ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਕੌਮ ਸਾਹਮਣੇ ਹਨ ਇੱਕੀਵੀਂ ਸਦੀ ਦੀਆਂ ਗੰਭੀਰ ਚੁਣੌਤੀਆਂ


ਸਿੱਖ ਇਤਿਹਾਸ ਮੂਲ ਤੌਰ 'ਤੇ ਸੰਘਰਸ਼ ਤੇ ਚੁਣੌਤੀਆਂ ਨਾਲ ਭਰਪੂਰ ਹੈ। ਅਰੰਭਕ ਪੜਾਅ ਤੋਂ ਸਮਾਜਿਕ, ਧਾਰਮਿਕ, ਸੱਭਿਆਚਾਰਕ ਤੇ ਰਾਜਨੀਤਕ ਉਥਲ-ਪੁਥਲ ਦਾ ਗਵਾਹ ਰਿਹਾ ਹੈ। ਹਰ ਚੁਣੌਤੀ ਦਾ ਟਾਕਰਾ ਕਰਨ ਦੇ ਸਮਰੱਥ ਸਿੱਖ ਪ੍ਰੰਪਰਾਵਾਂ, ਧਾਰਮਿਕ ਅਕੀਦਿਆਂ ਤੇ ਪ੍ਰਤੀਬੱਧਤਾ ਦੇ ਸਨਮੁਖ ਚੜ੍ਹਦੀ ਕਲਾ ਵਿਚ ਰਹੀਆਂ ਹਨ। ਸਿੱਖ ਕੌਮ ਨੂੰ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਹਮੇਸ਼ਾ ਹੀ ਗੁਰਬਾਣੀ ਦੀ ਟੇਕ ਰਹੀ ਹੈ ਅਤੇ ਇਸ ਸਦਕਾ ਹੀ ਔਖੇ ਸਮੇਂ ਵਿਚ ਵੀ ਉਹ ਮੁਕਾਬਲਾ ਕਰਨ ਦੇ ਸਮਰੱਥ ਰਹੇ ਹਨ।
20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਸਿੱਖ ਕੌਮ ਨੂੰ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਸਮਰੱਥ ਬਣਾਉਣ ਦੇ ਯਤਨਾਂ ਵਜੋਂ ਸਿੰਘ ਸਭਾ ਲਹਿਰ, ਖਾਲਸਾ ਦੀਵਾਨ ਅਤੇ ਗੁਰਦੁਆਰਾ ਸੁਧਾਰ ਲਹਿਰ ਨੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ, ਜਿਸ ਕਾਰਨ ਸਿੱਖ ਰਹਿਤ ਮਰਿਯਾਦਾ ਸਥਾਪਤ ਕੀਤੀ ਗਈ ਅਤੇ ਸਿੱਖ ਕੌਮ ਲਈ ਸਹੀ ਅਰਥਾਂ ਵਿਚ ਇਕ ਵਿਧੀ ਵਿਧਾਨ ਕਾਇਮ ਕੀਤਾ ਗਿਆ। ਇਸ ਦੌਰ ਨੂੰ ਪੁਨਰ-ਸੁਰਜੀਤੀ ਦਾ ਦੌਰ ਕਿਹਾ ਜਾਂਦਾ ਹੈ। ਇਸ ਵਿਧੀ ਵਿਧਾਨ ਵਿਚ ਜਿਥੇ ਸਿੱਖ ਧਰਮ ਦੀ ਮਰਿਯਾਦਾ ਨੂੰ ਅੰਕਿਤ ਕੀਤਾ ਗਿਆ, ਉਥੇ ਸਿੱਖ ਕੌਮ ਲਈ ਸਮਾਜਿਕ, ਸੱਭਿਆਚਾਰਕ ਤੇ ਭਾਈਚਾਰਕ ਕਦਰਾਂ-ਕੀਮਤਾਂ ਨੂੰ ਵੀ ਨਿਰਧਾਰਤ ਕੀਤਾ ਗਿਆ। ਇਨ੍ਹਾਂ ਲਹਿਰਾਂ ਤੇ ਵਿਧੀ-ਵਿਧਾਨ ਨਾਲ ਸਿੱਖ ਧਰਮ ਇਕ ਸੰਗਠਤ, ਅਨੁਸ਼ਾਸਿਤ ਤੇ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋਇਆ, ਜਿਸ ਦੇ ਅੰਤਰਗਤ ਇਸ ਨੂੰ ਇਕ ਪਾਸੇ ਸੰਗਤੀ ਤੇ ਪੰਗਤੀ ਪ੍ਰੰਪਰਾ ਦਾ ਪ੍ਰਤੀਕ ਬਣਾਇਆ ਗਿਆ, ਉਥੇ ਸਿੱਖ ਕੌਮ ਨੂੰ ਇਕ ਸੁਤੰਤਰ ਧਾਰਮਿਕ ਇਕਾਈ ਵਜੋਂ ਸਥਾਪਤ ਕਰਨ ਦੀ ਪ੍ਰਕ੍ਰਿਆ ਨੂੰ ਵੀ ਠੋਸ ਰੂਪ ਦਿੱਤਾ ਗਿਆ। ਇਸ ਪ੍ਰਕ੍ਰਿਆ ਵਿਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ, ਪੰਜ ਜਥੇਦਾਰ ਸਾਹਿਬਾਨ, ਸਰਬੱਤ ਖਾਲਸਾ ਆਦਿ ਸੰਸਥਾਗਤ ਇਕਾਈਆਂ ਦਾ ਸਰੂਪ ਨਿਰਧਾਰਤ ਕੀਤਾ ਗਿਆ। 20ਵੀਂ ਸਦੀ ਦੇ ਪਹਿਲੇ ਅੱਧ ਵਿਚ ਇਨ੍ਹਾਂ ਸੰਸਥਾਵਾਂ ਦੇ ਕਾਰਨ ਸਿੱਖ ਕੌਮ ਦੂਜੇ ਧਰਮਾਂ ਦੇ ਧਰਮ ਪਰਿਵਰਤਨ ਦੀ ਪ੍ਰਕ੍ਰਿਆ ਨੂੰ ਰੋਕਣ ਵਿਚ ਸਫ਼ਲ ਰਹੀ ਅਤੇ ਸਿੱਖ ਕੌਮ ਦੇਸ਼ ਤੇ ਵਿਦੇਸ਼ ਵਿਚ ਆਪਣਾ ਵਿਲੱਖਣ ਸਥਾਨ ਸਥਾਪਤ ਕਰਨ ਵਿਚ ਵੀ ਸਫ਼ਲ ਹੋਈ।
20ਵੀਂ ਸਦੀ ਦੇ ਪਿਛਲੇ ਦਹਾਕਿਆਂ ਤੇ 21ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਸਿੱਖ ਧਰਮ ਨੂੰ ਅਨੇਕਾਂ ਚੁਣੌਤੀਆਂ ਦਾ ਟਾਕਰਾ ਕਰਨਾ ਪਿਆ, ਜਿਸ ਵਿਚ ਰਾਜਨੀਤਕ ਦਖ਼ਲ, ਕਦਰਾਂ-ਕੀਮਤਾਂ ਵਿਚ ਨਿਘਾਰ, ਸਿੱਖ ਪ੍ਰੰਪਰਾਵਾਂ ਸਬੰਧੀ ਕਮਜ਼ੋਰੀ ਅਤੇ ਧਾਰਮਿਕ ਰਹੁ-ਰੀਤਾਂ ਸਬੰਧੀ ਪ੍ਰਤੀਬੱਧਤਾ ਦੀ ਘਾਟ ਨਜ਼ਰ ਆਉਣ ਲੱਗ ਪਈ, ਜਿਸ ਕਾਰਨ ਜਿਥੇ ਇਕ ਪਾਸੇ ਸਿੱਖ ਧਰਮ ਦੇ ਪ੍ਰਚਾਰ ਦੀ ਘਾਟ ਰੜਕਦੀ ਹੈ, ਉਥੇ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਸਿੱਖ ਸੰਸਥਾਵਾਂ ਦਾ ਤਿਆਰ ਨਾ ਹੋਣਾ ਅਤੇ ਸਵਾਰਥੀ ਸੋਚ, ਸੱਤਾ ਦੀ ਪ੍ਰਾਪਤੀ ਦੀ ਲਾਲਸਾ ਤੇ ਸਿਧਾਂਤਾਂ ਪ੍ਰਤੀ ਸਪੱਸ਼ਟ ਨਾ ਹੋਣਾ ਪ੍ਰਮੁੱਖ ਕਾਰਨ ਮੰਨੇ ਜਾ ਸਕਦੇ ਹਨ। ਇਸ ਸੰਦਰਭ ਵਿਚ ਮੌਜੂਦਾ ਸਮੇਂ 'ਚ ਨੌਜਵਾਨ ਪੀੜ੍ਹੀ ਦੀ ਸੋਚ, ਵਿਚਾਰਾਂ ਦੀ ਪ੍ਰਪੱਕਤਾ, 21ਵੀਂ ਸਦੀ ਵਿਚ ਗਿਆਨ ਦੇ ਨਵੇਂ ਸਰੋਤਾਂ ਦੇ ਸਨਮੁਖ ਸਾਡੀਆਂ ਸੰਸਥਾਵਾਂ ਇਨ੍ਹਾਂ ਨੌਜਵਾਨਾਂ ਦੀਆਂ ਆਸ਼ਾਵਾਂ ਤੇ ਇੱਛਾਵਾਂ ਦੀ ਪੂਰਤੀ ਕਰਨ ਦੇ ਸਮਰੱਥ ਨਹੀਂ ਹੋ ਰਹੀਆਂ। ਇਸ ਦੁਬਿਧਾ ਦੀ ਸਥਿਤੀ ਵਿਚ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਦੇ ਧੁਰੇ ਤੋਂ ਖਿਸਕ ਰਹੀ ਪ੍ਰਤੀਤ ਹੁੰਦੀ ਹੈ। ਇਸ ਕਾਰਨ ਹੀ ਸਿੱਖ ਭਾਈਚਾਰੇ ਵਿਚ ਪਤਿਤਪੁਣਾ, ਨਸ਼ਾਖੋਰੀ, ਜੁਰਮਾਂ ਦੀ ਪ੍ਰਵਿਰਤੀ ਤੇ ਸਮਾਜਿਕ ਕਦਰਾਂ-ਕੀਮਤਾਂ ਦੀ ਪਾਲਣਾ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਸ ਸਥਿਤੀ ਲਈ ਅਸੀਂ ਆਮ ਤੌਰ 'ਤੇ ਨਵੇਂ ਸਮੇਂ ਦੀ ਸੋਚ ਨੂੰ ਜ਼ਿੰਮੇਵਾਰ ਸਮਝਦੇ ਹੋਏ ਜ਼ਿੰਮੇਵਾਰੀ ਤੋਂ ਮੁਕਤ ਹੋਣ ਦਾ ਯਤਨ ਕਰਦੇ ਹਾਂ ਜੋ ਕਿ ਆਪਣੇ-ਆਪ ਵਿਚ ਯਥਾਰਥ ਨਹੀਂ, ਸਗੋਂ ਇਸ ਨੂੰ ਹਕੀਕਤਾਂ ਪ੍ਰਤੀ 'ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਟ ਲੈਣ' ਵਾਲੀ ਗੱਲ ਹੀ ਕਹਿ ਸਕਦੇ ਹਾਂ। ਇਸ ਲਈ ਸਿੱਖ ਕੌਮ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਅਧਿਐਨ ਕਰਦੇ ਹੋਏ ਹਰ ਸੰਕਟ ਦਾ ਟਾਕਰਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।
21ਵੀਂ ਸਦੀ ਵਿਚ ਸਮਾਜਿਕ ਤੇ ਧਾਰਮਿਕ ਪੱਧਰ 'ਤੇ ਹੋ ਰਹੀਆਂ ਤਬਦੀਲੀਆਂ ਵਿਚ ਜ਼ਿੰਮੇਵਾਰ ਸੰਸਥਾਵਾਂ ਵੱਲੋਂ ਮੀਡੀਆ, ਫਿਲਮਾਂ ਤੇ ਤਕਨਾਲੋਜੀ ਨੂੰ ਹੀ ਧਾਰਮਿਕ ਤੇ ਸਮਾਜਿਕ ਕਦਰਾਂ-ਕੀਮਤਾਂ ਦੀ ਗਿਰਾਵਟ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਮੀਰਸ਼ਾਹੀ ਤੇ ਸਵਾਰਥੀ ਸੋਚ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਅੱਜ ਲੋੜ ਹੈ ਕਿ ਸਿੱਖ ਸੰਸਥਾਵਾਂ ਇਨ੍ਹਾਂ ਚੁਣੌਤੀਆਂ ਪ੍ਰਤੀ ਸੁਚੇਤ ਹੋ ਕੇ ਨਵੀਂ ਨੀਤੀ ਤਿਆਰ ਕਰਨ ਤਾਂ ਕਿ ਕੌਮ ਦੇ ਹਿਤ ਵਿਚ ਲਏ ਗਏ ਹਰ ਫੈਸਲੇ ਨੂੰ ਦੀਰਘ ਸੋਚ-ਵਿਚਾਰ ਉਪਰੰਤ ਹੀ ਐਲਾਨਿਆ ਜਾਵੇ ਤੇ ਇਸ ਪਿੱਛੇ ਸਿੱਖ ਪ੍ਰੰਪਰਾਵਾਂ, ਸਿੱਖ ਸੋਚ, ਗੁਰਬਾਣੀ ਦੇ ਸੱਚ ਨੂੰ ਆਧਾਰ ਬਣਾਇਆ ਜਾਵੇ।
ਇਸ ਸਮੇਂ ਸਿੱਖ ਕੌਮ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਿੱਖ ਕੌਮ ਦੀ ਸੁਤੰਤਰ ਹੋਂਦ ਨੂੰ ਕਾਇਮ ਰੱਖਣਾ ਹੈ ਅਤੇ ਇਸ ਦੇ ਅੰਤਰਗਤ ਸਿੱਖ ਅਧਿਆਤਮਕਤਾ ਦੇ ਨਾਲ-ਨਾਲ ਸਿੱਖੀ ਸਰੂਪ ਨੂੰ ਬਚਾਉਣਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਡੇ ਧਾਰਮਿਕ ਨੇਤਾ, ਤਖ਼ਤਾਂ ਦੇ ਜਥੇਦਾਰ, ਪ੍ਰਚਾਰਕ, ਰਾਗੀ ਸਾਹਿਬਾਨ, ਢਾਡੀ ਸਾਹਿਬਾਨ ਸਿੱਖ ਪ੍ਰੰਪਰਾਵਾਂ ਨੂੰ ਸਹੀ ਪਰਿਪੇਖ ਵਿਚ ਪ੍ਰਚਾਰਨ ਤੇ ਆਪ ਵੀ ਨਿੱਜਤਾ ਤੋਂ ਉਪਰ ਉੱਠ ਕੇ ਸਿੱਖ ਕੌਮ ਪ੍ਰਤੀ ਵਫ਼ਾਦਾਰੀ ਦਾ ਸਬੂਤ ਪੇਸ਼ ਕਰਨ। ਮੌਜੂਦਾ ਸਮੇਂ ਦਾ ਸਭ ਤੋਂ ਵੱਡਾ ਸੰਕਟ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਨੂੰ ਸੁਰੱਖਿਅਤ ਕਰਨਾ ਹੈ। ਇਸ ਵਿਚ ਜਿਥੇ ਇਤਿਹਾਸਕ ਸੰਦਰਭ ਨੂੰ ਸਾਹਮਣੇ ਰੱਖਣਾ ਪਵੇਗਾ, ਉਥੇ ਆਦਰਸ਼ ਵੀ ਸਥਾਪਤ ਕਰਨੇ ਪੈਣਗੇ। ਸਿੱਖ ਪ੍ਰੰਪਰਾਵਾਂ ਵਿਚ ਪਤਿਤਪੁਣਾ ਅਤੇ ਕੁਰਹਿਤਾਂ ਨੂੰ ਬੱਜਰ ਗੁਨਾਹ ਦੇ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਰਿਹਾ ਹੈ ਪਰ ਅੱਜ ਸਿੱਖ ਭਾਈਚਾਰੇ ਵਿਚ ਸਿੱਖ ਸੰਸਥਾਵਾਂ ਵੱਲੋਂ ਇਕ ਮੂਕ ਦਰਸ਼ਕ ਵਜੋਂ ਇਨ੍ਹਾਂ ਨੂੰ ਪ੍ਰਵਾਨਗੀ ਦੇਣ ਦੀ ਪ੍ਰਕ੍ਰਿਆ ਦੇਖਣ ਨੂੰ ਮਿਲ ਰਹੀ ਹੈ। ਇਸ ਪ੍ਰਕ੍ਰਿਆ ਵਿਚ ਜਿਥੇ ਸਿੱਖ ਸਿਧਾਂਤਾਂ ਦੀ ਪਕੜ ਦੀ ਅਣਹੋਂਦ ਨਜ਼ਰ ਆਉਂਦੀ ਹੈ, ਉੱਥੇ ਪ੍ਰਭਾਵਸ਼ਾਲੀ ਲੋਕਾਂ ਦੇ ਪ੍ਰਭਾਵ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਅਸਲ ਵਿਚ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿ ਸਾਧਾਰਨ ਸਿੱਖਾਂ ਲਈ ਤੇ ਪ੍ਰਭਾਵਸ਼ਾਲੀ ਲੋਕਾਂ ਲਈ ਵੱਖਰੇ-ਵੱਖਰੇ ਧਾਰਮਿਕ ਮਾਪਦੰਡ ਨਿਸਚਿਤ ਕੀਤੇ ਜਾ ਰਹੇ ਹਨ, ਜਿਸ ਕਾਰਨ ਨਵੀਂ ਪੀੜ੍ਹੀ ਭਟਕਣ ਦੇ ਨਵੇਂ ਰਸਤਿਆਂ 'ਤੇ ਜਾ ਰਹੀ ਹੈ। ਅਸਲ ਵਿਚ 21ਵੀਂ ਸਦੀ ਵਿਚ ਤਕਨਾਲੋਜੀ, ਨਵੀਆਂ ਕਾਢਾਂ ਤੇ ਮੀਡੀਆ ਦੇ ਨਾਂਹ-ਪੱਖੀ ਪ੍ਰਭਾਵ ਦਾ ਟਾਕਰਾ ਕਰਨ ਲਈ ਹਰ ਸਥਿਤੀ ਨੂੰ ਵੱਡੇ ਤੇ ਗੰਭੀਰ ਪ੍ਰਸੰਗ ਵਿਚ ਵਿਚਾਰਨ ਦੀ ਲੋੜ ਹੈ, ਜਿਸ ਦੇ ਸਨਮੁਖ ਹੀ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਠੋਸ ਆਧਾਰ ਤਿਆਰ ਕੀਤਾ ਜਾ ਸਕੇਗਾ।
ਐਸ. ਪੀ. ਸਿੰਘ