ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਾਤਲਾਂ ਨੂੰ ਪੀੜਤਾਂ ਦੇ ਘਰ ਲਿਜਾ ਕੇ ਸਨਮਾਨਿਤ ਕਰਨਾ ਕੀ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗਾ?


26 ਨਵੰਬਰ ਨੂੰ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਵੱਲੋਂ ਪਟਿਆਲਾ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਭਾਰਤੀ ਫੌਜ ਦੀ ਪਹਿਲੀ ਆਰਮਡ ਡਵੀਜਨ ਦੀਆਂ ਜਿਨ੍ਹਾਂ ਪੰਜ ਰੈਜੀਮੈਂਟਾਂ ਨੂੰ ਸਨਮਾਨ ਕੀਤਾ ਹੈ ਉਹਨਾਂ ਵਿਚ ਉਹ ਰੈਜੀਮੈਂਟ ਵੀ ਸ਼ਾਮਲ ਹੈ ਜਿਸ ਨੇ 1984 ਵਿਚ ਦਰਬਾਰ ਸਾਹਿਬ ਹਮਲੇ ਵਿਚ ਹਿੱਸਾ ਲਿਆ ਸੀ। ਇਸ ਸਨਮਾਨ ਸਮਾਰੋਹ ਵਿਚ 'ਦੇਸ਼ ਪ੍ਰਤੀ ਨਿਭਾਈਆਂ ਗਈਆਂ ਵਿਲੱਖਣ ਸੇਵਾਵਾਂ' ਕਰਕੇ ਵਿਸ਼ੇਸ਼ ਨਿਸ਼ਾਨ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਿਆ ਗਿਆ ਹੈ ਕਿ ਇਹ ਵਿਸ਼ੇਸ਼ ਪ੍ਰੋਗਰਾਮ ਭਾਰਤ ਦੀ ਅਜ਼ਾਦੀ ਤੋਂ ਬਾਅਦ ਦੂਜੀ ਵਾਰ ਕੀਤਾ ਗਿਆ ਹੈ। ਆਪਣੀ ਰਿਹਾਸਲ ਵਿਚ ਜਦੋਂ ਮੀਡੀਆਂ ਨੂੰ ਇਹਨਾਂ ਰੈਜੀਮੈਂਟਾਂ ਦੀਆਂ ਦੇਸ਼ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਉਣ ਦਾ ਵੇਰਵਾ ਦੱਸਿਆ ਗਿਆ ਤਾਂ ਇਸ ਵਿਚ 1984 ਦੇ ਸਾਕਾ ਨੀਲਾ ਤਾਰਾ ਦਾ ਵਿਸ਼ੇਸ਼ ਜ਼ਿਕਰ ਸੀ। ਇਸ ਗੱਲ ਦਾ ਪਤਾ ਲੱਗਣ 'ਤੇ ਵਿਰੋਧ ਸ਼ੁਰੂ ਹੋ ਗਿਆ ਕਿ ਸਿੱਖਾਂ ਖਿਲਾਫ਼ ਜਾਲਮਾਨਾ ਢੰਗ ਨਾਲ ਲੜ ਚੁੱਕੀ ਇਸ ਰੈਜੀਮੈਂਟ ਨੂੰ ਪੰਜਾਬ ਵਿਚ ਵਿਸ਼ੇਸ਼ ਪ੍ਰੋਗਰਾਮ ਕਰਕੇ ਸਨਮਾਨਿਤ ਕੀਤਾ ਜਾਣਾ ਸਿੱਖਾਂ ਨੂੰ ਚਿੜਾਉਣ ਵਾਲੀ ਕਾਰਵਾਈ ਹੈ। ਸੱਦਾ ਪੱਤਰ ਮਿਲਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਇਸ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਪਾਸਾ ਵੱਟ ਗਏ। ਸ਼੍ਰੋਮਣੀ ਅਕਾਲੀ ਦਲ (ਅ) ਦੇ ਕੁਝ ਵਰਕਰਾਂ ਨੇ ਇਸ ਦਾ ਵਿਰੋਧ ਵੀ ਕੀਤਾ ਅਤੇ ਸਨਮਾਨ ਸਮਾਰੋਹ ਵਿਚ ਪੁੱਜੇ ਕੁਝ ਮਹਿਮਾਨਾਂ ਨੇ ਉਸ ਸਮੇਂ ਸੰਕੇਤਕ ਵਿਰੋਧ ਵੀ ਕੀਤਾ ਜਦੋਂ ਟੈਂਕਾਂ ਦੁਆਰਾ ਸਲਾਮੀ ਦੇਣ ਦੀ ਰਸਮ ਕੀਤੀ ਜਾ ਰਹੀ ਸੀ। ਸਨਮਾਨ ਸਮਾਰੋਹ ਵਿਚ ਵਿਰੋਧ ਕਰਨ ਵਾਲੇ ਮਹਿਮਾਨਾਂ ਦਾ ਮੰਨਣਾ ਸੀ ਕਿ ਸਿੱਖਾਂ ਦੇ ਪ੍ਰਮੁੱਖ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨ ਵਾਲੀ ਰੈਜੀਮੈਂਟ ਦੀ ਕਾਰਵਾਈ ਨੂੰ ਅਹਿਮ ਪ੍ਰਾਪਤੀ ਵਜੋਂ ਨਹੀਂ ਪ੍ਰਚਾਰਿਆ ਜਾਣਾ ਚਾਹੀਦਾ। ਸਿੱਖਾਂ ਵੱਲੋਂ ਇਸ ਸਮਾਗਮ ਦਾ ਵਿਰੋਧ ਕਰਨ ਅਤੇ ਪੰਜਾਬ ਦੇ ਕਿਸੇ ਵੀ ਪ੍ਰਮੁੱਖ ਰਾਜਨੀਤਕ ਆਗੂ ਵੱਲੋਂ ਇਸ ਮੌਕੇ ਨਾ ਪੁੱਜਣਾ ਚੰਗਾ ਸੰਕੇਤ ਹੈ। ਇਸੇ ਤਰ੍ਹਾਂ ਸਲਾਮੀ ਦੇਣ ਸਮੇਂ ਟੈਂਕਾਂ ਵੱਲ ਪਿੱਠ ਕਰਕੇ ਵਿਰੋਧ ਪ੍ਰਗਟ ਕਰਨ ਵਾਲੇ ਸਿੱਖਾਂ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਸਮੇਂ ਦੀ ਨਬਜ਼ ਨੂੰ ਵੇਲੇ ਸਿਰ ਪਛਾਣ ਕੇ ਭਾਰਤੀ ਰਾਸ਼ਟਰਪਤੀ ਵੱਲੋਂ ਕੀਤੀ ਜਾ ਰਹੀ ਗਲਤੀ ਦਾ ਸੰਕੇਤਕ ਵਿਰੋਧ ਕੀਤਾ।
ਭਾਵੇਂ ਸਿੱਖਾਂ ਨੂੰ 1984 ਦੇ ਵੱਡੇ ਸਾਕੇ ਭੁੱਲ ਜਾਣ ਦੀਆਂ ਸਲਾਹਾਂ ਵੀ ਦਹਾਕਿਆਂ ਤੋਂ ਦਿੱਤੀਆਂ ਜਾ ਰਹੀਆਂ ਹਨ ਪਰ ਖੁਦ ਭਾਰਤ ਸਰਕਾਰ ਨੇ ਕੋਈ ਅਜਿਹਾ ਕਦਮ ਨਹੀਂ ਚੁੱਕਿਆ ਜਿਸ ਦੀ ਬਿਨਾਅ 'ਤੇ ਕਿਹਾ ਜਾਵੇ ਕਿ ਸਿੱਖਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰ ਦਿੱਤੀ ਗਈ ਹੈ ਇਸ ਲਈ ਹੁਣ ਇਹ ਜ਼ਖਮਾਂ ਦੀ ਚੀਸ ਘੱਟ ਹੋ ਜਾਵੇਗੀ। ਉਧਰ ਸਿੱਖਾਂ ਦੀ ਹਾਲਤ ਇਹ ਹੈ ਕਿ 1984 ਦੇ ਜੂਨ ਮਹੀਨੇ ਵਿਚ ਭਾਰਤੀ ਸਰਕਾਰ ਵੱਲੋਂ ਕੀਤੇ ਗਏ ਦਰਬਾਰ ਸਾਹਿਬ ਸਾਕੇ ਵਿਚ ਅਤੇ 1984 ਦੇ ਹੀ ਨਵੰਬਰ ਮਹੀਨੇ ਵਿਚ ਭਾਰਤ ਦੇ ਕਈ ਸੂਬਿਆਂ ਵਿਚ ਜਿਸ ਢੰਗ ਨਾਲ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ ਉਸ ਨੂੰ ਸਾਰੀ ਕੌਮ ਵੀਹਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਸਮਝਦੀ ਹੈ। ਸਿੱਖ ਸਮਝਦੇ ਹਨ ਕਿ ਭਾਰਤੀ ਫੌਜ ਵੱਲੋਂ ਦਬਾਰ ਸਾਹਿਬ ਵਿਚ ਕੀਤੇ ਗਏ ਘਿਨਾਉਣੇ ਕਾਰਨਾਮੇ ਨੂੰ ਰੋਕਿਆ ਜਾ ਸਕਦਾ ਸੀ, ਇਯ ਦੀ ਹਾਮੀ ਉਹ ਫੌਜੀ ਜਰਨੈਲ ਵੀ ਭਰਦੇ ਹਨ ਜਿਨ੍ਹਾਂ ਨੇ ਉਸ ਸਮੇਂ ਇੰਦਰਾ ਗਾਂਧੀ ਨੂੰ ਇਸ ਤਰ੍ਹਾਂ ਦਾ ਫੈਸਲਾ ਨਾ ਕਰਨ ਲਈ ਸਲਾਹ ਦਿੱਤੀ ਸੀ। ਫਿਰ ਵੀ ਕੇਂਦਰੀ ਸਰਕਾਰ ਵੱਲੋਂ ਜਿਸ ਢੰਗ ਨਾਲ ਸਿੱਖਾਂ ਨੂੰ ਮਾਰਿਆ ਗਿਆ, ਆਲਮੀ ਜੰਗਾਂ ਵਿਚ ਵਰਤੀ ਜਾਣ ਵਾਲੀ ਜ਼ਹਿਰੀਲੀ ਗੈਸ ਦੀ ਵਰਤੋਂ ਕੀਤੀ ਗਈ, ਸਿੱਖਾਂ ਦੇ ਪ੍ਰਮੁੱਖ ਧਾਰਮਿਕ ਸਥਾਨ ਨੂੰ ਟੈਂਕਾਂ ਅਤੇ ਤੋਪਾਂ ਦੀ ਵਰਤੋਂ ਕਰਕੇ ਢਾਹ ਦਿੱਤਾ ਗਿਆ, ਫੜੇ ਜਾਣ ਵਾਲੇ ਸਿੱਖਾਂ ਨੂੰ ਇਕੱਠੇ ਖੜ੍ਹੇ ਕਰਕੇ ਗੋਲੀਆਂ ਮਾਰ ਦਿੱਤੀਆਂ ਗਈਆਂ, ਛੋਟੇ ਬੱਚਿਆਂ ਨੂੰ ਵੀ ਨਾ ਛੱਡਿਆ ਗਿਆ, ਸਿੱਖਾਂ ਦੀ ਰਿਫਰੈਂਸ ਲਾਇਬਰੇਰੀ, ਤੋਸ਼ਖਾਨਾ ਤਬਾਹ ਕੀਤਾ ਗਿਆ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਆਮ ਸ਼ਰਧਾਲੂ ਸਿੱਖਾਂ ਨੂੰ ਖਤਮ ਕਰ ਦਿੱਤਾ ਗਿਆ ਉਹ ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਦਾ ਹਿੱਸਾ ਬਣ ਚੁੱਕਾ ਹੈ। ਸਿੱਖ ਕੌਮ 'ਤੇ ਇਸ ਕੀਤੇ ਗਏ ਕਤਲੇਆਮ ਨੂੰ ਪੂਰੀ ਦੁਨੀਆਂ ਦੇ ਲੋਕਾਂ ਨੇ ਨਿੰਦਿਆਂ ਕਰਦਿਆਂ ਕਿਹਾ ਸੀ ਕਿ ਅਜੇ ਤੱਕ ਦੁਨੀਆਂ ਭਰ ਵਿਚ ਕਿਧਰੇ ਇਹ ਮਸਾਲ ਨਹੀਂ ਮਿਲਦੀ ਜਦੋਂ ਕਿਸੇ ਦੇਸ਼ ਨੇ ਆਪਣੇ ਹੀ ਨਾਗਰਿਕਾਂ ਨੂੰ ਇੰਨਾ ਜਾਲਮਾਨਾ ਢੰਗ ਨਾਲ ਮਾਰਿਆ ਹੋਵੇ ਜੋ ਨਸਲਕੁਸ਼ੀ ਦੀ ਪਰਿਭਾਸ਼ਾ ਨੂੰ ਵੀ ਮਾਤ ਕਰ ਜਾਵੇ। ਖੁਦ ਸਿੱਖ ਹਰ ਸਾਲ ਜੂਨ ਮਹੀਨੇ ਵਿਚ ਇਸ ਭਾਰਤੀ ਕਰੂਰਤਾ ਦੀ ਯਾਦ ਵਿਚ ਸਮਾਗਮ ਕਰਕੇ ਕੇਂਦਰ ਸਰਕਾਰ ਨੂੰ 'ਸਿੱਖ ਭਾਵਨਾਵਾਂ' ਦਾ ਪ੍ਰਗਟਾਵਾ ਕਰਦੇ ਆ ਰਹੇ ਹਨ। ਦਿੱਲੀ ਪਾਰਲੀਮੈਂਟ ਵਿਚ ਇਹ ਮਾਮਲਾ ਉਠ ਚੁੱਕਾ ਹੈ ਅਤੇ ਕੇਂਦਰ ਦੀ ਮੌਜੂਦਾ ਮਨਮੋਹਨ ਸਿੰਘ ਸਰਕਾਰ ਇਸ ਸਾਕੇ 'ਤੇ ਅਫਸੋਸ ਪ੍ਰਗਟ ਕਰ ਚੁੱਕੀ ਹੈ।
ਕੀ ਦੇਸ਼ ਦੀ ਰਾਸ਼ਟਰਪਤੀ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਗਿਆਨ ਨਹੀਂ ਹੈ ਜਾਂ ਫਿਰ ਪਟਿਆਲਾ ਵਿਚ ਕੀਤਾ ਗਿਆ ਸਨਮਾਨ ਜਾਣਬੁਝ ਕੇ ਕੀਤਾ ਗਿਆ ਹੈ? ਰਾਸ਼ਟਰਪਤੀ ਵੱਲੋਂ ਇਹ ਕਿਹਾ ਜਾਣਾ ਕਿ ''ਇਹਨਾਂ ਰੈਜੀਮੈਂਟਾਂ ਵੱਲੋਂ ਦੇਸ਼ ਪ੍ਰਤੀ ਨਿਭਾਈਆਂ ਗਈਆਂ ਵਿਲੱਖਣ ਸੇਵਾਵਾਂ 'ਤੇ ਦੇਸ਼ ਨੂੰ ਮਾਣ ਹੈ'' ਵੀ ਸਿੱਖਾਂ ਨੂੰ ਚਿੜਾਉਣ ਵਾਲੀ ਕਾਰਵਾਈ ਹੈ। ਅਸੀਂ ਸਮਝਦੇ ਹਾਂ ਕਿ ਇਹ ਸਭ ਕੁਝ ਕਿਸੇ ਅਭੇਦ ਸ਼ਕਤੀ ਦੁਆਰਾ ਜਾਣਬੁਝ ਕੇ ਕੀਤਾ ਗਿਆ ਕਾਰਾ ਹੈ ਜੋ ਸਿੱਖਾਂ ਵਿਚ ਭਾਰਤ ਸਰਕਾਰ ਦੁਆਰਾ ਆਪਣਾ ਨਾ ਸਮਝੇ ਜਾਣ ਵਾਲੀ ਭਾਵਨਾ ਨੂੰ ਹੋਰ ਤਕੜੇ ਕਰਦਾ ਹੈ। ਨਹੀਂ ਤਾਂ ਕੋਈ ਵੀ ਦੇਸ਼ ਵੱਡੀ ਗਿਣਤੀ 'ਚ ਆਪਣੀ ਹੀ ਫੌਜ ਦੁਆਰਾ ਮਾਰੇ ਗਏ ਨਾਗਰਿਕਾਂ ਬਾਰੇ ਇਹ ਸ਼ਬਦ ਨਹੀਂ ਵਰਤ ਸਕਦਾ ਅਤੇ ਨਾ ਹੀ ਅਜਿਹੀਆਂ ਘਟਨਾਵਾਂ 'ਮਾਣ ਕਰਨ ਵਾਲੀ' ਕਾਰਵਾਈ ਆਖਿਆ ਜਾ ਸਕਦਾ ਹੈ। ਵੱਡੀ ਗੱਲ ਇਹ ਵੀ ਹੈ ਕਿ ਅਜ਼ਾਦੀ ਤੋਂ ਬਾਅਦ ਅਜਿਹਾ ਪ੍ਰੋਗਰਾਮ ਦੂਜੀ ਵਾਰ ਕੀਤਾ ਗਿਆ ਹੈ ਅਤੇ ਪਟਿਆਲੇ ਵਾਲਾ ਸਨਮਾਨ ਸਮਾਰੋਹ ਕਿਸੇ ਵੀ ਤਰ੍ਹਾਂ ਪੰਜਾਬ ਵਿਚ ਨਹੀਂ ਸੀ ਕੀਤਾ ਜਾਣਾ ਚਾਹੀਦਾ। ਜਦੋਂ ਕੋਈ ਕਾਤਲ, ਕਤਲੇਆਮ ਦਾ ਸ਼ਿਕਾਰ ਹੋਏ ਲੋਕਾਂ ਦੇ ਘਰ ਜਾ ਕੇ ਹਮਲਾਵਾਰ ਨੂੰ ਸਨਮਾਨਿਤ ਕਰੇ ਤਾਂ ਉਸ ਤੋਂ ਇਹ ਆਸ ਵੀ ਰੱਖੀ ਜਾਵੇ ਕਿ ਸਾਡੇ ਪ੍ਰਤੀ ਸ਼ੁਕਰਾਨੇ ਦੀ ਭਾਵਨਾ ਰੱਖਣ ਤਾਂ ਇਸ ਦਾ ਹਸ਼ਰ ਕੀ ਹੋਵੇਗਾ ਇਹ ਜਾਣਨ ਲਈ ਬਹੁਤੀ ਬਰੀਕ ਸਮਝ ਦੀ ਜ਼ਰੂਰਤ ਨਹੀਂ। ਰਾਸ਼ਟਰਪਤੀ ਬੀਬੀ 'ਪਾਟਿਲ' ਦੇਸ਼ ਦੀ ਸਭ ਤੋਂ ਸਿਰਮੌਰ ਹਸਤੀ ਹੈ ਉਸ ਦੁਆਰਾ ਕੀਤੀ ਗਈ ਕੋਈ ਵੀ ਕਾਰਵਾਈ ਵੱਡੇ ਮਾਇਨੇ ਰੱਖਦੀ ਹੈ। ਉਸ ਵੱਲੋਂ ਕੀ ਕਾਤਲਾਂ ਨੂੰ ਅਜਿਹੇ ਗੌਰਵ ਪੁਰਸਕਾਰ ਦੇ ਕੇ ਸਰਕਾਰ ਸਮਝਦੀ ਹੈ ਕਿ ਸਿੱਖਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ, ਜਾਂ ਫਿਰ ਕੇਂਦਰੀ ਸਰਕਾਰਾਂ ਸਿੱਖਾਂ ਨੂੰ ਆਪਣੇ ਦੇਸ਼ ਦੇ ਨਾਗਰਿਕ ਹੀ ਨਹੀਂ ਸਮਝਦੀਆਂ ਇਹ ਸੁਆਲ ਦਾ ਜਵਾਬ ਜ਼ਿੰਮੇਵਾਰ ਲੋਕਾਂ ਨੂੰ ਦੇਣਾ ਪਵੇਗਾ?