚ ਉਪ ਰੱਖਿਆ ਮੰਤਰੀ ਦੇ ਅਹੁਦੇ 'ਤੇ ਰਹੇ। ਉਨ੍ਹਾਂ ਦੇ ਪੋਤਰੇ ਸਤਿਆਜੀਤ ਮਜੀਠੀਆ ਨੇ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਪਰ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ ਸਨ। ਇਸ ਦੋਸਤੀ ਵਿੱਚ ਤਰੇੜਾਂ ਬਾਦਲ ਪਰਿਵਾਰ 'ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਆਈਆਂ। ਸਤਿਆਜੀਤ ਮਜੀਠੀਆ ਦਾ ਪੁੱਤਰ ਬਿਕਰਮ ਮਜੀਠੀਆ ਪੰਜਾਬ ਦਾ ਮੰਤਰੀ ਬਣਿਆ। ਉਨ੍ਹਾਂ ਦੀ ਧੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਸੰਸਦ ਮੈਂਬਰ ਹੈ। ਸਤਿਆਜੀਤ ਮਜੀਠੀਆ ਦੇ ਛੋਟੇ ਭਰਾ ਦੀ ਲੜਕੀ ਸਾਬਕਾ ਆਈ.ਏ.ਐੱਸ. ਅਧਿਕਾਰੀ ਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਰਹਿ ਚੁੱਕੇ ਸਵਰਨ ਸਿੰਘ ਬੋਪਾਰਾਏ ਦੀ ਨੂੰਹ ਹੈ। ਬਿਕਰਮ ਮਜੀਠੀਆ ਜਿਸ ਪਰਿਵਾਰ ਵਿਚ ਵਿਆਹਿਆ ਹੈ ਉਹ ਪਰਿਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਕਰੀਬੀ ਰਿਸ਼ਤੇਦਾਰ ਹੈ। ਇਸ ਤਰ੍ਹਾਂ ਮਜੀਠੀਆ ਤੇ ਕੈਰੋਂ ਪਰਿਵਾਰਾਂ ਦੀਆਂ ਅੰਗਲੀਆਂ-ਸੰਗਲੀਆਂ ਆਪਸ ਵਿੱਚ ਜੁੜਦੀਆਂ ਹਨ।
ਪੰਜਾਬ ਦੀ ਸਿਆਸਤ ਵਿੱਚ ਬਾਦਲ ਪਰਿਵਾਰ ਦਾ ਜ਼ਿਕਰ ਕੀਤੇ ਬਗੈਰ ਤਾਂ ਹੀਰ ਮੁਕੰਮਲ ਹੀ ਨਹੀਂ ਹੋ ਸਕਦੀ। ਪਿੰਡ ਬਾਦਲ ਦੀ ਸਰਪੰਚੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਪਹਿਲੀ ਵਾਰ ਉਹ 1957 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਸਨ।
ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਪੰਜਾਬ ਦਾ ਉਪ ਮੁੱਖ ਮੰਤਰੀ ਹੈ। ਦਹਾਕਿਆਂ ਤੋਂ ਪੰਜਾਬ ਦੀਆਂ ਮੰਗਾਂ ਲਈ ਮੋਰਚੇ ਲਾਉਣ ਅਤੇ ਜੇਲ੍ਹਾਂ ਵਿੱਚ ਜਾਣ ਵਾਲੀ ਪਾਰਟੀ ਨੇ ਪਹਿਲੀ ਵਾਰ ਆਪਣੇ ਅਕਾਲੀ ਨੇਤਾ ਦੇ ਪੁੱਤਰ ਸਿਰ ਪ੍ਰਧਾਨਗੀ ਦਾ ਤਾਜ ਰੱਖਿਆ ਹੈ। ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਸਿਰਫ਼ ਸੰਸਦ ਮੈਂਬਰ ਹੀ ਨਹੀਂ ਸਗੋਂ ਵੇਖਦਿਆਂ ਹੀ ਵੇਖਦਿਆਂ ਪੰਜਾਬ ਦੀ ਰਾਜਨੀਤੀ ਵਿੱਚ ਤੇਜ਼ੀ ਨਾਲ ਉੱਭਰ ਕੇ ਆਉਣ ਵਾਲੀ ਮਹਿਲਾ ਨੇਤਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਸੰਸਦ ਦੇ ਮੈਂਬਰ ਰਹੇ ਅਤੇ ਉਨ੍ਹਾਂ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਵਿਧਾਇਕ ਤੇ ਸੂਬੇ ਦਾ ਵਿੱਤ ਮੰਤਰੀ ਬਣਿਆ। ਇਹ ਪੰਜਾਬ ਵਿੱਚ ਭਾਈ-ਭਤੀਜਾਵਾਦ ਦੀ ਸਿਖ਼ਰ ਸੀ। ਪੰਜਾਬ ਦੀ ਰਾਜਨੀਤੀ ਵਿੱਚ ਇਹ ਪਹਿਲਾ ਮੌਕਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਤਾਏ ਵਿਰੁੱਧ ਬਗ਼ਾਵਤ ਕਰਕੇ ਅਕਾਲੀ ਦਲ ਅਤੇ ਕਾਂਗਰਸ ਦੇ ਬਦਲ ਵਜੋਂ ਪੰਜਾਬ ਦੇ ਲੌਕਾਂ ਸਾਹਮਣੇ ਤੀਜਾ ਫਰੰਟ ਪੇਸ਼ ਕੀਤਾ ਹੈ। ਉਂਜ ਮਨਪ੍ਰੀਤ ਦੀ ਸੱਸ ਬੀਬੀ ਸ਼ਵਿੰਦਰ ਕੌਰ ਜੌਹਲ ਵੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਦੀਆਂ ਰਿਸ਼ਤੇਦਾਰੀਆਂ ਦੀਆਂ ਜੜ੍ਹਾਂ ਪਿੰਡ ਦੇ ਖੂਹ 'ਤੇ ਉੱਗੇ ਕਿਸੇ ਬੋਹੜ ਨਾਲੋਂ ਘੱਟ ਨਹੀਂ ਹਨ ਜਿਹੜਾ ਜਿੰਨਾ ਧਰਤੀ ਦੇ ਉੱਪਰ ਫੈਲਿਆ ਹੁੰਦਾ ਹੈ, ਉਸ ਤੋਂ ਕਈ ਗੁਣਾਂ ਧਰਤੀ ਦੇ ਹੇਠਾਂ ਫੈਲਿਆ ਹੁੰਦਾ ਹੈ। ਇਨ੍ਹਾਂ ਰਿਸ਼ਤੇਦਾਰੀਆਂ ਵਿੱਚ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਮਹਿੰਦਰ ਸਿੰਘ ਸਾਈਆਂ ਵਾਲਾ, ਅਮਰਜੀਤ ਸਿੰਘ ਸਿੱਧੂ, ਪੰਜਾਬ ਦੇ ਸਾਬਕਾ ਪੁਲੀਸ ਮੁਖੀ ਪਰਮਦੀਪ ਸਿੰਘ ਗਿੱਲ ਅਤੇ ਕਈ ਹੋਰ ਸ਼ਾਮਲ ਹਨ। ਗੁਰਦਰਸ਼ਨ ਸਿੰਘ ਨਾਭਾ ਦੀ ਰਿਸ਼ਤੇਦਾਰੀ ਵੀ ਮਜੀਠੀਆ ਪਰਿਵਾਰ ਨਾਲ ਹੈ। ਨਾਭਾ ਪਰਿਵਾਰ 'ਚੋਂ ਵੀ ਰਣਦੀਪ ਸਿੰਘ ਨਾਭਾ ਸਿਆਸੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਅਕਾਲੀ ਰਾਜਨੀਤੀ ਵਿੱਚ ਸੁਰਜੀਤ ਸਿੰਘ ਬਰਨਾਲਾ ਨੇ ਵੀ ਆਪਣੇ ਪਰਿਵਾਰ ਨੂੰ ਥਾਪੜਾ ਦਿੱਤਾ ਹੈ। ਸ੍ਰੀ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਅਤੇ ਤਿੰਨ ਰਾਜਾਂ ਦੇ ਰਾਜਪਾਲ ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਉਨ੍ਹਾਂ ਦੇ ਪੁੱਤਰ ਗਗਨਜੀਤ ਸਿੰਘ ਬਰਨਾਲਾ ਵੀ ਵਿਧਾਇਕ ਰਹੇ ਹਨ। ਸ੍ਰੀ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਅਕਾਲੀ ਦਲ ਲੌਂਗੋਵਾਲ ਦੀ ਅਗਵਾਈ ਕਰ ਰਹੇ ਹਨ। ਇਸੇ ਕੜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ  ਜਥੇਦਾਰ ਗੁਰਚਰਨ ਸਿੰਘ ਟੌਹੜਾ ਨੈ ਵੀ ਪਰਿਵਾਰ ਦੇ ਮੈਂਬਰਾਂ ਨੂੰ ਸਿਆਸਤ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਖ਼ਾਸ ਸਫ਼ਲਤਾ ਨਾ ਮਿਲੀ। ਸੀਨੀਅਰ ਅਕਾਲੀ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਤੋਤਾ ਸਿੰਘ ਅਤੇ ਸਪੀਕਰ ਨਿਰਮਲ ਸਿੰਘ ਕਾਹਲੋਂ ਵੀ ਆਪਣੀ ਅਗਲੀ ਪੀੜ੍ਹੀ ਨੂੰ ਸਿਆਸਤ ਵਿੱਚ ਪੈਰ੍ਹਾਂ ਸਿਰ ਕਰਨ ਲਈ ਪੂਰੇ ਸਰਗਰਮ ਹਨ।
ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੇ ਵੀ ਸੂਬੇ ਦੀ ਸਿਆਸਤ ਵਿੱਚ ਚੰਗੀ ਥਾਂ ਬਣਾਈ ਹੈ। ਉਨ੍ਹਾਂ ਦਾ ਪੁੱਤਰ ਤੇਜਪ੍ਰਕਾਸ਼ ਸਿੰਘ ਅਤੇ ਧੀ ਗੁਰਕੰਵਲ ਕੌਰ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦਾ ਪੋਤਰਾ ਰਵਨੀਤ ਸਿੰਘ ਬਿੱਟੂ ਲੋਕ ਸਭਾ ਦਾ ਮੈਂਬਰ ਹੈ। ਇੱਥੇ ਸ਼ਾਹੀ ਪਰਿਵਾਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਸ ਦੇ ਪੁਰਖੇ ਪੀੜ੍ਹੀਆਂ ਤੋਂ ਪੰਜਾਬ ਨਾਲ ਜੁੜੇ ਹੋਏ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ 1985 ਵਿੱਚ ਤਲਵੰਡੀ ਸਾਬੋ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤ ਕੇ ਸਿਆਸਤ ਵਿੱਚ ਦਾਖਲ ਹੋਏ ਸਨ ਪਰ ਉਨ੍ਹਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ 1967 ਵਿੱਚ ਹੀ ਪੰਜਾਬ ਵਿਧਾਨ ਸਭਾ ਵਿੱਚ ਪੁੱਜ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਾਰਾਣੀ ਮਹਿੰਦਰ ਕੌਰ ਸਾਲ 1967 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ। ਸਾਬਕਾ ਮੁੱਖ ਮੰਤਰੀ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਪਟਿਆਲਾ ਲੋਕ ਸਭਾ ਤੋਂ ਤੀਜੀ ਵਾਰ ਸੰਸਦ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ ਅਤੇ  ਇਸ ਵੇਲੇ ਕੇਂਦਰ ਸਰਕਾਰ ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਰਾਜ ਮੰਤਰੀ ਹਨ। ਕੈਪਟਨ ਦੇ ਮਾਮਾ ਇੰਦਰਜੀਤ ਸਿੰਘ ਜੇਜੀ ਲਹਿਰਾਗਾਗਾ ਤੋਂ ਵਿਧਾਇਕ ਰਹੇ ਹਨ। ਪੰਜਾਬ ਦੀ ਰਾਜਨੀਤੀ ਵਿੱਚ ਜਾਖੜ ਪਰਿਵਾਰ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਬਲਰਾਮ ਜਾਖੜ ਜਿੱਥੇ ਕੌਮੀ ਪੱਧਰ 'ਤੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਰਹੇ ਉੱਥੇ ਉਨ੍ਹਾਂ ਦੀ ਅਗਲੀ ਪੀੜ੍ਹੀ ਵੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਦਾ ਪੁੱਤਰ ਸੁਨੀਲ ਜਾਖੜ ਮੌਜੂਦਾ ਵਿਧਾਨ ਸਭਾ ਦਾ ਮੈਂਬਰ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਦੋ ਭਰਾ ਮਨਜੀਤ ਸਿੰਘ ਤੇ ਕੁਲਦੀਪ ਸਿੰਘ ਵੀ ਰਾਜਨੀਤੀ ਵਿੱਚ ਹਨ। ਅੱਜ-ਕੱਲ੍ਹ ਬੀਬੀ ਭੱਠਲ ਦੇ ਪੁੱਤਰ ਤੇ ਜਵਾਈ ਸਿਆਸਤ ਵਿਚ ਸਰਗਰਮ ਹਨ। ਪੰਜਾਬ ਦੇ ਇੱਕ ਹੋਰ ਬਜ਼ੁਰਗ ਮਰਹੂਮ ਅਕਾਲੀ ਨੇਤਾ ਆਤਮਾ ਸਿੰਘ ਤੋਂ ਬਾਅਦ ਉਨ੍ਹਾਂ ਦੀ ਧੀ ਡਾ.ਉਪਿੰਦਰਜੀਤ ਕੌਰ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਪ੍ਰਤੀਨਿਧ ਹਨ। ਉਨ੍ਹਾਂ ਨੂੰ ਪੰਜਾਬ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਸਾਲ 1962 ਤੋਂ ਚਾਰ ਵਾਰ ਹਲਕਾ ਕਾਦੀਆਂ ਤੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਪੁੱਜੇ ਸਤਨਾਮ ਸਿੰਘ ਬਾਜਵਾ ਦੇ ਪੁੱਤਰ ਅਵਤਾਰ ਸਿੰਘ ਬਾਜਵਾ ਪਹਿਲਾਂ ਪੰਜਾਬ ਮੰਤਰੀ ਮੰਡਲ ਵਿੱਚ ਰਹੇ ਅਤੇ ਅੱਜਕੱਲ੍ਹ ਲੋਕ ਸਭਾ ਦੇ ਮੈਂਬਰ ਹਨ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਦਾ ਰਾਜਨੀਤੀ ਵਿੱਚ ਜ਼ਿਕਰ ਕਰਨਾ ਬਣਦਾ ਹੈ। ਸ੍ਰੀ ਢੀਂਡਸਾ 1972 ਵਿਚ ਪਹਿਲੀ ਵਾਰ ਹਲਕਾ ਧਨੌਲਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਬਾਅਦ ਵਿਚ ਉਹ ਕੇਂਦਰੀ ਮੰਤਰੀ ਵੀ ਰਹੇ। ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਹੁਣ ਮੰਤਰੀ ਮੰਡਲ ਦੇ ਮੈਂਬਰ ਹਨ। ਸਾਬਕਾ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਖਹਿਰਾ ਦੇ ਪੁੱਤਰ ਸੁਖਪਾਲ ਸਿੰਘ ਖਹਿਰਾ ਭੁਲੱਥ ਤੋਂ ਵਿਧਾਇਕ ਬਣੇ ਹਨ ਅਤੇ ਸਰਗਰਮ ਨੌਜਵਾਨ ਕਾਂਗਰਸੀ ਨੇਤਾ ਹਨ। ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਸਮੇਤ ਉਨ੍ਹਾਂ ਦੇ ਪੁੱਤਰ ਚੌਧਰੀ ਮੋਹਣ ਲਾਲ ਵੀ ਦੋ ਵਾਰ ਹਲਕਾ ਬੰਗਾ ਤੋਂ ਵਿਧਾਇਕ ਚੁਣੇ ਗਏ ਹਨ। ਕਿਸੇ ਵੇਲੇ ਅਕਾਲੀ ਰਾਜਨੀਤੀ ਦੇ ਸਿਖਰਲੇ ਅਹੁਦਿਆਂ 'ਤੇ ਪੁੱਜੇ ਅਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਨੇਤਾ ਕੈਪਟਨ ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬਨੀ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਦੀ ਧੀ ਵੀ ਰਾਜਨੀਤੀ ਵਿੱਚ ਸਰਗਰਮ ਹੈ। ਮਰਹੂਮ ਕਾਂਗਰਸੀ ਨੇਤਾ ਗੁਰਬੰਤਾ ਸਿੰਘ ਦੇ ਪੁੱਤਰ ਚੌਧਰੀ ਜਗਜੀਤ ਸਿੰਘ ਤੇ ਚੌਧਰੀ ਸੰਤੋਖ ਸਿੰਘ ਰਾਜਨੀਤੀ ਵਿੱਚ ਲਗਾਤਾਰ ਸਰਗਰਮ ਹਨ। ਉਂਜ ਪੰਜਾਬ ਦੀ ਰਾਜਨੀਤੀ ਵਿੱਚ ਅਮਿੱਟ ਛਾਪ ਛੱਡਣ ਵਾਲੀ ਡਾਂਗ ਜੋੜੀ ਵੀ ਅਹਿਮ ਸਥਾਨ ਰੱਖਦੀ ਹੈ। ਸਤਪਾਲ ਡਾਂਗ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਚਾਰ ਵਾਰ ਵਿਧਾਇਕ ਚੁਣੇ ਗਏ ਅਤੇ ਉਨ੍ਹਾਂ ਦੀ ਪਤਨੀ ਬਿਮਲਾ ਡਾਂਗ ਵੀ ਇਸੇ ਹਲਕੇ ਤੋਂ ਵਿਧਾਨ ਸਭਾ ਵਿੱਚ ਪੁੱਜੇ ਸਨ। ਜੋੜੀਆਂ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਸ਼ਮਸ਼ੇਰ ਸਿੰਘ ਦੂੱਲੋਂ ਅਤੇ ਉਨ੍ਹਾਂ ਦੀ ਪਤਨੀ ਹਰਬੰਸ ਕੌਰ ਵੀ ਜ਼ਿਕਰਯੋਗ ਹਨ। ਬੀਬੀ ਹਰਬੰਸ ਕੌਰ ਵੀ ਪੰਜਾਬ ਵਿਧਾਨ ਸਭਾ ਦੀ ਨੁਮਾਇੰਦਗੀ ਕਰ ਚੁੱਕੇ ਹਨ। ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਸਰਦਾਰਾ ਸਿੰਘ ਕੋਹਲੀ ਦੇ ਪੁੱਤਰ ਸੁਰਜੀਤ ਸਿੰਘ ਕੋਹਲੀ ਵਜ਼ਾਰਤ ਦੇ ਮੈਂਬਰ ਰਹਿ ਚੁੱਕੇ ਹਨ। ਪਾਕਿਸਤਾਨ ਤੋਂ ਉੱਜੜ ਕੇ ਆਉਣ ਮਗਰੋਂ ਪਟਿਆਲੇ ਵਿੱਚ ਟਾਂਗਾ ਚਲਾਉਣ ਨਾਲ ਆਪਣੀ ਰੋਜ਼ੀ-ਰੋਟੀ ਸ਼ੁਰੂ ਕਰਨ ਵਾਲਾ ਕੋਹਲੀ ਪਰਿਵਾਰ ਜਿੱਥੇ ਬਹੁਤ ਵੱਡਾ ਟਰਾਂਸਪੋਟਰ ਹੈ ਉੱਥੇ ਇਸ ਪਰਿਵਾਰ ਦੀ ਤੀਜੀ ਪੀੜ੍ਹੀ ਵਿੱਚੋਂ ਅਜੀਤਪਾਲ ਸਿੰਘ ਕੋਹਲੀ ਪਟਿਆਲੇ ਦਾ ਮੇਅਰ ਹੈ। ਆਪਣੇ ਸਮੇਂ ਸਿਆਸਤ 'ਚ ਚਰਚਿਤ ਰਹੇ ਗੁਰਮੀਤ ਸਿੰਘ ਬਰਾੜ ਦਾ ਇਕ ਲੜਕਾ ਜਗਮੀਤ ਸਿੰਘ ਬਰਾੜ ਲੋਕ ਸਭਾ ਦਾ ਸਾਬਕਾ ਮੈਂਬਰ ਹੈ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਉਨ੍ਹਾਂ ਦਾ ਦੂਜਾ ਲੜਕਾ ਰਿਪਜੀਤ ਸਿੰਘ ਬਰਾੜ ਵਿਧਾਨ ਸਭਾ ਦਾ ਮੈਂਬਰ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਰਾਜਨੀਤੀ ਇਸ ਵੇਲੇ ਸੇਵਾ ਨਹੀਂ ਸਗੋਂ ਕਾਰੋਬਾਰ ਹੈ। ਪਹਿਲਾਂ ਬੱਚਿਆਂ ਨੂੰ ਡਾਕਟਰ ਜਾਂ ਇੰਜਨੀਅਰ ਬਣਾ ਕੇ ਲੱਖਾਂ ਰੁਪਏ ਦੇ ਪੈਕੇਜ ਹਾਸਲ ਕਰਨਾ ਮਾਣ ਸਮਝਿਆ ਜਾਂਦਾ ਸੀ ਪਰ ਹੁਣ ਰਾਜਨੀਤੀ ਸਾਹਮਣੇ ਇਹੋ-ਜਿਹੇ ਪੈਕੇਜ ਹਾਸੋਹੀਣੀ ਗੱਲ ਲੱਗਦੇ ਹਨ। ਅਸਲ ਵਿੱਚ ਰਾਜਨੀਤੀ ਨੂੰ ਅੱਜਕੱਲ੍ਹ ਸਭ ਤੋਂ ਵੱਧ ਵਧਣ-ਫੁੱਲਣ ਵਾਲਾ ਕਾਰੋਬਾਰ ਸਮਝਿਆ ਜਾਂਦਾ ਹੈ। ਰਾਜਨੀਤੀ ਅਗਲੀਆਂ ਪੀੜ੍ਹੀਆਂ ਵਿੱਚ ਜਾਣ ਦਾ ਕਾਰਨ ਇੱਕ ਗ਼ੈਰ-ਸਰਕਾਰੀ ਰਿਪੋਰਟ ਦੇ ਅੰਕੜਿਆਂ ਤੋਂ ਚੰਗੀ ਤਰ੍ਹਾਂ ਸਮਝ ਆ ਸਕਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇ ਕਿਸੇ ਐੱਮ.ਪੀ. ਦੀਆਂ ਸਾਰੀਆਂ ਸਹੂਲਤਾਂ ਬਦਲੇ ਉਸ ਨੂੰ ਉੱਕਾ-ਪੁੱਕਾ ਦਸ ਲੱਖ ਰੁਪਏ ਮਹੀਨਾ ਖਰਚ ਦੇ ਦਿੱਤਾ ਜਾਵੇ ਤਾਂ ਦੇਸ਼ ਦਾ ਖਜ਼ਾਨਾ ਫ਼ਾਇਦੇ ਵਿੱਚ ਰਹੇਗਾ। ਇਸੇ ਤਰ੍ਹਾਂ ਵਿਧਾਇਕ ਦਾ ਖਰਚਾ ਤੈਅ ਕਰਨ ਨਾਲ ਵੀ ਰਾਜ ਨੂੰ ਫ਼ਾਇਦਾ ਹੀ ਹੋਵੇਗਾ। ਸਿਆਸਤਦਾਨਾਂ ਤੋਂ ਬਾਅਦ ਧਨ-ਦੌਲਤ ਨੂੰ ਕਾਬੂ ਕਰਨ ਵਾਲੇ ਕਲੋਨਾਈਜ਼ਰ ਜਾਂ ਬਲੈਕ ਮਾਰਕੀਟੀਏ ਹਨ। ਇਨ੍ਹਾਂ ਦੋਵਾਂ ਧੰਦਿਆਂ ਨਾਲ ਵੀ ਰਾਜਨੀਤੀ ਦਾ ਸਿੱਧਾ ਸਬੰਧ ਹੈ। ਪੰਜਾਬ ਦੀ ਸਿਆਸਤ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਦੁਆਲੇ ਘੁੰਮਣ ਕਾਰਨ ਹੀ ਕਿਸੇ ਪਾਰਟੀ ਦੀ ਨੀਤੀ ਅਤੇ ਸੋਚ ਵੱਖਰੀ ਨਹੀਂ ਰਹੀ। ਸੱਤਾ 'ਤੇ ਕਾਇਮ ਰਹਿਣ ਲਈ ਇਹ ਆਗੂ ਪਰਿਵਾਰਾਂ ਦੀਆਂ ਵਫ਼ਾਦਾਰੀਆਂ ਬਦਲਣ ਤੋਂ ਵੀ ਸੰਕੋਚ ਨਹੀਂ ਕਰਦੇ। ਰਾਜਨੀਤੀ ਦਾ ਦਿਲਚਸਪ ਪਹਿਲੂ ਇਹ ਹੈ ਕਿ ਸਿਆਸੀ ਦੂਰੀਆਂ ਹੋਣ ਦੇ ਬਾਵਜੂਦ ਵਿਆਹ-ਸ਼ਾਦੀਆਂ ਇਨ੍ਹਾਂ ਪਰਿਵਾਰਾਂ ਦੀਆਂ ਆਪਸ ਵਿੱਚ ਹੀ ਹੋ ਰਹੀਆਂ ਹਨ। ਸਥਿਤੀ ਇਹ ਬਣ ਗਈ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਸਿਆਸਤ ਦੇ ਮਗਰ ਭੱਜਣ ਦੀ ਲੋੜ ਨਹੀਂ ਸਗੋਂ ਸਿਆਸਤ ਇਨ੍ਹਾਂ ਪਰਿਵਾਰਾਂ ਤੋਂ ਬਾਹਰ ਜਾਣ ਜੋਗੀ ਨਹੀਂ ਰਹੀ। ਸ਼ਾਇਦ ਇਸੇ ਕਰਕੇ ਸਿਆਸਤ ਵਿੱਚ ਅਪਰਾਧ ਇੱਕ ਆਮ ਗੱਲ ਬਣ ਗਈ ਹੈ ਕਿਉਂ ਜੋ ਰਾਜਨੀਤੀ ਇਸ ਵੇਲੇ ਸੁਰੱਖਿਅਤ ਹਥਿਆਰ ਹੈ। ਦੁਖਾਂਤ ਇਹ ਵੀ ਹੈ ਕਿ ਇਨ੍ਹਾਂ ਸਿਆਸਤਦਾਨਾਂ ਕਰਕੇ ਅਫ਼ਸਰਸ਼ਾਹੀ ਅਤੇ ਆਮ ਜਨਤਾ ਆਪਸ ਵਿੱਚ ਵੰਡੀ ਗਈ ਹੈ।
ਜਮਹੂਰੀਅਤ ਵਿੱਚ ਚੋਣਾਂ ਲੋਕਾਂ ਦੀ ਰਾਇ ਜਾਣਨ ਦਾ ਬਿਹਤਰੀਨ ਤਰੀਕਾ ਹਨ। ਇਹ ਇਸ ਲਈ ਮਹੱਤਵਪੂਰਨ ਹਨ ਕਿ ਇਸ ਨੇ ਲੋਕਾਂ ਦੀ ਯੁੱਗਾਂ ਪੁਰਾਣੀ ਧਾਰਨਾ ਨੂੰ ਬਦਲ ਦਿੱਤਾ ਹੈ ਕਿ ਰਾਜੇ ਦੇ ਘਰ ਹੀ ਰਾਜਾ ਜਨਮ ਲੈਂਦਾ ਹੈ। ਭਾਰਤ ਵਿੱਚ 1947 'ਚ ਮਿਲੇ ਵੋਟ ਦੇ ਅਧਿਕਾਰ ਨਾਲ ਰਾਜਿਆਂ ਦੇ ਅਧਿਕਾਰ ਵੀ ਚੋਣ ਬਕਸਿਆਂ ਵਿੱਚ ਬੰਦ ਹੋ ਗਏ। ਵੇਖਿਆ ਜਾਵੇ ਤਾਂ 64 ਸਾਲਾਂ ਦੇ ਰਾਜਸੀ ਘਟਨਾਕ੍ਰਮ ਬਾਅਦ ਦੇਸ਼ ਵਿੱਚ ਰਾਜਿਆਂ ਦੇ ਘਰ ਮੁੜ ਰਾਜੇ ਪੈਦਾ ਹੋਣ ਲੱਗੇ ਹਨ। ਇਸੇ ਕਰਕੇ ਕੌਮੀ ਪੱਧਰ 'ਤੇ ਵੀ ਗਿਣੇ ਚੁਣੇ ਪਰਿਵਾਰ ਹੀ ਰਾਜਨੀਤੀ 'ਤੇ ਕਾਬਜ਼ ਦਿਖਾਈ ਦੇ ਰਹੇ ਹਨ। ਇਹ ਵੀ ਤੱਥ ਸਪੱਸ਼ਟ ਹੈ ਕਿ ਦੇਸ਼ ਦੀ ਸੰਸਦ ਵਿੱਚ 37.5 ਫ਼ੀਸਦੀ ਮੈਂਬਰ ਉਹ ਹਨ ਜੋ ਆਪਣੇ ਦਾਦੇ, ਪਿਤਾ ਜਾਂ ਹੋਰ ਰਾਜਨੀਤਕ ਵਾਰਸ ਦੇ ਪ੍ਰਭਾਵ ਕਾਰਨ ਸੰਸਦ ਵਿੱਚ ਪਹੁੰਚੇ ਹਨ। ਦੇਸ਼ ਦੀ ਸੱਤਾ 'ਤੇ ਦਹਾਕਿਆਂ ਤੋਂ ਸਿੱਧੇ-ਅਸਿੱਧੇ ਤੌਰ 'ਤੇ ਕਾਬਜ਼ ਨਹਿਰੂ-ਗਾਂਧੀ ਖ਼ਾਨਦਾਨ ਦੀ ਗੱਲ ਕਰੀਏ ਤਾਂ ਦੇਸ਼ ਦੇ ਬਹੁਤੇ ਸੂਬੇ ਪਰਿਵਾਰਵਾਦ ਦੀ ਸਿਆਸਤ ਵਿੱਚ ਗ੍ਰਸੇ ਹੋਏ ਹਨ। ਮੋਤੀ ਲਾਲ ਨਹਿਰੂ ਤੋਂ ਬਾਅਦ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੰਜੇ ਗਾਂਧੀ, ਸੋਨੀਆ ਗਾਂਧੀ, ਰਾਹੁਲ ਗਾਂਧੀ, ਮੇਨਿਕਾ ਗਾਂਧੀ ਤੇ ਵਰੁਣ ਗਾਂਧੀ ਇੱਕੋ ਖ਼ਾਨਦਾਨ ਹੈ। ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਸ਼ੇਖ਼ ਅਬਦੁੱਲਾ, ਫ਼ਾਰੂਖ਼ ਅਬਦੁੱਲਾ ਤੇ ਉਮਰ ਅਬਦੁੱਲਾ ਤੀਜੀ ਪੀੜ੍ਹੀ ਦੇ ਨੇਤਾ ਹਨ।
ਹਰਿਆਣਾ 'ਚ ਚੌਧਰੀ ਦੇਵੀ ਲਾਲ, ਓਮ ਪ੍ਰਕਾਸ਼ ਚੌਟਾਲਾ, ਅਭੈ ਚੌਟਾਲਾ, ਅਜੈ ਚੌਟਾਲਾ ਇੱਕੋ ਖ਼ਾਨਦਾਨ ਹੈ। ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ  ਆਪਣੇ ਪਿਤਾ ਰਣਬੀਰ ਸਿੰਘ ਹੁੱਡਾ ਤੋਂ ਗੁੜ੍ਹਤੀ 'ਚ ਰਾਜਨੀਤੀ ਲਈ ਹੈ ਅਤੇ ਅੱਗੇ ਦੀਪਿੰਦਰ ਹੁੱਡਾ ਵੀ ਰਾਜਨੀਤੀ 'ਚ ਸਰਗਰਮ ਹਨ। ਇੱਕ ਹੋਰ ਮਰਹੂਮ ਮੁੱਖ ਮੰਤਰੀ ਬੰਸੀ ਲਾਲ, ਕਿਰਨ ਚੌਧਰੀ ਤੇ ਸ਼ਰੁਤੀ ਚੌਧਰੀ ਵੀ ਇੱਕੋ ਪਰਿਵਾਰ ਹੈ। ਇਸ ਤੋਂ ਇਲਾਵਾ ਰਾਜਨੀਤੀ 'ਚ ਅਜਿਹੇ ਹੋਰ ਵੀ ਬਹੁਤ ਪਰਿਵਾਰ ਹਨ। ਇਹ ਝਲਕਾਰਾ ਪੰਜਾਬ ਵਿਧਾਨ ਸਭਾ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਅੱਜ ਦੀ ਰਾਜਨੀਤੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਵਿਚਾਰਧਾਰਾ ਦੀ ਥਾਂ ਚੋਣਾਂ ਵਿੱਚ ਧਨ ਤੇ ਬਾਹੂਬਲ ਦਾ ਰੁਝਾਨ ਵਧ ਰਿਹਾ ਹੈ। ਇਨ੍ਹਾਂ ਪਰਿਵਾਰਾਂ ਨੇ ਆਪਣਾ ਕਬਜ਼ਾ ਪੱਕਾ ਕਰਨ ਲਈ ਕਾਨੂੰਨਾਂ ਵਿੱਚ ਸੋਧ ਕਰਨੀ ਸ਼ੁਰੂ ਕਰ ਦਿੱਤੀ ਹੈ। ਦਲ ਬਦਲੀ ਵਿਰੋਧੀ ਕਾਨੂੰਨ ਜਾਂ ਚੋਣ ਖਰਚੇ ਦਾ ਜ਼ਾਬਤਾ ਇਨ੍ਹਾਂ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣ ਸਕਦਾ। ਬੇਸ਼ੱਕ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਇਹ ਸੁਆਲ ਉੱਠਿਆ ਹੈ ਕਿ ਵੋਟਾਂ ਨਾਲ ਜਿੱਤ ਕੇ ਆਉਣ ਵਾਲੇ ਹੀ ਲੋਕਾਂ ਦੇ ਨੇਤਾ ਹਨ ਪਰ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਵੋਟਾਂ ਕਿਸ ਢੰਗ ਨਾਲ ਹਾਸਲ ਕੀਤੀਆਂ ਜਾਂਦੀਆਂ ਹਨ। ਪੰਜਾਬ ਦੀ ਪਰਿਵਾਰਾਂ ਦੀ ਰਾਜਨੀਤੀ ਵਿੱਚ ਚੌਧਰੀ ਸੁੰਦਰ ਸਿੰਘ, ਚਰਨਜੀਤ ਸਿੰਘ ਅਟਵਾਲ, ਜਸਦੇਵ ਸਿੰਘ ਸੰਧੂ,  ਧੰਨਾ ਸਿੰਘ ਗੁਲਸ਼ਨ, ਜਥੇਦਾਰ ਮੋਹਣ ਸਿੰਘ ਤੁੜ, ਰਤਨ ਸਿੰਘ ਅਜਨਾਲਾ, ਗਿਆਨ ਸਿੰਘ ਰਾੜੇਵਾਲਾ, ਜੋਗਿੰਦਰਪਾਲ ਪਾਂਡੇ, ਬਸੰਤ ਸਿੰਘ ਖ਼ਾਲਸਾ, ਪ੍ਰਬੋਧ ਚੰਦਰ, ਦੁਰਗਾ ਦਾਸ ਭਾਟੀਆ, ਰਜਿੰਦਰ ਸਿੰਘ ਧਾਲੀਵਾਲ, ਮਨਮੋਹਨ ਕਾਲੀਆ, ਵਿਸ਼ਵਾਮਿੱਤਰ ਸੇਖੜੀ, ਸਾਥੀ ਰੂਪ ਲਾਲ, ਉਜਾਗਰ ਸਿੰਘ ਸੇਖਵਾਂ, ਸੰਤ ਰਾਮ ਸਿੰਗਲਾ, ਗਿਰਧਾਰਾ ਸਿੰਘ, ਜਨਰਲ ਸ਼ਿਵਦੇਵ ਸਿੰਘ, ਲਾਲਾ ਜਗਤ ਨਰਾਇਣ ਅਤੇ ਕਈ ਹੋਰ ਨਾਂ ਸ਼ਾਮਲ ਹਨ।
- ਦਵਿੰਦਰ ਪਾਲ, ਕਮਲਜੀਤ ਸਿੰਘ ਬਨਵੈਤ ਅਤੇ ਤਰਲੋਚਨ ਸਿੰਘ