ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਡੈਂਟਿਸਟਰੀ ਅਤੇ ਦਿਲ ਦੀਆਂ ਬੀਮਾਰੀਆਂ


ਜਿਵੇਂ ਕਿ ਸੱਭ ਜਾਣਦੇ ਈ ਹਨ ਕਿ 'ਡੈਂਟਿਸਟਰੀ' ਦੰਦਾਂ ਤੇ ਮਸੂੜਿਆਂ ਦੀਆਂ ਬੀਮਾਰੀਆਂ ਦੇ ਇਲਾਜ ਨਾਲ ਸਬੰਧਿਤ ਵਿਗਿਆਨ ਦੀ ਇਕ ਸ਼ਾਖਾ ਹੈ। ਇਨ੍ਹਾਂ ਬੀਮਾਰੀਆਂ ਵਿਚ ਦੰਦਾਂ ਤੇ ਦਾੜ੍ਹਾਂ ਵਿਚ ਖੋੜਾਂ ਬਣਨ ਕਰਕੇ ਇਨ੍ਹਾਂ ਵਿਚ ਦਰਦ ਹੋਣਾ, ਦੰਦਾਂ-ਦਾੜ੍ਹਾਂ ਦਾ ਕਿਸੇ ਕਾਰਨ ਹਿੱਲਣਾ ਤੇ ਇਨ੍ਹਾਂ ਦਾ ਸਮੇਂ ਤੋਂ ਪਹਿਲਾਂ ਉੱਖੜ ਜਾਣਾ, ਦੰਦਾਂ-ਦਾੜ੍ਹਾਂ ਦਾ ਉੱਚੇ-ਨੀਵੇਂ ਤੇ ਅੱਗੇ-ਪਿੱਛੇ (ਹੁੱਡਾਂ) ਭਾਵ ਬੇ-ਢੱਬੇ ਜਿਹੇ ਹੋਣਾ ਤੇ ਕਾਲੇ ਜਾਂ ਪੀਲੇ ਹੋ ਜਾਣਾ, ਮਸੂੜਿਆਂ ਦਾ ਫੁੱਲ ਜਾਣਾ ਤੇ ਇਨ੍ਹਾਂ ਵਿਚ ਇਨਫੈਕਸ਼ਨ ਵਗੈਰਾ ਹੋ ਜਾਣ ਕਾਰਨ ਦਰਦ ਹੋਣਾ, ਦੰਦਾਂ ਦਾ ਕੈਂਸਰ, ਆਦਿ ਸ਼ਾਮਲ ਹੋ ਸਕਦੀਆਂ ਹਨ। ਇਨਾਂ੍ਹ ਦੇ ਇਲਾਜ ਲਈ ਦੰਦਾਂ ਦੇ ਮਾਹਿਰ-ਡਾਕਟਰ ਕਈ ਤਰ੍ਹਾਂ ਦੀਆਂ ਇਲਾਜ-ਵਿਧੀਆਂ, ਦੰਦਾਂ ਦੀ ਦਫਾਂਈ ਤੋਂ ਲੈ ਕੇ ਖਰਾਬ ਦੰਦਾਂ ਨੂੰ ਠੀਕ ਕਰਨ ਤੀਕ, ਓਰਲ ਸਰਜਰੀ, ਰੂਟ-ਕਨਾਲ ਟਰੀਟਮੈਂਟ, ਕਰਾਊਨਿੰਗ, ਮੈਕਸਿਲੋਫੇਸ਼ਲ ਸਰਜਰੀ, ਮਸੂੜਿਆਂ ਦੀ ਸਰਜਰੀ, ਨਾ-ਇਲਾਜ ਯੋਗ ਦੰਦਾਂ-ਦਾੜਾਂ ਨੂੰ ਪੁੱਟਣਾ ਤੇ ਇਨ੍ਹਾਂ ਦੀ ਥਾਂ ਨਵੇਂ ਲਗਾਉਣਾ, ਆਦਿ ਪ੍ਰਯੋਗ ਵਿਚ ਲਿਆਉਂਦੇ ਹਨ, ਜਿਨ੍ਹਾਂ ਬਾਰੇ ਉਹੋ ਹੀ ਜਾਣਦੇ ਹਨ। ਇਸ ਸੰਖੇਪ ਜਿਹੇ ਲੇਖ ਵਿਚ ਵਿਸਥਾਰ 'ਚ ਜਾਣਾ ਮੇਰਾ ਵਿਸ਼ਾ ਨਹੀਂ ਹੈ ਤੇ ਨਾ ਹੀ ਇਹ ਮੇਰੇ ਵੱਸ ਦੀ ਗੱਲ ਹੈ। ਮੈਂ ਤਾਂ ਪਿਛਲੇ-ਦਿਨੀਂ ਇਕ ਅੰਗਰੇਜ਼ੀ-ਅਖ਼ਬਾਰ ਵਿਚ ਪੜ੍ਹੇ ਇਕ ਆਰਟੀਕਲ 'ਡੈਂਟਿਸਟਰੀ ਐਂਡ ਹਾਰਟ-ਡੀਜ਼ੀਜ਼ਿਜ਼' ਨੂੰ ਪੜ੍ਹ ਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ ਤੇ ਇਸ ਸਬੰਧੀ ਕੁਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦਾ ਮਨ ਬਣਾਇਆ ਹੈ। ਆਸ ਹੈ ਕਿ ਪਾਠਕ ਇਸ ਨੂੰ ਜ਼ਰੂਰ ਪਸੰਦ ਕਰਨਗੇ।
ਅਖ਼ਬਾਰ ਦੇ ਆਰਟੀਕਲ ਦਾ ਸਿਰਲੇਖ ਪੜ੍ਹਨ 'ਤੇ ਮਨ ਵਿਚ ਉਤਸੁਕਤਾ ਸੀ ਕਿ ਦੰਦਾਂ ਦੀਆਂ ਬੀਮਾਰੀਆਂ ਦਾ ਦਿਲ ਦੀਆਂ ਬੀਮਾਰੀਆਂ ਨਾਲ ਕੀ ਰਿਸ਼ਤਾ ਹੋ ਸਕਦਾ ਹੈ। ਪਹਿਲਾਂ ਤੋਂ ਬਣੀ ਧਾਰਨਾ ਸੀ ਕਿ ਦੰਦਾਂ-ਦਾੜ੍ਹਾਂ ਅਤੇ ਦਿਲ ਸਾਡੇ ਸਰੀਰ ਦੇ ਦੋਵੇਂ ਅੰਗ ਆਪਸ ਵਿਚ ਕਾਫੀ ਦੂਰੀ 'ਤੇ ਸਥਿਤ ਹਨ ਤੇ ਇਨ੍ਹਾਂ ਵਿਚਕਾਰ ਸਰੀਰ ਦੇ ਕਈ ਹੋਰ ਅੰਗ ਵੀ ਆ ਜਾਂਦੇ ਹਨ। ਫੇਰ ਇਨ੍ਹਾਂ ਦੋਹਾਂ ਵਿਚਲੀਆਂ ਬੀਮਾਰੀਆਂ ਦਾ ਸਬੰਧ ਕਿਵੇਂ ਜੁੜ ਜਾਂਦਾ ਹੈ। ਆਰਟੀਕਲ ਪੜ੍ਹਨ 'ਤੇ ਪਤਾ ਲੱਗਾ ਕਿ ਇਨਫੈਕਸ਼ਨ ਦੇ ਕੀਟਾਣੂਆਂ ਲਈ ਇਹ ਦੂਰੀ ਕੁਝ ਵੀ ਮਾਅਨੇ ਨਹੀਂ ਰੱਖਦੀ। ਉਹ ਪਲਾਂ 'ਚ ਇਹ ਦੂਰੀ ਤਹਿ ਕਰ ਸਕਦੇ ਹਨ। ਆਰਟੀਕਲ ਵਿਚ ਸਾਫ਼ ਲਿਖਿਆ ਸੀ ਕਿ ਜੇ ਦੰਦਾਂ ਦੀਆਂ ਬੀਮਾਰੀਆਂ ਦਾ ਸਮੇਂ ਸਿਰ ਤੇ ਠੀਕ ਤਰ੍ਹਾਂ ਇਲਾਜ ਨਾ ਕਰਾਇਆ ਜਾਏ ਤਾਂ ਇਹ ਕਈ ਹੋਰ ਬੀਮਾਰੀਆਂ ਨੂੰ ਜਨਮ ਦੇ ਸਕਦੀਆਂ ਹਨ ਤੇ ਇਨ੍ਹਾਂ ਦਾ ਸਿੱਧਾ ਅਸਰ ਦਿਲ 'ਤੇ ਵੀ ਪੈ ਸਕਦਾ ਹੈ। ਇਸ ਆਰਟੀਕਲ ਦੇ ਲੇਖਕ ਅਨੁਸਾਰ ਦੰਦਾਂ ਅਤੇ ਮਸੂੜਿਆਂ ਵਿਚ ਹੋਈ ਇਨਫੈਕਸ਼ਨ ਦਿਲ ਵਰਗੇ ਨਾਜ਼ਕ ਅੰਗ ਵਿਚ ਬੜੀ ਆਸਾਨੀ ਨਾਲ ਜਾ ਸਕਦੀ ਹੈ ਤੇ ਅੱਗੋਂ ਇਸ ਦੀਆਂ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇੰਟਰਨੈੱਟ 'ਤੇ ਉਪਲੱਭਧ ਇਸ ਸਬੰਧੀ ਜਾਣਕਾਰੀ ਵਿਚ ਦੋ-ਤਿੰਨ ਦਿਲਚਸਪ ਕੇਸ-ਸਟੱਡੀਜ਼ ਵੇਖਣ ਨੂੰ ਮਿਲੀਆਂ ਜਿਨ੍ਹਾਂ ਵਿਚ ਸਬੰਧਿਤ ਰੋਗੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਖਰਾਬ ਹੋਏ ਦੰਦਾਂ ਦਾ ਇਲਾਜ ਮਰੀਜ਼ਾਂ ਨੇ (ਨਾਂ ਲਿਖਣ ਦੀ ਜ਼ਰੂਰਤ ਨਹੀਂ) ਦੰਦਾਂ ਦੇ ਡਾਕਟਰਾਂ ਕੋਲੋਂ ਕਰਾਇਆ ਜੋ ਕਿ ਠੀਕ ਤਰ੍ਹਾਂ ਨਾ ਹੋ ਸਕਿਆ। ਇਕ ਕੇਸ ਵਿਚ ਤਾਂ ਡਾਕਟਰ ਦਾ ਆਪਣੇ ਪੇਸ਼ੇ ਵਿਚ ਪੂਰਾ ਮਾਹਿਰ ਨਾ ਹੋਣਾ ਸੀ ਤੇ ਦੂਸਰੇ ਵਿਚ ਮਾਹਿਰ-ਡਾਕਟਰ ਕੋਲ ਸਮੇਂ ਦੀ ਘਾਟ ਸੀ ਜਿਸ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਖਰਾਬ ਦਾੜ੍ਹ ਦਾ 'ਰੂਟ-ਕਨਾਲ' ਇਲਾਜ ਆਪਣੇ ਵੱਲੋਂ ਪੂਰਾ ਕਰ ਦਿੱਤਾ ਜਿਸ ਵਿਚ ਬਾਦ 'ਚ ਇਨਫੈਕਸ਼ਨ ਫੈਲ ਗਈ ਤੇ ਹੌਲੀ ਹੌਲੀ ਇਹ ਦਿਲ ਤੀਕ ਪਹੁੰਚ ਗਈ। ਦੋਹਾਂ ਹੀ ਕੇਸਾਂ ਵਿਚ ਮਰੀਜਾਂ ਨੂੰ ਆਪਣੇ ਦੰਦਾਂ ਦੇ ਇਲਾਜ ਦੇ ਦੌਰਾਨ ਹੀ ਦਿਲ ਦੇ ਮਾਹਿਰ-ਡਾਕਟਰਾਂ ਕੋਲ ਜਾਣਾ ਪਿਆ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਕਾਰਨ ਉਨ੍ਹਾਂ ਦੀਆਂ ਦਾੜ੍ਹਾਂ ਵਿਚ ਫੈਲੀ ਹੋਈ ਇਨਫੈਕਸ਼ਨ ਹੈ ਕਿਉਂਕਿ ਦੋਹਾਂ ਕੇਸਾਂ ਵਿਚ ਹੀ ਲੈਬਾਰੇਟਰੀ-ਟੈੱਸਟ ਕਰਾਉਣ 'ਤੇ ਦਿਲ ਅਤੇ ਦਾੜਾਂ ਦੀ ਇਨਫੈਕਸ਼ਨ ਦੇ ਕੀਟਾਣੂੰ ਇਕੋ ਜਿਹੇ ਪਾਏ ਗਏ। ਇਕ ਰੋਗੀ ਨੇ ਤਾਂ ਬਾਦ 'ਚ ਦੰਦਾਂ ਦੇ ਡਾਕਟਰ 'ਤੇ ਕੋਰਟ-ਕੇਸ ਵੀ ਕਰ ਦਿੱਤਾ ਜਿਸ ਵਿਚ ਡਾਕਟਰ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਉਸ ਨੂੰ ਭਾਰੀ ਹਰਜਾਨਾ ਭਰਨਾ ਪਿਆ।
ਦੰਦਾਂ-ਦਾੜ੍ਹਾਂ ਤੇ ਦਿਲ ਦੀਆਂ ਬੀਮਾਰੀਆਂ ਦੇ ਆਪਸੀ ਸਬੰਧ ਦੀ ਪ੍ਰੋੜ੍ਹਤਾ ਕਰਦਿਆਂ ਬਰੈਂਪਟਨ ਦੀ ਮਸ਼ਹੂਰ ਦੰਦਾ ਦੀ ਮਾਹਿਰ ਡਾਕਟਰ ਸਿਮਰਤ ਕੌਰ ਜੋ ਇਸ ਸਮੇਂ ਇਥੇ ਦੋ ਲੋਕੇਸ਼ਨਾਂ 'ਸ਼ਾਰਲੇ ਡੈਂਟਿਸਟਰੀ' ਤੇ 'ਬਰੈਮ-ਪਾਰਕ ਡੈਂਟਿਸਟਰੀ' ਸਫਲਤਾ-ਪੂਰਵਕ ਚਲਾ ਰਹੇ ਹਨ, ਨੇ ਸੰਖੇਪ ਜਿਹੀ ਗੱਲਬਾਤ ਦੌਰਾਨ ਦੱਸਿਆ ਕਿ ਇਸ ਦੀ ਸੰਭਾਵਨਾ ਹੋ ਸਕਦੀ ਹੈ। ਦੰਦਾਂ-ਦਾੜ੍ਹਾਂ ਦੀ ਇਨਫੈਕਸ਼ਨ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਕੋਲ ਕਈ ਵਿਗੜੇ ਹੋਏ ਕੇਸ ਆਉਂਦੇ ਜਨ ਜਿਨ੍ਹਾਂ ਵਿਚ ਡਾਕਟਰਾਂ ਵੱਲੋਂ ਵਰਤੀ ਗਈ ਅਣਗਹਿਲੀ ਸਾਫ਼ ਨਜ਼ਰ ਆਉਂਦੀ ਹੈ। ਉਨ੍ਹਾਂ ਅਨੁਸਾਰ ਲੋਕ ਆਮ ਤੌਰ 'ਤੇ ਅਤੇ ਸਾਡੇ ਪੰਜਾਬੀ-ਭਾਈਚਾਰੇ ਦੇ ਲੋਕ ਖਾਸ ਤੌਰ 'ਤੇ ਜਦੋਂ ਸਾਲ-ਦੋ ਸਾਲ ਬਾਦ ਆਪਣੇ ਦੇਸ਼ ਗੇੜਾ ਮਾਰਦੇ ਹਨ ਤਾਂ ਉਹ ਉਥੋਂ ਕਾਹਲੀ ਵਿਚ ਆਪਣੇ ਦੰਦਾਂ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰੀ ਉਨ੍ਹਾਂ ਨੂੰ ਵਾਪਸ ਮੁੜਨ ਦੀ ਕਾਹਲ ਉਚਿਤ ਵੀ ਹੁੰਦੀ ਪਰ ਫਿਰ ਵੀ ਉਹ ਡਾਕਟਰਾਂ ਕੋਲੋਂ ਇਲਾਜ ਲਈ ਜਲਦੀ-ਜਲਦੀ ਬੈਠਕਾਂ (ਸਿਟਿੰਗਾਂ) ਦਾ ਟਾਈਮ ਲੈ ਲੈਂਦੇ ਹਨ। ਕਈ ਡਾਕਟਰ ਵੀ ਲਾਲਚ-ਵੱਸ ਇਨ੍ਹਾਂ ਬੈਠਕਾਂ ਵਿਚ ਲੋੜੀਂਦਾ ਵਕਫ਼ਾ ਨਹੀਂ ਪਾਉਂਦੇ ਤੇਂ ਉਹ ਆਪਣੇ 'ਐੱਨ.