ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਚੜ੍ਹਦੀ ਕਲਾ ਦਾ ਮੁਜੱਸਮਾ : ਮਾਤਾ ਗੁਰਨਾਮ ਕੌਰ


ਮਾਤਾ ਗੁਰਨਾਮ ਕੌਰ ਦੇ ਸਰੀਰਕ ਵਿਛੋੜੇ ਨਾਲ ਜਿਉਂਦੇ ਜਾਗਦੇ ਇਤਿਹਾਸ ਦਾ ਇਕ ਸੁਨਹਿਰੀ ਵਰਕਾ ਅਲੋਪ ਹੋ ਗਿਆ। ਇਸ ਦੇ ਨਾਲ ਹੀ ਉਹ ਸ਼ਹੀਦ ਵੀਰ ਹਰਜਿੰਦਰ ਸਿੰਘ ਜਿੰਦਾ ਵੀ ਸਾਡੀਆਂ ਯਾਦਾਂ ਵਿਚ ਉਤਰ ਆਇਆ ਜਿਸ ਨੇ ਇਸ ਬਹਾਦਰ ਮਾਂ ਦੀ ਕੁੱਖ਼ ਤੋਂ ਜਨਮ ਲਿਆ ਸੀ। ਜਦੋਂ ਹਰਜਿੰਦਰ ਸਿੰਘ ਜਿੰਦੇ ਦੀ ਯਾਦ ਆਉਂਦੀ ਹੈ ਤਾਂ ਆਪਣੇ ਆਪ ਹੀ ਦੂਜੇ ਸ਼ਹੀਦ ਵੀਰ ਸੁਖਦੇਵ ਸਿੰਘ ਸੁੱਖਾ ਨਾਲ ਖਲੋਤਾ ਨਜ਼ਰ ਆ ਜਾਂਦਾ ਹੈ, ਜਿਵੇਂ ਦੋ ਜਿਸਮ ਇਕ ਰੂਹ ਹੋਣ।
    ਮੈਨੂੰ ਸ਼ਹੀਦ ਭਗਤ ਸਿੰਘ ਦੀ ਮਾਂ ਨਾਲ ਵੀ ਦੋ ਤਿੰਨ ਵਾਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਪਰ ਜਦੋਂ ਮੈਂ ਇਨ੍ਹਾਂ ਦੋਵਾਂ ਵੀਰਾਂ ਦੀਆਂ ਮਾਵਾਂ ਨੂੰ ਮਿਲਿਆ ਹਾਂ ਤਾਂ ਸੱਚੀ ਮੁੱਚੀ ਕੁਝ ਪਲਾਂ ਲਈ ਤੁਹਾਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਤੁਹਾਡੇ ਅੰਦਰ ਪੰਥਕ ਜਜ਼ਬਿਆਂ ਦਾ ਇਕ ਹੜ੍ਹ ਆ ਗਿਆ ਹੋਵੇ। ਇਉਂ ਲਗਦਾ ਹੈ ਜਿਵੇਂ ਖਾਲਸਾ ਪੰਥ ਦਾ ਦਰਦ ਭਰਿਆ ਇਤਿਹਾਸ ਤੁਹਾਡੇ ਸਾਹਮਣੇ ਪ੍ਰਤੱਖ ਹੋ ਗਿਆ ਹੋਵੇ ਅਤੇ ਇਹ ਦੋਵੇਂ ਮਾਵਾਂ ਉਸ ਸ਼ਾਨਾਮੱਤੇ ਇਤਿਹਾਸ ਦੀਆਂ ਚਸ਼ਮਦੀਦ ਗਵਾਹ ਹੋਣ। ਉਨ੍ਹਾਂ ਅਨਮੋਲ ਘੜੀਆਂ ਵਿਚ ਤੁਸੀਂ ਆਪਣੀਆਂ ਅੱਖਾਂ ਵਿਚ ਆਏ ਹੰਝੂਆਂ ਨੂੰ ਰੋਕਣਾ ਵੀ ਚਾਹੋ ਤਾਂ ਰੋਕ ਨਹੀਂ ਸਕੋਗੇ। ਸ਼ਹੀਦ ਸੁੱਖੇ ਵੀਰ ਦੀ ਮਾਤਾ ਸੁਰਜੀਤ ਕੌਰ ਨਾਲ ਕੀਤੀ ਮੁਲਾਕਾਤ ਦਾ ਜ਼ਿਕਰ ਕਦੇ ਫਿਰ ਕਰਾਂਗੇ। ਅੱਜ ਮਾਤਾ ਗੁਰਨਾਮ ਕੌਰ ਦੀਆਂ ਯਾਦਾਂ ਤਾਜ਼ਾ ਕਰਨੀਆਂ ਹਨ ਜੋ ਤਿੰਨ ਦਸੰਬਰ 2011 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਸਾਥੋਂ ਸਦਾ ਲਈ ਵਿਛੜ ਗਏ ਹਨ।
    ਮਾਤਾ ਗੁਰਨਾਮ ਕੌਰ ਦਿ੍ਰੜ੍ਹ ਇਰਾਦੇ ਵਾਲੀ ਪਰ ਕੋਮਲ ਜਜ਼ਬਿਆਂ ਨਾਲ ਲਬਾਲਬ ਭਰੀ ਇਕ ਅਜਿਹੀ ਇਸਤਰੀ ਸੀ ਜਿਸ ਨੂੰ ਮਿਲ ਕੇ ਤੁਹਾਡੇ ਤਨ ਤੇ ਮਨ ਨੂੰ ਠੰਢ ਨਸੀਬ ਹੁੰਦੀ ਸੀ। ਮਾਂਵਾਂ ਸੱਚਮੁਚ ਹੀ ਠੰਢੀਆਂ ਛਾਵਾਂ ਹੁੰਦੀਆਂ ਹਨ, ਪਰ ਇਹ ਮਾਂ ਘਣੀ ਸੰਘਣੀ ਛਾਂ ਦਾ ਉਹ ਬੂਟਾ ਸੀ, ਜਿਸ ਦਾ ਪ੍ਰਛਾਵਾਂ ਦੂਰ ਤੱਕ ਜਾਂਦਾ ਸੀ।
    ਜੁਝਾਰੂ ਲਹਿਰ ਅਸਲ ਵਿਚ 18ਵੀਂ ਸਦੀ ਦੇ ਪੁਰਾਤਨ ਸ਼ਹੀਦਾਂ ਦਾ ਇਤਿਹਾਸ ਹੀ ਸੀ, ਜਿਸ ਨੇ 20ਵੀਂ ਸਦੀ ਦੇ ਆਖ਼ਰੀ ਦਹਾਕਿਆਂ ਵਿਚ ਮੁੜ ਜਨਮ ਲੈ ਲਿਆ ਸੀ। ਇਸ ਵਿਚ ਪੁਲਿਸ ਤੇ ਫੌਜ ਦਾ ਤਸ਼ੱਦਦ ਤੇ ਅਤਿਆਚਾਰ ਵੀ ਇਕ ਹਨੇਰੀ ਵਾਂਗ ਝੁੱਲਿਆ। ਇਸ ਜ਼ੁਲਮ ਦੇ ਵਾਰ ਗਦਲੀ ਪਿੰਡ ਦੇ ਇਸ ਪਰਿਵਾਰ ਨੇ ਵੀ ਆਪਣੇ ਪਿੰਡੇ ’ਤੇ ਝੱਲੇ। ਹਰਜਿੰਦਰ ਸਿੰਘ ਜਿੰਦਾ ਫਾਂਸੀ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਪੁਲਿਸ ਦੇ ਲਗਤਾਰ ਛਾਪੇ ਪਰਿਵਾਰ ਨੂੰ ਲੁਕ ਛਿਪ ਕੇ ਦਿਨ ਕੱਟਣ ਲਈ ਮਜ਼ਬੂਰ ਕਰ ਰਹੇ ਸਨ। ਲਹਿਲਹਾਉਂਦੀਆਂ ਫ਼ਸਲਾਂ ’ਤੇ ਟਰੈਕਟਰ ਚਲਾ ਕੇ ਬਰਬਾਦ ਕਰ ਦਿੱਤੀਆਂ ਜਾਂਦੀਆਂ ਸਨ ਅਤੇ ਘਰ ਵੀ ਇਕ ਤਰ੍ਹਾਂ ਨਾਲ ਖਾਲੀ ਕਰਾ ਲਿਆ ਜਾਂਦਾ ਸੀ।
