ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਰਤੀ ਵਿਵਸਥਾ ਘੱਟ ਗਿਣਤੀਆਂ ਨੂੰ ਨਿਆਂ ਦੇਣ ’ਚ ਅਸਮਰੱਥ


ਭਾਰਤੀ ਲੋਕਤੰਤਰ ਵਿਚ 100 ਸਿਫ਼ਤਾਂ ਹਨ। ਇਥੇ ਕੋਈ ਘੱਟ ਗਿਣਤੀਆਂ ਵਿਚੋਂ ਰਾਸ਼ਟਰਪਤੀ ਬਣ ਸਕਦਾ ਹੈ, ਪ੍ਰਧਾਨ ਮੰਤਰੀ ਬਣ ਸਕਦਾ ਹੈ, ਪਰ ਸਭ ਤੋਂ ਵੱਡੀ ਊਣਤਾਈ ਇਹ ਹੈ ਕਿ ਜਦੋਂ ਘੱਟ ਗਿਣਤੀਆਂ ਨਾਲ ਬਹੁ ਗਿਣਤੀਆਂ ਵੱਲੋਂ ਧੱਕਾ ਜਾਂ ਅਨਿਆਂ ਕੀਤਾ ਜਾਂਦਾ ਹੈ ਤਾਂ ਉਦੋਂ ਘੱਟ ਗਿਣਤੀਆਂ ਨੂੰ ਅਜਿਹਾ ਜਾਪਦਾ ਹੈ ਕਿ ਲੋਕਤੰਤਰ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕਾ ਹੈ।
    ਭਾਰਤ ਵਿਚ ਹਿੰਦੂ ਬਹੁ ਗਿਣਤੀ ਵਿਚ ਹਨ। ਮੁਸਲਮਾਨ, ਸਿੱਖ ਅਤੇ ਇਸਾਈ ਘੱਟ ਗਿਣਤੀ ਵਿਚ ਹਨ। ਜਦੋਂ ਜਦੋਂ ਕਦੇ ਕਿਸੇ ਘਟਨਾ ਨੂੰ ਲੈ ਕੇ ਹਿੰਦੂ ਬਹੁ ਗਿਣਤੀ ਨੇ ਘੱਟ ਗਿਣਤੀਆਂ ’ਤੇ ਜ਼ੁਲਮ ਕੀਤੇ ਹਨ ਉਦੋਂ ਉਦੋਂ ਘੱਟ ਗਿਣਤੀਆਂ ਨਿਆਂ ਨੂੰ ਤਰਸ ਹੀ ਜਾਂਦੀਆਂ ਹਨ, ਇਸ ਦੀਆਂ ਵੱਡੀਆਂ ਮਿਸਾਲਾਂ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਿੱਖਾਂ ਦੇ ਹੋਏ ਕਤਲੇਆਮ ਅਤੇ ਗੋਧਰਾ ਕਾਂਡ ਮਗਰੋਂ ਗੁਜਰਾਤ ਵਿਚ ਹੋਏ ਮੁਸਲਿਮ ਵਿਰੋਧੀ ਦੰਗੇ ਹਨ। ਇਸੇ ਤਰ੍ਹਾਂ ਇਸਾਈਆਂ ਨਾਲ ਵੀ ਕਈ ਥਾਵਾਂ ’ਤੇ ਧੱਕੇ ਹੋਣ ਦੀਆਂ ਖ਼ਬਰਾਂ ਅਕਸਰ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।
    ਸ੍ਰੀਮਤੀ ਗਾਂਧੀ ਦੇ 31 ਅਕਤੂਬਰ 1984 ਨੂੰ ਹੋਏ ਕਤਲ ਮਗਰੋਂ ਇਕ ਯੋਜਨਾਬੱਧ ਢੰਗ ਨਾਲ ਸਿੱਖਾਂ ਨੂੰ ਲੱਭ ਲੱਭ ਕੇ ਮਾਰਿਆ ਗਿਆ। ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ। ਸਿੱਖਾਂ ਦੇ ਕਤਲ ਦੰਗਾਈਆਂ ਨੇ ਬਿਨਾਂ ਕਿਸੇ ਸ਼ਹਿ ਤੋਂ ਨਹੀਂ ਕੀਤੇ। ਉਨ੍ਹਾਂ ਨੂੰ ਕਾਂਗਰਸੀ ਲੀਡਰਾਂ ਨੇ ਉਕਸਾਇਆ ਅਤੇ ਦੰਗਾਈਆਂ ਨੂੰ ਹੱਲ੍ਹਾ ਸ਼ੇਰੀ ਦਿੱਤੀ। ਉਨ੍ਹਾਂ ਕਾਂਗਰਸੀ ਲੀਡਰਾਂ ਵਿਚ ਜਿਹੜੇ ਪ੍ਰਮੁੱਖ ਲੀਡਰਾਂ ਦੇ ਨਾਮ ਆਉਂਦੇ ਹਨ ਉਨ੍ਹਾਂ ਵਿਚ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਐਚ. ਕੇ. ਐਲ. ਭਗਤ, ਲਲਿਤ ਮਾਕਨ, ਕਮਲ ਨਾਥ, ਸ਼ਾਮ ਤਿਆਗੀ, ਰੂਪ ਤਿਆਗੀ, ਬਲਵਾਨ ਖੋਖਰ, ਸ਼ੰਕਰ ਲਾਲ ਸ਼ਰਮਾ, ਬ੍ਰਹਮਾਨੰਦ ਗੁਪਤਾ ਆਦਿ ਦੇ ਨਾਮ ਸ਼ਾਮਲ ਹਨ। ਜਿਹੜੇ ਛੋਟੇ ਨੇਤਾਵਾਂ ਨੇ ਸਿੱਖਾਂ, ਉਨ੍ਹਾਂ ਦੇ ਬੱਚਿਆਂ ਦੇ ਕਤਲ ਕੀਤੇ ਉਨ੍ਹਾਂ ਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੈ ਅਤੇ ਉਨ੍ਹਾਂ ਦਾ ਨਾਮ ਕਿਸੇ ਲਿਸਟ ਵਿਚ ਨਹੀਂ ਆਉਂਦਾ। ਵੱਡੇ ਲੀਡਰਾਂ ਨੇ ਦੰਗਾਕਾਰੀਆਂ ਨੂੰ ਸ਼ਰੇਆਮ ਹਥਿਆਰ ਵੰਡੇ, ਪੈਸੇ ਦਿੱਤੇ, ਮਿੱਟੀ ਦਾ ਤੇਲ ਮੁਹੱਈਆ ਕਰਵਾਇਆ ਅਤੇ ਸਿੱਖਾਂ ਨੂੰ ਫੂਕਣ ਲਈ ਟਾਇਰਾਂ ਦੀ ਕਮੀ ਨਹੀਂ ਹੋਣ ਦਿੱਤੀ। ਵੱਧ ਕਤਲ ਕਰਨ ਵਾਲਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਿੱਖਾਂ ਨੂੰ ਆਮ ਲੋਕਾਂ ਵਿਚੋਂ ਲੱਭਣ ਲਈ ਵੋਟਰ ਲਿਸਟਾਂ ਅਤੇ ਰਾਸ਼ਨ ਡਿਪੂਆਂ ਦੇ ਦਸਤਾਵੇਜ਼ਾਂ ਦੀ ਖੁੱਲ੍ਹ ਕੇ ਵਰਤੋਂ ਹੋਈ। ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਇਹ ਯੋਜਨਾਬੱਧ ਢੰਗ ਨਾਲ ਕੀਤੀ ਗਈ ਕਾਰਵਾਈ ਨਹੀਂ ਸੀ ਤਾਂ ਫਿਰ ਕੀ ਸੀ? ਪਰ ਕਾਂਗਰਸ ਇਸ ਉਤੇ ਸ਼ਰੇਆਮ ਝੂਠ ਬੋਲਦੀ ਆ ਰਹੀ ਹੈ ਕਿ ਇਹ ਤਾਂ ਸਿਰਫ਼ ਆਮ ਲੋਕਾਂ ਦਾ ਗੁੱਸਾ ਸੀ। ਸਵਰਗੀ ਰਾਜੀਵ ਗਾਂਧੀ ਨੂੰ ਤਾਂ ਸਿਰਫ਼ ਇਹ ਹੀ ਲੱਗਿਆ ਕਿ ਵੱਡਾ ਦਰਖ਼ਤ ਡਿੱਗਣ ਕਾਰਨ ਧਰਤੀ ਹਿਲਣੀ ਸੁਭਾਵਿਕ ਸੀ, ਜਿਸ ਦਾ ਖਮਿਆਜ਼ਾ ਬਦਕਿਸਮਤੀ ਨਾਲ ਸਿੱਖਾਂ ਨੂੰ ਭੁਗਤਣਾ ਪਿਆ।
