ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਥ ਰਤਨ ਬਨਾਮ ਬਾਦਲ ਰਤਨ : ਬਾਦਲ ਸਾਹਿਬ ਕੋਲੋਂ ਗਲਤੀਆਂ ਕਰਵਾਈਆਂ ਜਾ ਰਹੀਆਂ ਹਨ!


ਨਵੰਬਰ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 'ਵਿਰਾਸਤ-ਏ-ਖਾਲਸਾ' ਨੂੰ ਪੰਥ ਨੂੰ ਸਮਰਪਿਤ ਕੀਤਾ ਗਿਆ। ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਭਵਨ ਦਾ ਨਿਰਮਾਣ ਅਤੇ ਉਸ ਦੇ ਉਦਘਾਟਨ ਨਾਲ ਆਪਣੇ ਆਪ ਨੂੰ ਸਿੱਖ ਪੰਥ ਦੇ ਮਹਾਨ ਸ਼ੁਭਚਿੰਤਕ ਦਰਸਾ ਕੇ ਸਿੱਖਾਂ ਦੀਆਂ ਵੋਟਾਂ ਲੈਣ ਦੀ 'ਆਸ' ਲਗਾਈ ਬੈਠੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਿਆਸੀ ਐਨਕ ਰਾਹੀਂ ਵੇਖੇ ਗਏ ਇਸ ਪ੍ਰੋਜੈਕਟ ਨੂੰ ਲੈ ਕੇ ਬੁੱਧੀਜੀਵੀ ਵਰਗ ਕਾਫ਼ੀ ਔਖਾ ਬੈਠਾ ਹੈ ਪਰ ਅੜਿੰਗ ਵੜਿੰਗ ਹੋਏ ਬੁੱਧੀਜੀਵੀਆਂ ਦੀ ਵੀ ਬਾਦਲ ਦਲ ਨੂੰ ਨਾ ਕੋਈ ਪ੍ਰਵਾਹ ਹੈ ਅਤੇ ਨਾ ਹੀ ਕੋਈ ਲੋੜ ਹੈ ਕਿਉਂਕਿ ਬੁੱਧੀਜੀਵੀ ਵਰਗ ਤੇ ਅਕਾਲੀ ਦਲ ਦਾ ਆਪਸ ਵਿਚ ਕੋਈ ਸੁਮੇਲ ਨਹੀਂ ਹੈ। ਵਿਰਾਸਤ-ਏ-ਖਾਲਸਾ ਕੌਮ ਦੇ ਇਤਿਹਾਸ ਦਾ ਅਜਾਇਬ ਘਰ ਤਾਂ ਜ਼ਰੂਰ ਬਣ ਗਿਆ ਹੈ ਪ੍ਰੰਤੂ ਇਸ ਦੀ ਰੂਹ ਜਿਹੜੀ ਖਾਲਸੇ ਦੇ 300 ਸਾਲਾ ਜਨਮ ਦਿਹਾੜੇ ਦੀ ਯਾਦ ਵਿਚ 300 ਫੁੱਟ ਉੱਚੇ ਖੰਡੇ ਦੇ ਰੂਪ ਵਿਚ ਸ਼ੁਸ਼ੋਭਿਤ ਹੋਣੀ ਸੀ, ਉਹ ਪਹਿਲਾਂ ਹੀ ਗਾਇਬ ਕਰ ਦਿੱਤੀ ਗਈ ਹੈ, ਜਿਹੜੀ ਰੋਪੜ ਤੋਂ ਹੀ ਸੰਗਤਾਂ ਨੂੰ ਨਜ਼ਰ ਆਉਣੀ ਸੀ। ਇਸ ਵਿਰਾਸਤ ਦਾ ਅਸਲੀ ਰੂਪ ਵਿਗਾੜਨਾ ਕੋਈ ਦਿਆਨਤਦਾਰੀ ਨਹੀਂ ਸਗੋਂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਖਾਲਸੇ ਦੀ ਵਿਰਾਸਤ ਵਿਚ ਹੀਰ-ਰਾਂਝਿਆਂ ਨੂੰ ਵਾੜ ਦਿੱਤਾ ਗਿਆ ਹੈ ਜਿਸ ਦਾ ਸਿੱਖ ਪੰਥ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ।
