ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਫਾਸਟ ਫੂਡ ਜਾਂ ਜੰਕ ਫੂਡ?


ਭੋਜਨ ਮਨੁੱਖ ਦੇ ਜਿਉਂਦੇ ਰਹਿਣ ਲਈ ਬੇਹੱਦ ਲੋੜੀਂਦਾ ਹੈ। ਭੋਜਨ ਤੋਂ ਜ਼ਰੂਰੀ ਤੱਤ ਲੈ ਕੇ ਸਰੀਰਕ ਸ਼ਕਤੀ 'ਚ ਵਾਧਾ ਹੁੰਦਾ ਹੈ ਅਤੇ ਨਵੇਂ ਸੈੱਲ ਬਣਦੇ ਹਨ। ਸਰੀਰਕ ਸ਼ਕਤੀ 'ਚ ਵਾਧਾ, ਇਸ ਗੱਲ 'ਤੇ ਬੜਾ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਭੋਜਨ ਪਦਾਰਥ ਖਾਂਦੇ ਹਾਂ। ਪੁਰਾਣੇ ਜ਼ਮਾਨੇ 'ਚ ਦਿਨ ਵਿੱਚ ਤਿੰਨ-ਚਾਰ ਵਾਰ ਖਾਣਾ ਖਾਣ ਦੀ ਪਰੰਪਰਾ ਸੀ। ਉਸ ਸਮੇਂ ਖਾਣੇ ਵਿੱਚ ਪੋਸ਼ਟਿਕ ਤੱਤ ਭਰਪੂਰ, ਹਰ ਤਰ੍ਹਾਂ ਦੀਆਂ ਚੀਜ਼ਾਂ ਲੋੜੀਂਦੀ ਮਾਤਰਾ ਵਿੱਚ ਖਾਧੀਆਂ ਜਾਂਦੀਆਂ ਸਨ। ਅੱਜ ਕੱਲ੍ਹ ਤਾਂ ਖਾਣਾ ਖਾਣ ਦੇ ਤੌਰ-ਤਰੀਕੇ ਹੀ ਬਦਲ ਗਏ ਹਨ। ਅੱਜ ਦੇ ਤੇਜ਼-ਤਰਾਰ ਯੁੱਗ ਵਿੱਚ ਤਿੰਨ-ਚਾਰ ਵਾਰ ਖਾਣਾ ਖਾਣ ਦਾ ਵਕਤ ਕਿੱਥੇ ਮਿਲਦਾ ਹੈ? ਭੋਜਨ ਵਿੱਚ ਅੱਜ ਅਜਿਹੀਆਂ ਚੀਜ਼ਾਂ ਉਪਲੱਬਧ ਹੋ ਗਈਆਂ ਹਨ ਕਿ ਹੁਣ ਤਾਂ ਗ੍ਰਹਿਣੀਆਂ ਅਤੇ ਕੰਮ-ਕਾਜ਼ੀ ਔਰਤਾਂ ਨੂੰ ਰਸੋਈ ਦੇ ਕੰਮ 'ਚ ਬੜੀ ਸੌਖ ਹੋ ਗਈ ਹੈ।
ਅੱਜ ਦੇ ਸੰਦਰਭ 'ਚ ਘਰ ਤੋਂ ਵਧੇਰੇ ਵਕਤ ਲਈ ਬਾਹਰ ਰਹਿਣਾ, ਵਧਦੇ ਸਮਾਜੀ ਸੰਪਰਕਾਂ ਕਰਕੇ, ਕੰਟੀਨ 'ਤੇ ਖਾਣ-ਪੀਣ ਦੀਆਂ ਸੁਵਿਧਾਵਾਂ 'ਚ ਵਾਧਾ ਹੋਣ ਕਾਰਨ, ਜ਼ਿੰਦਗੀ ਦੇ ਖਾਣ-ਪੀਣ ਦੇ ਤੌਰ-ਤਰੀਕੇ ਬਦਲ ਜਾਣ ਕਰ ਕੇ ਮਨੁੱਖ ਨੂੰ ਆਧੁਨਿਕ ਤਰੀਕੇ 'ਤੇ ਨਿਰਭਰ ਹੋਣਾ ਪੈ ਗਿਆ ਹੈ। ਤਾਂਹੀਓਂ ਤਾਂ 'ਫਾਸਟ ਫੂਡ' ਪ੍ਰਚੱਲਿਤ ਹੋ ਗਿਆ।
