ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਔਰਤਾਂ ਦੇ ਮੌਜੂਦਾ ਹਾਲਾਤ ਦਾ ਲੇਖਾ ਜੋਖਾ


ਯੂਨਾਈਟਿਡ ਨੇਸ਼ਨਜ਼ ਜਨੇਵਾ ਵਿਚ ਜਾ ਕੇ ਕਈ ਤਰਾਂ ਦੇ ਨਵੇਂ ਤਜਰਬੇ ਵੇਖਣ ਸੁਣਨ ਵਿਚ ਆਉਂਦੇ ਹਨ ਜਿਨਾਂ ਵਿੱਚੋਂ ਕਈਆਂ ਬਾਰੇ ਤਾਂ ਖੂਹ ਦੇ ਡੱਡੂ ਵਾਂਗ ਦੁਨੀਆ ਦੇ ਪਰਲੇ ਕੋਨੇ ਵਿਚ ਬੈਠੇ ਮੇਰੇ ਵਰਗਿਆਂ ਨੂੰ ਖੋਜ ਖ਼ਬਰ ਵੀ ਨਹੀਂ ਹੁੰਦੀ।
 ਔਰਤਾਂ ਦੇ ਹੱਕਾਂ ਬਾਰੇ ਹੋਈ ਕਾਨਫ਼ਰੰਸ ਵਿਚ ਜੋ ਵਿਸ਼ਵ ਪਧੱਰ ਦੇ ਅੰਕੜੇ ਮੈਨੂੰ ਵੇਖਣ ਸੁਣਨ ਨੂੰ ਮਿਲੇ, ਉਨਾਂ ਬਾਰੇ ਮੈਂ ਕੁੱਝ ਜ਼ਰੂਰ ਦੱਸਣਾ ਚਾਹਾਂਗੀ ਕਿ ਉੱਥੇ ਕਿਸ ਤਰਾਂ ਦੇ ਵਿਚਾਰ ਚਰਚਾ ਵਾਸਤੇ ਰੱਖੇ ਜਾਂਦੇ ਹਨ ਤੇ ਕੀ ਨਿਚੋੜ ਕੱਢਿਆ ਜਾਂਦਾ ਹੈ?
 ਉੱਥੇ ਤਿੰਨ ਕਾਗਜ਼ਾਂ ਦਾ ਇਕ ਪਰਚਾ ਹਰ ਸੀਟ ਉੱਤੇ ਰੱਖਿਆ ਗਿਆ ਸੀ ਕਿ ਸਾਰੇ ਇਸ ਉੱਤੇ ਨਜ਼ਰ ਮਾਰ ਲੈਣ ਤੇ ਫੇਰ ਸਵਾਲ ਜਵਾਬ ਸ਼ੁਰੂ ਕੀਤੇ ਜਾਣਗੇ।
 ਪਰਚੇ ਦੇ ਸ਼ੁਰੂ ਵਿਚ ਬਰਾਕ ਓਬਾਮਾ, ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਸੰਨ 2008 ਵਿਚ ਕਹੀ ਇਬਾਰਤ ਮੋਟੇ ਅੱਖਰਾਂ ਵਿਚ ਲਿਖੀ ਹੋਈ ਸੀ ਕਿ ਕਿਸੇ ਦੇਸ ਦੀ ਤਰੱਕੀ ਸਿਰਫ਼ ਇਸ ਉੱਤੇ ਨਿਰਭਰ ਹੁੰਦੀ ਹੈ ਕਿ ਉਸ ਦੇਸ ਦੀਆਂ ਔਰਤਾਂ ਨਾਲ ਕਿਸ ਤਰਾਂ ਦਾ ਵਿਹਾਰ ਕੀਤਾ ਜਾਂਦਾ ਹੈ! ਜੇ ਉਸ ਦੇਸ ਵਿਚ ਕੁੜੀਆਂ ਨੂੰ ਪੜਾਇਆ ਜਾ ਰਿਹਾ ਹੈ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦਿੱਤੇ ਜਾ ਰਹੇ ਹਨ ਤਾਂ ਉਹ ਦੇਸ ਤਰੱਕੀ ਕਰੇਗਾ। ਜੇ ਕਿਸੇ ਦੇਸ ਵਿਚ ਔਰਤ ਨੂੰ ਦਬਾਇਆ ਜਾ ਰਿਹਾ ਹੈ, ਉਸ ਨਾਲ ਧੱਕਾ ਕੀਤਾ ਜਾਂਦਾ ਹੈ ਜਾਂ ਉਹ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ ਅਤੇ ਅਨਪੜ ਹੈ ਤਾਂ ਅਜਿਹਾ ਦੇਸ ਕਦੇ ਵੀ ਤਰੱਕੀ ਨਹੀਂ ਕਰ ਸਕਦਾ।
 ਇਸ ਇਬਾਰਤ ਦੇ ਥੱਲੇ ਵਿਕਸਿਤ ਤੇ ਵਿਕਾਸਸ਼ੀਲ ਦੇਸਾਂ ਦੀਆਂ ਔਰਤਾਂ ਦੇ ਮੌਜੂਦਾ ਹਾਲਾਤ ਦਾ ਲੇਖਾ ਜੋਖਾ ਕੀਤਾ ਗਿਆ ਸੀ : -
1. ਦੁਨੀਆ ਭਰ ਦੇ 1.3 ਬਿਲੀਅਨ ਗਰੀਬ ਮਨੁੱਖਾਂ ਵਿੱਚੋਂ 70 ਪ੍ਰਤੀਸ਼ਤ ਔਰਤਾਂ ਹਨ।
2. ਦੁਨੀਆ ਭਰ ਵਿਚ ਹਰ ਤਰਾਂ ਦੇ ਕੀਤੇ ਜਾ ਰਹੇ ਕੰਮਾਂ ਦੇ ਘੰਟੇ ਜੋੜ ਲਏ ਜਾਣ, ਤਾਂ ਇਸ ਵਿੱਚੋਂ ਦੋ ਤਿਹਾਈ ਸਮੇਂ ਦਾ ਕੰਮ ਸਿਰਫ਼ ਔਰਤਾਂ ਹੀ ਕਰ ਰਹੀਆਂ ਹਨ। ਇਸ ਵਿਚ ਘਰੇਲੂ ਕੰਮ, ਖੇਤੀਬਾੜੀ, ਫੈਕਟਰੀਆਂ ਤੇ ਸਰਕਾਰੀ ਕੰਮ ਸ਼ਾਮਲ ਹਨ।
