ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਇਕਾ ਬਾਣੀ-ਇਕੁ ਗੁਰ


ਅਕਾਲ ਪੁਰਖ, ਨਿਰੰਕਾਰ ਜੀ, ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇਹ ਰੂਪੀ ਚੋਲੇ ਵਿਚ, ਜਗਤ ਕਲਿਆਣ ਲਈ ਪ੍ਰਗਟ ਹੋਏ। ਇਸ ਲਈ ਪਰਮ ਪੁਰਖ ਗੁਰੂ ਨਾਨਕ ਦੇਵ ਜੀ ਦੇ ਅਗੰਮੀ ਭਵਿੱਖੀ ਚੋਜਾਂ ਜਾਂ ਕਾਰਨਾਮਿਆਂ ਨੂੰ ਕੌਣ ਜਾਣੇ? ਸ਼ਬਦ ਗੁਰੂ ਗ੍ਰੰਥ ਸਾਹਿਬ, ਨੂੰ ਗੁਰਿਆਈ ਭਾਵੇਂ ਦਸਵੇਂ ਜਾਮੇ ਵਿਚ 1708 ਈ. ਵਿਚ  ਜਾ ਕੇ ਪ੍ਰਾਪਤ ਹੋਈ ਪਰ ਇਸ ਜਾਗਤਿ ਜੋਤ ਦਾ ਪ੍ਰਾਰੰਭ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਤੋਂ ਹੀ ਹੋ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਰਥਾਤ 'ਗੁਰੂ ਪਦ' ਦੀ ਪ੍ਰਾਪਤੀ ਤਕ ਦਾ ਲੰਮਾ ਇਤਿਹਾਸ (ਲਗਭਗ 239 ਸਾਲ) ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਲਾਹੀ-ਬਾਣੀ ਨੂੰ  ਸੰਭਾਲ ਕੇ ਰੱਖਿਆ। ਭਗਤਾਂ ਦੀ ਬਾਣੀ ਇਕੱਤਰ ਕਰਨ ਲਈ ਉਨ੍ਹਾਂ ਨੂੰ ਦੂਰ-ਦੁਰਾਡੇ ਥਾਵਾਂ 'ਤੇ ਜਾਣਾ ਪਿਆ। ਜੰਗਲਾਂ, ਬੀਆਬਾਨਾਂ ਪਹਾੜਾਂ ਅਤੇ ਅਤਿ ਕਠਿਨ ਰਸਤਿਆਂ ਉਪਰੋਂ ਦੀ ਲੰਘ ਕੇ ਆਪ ਜੀ ਨੇ ਜਿਥੇ ਅਕਾਲ ਪੁਰਖ ਦਾ ਸੰਦੇਸ਼ ਥਾਂ-ਥਾਂ 'ਤੇ ਪਹੁੰਚਾਇਆ, ਉਥੇ ਨਾਲ ਹੀ ਭਗਤਾਂ ਦੀ ਬਾਣੀ ਦਾ ਅਨੁਵਾਦ ਕਰਕੇ ਵੀ ਆਪਣੇ ਕੋਲ ਲੈ ਆਂਦਾ ਤੇ ਉਸਨੂੰ ਸੁਰੱਖਿਅਤ ਰੱਖਿਆ। ਮੱਕੇ ਮਦੀਨੇ ਦੀ ਉਦਾਸੀ ਦੌਰਾਨ ਵੀ ਗੁਰੂ ਸਾਹਿਬ ਦੇ ਕੋਲ ਪੋਥੀ ਮੌਜੂਦ ਸੀ। ਉਦਾਹਰਣ ਵਜੋਂ ਭਾਈ ਗੁਰਦਾਸ ਜੀ ਦੀਆਂ ਨਿਮਨ ਅੰਕਿਤ ਪਾਵਨ ਸਤਰਾਂ ਪ੍ਰਸਤੁਤ ਹਨ-
