ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰ ਰਾਮਦਾਸ ਰਾਖਹੁ ਸਰਣਾਈ


ਜਿਸ ਦਾ ਨਾਮ ਸੁਣਦਿਆਂ ਹੀ ਜਾਂ ਜਿਸ ਦਾ ਨਾਂ ਮੂੰਹ ਵਿਚੋਂ ਉਚਾਰਦਿਆਂ ਹੀ, ਮਨ ਨੂੰ ਸਾਂਤੀ ਮਿਲੇ, ਧਰਵਾਸ ਮਿਲੇ ਅਤੇ ਜਿਸ ਨੂੰ ‘ਧੰਨ ਆਖਦਿਆਂ ਮਨ ਆਨੰਦ-ਪ੍ਰਸੰਨ ਹੋ ਜਾਵੇ, ਅਜਿਹੀ ਅਤਿ-ਉੱਚੀ ਪਰਮ ਸਖਸੀਅਤ ਹਨ, ਚੌਥੇ ‘ਪਾਤਸਾਹ ਸ੍ਰੀ ਗੁਰੂ ਰਾਮ ਦਾਸ ਜੀ।’ ਧੁਰ ਕੀ ਬਾਣੀ ਅਨੁਸਾਰ ਇਸ ਨੂੰ ਇੰਝ ਬਿਆਨਿਆ ਗਿਆ ਹੈ :
ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰ ਗੁਰੂ ਰਾਮਦਾਸੁ॥ (ਅੰਗ 1406)
    ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਜੋਤਿ -ਜੁਗਤ ਦੇ ਮਾਲਕ, ਸਾਰੀ ਸਿ੍ਰਸਟੀ ਅਰਥਾਤ ਚਹੁੰ ਵਰਨਾਂ ਦੇ ਸਾਂਝੇ ਸਤਿਗੁਰੂ ਹਨ। ਐਸੇ ਮਹਾ ਪਰਉਪਕਾਰੀ ਨਿਰਭਉ, ਨਿਰਵੈਰ, ਸਤਿਗੁਰੂ ਜੀ ਨੂੰ ਚਾਰੇ ਵਰਣਾਂ ਦੇ ਲੋਕ ਸੀਸ ਝੁਕਾਉਂਦੇ ਹਨ। ਜੇਕਰ ਕਿਸੇ ਨੇ ਈਰਖਾ ਸਾੜੇ ਜਾਂ ਦਵੈਤ ਕਰਕੇ, ਗੁਰੂ ਜੀ ਨੂੰ ਸੀਸ ਨਹੀਂ ਝੁਕਾਇਆ ਜਾਂ ਮਨ ਕਰਕੇ ਨਮਸਕਾਰ ਨਹੀਂ ਕੀਤੀ ਉਸ ਨੂੰ ਅਕਾਲ ਪੁਰਖ ਨੇ ਆਪ, ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀਂ ਨਿਵਾ ਦਿੱਤਾ।
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ॥ (ਅੰਗ 924)
    ਜਿਸ ਨੇ ਵੀ ਗੁਰੂ ਰਾਮਦਾਸ ਜੀ ਨੂੰ ਪਰਮੇਸਰ ਜਾਣ ਕੇ, ਸਿਫਤ ਸਲਾਹ ਕੀਤੀ, ਉਸਨੇ ਆਪਣਾ ਹਲਤ-ਪਲਤ ਸੰਵਾਰ ਲਿਆ। ਅਕਾਲ ਪੁਰਖ ਜੀ ਨੇ ਆਪਣਾ ਆਪ, ਗੁਰੂ ਰਾਮਦਾਸ ਜੀ ਵਿਚ ਰੱਖਿਆ। ਸਿੱਖ ਸੰਗਤਾਂ ਨੇ ਆਪ ਜੀ ਨੂੰ ਪਾਰਬ੍ਰਹਮ ਕਰਕੇ ਨਮਸਕਾਰਾਂ ਕੀਤੀਆਂ ਅਤੇ ਸਰਬ-ਸੁੱਖ ਪ੍ਰਾਪਤ ਕਰ ਲਏ।
ਧੰਨੁ ਧੰਨੁ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਆਖਿ ਸਿਰਜਣਹਾਰੈ ਧਾਰਿਆ॥ ਸਿਖੀ ਅਤੈ ਸੰਗਤੀ ਪਾਰਬ੍ਰਹਮ ਕਰਿ ਨਮਸਕਾਰਿਆ॥ (ਅੰਗ 968)
    ਐਸੇ ਸਰਬ ਕਲਾ ਸਮਰੱਥ ਸਤਿਗੁਰੂ ਰਾਮਦਾਸ ਜੀ ਅੱਗੇ, ਸਾਰੀ ਦੁਨੀਆ ਦੇ ਸਾਧੂ, ਸੰਤ, ਸਿੱਧ, ਨਾਥ, ਰਿਸੀ-ਮੁਨੀ ਅਤੇ ਦੇਵਤੇ ਹੱਥ ਜੋੜ ਕੇ ਖੜ੍ਹੇ ਹਨ ਅਤੇ ਸੇਵਾ ਲਈ ਹਰ ਵੇਲੇ ਤਤਪਰ ਚਾਹਵਾਨ ਹਨ।
ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿਸਬਦ ਸਾਰੁ ਏਕ ਲਿਵ ਲਾਈ ਹੈ॥ (ਅੰਗ 1398)
    ਪਰਮੇਸਰ ਦੀ ਬਖਸ਼ਿਸ਼ ਨਾਲ ਆਪ ਜੀ ਦੀ ਸਰੀਰਕ ਬਣਤਰ ਵੀ ਅਤਿ ਸੁੰਦਰ ਸੀ। ਸਰੀਰਕ ਕੱਦ ਲੰਮਾ, ਕੰਵਲ ਨੈਨ (ਅਤਿ ਸੁੰਦਰ ਅੱਖਾਂ), ਮੁਖੜਾ ਸੋਹਣਾ ਆਕਰਸਕ, ਸਰੀਰ ਪਤਲਾ, ਦਾਹੜਾ ਲੰਮਾ ਅਤੇ ਪ੍ਰਭਾਵਸਾਲੀ, ਮੁਖ ਦੇ ਬੋਲ ਮਿੱਠੇ-ਮਿੱਠੇ ਅਤੇ ਸੁਭਾਅ ਅਤਿ ਕੋਮਲ ਸੀ :
ਕਵਲ ਨੈਨ ਮਧਰੁ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ॥ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ॥ ਕਾਲ ਕਲਮ ਹਕਮੁ ਹਾਥਿ ਕਹਹੁ ਕਉਨ ਮੇਟਿ ਸਕੈ ਈਸੁ ਬੰਮ੍ਹ ਗ੍ਹਾਨ ਧ੍ਹਾਨ ਧਰਤ ਹੀਐ ਚਾਹਿ ਜੀਉ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਅੰਗ 1402)
    ਭਾਈ ਨੰਦ ਲਾਲ ਜੀ ਦੀਆਂ ਨਜ਼ਰਾਂ ਵਿਚ ਸ੍ਰੀ ਗੁਰੂ ਰਾਮਦਾਸ ਜੀ ਸਾਰੀ ਖਲਕਤ ਦੇ ਗੁਰੂ ਹਨ। ਉਹ ਸਿਦਕ ਅਤੇ ਸੇਵਾ ਦੇ ਅਖਾੜੇ ਵਿਚ ਸਭ ਨਾਲੋਂ ਤਕੜੇ ਅਤੇ ਉੱਚੇ ਹਨ। ਸਮੁੱਚੇ ਬ੍ਰਹਿਮੰਡ ਦੀਆਂ ਸਾਰੀਆਂ ਸੁਕਤੀਆਂ, ਉਨ੍ਹਾਂ ਤੋਂ ਸਦਕੇ ਜਾਂਦੀਆਂ ਹਨ। ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣੇ ਖਾਸ ਬੰਦਿਆਂ ਵਿਚੋਂ ਚੁਣਿਆ ਅਤੇ ਆਪਣੇ ਪਵਿੱਤਰ ਸੇਵਕਾਂ (ਦਾਸਾਂ) ਵਿਚੋਂ ਉਨ੍ਹਾਂ ਨੂੰ ਸਭ ਨਾਲੋਂ ਉੱਚਾ ਕਰ ਦਿੱਤਾ। ਇਸੇ ਕਰਕੇ ਹੀ ਸਾਰੀ ਖਲਕਤ ਦੇ ਸਭ ਗਰੀਬ-ਅਮੀਰ, ਨਿੱਕੇ-ਵੱਡੇ, ਰਾਜੇ, ਸਾਧੂ, ਫਕੀਰ, ਸਭ ਉਨ੍ਹਾਂ ਨੂੰ ਨਮਸਕਾਰ ਕਰਦੇ ਹਨ :
ਗੁਰੂ ਰਾਮਦਾਸ ਆਂ ਮਤਾਅ ਉਲਵਾਰਾ। ਜਹਾਂਬਾਨਿ ਅਕਲੀਮਿ ਸਿਦਕੋ ਸਫਾ। ਹਮ ਅਜ਼ ਸਲਤਨਤ ਹਮਜਿ ਫਕਰਸ ਨਿਸ਼ਾਂ। ਗਿਰਾ ਮਾਯਾ ਤਰ ਅਫਸਰੇ ਅਫਸਰਾਂ।... ਹਮਾ ਸਾਜਦਸ਼ ਦਾਂ ਬਸਿਦਕਿ ਜਮੀਰ। ਚਿ ਆਲਾ ਚਿ ਅਦਨਾ ਚਿ ਸਾਹ ਚਿ ਫ਼ਕੀਰ। (ਤੌਸੀਫੋ ਸ਼ਨਾ, ਭਾਈ ਨੰਦ ਲਾਲ ਜੀ)
    ਸ੍ਰੀ ਗੁਰੂ ਰਾਮ ਦਾਸ ਜੀ ਨੇ ਪੰਜੇ-ਮਹਾਂਬਲੀ ‘ਆਪਣੀ ਮੁੱਠੀ ਵਿਚ ਘੁੱਟ-ਘੁੱਟ ਕੇ ਦਰੜ-ਫਰੜ ਦਿੱਤੇ ਹਨ। ‘ਮੋਹ’ ਨੂੰ ਮਲ ਕੇ ਵਸ ਕਰ ਲਿਆ ਹੈ। ‘ਕਾਮ’ ਅਨੁੰ ਫੜ ਕੇ, ਝੰਜੋੜ ਕੇ ਥੱਲੇ ਪਕੜ ਕੇ ਮਾਰਿਆ ਹੈ। ‘ਕ੍ਰੋਧ’ ਨੂੰ ਖੰਡ-ਖੰਡ (ਟੁਕੜੇ-ਟੁਕੜੇ) ਕਰ ਦਿੱਤਾ ਹੈ। ‘ਲੋਭ’ ਨੂੰ ਬੇਇੱਜ਼ਤ ਕਰਕੇ, ਝਾੜ ਕੇ ਵਗਾਹ ਮਾਰਿਆ ਹੈ। ‘ਕਾਲ’ (ਮੌਤ) ਵੀ ਉਸ ਦੇ ਅੱਗੇ ਹੱਥ ਜੋੜ ਕੇ ਖੜ੍ਹਾ ਹੈ ਅਤੇ ਆਖਦਾ ਹੈ, ‘ਹੇ ਗੁਰੂ ਜੀ! ਮੈਨੂੰ ਜੋ ਵੀ ਤੁਸੀਂ ਹੁਕਮ ਕਰੋਗੇ, ਉਹੀ ਮੰਨਾਂਗਾ ਜੀ।’ ਪ੍ਰਸੰਨ ਚਿੱਤ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਭਵ-ਸਾਗਰ ਤੋਂ ਪਾਰ ਕਰਕੇ, ਉਨ੍ਹਾਂ ਦੇ ਸਾਰੇ ਬੰਧਨ ਕੱਟ ਦਿੱਤੇ ਹਨ। ਸੱਚੇ ਤਖਤ ਦੇ ਵਾਰਸ ਸ੍ਰੀ ਗੁਰੂ ਰਾਮਦਾਸ ਜੀ ਨਿਹਚਲ ਰਾਜ ਦੇ ਮਾਲਕ ਹਨ।
ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜਉ॥
ਕੋ੍ਰਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜਉ॥
ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ॥
ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ॥
