ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਬਾਣੀ ਵਿੱਚ ‘ਸੰਤੁ’ ਸ਼ਬਦ ‘ਗੁਰੂ’ ਜਾਂ ‘ਪ੍ਰਮਾਤਮਾ’ ਲਈ ਆਇਆ ਹੈ ਨਾ ਕਿ ਕਿਸੇ ਦੇਹਧਾਰੀ ਮਨੁੱਖ ਲਈ : ਗਿਆਨੀ ਸ਼ਿਵਤੇਗ ਸਿੰਘ


*ਜਿੱਥੇ ਵੀ ਕਿਸੇ ਦੇਹਧਾਰੀ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਲਈ ‘ਸੰਤ’ ਸ਼ਬਦ ਵਰਤਿਆ ਗਿਆ ਹੈ ਉਥੇ ਕਦੀ ਵੀ ਉਨ੍ਹਾਂ ਨੂੰ ਸਤਿਕਾਰ ਵਾਲੇ ਸ਼ਬਦ ਨਹੀ ਬਲਕਿ ‘ਠੱਗ’ ਕਿਹਾ ਹੈ
*ਅਪ੍ਰਾਧੀਆਂ ਨੂੰ ਸ਼ਰਨ ਦੇਣ ਦਾ ਅੱਡਾ ਚਲਾਉਣ ਵਾਲਾ ਇੱਕ ਡੇਰੇਦਾਰ ਗੁਰਬਾਣੀ ਵਿੱਚ ਆਏ ਸ਼ਬਦ ‘ਰਘੁਨਾਥ’ ਦੇ ਅਰਥ ‘ਸ਼੍ਰੀ ਰਾਮ ਚੰਦਰ ਜੀ’ ਕਰ ਗਿਆ
*ਰਘੁਨਾਥ’ ਦੇ ਸ਼੍ਰੀ ਰਾਮ ਚੰਦਰ ਜੀ’ ਅਰਥ ਕਰਨੇ ਗੁਰਬਾਣੀ ਦੀ ਉਸੇ ਤਰ੍ਹਾਂ ਗਲਤ ਵਰਤੋਂ ਹੈ ਜਿਸ ਤਰ੍ਹਾਂ ਇਹ ਡੇਰੇਦਾਰ ਆਪਣੇ ਆਪ ਨੂੰ ‘ਸੰਤ’ ਅਤੇ ‘ਬ੍ਰਹਮਗਿਆਨੀ’ ਕਹਾ ਕੇ ਕਰ ਰਹੇ ਹਨ ਜਾਂ ‘ਨਾਨਕ’ ਨਾਮ ਦਾ ਕੋਈ ਵਿਅਕਤੀ ਆਪ ਨੂੰ ‘ਜੋਤਿ ਰੂਪਿ ਹਰੀ’ ਜਾਂ ‘ਗੁਰੂ ਨਾਨਕੁ’ ਅਖਵਾਏ
ਕਿਰਪਾਲ ਸਿੰਘ
ਬਠਿੰਡਾ-ਗੁਰਬਾਣੀ ਵਿੱਚ ਜਿੱਥੇ ਵੀ ‘ਸੰਤੁ’ ਇੱਕ ਬਚਨ ਵਿੱਚ ਆਇਆ ਹੈ ਉਥੇ ਇਹ ਜਾਂ ਤਾਂ ਗੁਰੂ ਲਈ ਆਇਆ ਹੈ, ਜਾਂ ਫਿਰ ਪ੍ਰਮਾਤਮਾ ਲਈ ਵਰਤਿਆ ਗਿਆ ਹੈ। ਜਿੱਥੇ ਬਹੁ ਬਚਨ ਵਿੱਚ ਆਇਆ ਹੈ ਉੱਥੇ ਗੁਰੂ ਦੀ ਸਿੱਖਿਆ ’ਤੇ ਚੱਲ ਕੇ ਇੱਕ ਅਕਾਲ ਪੁਰਖ ਦਾ ਧਿਆਨ ਧਰਨ ਵਾਲੇ ਸਮੁਚੇ ਗੁਰਸਿਖਾਂ ਦੇ ਸਮੂਹ ਭਾਵ ਸੰਗਤ ਲਈ ਆਇਆ ਹੈ। ਪਰ ਕਦੀ ਵੀ ਇਕੱਲੇ ਵਿਅਕਤੀ ਲਈ ‘ਸੰਤ’ ਸ਼ਬਦ ਨਹੀਂ ਵਰਤਿਆ ਗਿਆ। ਜਿੱਥੇ ਵੀ ਕਿਸੇ ਦੇਹਧਾਰੀ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਲਈ ‘ਸੰਤ’ ਸ਼ਬਦ ਵਰਤਿਆ ਗਿਆ ਹੈ ਉਥੇ ਕਦੀ ਵੀ ਉਨ੍ਹਾਂ ਨੂੰ ਸਤਿਕਾਰ ਵਾਲੇ ਸ਼ਬਦ ਨਹੀ ਬਲਕਿ ‘ਠੱਗ’ ਕਿਹਾ ਗਿਆ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਬਿਹਾਗੜਾ ਰਾਗੁ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਣ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 546 ’ਤੇ ਦਰਜ ਛੰਤ: ‘ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥ ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥ ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥’ ਦੀ ਕਥਾ ਕਰਦੇ ਹੋਏ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਰਿਹਾ ਸੀ। ਆਪਣੇ ਕਹੇ ਗਏ ਸ਼ਬਦਾਂ ਦੀ ਤਾਇਦ ਕਰਨ ਲਈ ਉਨ੍ਹਾਂ ਗੁਰਬਾਣੀ ਵਿੱਚੋਂ ਉਦਾਹਰਣਾਂ ਦਿੰਦਿਆਂ ਕਿਹਾ:
‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1॥’(ਮਾਝ ਮ: 5 ਗੁਰੂ ਗ੍ਰੰਥ ਸਾਹਿਬ - ਪੰਨਾ 96) ਇਸ ਤੁਕ ਵਿੱਚ ‘ਸੰਤ’ ਸ਼ਬਦ ਗੁਰੂ ਲਈ ਆਇਆ ਹੈ। ਇਸ ਪਦੇ ਦੀ ਪਹਿਲੀ ਤੁਕ ਦਾ ਅਰਥ ਹੈ: ‘ਗੁਰੂ’ ਦਾ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ। ਅਤੇ ਅਖੀਰਲੀ ਤੁਕ ਦਾ ਅਰਥ ਹੈ: ਪਿਆਰੇ ‘ਸੰਤ’ ਦੇ ਦਰਸ਼ਨ ਤੋਂ ਬਿਨਾ (ਦਰਸ਼ਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥1॥ ਇਸ ਤੋਂ ਸਪਸ਼ਟ ਹੈ ਕਿ ਇਸ ਤੁਕ ਵਿੱਚ ਵਰਤਿਆ ਗਿਆ ਸ਼ਬਦ ‘ਸੰਤ’ ਗੁਰੂ ਲਈ ਹੀ ਆਇਆ ਹੈ।
‘ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥’ (ਮਾਝ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 97)
ਇਸ ਪਦੇ ਵਿੱਚ ‘ਸੰਤੁ’ ਸ਼ਬਦ ਪ੍ਰਮਾਤਮਾ ਲਈ ਆਇਆ ਹੈ। ਪੂਰੇ ਪਦੇ ਦੇ ਅਰਥ ਹਨ: ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
‘ਆਵਹੋ ਸੰਤ ਜਨਹੁ, ਗੁਣ ਗਾਵਹ ਗੋਵਿੰਦ ਕੇਰੇ ਰਾਮ ॥’ (ਸੂਹੀ ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 775)
ਇਸ ਤੁਕ ਵਿੱਚ ‘ਸੰਤ’ ਬਹੁ ਬਚਨ ਅਰਥਾਂ ਵਿੱਚ ਗੁਰਸਿੱਖਾਂ ਲਈ ਵਰਤਿਆ ਗਿਆ ਹੈ, ਜਿਸ ਦਾ ਅਰਥ ਹਨ: ਹੇ ਸੰਤ ਜਨੋ! (ਹੇ ਗੁਰੂ ਦੇ ਸੇਵਕੋ) ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ।
ਪਰ ਜਿਥੇ ਇਹ ਕਿਸੇ ਖਾਸ ਭੇਖ ਧਾਰਨ ਕਰਨ ਵਾਲੇ ਵਿਅਕਤੀਆਂ ਲਈ ਆਇਆ ਹੈ ਉਥੇ ਇਨ੍ਹਾਂ ਲਈ ਸਤਿਕਾਰ ਵਾਲੇ ਸ਼ਬਦ ਨਹੀਂ ਬਲਕਿ ਠੱਗ ਕਿਹਾ ਹੈ। ਜਿਵੇਂ ਕਿ:-