ਲੋਕਾਂ ਦੀ ਬਦਲਦੀ ਜੀਵਨ ਸ਼ੈਲੀ, ਵਧ ਰਹੀ ਆਮਦਨੀ ਨੇ, ਉਨ੍ਹਾਂ ਨੂੰ ਫਾਸਟ ਫੂਡ ਵੱਲ ਆਕਰਸ਼ਿਤ ਕੀਤਾ ਹੈ। ਕਈ ਤਰ੍ਹਾਂ ਦੇ ਫਾਸਟ ਫੂਡ ਪ੍ਰਚਲਿਤ ਹਨ ਜਿਵੇਂ ਪੀਜ਼ਾ, ਬਰਗਰ, ਨੂਡਲਜ਼ ਆਦਿ ਸਾਡੇ ਭਾਰਤੀਆਂ ਲਈ ਕੋਈ ਨਵੇਂ ਨਹੀਂ ਹਨ। ਇਡਲੀ, ਡੋਸਾ, ਚਾਟ ਆਦਿ ਝਟਪਟ ਤਿਆਰ ਹੋਣ ਵਾਲੀਆਂ ਖਾਣ ਦੀਆਂ ਚੀਜ਼ਾਂ, ਭਾਰਤ 'ਚ ਪਹਿਲਾਂ ਹੀ ਪ੍ਰਚਲਿਤ ਸਨ। ਬੜਾ ਪਾਓ ਰੇਹੜੀਆਂ ਤੁਹਾਨੂੰ ਆਮ ਦਿਖਾਈ ਦੇ ਜਾਣਗੀਆਂ। ਫਾਸਟ ਫੂਡ ਦੀਆਂ ਅਧਿਕਤਰ ਕਿਸਮਾਂ ਨੂੰ ਲੋਕ ਰੱਦੀ ਖਾਣਾ (ਜ਼ੰਕ ਫੂਡ) ਵੀ ਕਹਿੰਦੇ ਹਨ। ਅਸਲ ਵਿੱਚ ਫਾਸਟ ਫੂਡ ਦੀਆਂ ਸਭ ਕਿਸਮਾਂ ਦਾ ਖਾਣਾ ਰੱਦੀ ਨਹੀਂ ਹੁੰਦਾ।
ਫਾਸਟ ਫੂਡ ਦੁਕਾਨਾਂ, ਹੋਟਲਾਂ ਜਾਂ ਰੇੜ੍ਹੀਆਂ 'ਤੇ ਖਾਣ ਵਾਲੇ ਪਦਾਰਥ ਆਮ ਤੌਰ 'ਤੇ ਅੱਧ-ਪੱਕੇ ਤਿਆਰ ਕਰ ਕੇ ਰੱਖੇ ਹੁੰਦੇ ਹਨ। ਗਾਹਕ ਦੀ ਮੰਗ ਮੁਤਾਬਕ ਥੋੜ੍ਹਾ ਜਿਹਾ ਪਕਾ ਕੇ ਪਰੋਸ ਦਿੱਤੇ ਜਾਂਦੇ ਹਨ। ਫਾਸਟ ਯਾਨੀ ਕਿ ਤੇਜ਼ ਫੂਡ ਦਾ ਅਰਥ ਹੈ ਜੋ ਭੋਜਨ ਜਲਦੀ ਨਾਲ ਪਰੋਸਿਆ ਜਾ ਸਕੇ, ਅਜਿਹਾ ਸੁਵਿਧਾਜਨਕ ਭੋਜਨ ਹੁੰਦਾ ਹੈ ਫਾਸਟ ਫੂਟ। ਫਾਸਟ ਫੂਡ ਨੂੰ ਅਸੀਂ ਅਲੱਗ ਅਲੱਗ ਵਰਗਾਂ 'ਚ ਵੰਡ ਸਕਦੇ ਹਾਂ।
1.ਬ੍ਰ੍ਰੈੱਡ ਤੋਂ ਬਣੇ ਪਾਦਰਥ: ਸੈਂਡਵਿਚ, ਪੀਜ਼ਾ, ਬਰਗਰ ਆਦਿ।