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ। (ਵਾਰ 1-33)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 974 ਸ਼ਬਦ ਹਨ ਜੋ ਵੱਖ-ਵੱਖ 19 ਰਾਗਾਂ ਵਿਚ ਅੰਕਿਤ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ-ਗੱਦੀ ਸੌਂਪਣ ਵੇਲੇ, ਸ੍ਰੀ ਗੁਰੂ  ਨਾਨਕ ਦੇਵ ਜੀ ਨੇ ਇਹੀ ਪੋਥੀਆਂ ਅਰਥਾਤ ਗੁਰਬਾਣੀ, ਵੀ ਉਨ੍ਹਾਂ ਨੂੰ ਸੌਂਪ ਦਿੱਤੀ ਸੀ। ਗੁਰੂ ਅਮਰਦਾਸ ਜੀ ਨੇ ਇਸੇ ਪ੍ਰਕਾਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਸੌਂਪਣ ਵੇਲੇ ਵੀ ਨਾਲ ਹੀ ਬਾਣੀ ਰਚਨਾ ਦੇ ਦਿੱਤੀ ਸੀ। ਪਹਿਲੇ ਚਾਰ ਗੁਰੂ ਸਾਹਿਬਾਨ ਦੀ ਰੱਬੀ ਗੁਰਬਾਣੀ ਦੀਆਂ ਪੋਥੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੋਹਨ ਜੀ ਤੋਂ ਪ੍ਰਾਪਤ ਕੀਤੀਆਂ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਰਾਮਸਰ ਸਾਹਿਬ ਦੇ  ਕੰਢੇ ਸ੍ਰੀ ਆਦਿ ਗ੍ਰੰਥ ਸਾਹਿਬ ਤਿਆਰ ਕੀਤਾ। ਸਮੁੱਚੀ ਬਾਣੀ ਨੂੰ ਰਾਗਾਂ ਅਨੁਸਾਰ ਵਿਉਂਤਬੱਧ ਕੀਤਾ।
ਸ੍ਰੀ ਆਦਿ ਗ੍ਰੰਥ ਸਾਹਿਬ ਦੀ ਤਿਆਰੀ ਉਪਰੰਤ, ਗੁਰੂ ਅਰਜਨ ਦੇਵ ਜੀ ਨੇ ਇਸ 'ਪੋਥੀ ਪਰਮੇਸ਼ਰ ਕਾ ਥਾਨੁ£' ਨੂੰ ਬਾਬਾ ਬੁੱਢਾ ਸਾਹਿਬ ਦੇ ਸੀਸ 'ਤੇ ਰਖਵਾ ਕੇ, ਆਪ ਪਿੱਛੇ ਚੌਰ ਕਰਦੇ ਹੋਏ, ਸਿੱਖ ਸੰਗਤਾਂ ਨਾਲ ਮੰਗਲਮਈ ਸ਼ਬਦ ਗਾਇਨ ਕਰਦੇ ਹੋਏ, ਹਰਿਮੰਦਰ ਸਾਹਿਬ ਵਿਖੇ ਲਿਆ ਕੇ ਸ਼ੁਸ਼ੋਭਿਤ ਕੀਤਾ। ਸਾਰਾ ਦਿਨ ਧੁਰ ਦਰਗਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ। ਰਾਤ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ, ਇਸ ਮੰਜਾ ਸਾਹਿਬ ਦੇ ਹੇਠਾਂ ਆਸਣ ਵਿਛਾ ਕੇ, ਆਰਾਮ ਕਰਦੇ ਸਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਰਚਨਾ, ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਰਾਹੀਂ ਅੰਕਿਤ ਕਰਵਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅਕਤੂਬਰ 1708 ਈ. ਨੂੰ ਸ੍ਰੀ ਅਬਿਚਲ ਨਗਰ ਨਾਂਦੇੜ (ਮਹਾਰਾਸ਼ਟਰ) ਵਿਖੇ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਕੇ ਸਮੂਹ ਸਿੱਖ ਜਗਤ ਨੂੰ ਹੁਕਮ ਕੀਤਾ :
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ£
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ£
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਪੰਨਾ 353)
ਇਸ ਪ੍ਰਕਾਰ ਗੁਰੂ ਜੀ ਨੇ ਦੇਹਧਾਰੀ ਗੁਰੂ ਪਰੰਪਰਾ ਸਦੀਵੀ ਕਾਲ ਲਈ ਬੰਦ ਕਰ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੁੱਚੇ ਸਿੱਖ ਜਗਤ 'ਚ ਜ਼ਿੰਦਾ ਗੁਰੂ ਕਰਕੇ ਜਾਣਿਆ ਅਤੇ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਸ ਨੇ ਦਸ ਗੁਰੂ ਸਾਹਿਬਾਨ ਦੇ ਦਰਸ਼ਨ ਕਰਨੇ ਹੋਣ, ਉਹ ਮਨ ਚਿੱਤ ਇਕਾਗਰ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ, ਸੁਣੇ ਤੇ ਉਸ ਦੀ ਵਿਚਾਰ ਕਰੇ। ਗੁਰੂ ਜੀ ਨੇ ਉਪਦੇਸ਼ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਮੇਰਾ ਰੂਪ ਹਨ।
ਜੋ ਮਮ ਸਾਥ ਚਹੇ ਕਰਿ ਬਾਤ£ ਗੰ੍ਰਥ ਜੀ ਪੜਹਿ ਬੀਚਾਰਹਿ ਸਾਥ£
ਜੋ ਮੁਝ ਬਚਨ ਸੁਨਨ ਕੀ ਚਾਇ£ ਗ੍ਰੰਥ ਵਿਚਾਰ ਸੁਨਹੁ ਚਿਤ ਲਾਇ£
ਮੇਰਾ ਰੂਪ ਗ੍ਰੰਥ ਜੀ ਜਾਨ£ ਇਨ ਮੈ ਭੇਦ ਨ ਰੰਚਕ ਮਾਨ£
(ਰਹਿਤਨਾਮਾ, ਭਾਈ ਨੰਦ ਲਾਲ ਜੀ)
ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਸੇ ਇਕ ਕੌਮ, ਜਾਤ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਦਾ ਗ੍ਰੰਥ ਨਹੀਂ ਹੈ। ਸਗੋਂ ਇਹ ਤਾਂ ਸਮੁੱਚੀ ਲੋਕਾਈ, ਹਿੰਦੂ, ਮੁਸਲਮਾਨ, ਜੋਗੀ, ਜੈਨੀ, ਸਿੱਖ ਆਦਿ ਸਭ ਨੂੰ ਬਰਾਬਰ ਸਰਬਕਾਲੀ ਸੁਯੋਗ ਅਗਵਾਈ ਕਰ ਸਕਣ ਵਾਲਾ, ਸਰਬ ਸਾਂਝਾ ਗੁਰੂ ਗ੍ਰੰਥ ਸਾਹਿਬ ਹੀ ਹੈ। ਇਸ ਵਿਚ ਕਿਸੇ ਵੀ ਵਰਗ ਜਾਂ ਜਾਤੀ ਨਾਲ ਕੋਈ ਵਿਸ਼ੇਸ਼ ਰਿਆਇਤ ਨਹੀਂ ਕੀਤੀ ਗਈ, ਸਗੋਂ ਇਸ ਵਿਚ ਤਾਂ ਸ਼ੁੱਭ ਅਮਲ ਕਰਕੇ, ਨੇਕ ਇਨਸਾਨ ਬਣਨ ਦਾ ਸਰਬ ਸਾਂਝਾ ਉਪਦੇਸ਼ ਹੈ। ਭਾਵੇਂ ਹਰ ਧਰਮ ਦੇ ਗ੍ਰੰਥ ਆਪੋ ਆਪਣੀ ਥਾਂ 'ਤੇ ਮਹਾਨ ਹਨ ਪਰ ਜੋ ਸਰਬ ਸ੍ਰੇਸ਼ਟਤਾ, ਸਰਬ ਸਤਿਕਾਰ, ਧਾਰਮਿਕਤਾ ਅਤੇ ਸਰਬ ਸਾਂਝੀਵਾਲਤਾ ਇਸ ਮਹਾਨ 'ਸ਼ਬਦ ਗੁਰੂ' ਵਿਚ ਉਪਲਬਧ ਹੈ, ਉਹ ਹੋਰ ਕਿਤੇ ਵੀ ਨਹੀਂ ਲੱਭਦੀ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ£
ਗੁਰਮੁਖ ਨਾਮੁ ਜਪੈ ਊਧਰੋ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ£  (ਅੰਗ 747)
ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ£
ਗੁਰੂ ਨਾਨਕ ਉਪਦੇਸ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ£ (ਅੰਗ1001)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਬਾਣੀ ਨੂੰ 'ਧੁਰ ਕੀ ਬਾਣੀ, ਖਸਮ ਕੀ ਬਾਣੀ, ਗੋਵਿੰਦ ਕੀ ਬਾਣੀ' ਦੇ ਵਿਸ਼ੇਸ਼ਣਾਂ ਨਾਲ ਅਲੰਕ੍ਰਿਤ ਕੀਤਾ ਗਿਆ ਹੈ। ਇਹ ਧੁਰ ਕੀ ਬਾਣੀ ਆਪਣੇ ਪਿਆਰਿਆਂ ਦੇ ਮੂੰਹੋਂ ਬੁਲਵਾਈ ਗਈ ਹੈ ਇਸ ਲਈ ਇਹ ਦੁਨਿਆਵੀ ਕ੍ਰਿਤ ਹੁੰਦੇ ਹੋਏ ਵੀ, ਨਿਰੋਲ ਨਿਰੰਕਾਰੀ ਕ੍ਰਿਤੀ ਹੈ, ਜੋ 'ਹਰਿ-ਜਨ' ਨੂੰ 'ਹਰਿ' ਵਿਚ ਅਭੇਦ ਕਰ ਦਿੰਦੀ ਹੈ। ਅਜਿਹੀ ਸਮਰੱਥਾ ਕੇਵਲ 'ਰੱਬੀ ਬਾਣੀ ਪ੍ਰਭ ਕੀ ਬਾਣੀ ਵਿਚ ਹੀ ਹੈ, ਹੋਰ ਕਿਧਰੇ ਨਹੀਂ ਲੱਭਦੀ।
ਧੁਰ ਕੀ ਬਾਣੀ ਆਈ£ ਤਿਨਿ ਸਗਲੀ ਚਿੰਤ ਮਿਟਾਈ£
(ਅੰਗ 628)
