ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਘੁਰਾੜੇ ਮਾਰਨਾ ਆਦਤ ਨਹੀਂ, ਬੀਮਾਰੀ ਹੈ


ਬਹੁਤ ਸਾਰੇ ਲੋਕਾਂ ਨੂੰ ਘੁਰਾੜੇ ਮਾਰਨ ਦੀ ਆਦਤ ਹੈ ਤੇ ਉਹ ਇਸ ਨੂੰ ਆਮ ਤੌਰ ’ਤੇ ਸੰਜੀਦਗੀ ਨਾਲ ਨਹੀਂ ਲੈਂਦੇ। ਉਹ ਇਸ ਨੂੰ ਆਪਣਾ ਜਨਮ-ਸਿੱਧ ਅਧਿਕਾਰ ਸਮਝਦੇ ਹਨ ਤੇ ਇਸ ਗੱਲ ਦਾ ਉਨ੍ਹਾਂ ਨੂੰ ਕੋਈ ਚਿੱਤ-ਖਿਆਲ ਨਹੀਂ ਹੁੰਦਾ ਕਿ ਇਨ੍ਹਾਂ ਘੁਰਾੜਿਆਂ ਨਾਲ ਉਨ੍ਹਾਂ ਦਾ ਸਾਥੀ ਜਾਂ ਉਸ ਕਮਰੇ ਵਿਚ ਸੌਂ ਰਿਹਾ ਕੋਈ ਹੋਰ ਵਿਅਕਤੀ ਬੇਚੈਨ ਹੋ ਰਿਹਾ ਹੈ। ਉਹ ਤਾਂ ਆਪਣੀ ਮੌਜ ਵਿਚ ਮਸਤ ਹੁੰਦੇ ਹਨ ਤੇ ਨੀਂਦ ਦਾ ਪੂਰਾ ਮਜ਼ਾ ਲ਼ੈ ਰਹੇ ਹੁੰਦੇ ਹਨ। ਉਨ੍ਹਾਂ ਲਈ ਤਾਂ ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੁੰਦਾ ਕਿ ਇਹ ਇਕ ਬੀਮਾਰੀ ਹੈ ਤੇ ਇਸ ਦੇ ਕਾਰਨ ਉਨ੍ਹਾਂ ਦੇ ਗ੍ਰਹਿਸਥੀ-ਜੀਵਨ ਵਿਚ ਭੂਚਾਲ ਵੀ ਆ ਸਕਦਾ ਹੈ। ਉਹ ਇਹ ਨਹੀਂ ਜਾਣਦੇ ਕਿ ਅਮਰੀਕਾ, ਕੈਨੇਡਾ ਤੇ ਕਈ ਯੌਰਪੀਨ ਦੇਸ਼ਾਂ ਵਿਚ ਇਨ੍ਹਾਂ ਘੁਰਾੜਿਆਂ ਕਾਰਨ ਕਈ ਜੋੜਿਆਂ ਦੇ ਤਲਾਕ ਵੀ ਹੋ ਚੁੱਕੇ ਹਨ ਤੇ ਇਹ ਉਨ੍ਹਾਂ ਦੇ ਘਰਾਂ ਦੀ ਬਰਬਾਦੀ ਦਾ ਕਾਰਨ ਬਣ ਚੁੱਕੇ ਹਨ। ਇਨ੍ਹਾਂ ਘੁਰਾੜਿਆਂ ਕਾਰਨ ਦਿਲ ਨੂੰ ਆਕਸੀਜਨ ਦੀ ਸਪਲਾਈ ਘੱਟ ਹੋ ਜਾਣ ਕਾਰਨ ਜਾਂ ਰੁਕ-ਰੁਕ ਕੇ ਮਿਲਣ ਕਾਰਨ ਇਹ ਦਿਲ ਦੀਆਂ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਜਾਂਦੇ ਹਨ। ਦਿਲ ਨੂੰ ਅਚਾਨਕ ਦੌਰਾ ਵੀ ਪੈ ਸਕਦਾ ਹੈ ਤੇ ਇਸ ਵੱਲੋਂ ਆਪਣਾ ਕੰਮ ਕਰਨ ਤੋਂ ਇਨਕਾਰ ਕਰਨ ਦੀ ਵੀ ਨੌਬਤ ਆ ਸਕਦੀ ਹੈ। ਇਸ ਤਰ੍ਹਾਂ ਇਹ ਘੁਰਾੜੇ ਨਿਰੀ ਮਾੜੀ-ਆਦਤ ਹੀ ਨਹੀਂ, ਸਗੋਂ ਇਹ ਇਕ ਬੀਮਾਰੀ ਸਾਬਤ ਹੋ ਚੁੱਕੇ ਹਨ। ਮੈਡੀਕਲ ਭਾਸ਼ਾ ਵਿਚ ਇਸ ਨੂੰ ‘ਔਬਸਟਰੱਕਟਿਵ ਸਲੀਪ ਐਪਨੀਆ’ (  1 ) ਜਾਂ (1) ਕਹਿੰਦੇ ਹਨ।
    ਅਮਰੀਕਾ ਵਿਚ ਹੋਏ ਇਕ ਸਰਵੇਖਣ ਅਨੁਸਾਰ ਹਰ ਪੰਦਰਾਂ ਵਿਅਕਤੀਆਂ ਵਿਚੋਂ ਇਕ ਘੁਰਾੜਿਆਂ ਦੀ ਬੀਮਾਰੀ ਦਾ ਸ਼ਿਕਾਰ ਹੈ, ਭਾਵੇਂ ਇਹ ਘੁਰਾੜੇ ਜ਼ਿਆਦਾ ਆਵਾਜ਼ ਵਾਲੇ ਨਾ ਵੀ ਹੋਣ। ਇਸੇ ਤਰ੍ਹਾਂ ਇਟਲੀ ਦਾ 5713 ਵਿਅਕਤੀਆਂ ਦੇ ਆਧਾਰਿਤ ਇਕ ਸਰਵੇਖਣ ਦਰਸਾਉਂਦਾ ਹੈ ਕਿ ਉੱਥੇ 24 ਫੀਸਦੀ ਆਦਮੀ ਅਤੇ 13.8 ਫੀਸਦੀ ਔਰਤਾਂ ਘੁਰਾੜੇ ਮਾਰਦੀਆਂ ਹਨ। ਉਮਰ ਦੇ ਵੱਧਣ ਨਾਲ ਇਨ੍ਹਾਂ ਮਰੀਜ਼ਾਂ ਦੀ ਪ੍ਰਤੀਸ਼ਤਤਾ ਤੇ ਘੁਰਾੜਿਆਂ ਦੀ ਤੀਬਰਤਾ ਵਿਚ ਵਾਧਾ ਹੁੰਦਾ ਜਾਂਦਾ ਹੈ। ਸਰਵੇਖਣ ਵਿਚ ਇਹ ਵੀ ਵੇਖਣ ਵਿਚ ਆਇਆ ਕਿ 60 ਤੋਂ 65 ਸਾਲ ਦੀ ਉਮਰ ਵਿਚ ਜਾ ਕੇ ਇਹ ਬੀਮਾਰੀ ਮਰਦਾਂ ਵਿਚ 60 ਫੀਸਦੀ ਤੇ ਔਰਤਾਂ ਵਿਚ 40 ਫੀਸਦੀ ਤੱਕ ਪਹੁੰਚ ਜਾਂਦੀ ਹੈ। ਮਰਦਾਂ ਵਿਚ ਇਸ ਦੇ ਵੱਧ ਹੋਣ ਦੇ ਹੋਰ ਕਈ ਕਾਰਨਾਂ ਵਿਚ ਇਕ ਇਹ ਵੀ ਮੰਨਿਆ ਜਾਂਦਾ ਹੈ ਕਿ ਔਰਤਾਂ ਦੇ ਮੁਕਾਬਲੇ ਵਿਚ ਮਰਦਾਂ ਦੀ ਸਾਹ-ਨਲੀ ਕੁਦਰਤੀ ਤੌਰ ’ਤੇ ਕੁਝ ਤੰਗ ਹੁੰਦੀ ਹੈ ਤੇ ਉਸ ਵਿਚੋਂ ਕਿਸੇ ਕਾਰਨ ਹਵਾ ਦੇ ਲੰਘਣ ਵਿਚ ਦਿੱਕਤ ਆਸਾਨੀ ਨਾਲ ਆ ਸਕਦੀ ਹੈ।