ਆਰ. ਆਈ. ਮਰੀਜਾਂ' ਤੋਂ ਮੂੰਹ-ਮੰਗੀ ਫੀਸ ਵੀ ਵਸੂਲ ਕਰ ਲੈਂਦੇ ਹਨ ਤੇ ਇਲਾਜ ਵੀ ਪੂਰਾ ਨਹੀਂ ਕਰਦੇ। ਨਤੀਜੇ ਵਜੋ, 'ਰੂਟ ਕਨਾਲ' ਵਰਗੇ ਮੁਕਾਲਬਤਨ ਜ਼ਿਆਦਾ ਠਰੰ੍ਹਮਾ ਲੋੜੀਂਦੇ ਇਲਾਜ ਲਈ ਯੋਗ ਸਮੇਂ ਤੇ ਠਰ੍ਹੰਮੇ ਦੀ ਘਾਟ ਕਾਰਨ ਦਾੜ੍ਹਾਂ ਵਿਚ ਇਨਫੈਕਸ਼ਨ ਪੈਦਾ ਹੋ ਜਾਂਦੀ ਹੈ ਜੋ ਵੱਧਦੀ-ਵੱਧਦੀ ਅੱਗੋਂ ਕਈ ਬੀਮਾਰੀਆਂ ਦਾ ਸਬੱਬ ਬਣ ਸਕਦੀ ਹੈ ਤੇ ਦਿਲ ਦੀ ਬੀਮਾਰੀ ਉਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਥੇ ਕੈਨੇਡਾ ਵਿਚ ਦੰਦਾਂ ਦਾ ਇਲਾਜ ਕਾਫ਼ੀ ਮਹਿੰਗਾ ਹੋਣ ਕਰਕੇ ਦੱਖਣੀ-ਏਸ਼ੀਆਈ ਦੇਸ਼ਾਂ ਦੇ ਲੋਕ ਇਨ੍ਹਾਂ ਦਾ ਇਲਾਜ ਆਪਣੇ ਦੇਸ਼ਾਂ ਭਾਰਤ, ਪਾਕਿਸਤਾਨ, ਬੰਗਲਾ-ਦੇਸ਼, ਨੈਪਾਲ, ਸ੍ਰੀਲੰਕਾ ਆਦਿ ਵਿਚ ਕਰਾਉਣ ਨੂੰ ਤਰਜੀਹ ਦੇਂਦੇ ਹਨ। ਇਹ ਇਲਾਜ ਤਾਂ ਕਿਤਿਉਂ ਵੀ ਕਰਾਇਆ ਜਾ ਸਕਦਾ ਹੈ ਪਰ ਇਹ ਮਾਹਿਰ ਡਾਕਟਰਾਂ ਕੋਲੋਂ ਸਹੀ ਤਰ੍ਹਾਂ, ਪੂਰਾ ਤੇ ਠਰ੍ਹੰਮੇ ਨਾਲ ਹੋਣਾ ਚਾਹੀਦਾ ਹੈ ਤੇ ਇਸ ਵਿਚ ਕਦੀ ਵੀ ਕਿਸੇ ਕਿਸਮ ਦੀ ਕਾਹਲੀ ਨਹੀਂ ਹੋਣੀ ਚਾਹੀਦੀ। ਮੈਨੂੰ ਡਾਕਟਰ ਸਿਮਰਤ ਕੌਰ ਦੇ ਉਪਰੋਕਤ ਕਥਨ ਵਿਚ ਕੋਈ ਅਤਿਕਥਨੀ ਨਹੀਂ ਜਾਪਦੀ। ਕਈ ਵਾਰ ਅਸੀ ਕੁਝ ਕੁ ਪੈਸੇ ਬਚਾਉਣ ਖਾਤਰ ਖੁਦ ਵੱਡੀ ਮੁਸੀਬਤ ਸਹੇੜ ਲੈਂਦੇ ਹਾਂ। ਘੱਟੋ-ਘੱਟ ਸਿਹਤ ਦੇ ਮਾਮਲੇ ਵਿਚ ਖਾਸ ਤੌਰ 'ਤੇ ਸਾਨੂੰ ਕੋਈ ਕੰਜੂਸੀ ਨਹੀਂ ਵਰਤਣੀ ਚਾਹੀਦੀ। ਬੇਸ਼ੱਕ, ਇਸ ਵਿਚ ਕੋਈ ਦੂਸਰੀ ਰਾਇ ਨਹੀਂ ਹੈ ਕਿ ਯੌਰਪ, ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਦੰਦਾਂ ਦੀਆਂ ਬੀਮਾਰੀਆਂ ਦਾ ਇਲਾਜ ਕਾਫੀ ਮਹਿੰਗਾ ਹੈ, ਪਰ ਦੂਜੇ ਬੰਨੇ ਕਾਹਲੀ ਵਿਚ ਕਰਵਾਇਆ ਗਿਆ ਸਸਤਾ-ਇਲਾਜ ਜੇ ਫੇਰ ਉਸ ਤੋਂ ਵੀ ਵਧੀਕ ਖਰਚਾ ਕਰਵਾਏ ਤਾਂ ਫਿਰ ਕਿਹੜਾ ਇਲਾਜ ਸਸਤਾ ਹੋਇਆ? ਇਥੋਂ ਦੇ ਦੰਦਾ ਦੇ ਮਹਿੰਗੇ ਇਲਾਜ ਬਾਰੇ ਵੀ ਲੋਕਾਂ ਨੂੰ ਆਪਣੀ ਜਾਇਜ਼ ਆਵਾਜ਼ ਉਠਾਉਣੀ ਬਣਦੀ ਹੈ ਅਤੇ ਸਰਕਾਰ ਕੋਲੋਂ ਉਨ੍ਹਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਇਸ ਨੂੰ ਸਰਕਾਰੀ 'ਹੈੱਲਥ-ਕੇਅਰ ਪ੍ਰੋਗਰਾਮ' ਦੇ ਅਧੀਨ ਲਿਆਂਦਾ ਜਾਵੇ ਜੋ ਕਿ ਮੇਰੀ ਜਾਚੇ ਇਸ ਦਾ ਸੱਭ ਤੋਂ ਵਧੀਆ ਹੱਲ ਹੈ ਜਿਸ ਨਾਲ ਦੰਦਾਂ ਦੇ ਮਰੀਜ਼ਾਂ ਦਾ ਭਾਰ ਕੁੱਝ ਹੱਦ ਤੀਕ ਵੰਡਾਇਆ ਜਾ ਸਕੇ। ਜੇ ਸਰਕਾਰ ਇੰਜ ਨਹੀਂ ਕਰ ਸਕਦੀ ਅਤੇ ਦੰਦਾਂ ਦੇ ਇਲਾਜ ਦੀ ਮੌਜੂਦਾ-ਪ੍ਰਣਾਲੀ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਉਸ ਨੂੰ ਇਸ ਲਈ ਲੋੜੀਂਦੀ-ਸਬਸਿਡੀ ਦੇਣੀ ਚਾਹੀਦੀ ਹੈ ਤਾਂ ਜੋ ਲੋਕ ਇੱਥੇ ਹੀ ਇਹ ਇਲਾਜ ਕਰਾਉਣ ਨੂੰ ਤਰਜੀਹ ਦੇਣ ਤੇ ਉਨ੍ਹਾਂ ਦੇ ਕੇਸ ਖਰਾਬ ਹੋਣ ਦੀ ਨੌਬਤ ਨਾ ਆਵੇ। ਫੇਰ ਸ਼ਾਇਦ ਇਹ ਦੰਦਾਂ-ਦਾੜ੍ਹਾਂ ਦੀਆਂ ਬੀਮਾਰੀਆਂ ਦਾ ਦਿਲ ਦੀਆਂ ਬੀਮਾਰੀਆਂ ਬਣਨ ਦਾ ਖ਼ਤਰਾ ਵੀ ਘਟ ਜਾਏ।
ਡਾ. ਸੁਖਦੇਵ ਸਿੰਘ ਝੰਡ
647-864-9128