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ£ ਸਾਧੂ ਜਨ ਰਾਮੁ ਰਸਨ ਵਖਾਣੀ£ (ਅੰਗ 192)
ਸਤਿਗੁਰੂ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ,
ਹਰਿ ਕਰਤਾ ਆਪਿ ਮੁਹਹੁ ਕਢਾਏ£ (ਅੰਗ 308)
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ£ (ਅੰਗ 763)
ਗੁਰਬਾਣੀ ਅਥਵਾ ਗੁਰੂ ਦਾ ਸੁਨੇਹਾ ਜਾਂ ਗੁਰੂ ਦੀ ਆਵਾਜ਼ ਵਿਚ ਐਨੀ ਵੱਡੀ ਸਮਰੱਥਾ ਹੈ ਕਿ ਇਸ ਨੂੰ ਸ਼ਰਧਾ ਭਾਵ ਨਾਲ ਪੜ੍ਹਨ, ਵਿਚਾਰਨ, ਸੁਣਨ ਜਾਂ ਸੁਣਾਉਣ ਵਾਲਾ ਸਿੱਧੇ ਤੌਰ 'ਤੇ ਗੁਰੂ ਸਾਹਿਬਾਨ ਨਾਲ ਹੀ ਗੱਲਾਂ ਕਰਦਾ ਹੈ ਅਤੇ ਉਹ ਗੁਰੂ ਦੇ ਪਾਵਨ ਬਚਨਾਂ ਦਾ ਆਨੰਦ ਮਾਣਦਾ ਹੋਇਆ ਵਿਸਮਾਦ ਹੋ ਜਾਂਦਾ ਹੈ। ਗੁਰਬਾਣੀ ਹੀ ਗੁਰੂ ਹੈ, ਇਹ ਗੁਰੂ ਸਾਹਿਬ ਦੀ ਆਤਮਾ ਹੈ, ਰੂਹ ਹੈ, ਸਰੀਰ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ£
ਗੁਰਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ£ (ਅੰਗ 982)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਬ੍ਰਹਮ ਕੇਂਦ੍ਰਿਤ ਹੈ। ਗੁਰਬਾਣੀ ਦੇ ਮਹਾਨ ਰਚਨਹਾਰਿਆਂ ਨੇ, ਮਨੁੱਖ ਨੂੰ ਸਹੀ ਇਨਸਾਨ ਬਣਨ ਅਤੇ ਲੋਕ ਕਲਿਆਣ ਦੀ ਦ੍ਰਿਸ਼ਟੀ ਨਾਲ ਬਹੁਤ ਸਾਰੀਆਂ ਰਚਨਾ-ਜੁਗਤਾਂ ਦੇ ਅੰਤਰਗਤ ਇਹ ਲੌਕਿਕਤਾ ਨੂੰ ਅਗਰ ਭੂਮੀ ਵਿਚ ਰੱਖ ਕੇ, ਉਸ ਦੀ ਪਿੱਠ ਭੂਮੀ ਵਿਚ, ਬਹੁਤ ਸਾਰੀਆਂ ਲੋਕਯਨਿਕ ਜੁਗਤਾਂ ਅਤੇ ਵਿਭੰਨ ਪ੍ਰਕਾਰੀ ਲੋਕ ਕਾਵਿ ਰੂਪਾਂ ਦਾ ਪ੍ਰਯੋਗ ਵੀ ਕੀਤਾ ਹੈ। ਇਥੇ ਹੀ ਬਸ ਨਹੀਂ, ਪਿਆਰ, ਭੈ, ਦ੍ਰਿਸ਼ਟਾਂਤ, ਪ੍ਰੇਰਨਾ, ਉਦਮ ਆਦਿ ਜੁਗਤਾਂ ਰਾਹੀਂ ਮਨੁੱਖ ਨੂੰ ਅਧਿਆਤਮਕ ਸੰਦੇਸ਼ ਸੰਚਰਤਿ ਕੀਤਾ ਗਿਆ ਹੈ। ਬਾਣੀਕਾਰ ਕਿਉਂਕਿ ਸਮਾਜਿਕ, ਭੂਗੋਲਿਕ, ਸੱਭਿਆਚਾਰਕ, ਲੋਕਯਾਨਿਕ ਚੌਗਿਰਦੇ ਵਿਚ ਪ੍ਰਗਟ ਹੋਏ ਅਤੇ ਪ੍ਰਵਾਣ ਚੜ੍ਹੇ, ਇਸ ਲਈ ਬਹੁਤ ਸਾਰੀ ਲੋਕਯਾਨਿਕ ਸੱਭਿਆਚਾਰਕ  ਸਮੱਗਰੀ, ਜਿਵੇਂ ਲੋਕ ਕਾਵਿਰੂਪ, ਮੁਹਾਵਰੇ, ਮਿੱਥ-ਕਥਾਵਾਂ ਆਦਿ ਬਾਣੀ ਰਚਨਾ ਵਿਚ ਸੰਮਿਲਤ ਹੋ ਗਏ ਹਨ। ਜਿਨ੍ਹਾਂ ਦਾ ਅਧਿਐਨ ਇਕ ਵੱਖਰੇ ਸੋਧ ਪ੍ਰਬੰਧ ਦਾ ਵਿਸ਼ਾ ਹੈ।
ਨਿਰਸੰਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਰੋਲ ਬ੍ਰਹਮ ਦੀ ਵਿਚਾਰ ਹੈ, ਜਿਸ ਨੂੰ ਪੜ੍ਹਨ, ਸੁਣਨ ਅਤੇ ਵਿਚਾਰਨ ਵਾਲਾ ਮੋਖ ਦੁਆਰ ਦੀ ਪਦਵੀ ਨੂੰ ਪ੍ਰਾਪਤ ਹੁੰਦਾ ਹੈ ਅਰਥਾਤ 'ਬਾਣੀ ਗੁਰੂ' ਮਨੁੱਖ ਨੂੰ 'ਗੁਰੂ' ਵਿਚ ਅਭੇਦ ਕਰ ਦਿੰਦੀ ਹੈ।
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ£
(ਅੰਗ 335)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਭਾਵੇਂ ਬਹੁ-ਭਾਸ਼ਾਵੀਂ ਹੈ ਪਰ ਫਿਰ ਵੀ ਬਹੁਤਾਤ ਲੋਕ-ਬੋਲੀ ਵਿਚ ਹੈ। ਇਸ ਤੋਂ ਪਹਿਲਾਂ ਲਿਖੇ ਗਏ ਗ੍ਰੰਥ, ਵਧੇਰੇ ਕਰਕੇ ਸੰਸਕ੍ਰਿਤ ਭਾਸ਼ਾ ਵਿਚ ਹੋਣ ਕਰਕੇ, ਸਧਾਰਣ ਲੋਕਾਂ ਦੀ ਸਮਝ ਤੋਂ ਬਾਹਰ ਸਨ। ਇਕ ਵਾਰੀ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਕੁਝ ਪੰਡਿਤ ਲੋਕ ਆਏ ਅਤੇ ਉਨ੍ਹਾਂ ਨੇ ਗੁਰੂ ਜੀ ਤੋਂ ਪੁੱਛਿਆ, 'ਵੇਦ ਸ਼ਾਸਤਰ, ਅੰਜੀਲ, ਪੁਰਾਨ ਅਤੇ ਕੁਰਾਨ ਦੇ ਹੁੰਦਿਆਂ ਤੁਹਾਨੂੰ ਗੁਰਬਾਣੀ ਪੋਥੀ (ਬੀੜ) ਰੂਪ ਵਿਚ ਤਿਆਰ ਕਰਨ ਦੀ ਕਿਉਂ ਲੋੜ ਪਈ? ਤਾਂ ਗੁਰੂ ਜੀ ਨੇ ਫੁਰਮਾਇਆ........
ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ
ਕਿਆ ਧਰਤੀ ਮਧੇ ਪਾਣੀ ਨਾਹੀ£
ਜੈਸੇ ਧਰਤੀ ਮੇ ਪਾਣੀ ਪਰਗਾਸਿਆ
ਬਿਨੁ ਪਗਾ ਵਰਸਤ ਫਿਰਾਹੀ£ (ਅੰਕ 162)