    ਸਿੱਖਾਂ ਦੇ ਕਤਲੇਆਮ ਮਗਰੋਂ ਜੋ ਕਾਲਾ ਅਧਿਆਏ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ 27 ਸਾਲ ਮਗਰੋਂ ਵੀ ਕਤਲੇਆਮ ਪੀੜਤ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ। ਇਸ ਕਤਲੇਆਮ ਦੀ ਜਾਂਚ ਲਈ ਲਗਭਗ 10 ਕਮੇਟੀਆਂ ਜਾਂ ਕਮਿਸ਼ਨ ਸਥਾਪਤ ਕੀਤੇ ਗਏ। ਪਹਿਲਾਂ ਤਾਂ ਜਾਂਚ ਹੀ ਕਈ ਕਈ ਸਾਲ ਚਲਦੀ ਰਹੀ ਅਤੇ ਉਦੋਂ ਤੱਕ ਬਹੁਤੇ ਸਬੂਤ ਜਾਂ ਤਾਂ ਮਿੱਟ ਗਏ ਅਤੇ ਜਾਂ ਮਿਟਾ ਦਿੱਤੇ ਗਏ। ਹਾਲੇ ਤੱਕ ਕਿਸੇ ਵੀ ਪ੍ਰਮੁੱਖ ਕਾਂਗਰਸੀ ਲੀਡਰ ਨੂੰ ਸਜ਼ਾ ਨਹੀਂ ਹੋਈ ਇਨ੍ਹਾਂ ਦੋਸ਼ੀਆਂ ਖਿਲਾਫ਼ ਨਾ ਤਾਂ ਕਾਨੂੰਨ ਵੱਲੋਂ ਕੋਈ ਕਾਰਵਾਈ ਅਤੇ ਨਾ ਹੀ ਕਾਂਗਰਸ ਪਾਰਟੀ ਵੱਲੋਂ। ਪਾਰਟੀ ਨੇਤਾ ਉਨ੍ਹਾਂ ਨੂੰ ਮੰਤਰੀਆਂ ਤੱਕ ਦੇ ਅਹੁਦੇ ਦੇ ਦਿੱਤੇ ਇਹ ਤਾਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸਿੱਖਾਂ ਦੇ ਰੋਹ ਨੂੰ ਦੇਖਦੇ ਹੋਇਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦਾ ਟਿਕਟ ਕੱਟਿਆ ਨਹੀਂ ਤਾਂ ਇਸ ਵਾਰ ਫਿਰ ਇਨ੍ਹਾਂ ਦੋਹਾਂ ਨੇ ਮੰਤਰੀ ਹੋਣਾ ਸੀ। ਇਸ ਕਤਲੇਆਮ ਦੇ ਮਾਮਲੇ ਵਿਚ ਸਿੱਖ ਇੰਨੇ ਬੇਵੱਸ ਹਨ ਕਿ ਉਹ ਪਿਛਲੇ 27 ਸਾਲਾਂ ਤੋਂ ਕਦੇ ਪਾਰਲੀਮੈਂਟ ਅੱਗੇ ਧਰਨਾ ਦਿੰਦੇ ਹਨ, ਕਦੇ ਯਾਦ ਪੱਤਰ ਦਿੰਦੇ ਹਨ ਕਦੇ ਰਾਸ਼ਟਰਪਤੀ ਨੂੰ ਮਿਲਦੇ ਹਨ, ਕਦੇ ਪ੍ਰਧਾਨ ਮੰਤਰੀ ਨਿਵਾਸ ਸਥਾਨ ਅੱਗੇ ਧਰਨਾ ਦਿੰਦੇ ਹਨ ਪਰ ਪੱਲ੍ਹੇ ਪੈਂਦੀ ਹੈ ਸਿਰਫ਼ ਨਾਮੋਸ਼ੀ। ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸਨ ਅਤੇ ਹੁਣ ਪਿਛਲੇ 7 ਸਾਲਾਂ ਤੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਇੱਕ ਸਿੱਖ ਹਨ। ਭਾਵੇਂ ਦੋਨੋਂ ਸਿੱਖ ਹਨ ਪਰ ਸਿੱਖਾਂ ਲਈ ਇਨ੍ਹਾਂ ਦੋਹਾਂ ਨੇ ਹੀ ਕੋਈ ਹੰਭਲਾ ਨਹੀਂ ਮਾਰਿਆ। ਹੋ ਸਕਦਾ ਹੈ ਕਿ ਕਦੇ ਗਿਆਨੀ ਜ਼ੈਲ ਸਿੰਘ ਦਾ ਮਨ ਵੀ ਚਾਹਿਆ ਹੋਵੇ ਅਤੇ ਹੁਣ ਡਾ. ਮਨਮੋਹਨ ਸਿੰਘ ਵੀ ਚਾਹੁੰਦੇ ਹੋਣ ਕਿ ਸਿੱਖਾਂ ਨਾਲ ਨਿਆਂ ਹੋਵੇ ਪਰ ਇਹ ਲੀਡਰ ਵੀ ਸਿਸਟਮ ਅੱਗੇ ਬੇਵੱਸ ਹੋ ਕੇ ਰਹਿ ਜਾਂਦੇ ਹਨ।
    ਗੁਜਰਾਤ ਵਿਚ ਮੁਸਲਮਾਨਾਂ ਖਿਲਾਫ ਜਿਹੜਾ ਹਿੰਦੂ ਗੁੱਸਾ ਬਾਹਰ ਆਇਆ ਉਸ ਵਿਚ ਅਣਗਿਣਤ ਮੁਸਲਮਾਨ ਮਾਰੇ ਗਏ। ਇਹ ਦੰਗੇ ਵੀ ਯੋਜਨਾਬੱਧ ਢੰਗ ਨਾਲ ਵਾਪਰੇ। ਮੋਦੀ ਸਰਕਾਰ ਭਾਵੇਂ ਆਪਣੇ ਆਪ ਨੂੰ ਨਿਰਦੋਸ਼ ਦੱਸਦੀ ਰਹੀ ਹੈ ਪਰ ਉਸ ਨੇ ਸੂਬੇ ਦੀ ਵਿਵਸਥਾ ਨੂੰ ਇਸ ਪ੍ਰਕਾਰ ਰੋਕਿਆ ਕਿ ਹਿੰਦੂਆਂ ਨੂੰ ਆਪਣਾ ਪੂਰਾ ਗੁੱਸਾ ਕੱਢਣ ਦਾ ਮੌਕਾ ਮਿਲਿਆ। ਦੰਗਿਆਂ ਮਗਰੋਂ ਉਹੀ ਜਾਂਚ ਕਮੇਟੀਆਂ ਅਤੇ ਕਮਿਸ਼ਨ ਬਣੇ ਪਰ ਸਜ਼ਾ ਕਿਸੇ ਨੂੰ ਨਹੀਂ ਮਿਲੀ। ਹਾਂ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲ ਗਈ, ਪਰ ਮੁਸਲਮਾਨ ਨਿਆਂ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਅਜੇ ਵੀ ਮਜ਼ਬੂਰ ਹਨ। ਦਿਲਚਸਪ ਗੱਲ ਇਹ ਹੈ ਕਿ ਸਾਡੀਆਂ ਉਚੀਆਂ ਅਦਾਲਤਾਂ ਅਖ਼ਬਾਰਾਂ ਦੀਆਂ ਕਟਿੰਗਾਂ ਦੇ ਆਧਾਰ ’ਤੇ ਤਾਜ ਮਹਿਲ ਦੇ ਪ੍ਰਦੂਸ਼ਣ ਬਾਰੇ ਤਾਂ ਚਿੰਤਤ ਹੋ ਜਾਂਦੀਆਂ ਹਨ ਅਤੇ ਸਰਕਾਰਾਂ ਤੋਂ ਜੁਆਬ ਮੰਗ ਲੈਂਦੀਆਂ ਹਨ ਪਰ ਉਨ੍ਹਾਂ ਨੇ ਕਦੇ ਸਿੱਖਾਂ ਨੂੰ ਨਿਆਂ ਕਿਉਂ ਨਹੀਂ ਮਿਲਿਆ, ਸਿੱਖ ਕਿਉਂ ਅੰਦੋਲਨ ਕਰ ਰਹੇ ਹਨ, ਦੇ ਸਬੰਧ ਵਿਚ ਸਰਕਾਰਾਂ ਦੀ ਖਿਚਾਈ ਨਹੀਂ ਕੀਤੀ। ਇਹ ਭਾਰਤ ਦੀ ਪੂਰੀ ਵਿਵਸਥਾ ਅਤੇ ਨਿਆਂ ਵਿਵਸਥਾ ਦਾ ਨਾਂਹ ਪੱਖੀ ਪਹਿਲੂ ਹੈ ਕਿ ਇਥੇ ਘੱਟ ਗਿਣਤੀਆਂ ਨਾਲ ਹੁੰਦੇ ਅਨਿਆਂ ਸਮੇਂ ਸਾਰਾ ਪ੍ਰਬੰਧ ਹੀ ਅਪੰਗ ਹੋ ਕੇ ਰਹਿ ਜਾਂਦਾ ਹੈ।
ਦਰਸ਼ਨ ਸਿੰਘ ਦਰਸ਼ਕ
98555-08918