3. ਦੁਨੀਆ ਭਰ ਦੀ ਸਾਰੀ ਆਮਦਨ ਜੋੜ ਲਈ ਜਾਏ ਤਾਂ ਇਸ ਵਿੱਚੋਂ ਔਰਤਾਂ ਵੱਲੋਂ ਦੁਗਣੇ ਤੋਂ ਵਧ ਕੰਮ ਕਰਨ ਦੇ ਬਾਵਜੂਦ ਹਿੱਸੇ ਆਉਂਦੀ ਹੈ ਸਿਰਫ਼ ਇਕ ਤਿਹਾਈ ਆਮਦਨ। ਬਾਕੀ ਮਰਦਾਂ ਜਾਂ ਬੱਚਿਆਂ ਦੇ ਹਿੱਸੇ ਚਲੀ ਜਾਂਦੀ ਹੈ।
4. ਜੇ ਦੁਨੀਆ ਭਰ ਦੀ ਪੂਰੀ ਪ੍ਰਾਪਰਟੀ ਦੀ ਗੱਲ ਕਰੀਏ ਤਾਂ ਔਰਤਾਂ ਦੇ ਪੱਲੇ ਇਕ ਪ੍ਰਤੀਸ਼ਤ ਤੋਂ ਵੀ ਘਟ ਜਾਇਦਾਦ ਪਈ ਹੈ।
5. ਦੁਨੀਆ ਭਰ ਦੇ 876 ਮਿਲੀਅਨ ਅਨਪੜ ਮਨੁੱਖਾਂ ਵਿੱਚੋਂ ਦੋ ਤਿਹਾਈ ਗਿਣਤੀ ਔਰਤਾਂ ਦੀ ਹੈ ਜਿਹੜੀਆਂ ਪੜ ਲਿਖ ਨਹੀਂ ਸਕਦੀਆਂ। ਪ੍ਰਾਈਮਰੀ ਸਕੂਲਾਂ ਵਿਚ ਨਾ ਜਾ ਰਹੇ 77 ਮਿਲੀਅਨ ਬੱਚਿਆਂ ਵਿੱਚੋਂ ਵੀ 60 ਪ੍ਰਤੀਸ਼ਤ ਗਿਣਤੀ ਕੁੜੀਆਂ ਦੀ ਹੀ ਹੈ।
 ਇਸਤੋਂ ਅਗਲੇ ਪੰਨੇ ਉੱਤੇ ਜ਼ਿਕਰ ਸੀ ਔਰਤਾਂ ਉੱਤੇ ਹੁੰਦੇ ਜ਼ੁਲਮਾਂ ਦਾ, ਜਿਸ ਵਿਚ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜਿਵੇਂ ਜਿਵੇਂ ਵਿਗਿਆਨਿਕ ਤਰੱਕੀ ਹੁੰਦੀ ਜਾ ਰਹੀ ਹੈ, ਔਰਤਾਂ ਉੱਤੇ ਹੁੰਦੇ ਤਸ਼ੱਦਦ ਵਿਚ ਵੀ ਓਨੀ ਹੀ ਭਦੀ ਕਿਸਮ ਦਾ ਵਾਧਾ ਵੇਖਿਆ ਜਾ ਸਕਦਾ ਹੈ।
 ਗੁਪਤ ਅੰਗ ਕਟ ਵੱਢ ਕੇ ਮੰਜੇ ਨਾਲ ਬੰਨ ਕੇ ਔਰਤ ਨੂੰ ਅਪਾਹਜ ਬਣਾ ਦੇਣ ਦਾ ਮੁੱਦਾ ਤਾਂ ਹੁਣ ਅੰਤਰਰਾਸ਼ਟਰੀ ਪਧੱਰ ਉੱਤੇ ਤੂਲ ਫੜ ਚੁੱਕਿਆ ਹੈ ਪਰ ਜਿੰਨੇ ਹੋਰ ਜ਼ੁਲਮ ਦੁਨੀਆ ਭਰ ਵਿਚ ਵਖੋ ਵਖਰੇ ਦੇਸਾਂ ਵਿਚ ਉਜਾਗਰ ਹੋ ਚੁੱਕੇ ਹਨ, ਜੇ ਉਨਾਂ ਦਾ ਜੋੜ ਕਰ ਲਿਆ ਜਾਏ ਤਾਂ ਜਿੰਨੀ ਤੇਜ਼ੀ ਨਾਲ ਜਨਸੰਖਿਆ ਵਧ ਰਹੀ ਹੈ, ਉਸਤੋਂ ਵੀ ਕਿਤੇ ਵਧ ਇਹ ਰੇਟ ਬਣ ਗਿਆ ਹੈ।
 ਇਨਾਂ ਜ਼ੁਲਮਾਂ ਵਿਚ ਜ਼ਿਕਰ ਸੀ ਔਰਤ ਜ਼ਾਤ ਨੂੰ ਕੁੱਖ ਵਿਚ ਮਾਰ ਮੁਕਾਉਣ ਦਾ, ਜਿਹੜਾ ਜ਼ੁਲਮ ਦੁਨੀਆ ਦੇ ਹਰ ਕੋਨੇ ਵਿਚ ਹੁੰਦਾ ਲੱਭਿਆ ਗਿਆ ਅਤੇ ਜੰਮਣ ਤੋਂ ਬਾਅਦ ਅਣਮਨੁੱਖੀ ਵਤੀਰੇ ਨਾਲ ਕੱਟ ਵੱਢ ਕੇ ਕੂੜੇ ਦੇ ਢੇਰ ਉੱਤੇ ਸੁੱਟਣ ਜਾਂ ਕੁੱਤਿਆਂ ਅਤੇ ਸੂਰਾਂ ਅੱਗੇ ਨਵਜੰਮੀ ਬੱਚੀ ਦਾ ਸੁੱਟੇ ਜਾਣ ਦਾ ਜ਼ਿਕਰ ਵੀ ਸੀ।
 ਘਰਾਂ ਦੇ ਅੰਦਰ, ਬਾਹਰ, ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ, ਕੰਮਕਾਜ ਵਾਲੀ ਥਾਂ ਆਦਿ ਉੱਤੇ ਹੁੰਦੀ ਭੱਦੀ ਛੇੜ ਛਾੜ ਅਤੇ ਜਬਰਜ਼ਨਾਹ ਦੇ ਦਿਨੋ ਦਿਨ ਵਧਦੇ ਜਾਂਦੇ ਕੇਸ ਅਤੇ ਐਮ.ਐਮ.ਐਸ. ਦੀ ਤਕਨੀਕੀ ਤਰੱਕੀ ਨਾਲ ਔਰਤ ਜ਼ਾਤ ਨੂੰ ਸਮਾਜ ਵਿਚ ਜ਼ਲੀਲ ਕਰਨਾ ਵੀ ਸ਼ਾਮਲ ਸੀ।
 ਗ਼ਰੀਬੀ ਦੀ ਮਾਰ ਹੇਠ, ਅਨਪੜਤਾ ਦਾ ਸ਼ਿਕਾਰ ਅਤੇ ਆਪਣੇ ਹੱਕਾਂ ਤੋਂ ਉੱਕਾ ਬੇਖ਼ਬਰ ਅਲੜ ਬੱਚੀਆਂ ਦਾ ਉਨਾਂ ਦੀ ਮਰਜ਼ੀ ਤੋਂ ਬਿਨਾਂ ਵਿਆਹੁਤਾ ਜੀਵਨ ਵਿਚ ਧੱਕੇ ਜਾਣਾ ਅਤੇ ਪੰਝੀ ਵਰਿਆਂ ਦੀ ਉਮਰ ਤਕ ਪਹੁੰਚਦੇ ਪਹੁੰਚਦੇ ਉਨਾਂ ਦਾ ਚਾਰ ਪੰਜ ਬੱਚਿਆਂ ਦੀ ਮਾਂ ਬਣਨਾ ਅਤੇ ਘਰੇਲੂ ਕੰਮਾਂ ਦੇ ਨਾਲ ਨਾਲ ਮਜਦੂਰੀ ਵਿਚ ਹੱਡ ਭੰਨਵੀਂ ਮਿਹਨਤ ਕਰਦਿਆਂ ਦਮ ਤੋੜ ਦੇਣਾ ਜਾਂ ਬੀਮਾਰੀ ਨਾ ਝਲਦੇ ਹੋਏ ਦੁਨੀਆਂ ਨੂੰ ਅਲਵਿਦਾ ਕਹਿਣਾ ਵੀ ਆਮ ਜਿਹੀ ਗੱਲ ਹੀ ਗਿਣੀ ਗਈ ਸੀ।