‘ਆਸਾ ॥ ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ ॥ ਗਲੀ ਜਿਨ੍ਾ ਜਪਮਾਲੀਆ, ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ, ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ੇ, ਸਾਰੇ ਮਾਣਸ ਖਾਵਹਿ ॥2॥ ਓਇ ਪਾਪੀ ਸਦਾ ਫਿਰਹਿ ਅਪਰਾਧੀ, ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ, ਸਗਲ ਕੁਟੰਬ ਡੁਬਾਵਹਿ ॥3॥ ਜਿਤੁ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ ॥ ਕਹੁ ਕਬੀਰ, ਜਿਸੁ ਸਤਿਗੁਰੁ ਭੇਟੈ, ਪੁਨਰਪਿ ਜਨਮਿ ਨ ਆਵੈ ॥4॥2॥’ (ਆਸਾ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 476)
ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਹ ਤਾਂ ਗੁਰਬਾਣੀ ਵਿੱਚੋਂ ਅਕੱਟ ਸਬੂਤ ਹਨ ਪਰ ਜੇ ਸਿੱਖ ਇਤਿਹਾਸ ਪੜ੍ਹ ਕੇ ਵੀ ਵੇਖੀਏ ਤਾਂ ਗੁਰੂਕਾਲ ਅਤੇ ਇਸ ਤੋਂ ਪਿੱਛੋਂ ਵੀ 19ਵੀਂ ਸਦੀ ਦੇ ਅਖੀਰ ਤੱਕ ਕੋਈ ਸੰਤ ਨਹੀਂ ਸੀ। ਜਿੰਨੇ ਵੀ ਮਹਾਨ ਕਰਨੀ ਵਾਲੇ ਸਿੱਖ ਹੋਏ ਹਨ ਉਨ੍ਹਾਂ ਨਾਲ ਸਤਿਕਾਰ ਵਜੋਂ ‘ਭਾਈ’ ਜਾਂ ‘ਬਾਬਾ’ ਸ਼ਬਦ ਹੀ ਵਰਤੇ ਗਏ ਹਨ। ਜਿਵੇਂ ਕਿ ਭਾਈ ਮਰਦਾਨਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ ਜੀ, ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਅਤੇ ਅਨੇਕਾਂ ਹੋਰ। ਕੀ ਅੱਜ ਆਪਣੇ ਆਪ ਨੂੰ ਸੰਤ ਅਖਵਾਉਣ ਵਾਲਿਆਂ ਦਾ ਜੀਵਨ ਉਨ੍ਹਾਂ ਸਖਸ਼ੀਅਤਾਂ ਦੇ ਨੇੜੇ ਤੇੜੇ ਵੀ ਹੋ ਸਕਦਾ ਹੈ? ਤਾ ਕੀ ਫਿਰ ‘ਆਵਹੋ ਸੰਤ ਜਨਹੁ, ਗੁਣ ਗਾਵਹ ਗੋਵਿੰਦ ਕੇਰੇ ਰਾਮ ॥’ ਤੁਕ ਵਿੱਚ  ਗੁਰੂ ਸਾਹਿਬ ਜੀ ਨੇ ਅੱਜ ਦੇ ਇਹਨ੍ਹਾਂ ਡੇਰੇਦਾਰਾਂ ਨੂੰ ਸੰਤ ਜਨ ਕਹਿ ਕੇ ਸੰਬੋਧਨ ਕੀਤਾ ਹੈ ਜਾਂ ਕਬੀਰ ਸਾਹਿਬ ਦੇ ਸਮੇਂ ਦੇ ਉਨ੍ਹਾਂ ਸੰਤਾਂ ਨੂੰ ਜਿਨ੍ਹਾਂ ਸਬੰਧੀ ਉਨ੍ਹਾਂ ‘ਬਾਨਾਰਸ ਕੇ ਠੱਗ’ ਸ਼ਬਦ ਵਰਤਿਆ ਹੈ? ਜੇ ਨਹੀਂ ਤਾਂ ਕਿਸੇ ਇਕੱਲੇ ਵਿਅਕਤੀ ਨੂੰ  ਆਪਣੇ ਨਾਮ ਦੇ ਨਾਲ ‘ਸੰਤ’ ਸ਼ਬਦ ਲਾਉਣਾ ਜਾਇਜ਼ ਹੈ?  