    ਔਕੜਾਂ ਤੇ ਮੁਸੀਬਤਾਂ ਨਾਲ ਭਰੀ ਇਸ ਜ਼ਿੰਦਗੀ ਵਿਚ ਵੀ ਇਹ ਮਾਤਾ ਗੁਰਨਾਮ ਕੌਰ ਹੀ ਸੀ, ਜਿਸ ਦੀ ਹਿੰਮਤ ਤੇ ਹੌਸਲਾ ਕਾਇਮ ਰਿਹਾ ਅਤੇ ਜੋ ਆਪਣੇ ਪੁੱਤਰ ਦੀ ਸ਼ਹਾਦਤ ’ਤੇ ਸਦਾ ਹੀ ਮਾਣ ਕਰਦੀ ਰਹੀ। ਹੁਣ ਵੀ ਜਦੋਂ ਕਦੇ ਕਿਸੇ ਸ਼ਹੀਦ ਨੌਜਵਾਨ ਦੀ ਬਰਸੀ ਮਨਾਈ ਜਾਂਦੀ ਤਾਂ 82-83 ਵਰ੍ਹਿਆਂ ਦੀ ਇਹ ਮਾਂ ਬੱਸਾਂ ਵਿਚ ਸਫ਼ਰ ਕਰਦੀ ਸਮਾਗਮ ਵਿਚ ਪਹੁੰਚ ਜਾਂਦੀ। ਉਸ ਨੂੰ ਇਹ ਸਾਰੇ ਨੌਜਵਾਨ ਆਪਣੇ ਪੁੱਤਰ ਹੀ ਲਗਦੇ। ਇਨ੍ਹਾਂ ਕਈ ਸਮਾਗਮਾਂ ਵਿਚ ਮੈਨੂੰ ਮਾਤਾ ਗੁਰਨਾਮ ਕੌਰ ਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ। ਉਨ੍ਹਾਂ ਦਾ ਚਿਹਰਾ ਹਸਮੁਖ ਸੀ ਅਤੇ ਉਹ ਸੱਚੀਂ ਮੁੱਚੀਂ ਹੀ ਚੜ੍ਹਦੀ ਕਲਾ ਦੀ ਇਕ ਜਿਉਂਦੀ ਜਾਗਦੀ ਤੇ ਤੁਰਦੀ ਫਿਰਦੀ ਪ੍ਰਤੱਖ ਮਿਸਾਲ ਸੀ। ਉਸ ਨੂੰ ਮਿਲ ਕੇ ਆਪਣੇ ਪੰਥ ’ਤੇ ਗੁੱਸਾ ਗਿਲਾ ਤੇ ਰੋਸ ਵੀ ਆਉਂਦਾ ਸੀ, ਜਿਸ ਨੇ ਦੁਨਿਆਵੀ ਰੁਝੇਵਿਆਂ ਵਿਚ ਉਨ੍ਹਾਂ ਨੌਜਵਾਨਾਂ ਨੂੰ ਭੁਲਾ ਦਿੱਤਾ ਸੀ, ਜਿਹੜੇ ਦਰਬਾਰ ਸਾਹਿਬ ’ਤੇ ਹੋਏ ਫੌਜੀ ਹਮਲੇ ਪਿੱਛੋਂ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਘਰ ਸਦਾ ਲਈ ਛੱਡ ਕੇ ਆਜ਼ਾਦੀ ਲਈ ਕੁਰਬਾਨ ਹੋ ਗਏ। ਅਸੀਂ ਇਹੋ ਜਿਹੀਆਂ ਇਤਿਹਾਸਕ ਮਾਵਾਂ ਨੂੰ ਸੰਭਾਲ ਕੇ ਨਹੀਂ ਰੱਖ ਸਕੇ ਅਤੇ ਉਹ ਸਨਮਾਨ ਨਹੀਂ ਦੇ ਸਕੇ ਜਿਸ ਦੀਆਂ ਉਹ ਹੱਕਦਾਰ ਸਨ। ਉਨ੍ਹਾਂ ਕੋਲ ਆਪਣੇ ਬੱਚਿਆਂ ਦੀਆਂ ਇਤਿਹਾਸਕ ਯਾਦਾਂ ਦਾ ਕੀਮਤੀ ਖਜ਼ਾਨਾ ਹੈ ਜੋ ਉਨ੍ਹਾਂ ਦੇ ਤੁਰ ਜਾਦ ਨਾਲ ਉਨ੍ਹਾਂ ਦੇ ਨਾਲ ਹੀ ਚਲਿਆ ਜਾ ਰਿਹਾ ਹੈ। ਇਕੀਵੀਂ ਸਦੀ ਵਿਚ ਜਦੋਂ ਸਾਡੇ ਕੋਲ ਇਤਿਹਾਸ ਨੂੰ ਸਾਂਭਣ ਦੇ ਅਨੇਕ ਸਾਧਨ ਤੇ ਵਸੀਲੇ ਹਨ, ਪਰ ਫਿਰ ਵੀ ਸਾਡੀ ਕੌਮ ਦੇ ਇਤਿਹਾਸਕਾਰ, ਬੁੱਧੀਜੀਵੀ ਤੇ ਵਿਦਵਾਨ ਅਵੇਸਲੇ ਕਿਉਂ ਹਨ, ਇਹ ਸਵਾਲ ਮਾਤਾ ਗੁਰਨਾਮ ਕੌਰ ਸਾਡੇ ਸਾਰਿਆਂ ਲਈ ਛੱਡ ਗਏ ਹਨ।
    ਇਹ ਠੀਕ ਹੈ ਕਿ ਅਸੀਂ ਅੱਜ ਡਿੱਗੇ ਹੋਏ ਪ੍ਰਤੀਤ ਹੁੰਦੇ ਹਾਂ, ਪਰ ਡਿੱਗਣਾ ਹਾਰ ਨਹੀਂ ਹੁੰਦੀ, ਸਗੋਂ ਡਿੱਗ ਕੇ ਉਠਣ ਤੋਂ ਇਨਕਾਰ ਕਰਨਾ ਹਾਰ ਹੁੰਦੀ ਹੈ। ਹਾਰਿਆਂ ਭਲਵਾਨ ਕਦੇ ਘੁਲਣਾ ਨਹੀਂ ਛੱਡ ਜਾਂਦਾ। ਜੁਝਾਰੂ ਲਹਿਰ ਵਿਚ ਹੋਏ ਮਹਾਨ ਕਾਰਨਾਮਿਆਂ ਅਤੇ ਕੁਰਬਾਨੀਆਂ ਦਾ ਇਤਿਹਾਸ ਸਾਨੂੰ ਖੁਦ ਲਿਖਣਾ ਪਵੇਗਾ। ਅਫ਼ਰੀਕਾ ਦੇ ਲੋਕਾਂ ਦੀ ਇਕ ਕਹਾਵਤ ਹੈ ਕਿ ਜਦੋਂ ਤੱਕ ਸ਼ੇਰਾਂ ਦੀ ਕੌਮ ਦੇ ਆਪਣੇ ਇਤਿਹਾਸਕਾਰ ਨਹੀਂ ਹੁੰਦੇ, ਉਦੋਂ ਤੱਕ ਸ਼ਿਕਾਰ ਦੀਆਂ ਕਹਾਣੀਆਂ ਤੇ ਸਾਖੀਆਂ ਵਿਚ ਸ਼ਿਕਾਰੀਆਂ ਦੀ ਹੀ ਮਹਿਮਾ ਹੁੰਦੀ ਰਹੇਗੀ। ਕੀ ਅਸੀਂ ਅੱਜ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਰਹੇ ਕਿ ਜ਼ਾਲਮਾਂ ਨੂੰ ਸਲਾਹਿਆ ਜਾ ਰਿਹਾ ਹੈ ਅਤੇ ਸਾਡੇ ਸ਼ਹੀਦਾਂ ਨੂੰ ਕਦੇ ਦਹਿਸ਼ਤਵਾਦ ਅਤੇ ਕਦੇ ਦਰਿੰਦੇ ਅਤੇ ਕਦੇ ਖਲਨਾਇਕ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਇਹ ਸਾਡੇ ਸੁਹਿਰਦ ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਲਈ ਇਕ ਚੁਣੌਤੀ ਹੈ। ਸਾਨੂੰ ਸਚਾਈ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।