 ਇਨਾਂ ਔਰਤਾਂ ਬਾਰੇ ਤਾਂ ਗਲ ਹੀ ਕੀ ਕਰਨੀ ਜਦ ਕਿ ਪੜੀਆਂ ਲਿਖੀਆਂ ਅਤੇ ਉੱਚੇ ਅਹੁਦਿਆਂ ਉੱਤੇ ਬੈਠੀਆਂ ਬਹੁਗਿਣਤੀ ਔਰਤਾਂ ਵੀ ਆਪਣੇ ਹੀ ਮਰਦਾਂ ਹੱਥੋਂ ਜਬਰਜ਼ਨਾਹ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਕਿਉਂਕਿ ਜਿਸਮਾਨੀ ਸੰਬੰਧਾਂ ਵਿਚ ਔਰਤ ਦੀ ਮਰਜ਼ੀ ਤਾਂ ਪੁੱਛਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ ਕਿ ਇਹ ਤਾਂ ਮਰਦ ਦਾ ਜੱਦੀ ਹੱਕ ਹੈ ਤੇ ਔਰਤ ਉਸਦੀ ਬਾਂਦੀ ਹੈ।
 ਜਿਸਮਫਰੋਸ਼ੀ ਦੇ ਧੰਧੇ ਵਿਚ ਅੰਨੇਵਾਹ ਧੱਕੀਆਂ ਜਾਂ ਰਹੀਆਂ ਬੱਚੀਆਂ, ਜਿਸਦੀ ਅਸਲੀ ਗਿਣਤੀ ਕਰਨੀ ਹੀ ਨਾਮੁਮਕਿਨ ਹੁੰਦੀ ਜਾ ਰਹੀ ਹੈ, ਵੀ ਇਕ ਵੱਡਾ ਮੁੱਦਾ ਸੀ।
 ਦਾਜ, ਜੋ ਕਿ ਸਿਰਫ਼ ਵਿਕਾਸਸ਼ੀਲ ਦੇਸਾਂ ਦਾ ਮੁੱਦਾ ਹੀ ਨਹੀਂ ਰਿਹਾ ਬਲਕਿ ਵਿਕਸਿਤ ਦੇਸਾਂ ਵਿਚ ਵਸ ਰਹੇ ਏਸ਼ੀਅਨ ਮੂਲ ਦੇ ਲੋਕਾਂ ਰਾਹੀਂ ਦੁਨੀਆਂ ਦੇ ਹਰ ਕੋਨੇ ਵਿਚ ਭਿਆਨਕ ਰੂਪ ਇਖ਼ਤਿਆਰ ਕਰ ਚੁੱਕਿਆ ਹੈ, ਦਾ ਵੀ ਜ਼ਿਕਰ ਸੀ ਕਿਉਂਕਿ ਮਾਪਿਆਂ ਵੱਲੋਂ ਗਿਰਵੀ ਰੱਖੇ ਗਏ ਘਰ ਅਤੇ ਵਧਦੇ ਜਾਂਦੇ ਵਿਆਹ ਦੇ ਸਮਾਗਮਾਂ ਦੇ ਖ਼ਰਚੇ ਅਤੇ ਵਿਆਹ ਵਾਸਤੇ ਬੁੱਕ ਕੀਤੇ ਜਾ ਰਹੇ ਪੈਲੇਸ ਵੀ ਬੱਚੀ ਨੂੰ ਜਨਮ ਦਾ ਲੈਣ ਦੇਣ ਦਾ ਕਾਰਣ ਬਣਦੇ ਜਾ ਰਹੇ ਹਨ।
 ਕਿਸੇ ਲੜਾਈ ਦੌਰਾਨ, ਘੱਲੂਘਾਰੇ ਦੌਰਾਨ, ਮਿਲਟਰੀ ਦੇ ਹਮਲੇ ਦੌਰਾਨ ਜਾਂ ਨਸਲੀ ਵਿਤਕਰੇ ਵਿਚ ਜਦੋਂ ਵੀ ਕਿਤੇ ਮਨੁੱਖੀ ਅਧਿਕਾਰਾਂ ਦੇ ਕਤਲ ਦੀ ਗੱਲ ਹੋਏ ਤਾਂ ਇਹ ਮੁੱਦਾ ਦੱਬਿਆ ਜਾਂਦਾ  ਹੈ ਕਿ ਕਿੰਨੀਆਂ ਲੱਖਾਂ ਕੁੜੀਆਂ ਤੇ ਔਰਤਾਂ ਅਜਿਹੇ ਹਮਲਿਆਂ ਵਿਚ ਜਿਸਮਾਨੀ ਤੌਰ ਉੱਤੇ ਜ਼ਲੀਲ ਹੋਈਆਂ ਤੇ ਗਰਭਵਤੀ ਵੀ ਹੋਈਆਂ ਜਾਂ ਜਿਸਮਫਰੋਸ਼ੀ ਦੇ ਧੰਧੇ ਵਿਚ ਧੱਕੀਆਂ ਗਈਆਂ ਅਤੇ ਕਿੰਨੀਆਂ ਨੂੰ ਇਸਤਰਾਂ ਐਚ.ਆਈ.ਵੀ. ਜਾਂ ਏਡਜ਼ ਦਾ ਸ਼ਿਕਾਰ ਬਣਾਇਆ ਗਿਆ।
 ਇਹ ਦੁਖਦਾਈ ਸਤਰਾਂ ਸਿੱਧੀਆਂ ਮੇਰੇ ਦਿਲ ਉੱਤੇ ਵੱਜੀਆਂ ਕਿਉਂਕਿ ਦਿੱਲੀ, ਕਾਨਪੁਰ, ਗੁਜਰਾਤ ਆਦਿ ਦੰਗਿਆਂ ਵਿਚ ਔਰਤਾਂ ਦੇ ਹੋਏ ਘਾਣ ਦੀਆਂ ਖ਼ਬਰਾਂ ਤੇ ਤਸਵੀਰਾਂ ਕਿਸੇ ਤੋਂ ਲੁਕੀਆਂ ਨਹੀਂ ਪਰ ਉਨਾਂ ਨੂੰ ਇਨਸਾਫ ਦੇਣ ਵੇਲੇ ਕਾਨੂੰਨ ਵੱਲੋਂ ਕੀਤੀ ਕਿਰਸ ਬਾਰੇ ਵੀ ਸਭ ਜਾਣਦੇ ਹਨ।
 ਏਸੇ ਲਈ ਹੀ ਬੇਅੰਤ ਲੜਾਈਆਂ ਬਾਅਦ ਇਹੀ ਵੇਖਣ ਵਿਚ ਆਇਆ ਹੈ ਕਿ ਅਸਲ ਵਿਚ ਸਭ ਤੋਂ ਮਾੜੀ ਮਾਰ ਔਰਤ ਜ਼ਾਤ ਉੱਤੇ ਹੀ ਪੈਂਦੀ ਹੈ ਪਰ ਇਹ ਜ਼ੁਲਮ ਨਾ ਤਾਂ ਕਿਸੇ ਗਿਣਤੀ ਵਿਚ ਲਿਆਏ ਜਾਂਦੇ ਹਨ ਤੇ ਨਾ ਹੀ ਨਿਆਂ ਦੀ ਲੋੜ ਸਮਝੀ ਜਾਂਦੀ ਹੈ।
 ਜਿੱਥੋਂ ਤਕ ਨਾਬਾਲਗ ਬੱਚੀਆਂ ਦੇ ਵਿਆਹ ਦੀ ਗੱਲ ਹੈ ਭਾਵੇਂ ਸੰਨ 1860 ਵਿਚ ਬਾਲ ਵਿਆਹ ਬੰਦ ਕਰ ਦਿੱਤੇ ਗਏ ਸਨ, ਪਰ ਯੂਨੀਸੇਫ ਨੇ ਸੰਨ 2009 ਵਿਚਲੇ ਕੁੱਝ ਅੰਕੜੇ ਇੱਕਠੇ ਕਰ ਕੇ ਦੱਸਿਆ ਕਿ ਭਾਰਤ ਵਿਚ ਹਾਲੇ ਵੀ 20 ਤੋਂ 24 ਸਾਲ ਦੀਆਂ ਵਿਆਹੀਆਂ ਔਰਤਾਂ ਵਿੱਚੋਂ 47 ਪ੍ਰਤੀਸ਼ਤ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ।
 ਰਿਪੋਰਟ ਵਿਚ ਅੱਗੇ ਇਹ ਵੀ ਲਿਖਿਆ ਸੀ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਹਰ ਸਾਲ 8 ਲੱਖ ਬੰਦੇ ਸਰਹੱਦੋਂ ਪਾਰ ਮਨੁੱਖੀ ਤਸਕਰੀ ਤਹਿਤ ਇਧੱਰ ਉੱਧਰ ਹੁੰਦੇ ਹਨ ਪਰ ਇਨਾਂ ਵਿੱਚੋਂ 80 ਪ੍ਰਤੀਸ਼ਤ ਕੁੜੀਆਂ ਹੰੁਦੀਆਂ ਹਨ ਜਿਹੜੀਆਂ ਜਿਸਮਫਰੋਸ਼ੀ ਦੇ ਧੰਧੇ ਵਿਚ ਧੱਕੀਆਂ ਜਾਂਦੀਆਂ ਹਨ।
 ਜਿੱਥੋਂ ਤਕ ਔਰਤਾਂ ਦੀ ਸਿਹਤ ਦਾ ਸਵਾਲ ਹੈ, ਬਹੁਤੇ ਘਰਾਂ ਵਿਚਲੀਆਂ ਬੇਟੀਆਂ ਨੂੰ ਬੇਟਿਆਂ ਨਾਲੋਂ ਘਟ ਖਾਣ ਨੂੰ ਦਿੱਤਾ ਜਾਂਦਾ ਹੈ ਤੇ ਇਹੀ ਹਾਲ ਔਰਤਾਂ ਦਾ ਹੈ ਜਿਹੜੀਆਂ ਮਰਦਾਂ ਨੂੰ ਖੁਆਉਣ ਤੋਂ ਬਾਅਦ ਹੀ ਖਾਣਾ ਖਾਣ ਬੈਠਦੀਆਂ ਹਨ। ਰਿਪੋਰਟ ਵਿਚ ਭਾਰਤ ਤਾਂ ਜਣੇਪੇ ਤੋਂ ਬਾਅਦ ਹੋ ਰਹੀਆਂ ਮਾਵਾਂ ਦੀਆਂ ਮੌਤਾਂ ਵਿਚ ਦੁਨੀਆਂ ਭਰ ਵਿੱਚੋਂ ਦੂਜੇ ਨੰਬਰ ਉੱਤੇ ਦੱਸਿਆ ਗਿਆ ਸੀ।
 ਯੂਨਾਈਟਿਡ ਨੇਸ਼ਨਜ਼ ਨੇ 1997 ਵਿਚਲੀ ਇਹ ਵੀ ਰਿਪੋਰਟ ਛਾਪੀ ਕਿ ਹਿੰਦੁਸਤਾਨ ਵਿਚਲੀਆਂ 88 ਪ੍ਰਤੀਸ਼ਤ ਗਰਭਵਤੀ ਔਰਤਾਂ ਜਿਹੜੀਆਂ 15 ਤੋਂ 49 ਸਾਲ ਦੀਆਂ ਹਨ, ਲਹੂ ਦੀ ਕਮੀ ਨਾਲ ਪੀੜਤ ਹਨ।
 ਹਦ ਤਾਂ ਇਹ ਸੀ ਕਿ ਇਹ ਵੀ ਲਿਖਿਆ ਸੀ ਕਿ ਬਹੁਗਿਣਤੀ ਔਰਤਾਂ ਤਾਂ ਜਿਸਮਾਨੀ ਸੰਬੰਧਾਂ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਓ ਵਾਸਤੇ ਨਿਰੋਧ ਦੀ ਵਰਤੋਂ ਲਈ ਕਹਿਣ ਦਾ ਹੱਕ ਵੀ ਨਹੀਂ ਰਖਦੀਆਂ ਤੇ ਉਹ ਜਾਣਦੀਆਂ ਬੁਝਦੀਆਂ ਰੋਗ ਸਹੇੜ ਕੇ ਮਰ ਰਹੀਆਂ ਹਨ ਤੇ ਇਸਦੀ ਕਿਤੇ ਸੁਣਵਾਈ ਨਹੀਂ।
 ਜਦੋਂ ਨਸਬੰਦੀ ਜਾਂ ਨਸਬੰਦੀ ਦੀ ਗਲ ਚੱਲੇ ਤਾਂ ਵੀ ਰਿਕਾਰਡ ਦਸਦਾ ਹੈ ਕਿ ਅਪਰੇਸ਼ਨ ਕਰਵਾਉਣ ਵਾਲਿਆਂ ਵਿੱਚੋਂ ਵੀ ਮਰਦ ਸਿਰਫ਼ ਪੰਜ ਪ੍ਰਤੀਸ਼ਤ ਹਨ ਤੇ 95 ਪ੍ਰਤੀਸ਼ਤ ਔਰਤਾਂ ਨੂੰ ਅਪਰੇਸ਼ਨ ਕਰਵਾਉਣਾ ਪੈਂਦਾ ਹੈ।
