ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਨਾਮ ਸਾਡਾ ਅਦਾਲਤੀ ਇਨਸਾਫ਼ ਪ੍ਰਬੰਧ ਅਤੇ ਸਾਡੇ ਸਿੱਖ ਆਗੂ


ਦੁਨੀਆਂ ਦੀਆਂ ਅਦਾਲਤਾਂ ਨੂੰ ਜਦ ਕੋਈ ਇਨਸਾਫ ਦੇ ਮੰਦਰ ਬੋਲਦਾ ਹੈ ਤਦ ਉਹ ਲੋਕ ਭਰਮ ਭੁਲੇਖੇ ਵਿਚ ਹੁੰਦੇ ਹਨ ਕਿਉਂਕਿ ਇਹ ਅਦਾਲਤਾਂ ਅਜ਼ਾਦ ਨਹੀਂ ਹੁੰਦੀਆਂ। ਦੁਨਿਆਵੀ ਅਦਾਲਤਾਂ ਕਦੇ ਵੀ ਅਜ਼ਾਦ ਨਹੀਂ ਹੋ ਸਕਦੀਆਂ ਪਰ ਇਹਨਾਂ ਦੇ ਉਲਟ ਵਿਅਕਤੀਗਤ ਕੀਤੇ ਫੈਸਲੇ ਜ਼ਰੂਰ ਇਨਸਾਫ ਦਾ ਰੂਪ ਹੋਣ ਦੇ ਨੇੜੇ ਹੋ ਸਕਦੇ ਹਨ। ਬਹੁਤ ਵਾਰ ਜਦ ਦੁਨਿਆਵੀ ਅਦਾਲਤਾਂ ਇਨਸਾਫ ਕਰਨ ਤੋਂ ਪਾਸੇ ਹੋ ਜਾਂਦੀਆਂ ਹਨ ਤਦ ਹੀ ਦੁਨੀਆਂ ਵਿਚ ਚੋਰ, ਡਾਕੂ, ਲੁਟੇਰੇ, ਅੱਤਵਾਦੀ, ਖਾੜਕੂ, ਕਰਾਂਤੀਕਾਰੀ ਅਤੇ ਆਮ ਮਨੁੱਖ ਬਹੁਤ ਵਾਰ ਵਿਅਕਤੀਗਤ ਤੌਰ 'ਤੇ ਇਨਸਾਫ ਵਾਲੇ ਫੈਸਲੇ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਜਾਲਮ ਰਾਜਸੱਤਾ ਖਿਲਾਫ਼ ਸੰਘਰਸ਼, ਲੈਨਿਨ ਦੀ ਕਰਾਂਤੀ, ਫਰਾਂਸ ਦਾ ਇਨਕਲਾਬ ਅਤੇ ਇਸ ਤਰ੍ਹਾਂ ਦੀਆਂ ਹੋਰ ਮਿਸਾਲਾਂ ਹਨ ਜੋ ਰਾਜਪ੍ਰਬੰਧ ਦੇ ਇਨਸਾਫ ਤੋਂ ਕਿਨਾਰਾ ਕਰਨ ਤੇ ਵਿਅਕਤੀਗਤ ਇਨਸਾਫ ਪਸੰਦ ਫੈਸਲੇ ਹਨ ਜੋ ਦੁਨੀਆਂ ਦੇ ਇਤਿਹਾਸ ਵਿਚ ਸਹੀ ਸਾਬਤ ਹੋਏ ਹਨ।  ਮੌਤ ਦੇ ਡਰ ਤੋਂ ਦੂਰ ਮਨੁੱਖ ਹੀ ਇਨਸਾਫ ਕਰਨ ਦੀ ਹਿੰਮਤ ਕਰਦਾ ਹੈ। ਸਰਕਾਰਾਂ ਦੀਆਂ ਅਦਾਲਤਾਂ ਦੇ ਜੱਜ ਸਰਕਾਰਾਂ ਦੇ ਅਤੇ ਪੈਸੇ ਦੀਆਂ ਲੋੜਾ ਦੇ ਕਾਰਨ ਹੀ ਰਾਜਸੱਤਾ ਦੇ ਗੁਲਾਮ ਬਣਕੇ ਵਿਚਰਦੇ ਹਨ ਜੋ ਮਨੁੱਖ ਦੁਨਿਆਵੀ ਲੋੜਾਂ ਅਧੀਨ ਆਪਣੇ ਤੋਂ ਵੀ ਅਯੋਗ ਵਿਅਕਤੀਆਂ ਦੀ ਗੁਲਾਮੀ ਕਬੂਲ ਕਰਦਾ ਹੈ ਉਸ ਤੋਂ ਇਹ ਆਸ ਰੱਖਣੀ ਕਿ ਉਹ ਇਨਸਾਫ ਕਰ ਸਕਦਾ ਹੈ ਝੋਟਿਆਂ ਦੇ ਘਰੋਂ ਲੱਸੀ ਭਾਲਣ ਵਾਲੀ ਗੱਲ ਹੁੰਦੀ ਹੈ। ਸਰਕਾਰੀ ਤਨਖਾਹਾਂ 'ਤੇ ਗੁਜ਼ਾਰਾ ਕਰਨ ਵਾਲੇ ਜੱਜ ਓਨਾ ਚਿਰ ਹੀ ਫੈਸਲੇ ਕਰਨ ਦੀ ਤਾਕਤ ਰੱਖਦੇ ਹਨ ਜਿੰਨਾਂ ਚਿਰ ਰਾਜਸੱਤਾ ਦਾ ਨਜ਼ਦੀਕੀ ਵਿਅਕਤੀ ਇਹਨਾਂ ਦੇ ਸਾਹਮਣੇ ਨਾ ਹੋਵੇ। ਇਹਨਾਂ ਦਾ ਇਨਸਾਫ ਆਮ ਤੌਰ 'ਤੇ ਆਮ ਨਾਗਰਿਕ 'ਤੇ ਹੀ ਲਾਗੂ ਹੁੰਦਾ ਹੈ। ਜਦ ਇਹਨਾਂ ਦੇ ਸਾਹਮਣੇ ਰਾਜਸੱਤਾ ਦੇ ਨਜ਼ਦੀਕੀ ਵਿਅਕਤੀ ਜੋ ਕਾਤਲ, ਭ੍ਰਿਸ਼ਟਾਚਾਰੀ, ਦੰਗੇ ਕਰਵਾਉਣ ਦੇ ਜ਼ਿੰਮੇਵਾਰ, ਦੇਸ਼ ਦੀ ਸੁਰੱਖਿਆ ਨੂੰ ਦਾਅ 'ਤੇ ਲਾਉਣ ਵਰਗੇ ਕੰਮ ਕਰਨ ਵਾਲੇ ਵੀ ਹੋਣ ਤਦ ਰਾਜਸੱਤਾ ਦੇ ਗੁਲਾਮ ਇਸ ਅਦਾਲਤੀ ਸਿਸਟਮ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿਉਂਕਿ ਇਹਨਾਂ ਜੁਰਮਾਂ ਖਿਲਾਫ਼ ਕਦੇ ਵੀ ਫੈਸਲੇ ਨਹੀਂ ਹੁੰਦੇ। ਆਮ ਗਰੀਬ ਨਿਉਟੇ ਲੋਕਾਂ ਨੂੰ ਸਖਤ ਸਜ਼ਾਵਾਂ ਦਿਵਾਕੇ ਸਰਕਾਰੀ ਅਦਾਲਤੀ ਸਿਸਟਮ ਦੀ ਟੌਅਰ ਬਣਾਕੇ ਦਿਖਾਵਾ ਕਰਨਾ ਰਾਜਸੱਤਾ ਲਈ ਲਾਜਮੀ ਹੁੰਦਾ ਹੈ। ਦੇਸ਼ ਉਪਰ ਰਾਜ ਕਰਨ ਵਾਲੀ ਪਾਰਲੀਮੈਂਟ ਵਿਚ ਜਦ ਅਨੇਕਾਂ ਜੁਰਮਾਂ ਲਈ ਦੋਸ਼ੀ ਠਹਿਰਾਏ ਜਾ ਚੁੱਕੇ ਵਿਅਕਤੀ ਚੋਣਾਂ ਜਿੱਤਦੇ ਹਨ ਤਦ ਇਹ ਅਦਾਲਤਾਂ ਸਾਹ ਵੀ ਨਹੀਂ ਕੱਢਦੀਆਂ।