ਹੀਰ-ਰਾਂਝਾ ਤੇ ਗੁੱਗਾ ਪੀਰ, ਕਿਹੜੇ ਖਾਲਸੇ ਦੀ ਵਿਰਾਸਤ ਹਨ, ਇਸ ਬਾਰੇ ਤਾਂ ਬਾਦਲ ਸਾਹਿਬ ਜਾਣਨ ਜਾਂ ਫਿਰ ਪੰਥ ਦੇ ਜਥੇਦਾਰ ਅਖਵਾਉਣ ਵਾਲੇ ਪੰਥ ਨੂੰ ਇਸ ਬਾਰੇ ਜ਼ਰੂਰ ਜਾਣਕਾਰੀ ਦੇਣ ਕਿ ਇਨ੍ਹਾਂ ਆਸ਼ਕਾਂ ਦਾ ਸਿੱਖ ਧਰਮ ਨਾਲ ਕੀ ਸਬੰਧ ਹੈ? ਪ੍ਰੰਤੂ ਜਵਾਬ ਮੰਗਣ ਤੇ ਦੇਣ ਵਾਲਾ ਅੱਜ ਕੋਈ ਨਹੀਂ, ਕਿਉਂਕਿ ਖਾਲਸੇ ਦੀ ਵਿਰਾਸਤ ਨੂੰ 'ਇਕੱਲੇ' ਸ਼੍ਰੋਮਣੀ ਅਕਾਲੀ ਦਲ (ਬ) ਹੀ ਨਹੀਂ, ਸਗੋਂ ਲਗਭਗ ਸਾਰੀ ਕੌਮ ਹੀ ਭੁੱਲ ਵਿਸਾਰ ਚੁੱਕੀ ਹੈ, ਸ਼ਾਇਦ ਇਸੇ ਲਈ ਕਿਸੇ ਨੇ ਬਾਦਲ ਦਲ ਨੂੰ ਇਹ ਚੇਤਾ ਹੀ ਨਹੀਂ ਕਰਵਾਇਆ ਕਿ ਜਿਸ ਆਨੰਦਪੁਰ ਵਿਚ 24-25 ਦੀ ਰਾਤ ਨੂੰ ਆਪਣੀ ਸਸਤੀ ਸ਼ੋਹਰਤ ਲਈ 'ਆਤਿਸ਼ਬਾਜ਼ੀ' ਚਲਾਈ, ਢੋਲ ਨਗਾਰੇ ਵਜਾਏ, ਉਸ ਦਿਨ ਇਸ ਆਨੰਦਪੁਰ ਸਾਹਿਬ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਵੈਰਾਗਮਈ ਹੋ ਕੇ ਗਰੀਬਾਂ ਮਜ਼ਲੂਮਾਂ ਤੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਭੇਂਟ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਉਡੀਕ ਰਹੀ ਸੀ, ਜਿਸ ਨੂੰ ਲੈ ਕੇ ਭਾਈ ਜੈਤਾ ਦਿੱਲੀ ਦੇ ਚਾਂਦਨੀ ਚੌਂਕ ਤੋਂ ਵਾਹੋ ਦਾਹੀ ਆਨੰਦਪੁਰ ਸਾਹਿਬ ਵੱਲ ਆ ਰਹੇ ਸੀ ਅਤੇ ''ਬਾਲਾ ਪ੍ਰੀਤਮ'' ਗੋਬਿੰਦ ਰਾਏ, ਵੈਰਾਗ ਵਿਚ ਡੁੱਬੀਆਂ ਸੰਗਤਾਂ ਨਾਲ ਆਪਣੇ ਪਿਤਾ ਅਤੇ ਗੁਰੂ ਦੇ ਸੀਸ ਨੂੰ ਅੱਗੇ ਹੋ ਕੇ 'ਨਤਮਸਤਕ' ਹੋਣ ਲਈ ਕੀਰਤਪੁਰ ਸਾਹਿਬ ਵੱਲ ਕੜਾਕੇ ਦੀ ਠੰਡ ਵਿਚ ਨੰਗੇ ਪੈਰੀਂ ਚਾਲੇ ਪਾ ਚੁੱਕੇ ਸਨ। ਭਾਵੇਂ ਸਿੱਖੀ ਵਿਚ ਸ਼ਹਾਦਤ, ਖੁਸ਼ੀ-ਖੁਸ਼ੀ ਦਿੱਤੀ ਜਾਂਦੀ ਹੈ ਪਰ ਫਿਰ ਵੀ ਸ਼ਹਾਦਤ ਤਾਂ ਸ਼ਹਾਦਤ ਹੀ ਹੈ ਤੇ ਵੈਰਾਗਮਈ ਦਾ ਪ੍ਰਤੀਕ ਹੈ।
ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦੀ ਯਾਦ ਵਿਚ 24 ਨਵੰਬਰ ਦੀ ਰਾਤ ਵੀ ਥਾਂ-ਥਾਂ ਰੈਣ ਸੂਬਾਈ ਕੀਰਤਨ ਹੋਏ ਸਨ ਅਤੇ ਸੰਗਤਾਂ ਵੈਰਾਗਮਈ ਅਵਸਥਾ ਵਿਚ ਗੁਰੂ ਦੀ ਯਾਦ ਨਾਲ ਜੁੜੀਆਂ ਰਹੀਆਂ ਸਨ। ਵਿਰਾਸਤ ਨੂੰ ਸੰਭਾਲਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੀ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਦੀ ਵੀ ਜਾਣਕਾਰੀ ਨਹੀਂ ਰੱਖਦੇ ਜਾਂ ਫਿਰ ਉਨ੍ਹਾਂ ਨੂੰ ਆਪਣੀ ਜੈ-ਜੈ ਕਾਰ ਦੀ ਲਾਲਸਾ ਵਿਚ ਹੋਰ ਕੁਝ ਵੀ ਯਾਦ ਨਹੀਂ ਰਹਿੰਦਾ? ਖਾਲਸੇ ਦੀ ਵਿਰਾਸਤ ਖਾਲਸੇ ਨੂੰ ਸੌਂਪਣ ਦਾ ਸਹੀ ਦਿਹਾੜਾ ਤਾਂ ਭਾਵੇਂ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਦਾ ਦਿਵਸ ਹੋਣਾ ਚਾਹੀਦਾ ਸੀ ਪ੍ਰੰਤੂ ਵੋਟ ਰਾਜਨੀਤੀ ਉਸ ਦਿਹਾੜੇ ਨੂੰ ਉਡੀਕ ਨਹੀਂ ਸਕਦੀ ਸੀ ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤਾਂ ਫਰਵਰੀ ਵਿਚ ਹੋਣੀਆ ਲਗਭਗ ਤਹਿ ਹਨ ਅਤੇ ਵੋਟ ਰਾਜਨੀਤੀ ਹੀ ਸਾਰੇ ਕਾਰਜ ਅੱਗੇ ਪਿੱਛੇ ਕਰਵਾਈ ਜਾ ਰਹੀ ਹੈ। ਚੋਣਾਂ ਤੋਂ ਬਾਅਦ ਤਾਂ ਬਾਦਲ ਦਲ ਲਈ ਵਿਰਾਸਤ-ਏ-ਖਾਲਸਾ ਦੇ ਨਿਰਮਾਣ ਦੀ ਬੱਲੇ ਬੱਲੇ ਦਾ ਉਨ੍ਹਾਂ ਲਈ ਕੋਈ ਅਰਥ ਨਹੀਂ ਰਹਿ ਜਾਂਦਾ ਸੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜੇਕਰ ਇਹ ਲੋਕ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਉਡੀਕ ਨਹੀਂ ਸਕਦੇ ਸਨ ਤਾਂ ਇਨ੍ਹਾਂ ਨੂੰ ਘੱਟੋ ਘੱਟ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੋਂ ਇਹ ਜਸ਼ਨਾਂ ਵਾਲਾ ਸਮਾਗਮ ਅੱਗੇ ਪਿੱਛੇ ਕਰ ਲੈਣਾ ਚਾਹੀਦਾ ਸੀ।