 ਇਹ ਸਭ ਨੁਕਤੇ ਦਸ ਕੇ ਅੱਗੇ ਲਿਖਿਆ ਸੀ ਕਿ ਹੁਣ ਆਪੋ ਆਪਣੇ ਸੁਝਾਓ ਦਿਓ ਕਿ ਇਨਾਂ ਜ਼ੁਲਮਾਂ ਨੂੰ ਰੋਕਣ ਲਈ ਔਰਤ ਜ਼ਾਤ ਦੀ ਬਿਹਤਰੀ ਲਈ ਕੀ ਕਦਮ ਪੁੱਟੇ ਜਾਣ ਕਿਉਂਕਿ ਵਿਕਸਿਤ ਦੇਸਾਂ ਵਿਚਲੀਆਂ ਅਤੇ ਪੜੀਆਂ ਲਿਖੀਆਂ ਉੱਚੇ ਅਹੁਦੇ ਉੱਤੇ ਬੈਠੀਆਂ ਔਰਤਾਂ ਵੀ ਕਿਸੇ ਨਾ ਕਿਸੇ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਅਵਾਜ਼ ਚੁੱਕਣ ਵਾਲੀਆਂ ਏਨੀਆਂ ਘਟ ਔਰਤਾਂ ਹਨ ਕਿ ਉਗੰਲਾਂ ਉੱਤੇ ਗਿਣੀਆਂ ਜਾ ਸਕਦੀਆਂ ਹਨ।
 ਵਿਚਾਰ ਦਰਚਾ ਵੇਲੇ ਕੁੱਝ ਚਿਰ ਲਈ ਤਾਂ ਮਾਹੌਲ ਵਿਚ ਚੁੱਪੀ ਛਾ ਗਈ ਕਿਉਂਕਿ ਮਸਲਾ ਜ਼ਿਆਦਾ ਹੀ ਗੰਭੀਰ ਸੀ ਤੇ ਇਸ ਝਮੇਲੇ ਨੂੰ ਫੜਨ ਲਈ ਕੋਈ ਸਿਰਾ ਹੀ ਨਹੀਂ ਸੀ ਲਭ ਰਿਹਾ।
 ਕਿਸੇ ਨੇ ਕਿਹਾ ਕਿ ਲਾਜ਼ਮੀ ਵਿਦਿਆ ਹੀ ਇਸਦਾ ਹਲ ਹੋ ਸਕਦਾ ਹੈ। ਪੜ ਲਿਖ ਕੇ ਔਰਤਾਂ ਅਤੇ ਬੱਚੀਆਂ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਗੀਆਂ ਅਤੇ ਆਪਣੇ ਆਲੇ ਦੁਆਲੇ ਵਿਚ ਤਬਦੀਲੀ ਲਿਆਉਣ ਦੇ ਕਾਬਲ ਹੋ ਜਾਣਗੀਆਂ। ਇਸਦੇ ਨਾਲ ਨਾਲ ਮਾੜੀ ਚੰਗੀ ਛੋਹ ਦੀ ਸਮਝ ਅਤੇ ਜਿਸਮਾਨੀ ਵਧੀਕੀਆਂ ਲਈ ਵੀ ਅਵਾਜ਼ ਚੁੱਕ ਸਕਣਗੀਆਂ।
 ਏਨਾ ਸੁਣਦੇ ਹੀ ਢੇਰ ਸਾਰੇ ਕਿੰਤੂ ਪਰੰਤੂ ਸ਼ੁਰੂ ਹੋ ਗਏ ਕਿ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਵਿਚ ਅਣਗਿਣਤ ਪੜੀਆਂ ਲਿਖੀਆਂ ਔਰਤਾਂ ਸ਼ਾਮਲ ਹਨ ਤੇ ਬੇਅੰਤ ਅਜਿਹੀਆਂ ਔਰਤਾਂ ਵੀ ਹਨ ਜਿਹੜੀਆਂ ਆਪਣੇ ਪਤੀ ਤੋਂ ਵਧ ਪੜੀਆਂ ਹਨ ਪਰ ਘਰ ਦੇ ਕੰਮਾਂ ਵਿਚ ਤੇ ਬੱਚੇ ਸਾਂਭਣ ਵਿਚ ਹੀ ਲੱਗੀਆਂ ਪਈਆਂ ਹਨ ਤੇ ਉਨਾਂ ਨੂੰ ਘਰੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਜਾਂਦੀ।
 ਕਿੰਤੂ ਪਰੰਤੂ ਭਾਵੇਂ ਕਿੰਨੇ ਹੀ ਹੋਏ ਪਰ ਫਿਰ ਵੀ ਮੇਰੇ ਸਮੇਤ ਬਹੁਗਿਣਤੀ ਇਸਦੇ ਹਕ ਵਿਚ ਸਨ ਕਿ ਅਨਪੜਤਾ ਤਾਂ ਹਰ ਹਾਲ ਵਿਚ ਘਟਾਉਣ ਦੀ ਲੋੜ ਹੈ।
 ਫਿਰ ਇਕ ਫਲਸਤੀਨੀ ਔਰਤ ਨੇ ਉੱਠ ਕੇ ਕਿਹਾ ਕਿ ਏਥੇ ਬੰਦ ਕਮਰੇ ਵਿਚ ਔਰਤ ਦੀ ਬਿਹਤਰੀ ਦੀ ਕੀ ਗੱਲ ਕਰਦੇ ਹੋ। ਦੁਨੀਆ ਦੇ ਕਿਸੇ ਵੀ ਕੋਨੇ ਵਿਚ ਅਜਿਹੀ ਥਾਂ ਨਹੀਂ ਜਿੱਥੇ ਪੂਰਨ ਰੂਪ ਵਿਚ ਹਰ ਔਰਤ ਨੂੰ ਆਪਣੇ ਸਰੀਰ ਉੱਤੇ ਵੀ ਪੂਰਾ ਹੱਕ ਹੋਵੇ। ਬਾਕੀ ਹੱਕਾਂ ਦੇ ਮਿਲਣ ਲਈ ਤਾਂ ਕਈ ਯੁਗ ਬੀਤ ਜਾਣਗੇ, ਪਰ ਫਿਰ ਵੀ ਔਰਤ ਨੂੰ ਬਰਾਬਰੀ ਕਦੇ ਮਿਲ ਹੀ ਨਹੀਂ ਸਕਣ ਲੱਗੀ ਕਿਉਂਕਿ ਇਸ ਮਰਦ ਪ੍ਰਧਾਨ ਸਮਾਜ ਵਿਚ ਏਨੇ ਜ਼ੁਲਮ ਜੋ ਔਰਤ ਜ਼ਾਤ ਸਹਿ ਰਹੀ ਹੈ, ਤੇ ਕਈ ਸਦੀਆਂ ਤੋਂ ਤੁਰੇ ਆ ਰਹੇ ਹਨ, ਹਾਲੇ ਤਕ ਰੋਕੇ ਨਹੀਂ ਜਾ ਸਕੇ।