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿਚ ਰਾਜਸੱਤਾ ਦੁਆਰਾ ਜੋ ਸਜ਼ਾ-ਏ-ਮੌਤ ਦਾ ਫੈਸਲਾ ਕੀਤਾ ਗਿਆ ਹੈ ਦੀ ਅਸਲੀਅਤ ਕੀ ਹੈ ਦੇਖਣ ਅਤੇ ਸੋਚਣ ਵਾਲੀ ਗੱਲ ਹੈ। ਕੀ ਪ੍ਰੋ. ਭੁੱਲਰ ਕਾਤਲ ਮੰਨਿਆ ਜਾ ਸਕਦਾ ਹੈ? ਜਿਸ ਬੰਬ ਧਮਾਕੇ ਦੇ ਦੋਸ਼ ਵਿਚ ਸਜ਼ਾ ਕੀਤੀ ਗਈ ਹੈ ਅਤੇ ਜਿਸ ਵਿਅਕਤੀ ਨੂੰ ਮਾਰਨ ਲਈ ਇਹ ਧਮਾਕਾ ਕੀਤਾ ਗਿਆ ਕੀ ਉਸ ਵਿਅਕਤੀ ਦੀ ਮੌਤ ਹੋਈ ਹੈ? ਕੀ ਜਿਹੜੇ ਵਿਅਕਤੀ ਮਾਰੇ ਗਏ ਹਨ ਉਹਨਾਂ ਨੂੰ ਮਾਰਨ ਦਾ ਕੋਈ ਇਰਾਦਾ ਸੀ ਜਾਂ ਉਹਨਾਂ ਨਾਲ ਇਸ ਵਿਅਕਤੀ ਦੀ ਕੋਈ ਨਿੱਜੀ ਦੁਸ਼ਮਣੀ ਸੀ? ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਹਨ ਕਿ ਜਿਸ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਮਾਰਨ ਲਈ ਕੀਤਾ ਗਿਆ ਉਸਦੀ ਮੌਤ ਹੀ ਨਹੀਂ ਹੋਈ। ਦੂਸਰਾ ਜਿਹੜੇ ਵਿਅਕਤੀ ਮਾਰੇ ਗਏ ਹਨ ਉਹਨਾਂ ਨੂੰ ਕਤਲ ਕਰਨ ਦਾ ਤਾਂ ਦੋਸ਼ੀ ਦਾ ਇਰਾਦਾ ਵੀ ਸਿੱਧ ਨਹੀਂ ਹੁੰਦਾ। ਸੋ ਇਹ ਗੈਰ ਇਰਾਦਤਨ ਹੱਤਿਆਵਾਂ ਜ਼ਰੂਰ ਹਨ। ਇਸ ਤਰ੍ਹਾਂ ਦੇ ਬੰਬ ਧਮਾਕੇ ਕੋਈ ਇਕੱਲਾ ਵਿਅਕਤੀ ਕਰ ਨਹੀਂ ਸਕਦਾ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਪਿੱਛੇ ਇਕ ਸਮੂਹ ਹੁੰਦਾ ਹੈ ਅਤੇ ਉਹ ਸਾਰੇ ਜ਼ਿੰਮੇਵਾਰ ਹੁੰਦੇ ਹਨ ਫਿਰ ਸਜ਼ਾ ਇਕ ਵਿਅਕਤੀ ਨੂੰ ਕਿਉਂ? ਕਥਿਤ ਕਾਤਲ ਮੰਨਿਆ ਵਿਅਕਤੀ ਮੌਕੇ ਤੋਂ ਗ੍ਰਿਫ਼ਤਾਰ ਵੀ ਨਹੀਂ ਹੋਇਆ ਅਤੇ ਪਛਾਣ ਵੀ ਨਹੀਂ ਹੋ ਸਕੀ। ਫਰਜ਼ੀ ਇਕਬਾਲਨਾਮੇ ਨੂੰ ਅਧਾਰ ਬਣਾਕੇ ਬਿਨਾਂ ਠੋਸ ਸਬੂਤਾਂ ਉਤੇ ਗਵਾਹੀਆਂ ਦੇ ਆਧਾਰ 'ਤੇ ਹੋਇਆ ਇਹ ਫੈਸਲਾ ਕੋਈ ਅਦਾਲਤੀ ਫੈਸਲਾ ਨਹੀਂ ਇਹ ਇਕ ਰਾਜਨੀਤਕ ਫੈਸਲਾ ਹੈ। ਰਾਜਨੀਤਕ ਫੈਸਲੇ ਰਾਜਨੀਤੀ ਨਾਲ ਹੀ ਹੱਲ ਹੁੰਦੇ ਹਨ ਅਦਾਲਤਾਂ ਨਾਲ ਨਹੀਂ। ਕਿਸੇ ਫੈਸਲੇ ਨੂੰ ਅਦਾਲਤੀ ਜਾਮਾ ਪਹਿਨਾ ਦੇਣ ਨਾਲ ਉਹ ਅਦਾਲਤੀ ਨਹੀਂ ਹੋ ਜਾਂਦਾ ਇਸ ਪਿੱਛੇ ਨੀਅਤ ਅਤੇ ਨੀਤੀ ਦਾ ਵਿਸਲੇਸ਼ਣ ਜ਼ਰੂਰੀ ਹੁੰਦਾ ਹੈ। ਸਿੱਖ ਕੌਮ ਦੇ ਕੋਲ ਨਾ ਧਾਰਮਿਕ ਤੌਰ 'ਤੇ ਅਤੇ ਨਾ ਹੀ ਰਾਜਨੀਤਕ ਤੌਰ 'ਤੇ ਦਿੱਲੀ ਦੀ ਰਾਜਸੱਤਾ ਤੋਂ ਅਜ਼ਾਦ ਗਰੁੱਪ ਨਹੀਂ ਹੈ ਜੋ ਇਸ ਤਰ੍ਹਾਂ ਦੇ ਕੌਮੀ ਮਸਲਿਆਂ ਨੂੰ ਉਜਾਗਰ ਕਰ ਸਕੇ ਅਤੇ ਆਪਣਾ ਪੱਖ ਦੁਨੀਆਂ ਅਤੇ ਅਦਾਲਤਾਂ ਦੇ ਸਾਹਮਣੇ ਰੱਖ ਸਕੇ। ਸਿੱਖ ਕੌਮ ਲਈ ਅਜ਼ਾਦੀ ਤੱਕ ਦੀਆਂ ਗੱਲਾਂ ਕਰਨ ਵਾਲੇ ਲੋਕ ਵੀ ਦਿੱਲੀ ਦੀ ਰਾਜਸੱਤਾ ਦੀ ਗੁਲਾਮੀ ਕਰਕੇ ਆਏ ਹਨ ਅਤੇ ਅੱਜ ਤੱਕ ਵੀ ਸਰਕਾਰੀ ਭੱਤੇ ਲੈ ਰਹੇ ਹਨ ਅਤੇ ਉਹ ਹੀ ਸਿੱਖ ਕੌਮ ਦੇ ਨੰਬਰਦਾਰ ਬਣੇ ਹੋਏ ਹਨ। ਸਰਕਾਰਾਂ ਦੀ ਨੌਕਰੀਆਂ ਕਰਨ ਵਾਲੇ ਅਤੇ ਸਰਕਾਰੀ ਏਜੰਸੀਆਂ ਦੇ ਮੋਹਰਿਆਂ ਨੇ ਜਦ ਸਿੱਖ ਕੌਮ ਦੀ ਅੱਸੀਵਿਆਂ ਦੀ ਜਾਗਰੂਕਤਾ ਲਹਿਰ ਨੂੰ ਰਾਜਸੱਤਾ ਨਾਲ ਲੜਾਈ ਵਿਚ ਬਦਲਵਾਇਆ ਅਤੇ ਸਿੱਖ ਕੌਮ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਵਾਇਆ ਉਹ ਘਾਟਾ ਕਦੀ ਵੀ ਪੂਰਾ ਨਹੀਂ ਹੋਵੇਗਾ। ਹਿੰਦੂਆਂ, ਸਿੱਖਾਂ ਅਤੇ ਮੁਸਲਮਾਨ ਭਾਈਚਾਰੇ ਵਿਚ ਤਰੇੜਾਂ ਪਵਾਉਣ ਲਈ ਰਾਜਸੱਤਾ ਦੀ ਖੇਡ ਦੇ ਹਿੱਸੇਦਾਰ ਭੇਖੀ ਮੋਹਰੇ ਸਿੱਖਾਂ ਦੇ ਸਰਦਾਰੀ ਵਾਲੇ ਰੁਤਬੇ ਨੂੰ ਖਤਮ ਕਰਵਾ ਗਏ। ਕਿਸੇ ਧਾਰਮਿਕ ਕੌਮ ਉਪਰ ਦੂਸਰੀ ਧਾਰਮਿਕ ਕੌਮ ਕਦੇ ਵਾਰ ਨਹੀਂ ਕਰਦੀ। ਰਾਜਸੱਤਾ ਆਪਣੇ ਜ਼ੁਲਮ ਨੂੰ ਧਰਮ ਦੀ ਆੜ ਜ਼ਰੂਰ ਦਿੰਦੀ ਹੈ। ਰਾਜਸੱਤਾ ਦੇ ਜ਼ੁਲਮ ਨੂੰ ਕਿਸੇ ਕੌਮ ਦੇ ਸਿਰ ਮੂਰਖ ਅਤੇ ਅਗਿਆਨੀ ਲੋਕ ਹੀ ਲਾਉਂਦੇ ਹਨ। ਇਸ ਤਰ੍ਹਾਂ ਦੇ ਰਾਜਨੀਤਕ ਏਜੰਟ ਹੀ ਸਿੱਖ ਕੌਮ ਨੂੰ ਗਲਤ ਰਸਤੇ 'ਤੇ ਲੈ ਕੇ ਗਏ ਅਤੇ ਇਹ ਹੀ ਲੋਕ ਸਿੱਖ ਕੌਮ ਦੇ ਜੇਲ੍ਹਾਂ ਵਿਚ ਰੁਲਣ ਵਾਲੇ ਨੌਜਵਾਨਾਂ ਦੇ ਦੋਸ਼ੀ ਹਨ। ਇਹ ਲੋਕ ਆਪਣੀ ਦੁਕਾਨਦਾਰੀ ਚਲਾਉਣ ਲਈ ਸਿੱਖ ਕੌਮ ਦੇ ਨੌਜਵਾਨਾਂ ਨੂੰ ਬਾਲਣ ਦੀ ਭੱਠੀ ਵਿਚ ਰੱਖ ਕੇ ਆਪਣਾ ਸਮਾਨ ਤਿਆਰ ਕਰਦੇ ਹਨ।
ਸਰਕਾਰੀ ਏਜੰਸੀਆਂ ਆਪਣੇ ਗੁਪਤ ਮਿਸ਼ਨਾਂ ਅਧੀਨ ਪੰਜਾਬੀਆਂ ਵਿਚ ਵਖਰੇਵਾਂ ਖੜ੍ਹਾ ਕਰਨ ਲਈ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦਿਆਂ ਨੂੰ ਵਰਤਦੇ ਹਨ। ਜਿਸ ਵਕਤ ਰਹਿਮ ਦੀ ਅਪੀਲ ਰੱਦ ਕੀਤੀ ਗਈ ਤਦ ਮੀਡੀਆ ਵਿਚ ਸਿੱਖ ਆਗੂਆਂ ਅਤੇ ਆਮ ਲੋਕਾਂ ਵੱਲੋਂ ਖੂਬ ਪ੍ਰਚਾਰ ਖੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਯੋਜਨਾਬੱਧ ਕੋਈ ਕਾਰਵਾਈ ਅੱਜ ਤੱਕ ਨਹੀਂ ਕੀਤੀ ਗਈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਤੋਂ ਬਿਨਾਂ ਬਾਕੀ ਸਭ ਨੇ ਇਸ ਮੁੱਦੇ ਰਾਹੀਂ ਆਪਣੀ ਮਸ਼ਹੂਰੀ ਹੀ ਕੀਤੀ। ਅੱਜ ਜੇਲ੍ਹਾਂ ਵਿਚ ਰੁਲ ਰਹੇ ਸਿੱਖ ਨੌਜਵਾਨ, ਗੁਰੂਆਂ ਅਤੇ ਕੁਦਰਤ ਅੱਗੇ ਅਰਜੋਈ ਕਰਨ ਤੋਂ ਬਿਨਾਂ ਕਿਸੇ ਤੋਂ ਕੋਈ ਆਸ ਨਹੀਂ ਕਰ ਸਕਦੇ। ਜੇਲ੍ਹਾਂ ਵਿਚ ਸੜ ਰਹੇ ਸਿੱਖ ਨੌਜਵਾਨ ਅੱਜ ਉਹਨਾਂ ਤੋਂ ਹੀ ਰਹਿਮ ਦੀ ਆਸ ਲਾਈ ਬੈਠੇ ਹਨ ਜਿੰਨਾਂ ਖਿਲਾਫ਼ ਕਦੀ ਉਹਨਾਂ ਆਪਣੇ ਆਗੂਆਂ ਦੀਆਂ ਸਰਕਾਰੀ ਚਾਲਾਂ ਵਿਚ ਸ਼ਾਮਲ ਹੋ ਕੇ ਸੰਘਰਸ਼ ਕੀਤਾ ਸੀ। ਆਮ ਲੋਕਾਂ ਨੂੰ ਦੂਜਿਆਂ ਦੇ ਗਲ ਵੱਢ ਕੇ ਲਿਆ ਕੇ ਸੋਨਾ ਕਮਾਉਣ ਦੀਆਂ ਸਲਾਹਾਂ ਦੇਣ ਵਾਲੀ ਧਾਰਮਿਕ ਲੀਡਰਸ਼ਿਪ ਸਰਕਾਰੀ ਸਹੂਲਤਾਂ ਦੇ ਫਾਇਦੇ ਉਠਾ ਰਹੀ ਹੈ। ਰਾਜਸੱਤਾ ਦੀਆਂ ਬੁਰਕੀਆਂ 'ਤੇ ਪਲਣ ਵਾਲੇ ਧਾਰਮਿਕ ਆਗੂ ਆਪਣੇ ਪਰਿਵਾਰਕ ਵਾਰਿਸਾਂ ਨੂੰ ਸਰਕਾਰੀ ਕੁਰਸੀਆਂ 'ਤੇ ਬਿਠਾਈ ਜਾ ਰਹੇ ਹਨ। ਸੋ ਕੌਮ ਦੇ ਅਸਲੀ ਵਾਰਿਸਾਂ ਨੂੰ ਆਪਣੇ ਭਵਿੱਖ ਲਈ ਸੋਚਣਾ ਚਾਹੀਦਾ ਹੈ। ਸਿੱਖ ਕੌਮ ਨੂੰ ਦੂਜੀ ਸੰਸਾਰ ਜੰਗ ਤੋਂ ਬਚੇ ਜਪਾਨੀਆਂ ਵਾਂਗ ਮਜ਼ਬੂਤ ਇਰਾਦੇ ਨਾਲ ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਵੱਲ ਤੁਰਨਾ ਚਾਹੀਦਾ ਹੈ। ਪੰਜਾਬੀਆਂ ਨੂੰ ਧਰਮ ਦੇ ਅਧਾਰ 'ਤੇ ਨਹੀਂ ਸਗੋਂ ਪੰਜਾਬੀ ਬਣ ਕੇ ਫੈਸਲਾ ਕਰਨਾ ਚਾਹੀਦਾ ਹੈ। ਪੰਜਾਬ ਵਿਚਲੀ ਕੌਮ ਵੇਚੂ ਰਾਜਸੱਤਾ ਦੀ ਮਾਲਕ ਅਤੇ ਰਾਜਸੱਤਾ ਤੋਂ ਬਾਹਰ ਦੀ ਦੁਕਾਨਦਾਰੀ ਵਾਲੇ ਸਿਆਸਤਦਾਨਾਂ ਨੂੰ ਛੱਡ ਕੇ ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਵਾਲੀ ਲੀਡਰਸ਼ਿਪ ਦੀ ਸਥਾਪਨਾ ਕਰਨੀਂ ਹੀ ਪਵੇਗੀ। ਸਿੱਖ ਕੌਮ ਦੇ ਅਖੌਤੀ ਆਗੂਆਂ ਨੂੰ ਘੱਟੋ ਘੱਟ ਆਪਣੇ ਗੁਨਾਹ ਮਾਫ਼ ਕਰਵਾਉਣ ਲਈ ਜੇਲ੍ਹਾਂ ਵਿਚ ਬੈਠੀ ਨੌਜਵਾਨੀ ਨੂੰ ਸਮੂਹਿਕ ਮਾਫ਼ੀ ਦਿਵਾਉਣ ਦੀ ਕੋਈ ਕੋਸ਼ਿਸ਼ ਕਰਕੇ  ਆਪਣੇ ਗੁਨਾਹਾਂ ਦਾ ਕੁਝ ਭਾਰ  ਘਟਾ ਲੈਣਾ ਚਾਹੀਦਾ ਹੈ।  
ਗੁਰਚਰਨ ਸਿੰਘ ਪੱਖੋ ਕਲਾਂ
94177-27245