ਭਾਈ ਸ਼ਿਵਤੇਗ ਸਿੰਘ ਨੇ ਕਿਹਾ ਆਪਣੇ ਆਪ ਨੂੰ ਸੰਤ ਅਖਵਾਉਣ ਵਾਲੇ ਜਿਸ ਤਰ੍ਹਾਂ ਸੁਖਮਨੀ ਸਾਹਿਬ ’ਚ ਆਏ ਸ਼ਬਦ ‘ਸੰਤ’ ਦੀ ਮਹਿਮਾ ਦੱਸ ਕੇ ‘ਸੰਤ ਕੀ ਨਿੰਦਾ ਨਾਨਕਾ, ਬਹੁਰਿ ਬਹੁਰਿ ਅਵਤਾਰ ॥1॥’ (ਗਉੜੀ ਸੁਖਮਨੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 279) ਵਾਲੀ ਪੰਕਤੀ ਸੁਣਾ ਕੇ ਆਮ ਲੋਕਾਂ ਨੂੰ ਡਰਾਉਂਦੇ ਹਨ ਕਿ ਸੰਤ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਉਨ੍ਹਾਂ ਨੂੰ ਗੁਰਬਾਣੀ ਦੀ ਡੂੰਘੀ ਘੋਖ ਪੜਤਾਲ ਕਰਕੇ ਵੇਖਣਾ ਚਾਹੀਦਾ ਹੈ ਕਿ ਉਥੇ ‘ਸੰਤ’ ਸ਼ਬਦ ‘ਗੁਰੂ’, ‘ਪ੍ਰਮਾਤਮਾ’, ਜਾਂ ‘ਹਰੀ ਦੇ ਸੰਤ ਜਨਾ’ ਲਈ ਆਇਆ ਨਾ ਕਿ ਭੇਖੀ ਵਿਅਕਤੀਆਂ ਲਈ ਜਿੰਨ੍ਹਾਂ ਨੂੰ ਬਾਨਾਰਸ ਕੇ ਠੱਗ ਕਹਿ ਕੇ ਭੰਡਿਆ ਹੈ।
ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਉਪਰ ਵੇਖ ਆਏ ਹਾਂ ਸ਼ਬਦ ਤਾਂ ਓਹੀ ਹੁੰਦੇ ਪਰ ਉਨ੍ਹਾਂ ਦੇ ਅਰਥ ਗੁਰਬਾਣੀ ਦੀ ਭਾਵਨਾ ਅਨੁਸਾਰ ਹੀ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਹੀ ਅਨੇਕਾਂ ‘ਨਾਨਕ’ ਨਾਮ ਦੇ ਹੋਰ ਵਿਅਕਤੀ ਇਸ ਸੰਸਾਰ ਵਿੱਚ ਹੋ ਸਕਦੇ ਹਨ ਪਰ ਜਦੋਂ ਗੁਰਬਾਣੀ ਵਿੱਚ ਭੱਟ ‘ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ ॥’ (ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ਗੁਰੂ ਗ੍ਰੰਥ ਸਾਹਿਬ - ਪੰਨਾ 1408) ਉਚਾਰਣ ਕਰਦੇ ਹਨ, ਤਾਂ ਇੱਥੇ ‘ਨਾਨਕ’ ਦੇ ਅਰਥ ਪ੍ਰਮਾਤਮਾ ਵੀ ਨਿਕਲਦੇ ਹਨ ਭਾਵ: ‘ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ’। ਹੁਣ ਜੇ ਇਹ ਤੁਕ ਪੜ੍ਹ ਕੇ ਕੋਈ ਨਾਨਕ ਨਾਮ ਦਾ ਵਿਅਕਤੀ ਆਪਣੇ ਆਪ ਨੂੰ ਗੁਰੂ ਨਾਨਕ ਜਾਂ ਪ੍ਰਮਾਤਮਾਂ ਅਖਵਾਏ ਜਾਂ ਆਪਣੇ ਨਾਮ ਨਾਲ ਲਿਖ ਲਵੇ ਤਾਂ ਸਿੱਖ ਕਦੇ ਵੀ ਬ੍ਰਦਾਸ਼ਤ ਨਹੀਂ ਕਰਦੇ ਅਤੇ ਨਾ ਹੀ ਬ੍ਰਦਾਸ਼ਤ ਕਰਨਾ ਚਾਹੀਦਾ ਹੈ। ਫਿਰ ਜਿਹੜਾ ‘ਸੰਤ’ ਸ਼ਬਦ ਗੁਰਬਾਣੀ ਵਿੱਚ ‘ਗੁਰੂ’ ਜਾਂ ‘ਪ੍ਰਮਾਤਮਾ’ ਲਈ ਵਰਤਿਆ ਗਿਆ ਹੈ ਉਸ ਨੂੰ ਇਹ ਡੇਰੇਦਾਰ ਆਪਣੇ ਨਾਮ ਨਾਲ ਵਰਤਣ ਤਾਂ ਉਹ ਬ੍ਰਦਾਸ਼ਤ ਕਿਵੇਂ ਕੀਤਾ ਜਾ ਸਕਦਾ ਹੈ? ਪਰ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਖ਼ੁਦ ਤਾਂ ਗੁਰਬਾਣੀ ਪੜ੍ਹਦੇ ਹੀ ਨਹੀਂ ਤੇ ਚਲਾਕ ਲੋਕ ਆਪਣੇ ਮਤਲਬ ਦੀ ਜਿਹੜੀ ਮਰਜੀ ਤੁਕ ਪੜ੍ਹ ਕੇ ਆਪਣੀ ਮਰਜੀ ਦੇ ਅਰਥ ਕਰਕੇ ਸਾਨੂੰ ਸੁਣਾ ਦਿੰਦੇ ਹਨ, ਅਸੀਂ ਉਸ ਨੂੰ ਹੀ ਸਹੀ ਮੰਨ ਲੈਂਦੇ ਹਾਂ। ਪਿਛਲੇ ਦਿਨਾਂ ਵਿੱਚ ਅਨੰਦਪੁਰ ਸਾਹਿਬ ਵਿਖੇ ‘ਖ਼ਾਲਸ-ਏ-ਵਰਾਸਤ’ ਦੇ ਉਦਘਾਟਨ ਹੋਣ ਸਮੇ ਦੀ ਘਟਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਭਰੀ ਸਭਾ ਵਿੱਚ ਇੱਕ ਉਹ ਡੇਰੇਦਾਰ ਜਿਸ ਦਾ ਟੀਵੀ ਚੈਨਲ ਵਾਲਿਆਂ ਨੇ ਸਟਿੰਗ ਉਪ੍ਰੇਸ਼ਨ ਕੀਤਾ, ਜਿਸ ਵਿੱਚ ਉਸ ਨੂੰ ਇਹ ਕਹਿੰਦਿਆਂ ਉਨ੍ਹਾਂ ਖ਼ੁਦ (ਭਾਈ ਸ਼ਿਵਤੇਗ ਸਿੰਘ) ਨੇ ਸੁਣਿਆ/ਵੇਖਿਆ ਹੈ ਕਿ ਕਿਸੇ ਨੇ ਕਿਤਨੇ ਵੀ ਕਤਲ ਕੀਤੇ ਹੋਣ, ਚੋਰੀਆਂ ਠੱਗੀਆਂ ਕਰਕੇ ਬਲੈਕ ਮਨੀ ਇਕੱਠੀ ਕੀਤੀ ਹੋਵੇ ਜਾਂ ਵੱਡੇ ਤੋਂ ਵੱਡਾ ਅਪ੍ਰਾਧ ਕੀਤਾ ਹੋਵੇ, ਉਹ ਸਾਡੀ ਫੀਸ ਦੇ ਕੇ ਇੱਥੇ ਬਿਨਾ ਕਿਸੇ ਡਰ ਭਉ ਦੇ ਰਹਿ ਸਕਦਾ ਹੈ। ਅਪ੍ਰਾਧੀਆਂ ਨੂੰ ਸ਼ਰਨ ਦੇਣ ਦਾ ਅੱਡਾ ਚਲਾਉਣ ਵਾਲਾ ਅਜਿਹਾ ਡੇਰੇਦਾਰ ਕਹਿ ਗਿਆ ਕਿ ਲੋਕੀ ਐਂਵੇ ਹੀ ਕਹੀ ਜਾਂਦੇ ਹਨ ਕਿ ਗੁਰਬਾਣੀ ਵਿੱਚ ਨਾਨਕ ਨੇ ‘ਸ਼੍ਰੀ ਰਾਮਚੰਦਰ ਜੀ’ ਦੀ ਨਿੰਦਾ ਕੀਤੀ ਹੈ ਪਰ ਮੈਂ ਕਹਿੰਦਾ ਹਾਂ ਕਿ ਤੁਸੀਂ ਅੱਗੇ ਤਾਂ ਪੜ੍ਹ ਕੇ ਵੇਖ ਲਵੋ ਉਹ ਇਹ ਵੀ ਲਿਖ ਗਏ ਹਨ:- ‘ਸੰਗ ਸਖਾ ਸਭਿ ਤਜਿ ਗਏ, ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ, ਟੇਕ ਏਕ ਰਘੁਨਾਥ ॥55॥’ (ਸਲੋਕ ਵਾਰਾਂ ਤੇ ਵਧੀਕ ਮ: 9, ਗੁਰੂ ਗ੍ਰੰਥ ਸਾਹਿਬ - ਪੰਨਾ 1429) ਇਹ ਰਘੁਨਾਥ ਸ਼੍ਰੀ ਰਾਮ ਚੰਦਰ ਜੀ ਤਾਂ ਹੈ ਜਿਸ ਦੀ ਉਹ ਉਸ ਬਿਪਤਾ ਦੇ ਸਮੇਂ ਵਿੱਚ ਟੇਕ ਰੱਖਣ ਦੀ ਸਲਾਹ ਦੇ ਰਹੇ ਹਨ ਜਿਸ ਸਮੇ ਹੋਰ ਸਾਰੇ ਸੰਗੀ ਸਾਥੀ ਸਾਥ ਛੱਡ ਜਾਂਦੇ ਹਨ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਇਹ ਗੁਰਬਾਣੀ ਦੀ ਉਸੇ ਤਰ੍ਹਾਂ ਗਲਤ ਵਰਤੋਂ ਹੈ ਜਿਸ ਤਰ੍ਹਾਂ ਇਹ ਡੇਰੇਦਾਰ ਆਪਣੇ ਆਪ ਨੂੰ ‘ਸੰਤ’ ਅਤੇ ‘ਬ੍ਰਹਮਗਿਆਨੀ’ ਕਹਾ ਕੇ ਕਰ ਰਹੇ ਹਨ, ਜਾਂ ਕੋਈ ਨਾਨਕ ਨਾਮ ਦਾ ਵਿਅਕਤੀ ਆਪਣੇ ਆਪ ਨੂੰ ‘ਜੋਤਿ ਰੂਪਿ ਹਰੀ’ ਜਾਂ ‘ਗੁਰੂ ਨਾਨਕੁ’ ਅਖਵਾਏ।