    ਘੁਰਾੜਿਆਂ ਦੇ ਮੁੱਖ ਕਾਰਨਾਂ ਵਿਚ ਉਮਰ ਦੇ ਵੱਧਣ ਨਾਲ ਗਲੇ ਅਤੇ ਜ਼ਬਾਨ ਦੇ ਕੁਝ ਪੱਠਿਆਂ ਵਿਚ ਕਮਜ਼ੋਰੀ ਆ ਜਾਣ ਕਾਰਨ ਨੀਂਦ ਸਮੇਂ ਜ਼ਬਾਨ ਦੇ ਅਗਲੇ ਹਿੱਸੇ ਦਾ ਮੁੜ ਕੇ  ਹਵਾ-ਨਲੀ ਦੇ ਅੱਗੇ ਆ ਜਾਣ ਨਾਲ ਉਹ ਕੁਝ ਸਮੇਂ ਲਈ, ਜੇ ਸਾਰੀ ਨਹੀਂ ਤਾਂ ਕੁਝ ਹੱਦ ਤੱਕ, ਇਸ ਨੂੰ ਬੰਦ ਕਰ ਦਿੰਦੀ ਹੈ ਤੇ ਗਲੇ ਵਿਚੋਂ ਆਉਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਦਾ ਕਾਰਨ ਬਣਦੀ ਹੈ। ਇਹ ਆਵਾਜ਼ਾਂ ਕਈ ਵਾਰੀ ਖੂਬਸੂਰਤ ਸੀਟੀਆਂ ਵਰਗੀਆਂ ਹੁੰਦੀਆਂ ਹਨ ਤੇ ਕਈ ਵਾਰ ਪੁਰਾਣੇ ਟਰੇਕਾਂ ਦੇ ਇੰਜਣਾਂ ਵਿਚੋਂ ਨਿਕਲਣ ਵਾਲੀਆਂ ਭੈੜੀਆਂ-ਭੈੜੀਆਂ ਆਵਾਜ਼ਾਂ ਵਰਗੀਆਂ ਹੁੰਦੀਆਂ ਹਨ ਜੋ ਨਾਲ ਸੁੱਤਿਆਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਪੱਠਿਆਂ ਦੀ ਇਹ ਕਮਜ਼ੋਰੀ ਆਮ ਤੌਰ ’ਤੇ 60-65 ਸਾਲ ਤੋਂ ਅੱਗੇ ਜਾ ਕੇ ਆਉਂਦੀ ਹੈ। ਹੋਰ ਕਈ ਕਾਰਨਾਂ ਵਿਚ ਪੱਠਿਆਂ ਦੇ ਖਿਚਾਅ ਕਾਰਨ ਹੇਠਲੇ ਜਬਾੜੇ ਦੀ ਸਥਿਤੀ ਸਹੀ ਨਾ ਹੋਣਾ, ਮੋਟਾਪੇ ਕਾਰਨ ਗਲੇ ਦੇ ਆਲੇ-ਦੁਆਲੇ ਜਮ੍ਹਾਂ ਹੋਈ ਚਰਬੀ ਕਾਰਨ ਸਾਹ-ਰਸਤੇ ਦਾ ਤੰਗ ਹੋਣਾ, ਸਾਹ-ਰਸਤੇ ਦੇ ਉਪਰਲੇ-ਪੱਠਿਆਂ ਦੇ ਇਕ ਦੂਜੇ ਨਾਲ ਛੋਹਣ ਕਾਰਨ ਪੈਦਾ ਹੋਣ ਵਾਲੀ ਥਰ-ਥਰਾਹਟ, ਨੱਕ ਰਾਹੀਂ ਸਾਹ ਲੈਣ ਵਾਲੇ ਰਸਤਿਆਂ ਵਿਚ ਕਿਸੇ ਕਿਸਮ ਦੀ ਰੁਕਾਵਟ, ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਸੇਵਨ ਨਾਲ ਗਲੇ ਦੇ ਪੱਠਿਆਂ ਦਾ ਢਿੱਲਾ-ਪਨ ਜਾਂ ਫਿਰ ਪਿੱਠ-ਭਾਰ ਹੀ ਜ਼ਿਆਦਾ ਸਮਾਂ ਸੌਣਾਂ ਵੀ ਸ਼ਾਮਲ ਹੋ ਸਕਦਾ ਹੈ। ਸਰਦੀ-ਜ਼ੁਕਾਮ ਨਾਲ ਨੱਕ ਬੰਦ ਹੋਣ ’ਤੇ ਮੂੰਹ ਰਾਹੀਂ ਸਾਹ ਲੈਣਾ ਵੀ ਘੁਰਾੜਿਆਂ ਦਾ ਕਾਰਨ ਬਣ ਸਕਦਾ ਹੈ। ਕਈ ਕੇਸਾਂ ਵਿਚ ਇਹ ਬੀਮਾਰੀ ਨੱਕ ਵਿਚਲੇ ਗਲੈਂਡਜ਼ () ‘ਸਾਈਨਸ’ ਜਾਂ ‘ਐਡੀਨਾਇਡ’ (1) ਦੇ ਵੱਧ ਜਾਣ ਕਾਰਨ ਨੱਕ ਰਾਹੀਂ ਸਾਹ ਲੈਣ ਵਿਚ ਰੁਕਾਵਟ ਹੋਣ ਕਰਕੇ ਮੂੰਹ ਰਾਹੀਂ ਸਾਹ ਲੈਣ ਕਰਕੇ ਵੀ ਹੋ ਸਕਦੀ ਹੈ। ਬੱਚਿਆਂ ਵਿਚ ਅਜਿਹੇ ਕਈ ਕੇਸ ਵੇਖਣ ਵਿਚ ਆਏ ਹਨ। ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਨ੍ਹਾਂ ਘੁਰਾੜਿਆਂ ਕਾਰਨ ਨੀਂਦ ਪੂਰੀ ਨਹੀਂ ਹੁੰਦੀ ਤੇ ਘੁਰਾੜੇ ਮਾਰਨ ਵਾਲਾ ਵਿਅਕਤੀ ਸਵੇਰੇ ਉਨੀਂਦਰੇ ਦੀ ਹਾਲਤ ਵਿਚ ਸੁਸਤ ਜਿਹਾ ਉੱਠਦਾ ਹੈ। ਉਸ ਨੂੰ ਦਿਨੇਂ ਵੀ ਨੀਂਦ ਦੀਆਂ ਝਪਕੀਆਂ ਜਿਹੀਆਂ ਆਉਂਦੀਆਂ ਰਹਿੰਦੀਆਂ ਹਨ ਤੇ ਉਸ ਦੇ ਸੁਭਾਅ ਵਿਚ ਅਜੀਬ ਜਿਹਾ ਚਿੜਚਿੜਾ-ਪਨ ਆ ਜਾਂਦਾ ਹੈ। ਉਹ ਮਾਨਸਿਕ ’ਤੇ ਪ੍ਰੇਸ਼ਾਨ ਨਜ਼ਰ ਆਉਂਦਾ ਹੈ ਤੇ ਸਰੀਰਕ ਪੱਖੋਂ ਢਿੱਲਾ ਤੇ ਬੀਮਾਰ ਜਿਹਾ ਲੱਗਦਾ ਹੈ। ਕਾਮ ਦੀ ਇੱਛਾ-ਸ਼ਕਤੀ ਘੱਟ ਜਾਂਦੀ ਹੈ। ਕਈ ਕੇਸਾਂ ਵਿਚ ਮਨਫ਼ੀ-ਸੋਚ ( “) ਭਾਰੂ ਹੋ ਜਾਂਦੀ ਹੈ ‘ਡਿਪਰੈੱਸ਼ਨ’ (4) ਦਾ ਕਾਰਨ ਵੀ ਬਣ ਸਕਦੀ ਹੈ। ਪ੍ਰਸਿੱਧ ਸਿਹਤ-ਵਿਗਿਆਨੀਆਂ ਆਰਮ ਸਟਰਾਂਗ, ਗਾਲ, ਕਾਰਟਰਾਈਟ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀਆਂ ਵੱਖ-ਵੱਖ ਖੋਜਾਂ ਰਾਹੀਂ ਇਹ ਦੱਸਿਆ ਹੈ ਕਿ ਦੁਨੀਆਂ ਭਰ ਵਿਚ 34 ਫੀਸਦੀ ਲੋਕ ਘੁਰਾੜਿਆਂ ਕਾਰਨ ਦਿਲ ਦੇ ਦੌਰਿਆਂ ਅਤੇ 67 ਫੀਸਦੀ ਦਿਲ ਦੀਆਂ ਹੋਰ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਇਕ ਹੋਰ ਨਵੇਂ ਅਧਿਐਨ ਅਨੁਸਾਰ ਇਹ ਘੁਰਾੜੇ ਇਕ ਦਿਮਾਗੀ-ਬੀਮਾਰੀ ‘ਕੈਰੋਟਿਡ ਆਰਟਰੀ ਐਥੇਰੋਸਕਲੈਰੋਸਿਸ’ (3 1 1) ਦਾ ਵੀ ਕਾਰਨ ਬਣਦੇ ਹਨ ਜੋ ਦਿਮਾਗ ਨੂੰ ਕਾਫੀ ਨੁਕਸਾਨ ਪਹੁੰਚਾਉਂਦੀ ਹੈ ਤੇ ਦਿਮਾਗੀ-ਦੌਰੇ ਦਾ ਇਕ ਕਾਰਨ ਵੀ ਸਾਬਤ ਹੁੰਦੀ ਹੈ। ਇਸ ਬੀਮਾਰੀ ਨਾਲ ਕੈਰੋਟਿਡ ਆਰਟਰੀ ਜੋ ਸਾਹ-ਰਸਤਿਆਂ ਦੇ ਨਾਲ-ਨਾਲ ਜਾਂਦੀ ਹੈ ਤੇ ਦਿਮਾਗ ਨੂੰ ਖੂਨ ਪਹੁੰਚਾਉਂਦੀ ਹੈ, ਘੁਰਾੜਿਆਂ ਦੀ ਥਰ-ਥਰਾਹਟ ਕਾਰਨ ਪ੍ਰੇਸ਼ਾਨ ਹੁੰਦੀ ਹੈ ਤੇ ਆਪਣਾ ਕੰਮ ਪੂਰੀ ਤਰ੍ਹਾਂ ਨਹੀਂ ਕਰ ਸਕਦੀ। ਨਤੀਜੇ ਵਜੋਂ, ਦਿਮਾਗ ਨੂੰ ਲੋੜੀਂਦੀ-ਮਾਤਰਾ ਵਿਚ ਖੂਨ ਨਹੀਂ ਪਹੁੰਚਦਾ ਤੇ ਉਸ ਵਿਚ ਵਿਗਾੜ ਪੈਦਾ ਹੋ ਜਾਂਦਾ ਹੈ।
    ਹੁਣ, ਇਨ੍ਹਾਂ ਘੁਰਾੜਿਆਂ ਦੇ ਉਪਾਅ ਦੀ ਵੀ ਕੁਝ ਗੱਲ ਕਰ ਲਈਏ। ਉਪਾਅ ਵਿਚ ਕਈ ਤਾਂ ਬੜੇ ਆਸਾਨ ਤੇ ਸਿੱਧੇ-ਸਾਦੇ ਜਿਹੇ ਹਨ ਜੋ ਨਿੱਤ-ਵਰਤੋਂ ਵਿਚ ਬੜੇ ਆਰਾਮ ਨਾਲ ਕੀਤੇ ਜਾ ਸਕਦੇ ਹਨ। ਮਿਸਾਲ ਵਜੋਂ, ਸਿੱਧੇ ਪਿੱਠ-ਭਾਰ ਸੌਣ ਤੋਂ ਪ੍ਰਹੇਜ਼ ਕਰਨਾ ਤੇ ਵੱਖੀ-ਪਰਨੇ ਸੌਣ ਨੂੰ ਤਰਜੀਹ ਦੇਣੀ। ਨਸ਼ਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ, ਆਪਣਾ ਭਾਰ ਕੰਟਰੋਲ ’ਚ ਰੱਖਣਾ, ਨੱਕ ਰਾਹੀਂ ਸਾਹ ਲੈਣ ਵਾਲੇ ਰਸਤਿਆਂ ਵਿਚ ਕੋਈ ਰੁਕਾਵਟ ਨਾ ਆਉਣ ਦੇਣਾ, ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਘੁਰਾੜਿਆਂ ਤੋਂ ਬਚਾਅ ਲਈ ਦੰਦਾਂ ਵਿਚ ਲਗਾਉਣ ਵਾਲੇ ਕਈ ਯੰਤਰ ਬਣੇ ਹੋਏ ਹਨ ਜੋ ਹੇਠਲੇ ਜਬਾੜੇ ਨੂੰ ਥੋੜ੍ਹਾ ਜਿਹਾ ਹੇਠਾਂ ਵੱਲ ਰੱਖਣ ਵਿਚ ਮਦਦ ਕਰਦੇ ਹਨ ਤਾਂ ਜੋ ਜੀਭ ਸਿੱਧੀ ਅੱਗੇ ਵੱਲ ਨੂੰ ਹੀ ਰਹੇ ਤੇ ਪਿੱਛੇ ਨੂੰ ਮੁੜ ਕੇ ਸਾਹ-ਰਸਤਿਆਂ ਨੂੰ ਬੰਦ ਕਰਨ ਦਾ ਸਬੱਬ ਨਾ ਬਣੇ। ਇਕ ਹੋਰ ਮਸ਼ੀਨ ਹੈ, ‘ਸੀ.ਪੀ.ਏ.ਪੀ.’ ਜਿਸ ਦਾ ਪੂਰਾ ਨਾਂ ‘ਕਾਂਟੀਨੂਅਸ ਪਾਜ਼ਿਟਿਵ ਏਅਰਵੇ ਪਰੈੱਸ਼ਰ ਮਸ਼ੀਨ’ (3  1  ) ਜੋ ਕਿ ਸਾਹ-ਰਸਤਿਆਂ ਨੂੰ ਖੁੱਲ੍ਹਾ ਰੱਖਣ ਲਈ ਨੱਕ ਜਾ ਮੂੰਹ ’ਤੇ ਪਏ ‘ਮਾਸਕ’ () ਰਾਹੀਂ ਲੋੜੀਂਦੀ-ਮਾਤਰਾ ਵਿਚ ਹਵਾ ਪੰਪ ਕਰਕੇ ਗਲੇ ਵਿਚ ਭੇਜਦੀ ਹੈ। ਇਸ ਬਾਰੇ ਪੂਰੀ ਜਾਣਕਾਰੀ ਤਾਂ ਡਾਕਟਰ ਜਾਂ ਇਹ ਮਸ਼ੀਨ ਬਣਾਉਣ ਵਾਲੀ ਕੰਪਨੀ ਵਾਲੇ ਹੀ ਦੇ ਸਕਦੇ ਹਨ। ਅਸੀਂ ਏਨਾ ਜ਼ਰੂਰ ਕਹਿ ਸਕਦੇ ਹਾਂ ਕਿ ਇਸ ਨਾਲ ਘੁਰਾੜੇ ਮਾਰਨ ਵਾਲਿਆਂ ਨੂੰ ਸਾਹ ਲੈਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਤੇ ਉਹ ਆਰਾਮ ਨਾਲ ਗੂੜ੍ਹੀ ਨੀਂਦ ਲੈ ਸਕਦੇ ਹਨ। ਨੱਕ ਰਾਹੀਂ ਸਾਹ ਲੈਣ ’ਚ ਹੋਣ ਵਾਲੀ ਰੁਕਾਵਟ ਜੋ ਕਿ ‘ਸਾਈਨਸ’ ਜਾਂ ‘ਐਡੀਨਾਇਡ’ ਗਲੈਂਡਜ਼ ਦੇ ਵਧੇ ਹੋਣ ਕਰਕੇ ਹੋ ਸਕਦੀ ਹੈ, ਦਾ ਇਲਾਜ ਸਰਜਰੀ ਹੀ ਹੋ ਸਕਦੀ ਹੈ ਜਿਸ ਲਈ ਡਾਕਟਰ ਦੀ ਤੁਰੰਤ ਸਲਾਹ ਲੈਣੀ ਜ਼ਰੂਰੀ ਹੈ। ਅਜਿਹੀ ਹਾਲਤ ਵਿਚ ਐਵੇਂ ਇਧਰ-ਉਧਰ ਹੱਥ-ਪੈਰ ਨਹੀਂ ਮਾਰਨੇ ਚਾਹੀਦੇ ਤੇ ਸਿੱਧਾ ਡਾਕਟਰ ਕੋਲ ਹੀ ਜਾਣਾ ਚਾਹੀਦਾ ਹੈ।     
ਡਾ. ਸੁਖਦੇਵ ਸਿੰਘ ਝੰਡ
647-864-9128