ਸਿਆਣੇ ਕਹਿੰਦੇ ਹਨ ਕਿ ਜੇਕਰ ਮੱਤ ਆਪਣੇ ਪੱਲੇ ਨਾ ਹੋਵੇ ਤਾਂ ਗੁਆਂਢੀਆਂ ਕੋਲੋਂ ਲੈ ਲੈਣੀ ਚਾਹੀਦੀ ਹੈ ਪਰ ਇਥੇ ਤਾਂ ਇਹ ਕੁਝ ਨਹੀਂ ਹੋ ਸਕਿਆ ਕਿਉਂਕਿ ਬਾਦਲ ਦਲ ਨੇ ਪਹਿਲਾਂ ਬਠਿੰਡੇ ਵਿਚ ਵਿਸ਼ਵ ਪੱਧਰੀ ਕਬੱਡੀ ਟੂਰਨਾਮੈਂਟ ਦੇ ਉਦਘਾਟਨ ਦਾ ਦਿਨ ਵੀ ਸਿੱਖ ਨਸ਼ਲਕੁਸ਼ੀ ਵਾਲੇ ਹਫ਼ਤੇ ਦਾ ਚੁਣਿਆ ਤੇ ਇਸ ਸਮੇਂ ਅੱਧ ਨੰਗੀਆਂ ਮੁਟਿਆਰਾਂ ਕੋਲੋਂ ਨਾਚ ਕਰਵਾ ਕੇ ਸਿੱਖ ਜਜ਼ਬਾਤਾਂ ਨੂੰ ਕੁਚਲਿਆ, ਜਿਸ ਤੋਂ ਸਪੱਸ਼ਟ ਹੈ ਕਿ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਜਾਂ ਫਿਰ ਜਾਣਬੁਝ ਕੇ ਗਲਤੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਦੀ ਵੀ ਪ੍ਰਵਾਹ ਨਹੀਂ ਹੈ।
ਇਸੇ ਤਰ੍ਹਾਂ ਵਿਰਾਸਤ-ਏ-ਖਾਲਸਾ ਸੰਗਤਾਂ ਨੂੰ ਸੌਂਪਣ ਸਮੇਂ ਜਿਹੜੀ ਇਕ ਹੋਰ ਗਲਤੀ ਕੀਤੀ ਗਈ ਹੈ, ਉਹ ਵੀ ਚਰਚਾ ਦਾ ਵਿਸ਼ਾ ਹੈ। ਇਸ ਦਿਨ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀਆਂ ਪੰਥ ਪ੍ਰਤੀ ਨਿਭਾਈਆ ਸੇਵਾਵਾਂ ਨੂੰ ਮੁੱਖ ਰੱਖ ਕੇ ਸ੍ਰੀ ਅਕਾਲ ਤਖਤ ਤੋਂ ''ਫਖ਼ਰੇ-ਏ-ਕੌਮ ਪੰਥ ਰਤਨ'' ਐਵਾਰਡ ਦੇਣ ਦਾ ਐਲਾਨ ਕਰ ਦਿੱਤਾ, ਜਿਸ ਦਾ ਸਾਰੀਆਂ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਤੇ ਕਿਹਾ ਕਿ 'ਪੰਥ ਰਤਨ' ਦੀ ਉਪਾਧੀ ਸਿਰਫ਼ ਉਸ ਵਿਅਕਤੀ ਨੂੰ ਹੀ ਦਿੱਤੀ ਜਾ ਸਕਦੀ ਹੈ, ਜਿਸ ਨੇ ਪੰਥ ਲਈ ਕੋਈ ਬਹੁਤ ਹੀ ਵੱਡਾ ਮਾਅਰਕਾ ਮਾਰਿਆ ਹੋਇਆ ਹੋਵੇ ਅਤੇ ਇਹ ਪਦਵੀ ਵੀ ਮਰਨ ਉਪਰੰਤ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਂਕਿ ਜਿਉਂਦੇ ਜੀਅ ਇਹ ਪਦਵੀ ਲੈਣ ਵਾਲਾ ਵਿਅਕਤੀ ਕੋਈ ਅਜਿਹੀ ਗਲਤੀ ਨਾ ਕਰ ਬੈਠੇ, ਜਿਸ ਨਾਲ ਇਸ ਸਨਮਾਨ ਦੀ ਬੇਅਦਬੀ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਤੱਕ ਕੇਵਲ ਮਰਨ ਉਪਰੰਤ ਹੀ ਪੰਥ ਰਤਨ ਦਾ ਸਨਮਾਨ ਦਿੱਤਾ ਗਿਆ ਹੈ ਪਰ ਸ੍ਰੀ ਬਾਦਲ ਨੂੰ ਜਿਉਂਦੇ ਜੀਅ ਇਹ ਉਪਾਧੀ ਦੇਣੀ ਕਿਸੇ ਵੀ ਰੂਪ ਵਿਚ ਪੰਥਕ ਨਹੀਂ ਅਖਵਾ ਸਕਦੀ। ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਬਾਦਲ ਨੂੰ ਪੰਥ ਰਤਨ ਦੀ ਉਪਾਧੀ ਨਹੀਂ ਸਗੋਂ 'ਗੱਦਾਰ-ਏ-ਕੌਮ' ਦੀ ਉਪਾਧੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਨੂੰ 'ਫਖ਼ਰੇ-ਏ-ਕੌਮ ਪੰਥ ਰਤਨ' ਦੀ ਉਪਾਧੀ ਦੇਣ ਦਾ ਐਲਾਨ ਕਰਨ ਵਾਲਿਆਂ ਨੇ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੇ ਸਰਬਰਾਹ ਅਰੂੜ ਸਿੰਘ ਨੂੰ ਵੀ ਮਾਤ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਆਪਣੇ ਕਾਰਜ ਕਾਲ ਵਿਚ ਇਕ ਵੀ ਅਜਿਹਾ ਕਾਰਜ ਨਹੀਂ ਗਿਣਾ ਸਕਦਾ ਜਿਹੜਾ ਉਸ ਨੇ ਸਿੱਖ ਪੰਥ ਦੀ ਭਲਾਈ ਲਈ ਕੀਤਾ ਹੋਵੇ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਾਤਾਰ ਸਿੰਘ ਮੱਕੜ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਸ੍ਰੀ ਬਾਦਲ ਚਾਰ ਵਾਰੀ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੇ ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀਆਂ ਦਲੀਲਾਂ ਠੀਕ ਹਨ ਪਰ ਕੀ ਉਹ ਦੱਸਣ ਦੀ ਕ੍ਰਿਪਾਲਤਾ ਕਰਨਗੇ ਕਿ ਜਿਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆ ਗਈਆਂ ਹਨ, ਉਨ੍ਹਾਂ 'ਚੋਂ ਅੱਜ ਤੱਕ ਕਿਸੇ ਇਕ ਨੂੰ ਵੀ ਪੰਥ ਰਤਨ ਐਵਾਰਡ ਦਿੱਤਾ ਗਿਆ ਹੈ, ਜੇਕਰ ਨਹੀਂ ਦਿੱਤਾ ਗਿਆ ਤਾਂ ਫਿਰ ਸ੍ਰੀ ਬਾਦਲ ਇਸ ਐਵਾਰਡ ਦੇ ਹੱਕਦਾਰ ਕਿਵੇਂ ਤੇ ਕਿਉਂ ਬਣ ਗਏ ਹਨ? ਜਥੇਦਾਰ ਤੇ ਸ੍ਰੀ ਮੱਕੜ ਨੂੰ ਇਹ ਯਾਦ ਜ਼ਰੂਰ ਚਾਹੀਦਾ ਹੈ ਕਿ ਕਰੀਬ 92 ਸਾਲ ਬੀਤ ਜਾਣ ਦੇ ਬਾਵਜੂਦ ਵੀ 1919 'ਚ ਜਨਰਲ ਡਾਇਰ ਨੂੰ ਸਿਰੋਪਾ ਦੇਣ ਵਾਲੇ ਤੱਤਕਾਲੀ ਸਰਬਰਾਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਅਰੂੜ ਸਿੰਘ ਦੀ ਮੜ੍ਹੀ 'ਤੇ ਅੱਜ ਵੀ ਲੋਕ ਛਿੱਤਰ ਮਾਰੀ ਜਾਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਹੁਣ ਤੱਕ ਕਈ ਵਾਰੀ ਆਪਣੇ ਵੱਡੇ ਵਡੇਰੇ ਵੱਲੋਂ ਕੀਤੀ ਗਈ ਗਲਤੀ ਦੀ ਮੁਆਫ਼ੀ ਮੰਗ ਚੁੱਕੇ ਹਨ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਉਨ੍ਹਾਂ ਦੇ ਦੋਹਤਰੇ ਵੀ ਸ਼ਾਮਲ ਹਨ ਪਰ ਸਿੱਖ ਪੰਥ ਉਸ ਨੂੰ ਅੱਜ ਵੀ ਮੁਆਫ਼ ਕਰਨ ਲਈ ਤਿਆਰ ਨਹੀਂ ਹੈ।
ਇੰਝ ਲੱਗਦਾ ਹੈ ਕਿ ਬਾਦਲ ਸਾਹਿਬ ਦੀ ਸ਼ਾਇਦ ਕਿਸਮਤ ਹੀ ਇਸ ਵੇਲੇ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਅਤੇ ਉਨ੍ਹਾਂ ਵੱਲ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੇ ਫੋਕੇ ਫਾਇਰ ਵੀ ਟਿਕਾਣੇ 'ਤੇ ਲੱਗੀ ਜਾ ਰਹੇ ਹਨ ਅਤੇ ਉਹ ਬੇਲੋੜੇ ਵਿਵਾਦ ਦਾ ਕਾਰਨ ਬਣੀ ਜਾ ਰਹੇ ਹਨ। ਉਨ੍ਹਾਂ ਕੋਲੋਂ ਗਲਤੀਆਂ ਹੋ ਰਹੀਆਂ ਹਨ ਜਾਂ ਫਿਰ ਜਾਣਬੁਝ ਕੇ ਕਰਵਾਈਆਂ ਜਾ ਰਹੀਆਂ ਹਨ। ਇਸ ਬਾਰੇ ਤਾਂ ਸ੍ਰ. ਬਾਦਲ ਹੀ ਬਿਹਤਰ ਜਾਣਦੇ ਹੋਣਗੇ ਪਰ ਕਿਸੇ ਨਾ ਕਿਸੇ ਜਗ੍ਹਾ ਗੜਬੜ੍ਹ ਜ਼ਰੂਰ ਹੈ। ਉਨ੍ਹਾਂ ਕੋਲੋਂ ਗਲਤੀਆਂ ਕਰਾਉਣ ਵਾਲੇ ਭਵਿੱਖ ਵਿਚ ਉਨ੍ਹਾਂ ਦੇ ਨਾਲ ਚੱਲਣਗੇ ਜਾਂ ਸਾਥ ਛੱਡ ਕੇ ਕਿਸੇ ਹੋਰ ਦਾ ਪੱਲੂ ਫੜ ਲੈਣਗੇ, ਇਹ ਭਵਿੱਖ ਦੀ ਬੁੱਕਲ ਵਿਚ ਛੁਪਿਆ ਹੋਇਆ ਹੈ ਪਰ ਬਾਦਲ ਸਾਹਿਬ ਨੂੰ ਦਿੱਤਾ ਪੰਥ ਰਤਨ ਸਹੀ ਲਫ਼ਜ਼ਾਂ ਵਿਚ ਪੰਥ ਰਤਨ ਹੋਵੇਗਾ ਜਾਂ ਫਿਰ ਬਾਦਲ ਰਤਨ ਬਣ ਕੇ ਰਹਿ ਜਾਵੇਗਾ, ਇਸ ਦਾ ਫ਼ੈਸਲਾ ਇਤਿਹਾਸਕਾਰ ਜਲਦੀ ਹੀ ਕਰ ਦੇਣਗੇ ਕਿਉਂਕਿ ਇਤਿਹਾਸ ਨੇ ਕਦੇ ਵੀ ਕਿਸੇ ਨੂੰ ਮੁਆਫ਼ ਨਹੀਂ ਕੀਤਾ।
ਜਸਬੀਰ ਸਿੰਘ ਪੱਟੀ
93560-24684