    ਮੈਂ ਇਥੇ ਇਕ ਮਹਾਨ ਪਰ ਹੈਰਾਨ ਕਰ ਦੇਣ ਵਾਲਾ ਸੱਚ ਸੁਣਾਉਣਾ ਚਾਹੁੰਦਾ ਹਾਂ, ਜਿਸ ਨੂੰ ਸੁਣ ਕੇ ਸੁੱਖੇ ਜਿੰਦੇ ਦੀਆਂ ਮਾਵਾਂ ਨੂੰ ਤੁਸੀਂ ਸੁੱਤੇ ਸਿੱਧ ਹੀ ਪ੍ਰਣਾਮ ਕਰੋਗੇ। ਜਦੋਂ 9 ਅਕਤੂਬਰ 1992 ਨੂੰ ਦੋਵਾਂ ਨੌਜਵਾਨਾਂ ਨੂੰ ਫਾਂਸੀ ਲੱਗਣ ਤੋਂ ਪਿੱਛੋਂ ਉਨ੍ਹਾਂ ਦੀਆਂ ਦੇਹਾਂ, ਪੂਨੇ ਵਿਚ ਪੁੱਜੇ ਦੋਨੋਂ ਪਰਿਵਾਰਾਂ ਦੇ ਹਵਾਲੇ ਕੀਤੀਆਂ ਗਈਆਂ ਤਾਂ ਦੋਵੇਂ ਮਾਵਾਂ ਅਰਥਾਤ ਮਾਤਾ ਗੁਰਨਾਮ ਕੌਰ ਤੇ ਮਾਤਾ ਸੁਰਜੀਤ ਕੌਰ ਖੁਸ਼ੀ ਵਿਚ ਨੱਚੀਆਂ। ਸੁੱਖੇ ਜਿੰਦੇ ਦੀ ਇਹ ਹਦਾਇਤ ਸੀ ਕਿ ਅਸੀਂ ਮੌਤ ਰਾਣੀ ਨਾਲ ਵਿਆਹ ਕਰਾਉਣ ਚੱਲੇ ਹਾਂ ਤੇ ਤੁਸੀਂ ਇਸ ਖੁਸ਼ੀ ਵਿਚ ਨੱਚਣਾ ਹੈ। ਰਵਿੰਦਰ ਕੌਰ, ਜੋ ਇਨ੍ਹਾਂ ਦੋਵਾਂ ਵੀਰਾਂ ਨੂੰ ਜੇਲ੍ਹ ਵਿਚ ਚਿੱਠੀਆਂ ਭੇਜੀ ਰਹਿੰਦੀ ਸੀ, ਉਹ ਇਸ ਦਿ੍ਰਸ਼ ਦੀ ਚਸ਼ਮਦੀਦ ਗਵਾਹ ਹੈ। ਉਸ ਦਾ ਕਹਿਣਾ ਹੈ ਕਿ ਸਾਡੇ ਵਿਚੋਂ ਕਿਸੇ ਦੀਆਂ ਅੱਖਾਂ ਵਿਚ ਉਸ ਸਮੇਂ ਹੰਝੂ ਨਹੀਂ ਸੀ, ਸਗੋਂ ਉਥੇ ਪੁਲਿਸ ਤੇ ਜੇਲ੍ਹ ਦੇ ਮੁਲਾਜ਼ਮਾਂ ਦੀਆਂ ਅੱਖਾਂ ਇਸ ਅਨੋਖੇ ਦਿ੍ਰਸ਼ ਨੂੰ ਵੇਖ ਕੇ ਨਮ ਸਨ। ਜੁਝਾਰੂ ਲਹਿਰ ਬਾਰੇ ਇਕ ਫਿਲਮ ‘ਮਾਚਸ’ ਵਿਚ ਘਰੋਂ ਨਿਕਲੇ ਨੌਜਵਾਨ ਜਦੋਂ ਇਕ ਪਹਾੜੀ ਇਲਾਕੇ ਵਿਚ ‘ਚੱਪਾ ਚੱਪਾ ਚਰਖਾ ਚਲੇ’ ਦੇ ਗੀਤ ਦੀ ਤਾਲ ’ਤੇ ਖੁਸ਼ੀ ਵਿਚ ਭੰਗੜਾ ਪਾ ਰਹੇ ਸਨ ਤਾਂ ਇਹ ਇਕ ਤਰ੍ਹਾਂ ਨਾਲ ਉਹ ਗੱਭਰੂ ਮੌਤ ਦਾ ਜਸ਼ਨ ਮਨਾ ਰਹੇ ਸਨ, ਪਰ ਉਹ ਤਾਂ ਇਕ ਫਿਲਮ ਸੀ, ਲੇਕਿਨ ਜੋ ਦਿ੍ਰਸ਼ ਪੂਨੇ ਜੇਲ੍ਹ ਵਿਚ ਵੇਖਿਆ ਗਿਆ, ਉਸ ਤੋਂ ਇਨ੍ਹਾਂ ਮਾਵਾਂ ਨੇ ਸਿੱਧ ਕੀਤਾ ਕਿ ਸ਼ਹਾਦਤ ਤੋਂ ਬਿਨਾਂ ਜ਼ਿੰਦਗੀ ਦੇ ਸੁਹਾਵਣੇ ਮੇਲੇ ਜੁੜ ਨਹੀਂ ਸਕਦੇ। ਉਥੇ ਹੀ ਮਾਤਾ ਗੁਰਨਾਮ ਕੌਰ ਨੇ ਅਖ਼ਬਾਰਾਂ ਨੂੰ ਬਿਆਨ ਦਿੱਤਾ ਕਿ ਮੈਨੂੰ ਆਪਣੇ ਪੁੱਤਰ ’ਤੇ ਮਾਣ ਹੈ। ਜਿਸ ਨੇ ਆਪਣੀ ਕੌਮ ਲਈ ਸ਼ਹਾਦਤ ਦਿੱਤੀ। ਇਹੋ ਜਿਹੀਆਂ ਘੜੀਆਂ ਵਿਚ ਵੀ ਜਿਹੜੀ ਮਾਂ ਆਪਣੇ ਆਪ ਨੂੰ ਸੰਭਾਲ ਸਕੀ ਅਤੇ ਜਿਸ ਨੇ ਆਪਣੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਿਆ ਅਤੇ ਮੱਥੇ ’ਤੇ ਰਤਾ ਵੀ ਦੁੱਖ ਤੇ ਪੀੜਾ ਦੇ ਨਿਸ਼ਾਨ ਨਾ ਪੈਣ ਦਿੱਤੇ ਹੋਣ, ਉਸ ਮਾਂ ਨੂੰ ਸਚਮੁੱਚ ਹੀ ਗੁਰਬਾਣੀ ਦਾ ਆਸਰਾ ਸੀ। ਕੀ ਇਉਂ, ਨਹੀਂ ਲਗਦਾ ਜਿਵੇਂ ਜੁਝਾਰੂ ਲਹਿਰ ਦਾ ਸਾਰਾ ਦਰਦ ਤੇ ਉਸ ਲਹਿਰ ਦੀ ਰੂਹ ਇਸ ਮਾਤਾ ਵਿਚ ਸਾਕਾਰ ਹੋ ਗਈ ਹੋਵੇ।
    ਮਾਤਾ ਗੁਰਨਾਮ ਕੌਰ ਉਨ੍ਹਾਂ ਦਾਨੀ ਤੇ ਵਿਸ਼ਾਲ ਦਰਿਆ ਵਾਲੀਆਂ ਮਾਵਾਂ ਵਿਚੋਂ ਇਕ ਸੀ, ਜਿਹੜੀਆਂ ਘਰ ਆਏ ਮਹਿਮਾਨਾਂ ਨੂੰ ਪ੍ਰਮਾਤਮਾ ਵੱਲੋਂ ਭੇਜਿਆ ਤੋਹਫ਼ਾ ਸਮਝਦੀਆਂ ਹਨ। ਉਨ੍ਹਾਂ ਮਹਿਮਾਨਾਂ ਦੀ ਸੇਵਾ ਕਰਨੀ ਮਾਤਾ ਆਪਣਾ ਪਵਿੱਤਰ ਫਰਜ਼ ਸਮਝਦੀ ਸੀ। ਉਹ ਸਹਿਜ ਸੁਭਾਅ ਹੀ ਗੁਰਬਾਣੀ ਨਾਲ ਜੁੜੀ ਰਹਿੰਦੀ। ਗੁਰ ਇਤਿਹਾਸ ਦੀ ਅਨੁਭਵ ਬਿਨਾ ਕਿਸੇ ਉਚੇਚ ਤੋਂ ਉਨ੍ਹਾਂ ਦੇ ਜਿਸਮੋ-ਰੂਹ ਵਿਚ ਉਤਰ ਗਿਆ ਸੀ। ਜ਼ਿੰਦਗੀ ਦੀਆਂ ਅੰਤਮ ਘੜੀਆਂ ਦਾ ਦਿ੍ਰਸ਼ ਵੀ ਦਸਦਾ ਹੈ ਕਿ ਇਸ ਮਾਤਾ ਵਿਚ ਰੱਬੀ ਗੁਣਾਂ ਦਾ ਖਜ਼ਾਨਾ ਸੀ ਜੋ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਸਮੇਂ ਉਸ ਦੇ ਅੰਗ ਸੰਗ ਸੀ। ਇਕ ਦਸੰਬਰ ਨੂੰ ਦਿਲ ਦਾ ਦੌਰਾ ਪੈਣ ਪਿੱਛੋਂ ਉਨ੍ਹਾਂ ਨੂੰ ਅੰਮਿ੍ਰਤਸਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੋ ਦਸੰਬਰ ਨੂੰ ਉਨ੍ਹਾਂ ਦੇ ਦਿਲ ਦਾ ਅਪ੍ਰੇਸ਼ਨ ਹੋਇਆ। ਉਹ ਬਿਲਕੁਲ ਠੀਕ ਠਾਕ ਸਨ ਅਤੇ ਆਪਣੇ ਪੁੱਤਰ ਨਿਰਭੈ ਸਿੰਘ ਅਤੇ ਆਪਣੀ ਨੂੰਹ ਨਾਲ ਕਿੰਨਾ ਚਿਰ ਪੁਰਾਣੀਆਂ ਯਾਦਾਂ ਸਾਝੀਆਂ ਕਰਦੇ ਰਹੇ। ਫਿਰ ਅਚਾਨਕ ਉਨ੍ਹਾਂ ਨੇ ਨਿਰਭੈ ਸਿੰਘ ਕੋਲੋਂ ਮਾਲਾ ਮੰਗੀ ਤੇ ਪੂਰੇ ਹੋਸ਼ੋ ਹਵਾਸ ਵਿਚ ਕਹਿਣ ਲੱਗੇ-ਓ ਦੇਖ ਤੇਰਾ ਵੀਰ ਜਿੰਦਾ ਆਇਆ ਹੈ... ਨਾਲ ਹੀ ਸੁੱਖਾ ਪੁੱਤਰ ਖਲੋਤਾ ਹੈ... ਦੋਵਾਂ ਦੇ ਚਿੱਟੇ ਚੋਲ੍ਹੇ ਪਾਏ ਹੋਏ ਹਨ... ਇਕ ਬਹੁਤ ਹੀ ਸੋਹਣਾ ਗੁਰਦੁਆਰਾ ਹੈ...। ਜਦੋਂ ਨਿਰਭੈ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਕੁਝ ਵੀ ਨਹੀਂ ਦਿਸ ਰਿਹਾ ਤਾਂ ਮਾਤਾ ਨੇ ਕਿਹਾ ਮੈਨੂੰ ਸਭ ਕੁਝ ਦਿਸ ਰਿਹਾ ਹੈ...। ਇਹ ਕਹਿ ਕੇ ਉਨ੍ਹਾਂ ਦਾ ਸਿਰ ਇਕ ਪਾਸੇ ਲਟਕ ਗਿਆ। ਇੰਝ ਰੂਹਾਨੀ ਸਾਦਗੀ ਵਿਚ ਜਿਊਣ ਵਾਲੀ ਮਾਂ ਤੁਰ ਗਈ। ਜਿਸ ਦਾ ਨਾਂ ਵੀ ਗੁਰਨਾਮ ਕੌਰ ਸ਼ਾਇਦ ਇਸੇ ਲਈ ਸੀ, ਕਿਉਂਕਿ ਉਸ ਵਿਚ ਗੁਰੂ ਦਾ ਨਾਮ ਵਸਦਾ ਸੀ।