2. ਤਲੇ ਹੋਏ ਪਦਾਰਥ: ਸਮੋਸਾ, ਵੜਾ, ਪਾਣੀ ਪੂਣੀ, ਭੇਲ ਪੂਰੀ ਆਦਿ।
3. ਭਾਫ਼ ਤੋਂ ਪੱਕੇ ਪਦਾਰਥ: ਇਡਲੀ, ਢੋਕਲਾ ਆਦਿ।
4. ਕਤਰਨ (ਚਿਪਸ) : ਬੇਫ਼ਰਜ਼, ਫਰੈਂਚ ਫਰਾਈਜ਼, ਮਾਸਾਹਾਰੀ ਚਿਪਸ ਆਦਿ।
5. ਤਰਲ ਡਰਿੰਕਸ: ਕੋਲਡ ਡਰਿੰਕਸ, ਸ਼ੇਕ ਆਦਿ।
ਉਪਰੋਕਤ ਵਰਗ ਵੰਡ ਨੂੰ ਹੋਰ ਵਧੇਰੇ ਸਮਝਣ ਦਾ ਯਤਨ ਕਰੀਏ। ਬ੍ਰੈੱਡ ਤੋਂ ਬਣੇ ਪਾਦਰਥਾਂ ਵਿੱਚ ਰੇਸ਼ੇ   ਘੱਟ ਹੁੰਦੇ ਹਨ। ਇਹ ਭੋਜਨ ਵਧੇਰੇ ਖਾਣ ਨਾਲ ਸਰੀਰ ਨੂੰ ਰੇਸ਼ੇ ਘੱਟ ਮਿਲਦੇ ਹਨ ਤੇ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ। ਤਲੀਆਂ ਚੀਜ਼ਾਂ ਦਾ ਭੋਜਨ ਸਰੀਰ ਚਰਬੀ ਨੂੰ ਸੱਦਾ ਦਿੰਦਾ ਹੈ। ਮੋਟਾਪਾ ਵਧਦਾ ਹੈ ਅਤੇ ਹੋਰ ਵਿਕਾਰ ਉਤਪੰਨ ਹੋ ਜਾਂਦੇ ਹਨ। ਭਾਫ਼ ਤੋਂ ਤਿਆਰ ਭੋਜਨ ਖ਼ਮੀਰਣ ਨਾਲ ਤਿਆਰ ਹੁੰਦੇ ਹਨ। ਇਹ ਛੇਤੀ ਪਚ ਜਾਂਦੇ ਹਨ ਅਤੇ ਸਰੀਰਕ ਵਾਧਾ ਕਰਨ ਲਈ ਸਹਾਈ ਵੀ ਹੁੰਦੇ ਹਨ। ਚਿਪਸ ਖਾਣ ਦੇ ਛੋਟੇ ਬੱਚੇ ਤੇ ਗੱਭਰੂ ਮੁੰਡੇ ਕੁੜੀਆਂ ਸ਼ੌਕੀਨ ਹੁੰਦੇ ਹਨ। ਇਨ੍ਹਾਂ 'ਚ ਪੋਸ਼ਟਿਕ ਤੱਤ ਨਾਂ ਦੇ ਬਰਾਬਰ ਹੁੰਦੇ ਹਨ। ਥੋੜ੍ਹੇ ਜਿਹੇ ਚਿਪਸ ਖਾ ਕੇ ਪੇਟ ਭਰਿਆ ਭਰਿਆ ਲੱਗਦਾ ਹੈ। ਚਿਪਸ ਖਾਣ ਲਈ ਬੱਚਿਆਂ ਨੂੰ ਉਤਸ਼ਾਹਤ ਨਹੀਂ ਕਰਨਾ ਚਾਹੀਦਾ। ਤਰਲ ਕੋਲਡ ਡਰਿੰਕਸ, ਚਾਹ ਜਾਂ ਕੌਫ਼ੀ ਵਿੱਚ ਸਰੀਰਕ ਵਾਧੇ ਲਈ ਲੋੜੀਂਦੇ ਤੱਤ ਬਿਲਕੁਲ ਨਹੀਂ ਹੁੰਦੇ, ਭਾਵੇਂ ਇਨ੍ਹਾਂ ਦੀਆਂ ਕੀਮਤਾਂ ਅੰਬਰ ਛੋਂਹਦੀਆਂ ਹਨ।
