ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਾਦਲ ਨੂੰ ਪੰਥ ਰਤਨ ਦੇ ਕੇ, ਜਥੇਦਾਰਾਂ ਨੇ ਬਦਨਾਮੀ ਆਪਣੇ ਗਲ਼ ਪਾਈ


ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਥੇਦਾਰਾਂ ਵੱਲੋਂ ਫਖ਼ਰ-ਏ-ਕੌਮ, ਪੰਥ ਰਤਨ ਦਾ ਦੂਹਰਾ ਐਵਾਰਡ ਦਿੱਤੇ ਜਾਣ ਤੋਂ ਬਾਅਦ ਜਿਨਾਂ ਨਵੇਂ ਸਵਾਲਾਂ ਨੇ ਜਨਮ ਲਿਆ ਹੈ ਉਹਨਾਂ ਵਿਚ ਇਹ ਵਿਚਾਰਨਯੋਗ ਹੈ ਕਿ ਕੀ ਹੁਣ ਤਖ਼ਤਾਂ ਦੇ ਜਥੇਦਾਰ ਇਕ ਨਵਾਂ ਹੁਕਮਨਾਮਾ ਜਾਰੀ ਕਰਕੇ ਸਾਰੀਆਂ ਧਾਰਮਿਕ ਪਾਰਟੀਆਂ ਅਤੇ ਰਾਜਨੀਤਕ ਦਲਾਂ ਨੂੰ ਹੁਕਮ ਜਾਰੀ ਕਰਨਗੇ ਕਿ ਉਹ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਖਿਲਾਫ਼ ਕੋਈ ਵੀ ਮਾੜਾ ਸ਼ਬਦ ਨਾ ਵਰਤਨ ਕਿਉਂਕਿ ਹੁਣ ਸ੍ਰ. ਬਾਦਲ ਕੋਈ ਸਧਾਰਨ ਅਹੁਦੇਦਾਰ ਹੋਣ ਦੀ ਥਾਂ 'ਪੰਥ ਰਤਨ' ਹਨ ਉਹਨਾਂ ਖਿਲਾਫ਼ ਬੋਲਿਆ ਗਿਆ ਕੋਈ ਵੀ ਸ਼ਬਦ ਬਾਦਲ ਦੀ ਥਾਂ ਪੰਥ ਨੂੰ ਮਾੜਾ ਆਖੇ ਜਾਣ ਵਾਂਗ ਹੈ? ਇਨਾਂ ਹੀ ਨਹੀਂ ਸਗੋਂ ਇਹਨਾਂ ਜਥੇਦਾਰਾਂ ਨੂੰ ਇਕ ਹੋਰ ਹੁਕਮਨਾਮਾ ਬਾਦਲ ਪਰਿਵਾਰ ਲਈ ਵੀ ਜਾਰੀ ਕਰਨਾ ਚਾਹੀਦਾ ਹੈ ਕਿ ਉਹ ਪੰਥ ਦੀ ਸਥਿਤੀ ਨੂੰ ਸਮਝਦੇ ਹੋਏ ਖੁਦ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਸਪੁੱਤਰ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਵੀ ਅੱਗੇ ਤੋਂ ਕੋਈ ਚੋਣ ਨਾ ਲੜਨ ਕਿਉਂਕਿ ਰਾਜਨੀਤੀ ਵਿਚ ਕਿਸੇ ਵੀ ਵਿਅਕਤੀ ਦੀ ਜਿੱਤ ਯਕੀਨੀ ਨਹੀਂ ਹੁੰਦੀ ਅਜਿਹੀ ਹੀ ਸਥਿਤੀ ਪੈਦਾ ਹੋ ਜਾਣ ਦੀ ਸੂਰਤ ਵਿਚ ਜੇ ਸ੍ਰ. ਬਾਦਲ ਚੋਣ ਹਾਰ ਜਾਂਦੇ ਹਨ ਤਾਂ ਇਹ ਪੂਰੀ ਸਿੱਖ ਕੌਮ ਲਈ ਨਮੋਸ਼ੀ ਵਾਲੀ ਗੱਲ ਹੋਵੇਗੀ ਇਸੇ ਤਰ੍ਹਾਂ ਜੇ ਉਹਨਾਂ ਦੇ ਪਰਿਵਾਰ ਵਿਚੋਂ ਸ੍ਰ. ਬਾਦਲ ਦੇ ਪੁੱਤਰ ਜਾਂ ਨੂੰਹ ਚੋਣ ਹਾਰ ਜਾਂਦੇ ਹਨ ਤਾਂ ਇਸ ਨਾਲ ਪੰਥ ਰਤਨ ਦਾ ਪਰਿਵਾਰ ਹਾਰ ਜਾਣ ਵਜੋਂ ਦੇਖਿਆ ਜਾਵੇਗਾ?
ਸ੍ਰ. ਬਾਦਲ  ਨੂੰ ਪੰਥ ਰਤਨ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਨਾਲ ਜੁੜੇ ਵਿਅਕਤੀਆਂ ਤੋਂ ਬਿਨਾਂ ਇਸ ਐਵਾਰਡ ਨੂੰ ਕਿਸੇ ਵੀ ਹੋਰ ਪਾਰਟੀ ਨੇ ਮਾਨਤਾ ਨਹੀਂ ਦਿੱਤੀ ਸਗੋਂ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਐਵਾਰਡ ਦੇ ਐਲਾਨ ਪਿੱਛੇ ਖੁਦ ਸ੍ਰ. ਬਾਦਲ ਦੀ ਸੋਚ ਹੀ ਕੰਮ ਕਰਦੀ ਸੀ ਤਖ਼ਤਾਂ ਦੇ ਜਥੇਦਾਰ ਖੁਦ ਸ੍ਰ. ਬਾਦਲ ਦੀ ਕੋਈ ਗੱਲ ਤੋਂ ਇਨਕਾਰ ਕਰਨ ਦੀ ਸਮਰੱਥਾ ਨਹੀਂ ਰਖਦੇ ਬਲਕਿ ਉਹ ਬਾਦਲ ਸਾਹਿਬ ਦੀ ਹਰ ਗੱਲ ਨੂੰ ਸਿਰੇ ਲਾਉਣ ਲਈ ਚਾਪਲੂਸੀ ਦੀ ਹੱਦ ਵੀ ਲੰਘ ਜਾਂਦੇ ਹਨ। ਇਸੇ ਲਈ ਸ੍ਰ. ਬਾਦਲ ਨੂੰ ਪੰਥ ਰਤਨ ਦਿੱਤੇ ਜਾਣ ਤੋਂ ਬਾਅਦ ਵੀ ਸਿੱਖ ਕੌਮ ਦਾ ਪ੍ਰਤੀਕਰਮ ਇਹ ਹੀ ਆ ਰਿਹਾ ਹੈ ਕਿ ਜਥੇਦਾਰਾਂ ਵੱਲੋਂ ਦਿੱਤਾ ਗਿਆ ਇਹ ਐਵਾਰਡ ਹੁਣ ਵੇਲਾ-ਵਿਹਾਅ ਚੁੱਕਿਆ ਹੈ ਇਸ ਲਈ ਇਸ ਨੂੰ ਉਸ ਸਮੇਂ ਬੰਦ ਕਰ ਦੇਣਾ ਚਾਹੀਦਾ ਹੈ ਜਦ ਤੱਕ ਸਮੁੱਚਾ ਗੁਰਦੁਆਰਾ ਪ੍ਰਬੰਧ ਰਾਜਨੀਤਕ ਪਾਰਟੀਆਂ ਦੇ ਦਬਦਬੇ ਤੋਂ ਅਜ਼ਾਦ ਨਹੀਂ ਹੋ ਜਾਂਦਾ। ਪਰ ਜੇ ਅਜਿਹਾ ਨਾ ਕੀਤਾ ਗਿਆ ਤਾਂ ਕੌਮ ਦੀ ਇੱਛਾ ਦੇ ਖਿਲਾਫ਼ ਇਹ ਐਵਾਰਡ ਹਰ ਸਾਲ ਜਾਂ ਛੇ ਮਹੀਨੇ ਪਿੱਛੋਂ ਕਿਸੇ ਨਾ ਕਿਸੇ ਸਿਫਾਰਸ਼ੀ ਸ਼ਖਸੀਅਤ ਨੂੰ ਦਿੱਤਾ ਜਾਣਾ ਪਿਆ ਕਰੇਗਾ।   ਇਸ ਲਈ ਜ਼ਰੂਰੀ ਹੈ ਕਿ ਇਹ ਐਵਾਰਡ ਦਿੱਤੇ ਜਾਣ ਦੇ ਕੁਝ ਨਿਯਮ ਬਣਾ ਦਿੱਤੇ ਜਾਣ ਜਿਸ ਵਿਚ ਕਿਸੇ ਮਹਾਨ ਸਿੱਖ ਸ਼ਖਸੀਅਤ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਹੀ ਸਰਬੱਤ ਖਾਲਸਾ ਜਿਹੀ ਕੋਈ ਨਿਰਪੱਖ ਸੰਗਤ ਨੂੰ ਹੀ ਇਹ ਅਧਿਕਾਰ ਹੋਣ ਕਿ ਉਹ ਪ੍ਰਸਤਾਵਿਤ ਸ਼ਖਸੀਅਤ ਦੀ ਬਹੁਪੱਖੀ ਸ਼ਖਸੀਅਤ ਦੇ ਆਪਣੀ ਜ਼ਿੰਦਗੀ ਵਿਚ ਕੌਮ ਲਈ ਕੀਤੇ ਕਾਰਜਾਂ ਦੀ ਸਮੀਖਿਆ ਕਰਕੇ ਅੰਤਿਮ ਫੈਸਲਾ ਕਰਨ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਇਸ ਦਾ ਬੁਰਾ ਪ੍ਰਭਾਵ ਪੂਰੀ ਕੌਮ ਦੀ ਕਈ ਪੱਖਾਂ ਤੋਂ ਬਦਨਾਮੀ ਦਾ ਕਾਰਨ ਬਣੇਗਾ। ਜਿਸ ਤਰ੍ਹਾਂ ਹੁਣ ਸ੍ਰ. ਬਾਦਲ ਨੂੰ ਫਖ਼ਰ-ਏ-ਕੌਮ, ਪੰਥ ਰਤਨ ਐਵਾਰਡ ਦਿੱਤੇ ਜਾਣ ਤੋਂ ਤੁਰੰਤ ਬਾਅਦ ਹੋਏ ਪ੍ਰਤੀਕਰਮ ਵਿਚ ਹੋਇਆ ਹੈ। ਚਾਹੀਦਾ ਤਾਂ ਇਹ ਸੀ ਕਿ ਕੌਮ ਦੇ ਵੱਡੇ ਐਵਾਰਡ ਮੰਨੇ ਜਾਂਦੇ ਇਸ ਸਨਮਾਨ ਤੋਂ ਬਾਅਦ ਸ੍ਰ. ਬਾਦਲ ਨੂੰ ਪੂਰੀ ਕੌਮ ਸਨਮਾਨਿਤ ਨਜ਼ਰ ਨਾਲ ਦੇਖ ਕੇ ਅਸ-ਅਸ ਕਰਨ ਲੱਗ ਜਾਂਦੀ, ਪਰ ਇਸ ਦੇ ਉਲਟ ਇਹ ਸਨਮਾਨ ਦਿੱਤੇ ਜਾਣ ਤੋਂ ਬਾਅਦ ਸ੍ਰ. ਬਾਦਲ ਖਿਲਾਫ਼ ਉਹ ਕਿਹੜੀ ਗੱਲ ਹੈ ਜੋ ਉਹਨਾਂ ਦੀ ਸ਼ਖਸੀਅਤ ਦੇ ਖਿਲਾਫ਼ ਨਹੀਂ ਆਖੀ ਗਈ। ਜਥੇਦਾਰ ਅਤ ਕੌਮ ਦੇ ਇਸੇ ਪੱਖ ਦੇ ਹੋਰ ਆਗੂ ਇਸ ਗੱਲ ਨੂੰ ਤਾਂ ਸਮਝ ਹੀ ਰਹੇ ਹਨ ਕਿ ਜਿਸ ਵਿਅਕਤੀ ਨੂੰ ਅਸੀਂ 'ਕੌਮ ਦਾ ਫਖ਼ਰ' ਅਤੇ 'ਕੌਮ ਦਾ ਰਤਨ' ਵਰਗੇ ਮਰਤਵੇ ਬਖਸ਼ੇ ਹਨ ਉਸ ਪ੍ਰਤੀ ਕੌਮ ਦੇ ਲੋਕਾਂ ਵੱਲੋਂ ਹੀ ਵਰਤੀ ਜਾ ਰਹੀ ਸ਼ਬਦਾਵਲੀ ਧਾਰਮਿਕ ਸ਼ਖਸੀਅਤਾਂ ਦੇ ਫੈਸਲੇ ਦਾ 'ਮੂੰਹ ਚਿੜਾ' ਰਹੀ ਹੈ। ਇਹਨਾਂ ਧਾਰਮਿਕ ਸ਼ਖਸੀਅਤਾਂ ਵੱਲੋਂ ਕੀਤੇ ਗਏ ਗਲਤ ਫੈਸਲੇ ਨਾਲ ਹੁਣ ਤੱਕ ਜੋ ਹੋਇਆ ਇਹ ਮੁਖਾਲਫਿਤ ਇਥੇ ਹੀ ਖਤਮ ਨਹੀਂ ਹੋ ਗਈ ਸਗੋਂ ਆਉਣ ਵਾਲੇ ਸਮੇਂ ਵਿਚ ਜਥੇਦਾਰਾਂ ਦਾ ਇਹ ਗਲਤ ਨਿਰਣਾ ਇਤਿਹਾਸ ਦੇ ਵਰਕਿਆਂ ਵਿਚ 'ਬੁਰਾ ਕਾਂਡ' ਦੇ ਨਾਮ ਵਜੋਂ ਦਰਜ ਹੋਵੇਗਾ। ਹੁਣ ਆਪਣੇ ਗਲਤ ਫੈਸਲੇ ਨੂੰ ਸਹੀ ਠਹਿਰਾਉਣ ਲਈ ਜਥੇਦਾਰ ਸਾਹਿਬਾਨਾਂ ਨੂੰ ਕਈ ਹੋਰ ਸੰਦੇਸ਼ ਜਾਰੀ ਕਰਨੇ ਪੈਣਗੇ ਜਦੋਂ ਅਗਾਮੀ ਵਿਧਾਨ ਸਭਾ ਚੋਣਾਂ ਸਮੇਂ 'ਪੰਥ ਰਤਨ' ਨਾਲ ਸਨਮਾਨਿਤ ਸ੍ਰ. ਬਾਦਲ ਅਤੇ ਉਸ ਦਾ ਪਰਿਵਾਰ ਆਪਣੇ ਸਿਆਸੀ ਵਿਰੋਧੀਆਂ ਖਿਲਾਫ਼ ਕੁਝ ਸੱਚੀਆਂ-ਕੁਝ ਝੂਠੀਆਂ ਊਝਾਂ ਲਾ ਕੇ ਚੋਣਾਂ ਜਿੱਤਣ ਲਈ ਪਹਿਲਾਂ ਵਾਂਗੂ ਰਾਜਨੀਤਕ ਨੁਕਤਿਆਂ ਦੀ ਵਰਤੋਂ ਕਰੇਗਾ। ਆਪਣੀ ਰਾਜਨੀਤਕ ਮਜ਼ਬੂਰੀ ਅਤੇ ਕੌਮ ਦੇ ਸਿਧਾਂਤ ਨੂੰ ਅੱਖੋਂ ਉਹਲੇ ਕਰਕੇ ਉਹਨਾਂ ਪਾਰਟੀਆਂ ਨਾਲ ਗੱਠਜੋੜ ਕਰੇਗਾ ਜੋ ਸਿੱਖ ਕੌਮ ਦੀਆਂ ਜੜ੍ਹਾਂ ਵਿਚ ਸਦਾ ਦਾਤੀ ਫੇਰਦੀਆਂ ਰਹਿੰਦੀਆਂ ਹਨ। ਇਸੇ ਪਰਿਵਾਰ ਦੇ ਮੈਂਬਰ ਪਹਿਲਾਂ ਵਾਂਗੂ ਡੇਰੇਦਾਰਾਂ ਦੇ ਪੈਰਾਂ ਵਿਚ ਬੈਠਣੋਂ ਨਹੀਂ ਹਟ ਜਾਣਗੇ। ਪਰ ਹੁਣ ਜੇ ਸ੍ਰ. ਬਾਦਲ ਕਿਸੇ ਡੇਰੇਦਾਰ ਸਾਧ ਨੂੰ ਮੱਥਾ ਟੇਕੇਗਾ ਤਾਂ ਇਸ ਨੂੰ ਪੰਥ ਰਤਨ ਵਜੋਂ ਮੱਥਾ ਟੇਕਣ ਵਾਂਗ ਦੇਖਿਆ ਜਾਵੇਗਾ। ਭਾਵ ਇਹ ਐਵਾਰਡ ਨੂੰ ਕੌਮ ਵੱਲੋਂ ਨਾ ਪ੍ਰਮਾਣਿਤ ਕੀਤੇ ਜਾਣ ਦੇ ਬਾਵਜੂਦ ਵੀ ਬਾਦਲ ਦੀ ਨਿੱਜੀ ਸ਼ਖਸੀਅਤ ਨੂੰ 'ਪੰਥ ਰਤਨ' ਵੱਲੋਂ ਕੌਮ ਦੀ ਕੀਤੀ ਜਾ ਰਹੀ ਹੇਠੀ ਪ੍ਰਤੀਤ ਹੋਵੇਗੀ ਅਗਰ ਇਹਨਾਂ ਦੇ ਪਰਿਵਾਰ 'ਤੇ ਵਿਰੋਧੀ ਧਿਰਾਂ ਦੂਸ਼ਣਬਾਜ਼ੀ ਕਰਦੀਆਂ ਹਨ ਜਾਂ ਫਿਰ ਸੱਚਮੁਚ ਕੋਈ ਅਜਿਹੀ ਗੱਲ ਲੋਕਾਂ ਸਾਹਮਣੇ ਲਿਆਉਂਦੀਆਂ ਹਨ ਜੋ ਸਿੱਖ ਕੌਮ ਦੇ ਸੁਨਹਿਰੀ ਸਿਧਾਂਤਾਂ ਦੇ ਖਿਲਾਫ਼ ਹੋਵੇ ਤਾਂ ਵੀ ਇਸ ਵਿਚ ਬਦਨਾਮੀ ਬੇਵਜ੍ਹਾ ਕੌਮ ਦੀ ਹੀ ਹੁੰਦੀ ਰਹੇਗੀ। ਅਗਾਮੀ ਵਿਧਾਨ ਸਭਾ ਚੋਣਾਂ ਵਿਚ ਇਸ ਪਰਿਵਾਰ ਦੇ ਮੈਂਬਰਾਂ ਵਿਚੋਂ ਕਿਸੇ ਦੇ ਹਾਰ ਜਾਣ ਨੂੰ ਸਿੱਖ ਵਿਰੋਧੀ ਧਿਰਾਂ ਮਜ਼ਾਕ ਵਜੋਂ ਲੈ ਕੇ ਸਿੱਖਾਂ ਦਾ ਮਖੌਲ ਵੀ ਉਠਾਉਣਗੀਆਂ ਇਸ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਆਪਣੇ ਫੈਸਲੇ ਦੀਆਂ ਲੀਰਾਂ ਉਡਦੀਆਂ ਦੇਖਣ ਤੋਂ ਪਹਿਲਾਂ ਜਥੇਦਾਰ ਸਾਹਿਬਾਨ ਜਾਂ ਤਾਂ ਇਕ ਹੋਰ ਗਲਤ ਹੁਕਮਨਾਮਾ ਜਾਰੀ ਕਰਕੇ  ਬਾਦਲ ਸਾਹਿਬ ਸਮੇਤ ਉਸ ਦੇ ਪਰਿਵਾਰ ਨੂੰ ਕਹਿਣ ਕਿ ਉਹ ਹੁਣ ਮਹਾਨ ਸ਼ਖਸੀਅਤ ਹੋਣ ਕਰਕੇ ਚੋਣਾਂ ਜਿਹੇ ਭ੍ਰਿਸ਼ਟਤੰਤਰ 'ਚੋਂ ਪਾਸੇ ਹਟ ਜਾਣ ਨਾਲ ਹੀ ਸਾਰੀਆਂ ਸਿੱਖ ਸੰਗਤਾਂ ਨੂੰ ਆਦੇਸ਼ ਜਾਰੀ ਕਰ ਦੇਣ ਕਿ ਕੋਈ ਵੀ ਵਿਅਕਤੀ ਸ੍ਰ. ਬਾਦਲ ਖਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕਰੇਗਾ ਤਾਂ ਉਸ ਨੂੰ ਕੌਮ ਵਿਚੋਂ ਛੇਕ ਦਿੱਤਾ ਜਾਵੇਗਾ ਕਿਉਂਕਿ ਗਲਤ ਫੈਸਲਿਆਂ ਦੇ ਸਿੱਟੇ ਵੀ ਅਖੀਰ ਗਲਤ ਹੀ ਮਿਲਣਗੇ।