ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਬਾਣੀ 'ਚ ਵਰਤੇ ਗਏ ਸ਼ਬਦ 'ਰਾਮ' ਦੇ ਅਰਥ ਸਮਝਣੇ ਹੀ ਨਹੀਂ ਪਰ ਸਾਡੇ ਧਾਰਮਿਕ ਆਗੂ ਕਦੋਂ ਸਮਝਣਗੇ?


ਅਧਿਆਤਮਿਕਤਾ ਅਤੇ ਅਕਾਲ ਪੁਰਖ ਸਬੰਧੀ ਕੁਝ ਲਿਖਣ ਅਤੇ ਬੋਲਣ ਸਮੇਂ ਵੱਡੀ ਮੁਸ਼ਕਲ ਇਹ ਆਉਂਦੀ ਹੈ ਕਿ ਅਕਾਲ ਪੁਰਖ ਤਾਂ ਨਿਰੰਕਾਰ ਹੈ ਉਸ ਦਾ ਸਾਡੇ ਵਾਂਗ ਕੋਈ ਆਕਾਰ ਹੈ ਹੀ ਨਹੀਂ; ਉਸ ਦੀ ਭਾਸ਼ਾ ਵੀ ਸੰਸਾਰੀ ਮਨੁੱਖਾਂ/ਜੀਵਾਂ ਵਾਲੀ ਨਹੀਂ ਹੈ ਇਸ ਲਈ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿਚ ਉਸ ਦੀ ਵਿਆਖਿਆ ਹੋ ਹੀ ਨਹੀਂ ਸਕਦੀ। ਉਸ ਦੀ ਬੋਲੀ ਤਾ 'ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ£' (ਜਪੁ ਮ: 1 ਗੁਰੂ ਗ੍ਰੰਥ ਸਾਹਿਬ-ਪੰਨਾ 2) ਭਾਵ 'ਪਿਆਰ' ਹੈ। 'ਪਿਆਰ' ਕੀਤਾ ਜਾ ਸਕਦਾ ਹੈ, ਮਹਿਸੂਸ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਸ਼ਬਦਾਂ ਵਿਚ ਵਰਨਣ ਕਰਨਾ ਅਸੰਭਵ ਹੈ। ਪਰ ਫਿਰ ਵੀ ਸਭ ਦੇ ਮੁੱਢ; ਪ੍ਰਿਤਪਾਲਕ; ਸਭ ਨੂੰ ਰਿਜ਼ਕ ਦੇਣ ਵਾਲੇ; ਕੁਦਰਤ ਦੇ ਹਰ ਜ਼ਰੇ ਜ਼ਰੇ ਵਿੱਚ ਵਿਆਪਕ ਅਤੇ ਹਰ ਥਾਂ ਹਾਜ਼ਰ ਨਾਜ਼ਰ ਉਸ ਅਦਿਖ ਸ਼ਕਤੀ ਦਾ ਗਿਆਨ ਦੇਣ ਲਈ; ਉਸ ਦੀ ਰਜ਼ਾ ਵਿਚ ਚੱਲਣ ਅਤੇ ਉਸ ਨਾਲ ਪ੍ਰੇਮ ਕਰਨ ਦੀ ਸਿਖਿਆ ਦੇਣ ਲਈ, ਕੋਈ ਸ਼ਬਦਾਵਲੀ ਤਾਂ ਚਾਹੀਦੀ ਹੀ ਹੈ। ਸਿੱਖ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਮਨੁੱਖ ਦਾ ਪ੍ਰਮਾਤਮਾ ਨਾਲ ਇਹ ਰਿਸ਼ਤਾ ਸਮਝਾਉਣ ਲਈ ਬੋਲੀ ਤਾਂ ਆਮ ਲੋਕਾਂ ਦੀ ਚੁਣੀ ਅਤੇ ਸ਼ਬਦਵਾਲੀ ਵੀ ਉਹ ਹੀ ਚੁਣੀ ਜੋ ਪ੍ਰਚਲਤ ਧਾਰਮਕ ਗ੍ਰੰਥ ਅਤੇ ਸਾਹਿਤ ਵਿਚ ਪਹਿਲਾਂ ਹੀ ਵਰਤੀ ਗਈ ਸੀ। ਨਾਮ ਅਤੇ ਨਾਵਾਂ ਦੇ ਸ਼ਬਦ ਜੋੜ ਵੀ ਉਹੀ ਹੋਣ ਦੇ ਬਾਵਜੂਦ ਇਹ ਜਰੂਰੀ ਨਹੀਂ ਕਿ ਗੁਰਬਾਣੀ ਵਿੱਚ ਵਰਤੀ ਗਈ ਸ਼ਬਦਾਵਲੀ ਦੇ ਅਰਥ ਬਿਲਕੁਲ ਉਹ ਹੀ ਹੋਣ ਜਿਹੜੇ ਆਮ ਲੋਕਾਂ ਦੀ ਬੋਲਚਾਲ ਅਤੇ ਪ੍ਰਚਲਤ ਧਰਮਾਂ ਵਿਚ ਕੀਤੇ ਗਏ ਹੋਣ। ਮਿਸਾਲ ਦੇ ਤੌਰ 'ਤੇ 'ਨਾਨਕ' ਨਾਮ ਦੇ ਵਿਅਕਤੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਅਤੇ ਪਿੱਛੋਂ ਕਰੋੜਾਂ ਹੋਏ ਹੋਣਗੇ। ਸੰਸਾਰ ਵਿਚ ਅੱਜ ਵੀ ਅਨੇਕਾਂ ਵਿਅਕਤੀ ਅਜਿਹੇ ਹੋਣਗੇ ਜਿਨ੍ਹਾਂ ਦਾ ਨਾਮ ਨਾਨਕ, ਨਾਨਕ ਦੇਵ, ਨਾਨਕ ਚੰਦ, ਨਾਨਕ ਦਾਸ ਜਾਂ ਨਾਨਕ ਸਿੰਘ ਰੱਖਿਆ ਹੋਵੇਗਾ ਪਰ ਜਦੋਂ ਅਸੀ ਗੁਰਬਾਣੀ ਵਿਚ ਨਾਨਕ ਸ਼ਬਦ ਪੜ੍ਹਦੇ ਹਾਂ ਤਾਂ ਸਾਡਾ ਧਿਆਨ ਕੇਵਲ ਤੇ ਕੇਵਲ ਗੁਰਬਾਣੀ ਦੇ ਰਚਨਹਾਰ 'ਗੁਰੂ ਨਾਨਕ' ਵੱਲ ਹੀ ਕੇਂਦਰਤ ਹੁੰਦਾ ਹੈ। ਦੁਨੀਆਂ ਦੇ ਕਿਸੇ ਵੀ 'ਨਾਨਕ' ਨਾਮ ਵਾਲੇ ਵਿਅਕਤੀ ਵੱਲ ਸਾਡਾ ਧਿਆਨ ਨਹੀਂ ਜਾਂਦਾ। ਇਸੇ ਤਰ੍ਹਾਂ ਉਸ ਨਿਰੰਕਾਰ ਅਕਾਲ ਪੁਰਖ ਦਾ ਮੁੱਢ-ਕਦੀਮਾਂ ਦਾ ਨਾਮ ਤਾਂ 'ਸਤਿਨਾਮੁ' ਭਾਵ 'ਹੋਂਦ ਵਾਲਾ' ਹੀ ਹੈ ਪਰ ਧਾਰਮਕ ਖੇਤਰ ਦੇ ਜੀਵਾਂ ਨੇ ਉਸ ਦੇ ਗੁਣਾਂ ਨੂੰ ਵੇਖ ਵੇਖ ਕੇ ਉਸ ਦੇ ਕਈ ਨਾਮ ਰੱਖ ਲਏ ਹਨ ਅਤੇ ਉਹ ਨਾਮ ਹੀ ਅਸੀਂ ਆਪਣੀ ਜੀਭ ਨਾਲ ਉਚਾਰਦੇ ਅਤੇ ਕਲਮ ਨਾਲ ਲਿਖਦੇ ਹਾਂ:-
'ਕਿਰਤਮ ਨਾਮ ਕਥੇ ਤੇਰੇ ਜਿਹਬਾ£
ਸਤਿ ਨਾਮੁ ਤੇਰਾ ਪਰਾ ਪੂਰਬਲਾ£
ਕਹੁ ਨਾਨਕ, ਭਗਤ ਪਏ ਸਰਣਾਈ,
ਦੇਹੁ ਦਰਸੁ ਮਨਿ ਰੰਗੁ ਲਗਾ£ 20£'
(ਮਾਰੂ ਸੋਲਹੇ ਮ: 5 ਗੁਰੂ ਗ੍ਰੰਥ ਸਾਹਿਬ ਪੰਨਾ 1083)।
ਭਾਵ : ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਹੀ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ। ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)। ਨਾਨਕ ਆਖਦਾ ਹੈ-(ਹੇ ਪ੍ਰਭੂ!) ਤੇਰੇ ਭਗਤ ਤੇਰੀ ਸ਼ਰਨ ਪਏ ਰਹਿੰਦੇ ਹਨ, ਤੂੰ ਉਨ੍ਹਾਂ ਨੂੰ ਦਰਸ਼ਨ ਦੇਂਦਾ ਹੈਂ, ਉਨ੍ਹਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ£ 20£
ਧਾਰਮਿਕ ਸਾਹਿਤ ਵਿਚ ਪ੍ਰਭੂ ਦੇ ਹਜ਼ਾਰਾਂ ਹੀ ਕਿਰਤਮ ਨਾਮ ਰੱਖੇ ਹੋਏ ਹਨ, ਜਿਵੇਂ ਅੱਲਾ, ਖ਼ੁਦਾ, ਰਾਮ, ਰਹੀਮ, ਕਰੀਮ, ਨਰਾਇਣ, ਨਰਪਤਿ, ਨਰਸਿੰਘ, ਬਨਵਾਰੀ, ਮੁਰਾਰੀ, ਗਾਡ, ਨਾਥ, ਪਰਸ ਰਾਮ, ਵਿਸ਼ਨੂੰ ਆਦਿਕ। ਇਸ ਲੇਖ ਵਿਚ ਅਸੀਂ ਕੇਵਲ 'ਰਾਮ' ਸ਼ਬਦ ਦੀ ਵੀਚਾਰ ਹੀ ਕਰਦੇ ਹਾਂ। ਗੁਰਬਾਣੀ ਵਿਚ ਰਾਮ=1797, ਰਾਮੁ=253, ਰਾਮਾ=29, ਰਾਮਿ=7, ਰਾਮੈ=19, ਰਮਈਆ=26, ਰਾਮਈਆ=12 ਅਤੇ ਰਮਈਐ=2 ਵਾਰ ਆਇਆ ਹੈ। ਸ਼ਬਦ ਜੋੜ ਅਤੇ ਲਗਾਂ ਮਾਤਰਾ ਗੁਰਬਾਣੀ ਦੇ ਨਿਯਮਾਂ ਅਤੇ ਕਾਵਿ ਛੰਦ ਦੀ ਚਾਲ ਮੁਤਾਬਕ ਲੱਗੇ ਹਨ ਪਰ ਇਸ ਦਾ ਅੱਖਰੀ ਅਰਥ ਹਰ ਵਾਰ ਰਾਮ ਹੀ ਨਿਕਲਦਾ ਹੈ। ਪਰ ਅਰਥ ਸ਼ਬਦ ਦੇ ਪ੍ਰਸੰਗ ਅਨੁਸਾਰ ਵੱਖ ਵੱਖ ਨਿਕਲਦੇ ਹਨ। ਇਸੇ ਤਰ੍ਹਾਂ ਰਘੁਬੰਸ=1, ਰਘੁਵੰਸ=1, ਰਘੁਨਾਥ=3, ਰਘੁਰਾਇਆ=3, ਰਘੁਰਾਈ=2 ਅਤੇ ਰਘੁਰਾਇਓ=1 ਵਾਰ ਆਇਆ ਹੈ। 'ਰਘੁ' ਸ਼ਬਦ 'ਰਵਿ' ਤੋਂ ਵਿਗੜ ਕੇ ਬਣਿਆ ਹੈ। 'ਰਵਿ' ਦਾ ਅਰਥ ਹੈ ਸੂਰਜ। ਰਘੁਵੰਸ ਜਾਂ ਰਘੁਬੰਸ ਦਾ ਅਰਥ ਹੈ ਸੂਰਜ ਦਾ ਵੰਸ ਜਿਸ ਨੂੰ ਹਿੰਦੂ ਧਾਰਮਿਕ ਸ਼ਬਦਾਵਲੀ ਵਿੱਚ ਸੂਰਜਵੰਸੀ ਕਹਿੰਦੇ ਹਨ। ਤੇ ਸੂਰਜ ਵੰਸ ਵਿਚੋਂ ਹੋਣ ਕਰਕੇ, ਇਹ ਵਿਸ਼ੇਸ਼ ਤੌਰ 'ਤੇ ਵਿਸ਼ਨੂੰ ਦੇ ਅਵਤਾਰ 'ਰਾਮ' ਲਈ ਹੀ ਵਰਤਿਆ ਜਾਂਦਾ ਹੈ। ਪਰ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ 'ਵੰਸ' ਸ਼ਬਦ ਕਦੀ ਵੀ ਇਕ ਵਿਅਕਤੀ ਲਈ ਰਾਖਵਾਂ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਵੰਸ਼ ਵਿਚ ਹੋਰ ਵੀ ਅਨੇਕਾਂ ਵਿਅਕਤੀ ਹੁੰਦੇ ਹਨ। ਇੱਕੋ ਜਾਤੀ ਦੇ ਮਨੁਖਾਂ ਦੇ ਸਮੂਹ ਲਈ ਹੀ ਸ਼ਬਦ 'ਵੰਸ' ਵਰਤਿਆ ਜਾ ਸਕਦਾ ਹੈ। ਜੇ ਇਹ ਠੀਕ ਹੈ ਤਾਂ ਇਨ੍ਹਾਂ ਵੱਲੋਂ ਸਾਜਸ਼ੀ ਢੰਗ ਨਾਲ ਲਿਖੀ ਪੁਸਤਕ ਬਚਿੱਤਰ ਨਾਟਕ ਅਨੁਸਾਰ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਹੀ ਸੂਰਜਵੰਸੀ ਹਨ। ਉਸ ਮਤਾਬਿਕ ਤਾਂ ਸਾਰੇ ਸਿੱਖ ਵੀ ਸੂਰਜਵੰਸੀ ਹਨ। ਭਾਵੇਂ ਕਿ ਗੁਰਮਤਿ ਜਾਤ, ਕੁਲ, ਵੰਸ਼ ਵਿੱਚ ਯਕੀਨ ਨਹੀ ਰੱਖਦੀ। ਇਸੇ ਤਰ੍ਹਾਂ 'ਰਾਇਆ', 'ਰਾਈ' ਅਤੇ ਰਾਇਓ ਦਾ ਅਰਥ ਹੈ 'ਰਾਜਾ'। ਇਸ ਲਈ 'ਰਘੁਰਾਇਆ, ਰਘੁਰਾਈ, ਰਘੁਰਾਇਓ' ਸ਼ਬਦ ਵੀ ਆਮ ਤੌਰ 'ਤੇ ਦਸਰਥ ਦੇ ਪੁੱਤਰ ਅਯੁਧਿਆ ਦੇ ਰਾਜੇ 'ਰਾਮ' ਲਈ ਹੀ ਵਰਤੇ ਜਾਂਦੇ ਹਨ। ਰਘੁਨਾਥ ਦਾ ਅਰਥ ਹੈ ਰਘੁ= ਰਵਿ= ਸੂਰਜ ਦਾ ਮਾਲਕ। ਹਿੰਦੂ ਵੀਰ ਬੇਸ਼ੱਕ ਇਹ ਸ਼ਬਦ 'ਰਾਮ' ਲਈ ਵਰਤਦੇ ਹੋਣ ਪਰ ਗੁਰਮਤਿ ਅਨੁਸਾਰ ਕੋਈ ਵੀ ਜਨਮ ਮਰਨ ਵਿੱਚ ਆਉਣ ਵਾਲਾ ਵਿਅਕਤੀ ਸੂਰਜ ਦਾ ਮਾਲਕ ਨਹੀ ਹੋ ਸਕਦਾ। ਸਭ ਦਾ ਮਾਲਕ ਕੇਵਲ ਤੇ ਕੇਵਲ ਪ੍ਰਭੂ ਹੀ ਹੋ ਸਕਦਾ ਹੈ ਤੇ ਇਸੇ ਹੀ ਅਰਥ ਵਿਚ 'ਰਘੁਨਾਥ' ਸ਼ਬਦ ਗੁਰਬਾਣੀ ਵਿਚ ਵਰਤਿਆ ਗਿਆ ਹੈ :
'ਕਹਿ ਰਵਿਦਾਸ ਕਹਾ ਕੈਸੇ ਕੀਜੈ£
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ £6£1£'
(ਜੈਤਸਰੀ ਭਗਤ ਰਵਿਦਾਸ ਜੀ, ਪੰਨਾ 710)
'ਕਹਿ ਕੰਬੀਰ ਕੋਊ ਸੰਗ ਨ ਸਾਥ£
ਜਲ ਥਲ ਰਾਖਨ ਹੈ ਰਘੁਨਾਥ £3£10£18£
(ਭੈਰਉ ਭਗਤ ਕਬੀਰ ਜੀ, ਪੰਨਾ 1162)
ਮੁਸ਼ਕਲ ਇਹ ਬਣਦੀ ਹੈ ਕਿ ਜਦੋਂ ਵੀ ਗੁਰਬਾਣੀ ਵਿਚ 'ਰਾਮ' ਜਾਂ 'ਰਘੁਰਾਇਆ, ਰਘੁਰਾਈ, ਰਘੁਰਾਇਓ, ਰਘੁਨਾਥ' ਸ਼ਬਦ ਆ ਜਾਂਦੇ ਹਨ ਤਾਂ ਗੁਰਮਤਿ ਤੋਂ ਅਣਜਾਣ ਲੋਕ ਇਸ ਦਾ ਅਰਥ ਰਮਾਇਣ ਵਾਲੇ 'ਰਾਮ' ਹੀ ਕੱਢ ਲੈਂਦੇ ਹਨ। ਪਰ ਇਹ ਅਰਥ ਗੁਰਮਤਿ ਵਿਚ ਪ੍ਰਵਾਨ ਨਹੀ ਮੰਨੇ ਜਾ ਸਕਦੇ। ਕਬੀਰ ਸਾਹਿਬ ਜੀ ਨੇ ਸਪੱਸ਼ਟ ਕਰ ਦਿੱਤਾ ਹੈ:-
'ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ£
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ£ 190£'
(ਸਲੋਕ ਭਗਤ ਕਬੀਰ ਜੀਉ ਕੇ, ਪੰਨਾ 1374)
  ਗੁਰਬਾਣੀ ਦਾ ਰਾਮ ਉਹ ਹੈ ਜੋ ਘਟ ਘਟ ਵਿਚ ਰਮਿਆ ਹੈ। ਇਸੇ ਰਾਮ ਬਾਰੇ ਗੁਰਬਾਣੀ ਵਿਚ ਵਰਨਣ ਹੈ:-
'ਕਰਮ ਖੰਡ ਕੀ ਬਾਣੀ ਜੋਰੁ£
ਤਿਥੈ ਹੋਰੁ ਨ ਕੋਈ ਹੋਰੁ£
ਤਿਥੈ ਜੋਧ ਮਹਾਬਲ ਸੂਰ£