ਸਾਰੇ ਫਾਸਟ ਫੂਡ ਰੱਦੀ ਨਹੀਂ ਹੁੰਦੇ ਉਨ੍ਹਾਂ ਵਿੱਚ ਕੁਝ ਭੋਜਨਾਂ 'ਚ ਗੁਣਾਤਮਕਤਾ ਅਤੇ ਪੌਸ਼ਟਿਕਤਾ ਵੀ ਹੁੰਦੀ ਹੈ। ਜਿਸ ਤਰ੍ਹਾਂ ਚੀਜ਼ ਬਰਗਰ ਜਾਂ ਚਿਕਨ ਬਰਗਰ, ਥੋੜ੍ਹੀਆਂ ਸਲਾਦ-ਪੱਤੀਆਂ, ਟਮਾਟਰ ਤੇ ਪਿਆਜ਼ ਦੇ ਨਾਲ ਖਾਧਾ ਜਾਵੇ ਤੇ ਨਾਲ ਮਿਲਕ ਸ਼ੇਕ ਲੈ ਲਿਆ ਜਾਵੇ ਤਾਂ ਇਹ ਪੂਰੇ ਭੋਜਨ ਦੇ ਬਰਾਬਰ ਹੁੰਦਾ ਹੈ। ਕਈ ਵਾਰ ਬੰਦਾ ਇੰਨੇ ਨਾਲ ਸਬਰ ਨਹੀਂ ਕਰਦਾ। ਉਹ ਢਿੱਡ ਦੀ ਪਾਚਨ ਸ਼ਕਤੀ ਦੀ ਮਰਿਆਦਾ ਦੀ ਉਲੰਘਣਾ ਕਰਕੇ ਹੋਰ ਖਾਈ ਜਾਂਦਾ ਹੈ। ਜ਼ਿਆਦਾਤਰ ਫਾਸਟ ਫੂਡ 'ਚ ਕੈਲੋਰੀਆਂ ਜ਼ਿਆਦਾ ਹੁੰਦੀਆਂ ਹਨ। ਚਿਕਨ, ਚੀਜ਼, ਬ੍ਰੈੱਡ ਮਿਲਕ ਸ਼ੇਕ ਪੀਣ ਨਾਲ ਪ੍ਰੋਟੀਨ ਚੋਖੀ ਮਾਤਰਾ ਵਿੱਚ ਸਰੀਰ ਨੂੰ ਮਿਲ ਜਾਂਦੇ ਹਨ। ਤੇਲ ਚਰਬੀ ਵਧਾ ਦਿੰਦਾ ਹੈ ਅਤੇ ਸਰੀਰ ਦਾ ਭਾਰ ਵਧ ਜਾਂਦਾ ਹੈ। ਮੋਟੇ ਬੰਦਿਆਂ ਨੂੰ ਤਾਂ ਫਾਸਟ ਫੂਡ ਵੱਲ ਦੇਖਣਾ ਵੀ ਨਹੀਂ ਚਾਹੀਦਾ। ਤੇਲ ਆਂਤ 'ਚ ਜਾ ਕੇ ਜਜ਼ਬ ਨਹੀਂ ਹੁੰਦਾ।
ਮਠਿਆਈਆਂ, ਮਿਲਕ ਸ਼ੇਕ, ਠੰਢੇ ਤਰਲ ਸਟਾਰਚ ਭਰਪੂਰ ਹੁੰਦੇ ਹਨ। ਇਨ੍ਹਾਂ ਨਾਲ ਜੇ ਸਲਾਦ ਤੇ ਪੁੰਗਰੀਆਂ ਚੀਜ਼ਾਂ ਖਾਧੀਆਂ ਜਾਣ ਤਾਂ ਸਰੀਰ ਲਈ ਚੰਗਾ ਰਹਿੰਦਾ ਹੈ। ਭਾਵੇਂ ਫਾਸਟ ਫੂਡ ਦਾ ਭਾਰ ਤਲਿਆ ਜਾਣਾ ਹੈ ਪਰ ਗੰਦੇ ਹੱਥੀਂ, ਗੰਦੇ ਬਰਤਨਾਂ 'ਚ, ਬਾਸੀ ਪਦਾਰਥਾਂ ਤੋਂ ਤਿਆਰ ਪਦਾਰਥ, ਮਨੁੱਖ ਦੀ ਸਿਹਤ ਵਿਗਾੜ ਦਿੰਦੇ ਹਨ। ਏਦਾਂ ਹੀ ਲੋਕ ਰੋਗ-ਗ੍ਰਸਤ ਹੋ ਜਾਂਦੇ ਹਨ। ਅੱਜ ਲੋਕ ਘਰ ਦੇ ਖਾਣੇ ਨਾਲੋਂ ਬਾਹਰਲੇ ਖਾਣੇ ਨੂੰ ਤਰਜੀਹ ਦੇਣ ਲੱਗ ਪਏ ਹਨ। ਮੰਨ ਲੈਂਦੇ ਹਾਂ ਕਿ ਰੋਜ਼ ਇੱਕੋ ਤਰ੍ਹਾਂ ਦਾ ਖਾਣਾ ਖਾਈ ਜਾਣ ਨਾਲ ਸੰਤੁਲਤ ਅਤੇ ਪੌਸ਼ਟਿਕ ਆਹਾਰ ਨਹੀਂ ਮਿਲਦਾ।
ਫਾਸਟ ਫੂਡ ਦਾ ਦੂਜਾ ਵੱਡਾ ਖ਼ਤਰਾ, ਇਸ ਭੋਜਨ 'ਚ ਪਾਈਆਂ ਜਾਣ ਵਾਲੀਆਂ ਚੀਜ਼ਾਂ ਹਨ। ਜਿਵੇਂ ਬਣਾਉਟੀ ਰੰਗਾਂ, ਬਣਾਉਟੀ ਸ਼ੱਕਰ ਜਾਂ ਮਿਠਾਸ, ਪ੍ਰੀਜ਼ਰਵੇਟਿਵਜ਼, ਲੰਬੇ ਸਮੇਂ ਲਈ ਸਰੀਰ ਲਈ ਘਾਤਕ ਸਿੱਧ ਹੁੰਦੇ ਹਨ। ਕਿਉਂ ਨਾ ਅਸੀਂ ਫਾਸਟ ਫੂਡ, ਅੱਧੇ ਜਾਂ ਚੌਥਾ ਹਿੱਸਾ ਪੈਸਾ ਖਰਚ ਕੇ, ਘਰ ਹੀ ਤਿਆਰ ਕਰੀਏ। ਨਾਲੇ ਪੁੰਨ  ਤੇ ਨਾਲੇ ਫ਼ਲੀਆਂ। ਪੈਸੇ ਘੱਟ ਲੱਗੇ ਤੇ ਸਿਹਤ ਨਾਲ ਖ਼ਿਲਵਾੜ ਹੋਣੋਂ ਵੀ ਬਚ ਜਾਵੇਗਾ।
ਚਰਚਾ ਬੰਦ ਕਰਨ ਤੋਂ ਪਹਿਲਾਂ ਫਾਸਟ ਫੂਡ ਦੀ ਚੋਣ ਸਬੰਧੀ ਕੁਝ ਨੁਕਤੇ ਲੈ ਲਓ:
1. ਡੱਬਾਬੰਦ ਖਾਣ ਵਾਲੇ ਪਦਾਰਥਾਂ ਨਾਲ ਤਾਜ਼ੀਆਂ ਤੇ ਕੁਦਰਤੀ ਚੀਜ਼ਾਂ ਖਾਓ।
2. ਨਕਲੀ ਸੁਆਦ (ਫਲੈਵਰ) ਪਾਣੀ ਸਕੁਐਸ਼ ਨਾਲ ਤਾਜ਼ੇ ਨਿੰਬੂ ਨਿਚੋੜ ਕੇ ਪੀਓ।
3. ਭਾਫ਼ ਤੋਂ ਤਿਆਰ ਚੀਜ਼ਾਂ ਖਾਓ। ਤਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰੋ।
4. ਕੋਲਡ੍ਰਿੰਕਸ ਨਾਲੋਂ ਤਾਜ਼ੇ ਫਲਾਂ ਦੇ ਰਸ ਪੀਣੇ ਚਾਹੀਦੇ ਹਨ।
5. ਨੂਡਲਜ਼, ਪੀਜ਼ਾ ਦੀ ਥਾਂ ਬ੍ਰਾਊਨ ਬ੍ਰੈੱਡ, ਸੈਂਡਵਿੱਚ ਖਾਣੇ ਚਾਹੀਦੇ ਹਨ।