 ਤਿ੍ਰਪੁਰਾ ਦੀ ਇਕ ਛੱਬੀ ਕੁ ਵਰਿਆਂ ਦੀ ਔਰਤ ਉੱਠ ਖੜੀ ਹੋਈ ਤੇ ਉਸਨੇ ਤਿ੍ਰਪੁਰਾ ਵਿਚ ਔਰਤਾਂ ਤੇ ਬੱਚੀਆਂ ਦੇ ਸਰੀਰਾਂ ਦੀਆਂ ਧੱਜੀਆਂ ਉਡਾਉਣ ਤੇ ਉਨਾਂ ਦੇ ਮਨੁੱਖੀ ਅਧਿਕਾਰਾਂ ਦੇ ਕਤਲ ਦੀ ਏਨੀ ਭਿਆਨਕ ਤਸਵੀਰ ਖਿੱਚੀ ਕਿ ਕਈਆਂ ਦੇ ਮੂੰਹ ਸੀਤੇ ਗਏ।
 ਫਿਰ ਇਕ ਜਣੇ ਨੇ ਕਿਹਾ ਕਿ ਸਾਖਰਤਾ ਮੁਹਿੰਮ ਤਹਿਤ ਅਸੀਂ ਹਸਤਾਖ਼ਰ ਕਰਨ ਜੋਗੇ ਤਾਂ ਬੰਦੇ ਬਣਾ ਰਹੇ ਹਾਂ ਪਰ ਸਦਾਚਾਰ ਨੂੰ ਉੱਕਾ ਹੀ ਮਨਫੀ ਕਰ ਦਿੱਤਾ ਗਿਆ ਹੈ। ਬੰਦੇ ਡਿਗਰੀਆਂ ਤਾਂ ਆਪਣੇ ਨਾਵਾਂ ਨਾਲ ਵੱਡੀਆਂ ਵੱਡੀਆਂ ਲਾ ਲੈਂਦੇ ਹਨ ਤੇ ਵਿਕਸਿਤ ਦੇਸਾਂ ਵਿਚ ਉੱਚੀਆਂ ਪਦਵੀਆਂ ਉੱਤੇ ਬਹਿ ਵੀ ਜਾਂਦੇ ਹਨ ਪਰ ਘਰ ਵਿਚਲੀਆਂ ਔਰਤਾਂ ਫਿਰ ਵੀ ਜ਼ਲੀਲ ਕੀਤੀਆਂ ਜਾਂਦੀਆਂ ਹਨ ਜਿਵੇਂ ਹੁਣੇ ਜਿਹੇ ਇਕ ਹਿੰਦੁਸਤਾਨੀ ਅਫਸਰ ਨੇ ਅਮਰੀਕਾ ਵਿਚ ਆਪਣੀ ਪਤਨੀ ਨਾਲ ਕੀਤਾ ਸੀ।
 ਮੈਂ ਵੀ ਹਿੰਮਤ ਕਰ ਕੇ ਟੋਕ ਹੀ ਦਿੱਤਾ ਕਿ ਜਦ ਗੱਲ ਪੂਰੀ ਦੁਨੀਆ ਦੀਆਂ ਔਰਤਾਂ ਦੀ ਹੋ ਰਹੀ ਹੈ ਤਾਂ ਫੇਰ ਵਾਰ ਵਾਰ ਹਿੰਦੁਸਤਾਨੀ ਔਰਤਾਂ ਉੱਤੇ ਹੀ ਉਗੰਲ  ਚੁੱਕਦੇ ਰਹਿਣਾ ਠੀਕ ਨਹੀਂ ਹੈ।
 ਮੇਰੀ ਗੱਲ ਝਟ ਉਨਾਂ ਫੜ ਲਈ ਤੇ ਕਿਸੇ ਇਕ ਦੇਸ ਉੱਤੇ ਉਗੰਲ ਚੁੱਕਣ ਤੋਂ ਰੋਕ ਦਿੱਤਾ ਗਿਆ।
 ਗੱਲ ਵਿਸ਼ਵ ਭਰ ਦੀਆਂ ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਦੀ ਸੀ ਤੇ ਅੰਕੜੇ ਬਹੁਤ ਗੰਭੀਰ ਸਨ ਸੋ ਇਕ  ਰਾਜਕੁਮਾਰੀ ਮਿਸ਼ੇਲ ਜੋ ਉਸ ਬਹਿਸ ਵਿਚ ਸ਼ਾਮਲ ਸੀ, ਕਹਿਣ ਲੱਗੀ ਕਿ ਗਲ ਔਰਤ ਨੂੰ ਮਕਬੂਲ ਕਰਨ ਦੀ ਹੈ ਕਿ ਉਹ ਆਪ ਆਪਣੇ ਅੰਦਰਲੀ ਹਿੰਮਤ ਜਗਾ ਕੇ, ਇਕਜੁਟ ਹੋ ਕੇ ਜ਼ੁਲਮ ਦੇ ਖਿਲਾਫ਼ ਅਵਾਜ਼ ਚੁੱਕੇ ਕਿ ਹੁੁਣ ਹੋਰ ਜ਼ੁਲਮ ਨਹੀਂ ਸਹਿਣਾ, ਤਾਂ ਹੀ ਕੁੱਝ ਹੋ ਸਕਦਾ ਹੈ।
 ਗੱਲ ਸੋਲਾਂ ਆਨੇ ਸਚ ਸੀ। ਬਿਨਾਂ ਰੋਏ ਤਾਂ ਬੱਚੇ ਨੂੰ ਮਾਂ ਵੀ ਦੁੱਧ ਨਹੀਂ ਪਿਆਉਂਦੀ ਤੇ ਇਸੇ ਹੀ ਤਰਾਂ ਅਵਾਜ਼ ਚੁੱਕਣ ਤੋਂ ਬਗ਼ੈਰ ਜ਼ੁਲਮ ਸਹਿਣ ਵਾਲੇ ਨਾਲ  ਕੌਣ ਖੜਾ ਹੋਵੇਗਾ? ਜ਼ੁਲਮ ਦੇ ਵਿਰੁੱਧ ਅਵਾਜ਼ ਤਾਂ ਚੁੱਕਣੀ ਹੀ ਪੈਣੀ ਹੈ ਤੇ ਉਹ ਵੀ ਇਕਜੁੱਟ ਹੋ ਕੇ ਕਿਉਂਕਿ ਇਕੱਲਿਆਂ ਨੂੰ ਤਾਂ ਇਕ ਸੋਟੀ ਸਮਝ ਕੇ ਤੋੜਿਆ ਜਾ ਸਕਦਾ ਹੈ ਪਰ ਲਕੜਾਂ ਦੇ ਗੱਠੇ ਨੂੰ ਤੋੜਨਾ ਔਖਾ ਹੁੰਦਾ ਹੈ।
 ਆਖ਼ਰ ਇੰਗਲੈਂਡ ਵਿਚ ਵੀ ਤਾਂ ਔਰਤਾਂ ਨੇ ਇਕਜੁਟ ਹੋ ਕੇ ਆਪਣੇ ਹੱਕਾਂ ਲਈ ਅਵਾਜ਼ ਚੁੱਕੀ ਸੀ। ਇਸੇ ਕਾਰਨ ਵੀਹਵੀਂ ਸਦੀ ਦੇ ਸ਼ੁਰੂ ਵਿਚ ਉਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ।
 ਉਸਤੋਂ ਅਗਲੀ ਗੱਲ ਮਾਦਾ ਭਰੂਣ ਦੀ ਕਿਸੇ ਨੇ ਛੇੜ ਲਈ। ਹਾਲ ਵਿਚਲੀਆਂ ਅੱਧ ਤੋਂ ਵਧ ਔਰਤਾਂ ਤੇ ਬੰਦੇ ਮੇਰੇ ਵਲ ਇੰਝ ਘੁੰਮੇ ਜਿਵੇਂ ਮੈਂ ਹਲ ਮੁੱਠੀ ਵਿਚ ਲੁਕੋਇਆ ਹੋਵੇ ਤਾ ਹੁਣੇ ਜਗ ਜਾਹਰ ਕਰਨ ਲੱਗੀ ਹੋਵਾਂ।