ਤਿਨ ਮਹਿ ਰਾਮੁ ਰਹਿਆ ਭਰਪੂਰ£
ਤਿਥੈ ਸੀਤੋ ਸੀਤਾ ਮਹਿਮਾ ਮਾਹਿ£
ਤਾ ਕੇ ਰੂਪ ਨ ਕਥਨੇ ਜਾਹਿ£
ਨਾ ਓਹਿ ਮਰਹਿ ਨ ਠਾਗੇ ਜਾਹਿ£
ਜਿਨ ਕੈ ਰਾਮੁ ਵਸੈ ਮਨ ਮਾਹਿ£ 37£
(ਜਪੁ ਮ: 1 ਗੁਰੂ ਗ੍ਰੰਥ ਸਾਹਿਬ - ਪੰਨਾ 8)
ਜਿਸ ਦਾ ਅਰਥ ਹੈ: ਬਖਸਸ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜਰ ਹੁੰਦੀ ਹੈ , ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸੇ-ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ), ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿਚ (ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ, ਉਹਨਾਂ ਦੇ ਰੋਮ ਰੋਮ ਵਿਚ 'ਰਾਮੁ ਰਹਿਆ ਭਰਪੂਰ' ਭਾਵ ਅਕਾਲ ਪੁਰਖ ਵੱਸ ਰਿਹਾ ਹੈ।
ਉਸ (ਬਖਸਸ) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ 'ਸੀਤੋ ਸੀਤਾ ਮਹਿਮਾ ਮਾਹਿ', (ਉਨ੍ਹਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਨ੍ਹਾਂਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਨ੍ਹਾਂ ਦੇ ਮੂੰਹ ਉਤੇ ਨੂਰ ਹੀ ਨੂਰ ਲਿਸਕਦਾ ਹੈ)। (ਇਸ ਅਵਸਥਾ ਵਿਚ) ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਨ੍ਹਾਂ ਨੂੰ ਠੱਗ ਨਹੀਂ ਸਕਦੀ।
   ਗੁਰਬਾਣੀ ਵਿਚ ਆਏ ਸ਼ਬਦ ਇਸ 'ਰਾਮ' ਨੂੰ ਜਪਣ ਦਾ ਹੀ ਵਾਰ ਵਾਰ ਆਦੇਸ਼ ਹੈ।
'ਰਾਮ ਰਾਮ ਸੰਗਿ ਕਰਿ ਬਿਉਹਾਰ£
ਰਾਮ ਰਾਮ ਰਾਮ ਪ੍ਰਾਨ ਅਧਾਰ£
ਰਾਮ ਰਾਮ ਰਾਮ ਕੀਰਤਨੁ ਗਾਇ£
ਰਮਤ ਰਾਮੁ, ਸਭ ਰਹਿਓ ਸਮਾਇ£ 1£
(ਗੋਂਡ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 865)
ਸਭਿ ਬੋਲਹੁ ਰਾਮ ਰਮੋ; ਸ੍ਰੀ ਰਾਮ ਰਮੋ;
ਜਿਤੁ ਦਾਲਦੁ ਦੁਖ ਭੁਖ, ਸਭ ਲਹਿ ਜਾਵਣੀ£ 3£
(ਕਾਨੜੇ ਕੀ ਵਾਰ ਮ: 4, ਪੰਨਾ 1314)
'ਸਾਧੋ, ਇਹੁ ਤਨੁ ਮਿਥਿਆ ਜਾਨਉ£
ਯਾ ਭੀਤਰਿ ਜੋ ਰਾਮੁ ਬਸਤੁ ਹੈ, ਸਾਚੋ ਤਾਹਿ ਪਛਾਨੋ£1£ ਰਹਾਉ£' (ਬਸੰਤੁ ਮ: 9 ਗੁਰੂ ਗ੍ਰੰਥ ਸਾਹਿਬ  ਪੰਨਾ 1186)
ਜਗਿਆਸੂ ਨੂੰ ਕਦੀ ਰਮਾਇਣ ਵਾਲੇ 'ਰਾਮ' ਦਾ ਭੁਲੇਖਾ ਨਾ ਪੈ ਜਾਵੇ, ਸਾਡਾ ਇਹ ਭੁਲੇਖਾ ਦੂਰ ਕਰਨ ਲਈ ਗੁਰੂ ਸਾਹਿਬ ਨੇ ਦਸਰਥ ਦੇ ਪੁੱਤਰ ਉਸ ਰਾਮ ਨੂੰ ਤਾਂ ਆਮ ਵਿਅਕਤੀਆਂ ਵਾਂਗ ਦੁਨਿਆਵੀ ਦੁਖ ਨਾ ਸਹਿ ਸਕਣ ਵਾਲਾ ਤੇ ਇਨ੍ਹਾਂ ਦੁਖਾਂ ਵਿਚ ਘਿਰਿਆ ਹੋਇਆ ਰੋਂਦਾ ਵਿਖਾਇਆ ਗਿਆ ਹੈ। ਜਿਵੇਂ  ਕਿ:-
'ਰੋਵੈ ਰਾਮੁ, ਨਿਕਾਲਾ ਭਇਆ£
ਸੀਤਾ, ਲਖਮਣੁ, ਵਿਛੁੜਿ ਗਇਆ£'
(ਰਾਮਕਲੀ ਕੀ ਵਾਰ ਮ: 1, ਪੰਨਾ 954)