    ਜਦੋਂ ਕਦੇ ਵੀ ਸਾਡੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਸਮਾਂ ਆਉਣ ’ਤੇ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਦੀ ਸ਼ਹਾਦਤ ਅਤੇ ਕਾਰਨਾਮਿਆਂ ਬਾਰੇ ਪੜ੍ਹਨਗੇ ਤਾਂ ਉਸ ਦੇ ਨਾਲ ਹੀ ਇਸ ਮਾਂ ਦਾ ਜ਼ਿਕਰ ਵੀ ਹੋਵੇਗਾ। ਗੁਰਬਾਣੀ ਨੇ ਕਿਸੇ ਵੀ ਮਾਂ ਦੀ ਪ੍ਰਾਪਤੀ ਦਾ ਮਾਪਦੰਡ ਇਹ ਦੱਸਿਆ ਹੈ ਕਿ ਬਹਾਦਰ ਮਾਂ ਉਹ ਹੁੰਦੀ ਹੈ ਜੋ ਜਾਂ ਤਾਂ ਕਿਸੇ ਸੰਤ ਨੂੰ ਜਨਮ ਦੇਵੇ ਅਤੇ ਜਾਂ ਕਿਸੇ ਸੂਰਮੇ ਜਾਂ ਯੋਧੇ ਨੂੰ। ਜੇ ਉਹ ਅਜਿਹਾ ਨਹੀਂ ਕਰਦੀ ਤਾਂ ਉਸ ਨੂੰ ਆਪਣੀ ਕੁੱਖ ਦਾ ਨੂਰ ਨਹੀਂ ਗਵਾਉਦਾ ਚਾਹੀਦਾ। ਮਾਤਾ ਗੁਰਨਾਮ ਕੌਰ ਅਤੇ ਹਰਜਿੰਦਰ ਸਿੰਘ ਜਿੰਦਾ ਸਾਡੀਆਂ ਯਾਦਾਂ ਵਿਚ ਹਮੇਸ਼ਾ ਤਾਜ਼ਾ ਰਹਿਣਗੇ। ਖਾਲਸਾ ਪੰਥ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਯਾਦ ਵਿਚ ਪਿੰਡ ਗਦਲੀ ਵਿਚ ਇਹੋ ਜਿਹੀ ਯਾਦਗਾਰ ਦੀ ਉਸਾਰੀ ਕੀਤੀ ਜਾਵੇ, ਜਿਸ ਵਿਚ ਜਨਤਾ ਦੀ ਭਲਾਈ ਹੋਵੇ। ਇਹ ਮਾਤਾ ਗੁਰਨਾਮ ਕੌਰ ਦੀ ਇੱਛਾ ਸੀ ਜੋ ਅਕਸਰ ਹੀ ਆਪਣੇ ਪਰਿਵਾਰ ਨਾਲ ਸਾਂਝੀ ਕਰਿਆ ਕਰਦੇ ਸਨ। ਵਿਦੇਸ਼ਾਂ ਵਿਚ ਬੈਠੇ ਉਹ ਸਾਰੇ ਵੀਰ ਜੇ ਆਪਣੀ ਕਿਰਤ ਕਮਾਈ ਵਿਚੋਂ ਖੁੱਲ੍ਹੇ ਦਿਲ ਨਾਲ ਮਾਇਆ ਦੇਣ ਅਤੇ ਇਹ ਮਾਇਆ ਵੀ ਨਿਰਪੱਖ ਅਤੇ ਸੁਹਿਰਦ ਬੰਦਿਆਂ ਦੀ ਕਿਸੇ ਕਮੇਟੀ ਨੂੰ ਸੌਂਪੀ ਜਾਵੇ ਜੋ ਪਰਿਵਾਰ ਦੀ ਸਲਾਹ ਨਾਲ ਇਕ ਯਾਦਗਾਰ ਦੀ ਉਸਾਰੀ ਕਰੇ। ਇਹ ਯਾਦਗਾਰ ਇਕ ਸ਼ਰਧਾਂਜਲੀ ਹੋਵੇਗੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਤੇ ਉਤਸ਼ਾਹ ਦਾ ਇਕ ਸਰਸਬਜ਼ ਚਸ਼ਮਾ ਬਣੇਗੀ।
Karmjeet Singh
99150-91063