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ॥
ਗੁਰ ਰਾਮਦਾਸ ਸਚੁ ਸਲ ਭਣਿ ਤੂ ਅਟਲੁ ਰਾਜਿ ਅਭਗੁ ਦਲਿ॥ (ਅੰਗ 1406)
    ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਆ ਰਹੀ ਧੁਰ ਦਰਗਾਹੀ, ਜੋਤਿ ਜੁਗਤਿ ਦੇ ਮਾਲਕ ਗੁਰੂ ਰਾਮਦਾਸ ਜੀ ਨੇ ‘ਦੀਨ ਦੁਨੀ ਦਾ ਥੰਮ੍ਹ’ ਬਣ ਕੇ ਲੋਕਾਈ ਨੂੰ ਅਥਰਬਨ ਵੇਦ ਦੇ ਭਾਰ ਤੋਂ ਮੁਕਤ ਕੀਤਾ। ਜੋ ਜੋ ਪ੍ਰਾਣੀ ਗੁਰੂ ਰਾਮਦਾਸ ਜੀ ਦੀ ਸਰਣ ਵਿਚ ਆਏ, ਉਨ੍ਹਾਂ ਨੂੰ ਭਵਜਲ ਜਗਤ ਵਿਚ ਗੋਤੇ ਨਹੀਂ ਖਾਣੇ ਪਏ। ਸਮਰੱਥ ਗੁਰੂ ਜੀ ਦੀ ਸੰਗਤ ਕਰਕੇ ਔਗੁਣਾਂ ਦੇ ਭਰੇ ਮਨੁੱਖ, ਗੁਣਾਂ ਦੇ ਭੰਡਾਰਿਆਂ ਵਾਲੇ ਬਣ ਗਏ। ਗੁਰੂ ਨਾਨਕ (ਬਾਬੇ) ਦੀ ਕੁੱਲ ਵਿਚੋਂ ਨਿਰਲੇਪ ਕੰਵਲ, ਸ੍ਰੀ ਗੁਰੂ ਰਾਮਦਾਸ ਜੀ ਪ੍ਰਗਟ ਹੋਏ :
 ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ। ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜ ਸੋਤਾ। ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ। ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ। ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ॥ ਮਿਲਿਆ ਮੂਲਿ ਨ ਵਿਛੁੜੈ ਰਤਨ ਪਦਾਰਥ ਹਾਰੁ ਪਰੋਤਾ॥ ਮੈਲਾ ਕਦੇ ਨ ਹੋਵਈ ਗੁਰ ਸਰਵਰਿ ਨਿਰਮਲ ਜਲ ਧੋਤਾ॥ ਬਾਬਾਣੈ ਕੁਲਿ ਕਵਲੁ ਅਛੋਤਾ॥           (ਭਾਈ ਗੁਰਦਾਸ ਜੀ : ਵਾਰ 24:15)
    ਸ੍ਰੀ ਗੁਰੂ ਰਾਮਦਾਸ ਜੀ 25 ਅੱਸੂ ਸੰਮਤ 1591 ਨੂੰ ਪਿਤਾ ਸ੍ਰੀ ਹਰਿਦਾਸ ਸੋਢੀ ਅਤੇ ਮਾਤਾ ਅਨੂਪ ਦੇਵੀ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਰੱਬੀ ਬਖਸ਼ਿਸ਼ ਸਦਕਾ ਆਪ ਜੀ ਦੇ ਗ੍ਰਹਿ ਵਿਖੇ ਤਿੰਨ ਪੁੱਤਰ ਹੋਏ। ਬਾਬਾ ਪਿ੍ਰਥੀ ਚੰਦ ਜੀ, ਬਾਬਾ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ। ਇਨ੍ਹਾਂ ਵਿਚੋਂ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਦੁਆਰਾ ਦਰਸਾਏ ਗੁਰਮਤਿ ਮਾਰਗ ਦੇ ਅਸਲ ਪਾਂਧੀ ਬਣੇ ਅਤੇ ਪੰਜਵੇਂ ਗੁਰੂ ਜੀ ਦੇ ਰੂਪ ਵਿਚ ਗੁਰਗੱਦੀ ’ਤੇ ਸੁਭਾਇਮਾਨ ਹੋਏ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਵਿਚ ਉਹ ਸਾਰੇ ਗੁਣ ਵੇਖੇ ਜੋ ਗੁਰਮਤਿ ਦੀ ਕਸਵੱਟੀ ਅਨੁਸਾਰ ਲੋੜੀਂਦੇ ਸਨ। ਗੁਰੂ ਅਮਰਦਾਸ ਜੀ ਨੇ (91 ਸਾਲ ਦੀ ਉਮਰ ਵਿਚ) ਜਦੋਂ ਰੱਬੀ ਹੁਕਮ ਅਨੁਸਾਰ, ਦੇਹ ਛੱਡਣੀ ਚਾਹੀ ਤਾਂ ਉਨ੍ਹਾਂ ਨੇ ਭਾਈ ਜੇਠਾ ਜੀ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਜਿਨ੍ਹਾਂ ਦੀ ਉਮਰ ਉਸ ਵੇਲੇ 40 ਸਾਲਾਂ ਦੀ ਸੀ, ਨੂੰ ਗੁਰਗੱਦੀ ਦੇ ਯੋਗ ਸਮਝ ਕੇ ਪੁੱਤਰਾਂ, ਗੁਰਸਿੱਖਾਂ ਅਤੇ ਸੰਗਤਾਂ ਦੀ ਹਾਜਰੀ ਵਿਚ ਆਪਣੀ ‘ਗੁਰਜੋਤਿ’ ਉਨ੍ਹਾਂ ਵਿਚ ਰੱਖ ਦਿੱਤੀ ਤੇ ਸਿਰ ਝੁਕਾ ਕੇ ਮੱਥਾ ਟੇਕ ਦਿੱਤਾ। ਇੰਝ ਭਾਈ ਜੇਠਾ ਜੀ (ਪ੍ਰਚੱਲਿਤ ਨਾਂ), ਗੁਰਗੱਦੀ ਪ੍ਰਾਪਤ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ, ਛਤਰ ਸਿੰਘਾਸਨ ਦੇ ਮਾਲਕ ਬਣ ਗਏ। ਉਸਦੇ ਅੱਗੇ ਤਾਂ ਕੇਵਲ ਅਰਦਾਸ ਕਰਨੀ ਹੀ ਬਣਦੀ ਹੈ।
ਹਮ ਅਵਗਣੁ ਭਰੇ ਏਕੁ ਗੁਣੁ ਨਾਹੀ ਅਮਿ੍ਰਤੁ ਛਾਡਿ ਬਿਖੈ ਬਿਖ ਖਾਹੀ॥ ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤੁ ਲਗਾਈ....॥ ਇਕੁ ਉਤਮੁ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥ ਇਕੁ ਅਰਦਾਸ ਭਾਟੁ ਕੀਰਤੁ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥ (ਅੰਗ 1406)
  ਡਾ. ਰਛਪਾਲ ਸਿੰਘ