ਅਰਥਾਤ ਗੁਰਬਾਣੀ (ਪੋਥੀ) ਇਵੇਂ ਹੈ, ਜਿਵੇਂ ਧਰਤੀ ਉਤੇ ਬੱਦਲ ਵਰ੍ਹਦਾ ਹੈ ਤਾਂ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਮੌਸਮ ਸੁਹਾਵਣਾ ਹੋ ਜਾਂਦਾ ਹੈ। ਕੋਈ ਵਿਸ਼ੇਸ਼ ਮੁਸ਼ੱਕਤ ਨਹੀਂ ਕਰਨੀ ਪੈਂਦੀ। ਪਰ ਦੂਜੇ ਪਾਸੇ, ਕੀ ਧਰਤੀ ਵਿਚ ਪਾਣੀ ਨਹੀਂ? ਧਰਤੀ ਵਿਚ ਤਾਂ ਬਹੁਤ ਪਾਣੀ ਹੈ। ਇਸ ਦੇ ਹੇਠਲੇ ਹਿੱਸੇ ਵਿਚ ਖੁੱਲ੍ਹਾ ਫਿਰ ਰਿਹਾ ਹੈ। ਪਰ ਹੇਠਲਾ ਪਾਣੀ ਕੱਢਣ ਲਈ, ਖੂਹ ਪੁੱਟਣਾ ਪੈਂਦਾ ਹੈ, ਫਿਰ ਬਾਲਟੀ ਅਤੇ ਰੱਸੇ ਦੀ ਲੋੜ ਪੈਂਦੀ ਹੈ। ਅਰਥਾਤ ਪ੍ਰਾਚੀਨ ਗ੍ਰੰਥ ਵਧੇਰ ਕਰਕੇ ਸੰਸਕ੍ਰਿਤ (ਬ੍ਰਿਜ) ਭਾਸ਼ਾ ਵਿਚ ਹੋਣ ਕਰਕੇ ਲੋਕ-ਸਮਝ ਤੋਂ ਬਾਹਰ ਦੀ ਗੱਲ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿਚ ਅੰਕਿਤ ਹੈ। ਇਸ ਦੀ ਪ੍ਰਥਮ ਬਾਣੀ ਜਪੁਜੀ ਸਾਹਿਬ ਅਤੇ ਅੰਤਮ ਬਾਣੀ 'ਸਲੋਕ ਮਹਲਾ ਨੌਵਾਂ' ਹਨ। ਰਾਗ ਮਾਲਾ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ 'ਤੇ 'ਮੁੰਦਾਵਣੀ ਮਹਲਾ ਪੰਜਵਾਂ' ਹੈ। 'ਮੁੰਦਾਵਣੀ' ਦੇ ਦੋ ਅਰਥ ਕੀਤੇ ਜਾਂਦੇ ਹਨ, ਬੁਝਾਰਤ ਅਤੇ ਮੋਹਰ। ਬੁਝਾਰਤ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ 'ਇਕ ਥਾਲ' ਦੀ ਬੁਝਾਰਤ ਪਾਈ ਹੈ। ਜਿਸ ਵਿਚ ਤਿੰਨ ਵਸਤਾਂ ਸਤ, ਸੰਤੋਖ ਅਤੇ ਵੀਚਾਰ ਪਈਆਂ ਹੋਈਆਂ ਹਨ। ਇਨ੍ਹਾਂ ਦੇ ਨਾਲ ਹੀ ਵਾਹਿਗੁਰੂ ਦਾ ਅੰਮ੍ਰਿਤ ਰੂਪੀ ਨਾਮ ਵੀ ਰੱਖਿਆ ਹੋਇਆ ਹੈ। ਜੇਕਰ ਕੋਈ ਇਸ ਥਾਲ (?) ਵਿਚ ਪਏ ਹੋਏ ਖਾਣੇ ਨੂੰ ਖਾ ਲਵੇ ਅਤੇ ਫਿਰ ਖਾ ਕੇ ਪਚਾ ਲਵੇ ਤਾਂ ਉਸ ਦਾ ਉਧਾਰ ਹੋ ਜਾਂਦਾ ਹੈ। ਇਸ ਖਾਣੇ ਦੇ ਖਾਣ ਤੋਂ ਸਿਵਾਏ ਭਵਜਲ ਤੋਂ ਪਾਰ (ਮੁਕਤ) ਹੋਣ ਦਾ ਹੋਰ ਕੋਈ ਵਸੀਲਾ ਨਹੀਂ ਹੈ। ਉਹ ਥਾਲ ਕਿਹੜਾ ਹੈ? ਇਹ ਇਕ ਬੁਝਾਰਤ ਹੈ। ਜਿਸ ਦਾ ਉਤਰ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਹਨ। ਦੂਸਰੇ ਅਰਥ ਮੁੰਦਾਵਣੀ (ਮੋਹਰ) ਅਨੁਸਾਰ, ਜਿਵੇਂ ਹਰ ਸੰਪੂਰਨ ਚਿੱਠੀ ਪੱਤਰ ਉਤੇ ਦਫ਼ਤਰੀ ਮੋਹਰ ਲੱਗਦੀ ਹੈ ਤਾਂ ਉਹ ਪ੍ਰਮਾਣਿਤ ਗਿਣਿਆਂ ਜਾਂਦਾ ਹੈ, ਇਸੇ ਪ੍ਰਕਾਰ ਇਸ ਮਹਾਨ ਗ੍ਰੰਥ ਨੂੰ ਤਿਆਰ ਕਰਕੇ, ਗੁਰੂ ਸਾਹਿਬ ਨੇ 'ਮੁੰਦਾਵਣੀ ਮਹਲਾ ਪੰਜਵਾਂ' ਨਾਲ ਆਪਣੀ ਮੋਹਰ ਲਾ ਕੇ ਇਸ ਨੂੰ ਸੰਪੂਰਨ ਅਤੇ ਪ੍ਰਮਾਣਿਕਤਾ ਦਾ ਸਰਟੀਫਿਕੇਟ ਦੇ ਦਿੱਤਾ ਹੈ। ਇਸ ਦੇ ਬਾਅਦ 'ਤੇਰਾ ਕੀਤਾ ਜਾਤੋ ਨਾਹੀ' ਸ਼ਬਦ ਰਾਹੀਂ ਆਪਣੀ ਨਿਰਮਾਣਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ ਹੈ ਜਿਸ ਨੇ ਆਪਣੇ ਇਸ ਮਹਾਨ ਕਾਰਜ ਨੂੰ ਆਪ ਸੰਪੂਰਨ ਕਰਵਾਇਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਦੇ ਨਾਲ, ਜਿਨ੍ਹਾਂ ਪੰਦਰਾਂ ਭਗਤਾਂ ਦੀ ਬਾਣੀ ਅੰਕਿਤ ਹੈ ਉਹਨਾਂ ਭਗਤਾਂ ਦੇ ਪੂਰਨ ਸਤਿਕਾਰ ਲਈ, ਗੁਰੂ ਗ੍ਰੰਥ ਸਾਹਿਬ ਵਿਚ ਸਤਿਕਾਰਿਤ-ਸੰਕੇਤ ਵੀ ਦਰਜ ਹਨ ਜਿਵੇਂ ਅੰਕ 488 'ਤੇ 'ਆਸਾ ਸੇਖ ਫਰੀਦ ਜੀਉ ਕੀ ਬਾਣੀ'£ ਅਤੇ ਅੰਕ 475 'ਤੇ 'ਰਾਗ ਆਸਾ ਬਾਣੀ ਭਗਤਾਂ ਕੀ' 'ਕਬੀਰ ਜੀਉ, ਨਾਮਦੇਉ ਜੀਉ, ਰਵਿਦਾਸ ਜੀਉ, ਆਸਾ ਸ੍ਰੀ ਕਬੀਰ ਜੀਉ'।
ਨਿਰਸੰਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਹੁੰ ਵਰਨਾਂ ਦੇ ਸਾਂਝੇ, ਸਮਰੱਥ ਅਤ ਸੰਪੂਰਨ ਗੁਰੂ ਹਨ। ਜਿਸ ਨੂੰ ਗੁਰੂ ਉਤੇ ਸ਼ੰਕਾ ਹੈ, ਉਹ ਸਿੱਖ ਨਹੀਂ ਹੋ ਸਕਦਾ। ਮਨੁੱਖੀ ਜੀਵਨ ਨਾਲ ਸਬੰਧਤ, ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੇ ਪੂਰੇ 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਰਗਾ ਹੋਰ ਕੋਈ ਹੈ ਹੀ ਨਹੀਂ।
ਪੂਰੇ ਕਾ ਕੀਆ ਸਭ ਕਿਛੁ ਪੂਰਾ
ਘਟਿ ਵਧਿ ਕਿਛੁ ਨਾਹੀ£ (ਅੰਕ 1412)
ਡਾ. ਰਛਪਾਲ ਸਿੰਘ