 ਮੈਂ ਕਿਹਾ ਕਿ ਵੇਖੋ ਸਤੀ ਦਾ ਰਿਵਾਜ ਵੀ ਤਾਂ ਖ਼ਤਮ ਹੋਇਆ ਹੀ ਸੀ। ਬਾਲ ਵਿਆਹ ਵਿਚ ਅਤੇ ਮਾਦਾ ਭਰੂਣ ਹੱਤਿਆ ਵਿਚ ਜਿੰਨੀ ਵੀ ਰੋਕ ਲਗ ਸਕੀ ਹੈ ਉਹ ਕਾਨੂੰਨ ਦੀ ਸਖਤੀ ਤੇ ਜਾਗਰੂਕਤਾ ਲਹਿਰ ਹੀ ਲਿਆ ਸਕੀ ਹੈ। ਕਾਨੂੰਨ ਭਾਵੇਂ ਇਸ ਸਮੇਂ ਓਨਾ ਕਾਰਗਰ ਸਾਬਤ ਨਾ ਹੋ ਰਿਹਾ ਹੋਵੇ ਪਰ ਮੀਡੀਆ ਰਾਹੀਂ ਉਜਾਗਰ ਹੋਣ ਦੇ ਡਰ ਕਾਰਨ ਬਹੁਤ ਸਾਰੇ ਲੋਕ ਇਸ ਕੁਰੀਤੀ ਤੋਂ ਪਰਾਂ ਨੂੰ ਹਟ ਰਹੇ ਹਨ। ਹੋਰ ਕਿਸੇ ਥਾਂ ਹੋਵੇ ਨਾ ਹੋਵੇ ਪਰ ਪੰਜਾਬ ਦੇ ਲੋਕਾਂ ਨੇ ਤਾਂ ਇਹ ਵਿਖਾ ਦਿੱਤਾ ਹੈ ਤੇ ਪੰਜਾਬੀ ਕੁੜੀਆਂ ਦੀ ਗਿਣਤੀ ਵਧ ਗਈ ਹੈ। ਹੁਣ ਤਾਂ ਪੰਜਾਬੀ ਲੋਕ ਕੁੜੀ ਜੰਮਣ ਦੀ ਖ਼ੁਸ਼ੀ ਵੀ ਮਨਾਉਣ ਲਗ ਪਏ ਹਨ।
 ਰਹਿ ਗਈ ਗਲ ਸਰਕਾਰ ਹੱਥ, ਜਿਹੜੇ ਹਰ ਕੁੜੀ ਲਈ ਮੁਫਤ ਵਿਦਿਆ, ਤੇ ਜਣੇਪੇ ਵੇਲੇ ਹਰ ਮਾਂ ਅਤੇ ਬੱਚੇ ਦੀ ਸਾਂਭ ਸੰਭਾਲ ਉੱਤੇ ਵਿਕਸਿਤ ਦੇਸਾਂ ਵਾਂਗ ਖ਼ਰਚ ਕਰਨ ਤਾਂ ਜੋ ਸਾਖਰਤਾ ਵਧਣ ਦੇ ਨਾਲ ਨਾਲ ਮੌਤਾਂ ਦੀ ਗਿਣਤੀ ਵੀ ਘਟੇ।
 ਜਦੋਂ ਔਰਤ ਜ਼ਾਤ ਉੱਤੇ ਹੁੰਦੇ ਜ਼ੁਲਮਾਂ ਦੀ ਲਿਸਟ ਵੇਖੀਏ ਤਾਂ ਮੈਨੂੰ ਨਹੀਂ ਜਾਪਦਾ ਕਿ ਕਿਸੇ ਵੀ ਤਰਾਂ ਦੀ ਸਰਕਾਰ ਲਈ ਇਹ ਸੰਭਵ ਹੋਵੇਗਾ ਕਿ ਹਰ ਘਰ ਵਿਚਲੀ ਔਰਤ ਉੱਤੇ ਹੁੰਦੇ ਤਸ਼ਦੱਦ ਲਈ ਪਹੁੰਚੇ, ਉਹ ਭਾਵੇਂ ਦਾਜ ਦੀ ਸਮੱਸਿਆ ਹੋਵੇ, ਘਰੇਲੂ ਹਿੰਸਾ ਜਾਂ ਜਿਸਮਾਨੀ ਵਧੀਕੀਆਂ ਤੇ ਜਾਂ ਫੇਰ ਘਰ ਵਿਚਲੇ ਚਾਚੇ ਤਾਇਆਂ ਦੀਆਂ ਭੈੜੀਆਂ ਨਜ਼ਰਾਂ!
 ਇਸ ਲਈ ਤਾਂ ਸੋਚ ਵਿਚ ਬਦਲਾਓ ਜ਼ਰੂਰੀ ਹੈ। ਸਮਾਜ ਵਿਚਲੇ ਸੂਝਵਾਨ ਲੋਕ ਹੀ ਜੇ ਇਕਜੁਟ ਹੋ ਕੇ ਇਨਾਂ ਜ਼ੁਲਮਾਂ ਵਿਰੁੱਧ ਖੜੇ ਹੋਣ ਤੇ ਔਰਤ ਆਪਣੇ ਅੰਦਰਲੀ ਹਿੰਮਤ ਜਗਾ ਕੇ ਨਾਲ ਮੋਢਾ ਜੋੜ ਲਵੇ ਤਾਂ ਹੀ ਇਸਦਾ ਕੋਈ ਹਲ ਲੱਭਿਆ ਜਾ ਸਕਦਾ ਹੈ, ਵਰਨਾ ਸਦੀਆਂ ਤੋਂ ਤੁਰੇ ਆਉਂਦੇ ਇਹ ਜ਼ੁਲਮ ਕਿਤੇ ਘਟ ਤਾਂ ਹੋਏ ਦਿਸਦੇ ਨਹੀਂ, ਸਗੋਂ ਤਕਨੀਕੀ ਤਰੱਕੀ ਤੇ ਵਿਦਿਆ ਦੇ ਪਸਾਰ ਨਾਲ ਵਧਦੇ ਹੋਏ ਹੀ ਨਜ਼ਰ ਆ ਰਹੇ ਹਨ, ਜੋ ਹਥਲੀ ਰਿਪੋਰਟ ਵੀ ਦਸ ਰਹੀ ਹੈ।
 ਘਰ ਵਿਚਲੀਆਂ ਔਰਤਾਂ ਨੂੰ ਇੱਜ਼ਤ ਦਿੰਦੇ ਸਾਰ ਦੂਜਿਆਂ ਦੀਆਂ ਧੀਆਂ ਭੈਣਾਂ ਪ੍ਰਤੀ ਸੋਚ ਵੀ ਜ਼ਰੂਰ ਬਦਲੇਗੀ।
 ਮੇਰੀ ਗੱਲ ਨਾਲ ਕਾਫੀ ਜਣੇ ਸਹਿਮਤ ਹੋ ਗਏ ਸਨ ਪਰ ਕੁੱਝ ਕੁ ਇਸ ਗੱਲ ਨੂੰ ਨਕਾਰ ਰਹੇ ਸਨ ਕਿ ਇੱਕਲੀ ਔਰਤ ਅੰਦਰ ਕੋਈ ਆਪਣੀ ਹਿੰਮਤ ਉਜਾਗਰ ਕਰਨ ਦੀ ਤਾਕਤ ਨਹੀਂ ਹੁੰਦੀ। ਇਸਲਈ ਹਮੇਸ਼ਾ ਗੁਟ ਹੀ ਕੰਮ ਕਰ ਸਕੇਗਾ!