   ਭਾਵ, ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ, ਸੀਤਾ ਲਛਮਣ ਵਿਛੁੜੇ ਤਾਂ ਰਾਮ ਜੀ ਭੀ ਰੋਏ।
ਪਾਂਡੇ, ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ£
ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ£3£'
(ਗੋਂਡ ਨਾਮਦੇਵ ਗੁਰੂ ਗ੍ਰੰਥ ਸਾਹਿਬ - ਪੰਨਾ 875)
ਅਰਥ : ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ£ 3£
'ਰਾਮ' ਸ਼ਬਦ ਸਬੰਧੀ ਗੁਰਬਾਣੀ ਵਿਚ ਇੰਨਾਂ ਸਪੱਸ਼ਟ ਕੀਤੇ ਜਾਣ ਦੇ ਬਾਵਜੂਦ, ਬੁੱਤ ਪੂਜਕ ਆਸਾ ਰਾਮ ਵਰਗੇ ਹਿੰਦਤਵੀਆਂ ਜਿਨ੍ਹਾਂ ਸਬੰਧੀ ਗੁਰਬਾਣੀ ਵਿਚ ਦਰਜ ਹੈ 'ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ£' (ਸੋਰਠਿ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ-ਪੰਨਾ 654), ਜਿਨ੍ਹਾਂ ਦੀ ਸਾਜਿਸ਼ ਹੀ ਸਿੱਖਾਂ ਨੂੰ ਸ਼ਬਦ ਗੁਰੂ ਅਤੇ ਅਕਾਲਪੁਰਖ਼ ਨਾਲੋਂ ਤੋੜ ਕੇ ਅਵਤਾਰਵਾਦ ਦੇ ਪੁਜਾਰੀ ਬਣਾਉਣਾ ਹੈ, ਉਨ੍ਹਾਂ ਨੇ ਤਾਂ ਗੁਰਬਾਣੀ ਵਿਚ ਵਰਤੇ ਗਏ ਸ਼ਬਦ 'ਰਾਮ' ਦੇ ਕਦੀ ਅਰਥ ਸਮਝਣੇ ਹੀ ਨਹੀਂ, ਪਰ ਸਾਡੇ ਧਾਰਮਿਕ ਆਗੂ ਕਦੋਂ ਸਮਝਣਗੇ? ਦੁੱਖ ਦੀ ਇਹ ਗੱਲ ਇਹ ਹੈ ਕਿ 25 ਨਵੰਬਰ 2011 ਨੂੰ ਅਨੰਦਪੁਰ ਸਾਹਿਬ ਵਿਖੇ 'ਖਾਲਸਾ-ਏ-ਵਿਰਾਸਤ' ਦੇ ਉਦਘਾਟਨ ਸਮੇਂ ਧਰਮ ਦੇ ਨਾਂ 'ਤੇ ਸਿਆਸਤ ਕਰ ਰਹੇ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਬੁਲਾਇਆ ਹੀ ਸਾਜਿਸ਼ ਦੇ ਮੁਖ ਸੂਤਰਧਾਰ ਆਰ.ਐਸ.ਐਸ./ਭਾਜਪਾ ਤੇ ਹਿੰਦੂ ਸੰਤਾਂ ਅਤੇ ਉਨ੍ਹਾਂ ਦੇ ਏਜੰਟ ਬਣੇ ਸਿੱਖ ਸੰਤ ਸਮਾਜ ਦੇ ਆਗੂਆਂ ਨੂੰ ਸੀ। ਅਜਿਹੀ ਹਾਲਤ ਵਿਚ ਇਨ੍ਹਾਂ ਵਲੋਂ ਕਿੱਥੇ ਆਸ ਰੱਖੀ ਜਾ ਸਕਦੀ ਹੈ ਕਿ ਸਿੱਖ ਸਿਧਾਂਤ ਨੂੰ ਨਿਖੇਰ ਕੇ ਪੇਸ਼ ਕੀਤਾ ਜਾਵੇ। ਇਨ੍ਹਾਂ ਨੇ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਸੀ ਕਿ ਸਿੱਖ ਸਿਧਾਂਤ ਨੂੰ ਗੰਧਲਾ ਕਰਕੇ ਸਿੱਖਾਂ ਵਿਚ ਦੁਬਿਧਾ ਪੈਦਾ ਕੀਤੀ ਜਾਵੇ। ਵੈਸੇ ਤਾਂ ਘੱਟ ਕਿਸੇ ਨੇ ਵੀ ਨਹੀਂ ਗੁਜਾਰੀ, ਪਰ ਇੱਥੇ ਮੁੱਖ ਤੌਰ 'ਤੇ (ਅਖੌਤੀ) ਬਾਪੂ ਆਸਾ ਰਾਮ ਦੇ ਕਹੇ ਹੋਏ ਸ਼ਬਦਾਂ 'ਤੇ ਹੀ ਵੀਚਾਰ ਕਰਦੇ ਹਾਂ। ਉਨ੍ਹਾਂ ਸਿੱਖਾਂ ਦੀ ਖਿੱਲੀ ਉਡਾਉਣ ਦੇ ਅੰਦਾਜ਼ ਵਿਚ ਕਿਹਾ, 'ਲੋਕ ਕਹਿੰਦੇ ਹਨ : 'ਰਾਮੁ ਗਇਓ, ਰਾਵਨੁ ਗਇਓ, ਜਾ ਕਉ ਬਹੁ ਪਰਵਾਰੁ£ ਕਹੁ ਨਾਨਕ ਥਿਰੁ ਕਛੁ ਨਹੀ, ਸੁਪਨੇ ਜਿਉ ਸੰਸਾਰੁ£ 50£' (ਸਲੋਕ ਵਾਰਾਂ ਤੇ ਵਧੀਕ ਮ: 9, ਗੁਰੂ ਗ੍ਰੰਥ ਸਾਹਿਬ  ਪੰਨਾ 1429) ਲਿਖ ਕੇ ਨਾਨਕ ਨੇ 'ਰਾਮ' ਨੂੰ ਛੋਟਾ ਦਰਸਾਇਆ ਹੈ। ਪਰ ਮੈਂ ਕਹਿੰਦਾ ਹਾਂ ਇਸ ਤੋਂ ਅੱਗੇ ਤਾਂ ਪੜ੍ਹ ਕੇ ਵੇਖ ਲਓ ਉਹੀ ਗੁਰੂ ਲਿਖ ਰਹੇ ਹਨ: 'ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ£ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ£ 55£ (ਸਲੋਕ ਵਾਰਾਂ ਤੇ ਵਧੀਕ ਮ: 9, ਗੁਰੂ ਗ੍ਰੰਥ ਸਾਹਿਬ-ਪੰਨਾ 1429) ਭਾਵ ਜਦੋਂ ਸਾਰੇ ਹੀ ਸੰਗੀ ਸਾਥੀ ਸਾਥ ਛੱਡ ਗਏ ਉਸ ਸਮੇਂ ਕੇਵਲ ਇਕ ਰਘੁਨਾਥ ਭਾਵ ਹਿੰਦੂ ਦੇਵਤਾ 'ਰਾਮ' ਦਾ ਹੀ ਆਸਰਾ ਹੈ।
ਉਕਤ ਸਲੋਕ ਨੰਬਰ 55 ਵਿਚ ਗੁਰੂ ਸਾਹਿਬ ਜੀ ਦਾ 'ਰਘੁਨਾਥ' ਰਮਾਇਣ ਵਾਲਾ ਦਸਰਥ ਦਾ ਪੁੱਤਰ ਅਤੇ ਅਯੁਧਿਆ ਦਾ ਰਾਜਾ ਨਹੀ, ਬਲਕਿ ਉਸ ਅਕਾਲ ਪੁਰਖ ਵੱਲ ਹੀ ਇਸ਼ਾਰਾ ਹੈ ਜਿਸ ਦਾ ਵਰਨਣ  ਭਗਤ ਰਵਿਦਾਸ ਜੀ ਅਤੇ ਕਬੀਰ ਜੀ ਨੇ ਇੰਝ ਵਰਨਣ ਕੀਤਾ ਹੈ :
'ਕਹਿ ਰਵਿਦਾਸ ਕਹਾ ਕੈਸੇ ਕੀਜੈ£
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ£6£1£'
(ਜੈਤਸਰੀ ਭਗਤ ਰਵਿਦਾਸ ਜੀ, ਪੰਨਾ 710)
'ਕਹਿ ਕੰਬੀਰ ਕੋਊ ਸੰਗ ਨ ਸਾਥ£
ਜਲ ਥਲ ਰਾਖਨ ਹੈ ਰਘੁਨਾਥ£3£10£18£
(ਭੈਰਉ ਭਗਤ ਕਬੀਰ ਜੀ, ਪੰਨਾ 1162)
ਕਬੀਰ ਸਾਹਿਬ ਦਾ 'ਰਘੁਨਾਥ' ਕਦੀ ਵੀ ਜਨਮ ਮਰਨ ਵਿਚ ਨਹੀਂ ਆਉਂਦਾ ਅਤੇ ਨਾ ਹੀ ਦਸਰਥ ਅਤੇ ਕੌਸ਼ਲਿਆ ਦਾ ਪੁੱਤਰ 'ਰਾਮ' ਹੋ ਸਕਦਾ ਹੈ ਕਿਉਂਕਿ ਉਹ ਤਾਂ ਸਪੱਸ਼ਟ ਰੂਪ ਵਿਚ ਬਿਆਨ ਕਰ ਰਹੇ ਹਨ 'ਸੰਕਟਿ ਨਹੀ ਪਰੈ, ਜੋਨਿ ਨਹੀ ਆਵੈ, ਨਾਮੁ ਨਿਰੰਜਨ ਜਾ ਕੋ ਰੇ£ ਕਬੀਰ ਕੋ ਸੁਆਮੀ ਐਸੋ ਠਾਕੁਰੁ, ਜਾ ਕੈ ਮਾਈ ਨ ਬਾਪੋ ਰੇ £2£19£70£  (ਗਉੜੀ, ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਪੰਨਾ 339)
     ਗੁਰੂ ਅਰਜਨ ਸਾਹਿਬ ਜੀ ਨੇ ਵੀ ਕਬੀਰ ਸਾਹਿਬ ਦੇ ਇਸ ਫ਼ੁਰਮਾਨ 'ਤੇ ਮੋਹਰ ਲਾਈ ਹੈ :
'ਭਰਮਿ ਭੂਲੇ ਨਰ ਕਰਤ ਕਚਰਾਇਣ£
ਜਨਮ ਮਰਣ ਤੇ ਰਹਤ ਨਾਰਾਇਣ£1£ ਰਹਾਉ £
ਕਰਿ ਪੰਜੀਰੁ ਖਵਾਇਓ ਚੋਰ£
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ£ 2£
ਸਗਲ ਪਰਾਧ ਦੇਹਿ ਲੋਰੋਨੀ£
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ£ 3£
ਜਨਮਿ ਨ ਮਰੈ ਨ ਆਵੈ ਨ ਜਾਇ£
ਨਾਨਕ ਕਾ ਪ੍ਰਭੁ ਰਹਿਓ ਸਮਾਇ£4£1£  
(ਭੈਰਉ, ਮ: 5, ਪੰਨਾ 1136)
      ਕਬੀਰ ਸਾਹਿਬ ਅਤੇ ਗੁਰੂ ਅਮਰ ਦਾਸ ਜੀ ਦੇ ਇਹ ਗੁਰ ਫ਼ੁਰਮਾਨ ਤਾਂ ਹੋਰ ਵੀ ਸਪੱਸ਼ਟ ਕਰ ਦਿੰਦੇ ਹਨ :
'ਰਾਮ ਜਪਉ ਜੀਅ ਐਸੇ ਐਸੇ£
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ£1£'
(ਗਉੜੀ ਕਬੀਰ, ਪੰਨਾ 337)
ਸੰਡਾ ਮਰਕਾ ਸਭਿ ਜਾਇ ਪੁਕਾਰੇ£
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ£
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ£
ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ£ 3£
(ਭੈਰਉ ਮ: 3, ਪੰਨਾ 1133)।
ਹਿੰਦੂ ਧਰਮ ਦੇ ਗ੍ਰੰਥਾਂ ਮੁਤਾਬਕ 'ਪ੍ਰਹਲਾਦ' ਸਤਿਜੁਗ ਵਿਚ ਹੋਇਆ ਤੇ ਰਾਮ ਚੰਦਰ ਜੀ ਤ੍ਰੇਤੇ ਯੁੱਗ ਦਾ ਅਵਤਾਰ ਹੋਇਆ ਹੈ। ਇਸ ਲਈ ਜਿਸ ਰਾਮ, ਰਘੁਰਾਇਆ ਅਤੇ ਰਘੁਨਾਥ ਦੀ ਗੱਲ ਗੁਰਬਣੀ ਵਿਚ ਲਿਖੀ ਹੈ ਉਹ ਦਸਰਥ ਦਾ ਪੁਤਰ 'ਰਾਮ' ਨਹੀਂ ਹੋ ਸਕਦਾ। ਹਿੰਦੂ ਧਰਮ ਦੇ ਅਨੁਯਾਈਆਂ ਵਲੋਂ ਹਰ ਸਾਲ ਕੀਤੀ ਜਾ ਰਹੀ ਰਾਮ ਲੀਲਾ ਅਨੁਸਾਰ ਵੀ ਰਮਾਇਣ ਵਾਲੇ ਇਸ 'ਰਾਮ' ਨੂੰ ਤਾਂ ਇਹ ਵੀ ਪਤਾ ਨਾ ਲੱਗਾ ਕਿ ਸੀਤਾ ਕਿਥੇ ਚਲੀ ਗਈ। ਉਹ ਤਾਂ ਸੀਤਾ ਦੀ ਭਾਲ ਵਿਚ ਰੋਂਦਾ ਕੁਰਲਾਂਦਾ ਜੰਗਲ ਦੇ ਦਰੱਖਤਾਂ ਤੋਂ ਪੁੱਛਦਾ ਵਿਖਾਇਆ ਗਿਆ ਕਿ ਸੀਤਾ ਕਿੱਥੇ ਹੈ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਲੰਕਾ ਕਿਥੇ ਹੈ। ਲੰਕਾ ਅਤੇ ਰਾਵਣ ਦੀ ਫੌਜੀ ਤਾਕਤ ਦਾ ਭੇਦ ਜਾਨਣ ਲਈ ਉਸ ਨੂੰ ਭਵੀਖਨ ਦੀ ਮਦਦ ਲੈਣ ਲਈ ਉਸ ਨਾਲ ਵਾਅਦਾ ਕਰਨਾ ਪਿਆ ਕਿ ਜਿੱਤ ਉਪੰ੍ਰਤ ਉਸ ਨੂੰ ਲੰਕਾ ਦਾ ਰਾਜਾ ਬਣਾ ਦਿੱਤਾ ਜਾਵੇਗਾ। ਰਾਵਣ ਵਿਰੁੱਧ ਕੀਤੇ ਜਾਣ ਵਾਲੇ ਯੁੱਧ ਵਿੱਚ ਸੁਗ੍ਰੀਵ ਦੀ ਸਹਾਇਤਾ ਪ੍ਰਾਪਤ ਕਰਨ ਲਈ ਬਾਲੀ ਤੇ ਸੁਗ੍ਰੀਵ ਦੀ ਹੋ ਰਹੀ ਆਪਸੀ ਭਰਾਵਾਂ ਦੀ ਲੜਾਈ ਦੌਰਾਨ ਸ੍ਰੀ ਰਾਮ ਨੇ ਬਾਲੀ ਨੂੰ ਧੋਖੇ ਨਾਲ ਮਾਰਿਆ ਸੀ। ਇਸ ਲਈ ਰਮਾਇਣ ਵਾਲਾ ਅਜਿਹਾ ਧੋਖੇਬਾਜ਼ ਅਤੇ ਵੈਰ ਵਿਰੋਧ ਰੱਖਣ ਵਾਲਾ 'ਰਾਮ' ਕਦੀ ਵੀ ਗੁਰੂ ਗ੍ਰੰਥ ਸਾਹਿਬ  ਜੀ ਦੇ ਰਚਨਹਾਰਾਂ ਦਾ 'ਰਾਮ' ਨਹੀਂ ਹੋ ਸਕਦਾ।
      ਹੈਰਾਨੀ ਇਹ ਹੈ ਕਿ ਜਿਨ੍ਹਾਂ ਸਬੰਧੀ ਗੁਰੂ ਗ੍ਰੰਥ ਸਾਹਿਬ ਵਿਚ ਸਪੱਸ਼ਟ ਤੌਰ 'ਤੇ ਲਿਖਿਆ ਹ ੈ:
'ਬਿਲਾਵਲੁ ਗੋਂਡ£ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ£ ਰਹਾਉ£ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ£ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ£ 1£ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ £ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ£ 2£ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ£ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ£3£ ਹਿੰਦੂ ਅੰਨ੍ਹਾ ਤੁਰਕੂ ਕਾਣਾ£ ਦੁਹਾਂ ਤੇ ਗਿਆਨੀ ਸਿਆਣਾ £ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ£ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ£4£3£7£ (ਗੁਰੂ ਗ੍ਰੰਥ ਸਾਹਿਬ-ਪੰਨਾ 875)