 ਇਕ ਡਾਕਟਰ ਵਜੋਂ ਮੈਂ ਉਨਾਂ ਨੂੰ ਸਮਝਾਇਆ ਕਿ ਜੰਮਣ ਪੀੜਾਂ ਸਹਿਣ ਲੱਗਿਆਂ 20 ਹੱਡੀਆਂ ਇੱਕੋ ਸਮੇਂ ਟੁਟਣ ਜਿੰਨੀ ਪੀੜ ਹੁੰਦੀ ਹੈ, ਸੋ ਔਰਤ ਅੰਦਰ ਅਥਾਹ ਤਾਕਤ ਰਬ ਨੇ ਭਰ ਕੇ ਭੇਜੀ ਹੈ। ਸਰੀਰਕ ਪੱਖੋਂ ਮਜ਼ਬੂਤ ਕਰਨ ਲਈ ਜੂਡੋ ਕਰਾਟੇ ਸਕੂਲਾਂ ਵਿਚ ਲਾਜ਼ਮੀ ਕੀਤੇ ਜਾ ਸਕਦੇ ਹਨ। ਬਾਕੀ ਰਹਿ ਗਈ ਲੜ ਮਰਨ ਦੀ ਗਲ ! ਸਾਡੇ ਇਤਿਹਾਸ ਵਿਚ ਤਾਂ ਰਾਣੀ ਝਾਂਸੀ ਤੇ ਮਾਈ ਭਾਗੋ ਨੇ ਮੈਦਾਨੇ ਜੰਗ ਵਿਚ ਵੀ ਡਟ ਕੇ ਬਹਾਦਰੀ ਵਿਖਾ ਦਿੱਤੀ ਸੀ, ਉਹ ਵੀ ਉਸ ਸਮੇਂ ਜਦੋਂ ਔਰਤ ਦਾ ਰੁਤਬਾ ਪੈਰ ਦੀ ਜੁੱਤੀ ਤੋਂ ਵਧ ਨਹੀਂ ਸੀ ਹੁੰਦਾ! ਗੱਲ ਤਾਂ ਇਹ ਬਚੀ ਕਿ ਕਾਨੂੰਨ ਕਦੋਂ ਔਰਤ ਜ਼ਾਤ ਉੱਤੇ ਹੁੰਦੇ ਤਸ਼ਦੱਦ ਲਈ ਡਟ ਕੇ ਮਦਦ ਕਰਨ ਲਈ ਖੜਾ ਹੋਵੇਗਾ?
 ਬਹੁਗਿਣਤੀ ਮੇਰੇ ਨਾਲ ਸਹਿਮਤ ਹੋ ਗਏ ਸਨ। ਪਰ, ਇਹ ਗੱਲਾਂ ਸਨ ਬੰਦ ਹਾਲ ਅੰਦਰ ਹੋਈਆਂ। ਜ਼ਰੂਰੀ ਸੀ ਕਿ ਇਹ ਸਾਰਾ ਲੇਖਾ ਜੋਖਾ ਸਰਕਾਰਾਂ ਕੋਲ ਤੇ ਆਮ ਬੰਦੇ ਕੋਲ ਪਹੁੰਚੇ ਜਿਸਨੇ ਆਪਣੀ ਸੋਚ ਅਨੁਸਾਰ ਕਦਮ ਪੁੱਟਣੇ ਹਨ!
 ਮੈਂ ਸਿਰਫ ਵਿਸ਼ਵ ਪਧੱਰੀ ਵਿਚਾਰ ਅਤੇ ਨੁਕਤੇ, ਜਿਨਾਂ ਵਿਚ ਮੌਜੂਦਾ ਅੰਕੜੇ ਵੀ ਸ਼ਾਮਲ ਹਨ, ਸਭ ਦੇ ਸਾਹਮਣੇ ਧਰ ਦਿੱਤੇ ਹਨ ਕਿ ਇਨਾਂ ਉੱਤੇ ਵਿਚਾਰ ਕਰ ਕੇ ਛੇਤੀ ਤੋਂ ਛੇਤੀ ਹਲ ਲੱਭ ਲਿਆ ਜਾਏ ਤਾਂ ਠੀਕ ਹੈ, ਨਹੀਂ ਤਾਂ ‘‘ ਜਸਟਿਸ ਡਿਲੇਅਡ ਇਜ਼ ਜਸਟਿਸ ਡਿਨਾਈਡ ’’ ਵਾਲੀ ਗੱਲ ਹੀ ਬਣ ਜਾਵੇਗੀ।
 ਜਿਹੜੇ ਸਿਰਫ਼ ਮੂਹਰਲੀ ਕਤਾਰ ਵਿਚ ਬੈਠੀਆਂ ਗਿਣੀਆਂ ਚੁਣੀਆਂ ਔਰਤਾਂ ਬਾਰੇ ਗੱਲ ਕਰ ਕੇ, ਇਹ ਤੱਥ ਜੋ ਔਰਤ ਜ਼ਾਤ ਨਾਲ ਹੁੰਦੇ ਜ਼ੁਲਮਾਂ ਬਾਰੇ ਸਚੇਤ ਕਰ ਰਹੇ ਹਨ, ਨੂੰ ਨਕਾਰ ਦੇਣਾ ਚਾਹੁੰਦੇ ਹਨ, ਉਨਾਂ ਨੂੰ ਮੈਂ ਯਾਦ ਦਵਾ ਦੇਵਾਂ ਕਿ ‘‘ ਕੁਛ ਲਾਸ਼ੋਂ ਕੋ ਕਫ਼ਨ ਭੀ ਨਸੀਬ ਨਹੀਂ ਹੋਤਾ, ਪਰ ਕੁਛ ਲਾਸ਼ੋਂ ਪਰ ਤਾਜ ਮਹਲ ਬਨ ਜਾਤੇ ਹੈਂ। ’’
 ਜਿਨਾਂ ਨੂੰ ਇਸ ਵਿਚ ਹਾਲੇ ਵੀ ਕੁੱਝ ਕਰਨਾ ਨਾਮੁਮਕਿਨ ਜਾਪਦਾ ਹੈ, ਉਨਾਂ ਲਈ ਮੇਰਾ ਇਹੀ ਸੁਣੇਹਾ ਬਹੁਤ ਹੈ :
 ‘‘ ਮੁਸ਼ਕਿਲ ਇਸ ਦੁਨੀਆ ਮੇਂ ਕੁਛ ਭੀ ਨਹੀਂ,
 ਫਿਰ ਭੀ ਲੋਕ ਅਪਨੇ ਇਰਾਦੇ ਤੋੜ ਦੇਤੇ ਹੈਂ।
 ਗ਼ਰ ਸੱਚੇ ਦਿਲ ਸੇ ਕੀ ਹੋ ਕੋਸ਼ਿਸ਼, ਤੋ
 ਸਿਤਾਰੇ ਭੀ ਅਪਨੀ ਜਗਾ ਛੋੜ ਦੇਤੇ ਹੈਂ। ’’
 

ਡਾ: ਹਰਸ਼ਿੰਦਰ ਕੋਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783