ਉਨ੍ਹਾਂ ਅਨ੍ਹਿਆਂ ਵਿਚੋਂ ਇਕ ਆਸਾ ਰਾਮ ਅਖੌਤੀ ਗਿਆਨੀਆਂ ਦੇ ਭਰੇ ਇਕੱਠ ਵਿਚ Àਪ੍ਰੋਕਤ ਸ਼ਬਦ ਕਹਿ ਗਿਆ ਪਰ ਕਿਸੇ ਗਿਅਨੀ ਦੀ ਹਿੰਮਤ ਨਹੀ ਪਈ ਕਿ ਸ਼ਬਦ ਗੁਰੂ ਦੀ ਅਗਵਾਈ ਲੈ ਕੇ ਗੁਰਬਾਣੀ ਵਿਚ ਵਰਤੇ ਗਏ 'ਰਾਮ', ਰਘੁਰਾਇਆ, ਅਤੇ 'ਰਘੁਨਾਥ' ਆਦਿ ਸ਼ਬਦਾਂ ਦੇ ਉਸ ਨੂੰ ਅਰਥ ਸਮਝਾ ਸਕੇ। ਸਮਝਾਵੇ ਵੀ ਕੌਣ? ਕਿਉਂਕਿ ਉਥੇ ਕੋਈ ਵਿਦਵਾਨ ਜਾਂ ਅਕਾਲੀ-ਭਾਜਪਾ ਤੋਂ ਬਾਹਰਲਾ ਬੰਦਾ ਤਾਂ ਆਇਆ ਹੀ ਨਹੀ ਸੀ, ਤੇ ਨਾ ਹੀ ਕਿਸੇ ਨੂੰ ਸੱਦਾ ਦੇਣ ਦੀ ਉਨ੍ਹਾਂ ਨੇ ਲੋੜ ਹੀ ਸਮਝੀ ਸੀ। ਸਟੇਜ 'ਤੇ ਉਨ੍ਹਾਂ ਆਗੂਆਂ ਦੀ ਹੀ ਭਰਮਾਰ ਸੀ ਜਿਨ੍ਹਾਂ ਨੇ ਬਾਦਲ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ ਆਪਣੇ ਨੰਬਰ ਵਧਾਉਣੇ ਸਨ ਜਾਂ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਗੰਧਲਾ ਕਰਨ ਵਿਚ ਆਪਣਾ ਯੋਗਦਾਨ ਪਾÀਣਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਆਪਣੇ ਨੰਬਰ ਵਧਾਉਣ ਲਈ ਜਥੇਦਾਰ ਦੇ ਇਸ ਬਿਆਨ ਦੀ ਤਾਂ ਸੋਧ ਕਰ ਦਿੱਤੀ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੂੰ 'ਫ਼ਖ਼ਰ-ਏ-ਕੌਮ' ਨਹੀਂ  ਬਲਕਿ ਇਸ ਵਿਚ ਵਾਧਾ ਕਰਕੇ 'ਪੰਥ ਰਤਨ ਫਖ਼ਰ-ਏ-ਕੌਮ' ਦਾ ਐਵਾਰਡ ਦਿੱਤਾ ਜਾਵੇਗਾ। ਪਰ ਜੋ ਗੁਰਮਤਿ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਗਈਆਂ ਉਸ ਵੱਲ ਉਸ ਦਾ ਵੀ ਧਿਆਨ ਨਹੀਂ ਗਿਆ, ਜਾਂ ਬਾਦਲ ਦੀ ਘੁਰਕੀ ਤੋਂ ਡਰਦੇ ਨੇ ਜਾਣ ਬੁੱਝ ਕੇ ਅੱਖਾਂ ਮੀਚ ਲਈਆਂ। ਕੀ ਉਥੇ ਇਕ ਲੱਖ ਦੇ ਕਰੀਬ ਸਿੱਖਾਂ ਦੇ ਇਕੱਠ 'ਤੇ ਗੁਰੂ ਸਾਹਿਬ ਜੀ ਦਾ ਇਹ ਸ਼ਬਦ ਨਹੀ ਢੁਕਦਾ: 'ਮਾਇਆਧਾਰੀ ਅਤਿ ਅੰਨਾ ਬੋਲਾ£ ਸਬਦੁ ਨ ਸੁਣਈ ਬਹੁ ਰੋਲ ਘਚੋਲਾ£' (ਗਉੜੀ ਕੀ ਵਾਰ ਮ: 3, ਗੁਰੂ ਗ੍ਰੰਥ ਸਾਹਿਬ-ਪੰਨਾ 313) ਕੀ ਉਸ ਇਕੱਠ ਨੂੰ ਸਿੱਖਾਂ ਦੇ ਇਕੱਠ ਨਾਲੋਂ (ਅ) ਸਿੱਖਾਂ ਦਾ ਇਕੱਠ ਕਹਿਣਾ ਜ਼ਿਆਦਾ ਢੁਕਵਾਂ ਨਹੀਂ ਹੋਵੇਗਾ? ਕੀ ਇਹ (ਅ) ਸਿੱਖਾਂ ਦਾ ਇਕੱਠ ਆਪਣੇ ਤੋਂ ਵੱਡੇ (ਅ) ਸਿੱਖ, ਜਿਸ ਦੇ ਹੱਥ ਵਿਚ ਅਹੁਦੇ ਤੇ ਸਹੂਲਤਾਂ ਰੂਪੀ ਮਾਇਆ ਵੰਡਣ ਦੀ ਸਮਰੱਥਾ ਹੈ, ਉਸ ਨੂੰ 'ਪੰਥ ਰਤਨ ਫ਼ਖ਼ਰ-ਏ-ਕੌਮ' ਦੇਣ ਦਾ ਅਧਿਕਾਰ ਹੈ?
ਕਿਰਪਾਲ ਸਿੰਘ ਬਠਿੰਡਾ
98554-80797